“ਜਿਹੜੇ ਲੋਕ ਹੱਕ ਹਲਾਲ, ਮਿਹਨਤ ਮੁਸ਼ੱਕਤ, ਖੂਨ ਪਸੀਨੇ ਅਤੇ ਇਮਾਨਦਾਰੀ ਦੀ ਕਮਾਈ ਨਾਲ ...”
(5 ਦਸੰਬਰ 2024)
ਰੁਤਬਾ ਅਮੀਰੀ ਅਤੇ ਜ਼ਮੀਨ ਜਾਇਦਾਦ ਦਾ ਨਹੀਂ ਸਗੋਂ ਸਵੈਮਾਣ ਅਤੇ ਜ਼ਮੀਰ ਦਾ ਹੁੰਦਾ ਹੈ
ਜੇਕਰ ਭੌਤਿਕਵਾਦੀ ਅਤੇ ਦੁਨਿਆਵੀ ਨਜ਼ਰੀਏ ਨਾਲ ਤੱਕਿਆ ਜਾਵੇ ਤਾਂ ਅਮੀਰ ਅਤੇ ਜ਼ਮੀਨ ਜਾਇਦਾਦ ਵਾਲੇ ਲੋਕਾਂ ਦਾ ਰੁਤਬਾ ਸਮਾਜ ਵਿੱਚ ਉੱਚਾ ਲੱਗਦਾ ਹੈ। ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਹੈ ਪਰ ਪ੍ਰਬੁੱਧ, ਵਿਦਵਾਨ ਅਤੇ ਸੂਖਮ ਅਹਿਸਾਸਾਂ ਦੇ ਧਨੀ ਲੋਕਾਂ ਦੀ ਸੋਚ ਇਸ ਤੋਂ ਉਲਟ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਇਹ ਹੈ ਕਿ ਅਮੀਰੀ ਅਤੇ ਜ਼ਮੀਨ ਜਾਇਦਾਦ ਨਾਲੋਂ ਸਵੈਮਾਣ ਅਤੇ ਜ਼ਮੀਰ ਦਾ ਰੁਤਬਾ ਜਿਆਦਾ ਉੱਚਾ ਤੇ ਮਹੱਤਵ ਪੂਰਨ ਹੁੰਦਾ ਹੈ ਕਿਉਂਕਿ ਧਨ ਅਤੇ ਜ਼ਮੀਨ ਜਾਇਦਾਦ ਆਉਂਦੀ ਜਾਂਦੀ ਰਹਿੰਦੀ ਹੈ। ਅਮੀਰੀ ਗ਼ੁਰਬਤ ਵਿਚ ਬਦਲ ਜਾਣ ’ਤੇ ਮੁੜ ਧਨ ਦੌਲਤ ਕਮਾਕੇ, ਜ਼ਮੀਨ ਜਾਇਦਾਦ ਇੱਕ ਵਾਰ ਖਤਮ ਹੋ ਜਾਣ ਤੇ ਮੁੜ ਜ਼ਮੀਨ ਜਾਇਦਾਦ ਬਣਾਕੇ ਅਮੀਰੀ ਦਾ ਰੁਤਬਾ ਹਾਸਲ ਕੀਤਾ ਜਾ ਸਕਦਾ ਹੈ ਪਰ ਸਵੈਮਾਣ ਅਤੇ ਜ਼ਮੀਰ ਜਿੰਦਗੀ ਵਿੱਚ ਇੱਕੋ ਵਾਰ ਹਾਸਲ ਕੀਤੀ ਜਾ ਸਕਦੀ ਹੈ। ਸਵੈਮਾਣ ਅਤੇ ਜ਼ਮੀਰ ਦਾ ਰੁਤਬਾ ਅਮੀਰੀ ਅਤੇ ਜ਼ਮੀਨ ਜਾਇਦਾਦ ਦੇ ਰੁਤਬੇ ਨਾਲੋਂ ਹੋਰ ਵੀ ਉੱਚਾ ਅਤੇ ਮਹੱਤਵਪੂਰਨ ਇਸ ਲਈ ਵੀ ਹੋ ਜਾਂਦਾ ਹੈ ਕਿ ਬੰਦੇ ਨੇ ਧਨ ਦੌਲਤ ਅਤੇ ਜ਼ਮੀਨ ਜਾਇਦਾਦ ਇਮਾਨਦਾਰੀ ਨਾਲ ਬਣਾਈ ਹੈ ਜਾਂ ਬੇਈਮਾਨੀ ਨਾਲ। ਜਿਹੜੇ ਲੋਕ ਹੱਕ ਹਲਾਲ, ਮਿਹਨਤ ਮੁਸ਼ੱਕਤ, ਖੂਨ ਪਸੀਨੇ ਅਤੇ ਇਮਾਨਦਾਰੀ ਦੀ ਕਮਾਈ ਨਾਲ ਅਮੀਰ ਹੋਏ ਹੁੰਦੇ ਹਨ, ਜਿਨ੍ਹਾਂ ਨੇ ਜ਼ਮੀਨ ਜਾਇਦਾਦ ਬਣਾਉਣ ਲੱਗਿਆਂ ਕੋਈ ਲੁੱਟ ਖਸੁੱਟ ਨਹੀਂ ਕੀਤੀ ਹੁੰਦੀ ਅਤੇ ਨਾ ਹੀ ਕਿਸੇ ਨਾਲ ਧੋਖਾਧੜੀ ਕੀਤੀ ਹੁੰਦੀ ਹੈ, ਉਹ ਬਹੁਤ ਹੀ ਸਵੈਮਾਣ ਦੀ ਜਿੰਦਗੀ ਜਿਉਂਦੇ ਹਨ। ਉਨ੍ਹਾਂ ਦੀ ਜ਼ਮੀਰ ਸਦਾ ਹੀ ਜਿਉਂਦੀ ਰਹਿੰਦੀ ਹੈ। ਲੋਕ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੇ ਹਨ। ਉਹ ਕਦੇ ਵੀ ਸਮਾਜ ਦੇ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਡਿਗਦੇ ਨਹੀਂ। ਉਹ ਛਾਤੀ ਠੋਕਕੇ ਅਤੇ ਸਿਰ ਉੱਚਾ ਕਰਕੇ ਕਹਿੰਦੇ ਹਨ ਕਿ ਉਨ੍ਹਾਂ ਦੀ ਕਮਾਈ ਨੇਕ ਅਤੇ ਹੱਕ ਸੱਚ ਦੀ ਹੈ। ਪਰ ਲੁਟੇਰੇ ਅਤੇ ਬੇਈਮਾਨ ਲੋਕ ਕਦੇ ਵੀ ਸਵੈਮਾਣ ਅਤੇ ਜਿਉਂਦੀ ਜਾਗਦੀ ਜ਼ਮੀਰ ਨਾਲ ਇਹ ਗੱਲ ਨਹੀਂ ਕਹਿ ਸਕਦੇ ਕਿ ਉਹ ਇਮਾਨਦਾਰੀ ਨਾਲ ਧਨ ਦੌਲਤ ਅਤੇ ਜ਼ਮੀਨ ਜਾਇਦਾਦ ਦੇ ਮਾਲਿਕ ਬਣੇ ਹਨ।
ਜਿਨ੍ਹਾਂ ਲੋਕਾਂ ਨੇ ਅੰਗਰੇਜਾਂ ਦੇ ਪਿੱਠੂ ਬਣਕੇ ਜਗੀਰਾਂ ਪ੍ਰਾਪਤ ਕੀਤੀਆਂ, ਉਹ ਜਗੀਰਦਾਰ ਤਾਂ ਕਹਾਏ ਪਰ ਉਨ੍ਹਾਂ ਨੂੰ ਸਮਾਜ ਵਿੱਚ ਉੱਚਾ ਰੁਤਬਾ ਹਾਸਲ ਹੋਣ ਦੀ ਬਜਾਏ ਦੇਸ਼ ਧ੍ਰੋਹੀ ਕਿਹਾ ਗਿਆ। ਸ਼ਹੀਦੀਆਂ ਪਾਉਣ ਵਾਲੇ ਅਤੇ ਜੇਲ੍ਹਾਂ ਕੱਟਣ ਵਾਲੇ ਲੋਕਾਂ ਨੂੰ ਆਪਣਾ ਸਾਰਾ ਕੁੱਝ ਗੁਆਉਣਾ ਪਿਆ। ਉਨ੍ਹਾਂ ਨੂੰ ਗੁਰਬਤ ਹਾਸਲ ਹੋਈ ਪਰ ਉਹ ਦੇਸ਼ ਭਗਤ ਕਹਾਏ। ਉਨ੍ਹਾਂ ਨੂੰ ਸਵੈਮਾਣ ਅਤੇ ਜਿਉਂਦੀ ਜਾਗਦੀ ਜ਼ਮੀਰ ਵਾਲੇ ਹੋਣ ਦਾ ਰੁਤਬਾ ਹਾਸਲ ਹੋਇਆ। ਕਮਿਊਨਿਸਟ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਮੇਰੇ ਇੱਕ ਮਿੱਤਰ ਦੇ ਪਿਉ ਦੀਦਾਰ ਸਿੰਘ ਨੇ ਲੋਕ ਹਿਤਾਂ ਲਈ ਆਪਣੀ ਨੌਕਰੀ ਗੁਆ ਲਈ, ਜੇਲ੍ਹ ਕੱਟੀ, ਉਸਦੇ ਪਰਿਵਾਰ ਨੂੰ ਅੱਤ ਦੇ ਮਾੜੇ ਦਿਨ ਵੇਖਣੇ ਪਏ ਪਰ ਉਸਦੀ ਸਮਾਜ ਸੇਵਾ ਅਤੇ ਤਿਆਗ ਦੇ ਸਵੈਮਾਣ ਅਤੇ ਜਿਉਂਦੀ ਜਾਗਦੀ ਜ਼ਮੀਰ ਦਾ ਫਲ ਉਸਦਾ ਪਰਿਵਾਰ ਖਾ ਰਿਹਾ ਹੈ। ਸਾਰਾ ਇਲਾਕਾ ਉਸ ਪਰਿਵਾਰ ਦਾ ਦਿਲੋਂ ਸਤਿਕਾਰ ਕਰਦਾ ਹੈ। ਉਸਦੇ ਭੋਗ ਉੱਤੇ ਵਿਰੋਧੀ ਪਾਰਟੀਆਂ ਵਾਲੇ ਵੀ ਉਸਦੀ ਸਵੈਮਾਣ ਅਤੇ ਜਿਉਂਦੀ ਜਾਗਦੀ ਜ਼ਮੀਰ ਵਾਲੀ ਜਿੰਦਗੀ ਦੀ ਸ਼ਲਾਘਾ ਕਰ ਰਹੇ ਸਨ। ਉਸਦੇ ਇਸ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਵੀ ਉਹ ਜਿਉਂਦਾ ਹੈ। ਉਸਦੇ ਬੱਚੇ ਵੀ ਉਸਨੂੰ ਆਪਣਾ ਪਿਉ ਹੋਣ ’ਤੇ ਮਾਣ ਮਹਿਸੂਸ ਕਰਦੇ ਹਨ ਅਤੇ ਉਸਦੇ ਸਮਾਜ ਸੇਵੀ ਕੰਮਾਂ ਨੂੰ ਆਪਣਾ ਆਦਰਸ਼ ਮੰਨਦੇ ਹਨ।
ਸਵੈਮਾਣ ਅਤੇ ਜਾਗਦੀ ਜ਼ਮੀਰ ਦੀ ਸ਼ੋਹਰਤ ਰੱਖਣ ਵਾਲੇ ਲੋਕ ਬਿਨਾ ਧਨ ਦੌਲਤ ਅਤੇ ਜ਼ਮੀਨ ਜਾਇਦਾਦ ਤੋਂ ਵੀ ਅਮੀਰ ਹੁੰਦੇ ਹਨ ਕਿਉਂਕਿ ਉਨ੍ਹਾਂ ਕੋਲ ਸੱਚ ਝੂਠ, ਸੋਨੇ ਤਾਂਬੇ, ਕਣਕ ਅਤੇ ਤੂੜੀ ਨੂੰ ਅੱਡ ਕਰਕੇ ਵੇਖਣ ਵਾਲੀ ਬੁੱਧੀ ਅਤੇ ਗਿਆਨ ਹੁੰਦਾ ਹੈ। ਉਨ੍ਹਾਂ ਕੋਲ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਜਿਊਣ ਦੀ ਪ੍ਰਤੀਬੱਧਤਾ ਹੁੰਦੀ ਹੈ। ਰੂਸੀ ਲੇਖਕ ਕੈਸਿਨ ਕੁਲਸੀ ਕਹਿੰਦਾ ਹੈ ਕਿ ਧਨ ਦੌਲਤ ਅਤੇ ਜ਼ਮੀਨ ਜਾਇਦਾਦ ਹਾਸਲ ਕਰਨ ਵਾਲੇ ਲੋਕ ਵਰਤਮਾਨ ਲਈ ਜਿਉਂਦੇ ਹਨ ਪਰ ਸਵੈਮਾਣ ਅਤੇ ਜਿਊਂਦੀ ਜਾਗਦੀ ਜ਼ਮੀਰ ਵਾਲੇ ਲੋਕ ਭਵਿੱਖ ਲਈ ਜਿਊਂਦੇ ਹਨ। ਸਵੈਮਾਣ ਅਤੇ ਜਿਊਂਦੀ ਜਾਗਦੀ ਜ਼ਮੀਰ ਵਾਲੇ ਲੋਕਾਂ ਅੰਦਰ ਮਨੁੱਖੀ ਜੀਵਨ ਦੇ ਆਦਰਸ਼ਾਂ ਅਤੇ ਨੈਤਿਕ ਕਦਰਾਂ ਕੀਮਤਾਂ ਲਈ ਸੰਘਰਸ਼ ਕਰਨ ਦੀ ਸਮਰਥਾ ਤੇ ਉਤਸ਼ਾਹ ਹੁੰਦਾ ਹੈ। ਇਸੇ ਲਈ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰੇ ਅਤੇ ਇਤਿਹਾਸ ਬਣ ਜਾਂਦੇ ਹਨ ਪਰ ਧਨ ਦੌਲਤ ਅਤੇ ਜ਼ਮੀਨ ਜਾਇਦਾਦ ਬਣਾਉਣ ਵਾਲੇ ਕੇਵਲ ਆਪਣਿਆਂ ਤੱਕ ਸੀਮਤ ਹੋ ਕੇ ਰਹਿ ਜਾਂਦੇ ਹਨ।
* * *
ਬੱਚਿਆਂ ਦੀਆਂ ਆਦਤਾਂ ਵਿੱਚੋਂ ਉਨ੍ਹਾਂ ਦੇ ਮਾਪਿਆਂ ਦੀ ਸ਼ਖਸੀਅਤ ਦਾ ਅਕਸ ਝਲਕਦਾ ਹੈ
ਬੱਚਿਆਂ ਦੀਆਂ ਚੰਗੀਆਂ ਮਾੜੀਆਂ ਆਦਤਾਂ ਵਿੱਚੋਂ ਸਦਾ ਹੀ ਉਨ੍ਹਾਂ ਦੇ ਮਾਪਿਆਂ ਦਾ ਅਕਸ ਨਜ਼ਰ ਆਉਂਦਾ ਹੈ। ਬੱਚਿਆਂ ਦੀਆਂ ਚੰਗੀਆਂ ਆਦਤਾਂ ਵੇਖਕੇ ਉਨ੍ਹਾਂ ਬੱਚਿਆਂ ਨੂੰ ਵੇਖਣ ਵਾਲੇ ਲੋਕਾਂ ਦੇ ਮੂੰਹਾਂ ਤੋਂ ਆਪ ਮੁਹਾਰੇ ਇਹ ਸ਼ਬਦ ਨਿਕਲ ਪੈਂਦੇ ਹਨ, “ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਕਿੰਨੀ ਸੋਹਣੀ ਪਰਵਰਿਸ਼ ਕੀਤੀ ਹੋਈ ਹੈ ਇਨ੍ਹਾਂ ਬੱਚਿਆਂ ਦੀ। ਕਿੰਨੀਆਂ ਚੰਗੀਆਂ ਆਦਤਾਂ ਸਿਖਾਈਆਂ ਹੋਈਆਂ ਹਨ ਇਨ੍ਹਾਂ ਬੱਚਿਆਂ ਨੂੰ ਇਨ੍ਹਾਂ ਦੇ ਮਾਪਿਆਂ ਨੇ। ਕਿੰਨੇ ਚੰਗੇ ਸੰਸਕਾਰ ਦਿੱਤੇ ਹੋਏ ਨੇ ਇਨ੍ਹਾਂ ਬੱਚਿਆਂ ਨੂੰ ਇਨ੍ਹਾਂ ਦੇ ਮਾਪਿਆਂ ਨੇ।” ਪਰ ਜੇਕਰ ਉਨ੍ਹਾਂ ਬੱਚਿਆਂ ਦੀਆਂ ਆਦਤਾਂ ਚੰਗੀਆਂ ਨਾ ਹੋਣ ਤਾਂ ਉਨ੍ਹਾਂ ਬੱਚਿਆਂ ਨੂੰ ਵੇਖਣ ਵਾਲਾ ਹਰ ਵਿਅਕਤੀ ਇਹ ਸ਼ਬਦ ਕਹਿੰਦਾ ਹੋਇਆ ਸੁਣਿਆ ਜਾਂਦਾ ਹੈ, “ਕਿੰਨੀਆਂ ਮਾੜੀਆਂ ਆਦਤਾਂ ਹਨ ਇਨ੍ਹਾਂ ਬੱਚਿਆਂ ਦੀਆਂ, ਕਿੰਨੇ ਸ਼ਰਾਰਤੀ ਹਨ ਇਹ ਬੱਚੇ! ਕੀ ਸਿਖਾਇਆ ਹੋਇਆ ਹੈ ਇਨ੍ਹਾਂ ਬੱਚਿਆਂ ਨੂੰ ਇਨ੍ਹਾਂ ਦੇ ਮਾਪਿਆਂ ਨੇ?”
ਬੱਚਿਆਂ ਦੀਆਂ ਚੰਗੀਆਂ ਮਾੜੀਆਂ ਆਦਤਾਂ ਉਨ੍ਹਾਂ ਦੇ ਮਾਪਿਆਂ ਵੱਲੋਂ ਕੀਤੇ ਜਾਣ ਵਾਲੇ ਪਾਲਣ ਪੋਸਣ ਉੱਤੇ ਨਿਰਭਰ ਕਰਦੀਆਂ ਹਨ। ਹਰ ਮਾਂ ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਆਦਤਾਂ ਚੰਗੀਆਂ ਹੋਣ। ਉਨ੍ਹਾਂ ਨੂੰ ਵੇਖਣ ਵਾਲਾ ਹਰ ਵਿਅਕਤੀ ਉਨ੍ਹਾਂ ਦੀਆਂ ਚੰਗੀਆਂ ਆਦਤਾਂ ਦੀ ਤਾਰੀਫ਼ ਕਰੇ ਪਰ ਆਦਤਾਂ ਉਨ੍ਹਾਂ ਬੱਚਿਆਂ ਦੀਆਂ ਹੀ ਚੰਗੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਚੰਗਾ ਇਨਸਾਨ ਬਣਾਉਣ ਲਈ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੰਦੇ ਹਨ, ਚੰਗੀਆਂ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਂਦੇ ਹਨ, ਉਨ੍ਹਾਂ ਨੂੰ ਸੱਚ ਝੂਠ, ਚੰਗੇ ਮਾੜੇ, ਨਿਆਂ ਅਨਿਆਂ, ਗਲਤ ਠੀਕ, ਪਾਪ ਪੁੰਨ ਅਤੇ ਹਿੰਸਾ ਅਹਿੰਸਾ ਵਿੱਚ ਫਰਕ ਸਮਝਣਾ ਸਿਖਾਉਂਦੇ ਹਨ।
ਉਨ੍ਹਾਂ ਮਾਪਿਆਂ ਦੇ ਬੱਚਿਆਂ ਦੀਆਂ ਆਦਤਾਂ ਕਦੇ ਵੀ ਚੰਗੀਆਂ ਨਹੀਂ ਹੋ ਸਕਦੀਆਂ ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਲਾਡ ਪਿਆਰ ਕਰਦੇ ਹਨ, ਜਿਹੜੇ ਉਨ੍ਹਾਂ ਨੂੰ ਮਾੜਾ ਕਰਨ ਅਤੇ ਬੋਲਣ ਸਮੇਂ ਟੋਕਣ ਦੀ ਬਜਾਏ ਉਨ੍ਹਾਂ ਨੂੰ ਨਜ਼ਰ ਅੰਦਾਜ ਕਰਦੇ ਹਨ। ਸਮਝਦਾਰ ਮਾਂ ਬਾਪ ਆਪਣੇ ਬੱਚਿਆਂ ਨੂੰ ਲਾਡ ਪਿਆਰ ਕਰਨ ਦੇ ਨਾਲ ਨਾਲ ਉਨ੍ਹਾਂ ਨਾਲ ਸਖ਼ਤੀ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡਦੇ। ਉਹ ਆਪਣੇ ਬੱਚਿਆਂ ਨੂੰ ਸਹੂਲਤਾਂ ਦੇਣ ਲੱਗਿਆਂ ਇਸ ਗੱਲ ਦਾ ਉਚੇਚਾ ਧਿਆਨ ਰੱਖਦੇ ਹਨ ਕਿ ਉਹ ਵਿਗੜ ਨਾ ਜਾਣ। ਆਪਣੇ ਬੱਚਿਆਂ ਨੂੰ ਅਸਲੀ ਸਰਮਾਇਆ ਸਮਝਣ ਵਾਲੇ ਮਾਪੇ ਉਨ੍ਹਾਂ ਵੱਲ ਬਣਦਾ ਧਿਆਨ ਦਿੰਦੇ ਹਨ, ਉਹ ਉਨ੍ਹਾਂ ਲਈ ਬੈਂਕਾਂ ਵਿੱਚ ਧਨ ਜੋੜਨ ਦੀ ਬਜਾਏ, ਉਨ੍ਹਾਂ ਦੀ ਪੜ੍ਹਾਈ ਲਿਖਾਈ ਅਤੇ ਉਨ੍ਹਾਂ ਨੂੰ ਚੰਗਾ ਇਨਸਾਨ ਬਣਾਉਣ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਉਹ ਆਪਣੇ ਬੱਚਿਆਂ ਦੀ ਜ਼ਿਦ ਨਾਲ ਕਦੇ ਸਮਝੌਤਾ ਨਹੀਂ ਕਰਦੇ। ਸਮਝਦਾਰ ਮਾਂ ਬਾਪ ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣ ਲਈ ਉਨ੍ਹਾਂ ਸਾਹਮਣੇ ਖੁਦ ਆਦਰਸ਼ ਬਣਕੇ ਵਿਚਰਦੇ ਹਨ। ਉਹ ਉਨ੍ਹਾਂ ਨੂੰ ਇਹ ਸਿਖਾਉਂਦੇ ਹਨ ਕਿ ਸਮਾਜ ਵਿੱਚ ਕਿਵੇਂ ਵਿਚਰਨਾ ਹੈ, ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਕਿਵੇਂ ਨਿਭਾਉਣਾ ਹੈ। ਉਹ ਉਨ੍ਹਾਂ ਨੂੰ ਸਬਰ ਸੰਤੋਖ ਰੱਖਣਾ, ਗੁੱਸੇ ਉੱਤੇ ਕਾਬੂ ਰੱਖਣਾ, ਅਕਲ ਨਾਲ ਗੱਲਬਾਤ ਕਰਨਾ, ਤਹਿਜ਼ੀਬ ਵਿੱਚ ਰਹਿਣਾ, ਦੂਰ ਅੰਦੇਸ਼ ਹੋਣਾ ਸਿਖਾਉਂਦੇ ਹਨ। ਉਹ ਇਸ ਗੱਲ ਬਾਰੇ ਸੁਚੇਤ ਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਮੋਬਾਇਲ, ਕੰਪਿਊਟਰ ਅਤੇ ਟੈਲੀਵਿਜ਼ਨ ਉੱਤੇ ਕੀ ਵੇਖਦੇ ਹਨ। ਸਮਝਦਾਰ ਮਾਵਾਂ ਆਪਣੇ ਬੱਚਿਆਂ ਨੂੰ ਆਪਣੇ ਪਤੀ ਦੀ ਇੱਛਾ ਦੇ ਵਿਰੁੱਧ ਕਦੇ ਸ਼ੈਅ ਨਹੀਂ ਦਿੰਦੀਆਂ। ਕਈ ਵਾਰ ਬੱਚਿਆਂ ਨੂੰ ਵਿਗੜਨ ਵਿੱਚ ਉਨ੍ਹਾਂ ਦੇ ਮਾਂ ਬਾਪ ਦਾ ਇੱਕ ਦੂਜੇ ਦਾ ਕੀਤੇ ਜਾਣ ਵਾਲਾ ਵਿਰੋਧ ਵੀ ਜ਼ਿੰਮੇਵਾਰ ਹੁੰਦਾ ਹੈ। ਅਜੋਕੇ ਯੁਗ ਵਿੱਚ ਜਦੋਂ ਬੱਚੇ ਆਪਣੇ ਆਲੇ ਦੁਆਲੇ, ਸਮਾਜ ਅਤੇ ਆਪਣੇ ਨਾਲ ਦੇ ਬੱਚਿਆਂ ਤੋਂ ਬਹੁਤ ਕੁਝ ਮਾੜਾ ਸਿੱਖ ਰਹੇ ਹਨ। ਮੋਬਾਇਲ, ਟੈਲੀਵਿਜ਼ਨ ਅਤੇ ਕੰਪਿਊਟਰ ਉਨ੍ਹਾਂ ਨੂੰ ਵਿਗੜਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਹਨ। ਨੌਕਰੀ ਪੇਸ਼ਾ ਪਤੀ ਪਤਨੀ ਕੋਲ ਆਪਣੇ ਬੱਚਿਆਂ ਵੱਲ ਧਿਆਨ ਦੇਣ ਲਈ ਸਮਾਂ ਬਹੁਤ ਘੱਟ ਹੈ ਤਾਂ ਅਜਿਹੇ ਮਾਹੌਲ ਵਿੱਚ ਬੱਚਿਆਂ ਦੇ ਮਾਪਿਆਂ ਦੀ ਉਨ੍ਹਾਂ ਵੱਲ ਧਿਆਨ ਦੇਣ ਦੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5505)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)