“1988 ਵਿੱਚ ਅੰਮ੍ਰਿਤਸਰ ਆਇਆ। ਪਹਿਲਾਂ ਅਬੋਹਰ ਤੋਂ ਚੰਡੀਗੜ੍ਹ ਗਿਆ ਪੜ੍ਹਨ, ਫਿਰ ...”
(18 ਜਨਵਰੀ 2023)
ਮਹਿਮਾਨ: 96.
ਪੰਜਾਬ ਦੇ ਲੋਕ ਆਜ਼ਾਦੀ ਦਿਹਾੜੇ ਨੂੰ ਦੇਸ਼ ਦੀ ਵੰਡ ਦੇ ਤੌਰ ’ਤੇ ਵੱਧ ਯਾਦ ਕਰਦੇ ਹਨ। ਪੰਦਰਾਂ ਅਗਸਤ ਕਈ ਤਰ੍ਹਾਂ ਦੀਆਂ ਦਰਦ-ਭਰੀਆਂ ਯਾਦਾਂ ਲੈ ਕੇ ਆਉਂਦਾ ਹੈ। ਉਂਜ ਸਕਾਰਾਤਮਕ ਸੋਚ ਵਾਲੇ, ਉਸਾਰੂ ਜ਼ਿੰਦਗੀ ਦਾ ਰੁਖ ਰੱਖਣ ਵਾਲੇ ਇਹ ਵੀ ਕਹਿੰਦੇ ਹਾਂ ਕਿ ਦਸ ਲੱਖ ਲੋਕ ਮਾਰੇ ਗਏ, ਦੋਹਾਂ ਪਾਸਿਉਂ, ਪਰ ਕਰੋੜਾਂ ਲੋਕ ਸਹੀ ਸਲਾਮਤ ਪਹੁੰਚੇ ਵੀ। ਠੀਕ ਹੈ, ਮਾਰਨ ਵਾਲੇ ਵੀ ਸਾਡੇ ਵਿੱਚੋਂ ਸਨ ਤੇ ਬਚਾਉਣ ਵਾਲੇ ਵੀ ਅਸੀਂ-ਤੁਸੀਂ ਸੀ। ਅਸੀਂ, ਸਾਡਾ ਪਰਿਵਾਰ ਵੀ ਬਚ ਕੇ ਨਿਕਲਿਆ ਹੀ। ਮਾਂ ਪਿਉ, ਭੈਣ-ਭਰਾ। ਮੈਂ ਤਾਂ ਆਜ਼ਾਦੀ ਤੋਂ ਸੱਤ ਸਾਲ ਬਾਅਦ ਪੈਦਾ ਹੋਇਆ।
ਵੰਡ ਨੇ ਦਿੱਤੀ ਸੱਤ ਸਾਲ ਖੱਜਲ ਖੁਆਰੀ, ਭਟਕਾਅ, ਕੈਪਾਂ ਦੀ ਜ਼ਿੰਦਗੀ। ਰਿਫਊਜੀ ਬਣੇ। ਚੰਗੇ ਭਲੇ ਵਸਦੇ, ਕੰਮ ਕਰਦੇ ਤੇ ਇੱਕ ਮਸਤ ਜੀਵਨ ਜੀਉਂਦੇ, ਪਤਾ ਨਹੀਂ ਕਦੋਂ, ਪਤਾ ਨਹੀਂ ਕਿਵੇਂ ਇੱਕ ਭੁਚਾਲ ਜਿਹਾ ਆ ਜਾਂਦਾ ਹੈ। ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਸੀ। ਬਹੁਤਿਆਂ ਨੂੰ ਯਕੀਨ ਹੀ ਨਹੀਂ ਹੋਇਆ। ਬਹੁਤਿਆਂ ਨੂੰ ਤਾਂ ਲੱਗਿਆ ਕਿ ਕੁਝ ਦਿਨ ਦਾ ਉਜਾੜਾ ਹੈ, ਮੁੜ ਆਵਾਂਗੇ ਆਪਣੇ ਘਰ-ਗਰਾਂ। ਪਰ ਕੀ ਪਤਾ ਸੀ ਕਿ ਇਹ ਸਭ ਹੁਣ ਪੱਕਾ ਹੋਣ ਜਾ ਰਿਹਾ ਹੈ। ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਕਿਸ ਤਰ੍ਹਾਂ ਦਾ ਧੱਕਾ ਹੋਣ ਜਾ ਰਿਹਾ ਹੈ।
ਮੇਰਾ ਜਨਮ ਸਰਾਂ ਵਿੱਚ ਹੋਇਆ। ਇਹ ਹੈਰਾਨੀ ਵਾਲੀ ਗੱਲ ਨਹੀਂ ਹੈ। ਕੁਦਰਤ ਦਾ ਕਾਰਜ ਹੈ। ਕੁਦਰਤ ਥੋੜ੍ਹਾ ਮਨੁੱਖਾਂ ਦੇ ਨੇਮਾਂ ਨਾਲ ਚਲਦੀ ਹੈ ਜਾਂ ਰੁਕਦੀ ਹੈ। ਜਨਮ ਰੁਕ ਜਾਣ, ਜਦੋਂ ਤਕ ਇਹ ਹੱਲੇ ਹਨ, ਉੱਜੜ ਕੇ ਆਏ ਲੋਕ ਉਸ ਸਮੇਂ ਨੂੰ ਹੱਲਾ ਹੀ ਕਹਿੰਦੇ ਹਨ। ਸਭ ਕੁਝ ਸਾਵਾਂ ਪੱਧਰਾ ਹੋ ਜਾਵੇ। ਨਹੀਂ। ਮੈਡੀਕਲ ਵਿਗਿਆਨ ਦਾ ਬੰਦਾ ਹਾਂ, ਸਿਹਤ-ਬਿਮਾਰੀ ਨਾਲ ਜੁੜੀਆਂ ਰਾਸ਼ਟਰੀ-ਅੰਤਰਰਾਸ਼ਟਰੀ ਕਿਤਾਬਾਂ ਪੜ੍ਹੀਆਂ ਹਨ। ਮਤਲਬ ਦੁਨੀਆਂ ਭਰ ਦੇ ਮਨੁੱਖਾਂ ਦੇ ਸਰੀਰਿਕ ਵਿਵਹਾਰ ਬਾਰੇ ਥੋੜ੍ਹਾ-ਬਹੁਤ ਪਤਾ ਹੈ। ਹੁਣ ਖ਼ਬਰਾਂ ਨਾਲ ਵੀ ਜੁੜਿਆ ਹੋਇਆ ਹਾਂ। ਖ਼ਬਰਾਂ ਤਾਂ ਤੁਹਾਨੂੰ ਵੀ ਪਤਾ ਹੋਣਗੀਆਂ। ਕਿਸੇ ਮਾਂ ਨੂੰ ਜਨਮ ਪੀੜਾ ਸ਼ੁਰੂ ਹੋਈਆਂ। ਘਰੇ ਕੋਈ ਇੰਤਜ਼ਾਮ ਨਹੀਂ, ਆਂਢ-ਗੁਆਂਢ ਕੋਈ ਸਿਆਣੀ ਔਰਤ ਨਹੀਂ। ਲੈ ਕੇ ਜਾਣ ਲੱਗੇ ਤਾਂ ਬੱਚਾ ਰੇਹੜੀ-ਰੇਹੜੇ ਵਿੱਚ ਹੋ ਗਿਆ। ਕਾਰ-ਆਟੋ ਵਿੱਚ ਹੋ ਗਿਆ। ਇਹ ਨਹੀਂ ਤਾਂ ਜਿਸ ਮੰਜੇ ’ਤੇ ਚੁੱਕ ਕੇ ਲੈ ਜਾਣ ਲੱਗੇ, ਉੱਥੇ ਹੋ ਗਿਆ। ਅਮੀਰ ਲੋਕ ਜੋ ਹਵਾਈ ਜਹਾਜ਼ਾਂ ਰਾਹੀਂ ਸਫ਼ਰ ਕਰਦੇ ਹਨ, ਉੱਥੇ ਵੀ ਕੁਦਰਤ ਨੇ ਆਪਣਾ ਕ੍ਰਿਸ਼ਮਾ ਦਿਖਾਇਆ ਹੈ। ਬਾਕੀ ਮਨੁੱਖੀ ਦਖਲ ਦਾ, ਮਨੁੱਖੀ ਫਿਤਰਤ ਦਾ ਅੰਦਾਜ਼ਾ ਇੱਥੋਂ ਲਗਾਉ ਕਿ ਰੇਹੜੀ ਤੇ ਪੈਦਾ ਹੋਏ ਬੱਚੇ ਨੂੰ ਆਪਣਾ ਜਨਮ ਸਰਟੀਫਿਕੇਟ ਹਾਸਲ ਕਰਨ ਲਈ ਵੀ ਖੱਜਲ-ਖੁਆਰ ਹੋਣਾ ਪਵੇ ਤੇ ਹਵਾਈ ਜਹਾਜ਼ ਵਿੱਚ ਪੈਦਾ ਹੋਏ ਨੂੰ ਅੰਤਰਰਾਸ਼ਟਰੀ ਨਾਗਰਿਕ ਦਾ ਦਰਜ਼ਾ ਮਿਲ ਜਾਂਦਾ ਹੈ।
ਠਹਿਰਾਅ ਸਰਾਂ ਵਿੱਚ ਮਿਲਿਆ। ਇੱਕ ਠਹਿਰਾਅ ਦੀ ਲੋੜ ਸੀ ਤੇ ਸਰਾਂ ਵਿੱਚ ਰੁਕ ਗਏ। ਰਾਤ ਕੱਟਣ ਨੂੰ। ਅਜਿਹਾ ਨਹੀਂ ਸੀ, ਭਟਕਣਾ ਦਾ ਸਫ਼ਰ ਸੀ। ਉੱਜੜੇ ਕਿ ਉਜਾੜੇ ਗਏ, ਫਿਰ ਕਿਸੇ ਠਾਹਰ-ਠਿਕਾਣੇ ਦੀ ਤਲਾਸ਼। ਕੋਈ ਕਿਤੇ ਪਹੁੰਚ ਗਿਆ, ਕੋਈ ਕਿਤੇ। ਭੂਆ ਸਹਾਰਨਪੁਰ, ਚਾਚੇ ਦਿੱਲੀ, ਮਾਮਾ-ਨਾਨਾ ਨਾਭੇ। ਅਸੀਂ ਅਬੋਹਰ। ਸਬੱਬ ਦੇਖੋ। ਬਾਰਡਰ ਦੇ ਨੇੜੇ। ਹਿੰਦੂਮਲਕੋਟ, ਸੈਂਤੀ ਕਿਲੋਮੀਟਰ, ਨਾਲ ਹੀ ਫਾਜਿਲਕਾ, ਤੇਤੀ ਕਿਲੋਮੀਟਰ। ਇੱਕ ਹੋਰ ਸਬੱਬ, ਮੈਂ ਪੰਜਾਬ ਵਿੱਚ ਪੜ੍ਹ ਕੇ, ਡਿਗਰੀ ਲੈ ਕੇ, ਆ ਵਸਿਆ, ਅੰਮਿਤਸਰ, ਵਾਘਾ ਬਾਰਡਰ ਤੋਂ ਅਠਾਈ ਕਿਲੋ ਮੀਟਰ ਦੂਰ। ਉਚੇਚੇ ਤੌਰ ’ਤੇ ਸੋਚ ਕੇ ਨਹੀਂ, ਬੱਸ ਹੋ ਗਿਆ, ਜਿੱਥੇ ਠਿਕਾਣਾ ਮਿਲ ਗਿਆ। ਸਿਰ ਲੁਕਾਉਣ ਦੀ ਥਾਂ। ਅਬੋਹਰ ਵਿੱਚ ਪਹਿਲਾਂ ਮਿਲੀ ਸਰਾਂ।
ਮਾਂ ਕਹਿੰਦੀ ਹੁੰਦੀ, ਉਸ ਦਿਨ ਸੱਤ ਕੱਤੇ ਸੀ। ਇਹ ਵਿਸ਼ੇਸ਼ ਤੌਰ ’ਤੇ ਇਸ ਲਈ ਦਸ ਰਿਹਾਂ ਕਿ ਇਹ ਦਿਨ ਮੇਰੇ ਚੇਤੇ ਵਿੱਚ ਹੈ, ਕਾਗਜ਼ੀ-ਸਕੂਲੀ ਜਨਮ ਦਿਨ ਹੋਰ ਹੈ, ਜੋ ਕਿ ਪਛਾਣ ਪੱਤਰ ’ਤੇ ਵੀ ਹੈ, ਪਾਸਪੋਰਟ ’ਤੇ ਵੀ। ਮਾਂ ਨੂੰ ਤਾਂ ਦੇਸੀ ਮਹੀਨੇ ਚੇਤੇ ਸੀ, ਉਹੀ ਉਸ ਨੇ ਮੈਨੂੰ ਦੱਸਿਆ। ਮਾਂ ਨੂੰ ਸੰਗਰਾਂਦ ਜ਼ਰੂਰ ਯਾਦ ਰਹਿੰਦੀ। ਪਤਾ ਨਹੀਂ ਕਿੱਥੋਂ ਪਤਾ ਕਰਦੀ, ਉਂਗਲਾਂ ’ਤੇ ਗਿਣਦੀ। ਇੱਕ ਸੰਗਰਾਦ ਯਾਦ ਰਕਦੀ, ਅਗਲੀ ਆਪੇ ਅੰਦਾਜ਼ਾ ਲਗਾ ਲੈਂਦੀ। ਵਿਗਿਆਨੀਆਂ ਨੇ ਵੀ ਤਾਂ ਇਸੇ ਤਰ੍ਹਾਂ ਦੇ ਹਿਸਾਬ-ਕਿਤਾਬ ਨਾਲ ਸੂਰਜ ਚੜ੍ਹਨ, ਸੂਰਜ ਡੁੱਬਣ ਦੇ ਸਮੇਂ ਦਾ ਪਤਾ ਲਾਇਆ। ਆਉਣ ਵਾਲੇ ਸਾਲਾਂ ਵਿੱਚ ਕਦੋਂ, ਕਿੰਨੇ ਵਜੇ, ਮਿੰਟਾਂ-ਸਕਿੰਡਾਂ ਦਾ ਪਤਾ ਲਾ ਲਿਆ ਕਿ ਗ੍ਰਹਿਣ ਕਦੋਂ ਲੱਗੇਗਾ। ਇਹ ਮਨੁੱਖ ਦੀ ਮੁਕੰਮਲਤਾ ਨਹੀਂ ਹੈ, ਕੁਦਰਤ ਦੀ ਮੁਕੰਮਲਤਾ ਹੈ। ਭਾਵੇਂ ਮਨੁੱਖ ਨਾ ਮੰਨੇ, ਹੈ ਤਾਂ ਉਹ ਵੀ ਕੁਦਰਤ ਦਾ ਹੀ ਇੱਕ ਛੋਟਾ ਜਿਹਾ ਹਿੱਸਾ।
ਅਸੀਂ ਅੱਠ ਭੈਣ-ਭਰਾ ਹਾਂ। ਤਿੰਨ ਮੇਰੇ ਤੋਂ ਵੱਡੇ, ਚਾਰ ਮੇਰੇ ਤੋਂ ਛੋਟੇ। ਕੁਦਰਤ ਦਾ ਕਮਾਲ ਹੈ ਤੇ ਕੁਦਰਤ ਵੱਲੋਂ ਮਾਂ-ਪਿਉ ਨੂੰ ਮਿਲੇ ਨਿਰਦੇਸ਼। ਭਟਕਣ ਦੇ ਸਮੇਂ ਦੌਰਾਨ ਵੀ, ਕੁਦਰਤ ਵਿੱਚ ਆਪਣਾ ਹਿੱਸਾ ਪਾਉਣ ਤੋਂ ਗੁਰੇਜ਼ ਨਹੀਂ ਕੀਤਾ। ਕੁਦਰਤ ਦਾ ਪੂਰਾ ਸਾਥ ਨਿਭਾਇਆ। ਆਪਣੀ ਚਾਰ-ਦੀਵਾਰੀ ਤੇ ਛੱਤ ਮਿਲਣ, ਉਸਾਰਨ ਤੋਂ ਪਹਿਲਾਂ, ਉਸ ਭਟਕਣ ਦੇ ਸਮੇਂ ਦੌਰਾਨ, ਦੋ ਭਰਾਵਾਂ ਦਾ ਜਨਮ ਹੋਇਆ। ਬਾਕੀ ਚਾਰ ਇੱਕ ਪੱਕੇ ਠਿਕਾਣੇ ’ਤੇ, ਜੋ ਕਾਫ਼ੀ ਲੰਮਾ ਸਮਾਂ ਪਰਿਵਾਰ ਦਾ ਸਿਰਨਾਵਾਂ ਰਿਹਾ। ਲਾਜਪਤ ਨਗਰ, ਅਬੋਹਰ - ਜੇਕਰ ਇੱਕ ਨਿਸ਼ਾਨੀ ਦੱਸਣੀ ਹੋਵੇ ਤਾਂ ਸਵਾਮੀ ਕੇਸ਼ਵਾਨੰਦ ਸਾਹਿਤ ਸਦਨ ਦੇ ਨੇੜੇ।
ਜੇਕਰ ਹਵਾਈ ਜਹਾਜ਼ ਵਿੱਚ ਪੈਦਾ ਹੋਇਆ ਬੱਚਾ ਅੰਤਰਰਾਸ਼ਟਰੀ ਨਾਗਰਿਕ ਹੋ ਜਾਂਦਾ ਹੈ ਤਾਂ ਸਰਾਂ ਵਿੱਚ ਪੈਦਾ ਹੋਏ ਦਾ ਕੀ ਹਸ਼ਰ ਹੋਵੇਗਾ, ਕੀ ਹੋਣਾ ਚਾਹੀਦਾ ਹੈ, ਸਰਕਾਰਾਂ ਕੀ ਫੈਸਲਾ ਲੈਣ। ਕੀ ਰੁਤਬਾ ਮਿਲੇ ਉਸ ਨੂੰ - ਕੁਦਰਤ ਵੀ ਤਾਂ ਆਪਣੀ ਭੂਮਿਕਾ ਅਦਾ ਕਰਦੀ ਹੀ ਹੈ। ਸਰਾਂ ਮਤਲਬ ਸਫ਼ਰ ਵਿੱਚ ਤੁਰਦੇ ਵਿਅਕਤੀ ਦਾ ਰੈਣ-ਬਸੇਰਾ। ਉਂਜ ਜੇ ਮੈਂ ਆਪਣੇ ਸਫ਼ਰ ’ਤੇ ਝਾਤੀ ਮਾਰਾਂ ਤਾਂ ਇਹ ਬੰਜਾਰੇ (ਵਣਜਾਰੇ) ਵਾਲਾ ਵੱਧ ਹੈ। ਭਟਕਣ ਨਹੀਂ ਕਹਿ ਸਕਦੇ। ਇੱਕ ਠਿਕਾਣਾ ਹੈ, ਅੰਮ੍ਰਿਤਸਰ ਦਾ ਗੁਰੂ ਨਾਨਕ ਐਵੀਨਿਉ। ਪਰ ਤਕਰੀਬਨ ਰੋਜ਼ ਸਵੇਰੇ ਤੁਰ ਪਈਦਾ ਹੈ। ਨੌਕਰੀ ’ਤੇ ਸਾਰੇ ਜਾਂਦੇ ਹਨ, ਮੈਨੂੰ ਸੱਜੇ-ਖੱਬੇ ਜਾਣ ਦਾ ਵੀ ਸ਼ੌਕ ਹੈ ਜਾਂ ਇਹ ਸਰਾਂ ਵਿੱਚ ਪੈਦਾ ਹੋਣ ਦਾ ਸਬੱਬ ਹੈ।
1988 ਵਿੱਚ ਅੰਮ੍ਰਿਤਸਰ ਆਇਆ। ਪਹਿਲਾਂ ਅਬੋਹਰ ਤੋਂ ਚੰਡੀਗੜ੍ਹ ਗਿਆ ਪੜ੍ਹਨ, ਫਿਰ ਪਟਿਆਲੇ ਲਾਏ ਦਸ-ਕੁ ਸਾਲ। ਪਿੰਡ ਬੀਰੋ ਕੇ ਕਲਾਂ ਅਤੇ ਢੁੱਡੀਕੇ ਨੌਕਰੀ ਕੀਤੀ, ਬਠਿੰਡੇ ਵੀ ਇੱਕ ਸਾਲ ਦੇ ਕਰੀਬ ਰਿਹਾ। ਫਿਰ ਅੰਮ੍ਰਿਤਸਰ ਤੇ ਮੈਡੀਕਲ ਕਾਲਜ ਫਰੀਦਕੋਟ। ਇਹ ਤਾਂ ਸੀ ਨੌਕਰੀ, ਸਰਕਾਰੀ ਹੁਕਮਾਂ ਵਾਲੀ, ਪਰ ਆਪਣੇ ਅੰਦਰ ਟਿਕਾਅ ਨਹੀਂ ਸੀ। ਟਿਕਾਅ ਕਿ ਕੀ ਇਸ ਚਾਰਦੀਵਾਰੀ ਵਿੱਚ ਰਹਿ ਕੇ ਸਮਾਂ ਬਿਤਾ ਦੇਣਾ। ਮਿਲ-ਮਿਲਾ। ਮਿਲਣ-ਮਿਲਾਉਣ ਨਾਲ ਘੇਰਾ ਵਧਦਾ ਹੈ, ਪਰ ਮਿਲਿਆ ਕਿਸ ਨੂੰ ਜਾਵੇ, ਕਿਸ ਨਾਲ ਇਹ ਮੇਲ-ਮਿਲਾਪ ਬਣਿਆ ਰਹੇ, ਲੰਮੇਰਾ ਹੋਵੇ।
ਇਹ ਅਲੱਗ ਵਿਸ਼ਾ ਹੈ। ਪਰ ਇਸ ਨੇ ਦਰਵਾਜ਼ੇ ਕਈ ਖੋਲ੍ਹੇ। ਭਟਕਣ ਦੌਰਾਨ ਮਾਂ ਦਿਉ ਦਾ ਮਿਲਾਪ, ਇੱਕ ਠਹਿਰਾਅ ਵਾਲੀ ਥਾਂ ’ਤੇ ਜਨਮ, ਜ਼ਿੰਦਗੀ ਨੂੰ ਅਸਰ ਅੰਦਾਜ਼ ਤਾਂ ਕਰਨਾ ਹੀ ਸੀ। ਪਰ ਇਹ ਭਟਕਣ ਮੇਰੇ ਨਾਲ ਹੀ ਕਿਉ਼ਂ? ਸਰੀਰ ਦੀ ਭਟਕਣ ਹੀ ਸਭ ਕੁਝ ਨਹੀਂ ਹੁੰਦੀ, ਮਨ ਦੀ ਭਟਕਣਾ ਵੀ ਤਾਂ ਕੋਈ ਮਾਇਨੇ ਰੱਖਦੀ ਹੈ। ਪੜ੍ਹਾਈ ਦੀ ਭਟਕਣ, ਨੌਕਰੀ ਦੀ ਭਟਕਣ, ਤੇ ਫਿਰ ਉਨ੍ਹਾਂ ਦੋਹਾਂ ਪਹਿਲੂਆਂ ਨੂੰ ਲੈ ਕੇ, ਹੋਰ ਪੱਖਾਂ ਦੀ ਭਟਕਣ। ਪੜ੍ਹਾਈ-ਨੌਕਰੀ ਨਾਲ ਜੁੜੀਆਂ ਕਾਨਫਰੰਸਾਂ, ਗਿਆਨ ਦਾ ਆਦਾਨ-ਪ੍ਰਦਾਨ। ਨਾਲੇ ਜੁੜ ਗਿਆ ਲੇਖਨ। ਲੇਖਕਾਂ ਨੂੰ ਮਿਲਣਾ, ਉਨ੍ਹਾਂ ਨਾਲ ਸਬੰਧਿਤ ਸਮਾਗਮਾਂ ਦਾ ਘੇਰਾ।
ਜਦੋਂ ਇਹ ਭਟਕਣਾ, ਜਿਸ ਨੂੰ ਮੈਂ ਫੈਲਾਅ ਕਹਿੰਦਾ, ਕਿਉਂ ਜੋ ਫਿਰ ਮੰਤਵ ਹੀ ਬਦਲ ਜਾਂਦਾ ਹੈ। ਜੋ ਪੜ੍ਹਿਆ ਹੈ, ਗਿਆਨ ਹਾਸਿਲ ਕੀਤਾ ਹੈ, ਕੀ ਇਹ ਵੰਡਿਆ ਨਾ ਜਾਵੇ। ਲਿਖ ਕੇ, ਚਾਹੇ ਬੋਲ ਕੇ। ਫਿਰ ਉਸ ਸਿਲਸਿਲੇ ਵਿੱਚ ਤੋਰਾ-ਫੇਰਾ। ਭਟਕਣ ਨਹੀਂ ਫੈਲਾਅ।
ਫੈਲਾਅ, ਫੈਲਣਾ, ਸਭ ਨੂੰ ਆਪਣੇ ਕਲਾਵੇ ਵਿੱਚ ਲੈਣਾ ਜਾਂ ਆਪ ਸਭ ਦੇ ਘੇਰੇ ਦਾ ਹਿੱਸਾ ਬਣਨਾ। ਇਸੇ ਤਰ੍ਹਾਂ ਇਹ ਪੱਖ ਵੀ ਉਤਸ਼ਾਹਜਨਕ ਹੈ ਕਿ ਆਜ਼ਾਦ ਦੇਸ਼ ਵਿੱਚ ਪੈਦਾ ਹੋਇਆ। ਇਹ ਗੱਲ ਤਾਂ ਅੰਦਾਜ਼ਿਆਂ ਵਿੱਚ ਹੀ ਸੋਚੀ-ਸਮਝੀ ਜਾ ਸਕਦੀ ਹੈ ਕਿ ਜੇ ਵੰਡ ਨਾ ਹੁੰਦੀ, ਜੇ ਅੰਗਰੇਜ਼ ਹੀ ਰਾਜ ਕਰਦੇ ਰਹਿੰਦੇ ਤਾਂ ਜ਼ਿੰਦਗੀ ਕਿਹੋ ਜਿਹੀ ਹੋਣੀ ਸੀ? ਜੋ ਅੱਜ ਜੀਅ ਰਹੇ ਹਾਂ, ਉਸ ਤੋਂ ਬਿਹਤਰ ਜਾਂ ਬਦਤਰ। ਪਰ ਇਹ ਇਕੱਲੇ ਮੇਰੀ ਆਪਣੀ ਜ਼ਿੰਦਗੀ ਨੂੰ ਲੈ ਕੇ ਹੀ ਸਵਾਲ ਨਹੀਂ ਹੈ। ਅਸੀਂ ਅੱਠ ਭੈਣ-ਭਰਾ। ਛੇ ਆਜ਼ਾਦ ਭਾਰਤ ਵਿੱਚ ਪੈਦਾ ਹੋਏ। ਸਾਰੇ ਹੀ ਬਿਲਕੁਲ ਅਲੱਗ ਤਰ੍ਹਾਂ ਦੇ ਜੀਵਨ ਜੀ ਰਹੇ। ਪੜ੍ਹਾਈ, ਨੌਕਰੀ ਦੇ ਪੱਖ ਤੋਂ ਵੀ ਕੁਝ ਨਹੀਂ ਰਲਦਾ। ਕਈਆਂ ਵਿੱਚ ਹੁੰਦਾ, ਅਧਿਆਪਕਾਂ ਦਾ ਪਰਿਵਾਰ, ਡਾਕਟਰਾਂ-ਇੰਜਨੀਅਰਾਂ ਦਾ ਕੁਨਬਾ।
ਇਹ ਠੀਕ ਹੈ ਕਿ ਮਾਂ-ਪਿਉ ਪੜ੍ਹੇ-ਲਿਖੇ ਹੋਣ। ਪੜ੍ਹੇ-ਲਿਖੇ ਤੋਂ ਵਧ ਸਿਆਣੇ ਹੋਣ। ਸਿਆਣਪ ਨੂੰ ਵਿਉਂਤ ਨਾਲ ਵਰਤਣ। ਸਿਆਸਤ ਨੇ ਦੇਸ਼ ਵੰਡ ਤਾਂ ਪੱਲੇ ਪਾਈ, ਪਰ ਸਿਆਸਤ ਨੇ ਹੱਥ ਵੀ ਫੜਨਾ ਹੁੰਦਾ ਹੈ। ਕੁਰਾਹੇ ਪਿਆਂ ਨੂੰ ਰਾਹ ਵੀ ਪਾਉਣਾ ਹੁੰਦਾ ਹੈ। ਉਂਜ ਕਈਆਂ ਦਾ ਮਤ ਹੈ ਕਿ ਦੇਸ਼ ਦੀ ਵੰਡ ਰੁਕ ਸਕਦੀ ਸੀ। ਚਲੋ, ਉਹ ਹੋਣੀ ਹੀ ਸੀ ਤਾਂ ਲੋਕਾਂ ਦਾ ਆਦਾਨ-ਪ੍ਰਦਾਨ, ਲੋਕਾਂ ਦੀ ਵੰਡ ਤਾਂ ਸ਼ਾਂਤੀ ਪੂਰਵਕ ਢੰਗ ਨਾਲ ਹੋ ਸਕਦੀ ਸੀ। ਉਹ ਵੀ ਨਹੀਂ ਹੋਈ। ਚਲੋ ਉਹ ਵੀ ਹੋ ਗਿਆ, ਕਿਸ ਦੀ ਗਲਤੀ ਸੀ, ਉਹ ਵੀ ਇਤਿਹਾਸਕਾਰ ਘੋਖਦੇ ਰਹਿਣਗੇ, ਪਰ ਦੋਵੇਂ ਦੇਸ਼ ਵਧੀਆ ਗੁਆਂਢੀ ਬਣ ਕੇ ਤਾਂ ਰਹਿ ਸਕਦੇ ਸਨ। ਉਹ ਨਹੀਂ ਰਹੇ। ਸਾਲ 1971 ਤੋਂ ਬਾਅਦ ਤਾਂ ਪਾਕਿਸਤਾਨ ਨੂੰ ਇੱਕ ਜ਼ਰੀਆ ਮਿਲ ਗਿਆ, ਗੁਆਂਢਪੁਣੇ ਨੂੰ ਦੁਸ਼ਮਣ ਦੀਆਂ ਨਜ਼ਰਾਂ ਨਾਲ ਦੇਖਣ ਦਾ, ਭਾਵੇਂ ਕਿ ਆਜ਼ਾਦੀ ਤੋਂ ਬਾਅਦ ਹੀ, ਕਸ਼ਮੀਰ ਦਾ ਮੁੱਦਾ ਬਣਿਆ ਹੋਇਆ ਸੀ।
ਦੇਸ਼ ਆਜ਼ਾਦ ਹੋਇਆ। ਆਜ਼ਾਦੀ ਸੰਗਰਾਮ ਬਾਰੇ ਕਿਤਾਬਾਂ ਵਿੱਚ ਜੋ ਪੜ੍ਹਾਇਆ, ਉਹ ਪੜ੍ਹਿਆ ਤੇ ਫਿਰ ਆਪ ਪੜ੍ਹ ਕੇ ਅਸਲੀਅਤ ਜਾਣੀ। ਜਨਮ ਜ਼ਰੂਰ ਆਜ਼ਾਦ ਭਾਰਤ ਵਿੱਚ ਹੋਇਆ, ਪਰ ਵੰਡ ਦੀ ਪੀੜ ਹਮੇਸ਼ਾ ਨਾਲ ਰਹੀ। ਇਹ ਜਾਰੀ ਰਹਿਣ ਵਿੱਚ ਇੱਕ ਵੱਡਾ ਕਾਰਨ, ਬਾਰਡਰ ਦੇ ਨੇੜੇ ਵਸਣ ਦਾ ਵੀ ਰਿਹਾ। ਬਾਰਡਰ ’ਤੇ ਹੁੰਦੀ ਪਰੇਡ ਦਾ ਵੀ ਰਿਹਾ। ਜਦੋਂ ਕਿ ਕਵੀ ਮਨ ਕਹਿੰਦਾ:
ਓ ਬਾਘੇ ਦੇ ਬਾਰਡਰ।
ਤੇਰਾ ਬੱਸ ਇੱਕੋ ਹੀ ਆਰਡਰ।
ਮੈਂ ਨਹੀਂ ਜਾਣਾ ਇੱਧਰ ਲਾਹੌਰ।
ਤੂੰ ਨਹੀਂ ਆਉਣਾ ਅੰਬਰਸਰ।
ਸਾਡਾ ਦੋਵੇਂ ਪਾਸੇ ਘਰ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3745)
(ਸਰੋਕਾਰ ਨਾਲ ਸੰਪਰਕ ਲਈ: