VijayKumarPr7ਜੇਕਰ ਦੋਹਾਂ ਧਿਰਾਂ ਵਿੱਚ ਹਉਮੈਂ ਹੋਵੇ ਤਾਂ ਸੰਬੰਧਾਂ ਵਿੱਚ ਤਣਾਅ ਹੋਰ ਵੀ ਜ਼ਿਆਦਾ ਗਹਿਰਾ ਹੋ ਜਾਂਦਾ ਹੈ। ਕਦੇ ਕਦੇ ਤੂੰ-ਤੂੰ ਮੈਂ-ਮੈਂ ...
(4 ਮਾਰਚ 2024)
ਇਸ ਸਮੇਂ ਪਾਠਕ: 310.


ਵਿਦੇਸ਼ਾਂ ਵਿੱਚ ਜਾਕੇ ਵਸਣ
, ਡਾਲਰ ਕਮਾਕੇ ਕਰੋੜਪਤੀ ਬਣਨ, ਐੱਨ ਆਰ ਆਈ ਕਹਾਉਣ ਅਤੇ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਗੁਜ਼ਾਰਨ ਦੇ ਜਨੂੰਨ ਵਿੱਚ ਨੌਜਵਾਨ ਪੀੜ੍ਹੀ ਦੇ ਸਾਰੇ ਮੁੰਡੇ ਕੜੀਆਂ ਤਾਂ ਨਹੀਂ ਪਰ ਉਨ੍ਹਾਂ ਵਿੱਚੋਂ ਇੱਕ ਵਰਗ ਅਜਿਹਾ ਪੈਦਾ ਹੋ ਰਿਹਾ ਹੈ ਜੋ ਕਿ ਜ਼ਿੰਦਗੀ ਦੇ ਉਸ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਵਿੱਚ ਸਵਾਰਥ ਅਤੇ ਮਜਬੂਰੀ ਦੀ ਨਦੀ ਦੇ ਬਹਾਅ ਵਿੱਚ ਰਿਸ਼ਤਿਆਂ ਦੀ ਸੰਵੇਦਨਾ, ਆਪਣਾਪਨ, ਲਗਾਅ, ਦਰਦ ਅਤੇ ਫ਼ਿਕਰਮੰਦੀ ਸਭ ਕੁਝ ਹੜ੍ਹਦੇ ਜਾ ਰਹੇ ਹਨਪਰਵਾਸੀ ਜ਼ਿੰਦਗੀ ਦੇ ਸੰਦਰਭ ਵਿੱਚ ਰਿਸ਼ਤਿਆਂ ਬਾਰੇ ਕਿਹਾ ਜਾਣ ਵਾਲਾ ਇਹ ਕਥਨ ਕਿ ਅਸੀਂ ਇੱਕ ਦੂਜੇ ਬਿਨਾਂ ਕੁਝ ਨਹੀਂ, ਇਹੋ ਰਿਸ਼ਤਿਆਂ ਦੀ ਖੂਬਸੂਰਤੀ ਹੈ, ਅਰਥਹੀਣ ਹੁੰਦਾ ਜਾ ਰਿਹਾ ਹੈਮਹਿੰਗੇ ਘਰਾਂ, ਮਹਿੰਗੀਆਂ ਗੱਡੀਆਂ ਅਤੇ ਹੋਰ ਸਾਜ਼ੋ ਸਮਾਨ ਲਈ ਵਿਦੇਸ਼ੀ ਬੈਂਕਾਂ ਤੋਂ ਚੁੱਕੇ ਕਰਜ਼ ਦੀਆਂ ਕਿਸ਼ਤਾਂ, ਆਪਣੇ ਵਤਨ ਆਉਣ ਲਈ ਮਹਿੰਗੀਆਂ ਟਿਕਟਾਂ ਅਤੇ ਵਿਦੇਸ਼ਾਂ ਵਿੱਚ ਪੱਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਰਹਿਣ ਦੇ ਸਾਲਾਂ ਦੀ ਸ਼ਰਤ, ਇਹ ਸਾਰਾ ਕੁਝ ਮੋਹ ਭਿੱਜੇ ਮਨੁੱਖੀ ਰਿਸ਼ਤਿਆਂ ਨੂੰ ਮੋਹ ਵਿਹੂਣਾ ਕਰ ਰਿਹਾ ਹੈਵਿਦੇਸ਼ਾਂ ਵਿੱਚ ਰੋਟੀ ਰੋਜ਼ੀ ਕਮਾਉਣ ਲਈ ਗਏ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਆਪਣੇ ਪਰਿਵਾਰਾਂ ਵਿੱਚ ਰਮ ਕੇ, ਮਸ਼ੀਨੀ ਜ਼ਿੰਦਗੀ ਦੇ ਹੱਥਾਂ ਦੀ ਕਠਪੁਤਲੀ ਬਣਕੇ ਆਲੀਸ਼ਾਨ ਜ਼ਿੰਦਗੀ ਗੁਜ਼ਾਰਨ ਲਈ ਵੱਧ ਤੋਂ ਵੱਧ ਕਮਾਈ ਕਰਨ ਦੀ ਦੌੜ ਵਿੱਚ ਅਤੇ ਸਮੇਂ ਅਤੇ ਧਰਤੀ ਦੀ ਦੂਰੀ ਕਾਰਨ ਇਹ ਵੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਕੋਈ ਆਪਣੇ ਵੀ ਉਨ੍ਹਾਂ ਦੇ ਰਾਹ ਵੇਖਦੇ ਹੋਣਗੇਉਨ੍ਹਾਂ ਨੂੰ ਮਿਲਣ ਲਈ ਤੜਫ ਰਹੇ ਹੋਣਗੇ

ਵਿਦੇਸ਼ਾਂ ਵਿੱਚ ਰਹਿੰਦਿਆਂ ਜਿਵੇਂ ਜਿਵੇਂ ਉਮਰ ਦੇ ਸਾਲ ਬੀਤਦੇ ਜਾਂਦੇ ਹਨ, ਉਵੇਂ ਉਵੇਂ ਆਪਣੇ ਵਤਨ ਦੀ ਧਰਤੀ ਦਾ ਮੋਹ ਅਤੇ ਆਪਣਿਆਂ ਨਾਲ ਜੁੜੇ ਹੋਣ ਦਾ ਅਹਿਸਾਸ ਨਿਵਾਣ ਵੱਲ ਨੂੰ ਜਾਣ ਲੱਗ ਪੈਂਦਾ ਹੈਫੋਨ ਕਰਨ ਦਾ ਸਿਲਸਿਲਾ ਰਾਤ ਦਿਨ ਦੇ ਫਰਕ ਦੇ ਬਹਾਨੇ ਨਾਲ ਟੁੱਟਣਾ ਸ਼ੁਰੂ ਹੋ ਜਾਂਦਾ ਹੈਜਿਨ੍ਹਾਂ ਮਾਪਿਆਂ ਨੇ ਕਰਜ਼ ਚੁੱਕ ਕੇ, ਜ਼ਮੀਨਾਂ ਗਹਿਣੇ ਰੱਖਕੇ ਅਤੇ ਰਿਸ਼ੇਦਾਰਾਂ ਤੋਂ ਪੈਸੇ ਉਧਾਰ ਫੜਕੇ ਆਪਣੇ ਨੌਜਵਾਨ ਬੱਚਿਆਂ ਨੂੰ ਵਿਦੇਸ਼ ਭੇਜਿਆ ਹੁੰਦਾ ਹੈ, ਉਹ ਮਾਪੇ ਉਨ੍ਹਾਂ ਨੂੰ ਮਿਲਣ ਲਈ ਤਰਸ ਜਾਂਦੇ ਹਨਸਮੇਂ ਨਾਲ ਉਨ੍ਹਾਂ ਦੇ ਆਪਸ ਵਿੱਚ ਸੰਬੰਧ ਕੇਵਲ ਫੋਨ ਉੱਤੇ ਇੱਕ ਦੂਜੇ ਦਾ ਹਾਲ ਚਾਲ ਪੁੱਛਣ ਜੋਗੇ ਹੀ ਰਹਿ ਜਾਂਦੇ ਹਨ

ਉਨ੍ਹਾਂ ਨੌਜਵਾਨ ਬੱਚਿਆਂ ਨੂੰ ਆਪਣੇ ਮਾਪੇ ਯਾਦ ਉਦੋਂ ਆਉਂਦੇ ਹਨ, ਜਦੋਂ ਉਨ੍ਹਾਂ ਨੂੰ ਆਪਣੇ ਬੱਚੇ ਪਾਲਣ ਦੀ ਸਮੱਸਿਆ ਆਉਂਦੀ ਹੈਉਹ ਆਪਣੇ ਮਾਂ ਬਾਪ ਨੂੰ ਲਿਜਾਂਦੇ ਤਾਂ ਵਿਦੇਸ਼ ਦੀ ਸੈਰ ਕਰਾਉਣ ਲਈ ਹਨ ਪਰ ਜ਼ਮੀਨੀ ਹਕੀਕਤ ਉਨ੍ਹਾਂ ਨੂੰ ਆਪਣੇ ਬੱਚੇ ਸੰਭਾਲਣ ਲਈ ਹੀ ਲਿਜਾਣਾ ਹੁੰਦਾ ਹੈਵਿਦੇਸ਼ ਵਿੱਚ ਮਾਪਿਆਂ ਦਾ ਬੱਚਿਆਂ ਕੋਲ ਜਾ ਕੇ ਰਹਿਣ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸੰਬੰਧਾਂ ਦਾ ਇੱਕ ਨਵਾਂ ਅਧਿਆਏ ਲਿਖਿਆ ਜਾਂਦਾ ਹੈਬੱਚਿਆਂ ਦੇ ਰਹਿਣ ਸਹਿਣ, ਖਾਣ ਪੀਣ, ਸੋਚ, ਆਦਤਾਂ ਅਤੇ ਉਨ੍ਹਾਂ ਦੀ ਜ਼ਿੰਦਗੀ ਉੱਤੇ ਵਿਦੇਸ਼ੀ ਜ਼ਿੰਦਗੀ ਦੇ ਪ੍ਰਭਾਵ ਨੂੰ ਲੈਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚਾਲੇ ਤਕਰਾਰ, ਮਨ ਮੁਟਾਵ, ਤਣਾਅ ਅਤੇ ਟਕਰਾਅ ਹੋਣਾ ਆਮ ਜਿਹੀ ਗੱਲ ਹੁੰਦੀ ਹੈਬੱਚਿਆਂ ਦੇ ਵਿਵਹਾਰ ਨੂੰ ਲੈਕੇ ਮਾਪਿਆਂ ਦੇ ਦਿਲਾਂ ਵਿੱਚ ਦੋ ਤਿੰਨ ਵਿਚਾਰ ਵਾਰ ਵਾਰ ਉੱਠਦੇ ਰਹਿੰਦੇ ਹਨ, ਕਿੱਥੇ ਆਕੇ ਫਸ ਗਏ, ਛੇਤੀ ਤੋਂ ਛੇਤੀ ਆਪਣੇ ਘਰ ਨੂੰ ਮੁੜੀਏ, ਆਪਾਂ ਮੁੜਕੇ ਇੱਥੇ ਨਹੀਂ ਆਵਾਂਗੇਜੇਕਰ ਦੋਹਾਂ ਧਿਰਾਂ ਵਿੱਚ ਹਉਮੈਂ ਹੋਵੇ ਤਾਂ ਸੰਬੰਧਾਂ ਵਿੱਚ ਤਣਾਅ ਹੋਰ ਵੀ ਜ਼ਿਆਦਾ ਗਹਿਰਾ ਹੋ ਜਾਂਦਾ ਹੈਕਦੇ ਕਦੇ ਤੂੰ-ਤੂੰ ਮੈਂ-ਮੈਂ ਅਤੇ ਆਪਸ ਵਿੱਚ ਸੰਵਾਦ ਟੁੱਟਣ ਦੀ ਨੌਬਤ ਵੀ ਆ ਜਾਂਦੀ ਹੈਮਾਪਿਆਂ ਅਤੇ ਨੂੰਹ ਦੇ ਸੰਬੰਧਾਂ ਦੇ ਟਕਰਾਅ ਵਿੱਚ ਪੁੱਤਰ ਨੂੰ ਪਿਸਣਾ ਪੈਂਦਾ ਹੈਮਾਪੇ ਆਪਣੇ ਪੁੱਤਰ ਦੇ ਮੂੰਹ ਨੂੰ ਚੁੱਪ ਰਹਿੰਦੇ ਹਨ, ਪੁੱਤਰ ਸਭ ਕੁਝ ਜਾਣਦਾ ਹੋਇਆ ਵੀ ਆਪਣੇ ਮਾਪਿਆਂ ਨੂੰ ਹੀ ਸਮਝਾਉਣ ਦਾ ਯਤਨ ਕਰਦਾ ਹੈ, ਕਿਉਂਕਿ ਉਸਨੇ ਜ਼ਿੰਦਗੀ ਆਪਣੀ ਪਤਨੀ ਨਾਲ ਹੀ ਬਸਰ ਕਰਨੀ ਹੁੰਦੀ ਹੈਮਾਪਿਆਂ ਨੂੰ ਆਪਣੇ ਪੁੱਤ ਨੂੰਹ ਨਾਲ ਇਹ ਸ਼ਿਕਾਇਤ ਹੁੰਦੀ ਹੈ ਕਿ ਉਹ ਉਨ੍ਹਾਂ ਕੋਲ ਬੈਠਦੇ ਨਹੀਂਨੂੰਹ ਪੁੱਤਰ ਕੋਲ ਆਪਣੇ ਮਾਪਿਆਂ ਕੋਲ ਨਾ ਬੈਠਣ ਦੇ ਇਹ ਤਰਕ ਹੁੰਦੇ ਹਨ ਕਿ ਉਨ੍ਹਾਂ ਕੋਲ ਉਨ੍ਹਾਂ ਦੇ ਨਾਲ ਬੈਠਣ ਦਾ ਸਮਾਂ ਹੀ ਕਿੱਥੇ ਹੁੰਦਾ ਹੈ, ਉਨ੍ਹਾਂ ਨੇ ਆਪਣੇ ਕੰਮ ਵੀ ਤਾਂ ਕਰਨੇ ਹੁੰਦੇ ਹਨਉਹ ਉਨ੍ਹਾਂ ਨਾਲ ਕੀ ਗੱਲਾਂ ਕਰਨ?

ਜੇਕਰ ਬਜ਼ੁਰਗ ਮਾਪਿਆਂ ਤੋਂ ਪੋਤੇ ਪੋਤੀ ਦੀ ਸਾਂਭ ਸੰਭਾਲ ਵਿੱਚ ਉਮਰ ਦੇ ਪ੍ਰਭਾਵ ਕਾਰਨ ਕੋਈ ਕੁਤਾਹੀ ਹੋ ਜਾਵੇ ਤਾਂ ਨੂੰਹ ਦੇ ਉਨ੍ਹਾਂ ਪ੍ਰਤੀ ਵਿਅੰਗ ਵੇਖਣ ਵਾਲੇ ਹੁੰਦੇ ਹਨਜੇਕਰ ਬੱਚਿਆਂ ਅਤੇ ਮਾਪਿਆਂ ਦੇ ਸੰਬੰਧ ਸੁਖਾਵੇਂ ਨਾ ਹੋਣ ਤਾਂ ਉਹ ਇੱਕੋ ਘਰ ਵਿੱਚ ਉਸ ਗੁਆਂਢੀ ਵਾਂਗ ਰਹਿ ਰਹੇ ਹੁੰਦੇ ਹਨ, ਜਿਨ੍ਹਾਂ ਦੀ ਆਪਸ ਵਿੱਚ ਬਣਦੀ ਨਹੀਂ ਹੁੰਦੀਸੱਸ ਸਹੁਰੇ ਵੱਲੋਂ ਆਪਣੇ ਪੋਤੇ ਪੋਤੀ ਦਾ ਸਭ ਕੁਝ ਕਰਨ ਦੇ ਬਾਵਜੂਦ ਵੀ ਨੂੰਹ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਉਹ ਜੋ ਕੁਝ ਕਰ ਰਹੇ ਹਨ ਆਪਣੇ ਪੁੱਤ ਲਈ ਕਰ ਰਹੇ ਹਨ, ਉਸ ਲਈ ਨਹੀਂ, ਅਸਲ ਵਿੱਚ ਸਚਾਈ ਵੀ ਇਹੋ ਹੁੰਦੀ ਹੈਬੱਚਿਆਂ ਦੇ ਮਾੜੇ ਵਿਵਹਾਰ ਨੂੰ ਸਹਿ ਕੇ ਵੀ ਉਹ ਸਭ ਕੁਝ ਕਰਦੇ ਰਹਿੰਦੇ ਹਨਉਹ ਜਦੋਂ ਵੀ ਘਰ ਤੋਂ ਬਾਹਰ ਘੁੰਮਣ ਫਿਰਨ ਨਿਕਲਦੇ ਹਨ ਜਾਂ ਫਿਰ ਪਾਰਕਾਂ ਵਿੱਚ ਜਾ ਕੇ ਬੈਠਦੇ ਹਨ ਤਾਂ ਉਹ ਆਪਣੇ ਪੁੱਤ ਨੂੰਹ ਦੇ ਮਾੜੇ ਵਤੀਰੇ ਦੀਆਂ ਗੱਲਾਂ ਕਰਕੇ ਆਪਣਾ ਮਨ ਹੌਲਾ ਕਰ ਲੈਂਦੇ ਹਨਬੱਚਿਆਂ ਨੂੰ ਸੰਭਾਲਣ ਲਈ ਮੁੰਡੇ ਦੇ ਮਾਂ ਬਾਪ ਐਨਾ ਸਮਾਂ ਲਗਾ ਗਏ ਹੁਣ ਕੁੜੀ ਦੇ ਮਾਪਿਆਂ ਦੀ ਵਾਰੀ ਹੈਕੁੜੀ ਅਤੇ ਮੁੰਡੇ ਦੇ ਮਾਪਿਆਂ ਦਾ ਇੱਕ ਦੂਜੇ ਨੂੰ ਚੰਗਾ ਮਾੜਾ ਕਹਿਣਾ ਅਤੇ ਕੁੜੀ ਮੁੰਡੇ ਦਾ ਆਪਣੇ ਮਾਪਿਆਂ ਨੂੰ ਲੈਕੇ ਕੋਈ ਨਾ ਕੋਈ ਤਕਰਾਰ ਹੋਣਾ, ਇਹ ਸਾਰੀਆਂ ਗੱਲਾਂ ਆਮ ਹੀ ਵੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ

ਬੱਚਿਆਂ ਦੀ ਸਾਂਭ ਸੰਭਾਲ ਨੂੰ ਲੈਕੇ ਆਰਥਿਕ ਮਜਬੂਰੀ ਕਾਰਨ ਪਤੀ ਪਤਨੀ, ਦੋਹਾਂ ਦੇ ਨੌਕਰੀ ਕਰਨ ਦੀ ਸਥਿਤੀ ਪਤੀ ਪਤਨੀ ਦੋਹਾਂ ਦਾ ਇੱਕ ਦੂਜੇ ਨੂੰ ਆਪਣੀ ਮਜਬੂਰੀ ਜਿਤਾਉਣਾ, ਦੋਹਾਂ ਵਿਚਾਲੇ ਤਕਰਾਰਬਾਜ਼ੀ ਹੋਣਾ ਅਤੇ ਪਤਨੀ ਦਾ ਪਤੀ ਨੂੰ ਇਹ ਕਹਿਣਾ ਕਿ ਮੈਂ ਜਾਂ ਤਾਂ ਨੌਕਰੀ ਕਰ ਲਵਾਂ ਜਾਂ ਫਿਰ ਬੱਚੇ ਸੰਭਾਲ ਲਵਾਂ ਤੇ ਬੱਚੇ ਦੀ ਸਾਂਭ ਸੰਭਾਲ ਲਈ ਦੋਹਾਂ ਕੋਲ ਸਮਾਂ ਨਾ ਹੋਣ ਦੀ ਹਾਲਤ ਵਿੱਚ ਬੱਚਆਂ ਦਾ ਪ੍ਰਭਾਵਿਤ ਹੋਣਾ, ਇਹ ਸਾਰਾ ਕੁਝ ਵਿਦੇਸ਼ਾਂ ਵਿੱਚ ਵਸਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਦੇ ਸੰਬੰਧਾਂ ਵਿੱਚ ਵਾਪਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ

ਜੇਕਰ ਮਾਪੇ ਵਿਦੇਸ਼ ਵਿੱਚ ਵਸਦੇ ਨੂੰਹ ਪੁੱਤ ਜਾਂ ਫਿਰ ਧੀ ਜਵਾਈ ਦੇ ਬੱਚਿਆਂ ਨੂੰ ਸੰਭਾਲਣ ਲਈ ਕੁਝ ਸਮੇਂ ਲਈ ਆ ਜਾਣ ਤਾਂ ਉਨ੍ਹਾਂ ਨੂੰ ਦੂਜੇ ਪੁੱਤਾਂ ਨੂੰਹਾਂ ਅਤੇ ਧੀ ਜਵਾਈ ਦੇ ਤਾਅਨੇ ਮਿਹਣੇ ਸੁਣਨ ਨੂੰ ਥਾਂ ਹੋ ਜਾਂਦਾ ਹੈਇੱਕ ਬਜ਼ੁਰਗ ਪਤੀ ਪਤਨੀ ਦੀ ਜ਼ਿੰਦਗੀ ਦੀ ਦੁਖਾਂਤ ਭਰੀ ਘਟਨਾ ਮਨ ਨੂੰ ਬਹੁਤ ਦੁੱਖ ਪਹੁੰਚਾਉਣ ਵਾਲੀ ਹੈਵਿਦੇਸ਼ ਵਿੱਚ ਵਸਦਾ ਪੁੱਤਰ ਆਪਣੇ ਮਾਪਿਆਂ ਤੋਂ ਸਭ ਕੁਝ ਵਿਕਾ ਕੇ ਉਨ੍ਹਾਂ ਨੂੰ ਆਪਣੇ ਕੋਲ ਲੈ ਆਇਆਵਿਦੇਸ਼ ਵਿੱਚ ਉਨ੍ਹਾਂ ਦੋਹਾਂ ਨੂੰ 3200 ਡਾਲਰ ਪੈਨਸ਼ਨ ਲੱਗੀ ਹੋਈ ਹੈਨੂੰਹ ਦੇ ਭੈੜੇ ਵਤੀਰੇ ਨੇ ਉਨ੍ਹਾਂ ਦਾ ਜਿਊਣਾ ਔਖਾ ਕਰ ਦਿੱਤਾਉਹ ਆਪਣੇ ਦੇਸ਼ ਮੁੜਨ ਜੋਗੇ ਵੀ ਨਹੀਂ ਰਹੇਪੁੱਤਰ ਨੂੰ ਪਰਿਵਾਰ ਦੀ ਸ਼ਾਂਤੀ ਲਈ ਉਨ੍ਹਾਂ ਨੂੰ ਆਪਣੇ ਘਰ ਦੀ ਬੇਸਮੈਂਟ ਵਿੱਚ ਰੱਖਣਾ ਪਿਆ

ਵਿਦੇਸ਼ੀ ਜੀਵਨ ਦੇ ਪ੍ਰਭਾਵ ਵਿੱਚ ਬਿਨਾਂ ਵਿਆਹ ਤੋਂ ਪਤੀ ਪਤਨੀ ਵਾਂਗ ਜ਼ਿੰਦਗੀ ਗੁਜ਼ਰਨਾ, ਪਤੀ ਪਤਨੀ ਹੁੰਦਿਆਂ ਹੋਇਆਂ ਵੀ ਨੈਤਿਕਤਾ ਦੀਆਂ ਸੀਮਾਵਾਂ ਤੋੜ ਦੇਣੀਆਂ, ਪਤੀ ਪਤਨੀ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈਕੇ ਲੜਾਈ ਝਗੜਾ ਹੋਣਾ ਅਤੇ ਦੋਹਾਂ ਧਿਰਾਂ ਦਾ ਇੱਕ ਦੂਜੇ ਨੂੰ ਤਲਾਕ ਦੇਣ ਦੀ ਨੌਬਤ ਪੈਦਾ ਹੋਣਾ, ਵਿਦੇਸ਼ਾਂ ਵਿੱਚ ਵਸਦੇ ਅਨੇਕਾਂ ਮੁੰਡੇ ਕੁੜੀਆਂ ਨਾਲ ਇਹ ਸਾਰਾ ਕੁਝ ਵਾਪਰ ਰਿਹਾ ਹੈਵਿਦੇਸ਼ਾਂ ਵਿੱਚ ਵਸਦੇ ਮੁੰਡੇ ਕੁੜੀਆਂ ਨਾਲ ਰਿਸ਼ਤੇ ਦੀ ਗੱਲ ਤੁਰਦਿਆਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਸੌ ਤਰ੍ਹਾਂ ਦੇ ਸਵਾਲ ਉੱਠਣਾ ਵਿਦੇਸ਼ੀ ਜ਼ਿੰਦਗੀ ਦਾ ਇੱਕ ਵਰਤਾਰਾ ਬਣ ਚੁੱਕਾ ਹੈ

ਜਿਹੜੇ ਲੋਕ ਪੱਕੇ ਤੌਰ ’ਤੇ ਵਿਦੇਸ਼ਾਂ ਵਿੱਚ ਜਾ ਵਸਦੇ ਹਨ, ਉਨ੍ਹਾਂ ਦੇ ਪਰਿਵਾਰ ਦੇ ਦੂਜੇ ਮੈਂਬਰਾਂ ਦੀ ਉਨ੍ਹਾਂ ਬਾਰੇ ਇਹ ਧਾਰਨਾ ਹੁੰਦੀ ਹੈ ਕਿ ਘਰ ਵਾਲਿਆਂ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਬਥੇਰਾ ਪੈਸਾ ਲਗਾ ਦਿੱਤਾ ਹੈ ਤੇ ਉਨ੍ਹਾਂ ਨੂੰ ਵਿਦੇਸ਼ ਵਿੱਚ ਬਹੁਤ ਕਮਾਈ ਹੈ, ਹੁਣ ਉਨ੍ਹਾਂ ਦਾ ਘਰ ਵਿੱਚ ਕੋਈ ਹਿੱਸਾ ਨਹੀਂ ਬਣਦਾ? ਪਰ ਵਿਦੇਸ਼ ਵਿੱਚ ਵਸਦੇ ਪਰਵਾਸੀਆਂ ਦੀ ਇਹ ਸੋਚ ਹੁੰਦੀ ਹੈ ਕਿ ਉਹ ਸਮੇਂ ਸਮੇਂ ’ਤੇ ਘਰ ਪੈਸੇ ਭੇਜਦੇ ਰਹੇ ਹਨ, ਉਨ੍ਹਾਂ ਦਾ ਮਾਪਿਆਂ ਦੀ ਜਾਇਦਾਦ ਵਿੱਚ ਹਿੱਸਾ ਕਿਉਂ ਨਹੀਂ ਬਣਦਾ? ਉਹ ਕਿਸੇ ਰਿਸ਼ਤੇਦਾਰ ਦੇ ਦੁੱਖ ਸੁੱਖ ਵਿੱਚ ਆਉਣ ਜਾਂ ਨਾ ਆਉਣ, ਪਰ ਜਾਇਦਾਦ ਵਿੱਚੋਂ ਆਪਣਾ ਹਿੱਸਾ ਵੰਡਾਉਣ ਲਈ ਜ਼ਰੂਰ ਆਉਂਦੇ ਹਨ

ਵਿਦੇਸ਼ਾਂ ਵਿੱਚ ਵਸਦੇ ਲੋਕਾਂ ਦੀ ਜ਼ਿੰਦਗੀ ਦੀ ਆਰਥਿਕ ਅਤੇ ਦੂਰ ਦੇਸ਼ਾਂ ਤੋਂ ਸਮੇਂ ਸਿਰ ਨਾ ਪਹੁੰਚ ਸਕਣ ਦੀ ਮਜਬੂਰੀ ਉਨ੍ਹਾਂ ਨੂੰ ਆਪਣਿਆਂ ਦੇ ਦੁੱਖਾਂ ਸੁੱਖਾਂ ਵਿੱਚ ਸ਼ਰੀਕ ਹੋਣ ਤੋਂ ਵਾਂਝੇ ਰੱਖ ਲੈਂਦੀ ਹੈਖਾਸ ਰਿਸ਼ਤੇਦਾਰਾਂ ਨਾਲ ਦੁੱਖ ਸੁੱਖ ਫੋਨ ’ਤੇ ਹੀ ਸਾਂਝਾ ਕਰਨਾ ਪੈਂਦਾ ਹੈ ਤੇ ਜਿਨ੍ਹਾਂ ਨਾਲ ਖ਼ੂਨ ਦੀ ਸਾਂਝ ਹੁੰਦੀ ਹੈ, ਉਨ੍ਹਾਂ ਦੇ ਦਾਹ ਸਸਕਾਰ ਤੋਂ ਬਾਅਦ ਹੀ ਪਹੁੰਚ ਹੁੰਦਾ ਹੈਕਈ ਵਾਰ ਉਹ ਵੀ ਸੰਭਵ ਨਹੀਂ ਹੁੰਦਾਇਨ੍ਹਾਂ ਡਾਲਰਾਂ ਅਤੇ ਵਿਦੇਸ਼ੀ ਜ਼ਿੰਦਗੀ ਦੀ ਚਕਾਚੌਂਧ ਵਿੱਚ ਇਨਸਾਨੀ ਰਿਸ਼ਤਿਆਂ ਦੀ ਅਹਿਮੀਅਤ ਨੂੰ ਨਜ਼ਰ ਅੰਦਾਜ਼ ਕਰਨਾ ਮਨੁੱਖੀ ਭਾਵਨਾਵਾਂ ਨਾਲ ਬੇਵਫਾਈ ਹੈਜੇਕਰ ਇਹ ਰਿਸ਼ਤੇ ਹੀ ਨਹੀਂ ਬਚਣਗੇ ਤਾਂ ਇਸ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਦਾ ਵੀ ਕੀ ਲਾਭ ਹੋਵੇਗਾ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4776)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author