VijayKumarPri 7ਕੈਨੇਡਾ ਦੇ ਮੁਲਕ ਦਾ ਬਿਜਲੀਪਾਣੀਅੱਗ ਬੁਝਾਉਣਰੁੱਖਾਂ ਦੇ ਕੱਟਣ ਅਤੇ ਲਗਾਉਣਟ੍ਰੈਫਿਕਸੜਕਾਂ ਬਣਾਉਣ  ...
(11 ਨਵੰਬਰ 2024)

 

ਕਿਸੇ ਵੀ ਦੇਸ਼ ਦੇ ਹਰ ਤਰ੍ਹਾਂ ਦੇ ਚੰਗੇ ਪ੍ਰਬੰਧ ਦਾ ਢੰਗ ਉਸ ਮੁਲਕ ਦੀਆਂ ਸਰਕਾਰਾਂ ਦੀ ਅਕਲਮੰਦੀ, ਦੇਸ਼ ਅਤੇ ਉਸਦੀ ਲੋਕਾਂ ਪ੍ਰਤੀ ਫਿਕਰਮੰਦੀ, ਮੁਸਤੈਦੀ ਅਤੇ ਵਿਉਤਬੰਦੀ ਦਾ ਪ੍ਰਮਾਣ ਹੁੰਦੀ ਹੈ। ਕੈਨੇਡਾ ਦੇ ਮੁਲਕ ਦਾ ਬਿਜਲੀ, ਪਾਣੀ, ਅੱਗ ਬੁਝਾਉਣ, ਰੁੱਖਾਂ ਦੇ ਕੱਟਣ ਅਤੇ ਲਗਾਉਣ, ਟ੍ਰੈਫਿਕ, ਸੜਕਾਂ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ, ਪਾਰਕਾਂ, ਸੈਰਗਾਹਾਂ ਦੀ ਸਾਂਭ-ਸੰਭਾਲ, ਘਰਾਂ ਦੇ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਅਤੇ ਰੋਜ਼ਮਰਾ ਦੀਆਂ ਸੇਵਾਵਾਂ ਦਾ ਪ੍ਰਬੰਧ ਆਪਣੇ ਆਪ ਵਿੱਚ ਬਹੁਤ ਕਮਾਲ ਦਾ ਹੈ। ਇਸ ਦੇਸ਼ ਦੇ ਹਰ ਖੇਤਰ ਦੇ ਪ੍ਰਬੰਧ ਨੂੰ ਵੇਖ ਕੇ ਦੂਜੇ ਦੇਸ਼ਾਂ ਤੋਂ ਘੁੰਮਣ ਫਿਰਨ ਆਏ ਜਾਂ ਦੂਜੇ ਦੇਸ਼ਾਂ ਦੇ ਇਸ ਮੁਲਕ ਵਿੱਚ ਵਸਦੇ ਲੋਕ ਆਪਣੇ ਮਨ ਵਿੱਚ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਇਸ ਮੁਲਕ ਦੀਆਂ ਸਰਕਾਰਾਂ ਕਿੰਨੀਆਂ ਸਮਝਦਾਰ ਅਤੇ ਸੂਝਬੂਝ ਵਾਲੀਆਂ ਹਨ। ਉਨ੍ਹਾਂ ਦੇ ਮਨਾਂ ਵਿੱਚ ਇਹ ਸਵਾਲ ਵੀ ਜ਼ਰੂਰ ਖੜ੍ਹਾ ਹੁੰਦਾ ਹੈ ਕਿ ਸਾਡੇ ਮੁਲਕ ਵਿੱਚ ਅਜਿਹੇ ਪ੍ਰਬੰਧ ਕਿਉਂ ਨਹੀਂ ਹਨ? ਇਸ ਮੁਲਕ ਦੇ ਇਹ ਸਾਰੇ ਪ੍ਰਬੰਧ ਵਧੀਆ ਅਤੇ ਸੁੱਚਜੇ ਇਸ ਲਈ ਹਨ ਕਿਉਂਕਿ ਇਸ ਮੁਲਕ ਦੀਆਂ ਸਰਕਾਰਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੀ ਖੱਜਲ ਖੁਆਰੀ ਦਾ ਫ਼ਿਕਰ ਹੈ। ਉਹ ਆਪਣੇ ਦੇਸ਼ ਦੇ ਪੈਸੇ ਦੀ ਸੁਯੋਗ ਵਰਤੋਂ ਕਰਨਾ ਜਾਣਦੀਆਂ ਹਨ। ਉਨ੍ਹਾਂ ਨੂੰ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਸਾਫ ਸਫਾਈ ਦਾ ਫ਼ਿਕਰ ਹੁੰਦਾ ਹੈ। ਇਸ ਮੁਲਕ ਵਿੱਚ ਸਾਡੇ ਮੁਲਕ ਵਾਂਗ ਪ੍ਰਬੰਧਾਂ ਦੇ ਕੰਮਾਂ ਵਿੱਚ ਰਿਸ਼ਵਤ ਨਹੀਂ ਖਾਧੀ ਜਾਂਦੀ। ਸਮੇਂ ਸਮੇਂ ਤੇ ਲੋੜੀਂਦੇ ਕਰਮਚਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ। ਹੁਣ ਇਨ੍ਹਾਂ ਪ੍ਰਬੰਧਾਂ ਵਿੱਚੋਂ ਮੁਰੰਮਤ ਦੇ ਕੰਮ ਦੀ ਗੱਲ ਕਰਦੇ ਹਾਂ। ਇਸ ਮੁਲਕ ਵਿੱਚ ਬਿਜਲੀ, ਪਾਣੀ, ਟੈਲੀਫੋਨ, ਇੰਟਰਨੈੱਟ, ਗੈਸ ਅਤੇ ਟੈਲੀਵਿਜ਼ਨ ਦੀਆਂ ਤਾਰਾਂ ਧਰਤੀ ਵਿੱਚ ਦੱਬੀਆਂ ਗਈਆਂ ਹਨ। ਜੇਕਰ ਇਨ੍ਹਾਂ ਵਿੱਚੋਂ ਕਿਸੇ ਪ੍ਰਬੰਧ ਵਿੱਚ ਕਦੇ ਕੋਈ ਖਰਾਬੀ ਆ ਜਾਂਦੀ ਹੈ ਤਾਂ ਸਾਡੇ ਮੁਲਕ ਵਾਂਗ ਮੁਰੰਮਤ ਲਈ ਸਾਰੀ ਸੜਕ ਨਹੀਂ ਪੁੱਟੀ ਜਾਂਦੀ। ਰਸਤਿਆਂ ਵਿੱਚ ਡੂੰਘੇ ਟੋਏ ਨਹੀਂ ਪੁੱਟੇ ਜਾਂਦੇ। ਹੁਣ ਸਵਾਲ ਇਹ ਹੈ ਕਿ ਬਿਨਾਂ ਸੜਕਾਂ ਅਤੇ ਟੋਏ ਪੁੱਟੇ ਮੁਰੰਮਤ ਕਿਵੇਂ ਕੀਤੀ ਜਾਂਦੀ ਹੈ?

ਬਿਜਲੀ, ਪਾਣੀ, ਇੰਟਰਨੈੱਟ, ਗੈਸ ਅਤੇ ਟੈਲੀਫੋਨ ਦੀਆਂ ਤਾਰਾਂ ਵਿਛਾਉਣ ਲੱਗਿਆਂ ਉਨ੍ਹਾਂ ਦਾ ਬਕਾਇਦਾ ਇਹ ਰਿਕਾਰਡ ਰੱਖਿਆ ਜਾਂਦਾ ਹੈ ਕਿ ਇਹ ਤਾਰਾਂ ਕਿੱਥੋਂ ਅਤੇ ਕਿਸ ਰਾਹ ਵੱਲ ਜਾ ਰਹੀਆਂ ਹਨ। ਕੁਝ ਫਾਸਲੇ ਉੱਤੇ ਉਨ੍ਹਾਂ ਦਾ ਇੱਕ ਪੁਆਇੰਟ ਬਣਾਕੇ ਉਸ ਉੱਤੇ ਇੱਕ ਲੋਹੇ ਦਾ ਮਜ਼ਬੂਤ ਢੱਕਣ ਲਗਾ ਦਿੱਤਾ ਜਾਂਦਾ ਹੈ। ਦਬਾਈਆਂ ਗਈਆਂ ਤਾਰਾਂ ਦੀ ਕੀਤੀ ਗਈ ਨਿਸ਼ਾਨ ਦੇਹੀ ਅਨੁਸਾਰ ਪਾਣੀ, ਬਿਜਲੀ, ਗੈਸ, ਇੰਟਰਨੈਟ ਅਤੇ ਟੈਲੀਫੋਨ ਨੂੰ ਅਲਾਟ ਕੀਤੇ ਰੰਗਾਂ ਅਨੁਸਾਰ ਹਰ ਮਹੀਨੇ ਦਬਾਈਆਂ ਗਈਆਂ ਤਾਰਾਂ ਉੱਤੇ ਅਲਾਟ ਕੀਤੇ ਰੰਗਾਂ ਨਾਲ ਲਾਇਨਿੰਗ ਕੀਤੀ ਜਾਂਦੀ ਹੈ। ਹਰ ਸੇਵਾ ਦੇ ਪ੍ਰਬੰਧ ਨੂੰ ਰੰਗ ਇਸ ਲਈ ਅਲਾਟ ਕੀਤੇ ਗਏ ਹਨ ਤਾਂਕਿ ਮੁਰੰਮਤ ਸਮੇਂ ਉਸ ਦੀ ਹੀ ਮੁਰੰਮਤ ਕੀਤੀ ਜਾਵੇ ਜਿਸ ਵਿੱਚ ਖਰਾਬੀ ਆਈ ਹੈ। ਜਿਨ੍ਹਾਂ ਰਸਤਿਆਂ ਤੋਂ ਗੈਸ ਦੀ ਪਾਈਪ ਲਾਈਨ ਜਾਂਦੀ ਹੈ, ਉਸ ਉੱਤੇ ਵਿਸ਼ੇਸ਼ ਬੋਰਡ ਲਗਾਇਆ ਜਾਂਦਾ ਹੈ ਕਿ ਇਸ ਰਸਤੇ ਉੱਤੋਂ ਭਾਰੀ ਗੱਡੀ ਨਾ ਲੰਘਾਈ ਜਾਵੇ ਤਾਂ ਕਿ ਗੈਸ ਦੀ ਪਾਈਪ ਲਾਈਨ ਨੂੰ ਕੋਈ ਨੁਕਸਾਨ ਨਾ ਪਹੁੰਚੇ। ਮੁਰੰਮਤ ਕਰਨ ਲਈ ਸੜਕਾਂ ਅਤੇ ਰਸਤਿਆਂ ਨੂੰ ਥਾਂ ਥਾਂ ਤੋਂ ਨਹੀਂ ਪੁੱਟਿਆ ਜਾਂਦਾ ਸਗੋਂ ਮਸ਼ੀਨਾਂ ਦੀ ਸਹਾਇਤਾ ਨਾਲ ਪਹਿਲਾਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਨੁਕਸ ਕਿੱਥੇ ਹੈ। ਨੁਕਸ ਵਾਲੀ ਥਾਂ ਨੂੰ ਹੀ ਪੁੱਟਕੇ ਬਣਾਏ ਪੁਆਇੰਟ ਦੀ ਸਹਾਇਤਾ ਨਾਲ ਮੁਰੰਮਤ ਕੀਤੀ ਜਾਂਦੀ ਹੈ। ਸਾਡੇ ਮੁਲਕ ਵਾਂਗ ਸਾਰੀ ਸੜਕ ਨਹੀਂ ਪੁੱਟੀ ਜਾਂਦੀ ਅਤੇ ਨਾ ਡੂੰਘੇ ਟੋਏ ਪੁੱਟੇ ਜਾਂਦੇ ਹਨ। ਜਿੰਨਾ ਮਰਜ਼ੀ ਵੱਡਾ ਨੁਕਸ ਹੋਵੇ, ਉਸਦੀ ਮੁਰੰਮਤ ਨਾਲ ਦੇ ਨਾਲ ਕਰ ਦਿੱਤੀ ਜਾਂਦੀ ਹੈ ਤਾਂਕਿ ਲੋਕ ਖੱਜਲ ਖੁਆਰ ਨਾ ਹੋਣ। ਸਾਡੇ ਮੁਲਕ ਵਾਂਗ ਕਈ ਕਈ ਦਿਨ ਸੜਕਾਂ ਅਤੇ ਟੋਏ ਪੁੱਟੇ ਨਹੀਂ ਰਹਿੰਦੇ ਤੇ ਨਾ ਹੀ ਦੁਰਘਟਨਾਵਾਂ ਵਾਪਰਦੀਆਂ ਹਨ ਤੇ ਨਾ ਹੀ ਟ੍ਰੈਫਿਕ ਜਾਮ ਦੀ ਸਮੱਸਿਆ ਖੜ੍ਹੀ ਹੁੰਦੀ ਹੈ। ਮੁਰੰਮਤ ਦਾ ਕੰਮ ਨਾਲ ਦੀ ਨਾਲ ਹੀ ਖਤਮ ਕਰ ਦਿੱਤਾ ਜਾਂਦਾ ਹੈ।

ਸੜਕਾਂ ਦੀ ਮੁਰੰਮਤ ਅਤੇ ਨਿਰਮਾਣ ਲਈ ਅਜਿਹੀ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਸੜਕ ਦੀ ਮੁਰੰਮਤ ਅਤੇ ਨਿਰਮਾਣ ਦਾ ਕੰਮ ਬਹੁਤ ਛੇਤੀ ਨਿਪਟ ਜਾਂਦਾ ਹੈ। ਸੜਕ ਦੇ ਨਿਰਮਾਣ ਅਤੇ ਉਸਦੀ ਮੁਰੰਮਤ ਦਾ ਕੰਮ ਉਸ ਸਮੇਂ ਕੀਤਾ ਜਾਂਦਾ ਹੈ, ਜਿਸ ਸਮੇਂ ਨਾ ਤਾਂ ਲੋਕਾਂ ਨੂੰ ਅਸੁਵਿਧਾ ਹੋਵੇ ਤੇ ਨਾ ਹੀ ਟ੍ਰੈਫਿਕ ਜਾਮ ਹੋਵੇ। ਕਿਸੇ ਵੀ ਪ੍ਰਬੰਧ ਦੀ ਮੁਰੰਮਤ ਸਮੇਂ ਉਸ ਨਾਲ ਸੰਬੰਧਿਤ ਮਟੀਰੀਅਲ ਸੜਕਾਂ ਉੱਤੇ ਖਿਲਰਿਆ ਪਿਆ ਨਹੀਂ ਹੁੰਦਾ ਸਗੋਂ ਉਸ ਨੂੰ ਬਕਾਇੱਦਾ ਢੰਗ ਨਾਲ ਰੱਖਕੇ ਉਸਦੇ ਦੁਆਲੇ ਜਾਲੀਦਾਰ ਹਰਾ ਕੱਪੜਾ ਲੱਗਿਆ ਹੁੰਦਾ ਹੈ ਜੋ ਕਿ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕਿ ਮੁਰੰਮਤ ਅਤੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਸਾਡੇ ਮੁਲਕ ਵਿੱਚ ਲਾਲ ਬੱਤੀਆਂ ਮੰਤਰੀਆਂ ਦੀਆਂ ਗਡੀਆਂ ਉੱਤੇ ਲੱਗੀਆਂ ਹੁੰਦੀਆਂ ਹਨ ਪਰ ਕੈਨੇਡਾ ਵਿੱਚ ਲਾਲ ਬੱਤੀਆਂ ਮੁਰੰਮਤ ਕਰਨ ਵਾਲਿਆਂ ਦੇ ਵਾਣਾਂ ਅਤੇ ਐਂਬੂਲੈਂਸਾਂ ਉੱਤੇ ਹੀ ਹੁੰਦੀਆਂ ਹਨ ਤਾਂ ਕਿ ਲੋਕ ਉਨ੍ਹਾਂ ਪ੍ਰਤੀ ਆਗਾਹ ਹੋ ਸਕਣ। ਕੈਨੇਡਾ ਵਿੱਚ ਘਰਾਂ ਦੀ ਮੁਰੰਮਤ, ਨਿਰਮਾਣ ਅਤੇ ਬੇਸਮੈਟਾਂ ਦੇ ਨਿਰਮਾਣ ਸਮੇਂ ਮਲਬਾ ਅਤੇ ਮਟੀਰੀਅਲ ਸੜਕਾਂ ਉੱਤੇ ਅਤੇ ਦੂਜਿਆਂ ਦੇ ਘਰਾਂ ਅੱਗੇ ਖਿਲਾਰਿਆ ਨਹੀਂ ਜਾ ਸਕਦਾ। ਮੁਰੰਮਤ ਅਤੇ ਨਿਰਮਾਣ ਸਮੇਂ ਬਕਾਇਦਾ ਨਿਯਮਾਂ ਦਾ ਪਾਲਣ ਕਰਦੇ ਹੋਏ ਬਣੇ ਹੋਏ ਸਾਈਨ ਅਤੇ ਪੱਟੀ ਲਗਾਉਣੇ ਪੈਂਦੇ ਹਨ ਜੋ ਕਿ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਨਿਰਮਾਣ ਜਾਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਘਰ ਦੀ ਮੁਰੰਮਤ ਅਤੇ ਨਿਰਮਾਣ ਤੋਂ ਬਾਅਦ ਘਰ ਅੱਗੋਂ ਦੀ ਸਾਫ ਸਫਾਈ ਕਰਵਾਉਣੀ ਲਾਜ਼ਮੀ ਹੁੰਦੀ ਹੈ। ਨਿਯਮਾਂ ਦਾ ਪਾਲਣ ਨਾ ਕਰਨ ’ਤੇ ਨਗਰ ਕੌਂਸਲ ਵੱਲੋਂ ਸੈਂਕੜੇ ਡਾਲਰ ਜੁਰਮਾਨਾ ਕੀਤਾ ਜਾਂਦਾ ਹੈ, ਜੋਕਿ ਜਮ੍ਹਾਂ ਕਰਵਾਉਣਾ ਹੀ ਪੈਂਦਾ ਹੈ। ਬਿਜਲੀ ਦੇ ਖੰਭਿਆਂ ਦੀ ਮੁਰੰਮਤ ਦਾ ਪ੍ਰਬੰਧ ਬਹੁਤ ਕਮਾਲ ਦਾ ਹੈ। ਬਿਜਲੀ ਦੇ ਖੰਭਿਆਂ ਦੀ ਮੁਰੰਮਤ ਲਈ ਇਹੋ ਜਿਹੀ ਮਸ਼ੀਨਰੀ ਦੀ ਵਿਵਸਥਾ ਹੈ, ਜਿਸ ਨਾਲ ਬਿਜਲੀ ਦੀਆਂ ਤਾਰਾਂ ਸੜਕਾਂ ਵਿੱਚ ਡਿਗੀਆਂ ਹੋਈਆਂ ਨਹੀਂ ਮਿਲਣਗੀਆਂ। ਬਿਜਲੀ ਦੀਆਂ ਤਾਰਾਂ ਡਿਗਣ ਨਾਲ ਨਾ ਦੁਰਘਟਨਾਵਾਂ ਵਾਪਰਦੀਆਂ ਹਨ ਤੇ ਨਾ ਹੀ ਟ੍ਰੈਫਿਕ ਜਾਮ ਹੁੰਦੀ ਹੈ। ਬਿਜਲੀ ਦੀ ਮੁਰੰਮਤ ਦਾ ਕੰਮ ਨਾਲ ਦੀ ਨਾਲ ਚਲਦਾ ਰਹਿੰਦਾ ਹੈ, ਇਸ ਲਈ ਤਾਰਾਂ ਟੁੱਟਣ ਦੀ ਨੌਬਤ ਬਹੁਤ ਘੱਟ ਆਉਂਦੀ ਹੈ। ਕਿਸੇ ਵੀ ਤਰ੍ਹਾਂ ਦਾ ਨੁਕਸ ਪੈਣ ’ਤੇ ਬਿਜਲੀ ਵਿਭਾਗ ਦੇ ਕਰਮਚਾਰੀ ਝੱਟ ਪਹੁੰਚ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸੂਚਨਾ ਆਪਣੇ ਆਪ ਪਹੁੰਚ ਜਾਂਦੀ ਹੈ। ਸਾਡੇ ਮੁਲਕ ਵਾਂਗ ਨਾ ਕਰਮਚਾਰੀਆਂ ਦੀ ਘਾਟ ਦੀ ਗੱਲ ਕਹੀ ਜਾਂਦੀ ਹੈ ਤੇ ਨਾ ਹੀ ਕਰਮਚਾਰੀਆਂ ਵੱਲੋਂ ਕੋਈ ਲਾਪਰਵਾਹੀ ਕੀਤੀ ਜਾਂਦੀ ਹੈ।

ਕੈਨੇਡਾ ਦੇ ਮੁਲਕ ਵਿੱਚ ਜੇਕਰ ਰੁੱਖਾਂ ਦੇ ਕਟਾਈ ਦੇ ਪ੍ਰਬੰਧ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਸਾਡੇ ਮੁਲਕ ਨਾਲੋਂ ਵੱਖਰਾ ਹੈ। ਸਭ ਤੋਂ ਪਹਿਲਾਂ ਤਾਂ ਸੜਕਾਂ ਉੱਤੇ ਰੁੱਖ ਲਗਾਏ ਹੀ ਇਸ ਢੰਗ ਨਾਲ ਜਾਂਦੇ ਹਨ, ਜਿਨ੍ਹਾਂ ਦੇ ਟੁੱਟਣ ਜਾਂ ਡਿਗਣ ਨਾਲ ਨਾ ਕੋਈ ਦੁਰਘਟਨਾ ਵਾਪਰੇ ਸਕੇ ਅਤੇ ਨਾ ਕੋਈ ਸੜਕ ਉੱਤੇ ਟ੍ਰੈਫਿਕ ਜਾਮ ਲੱਗ ਸਕੇ। ਕੌਂਸਲ ਦੇ ਕਰਮਚਾਰੀ ਟੁੱਟਣ ਅਤੇ ਡਿਗਣ ਵਾਲੇ ਰੁੱਖਾਂ ਉੱਤੇ ਨਜ਼ਰ ਰੱਖਦੇ ਹਨ। ਉਨ੍ਹਾਂ ਰੁੱਖਾਂ ਨੂੰ ਨਾਲ ਦੀ ਨਾਲ ਸੰਭਾਲ ਲਿਆ ਜਾਂਦਾ ਹੈ। ਨਗਰ ਕੌਂਸਲ ਕੋਲ ਅਜਿਹੀ ਮਸ਼ੀਨਰੀ ਦਾ ਪ੍ਰਬੰਧ ਹੈ ਜਿਸ ਨਾਲ ਟੁੱਟੇ ਹੋਏ ਰੁੱਖ ਨੂੰ ਚੁੱਕਣ ਸਮੇਂ ਨਾ ਤਾਂ ਲੋਕਾਂ ਨੂੰ ਖੱਜਲ ਖੁਆਰ ਹੋਣ ਦਿੱਤਾ ਜਾਂਦਾ ਹੈ ਤੇ ਨਾ ਹੀ ਟ੍ਰੈਫਿਕ ਜਾਮ ਹੋਣ ਦਿੱਤੀ ਜਾਂਦੀ ਹੈ। ਸਾਡੇ ਮੁਲਕ ਵਿੱਚ ਇਹ ਸਾਰਾ ਕੁਝ ਨਾ ਹੋ ਸਕਣ ਦਾ ਕਾਰਨ ਦੇਸ਼ ਦੀ ਜ਼ਿਆਦਾ ਅਬਾਦੀ ਦੱਸੀ ਜਾਂਦੀ ਹੈ ਪਰ ਇਹ ਇੱਕ ਕਾਰਨ ਹੋ ਸਕਦਾ ਹੈ ਪਰ ਇਸਦੇ ਨਾਲ ਸਰਕਾਰਾਂ ਦੀ ਗੈਰ ਜ਼ਿੰਮੇਵਾਰੀ, ਕਰਮਚਾਰੀਆਂ ਦੀ ਘਾਟ, ਰਿਸ਼ਵਤ ਖੋਰੀ, ਲੋੜੀਂਦੀ ਮਸ਼ੀਨਰੀ ਦੀ ਘਾਟ, ਦੇਸ਼ ਦੇ ਲੋਕਾਂ ਪ੍ਰਤੀ ਫਿਕਰਮੰਦੀ ਦੀ ਘਾਟ ਅਤੇ ਆਰਥਿਕ ਮੰਦਹਾਲੀ ਵੀ ਕਾਰਨ ਜ਼ਿੰਮੇਵਾਰ ਹਨ।

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5436)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Vijay Kumar Principal

Vijay Kumar Principal

Phone: (91 - 98726 - 27136)
Email: (vijaykumarbehki@gmail.com)

More articles from this author