“ਆਤਮ ਨਿਰਭਰ ਹੋਣ ਅਤੇ ਭੁੱਖਮਰੀ ਦਾ ਇੱਕ ਸੂਖਮ ਸਬੰਧ ਵੀ ਹੈ। ਆਤਮ ਨਿਰਭਰ ਹੋਣ ਲਈ ...”
(13 ਦਸੰਬਰ 2023)
ਇਸ ਸਮੇਂ ਪਾਠਕ: 275.
ਵੈਸੇ ਤਾਂ ਦੋਵੇਂ ਹੀ ਹਾਲਤਾਂ, ਭੁੱਖਮਰੀ ਅਤੇ ਆਤਮ ਨਿਰਭਰਤਾ ਦੋ ਵਿਰੋਧੀ ਸਥਿਤੀਆਂ ਬਿਆਨ ਕਰਦੀਆਂ ਹਨ। ਸਮਝੋ ਕਿ ਕੋਈ ਆਤਮ ਨਿਰਭਰ ਹੋਵੇ ਤੇ ਨਾਲੇ ਹੀ ਭੁੱਖਮਰੀ ਦਾ ਸ਼ਿਕਾਰ ਹੋਵੇ। ਜਦੋਂ ਵੀ ਕੋਈ ਆਤਮ ਨਿਰਭਰ ਹੁੰਦਾ ਹੈ ਤਾਂ ਉਹ ਆਪਣੀ ਪਹਿਲੀ ਅਤੇ ਪ੍ਰਮੁੱਖ ਲੋੜ ਭੁੱਖ ਵੱਲ ਧਿਆਨ ਦੇਵੇਗਾ। ਨਾਲੇ ਭੁੱਖਾ ਵਿਅਕਤੀ ਆਤਮ ਨਿਰਭਰ ਕਿਵੇਂ ਹੋ ਸਕਦਾ ਹੈ? ਦੂਸਰੇ ਪਾਸੇ ਜਦੋਂ ਅਸੀਂ ਭੁੱਖਮਰੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਸ਼ਬਦਾਂ ਨੂੰ ਲੈ ਕੇ ਉਸ ਦੀ ਚੀਰਫਾੜ ਕਰਦੇ ਹਾਂ। ਕਹਿਣ ਤੋਂ ਭਾਵ ਕਿ ਲੋਕ ਭੁੱਖੇ ਹਨ। ਪੇਟ ਭਰ ਰੋਟੀ ਨਹੀਂ ਖਾ ਰਹੇ, ਜਾਂ ਕਹੀਏ, ਰਾਤ ਨੂੰ ਭੁੱਖੇ ਪੇਟ ਹੀ ਸੌਂਦੇ ਹਨ। ਦਰਅਸਲ ਭੁੱਖਮਰੀ ਤੋਂ ਇਹ ਭਾਵ ਨਹੀਂ ਹੈ।
ਦੇਸ਼ ਵਿੱਚ ਭੁੱਖਮਰੀ ਨੂੰ ਲੈ ਕੇ ਜਦੋਂ ਆਂਕੜੇ ਆਉਂਦੇ ਹਨ ਤਾਂ ਸਰਕਾਰਾਂ ਅਤੇ ਉਨ੍ਹਾਂ ਦੇ ਸਮਰਥਕ ਇਸ ਨੂੰ ਮੰਨਣ ਤੋਂ ਇਨਕਾਰੀ ਹੁੰਦੇ ਹਨ। ਖਾਸ ਕਰਕੇ ਜਦੋਂ ਆਤਮ ਨਿਰਭਰ ਭਾਰਤ ਦਾ ਸੰਕਲਪ ਲਿਆ ਹੋਵੇ ਤੇ ਦੇਸ਼ ਦੀ 80 ਕਰੋੜ ਤੋਂ ਵੱਧ ਜਨਤਾ ਨੂੰ ਹਰ ਮਹੀਨੇ ਖਾਣ ਲਈ ਰਾਸ਼ਨ ਦੀ ਵਿਵਸਥਾ ਵੀ ਹੋਵੇ। ਦਰਅਸਲ ਭੁੱਖਮਰੀ ਇੱਕ ਵਿਆਪਕ ਸਮੱਸਿਆ ਹੈ ਇਸ ਨੂੰ ਜਾਂਚਣ-ਪਰਖਣ ਲਈ ਵਿਗਿਆਨਕ ਮਾਪਦੰਡ ਹੈ, ਜੋ ਵਿਸ਼ਵ ਸਿਹਤ ਸੰਸਥਾ ਵਰਗੀਆਂ ਸੰਸਥਾਵਾਂ ਵੱਲੋਂ ਤੈਅ ਮਾਪਦੰਡਾਂ ਦੇ ਅਧਾਰਿਤ ਹੁੰਦੀ ਹੈ। ਸਾਡਾ ਦੇਸ਼ ਇਸ ਅੰਕੜੇ ਮੁਤਾਬਕ 120 ਦੇਸ਼ਾਂ ਵਿੱਚੋਂ 112ਵੇਂ ਥਾਂ ’ਤੇ ਹੈ। ਇਹ ਰਿਪੋਰਟ ਦੇਖ-ਪੜ੍ਹ ਕੇ ਨਮੋਸ਼ੀ ਤਾਂ ਹੁੰਦੀ ਹੈ, ਪਰ ਸੱਚ ਇਹੀ ਹੈ। ਇੱਕ ਸਾਧਾਰਨ ਵਿਅਕਤੀ ਜੋ ਇਸਦਾ ਵਿਰੋਧ ਕਰਦਾ ਹੈ ਕਿ ਸਰਵੇਖਣ ਗਲਤ ਹੈ, ਇਹ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ? ਨਿਸ਼ਚਿਤ ਹੀ ਪਾਕਿਸਤਾਨ ਅਤੇ ਬੰਗਲਾ ਦੇਸ਼ ਵੀ ਸਾਡੇ ਤੋਂ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਜਾਪਦੇ ਹਨ।
ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਹੈ ਕਿ ਇਹ ਵਿਆਪਕ ਸਮੱਸਿਆ ਹੈ, ਭੁੱਖਮਰੀ ਦਾ ਪ੍ਰਭਾਵ ਵੀ ਕਾਫ਼ੀ ਫੈਲਿਆ ਅਤੇ ਬਹੁਪੱਖੀ ਹੈ। ਭੁੱਖਮਰੀ ਦਾ ਅੰਕੜਾ ਮਾਪਣ ਲਈ ਜੋ ਮਾਪਦੰਡ ਹੈ, ਉਹ ਇਹ ਹੈ ਕਿ ਜਾਣਿਆ ਜਾਵੇ ਕਿੰਨੇ ਲੋਕ ਲੋੜੀਂਦੀ ਖੁਰਾਕ ਤੋਂ ਘੱਟ ਖਾ ਰਹੇ ਹਨ। ਜਿਵੇਂ ਕਿ ਇੱਕ ਨੌਜਵਾਨ ਨੂੰ ਰੋਜ਼ਾਨਾ 2400 ਕੈਲਰੀਜ਼ (ਊਰਜਾ ਇਕਾਈਆਂ) ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਬੱਚਿਆਂ ਅਤੇ ਔਰਤਾਂ ਅਤੇ ਵੱਖ-ਵੱਖ ਕੰਮ ਵਰਗ ਦੇ ਲੋਕਾਂ ਦੀ ਖੁਰਾਕੀ ਲੋੜ ਹੁੰਦੀ ਹੈ।
ਦੂਸਰਾ ਪਹਿਲੂ ਹੈ, ਖਾਸ ਕਰਕੇ ਬੱਚਿਆਂ ਵਿੱਚ - ਆਪਣੀ ਉਮਰ ਮੁਤਾਬਕ ਕੱਦ ਦਾ ਛੋਟਾ ਹੋਣਾ ਜਾਂ ਭਾਰ ਦਾ ਘੱਟ ਹੋਣਾ, ਕਹਿਣ ਤੋਂ ਭਾਵ ਕਿ ਉਹ ਸੁੱਕਾ ਹੈ ਤੇ ਨਾਲ ਹੀ ਗਿੱਠਾ ਵੀ ਹੈ। ਇਨ੍ਹਾਂ ਨਾਲ ਇੱਕ ਹੋਰ ਅੰਕੜਾ ਹੈ ਕਿ ਬੱਚਿਆਂ ਦੀ ਮੌਤ ਦਰ, ਜਿਸ ਵਿੱਚੋਂ ਸਭ ਤੋਂ ਸੰਵੇਦਨਸ਼ੀਲ ਅੰਕੜਾ ਹੈ, ਪੰਜ ਸਾਲ ਤੋਂ ਘੱਟ, ਖਾਸ ਕਰਕੇ ਇੱਕ ਤੋਂ ਪੰਜ ਸਾਲ ਦੇ ਬੱਚਿਆਂ ਦੀ ਮੌਤ ਦਰ। ਇਨ੍ਹਾਂ ਦਾ ਵੀ ਮੁੱਖ ਕਾਰਨ ਬੱਚੇ ਵਿੱਚ ਖੁਰਾਕ ਦੀ ਘਾਟ ਕਰਕੇ ਆਈ ਕਮਜ਼ੋਰੀ ਹੁੰਦਾ ਹੈ। ਇਨ੍ਹਾਂ ਸਾਰੇ ਪੱਖਾਂ ਨੂੰ ਵਿਚਾਰ ਕੇ, ਫਿਰ ਇਸ ਮੁਤਾਬਕ ਅੰਕੜਾ ਤਿਆਰ ਹੁੰਦਾ ਹੈ। ਤੇ ਫਿਰ ਵੱਖ-ਵੱਖ ਦੇਸ਼ਾਂ, ਕੌਮਾਂ ਦੀ ਤੁਲਨਾ ਹੁੰਦੀ ਹੈ।
ਇਸੇ ਸੰਦਰਭ ਵਿੱਚ ਇੱਕ ਹੋਰ ਆਂਕੜਾ ਹੈ, ਡੇਲੀ (Daily) ਡਿਸੀਬਿਲਟੀ ਅਡਜਸਟੀ ਲਾਈਫ ਈਅਰ ਮਤਲਬ ਬਿਮਾਰੀ ਕਾਰਨ ਸਾਡੀ ਜ਼ਿੰਦਗੀ ਦੇ ਦਿਨਾਂ ਦੇ ਪ੍ਰਭਾਵਿਤ ਹੋਣ ਦੀ ਸਥਿਤੀ ਕੀ ਹੈ? ਕਿਸੇ ਕੋਈ ਵੀ ਕਾਰਨ ਬਿਮਾਰ ਕਰਦਾ ਹੈ, ਕਿਸੇ ਨੂੰ ਹਵਾ, ਕਿਸੇ ਨੂੰ ਪ੍ਰਦੂਸ਼ਿਤ ਪਾਣੀ, ਕਿਸੇ ਨੂੰ ਮੱਖੀ-ਮੱਛਰ। ਜਿਵੇਂ ਕਹਿ ਸਕਦੇ ਹਾਂ, ਮਲੇਰੀਆ, ਡੇਂਗੂ, ਚਿਕਨਗੁਨੀਆਂ, ਨਿਮੋਨੀਆ, ਜ਼ੁਕਾਮ, ਖਾਂਸੀ, ਦਮਾ ਜਾਂ ਹੋਰ ਕੋਈ ਰੋਗ। ਇਸ ਤਰ੍ਹਾਂ ਤਕਰੀਬਨ ਹਰ ਬਿਮਾਰੀ ਵਿੱਚ ਕੁਝ ਦਿਨ ਬਰਬਾਦ ਜਾਂ ਸਿਹਤਮੰਦ ਜ਼ਿੰਦਗੀ ਜਿਊਣ ਦੇ ਦਿਨ ਪ੍ਰਭਾਵਿਤ ਹੁੰਦੇ ਹਨ।
ਇੱਥੇ ਇਹ ਦੇਖਣ ਵਿੱਚ ਆਇਆ ਹੈ ਕਿ ਸਭ ਤੋਂ ਵੱਧ ਦਿਨ ਕੁਪੋਸ਼ਣ ਨਾਲ ਬਰਬਾਦ ਹੁੰਦੇ ਹਨ, ਮਤਲਬ ਖੁਰਾਕ ਦੀ ਘਾਟ ਨਾਲ। ਇਸ ਤੋਂ ਸਮਝਣ ਦੀ ਲੋੜ ਹੈ ਕਿ ਖੁਰਾਕ ਦੀ ਘਾਟ ਦਾ ਜੋ ਸਰੀਰ ਦੀ ਉਰਜਾ ਕਾਰਨ, ਕੰਮ ਕਰਨ ਦੀ ਸਮਰੱਥਾ ਨਾਲ ਸੰਬੰਧ, ਉਸ ਤੋਂ ਵੀ ਵੱਧ ਸਰੀਰ ਦੀ ਸੁਰੱਖਿਆ ਪ੍ਰਣਾਲੀ Immune system ਇਮੂਇਨ ਸਿਸਟਮ ਨਾਲ ਹੈ। ਇਨ੍ਹਾਂ ਬਿਮਾਰੀਆਂ ਵਿੱਚ ਸਭ ਤੋਂ ਪ੍ਰਮੁੱਖ ਟੀ.ਬੀ. ਦੀ ਬਿਮਾਰੀ ਹੈ, ਜਿਸ ਨੂੰ ਸਮਾਜਿਕ ਬਿਮਾਰੀ ਵੀ ਕਿਹਾ ਗਿਆ ਹੈ। ਉਹ ਭਾਵੇਂ ਟੀ.ਬੀ. ਦੇ ਜਰਮ ਨਾਲ ਹੁੰਦੀ ਹੈ, ਪਰ ਉਹ ਜਰਮ ਉਸ ਵਿਅਕਤੀ ’ਤੇ ਹਮਲਾ ਕਰਦੇ ਹਨ, ਜਿਸ ਨੂੰ ਕੁਪੋਸ਼ਣ ਹੁੰਦਾ ਹੈ, ਮਤਲਬ-ਖੁਰਾਕ ਦੀ ਘਾਟ ਹੈ।
ਇਸ ਤਰ੍ਹਾਂ ਘੱਟ ਕੱਦ, ਘੱਟ ਭਾਰ (ਉਮਰ ਮੁਤਾਬਕ) ਖੂਨ ਦੀ ਕਮੀ, ਅਨੀਮੀਆ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਅਤੇ ਔਸਤਨ ਲੋੜੀਂਦੀ ਖੁਰਾਕ ਨਾ ਮਿਲਣੀ ਆਦਿ ਸਾਰੇ ਮਿਲ ਕੇ, ਭੁੱਖਮਰੀ ਦੀ ਹਾਲਤ ਪੈਦਾ ਕਰਦੇ ਹਨ। ਇਹ ਸ਼ਾਬਦਕ ਭਾਵ ਤੋਂ ਅੱਗੇ ਵਿਸਥਾਰ ਵਿੱਚ ਜਾਨਣ-ਸਮਝਣ ਵਾਲੀ ਸਥਿਤੀ ਹੈ।
ਅਸੀਂ ਜਦੋਂ ਪੰਜ ਕਿਲੋ ਪ੍ਰਤੀ ਪਰਿਵਾਰ ਲਈ ਅਨਾਜ ਦੀ ਗੱਲ ਕਰਦੇ ਹਾਂ, ਭਾਵ ਭਾਵੇਂ ਉਹ ਪਹਿਲੀਆਂ ਸਰਕਾਰਾਂ ਵੱਲੋਂ ਵੀ, ਖੁਰਾਕ ਦੇ ਅਧਿਕਾਰ ਤਹਿਤ ਤੈਅ ਕੀਤਾ ਗਿਆ, ਪਰ ਅਸਲ ਵਿੱਚ ਜੇ ਸਮਝਿਆ ਜਾਵੇ ਤਾਂ ਇੱਕ ਨੌਜਵਾਨ ਨੂੰ ਔਸਤ 14-15 ਕਿਲੋ ਪ੍ਰਤੀ ਮਹੀਨਾ (ਅੱਧਾ ਕਿਲੋ ਰੋਜ਼ਾਨਾ) ਅਨਾਜ ਦੀ ਲੋੜ ਹੈ, ਜੋ ਸਾਡੇ ਖੁਰਾਕ ਦੀ ਸੁਰੱਖਿਆ ਅਧਿਕਾਰ ਦੇ ਮੱਦੇਨਜ਼ਰ ਆਉਂਦਾ ਹੈ। ਹੁਣ 5 ਸਾਲਾਂ ਲਈ 80 ਕਰੋੜ ਲੋਕਾਂ ਨੂੰ ਉਹੀ ਪੰਜ ਕਿਲੋ ਅਨਾਜ ਹੀ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਹੁਣ ਬਾਕੀ ਅਨਾਜ ਦੀ ਵਿਵਸਥਾ ਕਿੱਥੋਂ? ਆਤਮ ਨਿਰਭਰ ਹੋਵੇ ਤਾਂ ਉਹ ਆਪਣੀ ਭੁੱਖ ਦੀ ਲੋੜ ਅਨੁਸਾਰ ਖਰੀਦ ਸਕੇ। ਅਸਲ ਵਿੱਚ ਅਸੀਂ ਉਸ ਰਾਹ ਨਹੀਂ ਪਏ।
ਇੱਕ ਚੀਨੀ ਕਹਾਵਤ ਹੈ ਕਿ ‘ਭੁੱਖੇ ਨੂੰ ਮੱਛੀ ਨਾ ਦੇਵੋ, ਉਸ ਨੂੰ ਮੱਛੀ ਫੜਣ ਦਾ ਹੁਨਰ ਸਿਖਾਓ’ ਉਹੀ ਜੋ ਕਈ ਵਾਰੀ ਅਵਾਜ਼ਾਂ ਉੁੱਭਰਦੀਆਂ ਹਨ, ਲੋਕਾਂ ਨੂੰ ਰੋਜ਼ਗਾਰ ਦਿਉ। ਉਨ੍ਹਾਂ ਦੇ ਹੱਥਾਂ ਨੂੰ ਕੰਮ ਦੇਵੋ ਤੇ ਉਹ ਆਪਣਾ ਪੇਟ ਭਰਨ ਦੇ ਕਾਬਿਲ ਹੋ ਸਕਣ। ਇਹੀ ਸੰਕਲਪ ਹੈ, ਆਤਮ ਨਿਰਭਰ ਹੋਣ ਦਾ। ਵੱਡੇ ਪਰਿਪੇਖ ਵਿੱਚ ਆਤਮ ਨਿਰਭਰ ਉਹੀ ਹੈ ਜੋ ਆਪਣੇ ਸਰੀਰ ਦੀਆਂ ਮੂਲ ਲੋੜਾਂ (ਸਾਧਾਰਨ ਭਾਸ਼ਾ ਵਿੱਚ ਰੋਟੀ, ਕੱਪੜਾ, ਮਕਾਨ ਤੇ ਜਿਸ ਨੂੰ ਵਧਾ ਕੇ ਹੁਣ ਸਿੱਖਿਆ ਅਤੇ ਸਿਹਤ ਨਾਲ ਜੋੜ ਕੇ ਘੇਰਾ ਵਧਾ ਦਿੱਤਾ ਗਿਆ ਹੈ। ਕਿਉਂ ਜੋ ਸਿੱਖਿਆ ਅਤੇ ਸਿਹਤ ਵੀ ਵੱਸੋਂ ਬਾਹਰ ਹੋ ਰਹੇ ਹਨ, ਇਨ੍ਹਾਂ ਦੋਹਾਂ ਨੂੰ ਅਰਥ ਸ਼ਾਸਤਰੀ ਮਨੁੱਖੀ ਵਿਕਾਸ ਨਾਲ ਜੋੜ ਕੇ ਦੇਖਦੇ ਹਨ ਤੇ ਦੇਸ਼ ਵਿੱਚ ਵੀ ਇੱਕ ਵੱਖਰਾ ਮੰਤਰਾਲਾ ਹੈ, ਮਨੁੱਖੀ ਸਰਮਾਏ ਦਾ ਮੰਤਰਾਲਾ, ਜਿਸ ਤਹਿਤ ਹਰ ਤਰ੍ਹਾਂ ਦੀ ਸਿੱਖਿਆ ਆਉਂਦੀ ਹੈ। ਇਹ ਇੱਕ ਹੁਨਰਮੰਦ ਵਿਅਕਤੀ ਪੈਦਾ ਕਰਦਾ ਹੈ। ਹੁਨਰਮੰਦ ਵਿਅਕਤੀ ਅਤੇ ਸਿਹਤਮੰਦ ਵਿਅਕਤੀ ਦੇਸ਼ ਲਈ ਵਧੀਆ ਸਰਮਾਇਆ ਹੁੰਦਾ ਹੈ, ਜੋ ਦੇਸ਼ ਦੀ ਪੈਦਾਵਾਰ ਵਿੱਚ ਵਾਧਾ ਕਰਦਾ ਹੈ। ਇਸ ਨੂੰ ਭੁੱਖਮਰੀ ਨਾਲ ਜੋੜੀਏ ਤਾਂ ਮਨੁੱਖੀ ਵਿਕਾਸ ਵਿੱਚ ਸਾਡਾ ਮੁਲਕ 191 ਦੇਸ਼ਾਂ ਵਿੱਚੋਂ, ਸਾਡਾ ਨੰਬਰ 132ਵੇਂ ਥਾਂ ਹੈ। ਇਸਦਾ ਆਧਾਰ ਵੀ ਸਿੱਖਿਆ, (ਔਸਤਨ ਉਮਰ ਅਤੇ ਔਸਤਨ ਆਮਦਨ ਹੈ) ਆਮਦਨ ਦਾ ਸਿੱਧਾ ਸਬੰਧ ਸਿੱਖਿਆ ਅਤੇ ਸਿਹਤ ਨਾਲ ਹੈ। ਹੁਣ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਵਿਕਾਸ ਦਾ ਮਾਡਲ ਅਤੇ ਮਨੁੱਖੀ ਸਿਹਤ, ਮਨੁੱਖੀ ਸਿਹਤ ਲਈ ਖੁਰਾਕ ਅਤੇ ਉਸ ਦੇ ਲਈ ਸਹੀ ਅਰਥਾਂ ਵਿੱਚ ਆਤਮ ਨਿਰਭਰ ਹੋਣਾ ਕਿੰਨਾ ਜ਼ਰੂਰੀ ਹੈ। ਆਤਮ ਨਿਰਭਰ ਹੋਣਾ ਅਤੇ ਖੁਦਮੁਖਤਿਆਰੀ ਦਾ ਵੀ ਆਪਣਾ ਇੱਕ ਰਿਸ਼ਤਾ ਹੈ। ਇੱਕ ਖੁਦਮੁਖਤਿਆਰ ਵਿਅਕਤੀ ਆਪਣੇ ਫੈਸਲੇ ਆਪ ਲੈਂਦਾ ਹੈ। ਉਸ ਨੂੰ ਕਿਸੇ ਦਾ ਮੂੰਹ ਨਹੀਂ ਤੱਕਣਾ ਪੈਂਦਾ। ਉਸ ਨੂੰ ਪੰਜ ਕਿਲੋ ਅਨਾਜ ਦੀ ਉਡੀਕ ਨਹੀਂ ਕਰਨੀ ਪੈਂਦੀ ਤੇ ਇਹ ਨਹੀਂ ਦੇਖਣਾ ਪੈਂਦਾ ਕਿ ਉਹ ਪੰਜ ਕਿਲੋ ਚਾਵਲ ਹੈ ਜਾਂ ਕਣਕ ਹੈ, ਜਦੋਂ ਕਿ ਉਸ ਦੇ ਖਾਣ ਲਈ ਲੋੜ ਕੁਝ ਹੋਰ ਹੀ ਹੈ।
ਆਤਮ ਨਿਰਭਰਤਾ ਅਤੇ ਖੁਦਮੁਖਤਿਆਰੀ ਦਾ ਮਸਲਾ ਸਿੱਖਿਆ ਨਾਲ ਜੁੜਿਆ ਹੈ। ਸਿੱਖਿਆ ਦਾ ਜੀਵਨ ਵਿੱਚ ਆਪਣਾ ਮਹੱਤਵ ਹੈ। ਖਾਣ ਨੂੰ ਲੈ ਕੇ ਕੀ ਖਾਇਆ ਜਾਵੇ, ਕਿੰਨਾ ਖਾਇਆ ਜਾਵੇ? ਸਿਹਤਮੰਦ ਖਾਣਾ ਕੀ ਹੈ, ਜਿਵੇਂ ਇੱਕ ਪਾਸੇ ਸੋਕਾ ਹੈ ਤੇ ਦੂਸਰੇ ਪਾਸੇ ਮੋਟਾਪਾ। ਸਮਝੀਏ ਕਿ ਇਹ ਦੋਵੇਂ ਹੀ ਕੁਪੋਸ਼ਣ ਵਰਗ ਵਿੱਚ ਆਉਂਦੇ ਹਨ। ਦੋਵੇਂ ਹੀ ਬਿਮਾਰ ਹਨ ਤੇ ਸਿਹਤ ਲਈ ਸਹੀ ਰਾਏ ਦੀ ਤਲਾਸ਼ ਵਿੱਚ ਹਨ। ਇਸ ਤੋਂ ਵੱਡੀ ਗੱਲ ਹੈ, ਇੱਕ ਦੀ ਵਾਧੂ ਖੁਰਾਕ, ਗਲਤ ਖੁਰਾਕ ਦਰਅਸਲ ਲੋੜਵੰਦ ਬੰਦੇ-ਬੱਚੇ ਦੀ ਖੁਰਾਕ ਦੀ ਭਰਪਾਈ ਵੀ ਕਰ ਸਕਦੀ ਹੈ ਤੇ ਦੋਹਾਂ ਨੂੰ ਬੁਰੀਆਂ, ਬਿਮਾਰ ਹਾਲਤਾਂ ਤੋਂ ਬਚਾ ਸਕਦੀ ਹੈ। ਇਸ ਵਿੱਚ ਖੁਰਾਕ-ਸਿੱਖਿਆ ਦੀ ਅਹਿਮੀਅਤ ਹੈ, ਜੋ ਕਿ ਵੱਡੇ ਪੱਧਰ ’ਤੇ ਸਾਡੇ ਲੋਕਾਂ ਵਿੱਚ ਘੱਟ ਹੈ ਅਤੇ ਲਗਾਤਾਰ ਘਟਦੀ ਜਾ ਰਹੀ ਹੈ, ਸਗੋਂ ਵਿਗੜਦੀ ਜਾ ਰਹੀ ਹੈ।
ਆਤਮ ਨਿਰਭਰ ਹੋਣ ਅਤੇ ਭੁੱਖਮਰੀ ਦਾ ਇੱਕ ਸੂਖਮ ਸਬੰਧ ਵੀ ਹੈ। ਆਤਮ ਨਿਰਭਰ ਹੋਣ ਲਈ ਸਿੱਖਿਅਤ ਹੋਣਾ ਜ਼ਰੂਰੀ ਹੈ, ਹੁਨਰ ਵੱਖਰੀ ਗੱਲ ਹੈ। ਸਾਡੇ ਵਡੇਰੇ ਬਿਨਾਂ ਵਿਧੀਵਤ ਸਿੱਖਿਆ ਦੇ ਕੰਮ ਕਰਦੇ ਰਹੇ ਹਨ। ਉਨ੍ਹਾਂ ਨੂੰ ਕੰਮ ਕਰਕੇ ਮੁਹਾਰਤ ਹਾਸਿਲ ਸੀ ਤੇ ਪਰਿਵਾਰਕ ਸਿਖਲਾਈ ਵੀ। ਪਰ ਹੁਣ ਵਿਧੀਵਤ ਡਿਗਰੀਨੁਮਾ ਕੋਰਸ ਅਤੇ ਪੜ੍ਹਾਈ ਨਾਲ ਜੁੜਿਆ ਰੋਜ਼ਗਾਰ ਹੈ ਤੇ ਉਸਦਾ ਪੜ੍ਹਾਈ ਨਾਲ ਸੰਬੰਧ ਹੈ। ਕਾਲਜਾਂ ਦੇ ਦਾਖਲੇ ਅਤੇ ਦਾਖਲੇ ਤੋਂ ਬਾਅਦ ਚੰਗੇ ਨੰਬਰਾਂ ਉੱਤੇ ਆਧਾਰਿਤ ਕਿੱਤੇ ਲਈ ਚੋਣ ਦਾ ਸਵਾਲ ਵੀ ਹੈ।
ਇਹ ਵੀ ਸਮਝੋ ਕਿ ਸਿਆਣਪ ਅਤੇ ਮੁਹਾਰਤ ਆਪਸ ਵਿੱਚ ਬਦਲ ਨਹੀਂ ਹਨ। ਪਰ ਹਾਂ, ਸਿਆਣਪ ਦੇ ਆਪਣੇ ਵੱਖਰੇ ਫਾਇਦੇ ਹਨ। ਪਰ ਦਿਮਾਗ ਦੇ ਵਿਕਾਸ ਦਾ, ਮੁਹਾਰਤ ਦਾ ਅਤੇ ਚੰਗੀ ਖੁਰਾਕ ਦਾ ਆਪਸੀ ਸੰਬੰਧ ਹੈ। ਸਹੀ ਦਿਮਾਗ ਲਈ, ਦਿਮਾਗ ਦੀ ਕਾਰਗੁਜ਼ਾਰੀ ਲਈ ਖੁਰਾਕੀ ਪਦਾਰਥਾਂ, ਵਿਟਾਮਿਨ ਅਤੇ ਮਿਨਰਲ ਦੀ ਗੱਲ ਹੁੰਦੀ ਹੈ ਤਾਂ ਉੱਥੇ ਖੁਰਾਕ ਵਰਗ ਵਿੱਚ ਫਲ ਅਤੇ ਸਬਜ਼ੀਆਂ ਦੀ ਗੱਲ ਆਉਂਦੀ ਹੈ। ਪਰ ਜਦੋਂ ਸਰਕਾਰ ਖੁਰਾਕ ਸੁਰੱਖਿਆ ਦੀ ਗਾਰੰਟੀ ਦੇਵੇ ਜਾਂ ਹੁਣ ਪ੍ਰਧਾਨ ਮੰਤਰੀ ਦੀ ਯੋਜਨਾ ਤਹਿਤ ਹਰ ਇੱਕ ਸ਼ਖ਼ਸ ਨੂੰ ਪੰਜ ਕਿਲੋ ਅਨਾਜ ਦੀ ਗੱਲ ਹੁੰਦੀ ਹੈ, ਉਹ ਕਣਕ-ਚਾਵਲ ਤੋਂ ਅੱਗੇ ਗੱਲ ਨਹੀਂ ਕਰਦੇ। ਇਸ ਵਿੱਚ ਵਿਟਾਮਿਨ, ਮਿਨਰਲ ਆਦਿ, ਕਹਿਣ ਤੋਂ ਭਾਵ ਉਨ੍ਹਾਂ ਸੂਖ਼ਮ ਖੁਰਾਕੀ ਤੱਤਾਂ ਆਦਿ ਵਾਲੀ ਖੁਰਾਕ (ਮਾਇਕਰੋਨਿਉਟਰੀਐਂਟਸ) ਸ਼ਾਮਿਲ ਨਹੀਂ ਹੁੰਦੇ। ਉਹ ਪੇਟ ਭਰਨ ਦੀ ਗੱਲ ਹੈ। ਸਹੀ ਅਰਥਾਂ ਵਿੱਚ ਕਹੀਏ ਤਾਂ ਉਹ ਵੀ ਕਾਫ਼ੀ ਨਹੀਂ ਹੈ।
ਜੇ ਅਸੀਂ ਮਨੁੱਖ ਨੂੰ ਸਰਮਾਇਆ ਅਤੇ ਸਮਾਜ ਵਿਕਾਸ ਦਾ ਸੂਚਕ ਮੰਨਦੇ ਹਾਂ, ਮਨੁੱਖ ਨੂੰ ਸੋਝੀ ਵਾਲਾ ਕਹਿੰਦੇ ਹਾਂ ਤਾਂ ਮਤਲਬ ਹੈ ਕਿ ਉਸ ਨੂੰ ਸਾਰੇ ਖੁਰਾਕੀ ਤੱਤਾਂ ਦੀ ਲੋੜ ਹੈ। ਇੱਕ ਸੰਪੂਰਨ ਵਿਕਾਸ ਲਈ ਸਭ ਚਾਹੀਦਾ ਹੈ। ਉਹ ਸਭ ਤਾਂ ਹਾਸਲ ਹੋ ਸਕਦਾ ਹੈ ਕਿ ਉਹ ਆਪ ਸਿਆਣੇ ਹੋਵੇ, ਸਿੱਖਿਅਤ ਹੋਵੇ, ਫੈਸਲੇ ਲੈਣ ਲਈ ਆਤਮ ਨਿਰਭਰ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4543)
(ਸਰੋਕਾਰ ਨਾਲ ਸੰਪਰਕ ਲਈ: (