“ਸਵਾਲ ਤਾਂ ਪੁੱਛਣੇ ਪੈਣੇ ਨੇ, ਇਸ ਤੋਂ ਇਲਾਵਾ, ਹੋਰ ਕੋਈ ਚਾਰਾ ਨਹੀਂ। ਅੱਜ ਤੁਸੀਂ ਜੇ ਨਹੀਂ ਪੁੱਛੋਗੇ! ਕੱਲ੍ਹ ਨੂੰ ...”
(24 ਅਪਰੈਲ 2025)
1.
ਪਿਆਰ ਏਨਾ ਤਾਕਤਵਰ ਵੀ ਹੋ ਸਕਦਾ
ਇਹ ਉਦੋਂ ਪਤਾ ਚੱਲਿਆ
ਜਦੋਂ ਮੈਂ ਖੁਦ ਤੇਰੀਆਂ ਬਾਹਾਂ ਵਿੱਚ
ਮਹਿਸੂਸ ਕੀਤਾ
ਮੈਨੂੰ ਪਿਆਰ ਹੀ ਹੋ ਗਿਆ।
ਪਿਆਰ ਏਨਾ ਤਾਕਤਵਰ ਹੋ ਸਕਦਾ ਹੈ
ਮੈਨੂੰ ਉਦੋਂ ਪਤਾ ਚੱਲਿਆ
ਜਦੋਂ ਮੈਂ ਆਪਣੀਆਂ ਅੱਖਾਂ ਵਿੱਚ ਦੇਖੇ ਹੰਝੂ ਤੇ
ਤੇਰੀਆਂ ਅੱਖਾਂ ਵਿੱਚ ਖੁਦ ਨੂੰ ਪਿਘਲਦੇ ਦੇਖਿਆ।
ਪਿਆਰ ਦੀ ਤਾਕਤ ਉਦੋਂ ਸਮਝਿਆ
ਜਦੋਂ ਮੈਂ ਕਤਰਾ-ਕਤਰਾ
ਆਪਣੀਆਂ ਰਗਾਂ ਵਿੱਚ ਘੁੰਮਿਆ ਤੇ
ਦੋਹਾਂ ਦੀ ਖੁਸ਼ਬੂ ਦਾ ਅਹਿਸਾਸ ਹੋ ਗਿਆ
***
2.
ਉਸ ਨੇ ਪੁੱਛਿਆ,
ਤੂੰ ਮੈਨੂੰ ਕਿੰਨਾ ਪਿਆਰ ਕਰਣੈ?
ਉਸ ਨੂੰ ਸੋਚੀਂ ਪਿਆ ਦੇਖ,
ਉਸ ਫਿਰ ਕਿਹਾ-
ਕਿਹੜੀਆਂ ਗਿਣਤੀਆਂ-ਮਿਣਤੀਆਂ ਵਿੱਚ ਪੈ ਗਿਆ,
ਛੱਡ ਹਿਸਾਬ ਕਿਤਾਬ,
ਚੱਲ ਏਨਾ ਦੱਸ,
ਹਾਂ ਜਾਂ ਨਾ।
ਹੁਣ ਉਹ ਬੋਲਿਆ,
ਇਹ ਸਵਾਲ-
ਫਿਰ ਵੀ ਠੀਕ ਹੈ।
ਪਰ ਮੈਂ ਤਾਂ ਹੋਰ ਸੋਚ ਰਿਹਾ ਸੀ,
ਕੀ ਜਵਾਬ ਦੇਣਾ ਜ਼ਰੂਰੀ ਹੈ।
***
3.
ਤੂੰ ਕਦੇ ਬੀਜ ਨੂੰ ਪੁੰਗਰਦੇ ਤੇ ਫਿਰ,
ਛਾਂਦਾਰ ਦਰਖ਼ਤ ਬਣਦੇ ਦੇਖਿਆ?
ਤੂੰ ਕਦੇ ਛਾਂਦਾਰ ਦਰਖ਼ਤ ਸਾਹਮਣੇ ਖੜ੍ਹ ਕੇ,
ਉਸ ਦੇ ਬੀਜ ਰੂਪ ਬਾਰੇ ਸੋਚਿਆ ਹੈ?
ਸੋਚ!
ਤੈਨੂੰ ਤੇਰੇ ਜੀਵਨ ਬੀਜ ਦੀ,
ਤਾਕਤ ਦਾ ਅੰਦਾਜ਼ਾ ਹੋਵੇਗਾ।
ਤੇਰੀ ਜ਼ਿੰਦਗੀ ਦੇ ਬੂਟੇ ਨੂੰ,
ਦਰਖਤ ਬਣਨ ਦਾ ਬਲ ਮਿਲੇਗਾ।
***
4.
ਮੈਂ ਘਾਹ ਹਾਂ।
ਉਗਾਊ ਹਾਂ।
ਪੈਰਾਂ ਹੇਠ ਲਿਤਾੜੋ
ਪਾਣੀ ਦਿਓ ਜਾਂ ਨਾ ਦਿਓ
ਗਰਮੀ ਜਾਂ ਸਰਦੀ।
ਸੁੱਕ ਜਾਵਾਂਗਾ
ਸੁੱਕੜ ਜਾਵਾਂਗਾ
ਪੀਲ਼ਾ ਪੈ ਜਾਵਾਂਗਾ
ਜਦੋਂ ਵੀ ਮੋਸਮ ਹੋਵੇਗਾ ਹੱਕ ਵਿੱਚ
ਫਿਰ ਤੋਂ ਉੱਗ ਪਵਾਂਗਾ।
ਇਹ ਨਾ ਸੋਚਣਾ ਕਿ
ਮਰ ਜਾਵਾਂਗਾ
ਖਾਹ ਮਖਾਹ ਹਾਂ
ਮੈਂ ਘਾਹ ਹਾਂ।
***
5.
ਪੱਤਿਆਂ ਤਕ ਹੀ
ਪਹੁੰਚਾ ਸਕਦੀ ਹੈ ਖ਼ਬਰ,
ਖੁਸ਼ਕ ਹੋ ਰਹੇ ਮੌਸਮ ਦੀ।
ਇਹ ਤਾਂ ਹੁਣ
ਪੱਤਿਆਂ ਦਾ ਫ਼ਰਜ਼ ਹੈ,
ਜੜ੍ਹਾਂ ਨੂੰ ਸੁਨੇਹਾ ਲਾਉਣ।
ਬੁਨਿਆਦ ਤੋਂ ਬਿਨਾਂ
ਕਿਵੇਂ ਬਣਿਆ ਰਹਿ ਸਕਦਾ ਹੈ ਕੋਈ।
***
6.
ਹਵਾ ਤਾਂ ਪੱਤਿਆਂ ਨੂੰ ਹੀ ਸੁਣਾ ਸਕਦੀ ਹੈ,
ਖੁਸ਼ਕ ਹੋ ਰਹੀ ਹੈ ਫਿਜ਼ਾ ਦੀ ਖ਼ਬਰ
ਇਹ ਤਾਂ ਹੁਣ
ਉਨ੍ਹਾਂ ਦਾ ਫ਼ਰਜ਼ ਹੈ
ਜੜ੍ਹਾਂ ਨੂੰ ਸੁਨੇਹਾ ਲਾਉਣ
ਬੁਨਿਆਦ ਤੋਂ ਬਿਨਾਂ
ਕਦੋਂ ਹੁੰਦਾ ਹੈ ਵਜੂਦ।
***
7.
ਹਵਾ ਤੇਜ਼ ਸੀ
ਹਨੇਰੀ ਬਣ ਕੇ ਆਈ।
ਝੰਜੋੜਦੀ ਰਹੀ
ਝੁਕਾਉਂਦੀ ਵੀ ਰਹੀ
ਮੁਸਕਰਾਉਂਦੀ ਰਹੀ
ਠਹਾਕੇ ਲਗਾਉਂਦੀ
ਆਪਣੀ ਬੇ-ਤਰਸ ਤਾਕਤ ਨਾਲ।
ਪੇੜਾਂ ਨੂੰ ਪਤਾ ਸੀ
ਬਹੁਤ ਦੇਰ ਨਹੀਂ ਚੱਲਣ ਵਾਲਾ
ਇਸਦਾ ਜ਼ੋਰ, ਇਸਦਾ ਜ਼ੋਰ
ਇਹ ਨਹੀਂ ਸੀ
ਹਵਾ ਦਾ ਦਮ-ਕੰਮ ਜਾਇਆ ਗਿਆ
ਕੁਝ ਦਰੱਖਤ ਡਿੱਗੇ, ਟੁੱਟੇ ਵੀ ਕੁਝ
ਇਸ ਉਮੀਦ ਨਾਲ ਕਿ
ਫਿਰ ਆਬਾਦ ਹੋਵਾਂਗੇ।
ਇਸ ਤੁਫ਼ਾਨ ਵਿੱਚ
ਉੱਖੜੇ ਵੀ ਕਈ
ਪਰ ਇਸ ਵਾਰਦਾਤ ਵਿੱਚ
ਕਮੀ
ਹਵਾ ਦੇ ਜ਼ੋਰ ਤੋ ਵੱਧ
ਉਸ ਦੀਆਂ ਜੜ੍ਹਾਂ ਦੀ ਵੀ ਸੀ।
***
8.
ਮਰਜਾਣੀਏ
ਇਹ ਸੀ ਮੇਰਾ ਨਾਂ,
ਜਿਸ ਨਾਲ ਮੇਰੀ ਮਾਂ,
ਮੈਨੂੰ ਬੁਲਾਉਂਦੀ ਸੀ।
ਪਰ ਦਿਲ ਵਿੱਚ ਨਹੀਂ ਸੀ, ਅਜਿਹਾ ਕੁਝ
ਬਹੁਤ ਪਿਆਰ ਕਰਦੀ ਸੀ,
ਮੇਰੀ ਹਰ ਪੀੜ,
ਹੁੰਦੀ ਸੀ ਪਹਿਲਾਂ ਉਸ ਦੀ।
ਮੈਂ ਵੀ ਕਹਿੰਦੀ ਹਾਂ,
ਅੱਜ ਕੱਲ ਆਪਣੀ ਧੀ ਨੂੰ,
ਮਰ ਜਾ ਤੂੰ, ਮਰਦੀ ਕਿਉਂ ਨਹੀਂ?
ਮੈਂ ਖਿਝ ਕੇ ਕਹਿੰਦੀ ਹਾਂ,
ਗੁੱਸੇ ਵਿੱਚ ਕਹਿੰਦੀ ਹਾਂ,
ਕਦੇ ਕਦੇ ਮਨ ਵਿੱਚ ਦੁਆ ਵੀ ਕਰਦੀ ਹਾਂ,
ਮਰ ਹੀ ਜਾਵੇ ਤਾਂ ਚੰਗਾ ਹੈ।
ਮੇਰੇ ਕੋਲ-
ਮੇਰੀ ਮਾਂ ਜਿੱਡਾ ਜਿਗਰਾ ਨਹੀਂ ਹੈ,
ਇਸ ਹਨੇਰੇ ਅੱਗੇ ਖੜ੍ਹਨ ਦਾ।
***
9.
ਚੁੰਨੀ ਲਾਹ ਕੇ
ਪਰਚਮ ਬਣਾਇਆ।
ਦੋਸਤ ਕਹਿਣ ਲੱਗੇ
ਹੋ ਗਈ ਹਲਕੀ
ਲੱਥ ਗਿਆ ਬੋਝ।
ਉਸ ਕਿਹਾ-
ਗੱਲ ਹਲਕੇ-ਭਾਰੇ ਹੋਣ ਦੀ ਨਹੀਂ
ਸਵਾਲ ਹੈ-
ਜ਼ਿੰਦਗੀ ਦੇ-
ਕੰਡਿਆਲੇ ਰਾਹਾਂ ਨੂੰ
ਪੱਧਰਾਂ ਕਰਨ ਦਾ।
ਜੇ ਝੰਡਾ ਚੁੱਕਿਆ ਹੀ ਹੁੰਦਾ ਹੈ
ਜੇ ਹਿੱਕ ਤਾਣੀ ਹੀ ਹੁੰਦੀ ਹੈ
ਪਰਚਮ ਲਹਿਰਾਉਂਦੇ ਹੀ
ਮਿਲਦਾ ਹੈ ਹੌਸਲਾ
ਤੇ ਬਣਦਾ ਹੈ ਰਾਹ।
***
10.
ਜਿਸ ਤੌਹੀਨ ਨੂੰ
ਪਤਨੀ ਭੋਗਦੀ ਹੈ,
ਤੁਹਾਡੇ ਅੰਦਰ ਬੈਠੇ ਮਰਦ ਕਾਰਣ।
ਉਸ ਵੇਲੇ ਉਹ ਔਰਤ,
ਪਤਨੀ ਦੇ ਨਾਲ ਨਾਲ,
ਧੀ-ਭੈਣ ਵੀ ਹੁੰਦੀ ਹੈ, ਮਾਂ ਵੀ।
ਜਿਸ ਦੀ ਬੇਅਦਬੀ ਨੂੰ ਲੈ ਕੇ
ਖੂਨ ਖੌਲਣ ਲੱਗਦਾ ਹੈ ਤੁਹਾਡਾ,
ਪਤਾ ਹੈ ਤੁਹਾਨੂੰ।
ਮਾਂ, ਧੀ, ਭੈਣ ਤੇ ਭਾਵੇਂ ਪ੍ਰੇਮਿਕਾ
ਸਭ ਵਿੱਚ ਇੱਕ ਤੰਦ ਸਾਂਝੀ ਹੈ,
ਉਹ ਹੈ ਉਸ ਦਾ ਔਰਤ ਹੋਣਾ।
ਪਤਾ ਹੈ ਤੁਹਾਨੂੰ।
***
11.
ਬਿਮਾਰੀ ਨਾਲ ਕਮਜ਼ੋਰ ਹੋਈ ਮਾਂ ਨੇ ਕਿਹਾ,
ਪੁੱਤ, ਮੈਨੂੰ ਕੋਈ ਤਾਕਤ ਦੀ ਦਵਾ ਹੀ ਲਿਆ ਦੇ
ਪੁੱਤ ਬੋਲਿਆ,
ਕੀ ਕਰਨੀ ਹੈ ਮਾਂ ਤਾਕਤ
ਤੂੰ ਕਿਸੇ ਨਾਲ ਲੜਨਾ ਹੈ?
ਮਾਂ ਸਹਿਜੇ ਹੀ ਬੋਲੀ
ਪੁੱਤ ਲੜਨ ਲਈ ਨਹੀਂ
ਬਚਾਅ ਲਈ ਵੀ ਹੁੰਦੀ ਹੈ
ਲੋੜ ਤਾਕਤ ਦੀ।
***
12.
ਬੜਾ ਹੈ ਔਖਾ
ਰਾਹ ਬਾਬੇ ਨਾਨਕ ਦਾ
ਖਹਿੜਾ ਛੱਡ, ਪਾਸਾ ਵੱਟ
ਸੱਚੇ ਸੌਦੇ ਵਾਲੇ ਰਾਹ ਤੁਰ
ਦੱਸੋ ਹੁਣ ਹੈ ਸਰਦਾ
ਬਾਬਾ ਤਾਂ ਖੁਦ ਆਪਣੇ ਘਰ ਦੀ
ਭੋਰਾ ਫ਼ਿਕਰ ਨੀ ਕਰਦਾ
ਆਪਾਂ ਦੱਸ ਹੈ ਕਾਹਤੋਂ ਪਾਉਣਾ
ਗੱਲ ਵਿੱਚ ਆਪਣੇ ਝੰਜਟ
ਖਹਿੜਾ ਛੱਡ, ਪਾਸਾ ਵੱਟ
ਬਾਬੇ ਨੂੰ ਤਾਂ ਐਵੇਂ ਹੈ ਬੱਸ
ਪੰਗਾ ਲੈਣ ਦੀ ਆਦਤ
ਓਨੂੰ ਤਾਂ ਕੋਈ ਪ੍ਰਵਾਹ ਹੈ ਨਹੀਂ
ਕਿੰਨੀ ਬਾਬਰ ਦੀ ਤਾਕਤ
ਐਵੇਂ ਹੀ ਲੋਕਾਂ ਦੀ ਖਾਤਰ
ਉੱਠ ਖੜ੍ਹਦਾ ਹੈ ਝਟਪਟ
ਖਹਿੜਾ ਛੱਡ, ਪਾਸਾ ਵੱਟ।
***
13.
ਪਹਾੜ ਦੇ ਉਸ ਪਾਰ
ਝੀਲ ਸੀ, ਪਾਣੀ ਸੀ।
ਚਾਹੁਣ ਵਾਲੇ ਲੱਭ ਹੀ ਲੈਂਦੇ
ਪਿਆਸ ਦੇ ਮਾਰੇ
ਪਹੁੰਚ ਹੀ ਜਾਂਦੇ।
ਦੂਰ ਸੀ ਨੇੜੇ ਸੀ
ਰਾਹ ਔਖਾ ਸੀ ਸੌਖਾ ਸੀ
ਜੋ ਵੀ ਸੀ
ਪਰ ਇੱਕ ਗੱਲ ਪੱਕੀ ਹੈ
ਜ਼ਿੰਦਗੀ ਤੱਕ ਪਹੁੰਚਣ ਲਈ
ਉਸ ਦੀ ਤਲਾਸ਼ ਕਰਨੀ ਹੀ ਪੈਂਦੀ ਹੈ।
ਜ਼ਿੰਦਗੀ ਕੋਲ ਜਾਣਾ ਹੀ ਪੈਂਦਾ।
***
14.
ਹਨੇਰਾ ਨਜ਼ਰੀਂ ਆ ਰਿਹਾ ਸੀ ਦੂਰ ਤੱਕ,
ਦੂਰੋਂ ਹੀ ਕਿਤਿਓਂ
ਨਜ਼ਰ ਆ ਰਿਹਾ ਸੀ
ਚਾਨਣ ਵੀ।
ਨਿਰਾਸ਼ਾ ਜ਼ਰੂਰ
ਆਸ ਦੀ ਕਿਰਨ ਵੀ ਤਾਂ ਸੀ।
ਜ਼ਿੰਦਗੀ ਦਾ ਪਲੜਾ ਭਾਰੀ ਸੀ।
ਝੁਕਣਾ ਹੀ ਪੈਣਾ ਸੀ
ਤੁਰਨਾ ਹੀ ਪੈਣਾ ਸੀ।
***
15.
ਅੱਜ ਵੇਲਾ ਹੈ! ਕਰੋ ਸਵਾਲ,
ਪੁੱਛੋ ਹਕੂਮਤ ਨੂੰ,
ਘੇਰੋ ਉਸ ਨੂੰ।
ਸਵਾਲ ਤਾਂ ਪੁੱਛਣੇ ਪੈਣੇ ਨੇ,
ਇਸ ਤੋਂ ਇਲਾਵਾ,
ਹੋਰ ਕੋਈ ਚਾਰਾ ਨਹੀਂ।
ਅੱਜ ਤੁਸੀਂ ਜੇ ਨਹੀਂ ਪੁੱਛੋਗੇ!
ਕੱਲ੍ਹ ਨੂੰ ਤੁਹਾਡੇ ਤੋਂ ਪੁੱਛੇ ਜਾਣਗੇ।
ਕਿੱਥੇ ਸੀ?
ਚੁੱਪ ਕਿਉਂ ਸੀ?
ਕੱਲ੍ਹ ਨੂੰ ਤੁਹਾਨੂੰ ਘੇਰਿਆ ਜਾਵੇਗਾ।
ਸਵਾਲ ਤਾਂ ਪੁੱਛੇ ਜਾਣਗੇ,
ਜ਼ਰੂਰ ਪੁੱਛੇ ਜਾਣਗੇ।
ਇਸ ਤੋਂ ਸਿਵਾ,
ਕੋਈ ਵੀ ਚਾਰਾ ਨਹੀਂ।
ਸਵਾਲ ਹੀ ਕੱਲ੍ਹ ਉਸਾਰਦੇ ਨੇ,
ਸਵਾਲ ਹੀ ਕੱਲ੍ਹ ਨਿਖਾਰਦੇ ਨੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)