“ਲੋਕਾਂ ਨੂੰ ਸੁਚੇਤ ਹੋ ਕੇ, ਜਥੇਬੰਦਕ ਹੋ ਕੇ, ਆਪਣੇ ਮਸਲੇ ਹੱਲ ਕਰਵਾਉਣ ਲਈ ਸਰਗਰਮ ਹੋਣਾ ਪਵੇਗਾ ...”
(8 ਫਰਵਰੀ 2022)
ਨਸ਼ੇ, ਪੰਜਾਬ ਅਤੇ ਵਿਸ਼ੇਸ਼ ਕਰਕੇ ਨੌਜਵਾਨ, ਪੰਜਾਬ ਵਿੱਚ ਲੰਮੇ ਸਮੇਂ ਤੋਂ ਇਹ ਚਿੰਤਾਜਨਕ ਤਸਵੀਰ ਹੈ। ਇਨ੍ਹਾਂ ਤਿੰਨਾਂ ਦਾ ਰਿਸ਼ਤਾ ਗੂੜ੍ਹਾ ਤਾਂ ਹੈ ਹੀ, ਅਹਿਮ ਵੀ ਹੈ। ਇਸ ਮੁੱਦੇ ਨੇ ਦਸ ਸਾਲ ਤਕ ਚੱਲੀ ਅਤੇ ਪੱਚੀ ਸਾਲਾਂ ਤਕ ਜਾਰੀ ਰਹਿਣ ਦਾ ਦਾਅਵਾ ਕਰਦੀ ਅਕਾਲੀ ਸਰਕਾਰ ਨੂੰ ਹਾਰ ਦਾ ਮੂੰਹ ਦਿਖਾਇਆ। ਇਸ ਹਾਲਤ ਨੂੰ ਮੁੱਖ ਮੁੱਦਾ ਬਣਾ ਕੇ ਕਾਂਗਰਸ ਮੈਦਾਨ ਵਿੱਚ ਨਿੱਤਰੀ ਤੇ ਸੱਤਾ ਵਿੱਚ ਆਉਣ ’ਤੇ ਚਾਰ ਹਫਤਿਆਂ ਵਿੱਚ ਹੀ ਇਸਦਾ ਲੱਕ ਤੋੜਨ ਦੀ ਗੱਲ ਕੀਤੀ ਤੇ ਉਹ ਪੂਰੇ ਬਹੁਮਤ ਨਾਲ ਜਿੱਤੇ। ਉਸੇ ਦੌਰਾਨ ਹੀ ਆਮ ਆਦਮੀ ਪਾਰਟੀ ਨੇ ਵੀ ਵੱਧ ਚੜ੍ਹ ਕੇ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ ਅੰਦਰ ਸੁੱਟਣ ਦੀ ਗੱਲ ਕਹੀ ਤੇ ਵਿਰੋਧੀ ਧਿਰ ਬਣਕੇ ਉੱਭਰੀ। ਇੰਨਾ ਮਹੱਤਵਪੂਰਨ ਮੁੱਦਾ ਰਿਹਾ ਤੇ ਪੰਜ ਸਾਲ ਇਹ ਮੁੱਦਾ ਬਣਿਆ ਵੀ ਰਿਹਾ। ਪਰ ਹੁਣ ਫਿਰ ਚੋਣਾਂ ਦਾ ਮਾਹੌਲ ਹੈ ਤਾਂ ਇਸ ਵਿੱਚ ਨਸ਼ਿਆਂ ਦਾ ਮੁੱਦਾ ਗਾਇਬ ਹੈ। ਤਿੰਨ ਪਾਰਟੀਆਂ ਪਿਛਲੀਆਂ ਅਤੇ ਦੋ ਨਵੀਆਂ ਧਿਰਾਂ ਵੀ ਮੈਦਾਨ ਵਿੱਚ ਹਨ, ਪਰ ਕੋਈ ਵੀ ਇਸ ਮੁੱਦੇ ਬਾਰੇ ਦੋ ਹਰਫ਼ ਵੀ ਬੋਲਣ ਦਾ ਹੀਆ ਨਹੀਂ ਕਰ ਰਿਹਾ।
ਕੀ ਹੁਣ ਇਹ ਮੁੱਦਾ ਨਹੀਂ ਰਿਹਾ? ਕੀ ਹੁਣ ਇਹ ਹੱਲ ਹੋ ਗਿਆ ਹੈ?
ਵੈਸੇ ਜੇਕਰ ਸਹੀ ਅਰਥਾਂ ਵਿੱਚ ਮੌਜੂਦਾ ਸਿਆਸੀ ਮਾਹੌਲ ਵਿੱਚ ਮੁੱਦਿਆਂ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਪਾਰਟੀ ਕੋਲ ਮੁੱਦੇ ਨਹੀਂ ਹਨ। ਮੁੱਦਾ ਹੈ ਮੁਫ਼ਤ ਬਿਜਲੀ, ਹਜ਼ਾਰ ਦੋ ਹਜ਼ਾਰ ਰੁਪਏ ਪ੍ਰਤੀ ਪਰਿਵਾਰ ਜਾਂ ਔਰਤਾਂ ਲਈ, ਉਨ੍ਹਾਂ ਦੇ ਖਾਤੇ ਵਿੱਚ ਰੁਪਏ, ਪਰ ਜੋ ਲੋਕੀਂ ਝਾਕ ਰੱਖਦੇ ਹਨ ਕਿ ਸਿਹਤ, ਸਿੱਖਿਆ, ਨੌਜਵਾਨਾਂ ਦਾ ਪਰਵਾਸ, ਵਾਤਾਵਰਣ ਦੀ ਸਥਿਤੀ ਆਦਿ ਅਨੇਕਾਂ ਹੀ ਮੁੱਦੇ ਹਨ। ਪਰ ਇਹ ਗਾਇਬ ਹਨ।
ਪਰ ਇੱਥੇ ਸਵਾਲ ਹੈ ਨਸ਼ਿਆਂ ਨੂੰ ਲੈ ਕੇ? ਨਾਲ ਹੀ ਜੁੜਦਾ ਸਵਾਲ ਹੈ ਨਸ਼ੇ ਮੁੱਦੇ ਕਿਉਂ ਹੋਣ?
ਨਸ਼ਿਆਂ ਬਾਰੇ ਚਰਚਾ ਹੋਵੇ, ਵਿਦਵਾਨਾਂ ਵਿੱਚ ਚਰਚਾ ਹੋਵੇ, ਅਕਾਦਮਿਕ ਪੱਧਰ ’ਤੇ ਚਰਚਾ ਹੋਵੇ ਤਾਂ ਪਹਿਲੀ ਚਿੰਤਾ ਇਹ ਹੈ ਕਿ ਮੁੱਦਾ ਨੌਜਵਾਨਾਂ ਨਾਲ ਜੁੜਿਆ ਹੈ। ਇਹ ਵਰਗ, ਨੌਜਵਾਨ, ਮਨੁੱਖੀ ਜੀਵਨ ਦਾ ਸਭ ਤੋਂ ਸਿਹਤਮੰਦ, ਪਰਿਵਾਰ-ਸਮਾਜ ਅਤੇ ਦੇਸ਼ ਨੂੰ ਸੰਭਾਲਣ ਵਾਲਾਂ, ਕਮਾਉ ਉਮਰ ਵਾਲਾ ਸਮਾਂ ਹੈ, ਜੋ ਕਿ ਨਸ਼ਿਆਂ ਵਿੱਚ ਤਬਾਹ ਹੋ ਰਿਹਾ ਹੈ। ਦੂਸਰਾ ਹੈ ਕਿ ਜੋ ਨਸ਼ੇ ਅੱਜ ਸਮਾਜ ਵਿੱਚ ਮਿਲ ਰਹੇ ਹਨ ਤੇ ਵਰਤੇ ਜਾ ਰਹੇ ਹਨ ਉਹ ਇੰਨੇ ਘਾਤਕ ਹਨ ਕਿ ਸਮੇਂ ਸਿਰ ਜੇ ਉਨ੍ਹਾਂ ਪ੍ਰਤੀ ਸੁਚੇਤ ਨਾ ਹੋਇਆ ਜਾਵੇ ਤਾਂ ਉਹ ਵਿਅਕਤੀ ਦੀ ਜਾਨ ਲੈਣ ਤਕ ਜਾਂਦੇ ਹਨ। ਅੰਦਾਜ਼ਾ ਲਗਾਉ ਕਿ ਉਨ੍ਹਾਂ ਨਸ਼ਿਆਂ ਦੀ ਵਰਤੋਂ ਲਈ ਪ੍ਰਤੀ ਦਿਨ ਡੇਢ ਤੋਂ ਦੋ ਹਜ਼ਾਰ ਰੁਪਏ ਖਰਚ ਹੁੰਦੇ ਹਨ, ਮਤਲਬ ਪੰਜਾਹ ਤੋਂ ਸੱਠ ਹਜ਼ਾਰ ਪ੍ਰਤੀ ਮਹੀਨਾ, ਪ੍ਰਤੀ ਵਿਅਕਤੀ।
ਨਸ਼ਿਆਂ ਨੂੰ ਲੈ ਕੇ ਮੁੱਦਾ ਕਿਉਂ ਬਣੇ? ਇਸ ਸਵਾਲ ਦਾ ਇਹ ਪੱਖ ਵੀ ਸਪਸ਼ਟ ਹੋਣਾ ਲਾਜ਼ਮੀ ਹੈ ਕਿ ਕੀ ਇਹ ਵਿਅਕਤੀ ਦੀ ਨਿੱਜੀ ਸਮੱਸਿਆ ਹੈ? ਇਹ ਗੱਲ ਕਹੀ ਜਾਂਦੀ ਹੈ, ਖਾਸ ਕਰ ਕੇ ਨੌਜਵਾਨਾਂ ਦੇ ਸੰਦਰਭ ਵਿੱਚ ਕਿ ਕੌਣ ਉਨ੍ਹਾਂ ਦੇ ਮੂੰਹ ਵਿੱਚ ਨਸ਼ਾ ਪਾਉਂਦਾ ਹੈ? ਉਹ ਕਿਉਂ ਨਾਂਹ ਨਹੀਂ ਕਰਦੇ? ਇੱਕ ਪੱਖ ਇਹ ਹੈ ਕਿ ਨਸ਼ੇ ਨੌਜਵਾਨ ਕਰਦਾ ਕਿਉਂ ਹੈ? ਜਵਾਬ ਹੈ ਕਿ ਉਹ ਬੇਚੈਨ, ਪਰੇਸ਼ਾਨ ਹੈ, ਪੜ੍ਹਾਈ ਤੋਂ, ਬੇਰੋਜ਼ਗਾਰੀ ਤੋਂ, ਪਰਿਵਾਰ-ਸਮਾਜ ਦੇ ਤਾਅਨਿਆਂ ਤੋਂ। ਬਜ਼ੁਰਗਾਂ ਕੋਲ ਇਸਦਾ ਹੱਲ ਨਹੀਂ ਹੈ, ਬੱਸ ਜਵਾਬ ਹੈ ਕਿ ਨਸ਼ੇ ਕੋਈ ਹੱਲ ਨੇ ਪਰੇਸ਼ਾਨੀ ਦਾ। ਕਹਿਣ ਤੋਂ ਭਾਵ ਇਹ ਹੈ ਕਿ ਨਸ਼ੇ ਸਮਾਜਿਕ ਸਮੱਸਿਆ ਹੈ। ਪਰ ਇਹ ਵੀ ਗੱਲ ਹੁਣ ਉਭਾਰੀ ਜਾ ਰਹੀ ਹੈ ਕਿ ਇਹ ਸਿਹਤ ਦਾ ਮਸਲਾ ਹੈ। ਸਿਹਤ ਦੇ ਮਾਹਿਰ ਹੋਣ, ਨਸ਼ਾ ਛੁਡਾਉ ਕੇਂਦਰ ਹੋਰ ਖੋਲ੍ਹੇ ਜਾਣ, ਮਨੋਰੋਗੀ ਅਤੇ ਮਨੋਵਿਗਿਆਨਾਂ ਦੇ ਮਾਹਿਰਾਂ ਨੂੰ ਭਰਤੀ ਕੀਤਾ ਜਾਵੇ। ਨਸ਼ਾ ਛੁਡਾਉ ਮਾਹਿਰ ਇਸ ਨੂੰ ਦਿਮਾਗ ਨਾਲ ਜੋੜਦੇ ਹਨ।
ਸਿਹਤ ਜਾਂ ਸਮਾਜਿਕ, ਰਾਜਨੀਤੀ ਕੀ ਕਰੇ? ਕਿਉਂ ਮੁੱਦਾ ਬਣਾਵੇ? ਵੋਟਾਂ ਲੈਣ ਲਈ ਜਾਂ ਸਮੱਸਿਆ ਦੇ ਕਿਸੇ ਵੀ ਪੱਧਰ ’ਤੇ ਯੋਗਦਾਨ ਪਾਉਣ ਲਈ।
ਨਸ਼ਿਆਂ ਨੂੰ ਲੈ ਕੇ ਅਕਸਰ ਦੋ ਧਿਰਾਂ ਦੀ ਗੱਲ ਹੁੰਦੀ ਹੈ। ਇੱਕ ਹੈ ਸਪਲਾਈ ਲਾਈਨ। ਨਸ਼ੇ ਮੁਹਈਆ ਕਰਵਾਉਣ ਵਾਲੀ ਧਿਰ ਅਤੇ ਦੂਸਰੀ ਹੈ ਨਸ਼ਾ ਇਸਤੇਮਾਲ ਕਰਨ ਵਾਲੀ, ਭਾਵ ਨਸ਼ੇ ਦੀ ਮੰਗ। ਸਪਲਾਈ ਅਤੇ ਡਿਮਾਂਡ ਨੂੰ ਆਰਥਿਕ ਮਾਹਿਰ ਆਪਣੇ ਢੰਗ ਨਾਲ ਸਮਝਦੇ ਬਿਆਨਦੇ ਹਨ। ਉਹ ਇਸ ਨੂੰ ਚੀਜ਼ਾਂ ਦੀ ਮਹਿੰਗਾਈ ਨਾਲ ਜੋੜਦੇ ਹਨ। ਨਸ਼ਿਆਂ ਦੇ ਪੱਧਰ ’ਤੇ ਵੀ ਇੱਕ ਪੱਖ ਕਾਲਾ ਧਨ ਕਮਾਉਣ ਦਾ ਹੈ ਤੇ ਬਹੁਤ ਹੀ ਜ਼ਿਆਦਾ ਧਨ ਇਕੱਠਾ ਹੋ ਜਾਂਦਾ ਹੈ। ਅੰਬਾਰ ਲੱਗ ਜਾਂਦੇ ਹਨ ਤੇ ਫਿਰ ਕਾਲੇ ਧਨ ਨਾਲ ਕਾਲੇ ਕਾਰਨਾਮੇ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਚੋਣਾਂ ਦੌਰਾਨ ਵੋਟਾਂ ਖਰੀਦਣਾ ਹੈ ਜਾਂ ਉਪਹਾਰ ਦੇਣਾ ਹੈ।
ਨਸ਼ਿਆਂ ਨੂੰ ਠੱਲ੍ਹ ਪਾਉਣ ਲਈ, ਸਪਲਾਈ ਅਤੇ ਡਿਮਾਂਡ ਦੀ ਆਪਸੀ ਜੋੜੀ ਨੂੰ ਕਿਸੇ ਪੱਧਰ ’ਤੇ ਤੋੜਨ, ਵੱਖ ਕਰਨ ਦੀ ਲੋੜ ਕਹੀ ਜਾਂਦੀ ਹੈ। ਆਮ ਭਾਸ਼ਾ ਵਿੱਚ ਕਿਹਾ ਜਾਂਦਾ ਹੈ, ਜੇਕਰ ਮੰਗ ਹੀ ਨਹੀਂ ਹੋਵੇਗੀ, ਨਸ਼ਾ ਵੇਚਣ ਵਾਲੇ ਕਿਉਂ ਆਉਣਗੇ। ਪਰ ਸਥਿਤੀ ਇੰਨੀ ਸੌਖੀ ਨਹੀਂ ਹੈ। ਨਸ਼ੇ ਦੀ ਮੰਗ ਨੂੰ ਲੈ ਕੇ ਉਸ ਮਾਹੌਲ ਨੂੰ ਸਮਝਣ ਦੀ ਲੋੜ ਹੈ ਜਿਸ ਮਾਹੌਲ ਵਿੱਚ ਕੋਈ ਨਸ਼ਿਆਂ ਵੱਲ ਖਿਚਿਆ ਜਾਂਦਾ ਹੈ। ਉਹ ਹਨ ਨੌਜਵਾਨ ਅਤੇ ਨੌਜਵਾਨਾਂ ਦੀ ਸਥਿਤੀ ਬਾਰੇ ਜੇਕਰ ਕਿਹਾ ਜਾਵੇ ਤਾਂ ਇਸ ਵੇਲੇ ਪੂਰੇ ਦੇਸ਼ ਵਿੱਚ ਹੀ ਸਥਿਤੀ ਬਹੁਤ ਪੇਤਲੀ ਹੈ। ਅਸੀਂ ਦੁਨੀਆਂ ਦਾ ਸਭ ਤੋਂ ਜਵਾਨ ਦੇਸ਼ ਹਾਂ। ਮਤਲਬ ਸਾਡੇ ਕੋਲ ਤਕਰੀਬਨ ਤੀਹ ਕਰੋੜ ਨੌਜਵਾਨ 15 ਤੋਂ 35 ਸਾਲ ਦੀ ਉਮਰ ਦੇ ਹਨ। ਅਬਾਦੀ ਭਾਵੇਂ ਚੀਨ ਦੀ ਵੱਧ ਹੈ, ਨੌਜਵਾਨ ਸਾਡੇ ਕੋਲ ਵੱਧ ਹਨ। ਪਰ ਇਨ੍ਹਾਂ ਨੂੰ ਸਾਂਭਣਾ ਕਿਵੇਂ ਹੈ? ਇਨ੍ਹਾਂ ਦੀ ਊਰਜਾ ਨੂੰ ਕਿਸ ਦਿਸ਼ਾ ਵਿੱਚ, ਕਾਰਗਰ ਢੰਗ ਨਾਲ ਇਸਤੇਮਾਲ ਕਰਨਾ ਹੈ, ਦੇਸ਼ ਕੋਲ ਖੁਦ ਕੋਈ ਦਿਸ਼ਾ ਨਹੀਂ ਹੈ। ਕਹਿਣ ਤੋਂ ਮਤਲਬ ਸਾਡੇ ਕੋਲ ਨੌਜਵਾਨਾਂ ਨੂੰ ਲੈ ਕੇ ਕੋਈ ਨੀਤੀ ਨਹੀਂ ਹੈ। ਅਸੀਂ ਨੌਜਵਾਨਾਂ ਨੂੰ ਕਿਹੜੇ ਕੋਰਸ ਕਰਵਾਉਣੇ ਹਨ? ਕਿਹੜੇ ਕੰਮਾਂ ਲਈ ਨੌਜਵਾਨਾਂ ਦੀ ਲੋੜ ਹੈ? ਉਹਨਾਂ ਨੂੰ ਪੜ੍ਹਾਈ ਮਗਰੋਂ ਕਿਵੇਂ ਅਤੇ ਕਿੱਥੇ ਸੈੱਟ ਕਰਨਾ ਹੈ। ਦੇਸ਼ ਦਾ ਨੌਜਵਾਨ, ਖਾਸ ਕਰ ਪੰਜਾਬ ਵਿੱਚੋਂ, ਵੱਡੀ ਗਿਣਤੀ ਵਿੱਚ ਪਰਵਾਸ ਕਰ ਰਿਹਾ ਹੈ, ਕਿਸੇ ਨੂੰ ਇਸਦਾ ਫ਼ਿਕਰ ਨਹੀਂ ਹੈ। ਇਹ ਕੋਈ ਮੁੱਦਾ ਨਹੀਂ ਹੈ। ਸਗੋਂ ਪਾਰਟੀਆਂ ਉਸ ਤਰ੍ਹਾਂ ਦਾ ਮਾਹੌਲ ਦੇਣ ਦੀ ਗੱਲ ਕਰ ਰਹੀਆਂ ਹਨ ਕਿ ਨੌਜਵਾਨਾਂ ਦੇ ਬਾਹਰ ਜਾਣ ਦੇ ਰਸਤੇ ਸੌਖੇ ਹੋ ਸਕਣ।
ਦੂਸਰਾ ਅਹਿਮ ਪੱਖ ਹੈ, ਸਪਲਾਈ ਲਾਈਨ। ਨਸ਼ੇ ਦਾ ਵਿਕਣਾ। ਤੁਸੀਂ ਅੰਦਾਜ਼ਾ ਲਗਾਉ ਕਿ ਇਸਦੀ ਸਥਿਤੀ ਇਹ ਹੈ ਕਿ ਸ਼ਰਾਬ ਲੈਣ ਲਈ ਤੁਹਾਨੂੰ ਘਰੋਂ ਉੱਠ ਕੇ ਚਾਰ ਕਦਮ ਤੁਰਨਾ ਪਵੇਗਾ ਪਰ ਸਮੈਕ ਅਤੇ ਹੀਰੋਇਨ ਵਰਗੇ ਨਸ਼ੇ ਫੋਨ ਦੀ ਇੱਕ ਕਾਲ ’ਤੇ ਘਰੇ ਮੁਹਈਆ ਹੋ ਜਾਂਦੇ ਹਨ। ਦੇਸ਼ ਅਤੇ ਪੰਜਾਬ ਦੀ ਆਪਣੀ ਸਿਹਤ ਠੀਕ ਰਹਿਣ ਲਈ, ਨਸ਼ੇ ਸਹਾਈ ਹੋ ਰਹੇ ਹਨ। ਸਭ ਤੋਂ ਵੱਧ ਟੈਕਸ ਸ਼ਰਾਬ ਤੋਂ ਇਕੱਠਾ ਹੁੰਦਾ ਹੈ।
ਨਸ਼ਿਆਂ ਦੀ ਵਰਗ ਵੰਡ ਵਿੱਚ ਸ਼ਰਾਬ ਹਲਕਾ ਨਸ਼ਾ ਹੈ ਤੇ ਸਮੈਕ ਹੈਰੋਇਨ ਮੋਟਾ ਨਸ਼ਾ ਹੈ। ਸਮੈਕ ਵਰਗੇ ਨਸ਼ੇ ਮਹਿੰਗੇ ਹੋਣ ਕਰਕੇ, ਦਵਾਈ ਸਨਅਤ ਨੇ ਇਨ੍ਹਾਂ ਦੇ ਮੁਕਾਬਲੇ ਲਈ, ਬਰਾਬਰ ਦਾ ਅਸਰ ਦਿਖਾਉਣ ਵਾਲੇ ਸਿੰਨਥੈਟਿਕ ਨਸ਼ੇ ਤਿਆਰ ਕੀਤੇ ਹਨ, ਜੋ ਕਿ ਗੈਰ ਕਾਨੂੰਨੀ ਹਨ, ਪਰ ਸਰੇਆਮ ਮਿਲਦੇ ਹਨ।
ਇਸ ਸਪਲਾਈ ਚੈਨ ਬਾਰੇ ਸਥਿਤੀ ਦਾ ਜਾਇਜ਼ਾ ਲਿਆ ਜਾਵੇ ਤਾਂ ਇਸ ਵਿੱਚ ਤਿੰਨ ਧਿਰਾਂ ਹਨ, ਪੁਲਿਸ, ਪ੍ਰਸ਼ਾਸਨ ਅਤੇ ਪੌਲੇਟਿਕਸ (ਸਿਆਸੀ) ਇਨ੍ਹਾਂ ਤਿੰਨਾਂ ਦਾ ਗੱਠਜੋੜ ਭਾਵੇਂ ਚੁੱਪਚੁਪੀਤਾ ਹੈ ,ਪਰ ਪੂਰੀ ਤਰ੍ਹਾਂ ਕਾਰਗਰ ਹੈ। ਪੁਲਿਸ ਵਾਲੇ ਕਹਿੰਦੇ ਹਨ, ਸਾਨੂੰ ਇੱਕ ਘੰਟਾ ਦੇ ਦੇਣ ’ਤੇ ਕਿਸੇ ਦੀ ਦਖਲ ਅੰਦਾਜ਼ੀ ਨਾ ਹੋਵੇ, ਅਸੀਂ ਇਸ ਸਪਲਾਈ ਚੇਨ ਨੂੰ ਤੋੜ ਦਿਆਂਗੇ। ਉਹ ਸਿੱਧੇ-ਸਿੱਧੇ ਪ੍ਰਸ਼ਾਸਨ ਅਤੇ ਮੁੱਖ ਤੌਰ ’ਤੇ ਰਾਜਨੇਤਾਵਾਂ ਵੱਲ ਇਸ਼ਾਰਾ ਕਰਦੇ ਹਨ, ਜਿਨ੍ਹਾਂ ਤੋਂ ਅਸੀਂ ਮੰਗ ਕਰਦੇ ਹਾਂ ਕਿ ਉਹ ਆਪਣੀਆਂ ਚੋਣਾਂ ਵਿੱਚ ਨਸ਼ਿਆਂ ਨੂੰ ਮੁੱਦਾ ਬਣਾਉਣ।
ਰਾਜਨੇਤਾ ਨੂੰ ਇਹ ਮੁੱਦਾ ਵੋਟਾਂ ਨਹੀਂ ਦਿਵਾਉਂਦਾ ਜਾਂ ਹੋਰ ਗੱਲ ਹੈ? ਨਸ਼ਿਆਂ ਦੇ ਮੁੱਦੇ ਤੇ ਸਰਕਾਰਾਂ ਡਿੱਗੀਆਂ-ਉੱਸਰੀਆਂ, ਪਰ ਹਾਲਾਤ ਨਹੀਂ ਬਦਲੇ। ਦਰਅਸਲ ਨੌਜਵਾਨਾਂ ਨੂੰ ਸਾਂਭਣਾ ਕਿਉਂ ਹੈ? ਮਾਪੇ ਸਾਂਭਣ ਤਾਂ ਸਾਂਭਣ, ਅਸੀਂ ਕਿਉਂ? ਉਹ ਨਜ਼ਰਸਾਨੀ ਰੱਖਣ। ਜਿੱਥੇ ਕਿਤੇ ਮਾਪੇ ਸਮਰੱਥ ਹਨ, ਨਸ਼ੇ ਇੱਕ ਕਾਰਨ ਹੈ ਬੱਚਿਆਂ ਨੂੰ ਪਰਵਾਸ ਕਰਵਾਉਣ ਦਾ। ਤਕਰੀਬਨ ਡੇਢ ਲੱਖ ਨੌਜਵਾਨ ਹਰ ਸਾਲ ਪਰਵਾਸ ਕਰਦਾ ਹੈ। ਪਰ ਜੋ ਤੀਹ-ਪੈਂਤੀ ਲੱਖ ਖਰਚ ਨਹੀਂ ਕਰ ਸਕਦਾ, ਉਨ੍ਹਾਂ ਦੇ ਬੱਚੇ ਕੀ ਕਰਨ? ਨਸ਼ੇ ਦੇ ਸੌਦਾਗਰਾਂ ਨੂੰ ਨਸ਼ੇ ਵੇਚਣ ਵਾਲੇ ਵੀ ਚਾਹੀਦੇ ਹਨ ਤੇ ਨਸ਼ਾ ਕਰਨ ਵਾਲੇ ਵੀ।
ਦੂਸਰਾ ਅਹਿਮ ਪੱਖ ਹੈ ਕਿ ਨੌਜਵਾਨੀ ਦੀ ਉਮਰ ਦੇ ਆਪਣੇ ਸੁਪਨੇ ਹਨ ਤੇ ਉਹ ਸੁਪਨੇ ਪੂਰੇ ਕਰਨੇ ਵੀ ਜਾਣਦੇ ਹਨ, ਜੇਕਰ ਮਾਹੌਲ ਮਿਲੇ। ਪਰ ਮਾਹੌਲ ਨਾ ਮਿਲੇ ਤਾਂ ਉਹ ਸਵਾਲ ਖੜ੍ਹੇ ਕਰਦੇ ਹਨ। ਸਵਾਲ ਪਰਿਵਾਰ ਨੂੰ ਪਰੇਸ਼ਾਨ ਤਾਂ ਕਰਦੇ ਹਨ, ਪਰ ਸਿਆਸਤ ਨੂੰ ਵੱਧ ਪਰੇਸ਼ਾਨ ਕਰਦੇ ਹਨ। ਉਹ ਨਹੀਂ ਚਾਹੁੰਦੇ ਸਵਾਲ ਤੇ ਉਨ੍ਹਾਂ ਸਵਾਲਾਂ ਤੋਂ ਬਚਣ ਲਈ ਇਹ ਵਧੀਆ ਤਰੀਕਾ ਹੈ ਕਿ ਉਨ੍ਹਾਂ ਨੌਜਵਾਨਾਂ ਨੂੰ ਸਵਾਲ ਕਰਨ ਯੋਗ ਹੀ ਨਾ ਛੱਡਿਆ ਜਾਵੇ। ਨਸ਼ੇ ਇਹ ਕੰਮ ਬਾਖੂਬੀ ਕਰ ਰਹੇ ਹਨ।
ਰਾਜਨੇਤਾਵਾਂ ਨੂੰ ਬਹੁਪੱਖੀ ਫਾਇਦਾ ਹੈ। ਢੇਰਾਂ ਦੇ ਢੇਰ ਦੌਲਤ ਅਤੇ ਸਵਾਲਾਂ ਤੋਂ ਬਿਨਾਂ ਆਰਾਮ ਚੈਨ ਦੀ ਜ਼ਿੰਦਗੀ। ਨਾਲੇ ਰੈਲੀਆਂ ਕਰਨ ਲਈ ਵੀ ਭੀੜ ਚਾਹੀਦੀ ਹੈ। ਲੋਕਾਂ ਨੂੰ ਕੁੱਟਣ ਲਈ ਵੀ ਕਮਾਂਡੋ ਵਰਗੇ ਮੁੰਡੇ ਚਾਹੀਦੇ ਹਨ। ਗਰੀਬ, ਮਜਬੂਰ, ਪਰੇਸ਼ਾਨ ਨੌਜਵਾਨ ਨੂੰ ਫਿਰ ਜਿਸ ਦਿਸ਼ਾ ਵਿੱਚ ਲਗਾਉਣਾ ਚਾਹੋ, ਉਹ ਹਾਜ਼ਿਰ। ਜੀਣ ਦੀ ਲਾਲਸਾ ਤਾਂ ਸਭ ਵਿੱਚ ਹੈ ਤੇ ਇਹ ਸਭ ਤੋਂ ਤਾਕਤਵਰ ਲਾਲਸਾ ਹੈ।
ਇੱਕ ਧਿਰ ਹੋਰ ਹੈ, ਜਿਸਦੇ ਸਹਾਰੇ ਇਹ ਨੇਤਾ ਸੱਤਾ ਤਕ ਪਹੁੰਚਦੇ ਹਨ। ਠੀਕ ਹੈ ਕਿ ਪੰਜ ਸਾਲ ਬਾਅਦ ਗੇੜਾ ਮਾਰ ਰਹੇ ਹਨ ਪਰ ਫਿਰ ਵੀ ਇਨ੍ਹਾਂ ਨੂੰ ਘੇਰਨਾ ਚਾਹੀਦਾ ਹੈ। ਇਸਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਸਵਾਲ ਪੁੱਛਣੇ ਚਾਹੀਦੇ ਹਨ, ‘ਹੁਣ ਤਕ ਕਿੱਥੇ ਸੀ? ਹੁਣ ਕੀ ਕਰਨ ਆਏ ਹੋ? ਹੁਣ ਤਕ ਕੀ ਕੀਤਾ ਹੈ? ਇਸਦੀ ਸ਼ੁਰੂਆਤ ਹੋਵੇਗੀ ਤਾਂ ਫਿਰ ਇਨ੍ਹਾਂ ਨੂੰ ਹਰ ਮਹੀਨੇ ਤਲਬ ਕਰਨ ਦੀ ਰਿਵਾਇਤ ਵੀ ਬਣੇਗੀ। ਇਨ੍ਹਾਂ ਤੋਂ ਕੰਮਾਂ ਦੀ ਰੂਪਰੇਖਾ ਮੰਗਣ ਦੀ ਗੱਲ ਤੁਰੇਗੀ। ਕੰਮ ਕਰਨ ਦਾ ਤੌਰ ਤਰੀਕਾ, ਸਮਾਂ ਬੱਧ ਸੂਚੀ ਅਤੇ ਸਮੇਂ ਸਮੇਂ ਉਨ੍ਹਾਂ ਨੂੰ ਬੁਲਾ ਕੇ ਕਟਹਿਰੇ ਵਿੱਚ ਖੜ੍ਹਾ ਕਰਨ ਦਾ ਮਾਹੌਲ ਬਣੇਗਾ।
ਨਸ਼ੇ ਮੁੱਦਾ ਕਿਉਂ ਨਹੀਂ ਹਨ? ਦੇ ਸਵਾਲ ਤੋਂ ਸ਼ੁਰੂ ਕਰਕੇ, ਇਹ ਮੁੱਦਾ ਬਣਾਉਣਾ ਵੀ ਪਵੇਗਾ ਤੇ ਇਸ ਨੂੰ ਹਰ ਹੀਲੇ ਹੱਲ ਵੀ ਕਰਨਾ ਪਵੇਗਾ। ਇਹ ਵੀ ਚੇਤੇ ਰੱਖੀਏ ਕਿ ਸਿਆਸਦਾਨਾਂ ਅਤੇ ਸਮਗਲਰਾਂ ਦਾ ਚੁੱਪ ਚੁਪੀਤਾ ਗਠਜੋੜ ਹੈ। ਪਰ ਲੋਕਾਂ ਨੂੰ ਸੁਚੇਤ ਹੋ ਕੇ, ਜਥੇਬੰਦਕ ਹੋ ਕੇ, ਆਪਣੇ ਮਸਲੇ ਹੱਲ ਕਰਵਾਉਣ ਲਈ ਸਰਗਰਮ ਹੋਣਾ ਪਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3345)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)