“ਸਰ, ਅਸੀਂ ਤਾਂ ਦੂਜੇ ਸਕੂਲ ਦੀ ਬਦਲੀ ਲਈ ਸਿਫਾਰਸ਼ ਲਗਵਾਈ ਸੀ, ਪਤਾ ਨਹੀਂ ਤੁਹਾਡੇ ਸਕੂਲ ਦੀ ਬਦਲੀ ਕਿਵੇਂ ...”
(24 ਜੁਲਾਈ 2024)
ਸਵਾਮੀ ਵਿਵੇਕਾਨੰਦ ਦਾ ਕਥਨ ਸੀ ਕਿ ਲੋਕ ਪਹਿਲਾਂ ਚੰਗੇ ਕੰਮ ਦੀ ਆਲੋਚਨਾ ਕਰਦੇ ਹਨ, ਫਿਰ ਵਿਰੋਧ ਕਰਦੇ ਹਨ, ਅਖੀਰ ਵਿੱਚ ਤੁਹਾਡੇ ਨਾਲ ਤੁਰ ਪੈਂਦੇ ਹਨ। ਸਕੂਲ ਅਧਿਆਪਕ ਤੋਂ ਲੈਕੇ ਪ੍ਰਿੰਸੀਪਲ ਦੇ ਅਹੁਦੇ ਤਕ ਦੇ ਸਫ਼ਰ ਵਿੱਚ ਮੈਂ ਸਦਾ ਹੀ ਅਸੂਲਾਂ, ਆਦਰਸ਼ਾਂ, ਅਨੁਸ਼ਾਸਨ ਅਤੇ ਮਿਹਨਤ ਨੂੰ ਤਰਜੀਹ ਦਿੰਦਾ ਰਿਹਾ। ਪ੍ਰਿੰਸੀਪਲ ਬਣਨ ਤੋਂ ਪਹਿਲਾਂ ਮੇਰਾ ਆਪਣੇ ਆਪ ਨਾਲ ਇਹ ਵਾਅਦਾ ਸੀ ਕਿ ਮੈਂ ਜਿਸ ਸਕੂਲ ਦਾ ਪ੍ਰਿੰਸੀਪਲ ਬਣਾਂਗਾ, ਮੈਂ ਉਸ ਨੂੰ ਇੱਕ ਮੁਕਾਮ ਤਕ ਪਹੁੰਚਾਉਣ ਲਈ ਅਤੇ ਉਸਦੀ ਇੱਕ ਵੱਖਰੀ ਪਛਾਣ ਬਣਾਉਣ ਲਈ ਬੇਹੱਦ ਮਿਹਨਤ ਕਰਨ ਲਈ ਵਚਨਵੱਧ ਰਹਾਂਗਾ। ਮੈਂ ਜਿਸ ਸਕੂਲ ਦਾ ਪ੍ਰਿੰਸੀਪਲ ਬਣਿਆ, ਉਸ ਸਕੂਲ ਦਾ ਜ਼ਿਆਦਾਤਰ ਸਟਾਫ ਬਹੁਤ ਮਿਹਨਤੀ ਸੀ ਅਤੇ ਗੁਣਾਂ ਦਾ ਭੰਡਾਰ ਸੀ ਪਰ ਹਰ ਅਦਾਰੇ ਵਿੱਚ ਕੁਝ ਅਜਿਹੇ ਲੋਕ ਜ਼ਰੂਰ ਹੁੰਦੇ ਹਨ, ਜਿਨ੍ਹਾਂ ਨੂੰ ਅਨੁਸ਼ਾਸਨ ਅਤੇ ਮਿਹਨਤ ਤੋਂ ਅਲਕਤ ਹੁੰਦੀ ਹੈ। ਤੁਸੀਂ ਜਦੋਂ ਅਜਿਹੇ ਲੋਕਾਂ ਦੀਆਂ ਆਦਤਾਂ ਨੂੰ ਸੁਧਾਰਨ ਦਾ ਯਤਨ ਕਰਦੇ ਹੋ ਤਾਂ ਉਹ ਹਰ ਢੰਗ ਨਾਲ ਤੁਹਾਡੇ ਰਾਹ ਵਿੱਚ ਔਕੜਾਂ ਬਣਦੇ ਹਨ।
ਮੈਂ ਫਰਵਰੀ 2010 ਵਿੱਚ ਉਸ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਹਾਜ਼ਰ ਹੋਇਆ ਸੀ। ਸਕੂਲ ਵਿੱਚ ਇਮਾਰਤ ਦੀ ਘਾਟ ਅਤੇ ਅਕਾਦਮਿਕ ਪੱਧਰ ਵਿੱਚ ਸੁਧਾਰ ਲਿਆਉਣਾ ਮੇਰੇ ਲਈ ਦੋ ਵੱਡੀਆਂ ਚੁਣੌਤੀਆਂ ਸਨ। ਮੈਂ ਸਟਾਫ ਦੀ ਮੀਟਿੰਗ ਲੈਕੇ ਇਹ ਸਾਫ ਤੌਰ ’ਤੇ ਸਪਸ਼ਟ ਕਰ ਦਿੱਤਾ ਕਿ ਸਕੂਲ ਦੇ ਨਿਯਮਾਂ, ਮਿਹਨਤ ਅਤੇ ਅਨੁਸ਼ਾਸਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸਕੂਲ ਵਿੱਚ ਜਿਵੇਂ ਹੀ ਅਨੁਸ਼ਾਸਨ ਅਤੇ ਨਿਯਮ ਲਾਗੂ ਕੀਤੇ ਗਏ ਅਤੇ ਮਿਹਨਤ ਕਰਨ ਲਈ ਕਿਹਾ ਗਿਆ ਤਾਂ ਕੁਝ ਅਧਿਆਪਕ ਅਤੇ ਅਧਿਆਪਕਾਵਾਂ ਨੇ ਮੇਰਾ ਵਿਰੋਧ ਅਤੇ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਪਰ ਜ਼ਿਆਦਤਰ ਅਧਿਆਪਕ ਅਧਿਆਪਕਾਵਾਂ ਇਸ ਗੱਲ ਤੋਂ ਬਹੁਤ ਖੁਸ਼ ਸਨ ਕਿ ਸਕੂਲ ਵਿੱਚ ਅਨੁਸ਼ਾਸਨ, ਮਿਹਨਤ ਅਤੇ ਨਿਯਮਾਂ ਦਾ ਹੋਰ ਚੰਗਾ ਮਾਹੌਲ ਬਣਨ ਲੱਗਾ ਹੈ। ਉਹ ਮੇਰੇ ਨਾਲ ਮਨੋਂ ਸਹਿਯੋਗ ਕਰਨ ਲੱਗ ਪਏ। ਉਸ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਹਾਜ਼ਰ ਹੋਣ ਤੋਂ ਬਾਅਦ ਸਕੂਲ ਦੀਆਂ ਬੋਰਡ ਦੀਆਂ ਜਮਾਤਾਂ ਦਾ ਪਹਿਲਾ ਨਤੀਜਾ ਮੇਰੇ ਉਦੇਸ਼ ਮੁਤਾਬਿਕ ਨਹੀਂ ਸੀ।
ਮੈਂ ਸਕੂਲ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰ ਦਿੱਤਾ। ਮੇਰੀ ਆਲੋਚਨਾ ਹੋਰ ਵੱਧ ਗਈ। ਮੇਰੇ ਅਸੂਲਾਂ ਨੂੰ ਨਾ ਪਸੰਦ ਕਰਨ ਵਾਲੇ ਕੁਝ ਅਧਿਆਪਕਾਂ ਅਧਿਆਪਕਾਵਾਂ ਨੇ ਮੇਰੇ ਬਾਰੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਪ੍ਰਿੰਸੀਪਲ ਬਹੁਤ ਸਖ਼ਤ ਹੈ। ਪਰ ਬੱਚਿਆਂ ਦੇ ਮਾਪੇ, ਅਨੁਸ਼ਾਸਨ ਤੇ ਮਿਹਨਤ ਪਸੰਦ ਅਧਿਆਪਕ ਅਤੇ ਅਧਿਆਪਕਾਵਾਂ ਮੇਰੇ ਕੰਮ ਦੀ ਸ਼ਲਾਘਾ ਕਰਦੇ ਸਨ। ਮੈਂ ਆਲੋਚਨਾ ਅਤੇ ਸ਼ਲਾਘਾ ਦੇ ਦੌਰ ਵਿੱਚੋਂ ਲੰਘਦਿਆਂ ਅੱਗੇ ਵਧਦਾ ਗਿਆ। ਮੇਰੇ ਸਕੂਲ ਵਿੱਚ ਜੇਕਰ ਕੋਈ ਅਸਾਮੀ ਖਾਲੀ ਹੁੰਦੀ ਤਾਂ ਮੇਰੇ ਆਲੋਚਕ ਅਧਿਆਪਕ ਅਧਿਆਪਕਾਵਾਂ ਸਕੂਲ ਵਿੱਚ ਬਦਲੀ ਕਰਵਾਕੇ ਆਉਣ ਦੀ ਇੱਛਾ ਰੱਖਣ ਵਾਲੇ ਹਰ ਅਧਿਆਪਕ ਅਧਿਆਪਕਾ ਨੂੰ ਇਹ ਕਹਿੰਦੇ ਕਿ ਇਸ ਸਕੂਲ ਵਿੱਚ ਬਦਲੀ ਨਾ ਕਰਵਾਓ, ਪ੍ਰਿੰਸੀਪਲ ਬਹੁਤ ਸਖ਼ਤ ਹੈ।
ਸਕੂਲ ਦੇ ਅਧਿਆਪਕ ਅਧਿਆਪਕਾਵਾਂ ਦੀ ਮਿਹਨਤ ਸਦਕਾ ਸਕੂਲ ਸਰਵਪੱਖੀ ਵਿਕਾਸ ਦੇ ਰਾਹ ਉੱਤੇ ਤੁਰ ਪਿਆ। ਸਕੂਲ ਦੇ ਸ਼ਾਨਦਾਰ ਨਤੀਜੇ ਅਤੇ ਵਜੀਫੇ ਆਉਣੇ ਸ਼ੁਰੂ ਹੋ ਗਏ। ਸਕੂਲ ਦੀ ਸ਼ਾਨਦਾਰ ਇਮਾਰਤ ਤਿਆਰ ਹੋ ਗਈ। ਸਕੂਲ ਦੀ ਆਪਣੀ ਵੱਖਰੀ ਪਛਾਣ ਬਣ ਗਈ ਪਰ ਮੇਰੇ ਆਲੋਚਕਾਂ ਨੇ ਮੇਰੇ ਅਸੂਲਾਂ ਦੀ ਆਲੋਚਨਾ ਕਰਨੀ ਨਹੀਂ ਛੱਡੀ। ਇੱਕ ਅਧਿਆਪਕਾ ਦੀ ਸੇਵਾ ਮੁਕਤੀ ਕਾਰਨ ਮੇਰੇ ਸਕੂਲ ਵਿੱਚ ਇੱਕ ਸਮਾਜਿਕ ਵਿਸ਼ੇ ਦੀ ਅਸਾਮੀ ਖਾਲੀ ਹੋ ਗਈ। ਸਮਾਜਿਕ ਵਿਸ਼ੇ ਦੀ ਇੱਕ ਅਸਾਮੀ ਸ਼ਹਿਰ ਦੇ ਦੂਜੇ ਸਕੂਲ ਵਿੱਚ ਖਾਲੀ ਹੋਈ ਸੀ। ਇੱਕ ਦਿਨ ਇੱਕ ਅਧਿਆਪਕਾ ਦੇ ਘਰ ਵਾਲਾ ਮੇਰੇ ਦਫਤਰ ਵਿੱਚ ਸਮਾਜਿਕ ਵਿਸ਼ੇ ਦੀ ਖਾਲੀ ਅਸਾਮੀ ਬਾਰੇ ਪੁੱਛਣ ਆਇਆ। ਉਹ ਮੈਨੂੰ ਕਹਿਣ ਲੱਗਾ, “ਸਰ, ਮੇਰੀ ਪਤਨੀ ਇੱਕ ਪਿੰਡ ਦੇ ਸਕੂਲ ਵਿੱਚ ਜਾਂਦੀ ਹੈ, ਉਹ ਬਦਲੀ ਕਰਵਾਕੇ ਸ਼ਹਿਰ ਵਿੱਚ ਆਉਣਾ ਚਾਹੁੰਦੀ ਹੈ। ਮੈਂ ਤੁਹਾਡੇ ਸਕੂਲ ਦੀ ਖਾਲੀ ਅਸਾਮੀ ਬਾਰੇ ਪਤਾ ਕਰਨ ਆਇਆ ਸੀ। ਅਸਾਮੀ ਦੂਜੇ ਸਕੂਲ ਵਿੱਚ ਵੀ ਖਾਲੀ ਹੈ। ਸਕੂਲ ਤਾਂ ਤੁਹਾਡਾ ਵਧੀਆ ਹੈ ਪਰ ਅਸੀਂ ਇਸ ਸਕੂਲ ਨਾਲੋਂ ਦੂਜੇ ਸਕੂਲ ਵਿੱਚ ਬਦਲੀ ਕਰਵਾਉਣਾ ਚਾਹੁੰਦੇ ਹਾਂ।”
ਮੈਂ ਉਸ ਵਿਅਕਤੀ ਨੂੰ ਪ੍ਰਸ਼ਨ ਕੀਤਾ, “ਸਰ, ਇਹ ਲੜਕੀਆਂ ਦਾ ਸਕੂਲ ਹੈ, ਤੁਸੀਂ ਆਪਣੀ ਪਤਨੀ ਦੀ ਬਦਲੀ ਇਸ ਸਕੂਲ ਵਿੱਚ ਕਿਉਂ ਨਹੀਂ ਕਰਵਾਵਾਉਂਦੇ?”
ਉਹ ਬੰਦਾ ਬਹੁਤ ਹੀ ਸਾਫ ਦਿਲ ਸੀ, ਕਹਿਣ ਲੱਗਾ, “ਸਰ, ਸਾਨੂੰ ਕਿਸੇ ਨੇ ਕਿਹਾ ਹੈ ਕਿ ਇਸ ਸਕੂਲ ਵਿੱਚ ਸਖਤੀ ਬਹੁਤ ਹੈ, ਇਸ ਲਈ ਤੁਸੀਂ ਇਸ ਸਕੂਲ ਵਿੱਚ ਆਪਣੀ ਬਦਲੀ ਨਾ ਕਰਵਾਇਉ।”
ਮੈਂ ਉਸ ਸੱਜਣ ਨੂੰ ਆਖਿਆ, “ਠੀਕ ਹੈ ਜੀ, ਜਿਵੇਂ ਤੁਹਾਡਾ ਮਨ ਕਰੇ, ਕਰ ਲੈਣਾ।”
ਉਹ ਵਿਅਕਤੀ ਚਲਾ ਗਿਆ ਪਰ ਮੇਰਾ ਮਨ ਮੈਨੂੰ ਸਵਾਲ ਕਰਨ ਲੱਗਾ ਕਿ ਕੀ ਲਾਪਰਵਾਹ ਲੋਕਾਂ ਨੂੰ ਆਪਣੇ ਵਿੱਚ ਸੁਧਾਰ ਲਿਆਉਣ ਨੂੰ ਕਹਿਣਾ ਕੋਈ ਗੁਨਾਹ ਹੈ? ਖੈਰ ਕੁਝ ਦਿਨਾਂ ਬਾਅਦ ਉਹ ਵਿਅਕਤੀ ਆਪਣੀ ਅਧਿਆਪਕਾ ਪਤਨੀ ਨੂੰ ਨਾਲ ਲੈਕੇ ਮੇਰੇ ਦਫਤਰ ਵਿੱਚ ਆਕੇ ਕਹਿਣ ਲੱਗਾ, “ਸਰ, ਅਸੀਂ ਤਾਂ ਦੂਜੇ ਸਕੂਲ ਦੀ ਬਦਲੀ ਲਈ ਸਿਫਾਰਸ਼ ਲਗਵਾਈ ਸੀ, ਪਤਾ ਨਹੀਂ ਤੁਹਾਡੇ ਸਕੂਲ ਦੀ ਬਦਲੀ ਕਿਵੇਂ ਹੋ ਗਈ? ... ਵੇਖਦੇ ਹਾਂ, ਜੇਕਰ ਤੁਸੀਂ ਸਖਤੀ ਕੀਤੀ ਤਾਂ ਮੁੜ ਪਹਿਲੇ ਸਕੂਲ ਵਿੱਚ ਚਲੇ ਜਾਵਾਂਗੇ।”
ਮੈਂ ਉਸ ਵਿਅਕਤੀ ਨੂੰ ਅੱਗੋਂ ਕਿਹਾ, “ਸਰ, ਵੇਖ ਲਓ, ਹੁਣ ਵੀ ਤੁਹਾਡੀ ਬਦਲੀ ਰੱਦ ਹੋ ਸਕਦੀ ਹੈ, ਮੈਂ ਫੋਨ ਕਰ ਦਿੰਦਾ ਹਾਂ।”
ਮੇਰੀ ਗੱਲ ਸੁਣਕੇ ਉਹ ਵਿਅਕਤੀ ਚੁੱਪ ਰਿਹਾ। ਅਧਿਆਪਕਾ ਮੇਰੇ ਸਕੂਲ ਵਿੱਚ ਹਾਜ਼ਰ ਹੋ ਗਈ। ਉਸ ਅਧਿਆਪਕਾ ਨੂੰ ਪੜ੍ਹਾਉਣ ਲਈ ਅੰਗਰੇਜ਼ੀ ਅਤੇ ਸਮਾਜਿਕ ਦੇ ਵਿਸ਼ੇ ਦਿੱਤੇ ਗਏ। ਇੱਕ ਹਫਤੇ ਵਿੱਚ ਹੀ ਉਸ ਅਧਿਆਪਕਾ ਨੇ ਇਹ ਸਿੱਧ ਕਰ ਦਿੱਤਾ ਕਿ ਸਕੂਲ ਨੂੰ ਆਪਣੇ ਪੇਸ਼ੇ ਨੂੰ ਸਮਰਪਿਤ ਅਧਿਆਪਕਾ ਮਿਲ ਗਈ ਹੈ।
ਫਿਰ ਇੱਕ ਦਿਨ ਉਸ ਅਧਿਆਪਕਾ ਦੇ ਪਿਛਲੇ ਸਕੂਲ ਤੋਂ ਮੇਰੇ ਇੱਕ ਜਾਣਕਾਰ ਅਧਿਆਪਕ ਦਾ ਫੋਨ ਆਇਆ, “ਪ੍ਰਿੰਸੀਪਲ ਸਾਹਿਬ, ਸਾਡੇ ਸਕੂਲ ਦੀ ਇੱਕ ਬਹੁਤ ਹੀ ਮਿਹਨਤੀ ਅਧਿਆਪਕਾ ਤੁਹਾਡੇ ਸਕੂਲ ਪਹੁੰਚ ਗਈ ਹੈ, ਸਾਡੇ ਸਕੂਲ ਨੂੰ ਇਸਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ।”
ਉਹ ਅਧਿਆਪਕਾ ਕੁਝ ਮਹੀਨਿਆਂ ਵਿੱਚ ਹੀ ਸਕੂਲ ਦੇ ਸਟਾਫ ਅਤੇ ਬੱਚਿਆਂ ਦੀ ਚਹੇਤੀ ਅਧਿਆਪਕਾ ਬਣ ਗਈ। ਉਸਦੀ ਆਪਣੇ ਵਿਸ਼ਿਆਂ ਉੱਤੇ ਪਕੜ, ਉਸਦਾ ਪੜ੍ਹਾਉਣ ਦਾ ਢੰਗ, ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਬੋਲਣ ਲਈ ਤਿਆਰ ਕਰਨਾ ਇਸ ਗੱਲ ਦਾ ਪ੍ਰਮਾਣ ਸੀ ਕਿ ਉਹ ਗੁਣਾਂ ਦਾ ਭੰਡਾਰ ਸੀ।
ਇੱਕ ਦਿਨ ਮੈਂ ਉਸ ਅਧਿਆਪਕਾ ਨੂੰ ਆਪਣੇ ਦਫਤਰ ਵਿੱਚ ਬੁਲਾਕੇ ਕਿਹਾ, “ਮੈਡਮ, ਮੈਂ ਸਕੂਲ ਦੇ ਬੱਚਿਆਂ ਦੀ ਵਿੱਦਿਅਕ ਮੁਕਾਬਲਿਆਂ ਲਈ ਤਿਆਰੀ ਕਰਵਾਉਣ ਲਈ ਤੁਹਾਡਾ ਸਹਿਯੋਗ ਚਾਹੁੰਦਾ ਹਾਂ।”
ਉਸ ਅਧਿਆਪਕਾ ਨੇ ਅੱਗੋਂ ਕਿਹਾ, “ਸਰ, ਮੈਂ ਅੱਜ ਤਕ ਤਾਂ ਇਹ ਕੰਮ ਕੀਤਾ ਨਹੀਂ ਪਰ ਕੋਸ਼ਿਸ਼ ਕਰਕੇ ਵੇਖ ਲੈਂਦੀ ਹਾਂ।”
ਉਸ ਅਧਿਆਪਕਾ ਅਤੇ ਹੋਰ ਅਧਿਆਪਕ, ਅਧਿਆਪਕਾਵਾਂ ਦੇ ਸਹਿਯੋਗ ਨਾਲ ਸਕੂਲ ਦੇ ਬੱਚਿਆਂ ਨੇ ਪ੍ਰਾਂਤਕ ਪੱਧਰ ਤਕ ਜਿੱਤਾਂ ਹਾਸਲ ਕੀਤੀਆਂ। ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਮੈਂ ਹਰ ਸਾਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਉਂਦਾ ਹੁੰਦਾ ਸੀ। ਸਕੂਲ ਦੀ ਆਰਥਿਕ ਸਹਾਇਤਾ ਲਈ ਮੈਂ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਕਿਸੇ ਮੰਤਰੀ ਨੂੰ ਬੁਲਾਉਂਦਾ ਸੀ। ਸਮਾਗਮ ਦੇ ਮੰਚ ਸੰਚਾਲਨ ਲਈ ਮੈਨੂੰ ਸਮੱਸਿਆ ਆਉਂਦੀ ਸੀ। ਮੈਂ ਰੱਖੇ ਹੋਏ ਸਮਾਗਮ ਲਈ ਮੈਡਮ ਨੂੰ ਮੰਚ ਸੰਚਾਲਨ ਲਈ ਕਿਹਾ। ਪਹਿਲਾਂ ਤਾਂ ਮੈਡਮ ਮੰਚ ਸੰਚਾਲਨ ਕਰਨ ਲਈ ਤਿਆਰ ਨਹੀਂ ਹੋਈ ਪਰ ਥੋੜ੍ਹਾ ਪ੍ਰੇਰਿਤ ਕਰਨ ਬਾਅਦ ਉਹ ਸਕੂਲ ਦੇ ਹਰ ਸਮਾਗਮ ਦਾ ਮੰਚ ਸੰਚਾਲਨ ਕਰਨ ਲੱਗ ਪਈ। ਇੱਕ ਦਿਨ ਮੈਡਮ ਮੇਰੇ ਦਫਤਰ ਵਿੱਚ ਆਕੇ ਕਹਿਣ ਲੱਗੀ, “ਸਰ, ਮੈਨੂੰ ਆਪ ਨੂੰ ਨਹੀਂ ਪਤਾ ਸੀ ਕਿ ਮੇਰੇ ਵਿੱਚ ਐਨੇ ਗੁਣ ਹਨ, ਤੁਸੀਂ ਮੈਨੂੰ ਮੌਕੇ ਦੇਕੇ ਮੇਰੇ ਅੰਦਰਲੇ ਗੁਣਾਂ ਦੀ ਪਛਾਣ ਕਰਾ ਦਿੱਤੀ ਹੈ।”
ਇੱਕ ਦਿਨ ਸਿੱਖਿਆ ਵਿਭਾਗ ਵੱਲੋਂ ਮਾਲਤੀ ਦੇਵੀ ਗਿਆਨ ਪੀਠ ਪੁਰਸਕਾਰ ਲਈ ਪੰਜਾਬ ਦੇ ਅਧਿਆਪਕ ਅਧਿਆਪਕਾਵਾਂ ਵੱਲੋਂ ਅਰਜ਼ੀਆਂ ਮੰਗੀਆਂ ਗਈਆਂ। ਪੁਰਸਕਾਰ ਦੀ ਰਾਸ਼ੀ ਇੱਕ ਲੱਖ ਰੁਪਏ ਸੀ। ਮੈਂ ਤਿੰਨ ਅਧਿਆਪਕ ਅਧਿਆਪਕਾਵਾਂ ਦੇ ਨਾਲ ਉਸ ਅਧਿਆਪਕਾ ਨੂੰ ਵੀ ਆਪਣੀ ਅਰਜ਼ੀ ਭੇਜਣ ਲਈ ਕਿਹਾ। ਪਹਿਲਾਂ ਤਾਂ ਉਹ ਅਧਿਆਪਕਾ ਆਰਜ਼ੀ ਭੇਜਣ ਲਈ ਤਿਆਰ ਨਾ ਹੋਈ ਪਰ ਮੇਰੇ ਜ਼ਿਆਦਾ ਕਹਿਣ ’ਤੇ ਉਸ ਅਧਿਆਪਕਾ ਨੇ ਉਸ ਪੁਰਸਾਕਾਰ ਲਈ ਅਰਜ਼ੀ ਭੇਜ ਦਿੱਤੀ। ਉਹ ਅਧਿਆਪਕਾ ਮਾਲਤੀ ਦੇਵੀ ਗਿਆਨ ਪੀਠ ਪੁਰਸਕਾਰ ਲਈ ਚੁਣੀ ਗਈ ਅਤੇ ਉਸ ਨੂੰ ਕੇਦਰੀ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ। ਇੱਕ ਦਿਨ ਉਸ ਅਧਿਆਪਕਾ ਦਾ ਘਰ ਵਾਲਾ ਮੇਰੇ ਦਫਤਰ ਵਿੱਚ ਆਕੇ ਕਹਿਣ ਲੱਗਾ, “ਸਰ, ਸਾਨੂੰ ਹੁਣ ਸਮਝ ਆਈ ਹੈ ਕਿ ਲੋਕ ਐਵੇਂ ਹੀ ਤੁਹਾਡੀ ਲੋਚਨਾ ਕਰਦੇ ਹਨ, ਮੇਰੀ ਪਤਨੀ ਦੀ ਬਦਲੀ ਜੇਕਰ ਦੂਜੇ ਸਕੂਲ ਦੀ ਹੋ ਜਾਂਦੀ ਤਾਂ ਬਹੁਤ ਵੱਡੀ ਗਲਤੀ ਹੋ ਜਾਂਦੀ। ਮੇਰੀ ਪਤਨੀ ਤਾਂ ਤੁਹਾਡੀਆਂ ਸਿਫ਼ਤਾਂ ਹੀ ਬਹੁਤ ਕਰਦੀ ਹੈ।”
ਉਸ ਵਿਅਕਤੀ ਦੀਆਂ ਗੱਲਾਂ ਸੁਣਕੇ ਮੈਨੂੰ ਇੰਜ ਜਾਪ ਰਿਹਾ ਸੀ ਕਿ ਇਹ ਪੁਰਸਕਾਰ ਮੇਰੀ ਆਲੋਚਨਾ ਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5159)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.