ShyamSDeepti7ਮੌਜੂਦਾ ਸਮੇਂ ਦੌਰਾਨ ਕਰਨਾਟਕ ਦੀ ਚੋਣ ਵਿੱਚ ਪ੍ਰਧਾਨ ਮੰਤਰੀਕਈ ਰਾਜਾਂ ਦੇ ਮੁੱਖ ਮੰਤਰੀ ...
(16 ਮਈ 2018)

 

ਸੰਵਿਧਾਨ ਦੀ ਪ੍ਰਵਾਨਗੀ ਅਤੇ ਗਣਤੰਤਰ ਦੀ ਸ਼ੁਰੂਆਤ ਤੋਂ ਬਾਅਦ ਤਕਰੀਬਨ ਸੱਤਰ ਸਾਲਾਂ ਤੋਂ ਦੇਸ਼ ਵਿੱਚ ਚੋਣਾਂ ਰਾਹੀਂ ਸਰਕਾਰਾਂ ਬਣੀਆਂ ਅਤੇ ਬਦਲੀਆਂ ਹਨ। ਲੋਕਤੰਤਰ ਵਿੱਚ ਇਹੋ ਢੰਗ ਹੀ ਪ੍ਰਵਾਨ ਕੀਤਾ ਗਿਆ ਤੇ ਚੰਗੇ-ਮਾੜੇ ਤਜਰਬਿਆਂ ਵਿੱਚੋਂ ਲੰਘਦੇ ਹੋਏ ਮੌਜੂਦਾ ਮੁਕਾਮ ’ਤੇ ਪਹੁੰਚੇ ਹਾਂ।

ਸੰਸਦ ਅਤੇ ਵਿਧਾਨ ਸਭਾਵਾਂ ਦੀ ਮਿਆਦ ਪੰਜ ਸਾਲ ਹੈ। ਇਹ ਇੱਕ ਲੰਮਾ ਸਮਾਂ ਹੈ, ਜਦੋਂ ਕੋਈ ਵੀ ਸੱਤਾ ਵਿੱਚ ਆਈ ਪਾਰਟੀ ਆਪਣੇ ਅਗਲੇ ਚੋਣ ਸਮੇਂ ਤੋਂ ਪਹਿਲਾਂ ਕੋਈ ਕਾਰਜ ਉਲੀਕ ਕੇ ਉਸ ਦੇ ਸਿੱਟੇ ਵੀ ਦਿਖਾ ਸਕਦੀ ਹੈ, ਪਰ ਪਿਛਲੇ ਕੁਝ ਕੁ ਸਮੇਂ ਤੋਂ ਲੱਗਦਾ ਹੈ ਕਿ ਦੇਸ਼ ਦੀਆਂ ਸੱਤਾਧਾਰੀ ਪਾਰਟੀਆਂ ਅਤੇ ਵਿਰੋਧੀ ਧਿਰ ਨੂੰ ਜਿਵੇਂ ਚੋਣਾਂ ਦੀ ਤਿਆਰੀ ਹੀ ਇੱਕੋ-ਇੱਕ ਮੁੱਦਾ ਨਜ਼ਰ ਆਉਂਦਾ ਹੈ। ਦੇਸ਼ ਦੇ ਵਿਕਾਸ ਕਾਰਜ ਉਨ੍ਹਾਂ ਲਈ ਦੂਸਰੀ-ਤੀਸਰੀ ਥਾਂ ’ਤੇ ਹੁੰਦੇ ਹਨ ਤੇ ਸੱਤਾ ਵਿੱਚ ਬਣੇ ਰਹਿਣ ਦਾ ਮੁੱਦਾ ਪਹਿਲੇ ਸਥਾਨ ’ਤੇ ਰਹਿੰਦਾ ਹੈ।

ਇਸ ਦੇ ਬਦਲ ਰਹੇ ਸਰੂਪ ਵਿੱਚ ਪਹੁੰਚਣ ਲਈ ਇੱਕ ਖ਼ਾਸ ਵਜ੍ਹਾ ਹੈ ਸੰਸਦ ਅਤੇ ਵਿਧਾਨ ਸਭਾਵਾਂ ਦੀ ਵੱਖ-ਵੱਖ ਸਮੇਂ ’ਤੇ ਚੋਣ ਹੋਣੀ। ਭਾਵੇਂ ਇਹ ਇਕੱਠੀਆਂ ਸ਼ੁਰੂ ਹੋਈਆਂ ਹੋਣਗੀਆਂ, ਪਰ ਹੌਲੀ-ਹੌਲੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਆਪਸੀ ਅਣਸੁਖਾਵੇਂ ਰਿਸ਼ਤਿਆਂ ਕਾਰਨ ਅਸੈਂਬਲੀਆਂ ਭੰਗ ਹੋਣੀਆਂ, ਰਾਸ਼ਟਰਪਤੀ ਰਾਜ ਲਾਗੂ ਹੋਣੇ ਤੇ ਫਿਰ ਚੋਣਾਂ ਦਾ ਸਮਾਂ ਤਬਦੀਲ ਹੋ ਜਾਣਾ ਆਦਿ ਦੇ ਚੱਲਦੇ ਅੱਜ ਇਸ ਤਰ੍ਹਾਂ ਜਾਪਦਾ ਹੈ ਕਿ ਦੇਸ਼ ਵਿੱਚ ਸਾਰਾ ਸਾਲ ਹੀ ਚੋਣਾਂ ਹੁੰਦੀਆਂ ਰਹਿੰਦੀਆਂ ਹਨ।

ਜੇਕਰ ਚੋਣਾਂ ਦਾ ਇਸ ਤਰ੍ਹਾਂ ਦਾ ਸਰੂਪ ਬਣ ਹੀ ਗਿਆ ਹੈ, ਤਾਂ ਵੀ ਕੁਝ ਸਮਾਂ ਪਹਿਲਾਂ ਤੱਕ ਇਹ ਚੋਣਾਂ ਰਾਜਾਂ ਤੱਕ ਸੀਮਤ ਰਹਿੰਦੀਆਂ ਸਨ। ਇਹ ਚੋਣਾਂ ਬਹੁਤਾ ਕਰ ਕੇ ਰਾਸ਼ਟਰੀ ਖ਼ਬਰ ਨਹੀਂ ਸਨ ਬਣਦੀਆਂ। ਹੁਣ ਹਰ ਸੂਬੇ ਦੀ ਚੋਣ ਵਿੱਚ ਕੇਂਦਰ ਦੀ, ਆਉਣ ਵਾਲੀ ਭਵਿੱਖੀ ਰਾਜ-ਸੱਤਾ ਦੀ ਝਲਕ ਦੇਖਣ ਦਾ ਰੁਝਾਨ ਬਣ ਗਿਆ ਹੈ। ਇਸ ਵਿੱਚ ਮੀਡੀਆ ਵੀ ਆਪਣਾ ਕਾਫ਼ੀ ਸਮਾਂ ਖ਼ਰਚ ਕਰਦਾ ਹੈ। ਕਈ-ਕਈ ਮਹੀਨੇ ਪਹਿਲਾਂ ਬਹਿਸਾਂ ਸ਼ੁਰੂ ਹੋ ਜਾਂਦੀਆਂ ਹਨ, ਫਿਰ ਅਗਾਊਂ ਪੋਲ ਸਰਵੇਖਣ ਅਤੇ ਚਰਚਾ, ਚੋਣਾਂ ਹਾਰਨ-ਜਿੱਤਣ ਮਗਰੋਂ ਉਨ੍ਹਾਂ ਬਾਰੇ ਵਿਚਾਰ-ਵਟਾਂਦਰਾ।

ਦੇਸ਼ ਦੀ ਇਸ ਚੋਣ ਪ੍ਰਕਿਰਿਆ ਵਿੱਚ ਨਵੀਂਆਂ-ਨਵੀਂਆਂ ਪਾਰਟੀਆਂ ਬਣਦੀਆਂ-ਟੁੱਟਦੀਆਂ ਅਤੇ ਆਪਸ ਵਿੱਚ ਰਲਦੀਆਂ ਰਹੀਆਂ ਹਨ। ਹਰ ਨਵੀਂ ਪਾਰਟੀ, ਜਾਂ ਸੱਤਾ ਤੋਂ ਬਾਹਰ ਬੈਠੀ ਪਾਰਟੀ ਹਰ ਚੋਣ ਦੀ ਤਿਆਰੀ ਲਈ ਨਵੇਂ ਤੋਂ ਨਵੇਂ ਮੁੱਦਿਆਂ ਅਤੇ ਵਾਅਦਿਆਂ ਨਾਲ ਮੈਦਾਨ ਵਿੱਚ ਉੱਤਰਦੀ ਰਹੀ ਹੈ। ਜਿੱਥੇ ਉਹ ਆਪਣੇ ਲੁਭਾਵਣੇ ਵਾਅਦੇ ਕਰਦੀਆਂ ਹਨ, ਉੱਥੇ ਸੱਤਾ ਧਿਰ ਦੀਆਂ ਨਾਕਾਮੀਆਂ ਨੂੰ ਵੀ ਇੱਕ ਵੱਡਾ ਮੁੱਦਾ ਬਣਾਉਂਦੀਆਂ ਰਹਿੰਦੀਆਂ ਹਨ। ਨਿਸ਼ਚਿਤ ਹੀ ਇਹੀ ਢੰਗ ਹੈ ਕਿ ਅਸੀਂ ਉਹ ਕਰਾਂਗੇ, ਜੋ ਤੁਸੀਂ ਚਾਹੁੰਦੇ ਹੋ ਤੇ ਸੱਤਾਧਾਰੀ ਪਾਰਟੀ ਨੇ ਆਪਣੇ ਸਮੇਂ ਦੌਰਾਨ ਕੁਝ ਵੀ ਨਹੀਂ ਕੀਤਾ। ਇੱਕ ਪਾਸੇ ਸਬਜ਼ ਬਾਗ਼ ਤੇ ਦੂਜੇ ਪਾਸੇ ਦੂਸਰੇ ਦੇ ਕੰਮਾਂ ’ਤੇ ਨਿਰੀ ਮਿੱਟੀ।

ਮੁੱਦਿਆਂ ਬਾਰੇ ਚਰਚਾ ਹੋਣੀ ਕੋਈ ਮਾੜੀ ਗੱਲ ਨਹੀਂ ਹੈ, ਪਰ ਸਵਾਲ ਉਦੋਂ ਚਿੰਤਾ ਦਾ ਵਿਸ਼ਾ ਬਣਦਾ ਹੈ, ਜਦੋਂ ਚੋਣ ਮੁਹਿੰਮ ਵਿੱਚ ਮੁੱਦਿਆਂ ਦੀ ਗੱਲ ਘੱਟ ਹੁੰਦੀ ਹੈ ਜਾਂ ਬਿਲਕੁਲ ਹੀ ਨਹੀਂ ਹੁੰਦੀ। ਇਹ ਨਿੱਜੀ ਜ਼ਿੰਦਗੀ ਨਾਲ ਜਾ ਜੁੜਦੀ ਹੈ। ਪਤਾ ਨਹੀਂ ਕਿਸ ਸਮੇਂ ਦੀਆਂ ਨਿੱਜੀ ਗੱਲਾਂ ਨੂੰ ਲੱਭ ਕੇ ਉਨ੍ਹਾਂ ਨੂੰ ਮੁੱਦਾ ਬਣਾਇਆ ਜਾਂਦਾ ਹੈ। ਅਜੋਕੇ ਸੰਦਰਭ ਵਿੱਚ ਇਹ ਰੁਝਾਨ ਖ਼ਤਰਨਾਕ ਹੱਦ ’ਤੇ ਪਹੁੰਚ ਰਿਹਾ ਹੈ, ਜਦੋਂ ਕਿ ਕਿਸੇ ਦੀ ਜ਼ਿੰਦਗੀ ਨਾਲ ਸੰਬੰਧਤ ਕੋਈ ਗੱਲ ਹੁੰਦੀ ਵੀ ਨਹੀਂ ਤੇ ਫਿਰ ਵੀ ਉਹ ਉਭਾਰੀ ਜਾ ਰਹੀ ਹੁੰਦੀ ਹੈ। ਕਹਿਣ ਦਾ ਮਤਲਬ ਅੱਜ ਕਥਨਾਂ-ਘਟਨਾਵਾਂ ਬਾਰੇ ਗੱਲਾਂ ਘੜੀਆਂ ਜਾ ਰਹੀਆਂ ਹਨ, ਤੱਥਾਂ ਨੂੰ ਤੋੜਿਆ-ਮਰੋੜਿਆ ਜਾ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਇਹ ਸਭ ਕੁਝ ਸਮਾਰਟ ਫੋਨ ਅਤੇ ਨਵੇਂ ਇੰਟਰਨੈੱਟ/ਇਲੈਕਟਰਾਨਿਕ ਸਮੇਂ ਵਿੱਚ ਫੋਟੋਸ਼ਾਪ ਰਾਹੀਂ ਬਹੁਤ ਸਾਰਾ ਫੇਰ-ਬਦਲ ਕਰ ਕੇ ਬਹੁਤ ਸੌਖਿਆਂ ਸੰਭਵ ਹੋ ਗਿਆ ਹੈ।

ਇਸ ਚੋਣ ਪ੍ਰਕਿਰਿਆ ਦੇ ਸਮੇਂ ਵਿੱਚ ਚੋਣਾਂ ਨੂੰ ‘ਜੰਗ ਵਿੱਚ ਕੁੱਦਣਾ’, ‘ਦੰਗਲ’, ‘ਚੋਣਾਂ ਦਾ ਬਿਗੁਲ’ ਆਦਿ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਜਾਣ ਲੱਗਿਆ ਹੈ। ਪਤਾ ਨਹੀਂ ਇਹ ਮੀਡੀਆ ਦੀ ਕਾਢ ਹੈ ਜਾਂ ਉਨ੍ਹਾਂ ਨੇ ਚੋਣਾਂ ਵਿੱਚ ਚੱਲ ਰਹੇ ਢੰਗ-ਤਰੀਕੇ ਦੇ ਮੱਦੇ-ਨਜ਼ਰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣੀ ਸ਼ੁਰੂ ਕੀਤੀ ਹੈ। ਅੱਜ ਇਹ ਭਾਵ ਪੂਰੀ ਤਰ੍ਹਾਂ ਸਾਡੀ ਚੋਣ ਪ੍ਰਕਿਰਿਆ ਜਾਂ ਰਾਜਨੀਤਕ ਪਾਰਟੀਆਂ ਦੇ ਵਰਤਾਉ ’ਤੇ ਸਹੀ ਢੁੱਕਦਾ ਹੈ। ਜਿਸ ਤਰ੍ਹਾਂ ਇੱਕ ਅਖਾਣ ਹੈ ਕਿ ਪਿਆਰ ਅਤੇ ਜੰਗ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ, ਜੋ ਪਤਾ ਨਹੀਂ ਕਿਵੇਂ ਹੋਂਦ ਵਿੱਚ ਆਇਆ ਤੇ ਇਹ ਕਿੰਨਾ ਕੁ ਦਰੁਸਤ ਹੈ, ਪਰ ਇਸੇ ਭਾਵ ਨੂੰ ਚੋਣਾਂ ਵਿੱਚ ਇਸਤੇਮਾਲ ਕਰਨ ਦੇ ਤਰੀਕੇ ਹੁਣ ਬਿਲਕੁੱਲ ਸਾਫ਼-ਸਪਸ਼ਟ ਦਿਸਦੇ ਹਨ। ਪੈਸੇ, ਸ਼ਰਾਬ, ਤੋਹਫ਼ੇ, ਲਾਲਚ ਤੋਂ ਇਲਾਵਾ ਸੰਵਿਧਾਨ ਦੀ ਭਾਵਨਾ ਤੋਂ ਉਲਟ ਜਾਤ-ਧਰਮ ਦੀ ਖੇਡ ਸਾਰੇ ਰਾਜਨੀਤਕ ਦਲ ਬੜੇ ਸਹਿਜੇ ਤਰੀਕੇ ਨਾਲ ਖੇਡਦੇ ਹਨ, ਜਿਸ ਨੇ ਲੋਕਤੰਤਰੀ ਰਿਵਾਇਤਾਂ ਨੂੰ ਤਾਰ-ਤਾਰ ਕੀਤਾ ਹੈ ਤੇ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਪਹਿਲਾਂ ਇਹ ਕੰਮ ਛੋਟੀਆਂ ਬੈਠਕਾਂ ਵਿੱਚ, ਪਿੰਡ-ਸ਼ਹਿਰ ਪੱਧਰ ’ਤੇ ਜਾਤ-ਬਰਾਦਰੀ ਦੇ ਪ੍ਰਭਾਵਸ਼ਾਲੀ ਵਿਅਕਤੀ ਨੂੰ ਨਾਲ ਲੈ ਕੇ ਕੀਤਾ ਜਾਂਦਾ ਸੀ, ਪਰ ਅੱਜ ਇਸ ਦੇ ਲਈ ਮਨੋਵਿਗਿਆਨ ਅਤੇ ਸਮਾਜਿਕ ਰਿਸ਼ਤਿਆਂ ਦੇ ਮਾਹਿਰਾਂ ਨੂੰ ਕਿਰਾਏ ’ਤੇ ਰੱਖ ਕੇ ਵਿਉਂਤ ਬਣਾਈ ਜਾਂਦੀ ਹੈ ਤੇ ਸੋਸ਼ਲ ਮੀਡੀਆ ਰਾਹੀਂ ਵਟਸਐਪ ਜਾਂ ਫੇਸਬੁੱਕ ਤੋਂ ਅੱਗੇ ਆਪਣੇ ਨਿੱਜੀ ਪਾਰਟੀ ਐਪ, ਟਵਿੱਟਰ ਰਾਹੀਂ ਲੋਕਾਂ ਨੂੰ ਸਿੱਧੇ ਤੌਰ ’ਤੇ ਝੂਠੀਆਂ ਖ਼ਬਰਾਂ, ਆਪਣੀਆਂ ਪ੍ਰਾਪਤੀਆਂ ਨਾਲ ਉਕਸਾਇਆ-ਭੜਕਾਇਆ ਜਾਂਦਾ ਹੈ।

ਮਨੋ-ਵਿਗਿਆਨਕ ਤੌਰ ’ਤੇ ਲੋਕਾਂ ਦੇ ਮਨਾਂ ਨੂੰ ਵਰਗਲਾਉਣ ਲਈ ਤੇ ਉਨ੍ਹਾਂ ਨੂੰ ਪੱਕੇ ਤੌਰ ’ਤੇ ਝੂਠ ’ਤੇ ਯਕੀਨ ਕਰਨ ਲਈ ਲੰਮੇ ਸਮੇਂ ਦੀ ਲੋੜ ਹੁੰਦੀ ਹੈ ਤੇ ਇਸ ਕਾਰਜ ਲਈ ਪਾਰਟੀਆਂ ਨੇ ਵੱਖਰੇ ਵਿਭਾਗ ਸਥਾਪਤ ਕੀਤੇ ਹੋਏ ਹਨ, ਜੋ ਸਵੇਰੇ ਆ ਕੇ ਰੋਜ਼ ਹੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਵਿੱਚ ਅਜਿਹਾ ਭਰਮਾਊ ਪ੍ਰਚਾਰ ਕਰਦੇ ਹਨ।

ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਆਮ ਤੌਰ ’ਤੇ ਉਸ ਸੂਬੇ ਤੱਕ ਹੀ ਸੀਮਤ ਰਹਿੰਦਾ ਸੀ। ਉਸ ਸੂਬੇ ਦੇ ਲੀਡਰ ਹੀ ਪ੍ਰਚਾਰ ਕਰਦੇ ਸਨ। ਸਾਡੇ ਦੇਸ਼ ਦੇ ਅਨੇਕ ਸੂਬਿਆਂ ਵਿੱਚ ਖੇਤਰੀ ਪਾਰਟੀਆਂ ਕਾਫ਼ੀ ਭਾਰੂ ਹਨ, ਜਿਵੇਂ ਅਕਾਲੀ ਦਲ, ਸਮਾਜਵਾਦੀ ਪਾਰਟੀ, ਬਸਪਾ, ਤ੍ਰਿਣਮੂਲ ਕਾਂਗਰਸ, ਡੀ ਐੱਮ ਕੇ ਆਦਿ। ਰਾਸ਼ਟਰੀ ਪਾਰਟੀਆਂ ਵੀ ਮੈਦਾਨ ਵਿੱਚ ਹੁੰਦੀਆਂ ਹਨ, ਪਰ ਚੋਣ ਪ੍ਰਚਾਰ ਵਿੱਚ ਰਾਸ਼ਟਰੀ ਪੱਧਰ ਦਾ ਨੇਤਾ, ਤੇ ਉਹ ਵੀ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ, ਕੋਈ ਇੱਕ-ਅੱਧੀ ਰੈਲੀ ਕਰ ਆਉਂਦਾ ਸੀ ਜਾਂ ਬੁਲਾਇਆ ਜਾਂਦਾ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਹੋਈਆਂ ਸੂਬਾ ਪੱਧਰੀ ਚੋਣਾਂ ਵਿੱਚ ਦੇਸ਼ ਦੇ ਰਾਸ਼ਟਰੀ ਪੱਧਰ ਦੇ ਨੇਤਾ ਅਤੇ ਹੋਰ ਵੀ ਸੀਨੀਅਰ ਆਗੂ, ਆਪਣਾ ਕੰਮ-ਕਾਜ ਛੱਡ ਕੇ ਉਸ ਸੂਬੇ ਵਿੱਚ ਡੇਰਾ ਜਮਾ ਲੈਂਦੇ ਹਨ। ਅਸੀਂ ਬਿਹਾਰ, ਯੂ ਪੀ, ਮਹਾਰਾਸ਼ਟਰ, ਗੁਜਰਾਤ ਤੇ ਹੁਣ ਕਰਨਾਟਕ ਵਿੱਚ ਇਹੋ ਕੁਝ ਦੇਖਿਆ ਹੈ। ਹਰ ਚੋਣ ਨੂੰ ਆਉਣ ਵਾਲੇ ਸੰਸਦੀ ਇਲੈਕਸ਼ਨ ਨਾਲ ਜੋੜ ਦਿੱਤਾ ਜਾਂਦਾ ਹੈ।

ਮੌਜੂਦਾ ਸਮੇਂ ਦੌਰਾਨ ਕਰਨਾਟਕ ਦੀ ਚੋਣ ਵਿੱਚ ਪ੍ਰਧਾਨ ਮੰਤਰੀ, ਕਈ ਰਾਜਾਂ ਦੇ ਮੁੱਖ ਮੰਤਰੀ ਆਪਣੇ ਰਾਜ ਅਤੇ ਦੇਸ਼ ਦੇ ਗੰਭੀਰ ਮੁੱਦਿਆਂ ਨੂੰ ਪਿੱਛੇ ਛੱਡ ਕੇ ਸਿਰਫ਼ ਚੋਣਾਂ ਜਿੱਤਣ ’ਤੇ ਜ਼ੋਰ ਲਗਾਉਂਦੇ ਨਜ਼ਰ ਆਏ। ਸੰਸਦੀ ਚੋਣਾਂ ਨੂੰ ਅਜੇ ਇੱਕ ਸਾਲ ਪਿਆ ਹੈ ਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਵਿੱਚ ‘ਮਿਸ਼ਨ 2019’ ਨਾਂਅ ਦੇ ਪ੍ਰੋਗਰਾਮ ਸ਼ੁਰੂ ਹੋ ਗਏ ਹਨ, ਜਿੱਥੇ ਹਰ ਰੋਜ਼ ਵਿਚਾਰ-ਚਰਚਾਵਾਂ ਹੁੰਦੀਆਂ ਹਨ। ਕੀ ਲੱਗਦਾ ਹੈ ਕਿ ਦੇਸ਼ ਵਿੱਚ ਹੋਰ ਵੀ ਕੋਈ ਮੁੱਦਾ ਹੈ? ਸੈਂਕੜੇ ਚੈਨਲਾਂ ’ਤੇ ਵੱਡੀ ਗਿਣਤੀ ਵਿੱਚ ਪਾਰਟੀਆਂ ਦੇ ਬੁਲਾਰੇ ਬੇਮਤਲਬ ਦੀ ਬਹਿਸ ਵਾਸਤੇ ਪੂਰੀ ਤਿਆਰੀ ਨਾਲ ਭੇਜੇ ਜਾਂਦੇ ਹਨ। ਕੀ ਕਦੇ ਕਿਸੇ ਪਾਰਟੀ ਨੇ, ਕਿਸੇ ਵੀ ਚੈਨਲ ਨੇ ਇਨ੍ਹਾਂ ਬੁਲਾਰਿਆਂ ਨੂੰ ਦੇਸ਼ ਦੀਆਂ ਗੰਭੀਰ ਸਮੱਸਿਆਵਾਂ, ਜਿਵੇਂ ਪੜ੍ਹਾਈ, ਸਿਹਤ, ਨੌਜਵਾਨਾਂ ਪ੍ਰਤੀ ਚਿੰਤਾ, ਰੋਜ਼ਗਾਰ, ਮਹਿੰਗਾਈ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਆਦਿ ਬਾਰੇ ਕੋਈ ਗੰਭੀਰ ਅਤੇ ਠੋਸ ਚਰਚਾ ਕਰਨ ਲਈ ਬੁਲਾਇਆ ਹੈ ਜਾਂ ਪਾਰਟੀਆਂ ਨੇ ਤਿਆਰ ਕੀਤਾ ਹੈ? ਮੈਨੀਫੈਸਟੋ ਵਿੱਚ ਭਾਵੇਂ ਸੈਂਕੜੇ ਗੱਲਾਂ ਕੀਤੀਆਂ ਜਾਂਦੀਆਂ ਹੋਣ, ਪਰ ਲੋਕ ਰੈਲੀਆਂ ਵਿੱਚ ਜਾਂ ਟੀ ਵੀ ’ਤੇ ਨੇਤਾਵਾਂ ਦੇ ਭਾਸ਼ਣਾਂ ਦੇ ਜੋ ਹਿੱਸੇ ਸੁਣਦੇ ਹਨ ਤੇ ਬਹਿਸ ਦੇਖਦੇ ਹਨ, ਉਨ੍ਹਾਂ ਵਿੱਚ ਕੋਈ ਵੀ ਲੋਕ ਮੁੱਦਾ ਹੁੰਦਾ ਹੈ?

ਦੇਸ਼ ਵਿੱਚ ਸਥਾਪਤ ਹੋਏ ਲੋਕਤੰਤਰ ਨੂੰ ਸੱਤ ਦਹਾਕੇ ਹੋ ਗਏ ਹਨ, ਜੋ ਥੋੜ੍ਹਾ ਸਮਾਂ ਨਹੀਂ ਹੈ। ਅਸੀਂ ਖ਼ੁਦ ਇਸ ਨੂੰ ਮਜ਼ਬੂਤ ਅਤੇ ਦੁਨੀਆ ਦਾ ਸਭ ਤੋਂ ਵੱਡਾ ਤੇ ਕਾਮਯਾਬੀ ਨਾਲ ਚੱਲ ਰਿਹਾ ਲੋਕਤੰਤਰ ਕਹਿੰਦੇ ਅਤੇ ਪ੍ਰਚਾਰਦੇ ਹਾਂ। ਇੱਕ ਗੱਲ ਹੋਰ ਤਵੱਜੋ ਦੀ ਮੰਗ ਕਰਦੀ ਹੈ ਕਿ ਲੋਕਤੰਤਰ ਸਮੇਂ ਦੇ ਨਾਲ ਸਿਆਣਾ ਹੋਣਾ ਚਾਹੀਦਾ ਸੀ, ਪਰ ਨਹੀਂ ਹੋਇਆ, ਸਗੋਂ ਜਜ਼ਬਾਤ ਦੇ ਸਹਾਰੇ ਹੀ ਅੱਗੇ ਵਧ ਰਿਹਾ ਹੈ ਜਾਂ ਸਹੀ ਅਰਥਾਂ ਵਿੱਚ ਨਿਘਾਰ ਵੱਲ ਜਾ ਰਿਹਾ ਹੈ।

*****

(1153)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author