“ਮਨੋਰੋਗ ਦੀਆਂ ਮੁਢਲੀਆਂ ਅਵਸਥਾਵਾਂ ਜਾਂ ਕਈ ਮਨੋਰੋਗਾਂ ਵਿੱਚ ‘ਗੱਲਬਾਤ ਅਤੇ ਸਲਾਹ’ ਨਾਲ ਵੀ ਮਨੋਰੋਗੀ ਦੀ ...”
(4 ਜੂਨ 2024)
ਇਸ ਸਮੇਂ ਪਾਠਕ: 860.
ਸਿਹਤ ਅਤੇ ਬਿਮਾਰੀ ਦਾ ਸਵਾਲ ਮਨੁੱਖੀ ਹੋਂਦ ਨਾਲ ਜੁੜਿਆ ਸਵਾਲ ਹੈ। ਦਰਦ ਇੱਕ ਅਜਿਹੀ ਪ੍ਰਵਿਰਤੀ ਹੈ ਜੋ ਇਸ ਦਿਸ਼ਾ ਵਿੱਚ ਕਾਰਜਸ਼ੀਲ ਹੋਣ ਲਈ ਪ੍ਰੇਰਦੀ ਹੈ। ਬਿਮਾਰੀ ਦੇ ਵਿਧੀਵਤ ਇਲਾਜ ਦਾ ਪਿਛੋਕੜ ਤਾਂ ਭਾਵੇਂ ਬਹੁਤ ਬਾਅਦ ਦੀ ਗੱਲ ਹੈ ਪਰ ਮਨੁੱਖ ਨੇ ਤੀਰ-ਤੁੱਕੇ ਰਾਹੀਂ ਆਪਣੇ ਦਰਦ ਨੂੰ ਹੱਲ ਕਰਨ ਦਾ ਜ਼ਰੂਰ ਕੋਈ ਨਾ ਕੋਈ ਉਪਰਾਲਾ ਕੀਤਾ ਹੋਵੇਗਾ।
ਮਨੁੱਖੀ ਇਤਿਹਾਸ ਵਿੱਚ ਬਿਮਾਰੀਆਂ ਨਾਲ ਨਜਿੱਠਣ ਦੇ ਕਈ ਪੜਾਅ ਆਏ ਅਤੇ ਆਧੁਨਿਕ ਯੁਗ ਵਿੱਚ, ਜਦੋਂ ਵਿਸ਼ਵ ਸਿਹਤ ਸੰਸਥਾ ਨੇ ਸਿਹਤ ਦੇ ਤਿੰਨ ਪਹਿਲੂ ਸਰੀਰਕ, ਮਾਨਸਿਕ ਅਤੇ ਸਮਾਜਿਕ-ਪਛਾਣੇ ਤਾਂ ਅੱਜ ਵੀ ਬਿਮਾਰੀ ਨਾਲ ਨਜਿੱਠਣ ਦੇ ਅੰਧਵਿਸ਼ਵਾਸੀ ਤਰੀਕੇ, ਐਂਟੀਬਾਓਟਿਕ, ਲੋਕ ਸਿਹਤ ਪੱਖੀ ਢੰਗ ਅਤੇ ਸਮੂਹਿਕ ਯਤਨ ਇੱਕੋ ਸਾਰ ਦੇਖੇ ਜਾ ਸਕਦੇ ਹਨ।
ਸਰੀਰਕ ਸਿਹਤ ਅਤੇ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਜਿੱਥੇ ਅਨੇਕਾਂ ਲੱਭਤਾਂ ਜਿਵੇਂ ਟੀਕਾਕਰਨ, ਦਿਲ ਦੀ ਸਰਜਰੀ, ਗੁਰਦਿਆਂ ਦਾ ਬਦਲਣਾ, ਪਲਾਸਟਿਕ ਸਰਜਰੀ, ਕੈਂਸਰ ਦੇ ਇਲਾਜ ਸਾਡੀ ਪ੍ਰਾਪਤੀ ਹਨ, ਉੱਥੇ ਮਾਨਸਿਕ ਰੋਗਾਂ ਬਾਰੇ ਸਮਝ ਦਾ ਇੱਕ ਸੰਕਟ ਵੱਡੇ ਪੱਧਰ ’ਤੇ ਜਾਰੀ ਹੈ।
ਇਹ ਮਾਨਸਿਕ ਰੋਗਾਂ ਦੀ ਅਵਿਗਿਆਨਕ ਸਮਝ ਦਾ ਸਿੱਟਾ ਹੀ ਹੈ ਕਿ ਲੋਕ ਧਾਗੇ-ਤਵੀਤਾਂ, ਡੇਰਿਆਂ, ਬਾਬਿਆਂ ਪਿੱਛੇ ਤੁਰੇ ਫਿਰਦੇ ਹਨ। ਇਸ ਨੂੰ ਮਾਨਸਿਕ ਰੋਗਾਂ ਦੀ ਸਮਝ ਦੀ ਘਾਟ ਦਾ ਹਿੱਸਾ ਹੀ ਕਹਾਂਗੇ ਕਿ ਇਨ੍ਹਾਂ ਨੂੰ ਬਿਮਾਰੀਆਂ ਹੀ ਨਹੀਂ ਸਮਝਿਆ ਜਾਂਦਾ। ਮਰੀਜ਼ ਦੇ ਦੋਸਤ-ਮਿੱਤਰ, ਰਿਸ਼ਤੇਦਾਰ ਅਕਸਰ ਇਹੀ ਕਹਿੰਦੇ ਸੁਣੇ ਜਾਂਦੇ ਹਨ, “ਐਵੇਂ ਕਿਉਂ ਡਾਕਟਰਾਂ ਕੋਲ ਭਟਕਦੇ ਫਿਰਦੇ ਹੋ, ਕਿਉਂ ਦਵਾਈਆਂ ਖਵਾਈ ਜਾਂਦੇ ਹੋ, ਇਸ ’ਤੇ ਦਵਾਈਆਂ ਤਾਂ ਹੀ ਅਸਰ ਕਰਨ ਜੇ ਇਸ ਨੂੰ ਕੋਈ ਬਿਮਾਰੀ ਹੋਵੇ। ਇਸ ਨੂੰ ਓਪਰੀ ਹਵਾ ਨੇ ਘੇਰਿਆ ਹੋਇਆ ਹੈ, ਉਹ ਖਹਿੜਾ ਛੱਡੂਗੀ ਤਾਂ ਹੀ ਰਮਾਨ ਆਊ।”
ਇਸੇ ਤਰ੍ਹਾਂ ਹੀ ਮਾਨਸਿਕ ਰੋਗਾਂ ਵਿੱਚ ਕੋਈ ਸਰੀਰਕ ਟੈੱਸਟ ਕਰਵਾਉਣ ਮਗਰੋਂ ਭਾਵ ਖੂਨ, ਪੇਸ਼ਾਬ, ਐਕਸਰੇ, ਐੱਮ.ਆਰ.ਆਈ. ਆਦਿ ਕਰਵਾਉਣ ਮਗਰੋਂ ਕੋਈ ਤੱਥ ਸਾਹਮਣੇ ਨਹੀਂ ਆਉਂਦਾ। ਕੋਈ ਮਾਹਿਰ ਇਹ ਟੈੱਸਟ ਇਸ ਲਈ ਕਰਵਾਉਂਦਾ ਹੈ ਕਿ ਸਰੀਰਕ ਨੁਕਸ ਨੂੰ ਮਾਨਸਿਕ ਸਮੱਸਿਆ ਤੋਂ ਵਖਰਾਇਆ ਜਾ ਸਕੇ। ਕਿਸੇ ਟੈੱਸਟ ਵਿੱਚ ਕੋਈ ਨੁਕਸ ਨਾ ਆਉਣਾ ਸਗੋਂ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜ਼ਰੂਰ ਹੀ ਬਿਮਾਰੀ ਦਾ ਪਿਛੋਕੜ ਮਾਨਸਿਕ ਹੋਵੇਗਾ। ਜਦੋਂ ਕਿ ਅਨਪੜ੍ਹ ਲੋਕ ਜਾਂ ਹੋਰ ਸਲਾਹ ਦੇਣ ਵਾਲਿਆਂ ਨੂੰ ਇਹ ਕਹਿਣ ਦਾ ਮੌਕਾ ਮਿਲ ਜਾਂਦਾ ਹੈ, “ਦੇਖਿਆ! ਹੈ ਕੋਈ ਨੁਕਸ? ਛੱਡੋ ਅਜੇ ਵੀ ਖਹਿੜਾ ਇਨ੍ਹਾਂ ਡਾਕਟਰਾਂ ਦਾ, ਤੇ ਲੈ ਚੱਲੋ ਬਾਬਿਆਂ ਕੋਲ, ਉੱਥੇ ਹੀ ਕੰਮ ਸੂਤ ਆਊਗਾ।”
ਬਿਮਾਰੀ ਬਾਰੇ ਜਾਣਕਾਰੀ ਹਾਸਲ ਕਰਨ ਦਾ ਵਿਗਿਆਨਕ ਪਰਿਪੇਖ:
ਸਿਹਤ ਮਾਹਿਰਾਂ ਨੇ ਸੰਪੂਰਨ ਸਿਹਤ ਦਾ ਸੰਕਲਪ ਸਿਰਜਣ ਲਈ, ਬਿਮਾਰੀ ਦੇ ਚੱਕਰ ਨੂੰ ਸਮਝਿਆ। ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੋਈ ਵੀ ਵਿਅਕਤੀ ਬਿਮਾਰੀ ਦੀ ਜਕੜ ਵਿੱਚ ਕਿਸ ਤਰ੍ਹਾਂ ਆ ਜਾਂਦਾ ਹੈ। ਕਿਸੇ ਵੀ ਬਿਮਾਰੀ ਦੀ ਸ਼ੁਰੂਆਤ ਲਈ ਤਿੰਨ ਸਥਿਤੀਆਂ ਦੀ ਲੋੜ ਹੁੰਦੀ ਹੈ।
1. ਬਿਮਾਰੀ ਦਾ ਏਜੰਟ।
2. ਬਿਮਾਰੀ ਲਈ ਲੋੜੀਂਦਾ ਵਿਅਕਤੀ।
3. ਬਿਮਾਰੀ ਲਈ ਖਾਸ ਮਾਹੌਲ।
ਇਨ੍ਹਾਂ ਤਿੰਨਾਂ ਸਥਿਤੀਆਂ ਦੇ ਆਪਸੀ ਮੇਲ ਨਾਲ ਹੀ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ। ਜੇਕਰ ਇਨ੍ਹਾਂ ਵਿੱਚੋਂ ਇੱਕ ਸਥਿਤੀ ਵੀ ਸਾਜ਼ਗਾਰ ਨਹੀਂ ਹੈ ਤਾਂ ਬਿਮਾਰੀ ਨਹੀਂ ਹੋ ਸਕਦੀ। ਇਸ ਲਈ ਇਹ ਜਾਣਕਾਰੀ ਸਾਨੂੰ ਉਹ ਰਾਹ ਵੀ ਦੱਸਦੀ ਹੈ, ਜਿਸ ਨਾਲ ਅਸੀਂ ਬਿਮਾਰੀ ਉੱਤੇ ਕਾਬੂ ਪਾ ਸਕਦੇ ਹਾਂ ਜਾਂ ਬਿਮਾਰੀ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕ ਸਕਦੇ ਹਾਂ। ਸਰੀਰ ਦੀਆਂ ਬਿਮਾਰੀਆਂ ਸਮਝਣ ਲਈ ਇਸ ਜਾਣਕਾਰੀ ਦਾ ਇਸਤੇਮਾਲ ਕਰਦੇ ਹਾਂ ਤੇ ਬਿਮਾਰੀਆਂ ਦੇ ਚੱਕਰ ਦੇ ਵਿਗਿਆਨਕ ਪਹਿਲੂ ਨੂੰ ਸਮਝਦੇ ਹਾਂ।
1. ਬਿਮਾਰੀ ਦੇ ਏਜੰਟ ਹਨ: ਕੀਟਾਣੂ, ਜੀਵਾਣੂ, ਰਸਾਇਣਕ ਤੱਤ, ਖੁਰਾਕ ਦੇ ਤੱਤ।
2. ਬਿਮਾਰੀ ਲਈ ਲੋੜੀਂਦਾ ਮਨੁੱਖ: ਆਪਾਂ ਸਾਰੇ ਹੀ ਹਾਂ, ਕਦੇ ਵੀ ਕੋਈ ਬਿਮਾਰੀ ਦੇ ਘੇਰੇ ਵਿੱਚ ਆ ਸਕਦਾ ਹੈ।
3. ਬਿਮਾਰੀ ਲਈ ਖਾਸ ਮਾਹੌਲ ਹੈ: ਗੰਦਗੀ ਭਰਿਆ ਆਲ਼ਾ ਦੁਆਲ਼ਾ, ਫੈਕਟਰੀਆਂ, ਪ੍ਰਦੂਸ਼ਣ।
ਹੁਣ ਇਨ੍ਹਾਂ ਸਥਿਤੀਆਂ ਨੂੰ ਸਮਝੋ:
ਮੰਨ ਲਵੋ ਬਿਮਾਰੀ ਦੇ ਏਜੰਟ ਹਨ ਮਲੇਰੀਏ ਦੇ ਕੀਟਾਣੂ, ਜੋ ਕਿ ਮੱਛਰ ਵਿੱਚ ਹਨ। ਉਸ ਕੀਟਾਣੂ ਲਈ ਮਨੁੱਖ ਹਰ ਪਾਸੇ ਹੈ। ਜੇਕਰ ਅਸੀਂ ਆਲੇ ਦੁਆਲੇ ਦਾ ਮਾਹੌਲ ਬਦਲ ਲਈਏ ਭਾਵ ਮੱਛਰਦਾਨੀ ਲਗਾ ਲਈਏ ਜਾਂ ਕੋਈ ਕਰੀਮ ਆਦਿ ਤਾਂ ਬਿਮਾਰੀ ਦੀ ਸਥਿਤੀ ਟਲ ਜਾਵੇਗੀ।
ਦੂਸਰੀ ਹਾਲਤ ਵਿੱਚ ਏਜੰਟ ਹੈ ਮਿਆਦੀ ਬੁਖਾਰ ਦਾ ਜੀਵਾਣੂ ਜੋ ਪਾਣੀ ਵਿੱਚ ਹੁੰਦਾ ਹੈ, ਜਾਂ ਦੁੱਧ ਵਿੱਚ। ਤੁਸੀਂ ਪਾਣੀ ਵਿੱਚ ਕਲੋਰੀਨ ਪਾ ਲਈ, ਜਾਂ ਦੁੱਧ ਉਬਾਲ ਕੇ ਪੀ ਲਿਆ, ਏਜੰਟ ਖਤਮ। ਮਨੁੱਖ ਭਾਵੇਂ ਜੋ ਹੋਵੇ ਤੇ ਭਾਵੇਂ ਜਿਹੋ ਜਿਹਾ ਮਰਜ਼ੀ ਮਾਹੌਲ ਹੋਵੇ, ਬਿਮਾਰੀ ਨਹੀਂ ਹੋਵੇਗੀ।
ਤੀਸਰੀ ਸਥਿਤੀ ਹੈ, ਮਨੁੱਖ ਦੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਇੱਕ ਕੁਦਰਤੀ ਤਾਕਤ। ਜੇਕਰ ਮਨੁੱਖ ਦੀ ਇਸ ਤਾਕਤ ਨੂੰ ਹੋਰ ਵਧਾ ਦੇਈਏ, ਉਸ ਨੂੰ ਹਿਫਾਜ਼ਤੀ ਟੀਕੇ ਲਗਾ ਕੇ ਜਾਂ ਚੰਗੀ ਖੁਰਾਕ ਖਵਾ ਕੇ, ਤਾਂ ਵੀ ਬਿਮਾਰੀ ਨਹੀਂ ਹੋਵੇਗੀ। ਪੋਲੀਓ ਦੀਆਂ ਬੂੰਦਾਂ ਪਿਲਾ ਕੇ ਬਿਮਾਰੀ ਨੂੰ ਖਤਮ ਕਰਨਾ, ਇਸ ਸਥਿਤੀ ਨੂੰ ਨਜਿੱਠਣਾ ਹੀ ਤਾਂ ਹੈ।
ਇਸ ਤਰ੍ਹਾਂ ਬਿਮਾਰੀ ਨੂੰ ਇਨ੍ਹਾਂ ਪਹਿਲੂਆਂ ਤੋਂ ਸਮਝਣ ਦੀ ਲੋੜ ਹੈ। ਇਹ ਸਥਿਤੀਆਂ ਸਿਰਫ ਸਰੀਰਿਕ ਬਿਮਾਰੀਆਂ ਸਮਝਣ ਲਈ ਹੀ ਨਹੀਂ ਹਨ, ਮਾਨਸਿਕ ਰੋਗਾਂ ਨੂੰ ਵੀ ਇਸ ਢੰਗ ਨਾਲ ਸਮਝਿਆ ਜਾਣਾ ਚਾਹੀਦਾ ਹੈ।
ਮਾਨਸਿਕ ਰੋਗਾਂ ਦੀ ਇੱਕ ਉਦਾਹਰਣ ਲੈਂਦੇ ਹਾਂ:
ਬਿਮਾਰੀ ਦਾ ਏਜੰਟ ਹੈ : ਤਣਾਓ।
ਮਨੁੱਖ : ਕਮਜ਼ੋਰ ਸ਼ਖ਼ਸੀਅਤ।
ਮਾਹੌਲ : ਰੋਜ਼ ਮਰ੍ਹਾ ਵਾਪਰਨ ਵਾਲੀਆਂ ਜ਼ਿੰਦਗੀਆਂ ਦੀਆਂ ਘਟਨਾਵਾਂ।
ਹੁਣ ਜੇਕਰ ਆਪਾਂ ਤਣਉ ਪੈਦਾ ਹੀ ਨਾ ਹੋਣ ਦੇਈਏ ਜਾਂ ਵਿਅਕਤੀ ਨੂੰ ਤਣਾਉ ਸਹਿਣ ਦੇ ਕਾਬਲ ਬਣਾ ਦੇਈਏ ਜਾਂ ਤਣਾਉ ਪੂਰਨ ਸਥਿਤੀਆਂ ਵਿੱਚ ਉਲਾਰ ਨਾ ਹੋਈਏ, ਭੜਕੀਏ ਨਾ, ਨਾ ਹੀ ਰੋਈਏ, ਚੀਖੀਏ। ਇਨ੍ਹਾਂ ਤਿੰਨਾਂ ਵਿੱਚੋਂ ਇੱਕ ਸਥਿਤੀ ਨੂੰ ਵੀ ਕਾਰਗਰ ਤਰੀਕੇ ਨਾਲ ਲਾਗੂ ਕਰ ਲਈਏ ਤਾਂ ਮਾਨਸਿਕ ਰੋਗਾਂ ਨੂੰ ਕਾਫੀ ਹੱਦ ਤਕ ਰੋਕਿਆ ਜਾ ਸਕਦਾ ਹੈ।
ਮਾਨਸਿਕ ਰੋਗਾਂ ਬਾਰੇ ਸਮਝ ਦੇ ਸੰਕਟ ਕੁਝ ਇਸ ਤਰ੍ਹਾਂ ਦੇ ਹਨ:
ਮਾਨਸਿਕ ਰੋਗਾਂ ਦੇ ਪ੍ਰਗਟਾਵੇ ਦਾ ਸੰਕਟ:
ਮਨੋਰੋਗ ਹਨ - ਮਨ ਦੇ ਰੋਗ। ਇਨ੍ਹਾਂ ਰੋਗਾਂ ਪਿੱਛੇ ਛੁਪੇ ਕਾਰਨਾਂ ਨੂੰ ਸਮਝੇ ਬਿਨਾਂ ਯਕੀਨਨ ਹੀ ਇਨ੍ਹਾਂ ਬਿਮਾਰੀਆਂ ਦੇ ਪ੍ਰਗਟਾਵੇ ਦੀ ਜਾਣਕਾਰੀ ਭੰਬਲ਼ਭੂਸਾ ਹੀ ਪਾਵੇਗੀ।
ਸਰੀਰ ਦੇ ਸਾਰੇ ਅੰਗਾਂ ਬਾਰੇ, ਬਿਮਾਰੀ ਦੇ ਲੱਛਣਾਂ ਦੀ ਘੋਖ ਕਰੀਏ ਤਾਂ ਸਪਸ਼ਟ ਹੋ ਜਾਵੇਗਾ ਕਿ ਫੇਫੜੇ ਸਰੀਰ ਵਿੱਚ ਸਾਹ ਲੈਣ ਲਈ ਹਨ ਅਤੇ ਕਿਸੇ ਬਿਮਾਰੀ ਵੇਲੇ ਸਾਹ ਵਿੱਚ ਤਕਲੀਫ ਹੋਵੇਗੀ। ਆਂਤੜੀਆਂ ਦਾ ਕੰਮ ਖੁਰਾਕ ਨੂੰ ਹਜ਼ਮ ਕਰਨ ਵਿੱਚ ਹੈ, ਇਸ ਲਈ ਇਸ ਪ੍ਰਣਾਲੀ ਦੇ ਨੁਕਸ ਵੇਲੇ ਕਬਜ਼ੀ ਜਾਂ ਟੱਟੀਆਂ ਲੱਗਣਗੀ। ਗੁਰਦੇ ਦੇ ਨੁਕਸ ਵੇਲੇ ਪਿਸ਼ਾਬ ਦੀ ਤਕਲੀਫ ਹੋਵੇਗੀ। ਇਸ ਤੋਂ ਇਲਾਵਾ ਇਹ ਕਿ ਨੁਕਸ ਕਿਸ ਕਿਸਮ ਦਾ ਹੈ, ਮਤਲਬ ਜੀਵਾਣੂਆਂ ਦਾ ਹਮਲਾ ਹੈ ਜਾਂ ਸਰੀਰ ਦੇ ਹਾਰਮੋਨਜ਼ ਅਤੇ ਖਣਿਜਾਂ ਵਿੱਚ ਨੁਕਸ ਹੈ ਜਾਂ ਕਿਸੇ ਰਸਾਇਣਕ ਤੱਤ ਨੇ ਸਰੀਰ ਵਿੱਚ ਪ੍ਰਵੇਸ਼ ਕਰਕੇ ਕੋਈ ਤਬਦੀਲੀ ਲਿਆਂਦੀ ਹੈ।
ਇਸੇ ਤਰ੍ਹਾਂ ਹੀ ਮਾਨਸਿਕ ਰੋਗਾਂ ਦੇ ਪ੍ਰਗਟਾਵੇ ਬਾਰੇ ਸਮਝਣ ਦੀ ਲੋੜ ਹੈ। ਮਨ ਦੀ ਬਣਤਰ ਅਤੇ ਉਸ ਬਣਤਰ ਵਿੱਚ ਵਿਗਾੜ, ਤਰੇੜ ਪੈਣ ਨਾਲ ਪੈਦਾ ਹੋਣ ਵਾਲੇ ਲੱਛਣਾਂ ਦੀ ਜਾਣਕਾਰੀ। ਹੁਣ ਇੱਥੇ ਸੰਕਟ ਇਹ ਖੜ੍ਹਾ ਹੋ ਜਾਂਦਾ ਹੈ ਕਿ ਮਨ ਦੀ ਬਣਤਰ ਕਿਹੋ ਜਿਹੀ ਹੈ? ਇਹ ਕਿੱਥੇ ਹੈ? ਇਸਦੇ ਅਨੇਕਾਂ ਨਾਂ ਹਨ, ਅਨੇਕਾਂ ਰੂਪ। ਦਾਰਸ਼ਨਿਕ, ਮਨੋਵਿਗਿਆਨੀ, ਸਮਾਜ ਸ਼ਾਸਤਰੀ, ਧਾਰਮਿਕ ਲੋਕਾਂ ਦਾ ਆਪਣਾ ਆਪਣਾ ਸੰਕਲਪ ਹੈ, ਜੋ ਮਨੋਰੋਗਾਂ ਦੀ ਸਮਝ ਨੂੰ ਸੁਲਝਾਉਣ ਦੀ ਬਜਾਏ ਪੇਚੀਦਾ ਕਰ ਦਿੰਦਾ ਹੈ। ਇਸੇ ਸੰਦਰਭ ਵਿੱਚ ਅਸੀਂ ਮਨ ਨੂੰ ਸੱਟ ਲੱਗਣ ਦੀ ਗੱਲ ਕਰਦੇ ਹਾਂ ਜਾਂ ਮਨ ਵਿੱਚ ਕਿਸੇ ਨੁਕਸ ਬਾਰੇ ਕਹਿੰਦੇ ਹਾਂ ਤਾਂ ਫਿਰ ਇਸ ਤਰ੍ਹਾਂ ਲਗਦਾ ਹੈ ਕਿ ਜਦੋਂ ਇਸਦੀ ਹੋਂਦ ਹੀ ਸਪਸ਼ਟ ਨਹੀਂ ਤਾਂ ਸੱਟ ਵਾਲੀ ਕਿਹੜੀ ਗੱਲ ਹੈ। ਪਰ ਆਪਾਂ ਗੱਲਾਂਬਾਤਾਂ ਰਾਹੀਂ ਕਹਿੰਦੇ ਹਾਂ ‘ਤੂੰ ਮੇਰੇ ਮਨ ਨੂੰ ਚੋਟ ਪਹੁੰਚਾਈ ਹੈ, ਚੰਗਾ ਨਹੀਂ ਕੀਤਾ। ਕੋਈ ਕਹਿੰਦਾ ਹੈ ‘ਤੂੰ ਮੇਰੀ ਆਤਮਾ ਨੂੰ ਦੁਖੀ ਕੀਤਾ ਹੈ।’
ਮੈਂ ਤਾਂ ਕਹਿੰਦਾ ਹਾਂ ਕਿ ਮਨ, ਆਤਮਾ, ਸੈਲਫ, ਆਪਾ ਆਦਿ ਇੱਕੋ ਹੀ ਚੀਜ਼ ਹਨ, ਪਰ ਸਾਰੇ ਸਹਿਮਤ ਕਿਵੇਂ ਹੋਣ, ਜਦੋਂ ਸਹਿਮਤ ਹੋਣ ਦਾ ਆਧਾਰ ਇੱਕ ਨਾ ਹੋਵੇ। ਆਤਮਾ ਸ਼ਬਦ ਧਾਰਮਿਕ ਸੰਸਥਾਵਾਂ ਵਾਲੇ ਆਪਣੇ ਸੰਦਰਭ ਵਿੱਚ ਇਸਤੇਮਾਲ ਕਰਦੇ ਹਨ। ਉਹ ਇਸ ਭੰਬਲਭੂਸੇ ਨੂੰ ਮਰਨ ਲਈ, ਸਿਹਤ ਦੀ ਪ੍ਰੀਭਾਸ਼ਾ ਵਿੱਚ ਆਤਮਿਕ ਸਿਹਤ ਨੂੰ ਜੋੜਨ ’ਤੇ ਵੀ ਜ਼ੋਰ ਦੇ ਰਹੇ ਹਨ। ਮਾਨਸਿਕ ਰੋਗਾਂ ਦੇ ਲੱਛਣਾਂ ਨੂੰ ਲੈ ਕੇ ਇੱਕ ਨੁਕਤਾ ਇਹ ਸਮਝਣਾ, ਜਾਣਨਾ ਚਾਹੀਦਾ ਹੈ ਕਿ ਮਨ ਦੀ ਬਣਤਰ ਵਿੱਚ ਅਨੇਕਾਂ ਵਿਅਕਤੀਆਂ, ਸੰਸਥਾਵਾਂ ਆਦਿ ਦੇ ਵਿਚਾਰਾਂ ਦਾ ਯੋਗਦਾਨ ਹੁੰਦਾ ਹੈ। ਜਿਵੇਂ ਸਰੀਰ ਦੀ ਬਣਤਰ ਵਿੱਚ ਖੁਰਾਕ ਦੇ ਵੱਖ ਵੱਖ ਤੱਤਾਂ, ਸਾਫ ਸੁਥਰੀ ਹਵਾ, ਪਾਣੀ ਆਦਿ ਦਾ ਜੀਵਾਣੂ ਦੇ ਹਮਲੇ ਤੋਂ ਬਚਾ ਲਈ ਯੋਗਦਾਨ ਹੈ। ਇਹ ਵਿਅਕਤੀ ਅਤੇ ਸੰਸਥਾਵਾਂ ਸੱਭਿਆਚਾਰਕ ਅਤੇ ਧਾਰਮਿਕ ਵਖਰੇਵਿਆਂ ਕਾਰਨ ਵੱਖ ਵੱਖ ਪ੍ਰਭਾਵ ਪਾਉਂਦੀਆਂ ਹਨ। ਭਾਸ਼ਾ ਦੇ ਵਖਰੇਵੇਂ ਤੋਂ ਲੈ ਕੇ ਜਾਤ, ਧਰਮ, ਰੰਗ ਭੇਦ, ਆਰਥਿਕ ਵਖਰੇਵੇਂ ਹਨ। ਜਦੋਂ ਮਨ ਨੂੰ ਸੱਟ ਲਗਦੀ ਹੈ ਤਾਂ ਉਸ ਸੱਟ ਦਾ ਪ੍ਰਗਟਾਵਾ ‘ਵਿਚਾਰਾ’ ਰਾਹੀਂ ਹੁੰਦਾ ਹੈ- ਮਨ ਦੀ ਉਸਾਰੀ ਹੁੰਦੀ ਹੈ। ਵਿਚਾਰਾਂ ਰਾਹੀਂ ਹੈ; ਵਿਚਾਰਾਂ ਦਾ ਪ੍ਰਗਟਾਵਾ ਹੁੰਦਾ ਹੈ, ਬੋਲਚਾਲ ਰਾਹੀਂ। ਇਹ ਗੱਲ ਹੈ ਕਿ ਵਿਚਾਰਾਂ ਦੀ ਪਕੜ ਨਾ ਕੋਈ ਟੈੱਸਟ ਕਰ ਸਕਦਾ ਹੈ, ਨਾ ਐਕਸ-ਰੇ ਅਤੇ ਨਾ ਹੀ ਅਲਟਰਾਸਾਊਂਡ। ਮਨ ਵੀ ਇੱਕ ਮਨੁੱਖੀ ਪ੍ਰਵਿਰਤੀ ਦੀ ਅਜਿਹੀ ਨਵੇਕਲੀ ਪ੍ਰਾਪਤੀ ਹੈ ਜਿਸਦਾ ਕੋਈ ਠੋਸ ਰੂਪ ਨਹੀਂ ਜੋ ਕਿਸੇ ਫੋਟੋਗ੍ਰਾਫੀ ਵਿੱਚ ਆ ਸਕੇ।
ਵਿਅਕਤੀ ਆਪਣੇ ਵਿਚਾਰਾਂ ਰਾਹੀਂ ਰੱਬ (ਜਿਸਦੀ ਕੋਈ ਹੋਂਦ ਨਹੀਂ) ਨੂੰ ਗੁੱਸੇ ਹੁੰਦਾ ਹੈ, ਕਦੇ ਪਿਤਾ-ਪੁਰਖਿਆਂ (ਜੋ ਜੀਵਤ ਨਹੀਂ) ਨੂੰ, ਕਦੇ ਧਾਰਮਿਕ-ਰਾਜਨੀਤਕ ਨੇਤਾਵਾਂ ਦੀ ਭੰਡੀ ਕਰਦਾ ਹੈ। ਕਦੇ ਕਿਸੇ ਦੀ ਪੂਜਾ ਕਰਦਾ ਹੈ ਤੇ ਕਦੇ ਕਿਸੇ ਨੂੰ ਦੋਸ਼ੀ ਠਹਿਰਾਉਂਦਾ ਹੈ।
ਹਰ ਇੱਕ ਵਿਅਕਤੀ ਦੇ ਆਲੇ ਦੁਆਲੇ ਵਿੱਚ ਵੱਖਰੇ-ਵੱਖਰੇ ਲੋਕ ਵਸਦੇ ਹਨ। ਉਹੀ ਲੋਕ, ਜਿਨ੍ਹਾਂ ਨੇ ਉਸਦੇ ਵਿਅਕਤਿਤਵ (ਮਨ) ਦੇ ਵਿਕਾਸ ਵਿੱਚ ਹਿੱਸਾ ਪਾਇਆ ਹੈ। ਉਹ ਆਪਣੀ ਮਾਨਸਿਕ ਸਮੱਸਿਆ ਦਾ ਪ੍ਰਗਟਾਵਾ ਉਨ੍ਹਾਂ ਰਾਹੀਂ ਕਰਦਾ ਹੈ। ਲੋਕ ਸਮਝਦੇ ਹਨ, ਉਹ ਡੇਰੇ ਦੇ ਬਾਬੇ ਦੇ ਖਿਲਾਫ ਬੋਲ ਰਿਹਾ ਹੈ, ਪੁਰਖਿਆਂ ਨੂੰ ਗਾਲ੍ਹਾਂ ਕੱਢ ਰਿਹਾ ਹੈ। ਕੋਈ ਕਹਿੰਦਾ ਹੈ, ਉਹ ਖੁਦ ਨਹੀਂ ਬੋਲ ਰਿਹਾ, ਉਸ ਨੂੰ ਕੋਈ ਓਪਰੀ ਸ਼ੈਅ/ਓਪਰੀ ਹਵਾ ਬੁਲਵਾ ਰਹੀ ਹੈ, ਕੋਈ ਭੂਤ-ਪ੍ਰੇਤ ਹੈ। ਫਿਰ ਇਲਾਜ ਹੁੰਦਾ ਹੈ। ਕਿਹਾ ਜਾਂਦਾ ਹੈ, ਕਿਸੇ ਸਿਆਣੇ ਕੋਲ ਪਹੁੰਚ ਕੀਤੀ ਜਾਵੇ, ਜੋ ਇਨ੍ਹਾਂ ਪਰਾਈਆਂ ਆਤਮਾਵਾਂ ਨੂੰ ਭਜਾਉਣ ਦਾ ਮਾਹਿਰ ਹੋਵੇ।
ਹੁਣ ਸਮਝਣ ਦੀ ਲੋੜ ਇਹ ਹੈ ਕਿ ਵਿਅਕਤੀ (ਮਨੋਰੋਗੀ) ਜਿਸਦੇ ਵਿਵਹਾਰ-ਵਿਚਾਰ ਵਿੱਚ ਤਬਦੀਲੀ ਆਈ ਹੈ, ਇਹ ਉਸਦੇ ਲੱਛਣ ਹਨ। ਇੱਕ ਮਨੋਰੋਗੀ ਮਾਹਿਰ ਡਾਕਟਰ ਉਸ ਵਿਅਕਤੀ ਦੀ ਗੱਲਬਾਤ ਨੂੰ ਧਿਆਨ ਨਾਲ ਸੁਣਦਾ ਹੈ ਤੇ ਫਿਰ ਸਾਂਝੇ ਨੁਕਤੇ ਉਸਾਰਦਾ ਹੈ। ਜਿਵੇਂ ਗੱਲਬਾਤ ਵਿੱਚ ਨਿਰਾਸ਼ਾ, ਜ਼ਿੰਦਗੀ ਤੋਂ ਉਕਤਾਉਣਾ, ਮਰਨ ਦੀ ਇੱਛਾ, ਪਛਤਾਵੇ ਦੀ ਭਾਵਨਾ, ਮਾਯੂਸੀ ਆਦਿ ਅਜਿਹੇ ਨੁਕਤੇ ਹਨ ਜੋ ਕਿ ਮਰੀਜ਼ ਕਿਸੇ ਭਾਸ਼ਾ ਵਿੱਚ, ਕਿਸੇ ਸ਼ੈਲੀ ਵਿੱਚ, ਕਿਸੇ ਵੀ ਪਾਤਰ ਜ਼ਰੀਏ ਇਸਦਾ ਪ੍ਰਗਟਾਵਾ ਕਰੇ ਤਾਂ ਇੱਕ ਗੱਲ ਉੱਭਰ ਕੇ ਆਉਂਦੀ ਹੈ ਕਿ ਉਸ ਨੂੰ ‘ਉਦਾਸੀ ਰੋਗ’ ਹੈ। ਇਸੇ ਤਰ੍ਹਾਂ ਹੋਰ ਵਿਅਕਤੀਆਂ ’ਤੇ ਸ਼ੱਕ ਕਰਨਾ, ਸ਼ੱਕ ਨੂੰ ਪੱਕਾ ਕਰਨ ਲਈ ਮਨਘੜਤ ਕਹਾਣੀਆਂ ਪਾਉਣਾ, ਗੱਲਬਾਤ ਵਿੱਚ ਕੋਈ ਸੰਪਰਕ ਨਾ ਹੋਣਾ (ਸੰਪਰਕ ਦੀ ਸਥਿਤੀ ਇਹ ਹੁੰਦੀ ਹੈ ਕਿ ਬੋਲਣ ਵਾਲੇ ਨੂੰ ਵੀ ਪਤਾ ਨਹੀਂ ਹੁੰਦਾ ਕਿਉਂਕਿ ਉਹ ਇੱਕ ਵਿਸ਼ੇ ’ਤੇ ਕੇਦਿਰਤ ਨਹੀਂ ਹੁੰਦਾ ਤੇ ਨਾ ਹੀ ਸਾਹਮਣੇ ਬੈਠੇ ਨਾਲ ਸੰਪਰਕ ਜੁੜਦਾ ਹੈ) ਤਾਂ ਸ਼ਕੀਜੈਫਰੀਨਿਆ (Schizophrenia) ਅਖਵਾਉਂਦਾ ਹੈ। ਉਸੇ ਤਰ੍ਹਾਂ ਉਨਮਾਦ ਜਾਂ ਸਨਕੀ ਦੀਆਂ ਨਿਸ਼ਾਨੀਆਂ ਹਨ। ਇਸ ਸਾਰੀ ਗੱਲ ਦਾ ਸਿੱਟਾ ਇਹ ਹੈ ਕਿ ਮਾਨਸਿਕ ਰੋਗੀ ਦੀ ਗੱਲਬਾਤ ਵਿੱਚੋਂ ਉਸ ਦੀ ਬਿਮਾਰੀ ਦੀ ਪਛਾਣ ਲੱਭਣੀ ਚਾਹੀਦੀ ਹੈ ਨਾ ਕਿ ਉਸ ਨੂੰ ਵੈਸੇ ਹੀ ‘ਪਾਗਲ’ ਕਹਿ ਕੇ ਨਕਾਰਨਾ ਜਾਂ ਮਜ਼ਾਕ ਬਣਾਉਣਾ ਚਾਹੀਦਾ ਹੈ।
ਅਸਲੀ ਬਿਮਾਰੀ ਦੀ ਪਛਾਣ ਦਾ ਸੰਕਟ:
ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਕਿਆ ਸੁਣਾਉਂਦਾ ਹਾਂ। ਮੇਰੇ ਲੇਖਾਂ ਨੂੰ ਪੜ੍ਹਕੇ ਇੱਕ ਵਿਅਕਤੀ ਨੇ ਮੈਨੂੰ ਕਿਹਾ, “ਡਾਕਟਰ ਸਾਹਿਬ, ਉਦਾਸੀ ਵੀ ਕੋਈ ਰੋਗ ਹੁੰਦਾ ਹੈ?” ਮੇਰਾ ਇੱਕ ਪੂਰਾ ਲੇਖ ‘ਉਦਾਸੀ ਰੋਗ’ ਨਾਂ ਹੇਠ ਸਮਤਾ ਵਿੱਚ ਛਪਿਆ ਸੀ। ਉਹ ਵਿਅਕਤੀ ਚੰਗਾ ਪੜ੍ਹਾ ਲਿਖਿਆ ਹੈ। ਮੈਂ ਗੌਰ ਨਾਲ ਸੋਚਿਆ ਤਾਂ ਸਹੀ ਹੀ ਲੱਗਿਆ ਕਿ ਮਾਨਸਿਕ ਪ੍ਰੇਸ਼ਾਨੀ, ਤਣਾਉ, ਉਦਾਸੀ ਆਮ ਜ਼ਿੰਦਗੀ ਵਿੱਚ ਹੁੰਦੀਆਂ ਹੀ ਹਨ। ਕੋਈ ਵੀ ਇਨ੍ਹਾਂ ਨੂੰ ਰੋਗ ਸਮਝਦਾ ਹੀ ਨਹੀਂ। ਪਰ ਇਸ ਗੱਲ ’ਤੇ ਵਿਚਾਰ ਕਰਦਿਆਂ ਮੇਰੇ ਦਿਮਾਗ ਵਿੱਚ ਇਹ ਖਿਆਲ ਆਇਆ ਕਿ ਮਾਨਸਿਕ ਰੋਗਾਂ ਦੀ ਸਥਿਤੀ ਵਿੱਚ ਬਿਮਾਰੀ ਅਤੇ ਬਿਮਾਰੀ ਦੇ ਲੱਛਣਾਂ ਵਿੱਚ ਫਰਕ ਕਰ ਸਕਣ ਦੀ ਸਮਰੱਥਾ ਵਿੱਚ ਘਾਟ ਹੈ। ਉਦਾਹਰਣ ਵਜੋਂ ਬੁਖਾਰ ਕੋਈ ਬਿਮਾਰੀ ਨਹੀਂ ਹੈ, ਇਹ ਕਿਸੇ ਬਿਮਾਰੀ ਦਾ ਲੱਛਣ ਹੈ। ਬੁਖਾਰ ਹੋਣਾ, ਸਿਰ ਦਰਦ, ਜੀ ਮਤਲਾਉਣਾ, ਉਲਟੀਆਂ ਆਉਣੀਆਂ ਆਦਿ ਮਰੀਜ਼ ਖੁਦ ਆ ਕੇ ਦੱਸਦਾ ਹੈ। ਇਨ੍ਹਾਂ ਲੱਛਣਾਂ ਨੂੰ ਮੁੱਖ ਰੱਖ ਕੇ ਡਾਕਟਰ ਨੇ ਬਿਮਾਰੀ ਲੱਭਣੀ ਹੁੰਦੀ ਹੈ।
ਇਸੇ ਉਦਾਹਰਣ ਨੂੰ ਅੱਗੇ ਤੋਰਦੇ ਹਾਂ ਕਿ ਬੁਖਾਰ ਦਾ ਕਾਰਨ ਹੈ ਮਲੇਰੀਆ, ਟਾਈਫਾਈਡ, ਟੀ.ਬੀ. ਜਾਂ ਕਿਸੇ ਹੋਰ ਜੀਵਾਣੂ ਜਾਂ ਵਿਸ਼ਾਣੂ ਦਾ ਹਮਲਾ। ਹੁਣ ਇਹ ਪਛਾਨਣ ਦੀ ਲੋੜ ਹੈ ਕਿ ਅਸਲ ਵਿੱਚ ਕਿਸ ਜੀਵਾਣੂ ਦਾ ਹਮਲਾ ਹੈ ਤਾਂ ਜੋ ਉਸ ਜੀਵਾਣੂ ਮੁਤਾਬਕ ਸਹੀ ਇਲਾਜ ਹੋ ਸਕੇ। ਬੁਖਾਰ ਦਾ ਇਲਾਜ ਜਾਂ ਸਿਰ-ਦਰਦ ਦਾ ਇਲਾਜ ਤਾਂ ਮਹਿਜ਼ ਡੰਗ ਟਪਾਊ ਹੈ। ਜੇਕਰ ਬਿਮਾਰੀ ਦਾ ਅਸਲੀ ਕਾਰਨ ਮੌਜੂਦ ਰਹਿੰਦਾ ਹੈ ਤਾਂ ਬੁਖਾਰ ਦਾ ਹਮਲਾ ਹੁੰਦਾ ਰਹੇਗਾ। ਜਦੋਂ ਬੁਖਾਰ ਦੀ ਗੋਲੀ ਖਾਧੀ ਠੀਕ, ਜਦੋਂ ਉਸ ਦਾ ਅਸਰ ਮੁੱਕ ਗਿਆ, ਕੰਮ ਖਤਮ ਤੇ ਬੁਖਾਰ ਫਿਰ ਸ਼ੁਰੂ।
ਇਸੇ ਗੱਲ ਨੂੰ ਮਾਨਸਿਕ ਰੋਗਾਂ ’ਤੇ ਲਾਗੂ ਕਰਕੇ ਦੇਖੋ। ਇਸ ਵਿੱਚ ਤਾਂ ਲੱਛਣਾਂ ਨੂੰ ਹੀ ਬਿਮਾਰੀ ਦਾ ਨਾਂ ਦਿੱਤਾ ਗਿਆ ਹੈ। ਇੱਥੇ ਬਿਮਾਰੀ ਦੀ ਤਹਿ ਤਕ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਅੰਤਰਰਾਸ਼ਟਰੀ ਪੱਧਰ ’ਤੇ ਵੀ ਬਿਮਾਰੀਆਂ ਦੀ ਨਾਮਕਰਣ ਸੂਚੀ ਵਿੱਚ ਇਹੀ ਨਾਂ ਦਰਜ ਹਨ। ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਕੋਈ ਮਰੀਜ਼ ਆ ਕੇ ਕਹੇ ਕਿ ਮੈਂ ਅੱਜ ਕੱਲ੍ਹ ਬਹੁਤ ਉਦਾਸ ਰਹਿੰਦਾ ਹਾਂ ਜਾਂ ਕੋਈ ਮਿੱਤਰ, ਰਿਸ਼ਤੇਦਾਰ ਆ ਕੇ ਉਸ ਦੇ ਚੁੱਪ, ਉਦਾਸ ਰਹਿਣ ਬਾਰੇ ਕਹੇ ਤਾਂ ਬਿਮਾਰੀ ਦਾ ਨਾਂ ‘ਉਦਾਸੀ ਰੋਗ।’ ਜੇ ਕੋਈ ਕਹੇ ਕਿ ਇਹ ਅੱਜ ਕੱਲ੍ਹ ਵਾਧੂ ਫਿਕਰ ਕਰਦਾ ਹੈ ਤੇ ਛੇਤੀ ਤਣਾਉ ਵਿੱਚ ਆ ਜਾਂਦਾ ਹੈ ਤਾਂ ਬਿਮਾਰੀ ‘ਫਿਕਰ ਰੋਗ’, ਜੇਕਰ ਉਦਾਸੀ ਅਤੇ ਉਨਮਾਦ ਵਾਰੋ ਵਾਰੀ ਹੁੰਦਾ ਹੈ ਤਾਂ ਨਾਂ ਹੈ ਐੱਮ.ਡੀ.ਪੀ., ਜੇ ਬਹੁਤ ਜ਼ਿਆਦਾ ਡਰ ਲਗਦਾ ਤਾਂ ਬਿਮਾਰੀ ‘ਡਰ’ ਰੋਗ’ ਤੇ ਇਸੇ ਤਰ੍ਹਾਂ ਖਬਤੀ, ਹਿਸਟੀਰੀਆ ਆਦਿ।
ਅਸਲ ਵਿੱਚ ਮਰੀਜ਼ ਵੱਲੋਂ ਦੱਸੇ ਗਏ ਅਜਿਹੇ ਸਾਰੇ ਲੱਛਣਾਂ ਨੂੰ ਹੀ ਜੇਕਰ ਬਿਮਾਰੀਆਂ ਗਿਣਿਆ ਜਾਂਦਾ ਹੈ ਤਾਂ ਆਪਾਂ ਚੰਗੀ ਤਰ੍ਹਾਂ ਸੋਚ ਸਕਦੇ ਹਾਂ ਕਿ ਇਨ੍ਹਾਂ ਦਾ ਇਲਾਜ ਕੀ ਹੋਵੇਗਾ? ‘ਉਦਾਸੀ ਰੋਗ’ ਲਈ ਉਹ ਦਵਾਈ ਜੋ ਕਿ ਸਰੀਰ ਵਿੱਚ ਉਹ ਤੱਤ ਜਾਂ ਐੱਨਜ਼ਾਈਮਜ਼, ਹਾਰਮੋਨਜ਼ ਆਦਿ ਵਿੱਚ ਤਬਦੀਲੀ ਲਿਆਉਣ ਜਾਂ ਜੋ ਉਦਾਸੀ ਪੈਦਾ ਕਰਨ ਵਾਲੇ ਤੱਤਾਂ ਨੂੰ ਘਟਾਉਣ ਤੇ ਵਿਅਕਤੀ ਦਾ ਮੂਡ ਠੀਕ ਹੋ ਜਾਵੇ। ਇਹ ਠੀਕ ਹੈ ਕਿ ਵਿਅਕਤੀ ਠੀਕ ਹੋ ਜਾਂਦਾ ਹੈ, ਪਰ ਜਦੋਂ ਦਵਾਈ ਬੰਦ ਕਰਨ ਦੀ ਗੱਲ ਆਉਂਦੀ ਹੈ ਜਾਂ ਦਵਾਈ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਸਥਿਤੀ ਵਾਪਸ ਪਲਟ ਕੇ ਆ ਜਾਂਦੀ ਹੈ।
ਦਰਅਸਲ ਮੁੱਖ ਗੱਲ ਇਹ ਹੈ ਕਿ ਉਸ ਪਹਿਲੂ ਵੱਲ ਝਾਤ ਹੀ ਨਹੀਂ ਪਾਈ ਗਈ ਕਿ ਉਹ ਕੀ ਕਾਰਨ ਹਨ, ਜਿਸ ਨਾਲ ਉਦਾਸੀ ਪੈਦਾ ਕਰਨ ਵਾਲੇ ਤੱਤ ਸਰੀਰ ਵਿੱਚ ਸ਼ਾਮਲ ਹੋਏ ਜਾਂ ਸਰੀਰ ਨੂੰ ਸਹਿਜਤਾ ਵਿੱਚ ਰੱਖਣ ਵਾਲੇ ਮਾਹੌਲ ਦਾ ਸੰਤੁਲਨ ਵਿਗੜਿਆ।
ਡਾ. ਵਿਦਿਆਸਾਗਰ ਬਹੁਤ ਹੀ ਮਿਹਨਤੀ, ਮਰੀਜ਼ਾਂ ਨਾਲ ਮੋਹ-ਪਿਆਰ ਕਰਨ ਵਾਲੇ ਮਨੋਰੋਗ ਮਾਹਿਰ ਸਨ। ਇੱਕ ਵਾਰੀ ਕਿਸੇ ਨੇ ਉਨ੍ਹਾਂ ਤੋਂ ਪੁੱਛਿਆ, “ਤੁਹਾਡੇ ਕੋਲ ਆ ਕੇ ਮਰੀਜ਼ ਠੀਕ ਹੋ ਜਾਂਦੇ ਹਨ ਤੇ ਘਰੇ ਜਾ ਕੇ ਫਿਰ ਉਹੋ ਜਿਹੇ ਹੋ ਜਾਂਦੇ ਹਨ, ਇਸਦਾ ਕੀ ਕਾਰਨ ਹੈ?” ਡਾਕਟਰ ਸਾਹਿਬ ਦਾ ਜਵਾਬ ਸੀ, “ਇੱਥੇ ਮੈਂ ਮਰੀਜ਼ਾਂ ਨੂੰ ਆਪਣੇ ਮੁਤਾਬਕ ਰੱਖਦਾ ਹਾਂ, ਪਰ ਉਹ ਮਾਹੌਲ ਤਾਂ ਮੈਂ ਨਹੀਂ ਨਾ ਬਦਲ ਸਕਦਾ, ਜਿੱਥੋਂ ਇਹ ਬਿਮਾਰੀ ਲੈ ਕੇ ਆਉਂਦੇ ਹਨ।”
ਮਾਹਿਰ ਡਾਕਟਰਾਂ ਦੀ ਮਨੋਰੋਗਾਂ ਵੱਲ ਪਹੁੰਚ ਦਾ ਸੰਕਟ:
ਇੱਕ ਗੱਲ ਤਾਂ ਆਪਾਂ ਕੀਤੀ ਹੀ ਹੈ ਕਿ ਮਨੋਰੋਗਾਂ ਵਿੱਚ ਬਿਮਾਰੀ ਨੂੰ ਪਛਾਣਨ ਦਾ ਸੰਕਟ ਹੈ। ਜਦੋਂ ਕੇਂਦਰੀ ਬਿੰਦੂ ’ਤੇ ਹੀ ਭੁਲੇਖਾ ਹੈ ਕਿ ਲੱਛਣਾਂ ਨੂੰ ਬਿਮਾਰੀ ਦਾ ਨਾਂ ਦਿੱਤਾ ਜਾਵੇਗਾ ਤਾਂ ਡਾਕਟਰ ਦੀ ਪਹੁੰਚ ਸਿਰਫ ਲੱਛਣਾਂ ਨੂੰ ਠੀਕ ਕਰਨ ’ਤੇ ਹੀ ਰਹਿ ਜਾਂਦੀ ਹੈ। ਜਿੱਥੋਂ ਤਕ ਲੱਛਣਾਂ ਦੇ ਇਲਾਜ ਦੀ ਗੱਲ ਹੈ, ਇਹ ਉਸ ਸਥਿਤੀ ਤਕ ਤਾਂ ਠੀਕ ਹੈ, ਜਦੋਂ ਮਰੀਜ਼ ਉਦਾਸੀ, ਉਨਮਾਦ, ਸਨਕ ਜਾਂ ਹਿਸਟੀਰੀਆ ਦੇ ਦੌਰੇ ਦੀ ਸਥਿਤੀ ਵਿੱਚੋਂ ਲੰਘ ਰਿਹਾ ਹੁੰਦਾ ਹੈ, ਪਰ ਇਸ ‘ਬਿਮਾਰੀ ਅਤੇ ਦਵਾਈ’ ਦੀ ਪਹੁੰਚ ਨਾਲ ਸਮੇਂ ਦੇ ਸਮੇਂ ਤਾਂ ਰਾਹਤ ਪਹੁੰਚਦੀ ਹੈ, ਪਰ ਮਰੀਜ਼ ਇੱਕ ਤਰ੍ਹਾਂ ਦਾ ਦਵਾਈ ਨੂੰ ਪੱਕਾ ਲੱਗ ਜਾਂਦਾ ਹੈ। ਇਸ ਸਥਿਤੀ ਨੂੰ ਆਪਾਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿਸੇ ਦੀ ਲੱਤ ਟੁੱਟ ਜਾਵੇ ਤਾਂ ਉਸ ਵੇਲੇ ਪਲਸਤਰ ਲਗਾਉਣਾ ਜ਼ਰੂਰੀ ਹੈ। ਪਰ ਜੇਕਰ ਅਸੀਂ ਲੱਤ ਟੁੱਟਣ ਦੇ ਕਾਰਨ ਵੱਲ ਗੌਰ ਨਹੀਂ ਕਰਾਂਗੇ ਤਾਂ ਉਹ ਵਿਅਕਤੀ ਇਸ ਸਥਿਤੀ ਨਾਲ ਵਾਰ-ਵਾਰ ਆ ਸਕਦਾ ਹੈ। ਦਵਾਈ ਖਾ-ਖਾ ਕੇ ਤੇ ਵਾਰ-ਵਾਰ ਗੇੜੇ ਕੱਟ ਕੇ, ਮਰੀਜ਼ ਉਕਤਾ ਜਾਂਦਾ ਹੈ, ਰਿਸ਼ਤੇਦਾਰ ਵੀ ਤੰਗ ਆ ਜਾਂਦੇ ਹਨ। ਕਈ ਅਜਿਹੀਆਂ ਸਥਿਤੀਆਂ ਹਨ, ਜਿੱਥੇ ਸਾਰੀ ਉਮਰ ਦਵਾਈ ਖਾਣੀ ਪੈਂਦੀ ਹੈ। ਲੋਕਾਂ ਦੀ ਮਾਨਸਿਕਤਾ ਤਾਂ ਹਫਤਾ-ਦਸ ਦਿਨ ਦੀ ਦਵਾਈ ਬਰਦਾਸ਼ਤ ਨਹੀਂ ਕਰਦੀ, ਸਾਰੀ ਉਮਰ ਦੀ ਤਾਂ ਗੱਲ ਹੀ ਛੱਡੋ। ਫਿਰ ਡਾਕਟਰ ਵੀ ਬਹੁਤੀ ਵਾਰੀ ਸਥਿਤੀ ਨੂੰ ਸਪਸ਼ਟ ਨਹੀਂ ਕਰਦੇ।
ਮਨੋਰੋਗ ਦੀਆਂ ਮੁਢਲੀਆਂ ਅਵਸਥਾਵਾਂ ਜਾਂ ਕਈ ਮਨੋਰੋਗਾਂ ਵਿੱਚ ‘ਗੱਲਬਾਤ ਅਤੇ ਸਲਾਹ’ ਨਾਲ ਵੀ ਮਨੋਰੋਗੀ ਦੀ ਮਾਨਸਿਕਤਾ ਨੂੰ ਬਦਲ ਕੇ ਚੰਗੇ ਸਿੱਟੇ ਕੱਢੇ ਜਾ ਸਕਦੇ ਹਨ, ਪਰ ਦੇਖਣ ਵਿੱਚ ਆਇਆ ਹੈ ਕਿ ਮਨੋਰੋਗ ਮਾਹਿਰ ਇਸ ਤਰੀਕੇ ਨੂੰ ਅਪਣਾਉਣ ਤੋਂ ਗੁਰੇਜ਼ ਹੀ ਕਰਦੇ ਹਨ। ਇੱਕ ਤਾਂ ਇਸ ਪ੍ਰਣਾਲੀ ਵਿੱਚ ਸਮਾਂ ਬੜਾ ਲਗਦਾ ਹੈ ਤੇ ਇਲਾਜ ਲਈ ਕਾਫੀ ਗੇੜੇ ਵੀ ਮਾਰਨੇ ਪੈ ਸਕਦੇ ਹਨ। ਡਾਕਟਰ ਅਤੇ ਮਰੀਜ਼, ਦੋਹਾਂ ਲਈ ਸਹਿਣਸ਼ੀਲਤਾ ਦੀ ਲੋੜ ਹੁੰਦੀ ਹੈ। ‘ਦਵਾਈ ਪ੍ਰਣਾਲੀ’ ਵਿੱਚ ਇੱਕ ਮਰੀਜ਼ ’ਤੇ ਵੱਧ ਤੋਂ ਵੱਧ ਪੰਜ-ਚਾਰ ਮਿੰਟ ਲਗਦੇ ਹਨ।
ਇਸ ਲਈ ‘ਮਾਹੌਲ’ ਨੂੰ ਨਾ ਸਮਝਣ ਦਾ ਸੰਕਟ ਵੀ ਮਾਨਸਿਕ ਰੋਗਾਂ ਦੀ ਸਮਝ ਵਿੱਚ ਇੱਕ ਅੜਿੱਕਾ ਹੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5021)
ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)