“ਸਵਾਲ? ਸਵਾਲ ਹੋਣਗੇ ਤਾਂ ਉੱਤਰ ਲਏ ਜਾਣਗੇ। ਨਹੀਂ ਮਿਲਣਗੇ ਤਾਂ ਲੱਭੇ ਜਾਣਗੇ। ਇਸ ਤਰ੍ਹਾਂ ਹੀ ਅੱਗੇ ...”
(29 ਮਾਰਚ 2023)
ਇਸ ਸਮੇਂ ਮਹਿਮਾਨ: 114.
ਸ਼ਬਦ ਸਿੱਖ ਲਏ ਸੀ, ਹੁਣ ਵਰਤਣੇ ਸੀ।
ਸ਼ਬਦ ਜਦੋਂ ਲਿਖਿਆ ਜਾਣਾ,
ਉਸ ਨੇ ਫੈਲ ਜਾਣਾ ਸੀ।
ਚਾਹੇ ਮਹਿਕ ਫੈਲਦੀ, ਚਾਹੇ ਹਵਾੜ੍ਹ।
ਸ਼ਬਦਾਂ ਨੇ ਰੰਗ ਲਿਆਉਣਾ,
ਕਿਤੇ ਇਨ੍ਹਾਂ ਮੁਸਕਰਾਉਣਾ ਸੀ
ਕਿਤੇ ਇਨ੍ਹਾਂ ਹੰਝੂ ਬਣਨਾ ਸੀ
ਕਿਸੇ ਨੇ ਸਿਹਤ ਬਣਨਾ ਸੀ
ਕਿਸੇ ਨੇ ਨੀਅਤ ਹੋਣਾ ਸੀ,
ਇਨ੍ਹਾਂ ਬਦਲਾਅ ਲਿਆਉਣਾ ਸੀ।
ਸ਼ਬਦਾਂ ਨੇ ਫੈਲ ਜਾਣਾ ਸੀ।
ਇਨ੍ਹਾਂ ਨੇ ਝੰਡਾ ਫੜਨਾ ਸੀ।
ਇਨ੍ਹਾਂ ਨੇ ਮਸਤਕ ਵਿੱਚ ਜਾ ਕੇ
ਭਵਿੱਖ ਨੂੰ ਜਗਮਗਾਉਣਾ ਸੀ
ਇਨ੍ਹਾਂ ਨੇ ਫੈਲ ਜਾਣਾ ਸੀ।
ਸ਼ਬਦਾਂ ਦਾ ਸਫ਼ਰ ਸ਼ੁਰੂ ਹੋਇਆ, ਜਦੋਂ ਸੁਰਿੰਦਰ ਸ਼ਰਮਾ, ਦਵਿੰਦਰ ਬਿਮਰੇ ਅਤੇ ਮੈਨੰ ਨਾਲ ਲੈ ਕੇ ਦਾਦਰ ਐਕਸਪ੍ਰੈੱਸ ਰਾਹੀਂ ਪਟਿਆਲੇ ਤੋਂ ਜੰਡਿਆਲਾ ਗੁਰੂ (ਅੰਮ੍ਰਿਤਸਰ) ਜਾ ਰਹੇ ਸੀ। ਟਰੇਨ ਤੋਂ ਉੱਤਰ ਕੇਟਾਂਗੇ ਰਾਹੀਂ ਅਸੀਂ ਕਹਾਣੀਕਾਰ ਦਲਬੀਰ ਚੇਤਨ ਦੇ ਪਿੰਡ ਤਾਰਾਗੜ੍ਹ, ਕਹਾਣੀ ਗੋਸ਼ਟੀ, ‘ਦੀਵਾ ਬਲੇ ਸਾਰੀ ਰਾਤ’ ਵਿੱਚ ਸ਼ਾਮਲ ਹੋਣਾ ਸੀ। ਇਸ ਗੋਸ਼ਟੀ ਦੇ ਕਨਵੀਨਰ ਹੁੰਦੇ ਪ੍ਰੇਮ ਗੋਰਖੀ ਅਤੇ ਉਸ ਸਮੇਂ ਦੇ ਚਰਚਿਤ ਕਹਾਣੀਕਾਰ ਕਿਰਪਾਲ ਕਜ਼ਾਕ, ਬਲਵੰਤ ਚੌਹਾਨ, ਅਮਰਗਿਰੀ ਆਦਿ ਆ ਕੇ ਆਪਣੀਆਂ ਨਵੀਆਂ ਕਹਾਣੀਆਂ ਪੜ੍ਹਦੇ। ਸਾਰੀ ਰਾਤ ਪੜ੍ਹੀ ਗਈ ਕਹਾਣੀ ਦੇ ਇੱਕ-ਇੱਕ ਵਾਕ, ਇੱਕ-ਇੱਕ ਸ਼ਬਦ ’ਤੇ ਚਰਚਾ ਹੁੰਦੀ। ਕਹਾਣੀ ਦੇ ਲੇਖਕ ਨੂੰ ਬੋਲਣ ਦਾ, ਸਪਸ਼ਟੀਕਰਨ ਦੇਣ ਦਾ ਮੌਕਾ ਨਾ ਦਿੱਤਾ ਜਾਂਦਾ। ਉਸ ਨੇ ਕਹਾਣੀ ਪੜ੍ਹ ਦਿੱਤੀ, ਬੱਸ! ਹੁਣ ਇਹ ਕਹਿਣਾ ਕਿ ‘ਮੈਨੂੰ ਗਲਤ ਸਮਝਿਆ ਗਿਆ, ਮੇਰਾ ਇਹ ਭਾਵ ਨਹੀਂ ਸੀ।’ ਮਕਸਦ ਸੀ ਕਿ ਕਹਾਣੀਕਾਰ ਸਮਝੇ ਕਿ ਉਸ ਦੀ ਲਿਖਤ ਵਿੱਚ ਕੀ ਘਾਟ ਹੈ, ਸਿੱਖਣ ਦੀ ਕਾਰਜਸ਼ਾਲਾ ਹੁੰਦੀ। ਵਿਧੀਵਤ ਯੂਨੀਵਰਸਿਟੀ ਪੱਧਰ ਦੇ ਆਲੋਚਕਾਂ ਤੋਂ ਗੁਰੇਜ਼ ਹੀ ਕੀਤਾ ਜਾਂਦਾ।
ਦੇਵਿੰਦਰ ਬਿਮਰਾ ਮੇਰਾ ਮੈਡੀਕਲ ਕਾਲਜ ਦਾ ਸਾਥੀ ਸੀ। ਮੇਰੇ ਤੋਂ ਦੋ ਸਾਲ ਬਾਅਦ ਦਾਖਲ ਹੋਇਆ। ਸਾਡੀ ਮੁਲਾਕਾਤ ਉਦੋਂ ਹੋਈ ਜਦੋਂ ਕਾਲੇਜ ਦੇ ਵਿਦਿਆਰਥੀ ਰਸਾਲੇ ‘ਗੋਸਕੋ’ ਦੇ ਸੰਪਾਦਕੀ ਬੋਰਡ ਦੀ ਇੰਟਰਵਿਊ ਸੀ। ਮੈਂ ਪਹਿਲੋਂ ਹੀ ਸਹਿ-ਸੰਪਾਦਕ ਚੱਲਿਆ ਆ ਰਿਹਾ ਸੀ, ਹੁਣ ਮੈਂ ਸੰਪਾਦਕ ਹੋ ਗਿਆ ਤੇ ਬਿਮਰਾ ਸਹਿ-ਸੰਪਾਦਕ। ਦੋ ਸਾਲ ਮੈਗਜ਼ੀਨ ਬਹਾਨੇ ਤੇ ਫਿਰ ਇਹ ਸਾਥ ਪੱਕਾ ਹੋ ਗਿਆ ਤੇ ਅੱਜ ਤਕ ਹੈ। ਪੜ੍ਹਾਈ ਮੁੱਕਣ ਮਗਰੋਂ ਮੈਂ ਪੇਂਡੂ ਸੇਵਾ ਵਿੱਚ ਆ ਗਿਆ। ਤਿੰਨ ਸਾਲ ਦਾ ਸਮਾਂ ਸੀ ਉਹ, ਪਰ ਅਸੀਂ ਮਿਲਦੇ ਰਹੇ। ਉਹ ਮੇਰੇ ਕੋਲ ਪਿੰਡ ਵੀ ਆਇਆ।
ਐੱਮ.ਡੀ. ਦਾ ਸਮਾਂ ਵੀ ਪੜ੍ਹਾਈ ਦੇ ਨਾਲ-ਨਾਲ ਸਾਹਿਤਕ ਰੁਚੀਆਂ ਵਾਲਾ ਹੀ ਰਿਹਾ। ਪੇਂਡੂ ਸੇਵਾ ਦੌਰਾਨ ਮੈਂ ਬਰਨਾਲੇ-ਬਠਿੰਡੇ ਤਾਂ ਅਕਸਰ ਹੀ ਜਾਂਦਾ, ਪਟਿਆਲੇ ਆ ਕੇ ਵੀ ਸਾਹਿਤਕ ਗੋਸ਼ਟੀ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਰਹਿਣੀ। ਉੱਥੇ ਸੁਰਿੰਦਰ ਸ਼ਰਮਾ ਨਾਲ ਮੁਲਾਕਾਤ ਹੋਈ, ਜੋ ਵਿਸ਼ਵ ਪੱਧਰੀ ਸਾਹਿਤ ਦੇ ਪਾਠਕ ਹਨ ਤੇ ਇੱਕ ਵਧੀਆ ਨਜ਼ਰ ਵਾਲੇ ਵੀ ਜੋ ਕਿ ਆਲੋਚਕ ਦੀ ਲੋੜ ਹੁੰਦੀ ਹੈ। ਆਲੋਚਨਾ ਵਿੱਚ, ਲੋਚਨ ਸ਼ਬਦ ਨਜ਼ਰ ਵਾਸਤੇ ਹੀ ਹੈ।
ਦੋਵੇਂ ਮਿੱਤਰ ਸੰਪਾਦਕੀ ਬੋਰਡ ਤੋਂ ਸ਼ੁਰੂ ਹੋਏ ਤੇ ਐੱਮ.ਡੀ ਵਿੱਚ ਫਿਰ ਇਕੱਠੇ ਹੋ ਗਏ। ਪਟਿਆਲੇ ਦੇ ਡਾਕਟਰਜ਼ ਹੋਸਟਲ ਦੇ ਨੇੜੇ ਬੰਡਗਰ ਇਲਾਕੇ ਵਿੱਚ ਰਹਿੰਦਾ ਸੀ ਬਲਵੰਤ ਚੌਹਾਨ, ਜੋ ਗੋਸ਼ਟੀਆਂ ਵਿੱਚ ਤਾਂ ਮਿਲਦਾ, ਹੋਸਟਲ ਵੀ ਆ ਜਾਂਦਾ ਤੇ ਅਸੀਂ ਵੀ ਤੁਰਦੇ-ਤੁਰਦੇ ਉਸ ਨੂੰ ਮਿਲ ਆਉਂਦੇ। ਇੱਕ ਦਿਨ ਖਿਆਲ ਆਇਆ ਕਿ ਕੋਈ ਮੈਗਜ਼ੀਨ ਸ਼ੁਰੂ ਕੀਤਾ ਆਵੇ। ਮੈਂ ਤੇ ਬਿਮਰਾ ਹਿੰਦੀ ਵਿੱਚ ਰਚਨਾਵਾਂ ਲਿਖਦੇ, ਬਲਵੰਤ ਪੰਜਾਬੀ ਵਿੱਚ। ਮੈਗਜ਼ੀਨ ਕੱਢਣਾ ਹੈ, ਰਲ਼ ਕੇ ਕੱਢਣਾ ਹੈ ਤੇ ਪੱਲਿਓ ਕੱਢਣਾ ਹੈ। ਫੈਸਲਾ ਹੋਇਆ ਦੋਂਹ ਭਾਸ਼ਾਵਾਂ ਵਿੱਚ ਹੀ ਕੱਢਦੇ ਹਾਂ। ਹਿੰਦੀ ਵਿੱਚ ‘ਅਸਤਿੱਤਵ’, ਪੰਜਾਬੀ ਵਿੱਚ ‘ਹੋਂਦ’। ‘ਹੋਂਦ’ ਦੇ ਨੌਂ ਅੰਕ ਨਿਕਲੇ, ‘ਅਸਤਿੱਤਵ’ ਦੇ ਗਿਆਰਾਂ। ਐੱਮ.ਡੀ. ਦੇ ਸਮੇਂ ਮਗਰੋਂ ਮੈਂ ਅੰਮ੍ਰਿਤਸਰ ਆ ਗਿਆ, ਬਿਮਰੇ ਦੀ ਬਦਲੀ ਜਲੰਧਰ ਹੋ ਗਈ। ਪਰ ਦੋਹਾਂ ਮੈਗਜ਼ੀਨਾਂ ਦੇ ਕੁਝ ਯਾਦਗਾਰੀ ਅੰਕ ਨਿਕਲੇ। ‘ਹੋਂਦ’ ਦਾ ‘ਗੁਰਚਰਨ ਚਾਹਲ ਭੀਖੀ ਵਿਸ਼ੇਸ਼ ਅੰਕ’ ਜਿਸਦੀ ਉਨ੍ਹੀਂ ਦਿਨੀਂ ਮੌਤ ਹੋ ਗਈ। ਉਹ ਬਲਵੰਤ ਚੌਹਾਨ ਦਾ ਪੁਰਾਣਾ ਮਿੱਤਰ ਸੀ ਤੇ ਪੇਂਡੂ ਸੇਵਾ ਦੌਰਾਨ, ਮੇਰੀ ਕਾਫ਼ੀ ਨੇੜਤਾ ਰਹੀ। ਛੇ-ਸੱਤ ਕਿਲੋਮੀਟਰ ’ਤੇ ਹੀ ਸੀ, ਮੈਂ ਕਈ ਰਾਤਾਂ ਉਸ ਦੇ ਘਰ ਰਿਹਾ।
‘ਅਸਤਿੱਤਵ’ ਦਾ ਲਘੂਕਥਾ ਵਿਸ਼ੇਸ਼ ਅੰਕ, ਅੱਜ ਵੀ ਲਘੂਕਥਾ ਲੇਖਕਾਂ/ਆਲੋਚਕਾਂ ਵੱਲੋਂ ਯਾਦ ਕੀਤਾ ਜਾਂਦਾ ਹੈ। ਲਘੂਕਥਾ ਵਿਸ਼ੇਸ਼ ਅੰਕ ਵਿੱਚ ਪੂਰੇ ਦੇਸ਼ ਤੋਂ ਹਜ਼ਾਰਾਂ ਹੀ ਰਚਨਾਵਾਂ ਆਈਆਂ ਤੇ ਅੰਕ ਸੌ ਮਿੰਨੀ ਕਹਾਣੀਆਂ ਦਾ ਸੀ, ਜੋ ਪੁਸਤਕ ਰੂਪ ਵਿੱਚ ‘ਸ਼ਤ ਕਥਾਏਂ’ ਨਾਂ ਤੋਂ ਵੀ ਛਪਿਆ।
ਆਮ ਤੌਰ ’ਤੇ ਇਹ ਕਿਹਾ ਜਾਂਦਾ ਹੈ ਕਿ ਆਪਣਾ ਮੈਗਜ਼ੀਨ ਉਦੋਂ ਕੱਢਿਆ ਜਾਂਦਾ ਹੈ ਜਦੋਂ ਕਿਸੇ ਦੀ ਰਚਨਾ ਨੂੰ ਛਪਣ ਦਾ ਸੰਕਟ ਹੋਵੇ। ਪਰ ਇਹ ਮੈਗਜ਼ੀਨ ਤਿੰਨ ਸੰਪਾਦਕਾਂ ਅਤੇ ਅਨੇਕਾਂ ਸਹਿਯੋਗੀਆਂ ਵੱਲੋਂ ਸੀ। ਇਨ੍ਹਾਂ ਦਾ ਜੋ ਫਾਇਦਾ ਹੋਇਆ, ਉਹ ਸੀ ਕਿ ਦੇਸ਼ ਭਰ ਦੇ ਅਨੇਕਾਂ ਹਿੰਦੀ ਦੇ ਲਘੂਕਥਾ ਲੇਖਕਾਂ ਨਾਲ ਰਾਬਤਾ ਹੋਇਆ। ਇੱਕ ਹੋਰ ਗੱਲ ਕਿ ਮੈਂ ਕਵਿਤਾ ਲਿਖਣ ਤੋਂ ਸ਼ੁਰੂਆਤ ਕੀਤੀ ਅਤੇ ਐੱਮ.ਬੀ.ਬੀ.ਐੱਸ ਮਗਰੋਂ ਬਠਿੰਡੇ ਇੰਟਰਨਸ਼ਿੱਪ ਦੌਰਾਨ ਕਹਾਣੀਆਂ ਵੀ ਲਿਖੀਆਂ, ਜੋ ਪੰਜਾਬੀ ਦੇ ਚੰਗੇ ਮੈਗਜ਼ੀਨਾਂ ਵਿੱਚ ਛਪੀਆਂ। ਪਰ ਲਘੂਕਥਾ ਵਿਸ਼ੇਸ਼ ਅੰਕ ਤਿਆਰ ਕਰਦਿਆਂ, ਮਿੰਨੀ ਕਹਾਣੀ/ਲਘੂਕਥਾ ਦੇ ਸਰੂਪ ਵਿੱਚ ਇੱਕ ਵਧੀਆ, ਆਪਣੀ ਗੱਲ ਸੰਖੇਪ ਵਿੱਚ ਕਹਿਣ ਦਾ ਸਾਰਥਕ ਜ਼ਰੀਆ ਮਿਲਿਆ। ਕਹਿ ਲਵੋ, ਮੇਰੇ ਆਪਣੇ ਸੁਭਾਅ ਦੇ ਅਨੁਕੂਲ। ਇੰਜ ਕਹਾਂ ਕਿ ਮੈਨੂੰ ਕਹਾਣੀ ਪਾਉਣੀ ਨਹੀਂ ਆਉਂਦੀ। ਮੇਰਾ ਝੁਕਾਅ ਮਿੰਨੀ ਕਹਾਣੀ ਲੇਖਨ ਵੱਲ ਹੋ ਗਿਆ। ਹਿੰਦੀ, ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਬਰਾਬਰ ਹੀ।
‘ਅਸਤਿੱਤਵ’ ਦੇ ਲਘੂਕਥਾ ਵਿਸ਼ੇਸ਼ ਅੰਕ ਵਿੱਚ ਕਾਫ਼ੀ ਰਚਨਾਵਾਂ ਪੰਜਾਬੀ ਲੇਖਕਾਂ ਦੀਆਂ ਵੀ ਅਨੁਵਾਦ ਕਰਕੇ ਸ਼ਾਮਿਲ ਕੀਤੀਆਂ ਸਨ। ਸਭ ਨੇ ਮਿਲਣ ਦਾ ਸਬੱਬ ਬਣਾਇਆ। ਰੋਸ਼ਨ ਫੁਲਵੀ ਵਲੋਂ ਸੰਪਾਦਤ ਮਿੰਨੀ ਸੰਗ੍ਰਹਿ ‘ਤਰਕਸ਼’ ਵੀ ਉਸ ਸਮੇਂ ਆ ਚੁੱਕਾ ਸੀ। ਰਾਮਪੂਰਾ ਫੂਲ ਵਿਖੇ ਮੀਟਿੰਗ ਹੋਈ। ਜੋਗਿੰਦਰ ਨਿਰਾਲਾ, ਨਿਰੰਜਣ ਬੋਹਾ, ਸ਼ਿਆਮ ਸੰਦਰ ਅਗਰਵਾਲ ਆਦਿ ਸ਼ਾਮਿਲ ਹੋਏ। ਹਿੰਦੀ ਭਾਸ਼ੀ ਪੰਜਾਬੀ ਦੇ ਜਾਣਕਾਰ, ਲੇਖਕ ਅਸ਼ੋਕ ਭਾਟੀਆ ਵੀ। ‘ਮਿੰਨੀ ਕਹਾਣੀ ਲੇਖਕ ਮੰਚ ਪੰਜਾਬ’ ਦਾ ਗਠਨ ਹੋਇਆ ਤੇ ਪਹਿਲਾ ਪ੍ਰੋਗਰਾਮ ਰਾਮਪੂਰਾ ਫੂਲ ਕਰਵਾਉਣ ਦਾ ਫੈਸਲਾ ਹੋਇਆ।
ਰੋਸ਼ਨ ਫੂਲਵੀ ਇੱਕ ਸਥਾਨਕ ਅਖਬਾਰ ‘ਸਤਿ ਸਾਗਰ’ ਕੱਢਦੇ ਸਨ। ਉਨ੍ਹਾਂ ਨੂੰ ਕਿਹਾ ਗਿਆ ਕਿ ਸਮਾਗਮ ’ਤੇ ਇਸ ਅਖ਼ਬਾਰ ਦਾ ਮਿੰਨੀ ਕਹਾਣੀ ਵਿਸ਼ੇਸ਼ ਅੰਕ ਕੱਢਿਆ ਜਾਵੇ। ਰਚਨਾਵਾਂ ਇਕੱਠੀਆਂ ਕਰਨ ਦੀ ਜ਼ਿੰਮੇਵਾਰੀ ਸ਼ਿਆਮ ਸੁੰਦਰ ਅਗਰਵਾਲ ਨੂੰ ਦਿੱਤੀ ਗਈ। ਰਚਨਾਵਾਂ ਜੁਟਾ ਕੇ ਜਦੋਂ ਛਪਣ ਲਈ ਭੇਜੀਆਂ ਤਾਂ ਫਲਵੀ ਸਾਹਿਬ ਨੇ ਸਾਰੀਆਂ ਰਚਨਾਵਾਂ ਨੂੰ ਛਾਪ ਸਕਣ ਵਿੱਚ ਅਸਮਰਥਾ ਜਤਾਈ ਤੇ ਫਿਰ ਅਗਰਵਾਲ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ, ਮੈਂ ਉਦੋਂ ਅੰਮ੍ਰਿਤਸਰ ਸੀ। ‘ਹੋਂਦ’ ਤੇ ‘ਅਸਤਿਤਵ’ ਬੰਦ ਹੋ ਗਏ ਸਨ। ਮਿੰਨੀ ਕਹਾਣੀਆਂ ਨੂੰ ਸਮਰਪਿਤ ਮੈਗਜ਼ੀਨ ‘ਮਿੰਨੀ’ ਦੀ ਸ਼ੁਰੂਆਤ ਹੋਈ ਤੇ ਬਾਕੀ ਰਚਨਾਵਾਂ ਨਾਲ ਉਹ ਮੈਗਜ਼ੀਨ ਅਕਤਬਰ 1988 ਵਿੱਚ ਰਾਮਪੂਰਾ ਫੂਲ ਵਿਖੇ ਰਿਲੀਜ਼ ਹੋਇਆ।
ਫਿਰ ਚੱਲ ਸੌ ਚੱਲ। ‘ਮਿੰਨੀ’ ਤ੍ਰੈਮਾਸਿਕ, ਮਿੰਨੀ ਕਹਾਣੀ ਵਿਧਾ ਦੇ ਲੇਖਕਾਂ, ਆਲੋਚਕਾਂ ਆਦਿ ਨਾਲ ਰਲ ਕੇ ਨਵੇਂ ਰਾਹ ਖੁੱਲ੍ਹ ਗਏ। ਮੈਂ ਆਪਣੇ ‘ਦੀਵਾ ਬਲੇ ਸਾਰੀ ਰਾਤ’ ਦੇ ਤਜਰਬੇ ਦੀ ਤਰਜ਼ ’ਤੇ ਮਿੰਨੀ ਕਹਾਣੀ ਲੇਖਕਾਂ ਦੀ ਗੋਸ਼ਟੀ ਬਾਰੇ ਗੱਲ ਕੀਤੀ ਤੇ ਇਸਦੀ ਤ੍ਰੈਮਾਸਿਕ ਸ਼ੁਰੂਆਤ ‘ਜੁਗਨੂੰਆਂ ਦੇ ਅੰਗ-ਸੰਗ’ ਨਾਂ ਹੇਠ ਕੀਤੀ। ਜਿਸਨੂੰ ਕਿ ਮਿੰਨੀ ਤ੍ਰੈਮਾਸਿਕ ਦੇ ਛਪਣ ਨਾਲ ਜੋੜਿਆ ਗਿਆ। ਪਿਛਲੇ ਪੈਂਤੀ ਸਾਲਾਂ ਤੋਂ, ਮੈਗਜ਼ੀਨ ਵੀ ਅਤੇ ਇਹ ਗੋਸ਼ਟੀ ਵੀ ਲਗਾਤਾਰ ਨਿਰਵਿਘਨ ਚੱਲ ਰਹੇ ਹਨ।
ਛੋਟੇ ਮੈਗਜ਼ੀਨਾਂ ਨੂੰ ਲੈ ਕੇ, ਇਨ੍ਹਾਂ ਦੀ ਸਮਾਜ ਵਿੱਚ ਭੂਮਿਕਾ ’ਤੇ ਚਰਚਾ ਵੀ ਹੁੰਦੀ ਹੈ ਤੇ ਪਿਛੋਕੜ ਵਿੱਚ ਆਜ਼ਾਦੀ ਦੀ ਲਹਿਰ ਵਿੱਚ ਇਨ੍ਹਾਂ ਦੀ ਭੂਮਿਕਾ ਵੀ ਉਭਾਰੀ ਜਾਂਦੀ ਹੈ। ਕਮਰਸ਼ੀਅਲ ਮੈਗਜ਼ੀਨ, ਗਲੇਜ਼ ਪੇਪਰ ’ਤੇ ਛਪੇ, ਇਸ਼ਤਿਹਾਰਾਂ ਨਾਲ ਭਰੇ, ਮਹਿੰਗੇ ਵੀ ਹੁੰਦੇ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਛਪਦੇ ਹਨ, ਪਰ ਸਮਾਜਿਕ ਤਬਦੀਲੀ ਅਤੇ ਲੋਕਾਂ ਦੀਆਂ ਅਸਲੀ ਭਾਵਨਾਵਾਂ ਜੋ ਕਿ ਸਹੀ ਮਾਅਨਿਆਂ ਵਿੱਚ ਲੋਕ ਆਵਾਜ਼ ਹੁੰਦੇ ਹਨ, ਇਨ੍ਹਾਂ ਪਰਚਿਆਂ ਰਾਹੀਂ ਨਹੀਂ, ਸਗੋਂ ਛੋਟੇ ਪਰਚਿਆਂ ਰਾਹੀਂ ਹੀ ਅੱਗੇ ਵਧਦੀ ਤੇ ਫੈਲਦੀ ਹੈ। ਸਰਕਾਰੀ ਨੀਤੀਆਂ ਦੇ ਵਿਰੋਧ ਵੀ ਜ਼ਿਆਦਾਤਰ ਇਨ੍ਹਾਂ ਵਿੱਚ ਦਰਜ ਹੋਏ ਮਿਲਦੇ ਹਨ।
ਮੈਂ ਹਰ ਥਾਂ ’ਤੇ ਕਹਿੰਦਾ ਹਾਂ ਕਿ ਮੈਂ ਸਾਹਿਤ ਦਾ ਵਿਧੀਵਤ ਵਿਦਿਆਰਥੀ ਨਹੀਂ ਹਾਂ। ਸੱਚ ਵੀ ਇਹੀ ਹੈ, ਮੈਂ ਸਿਹਤ ਦਾ ਵਿਦਿਆਰਥੀ ਰਿਹਾ ਹਾਂ, ਭਾਵੇਂ ਹੁਣ ਵੀ ਹਾਂ ਤੇ ਪੰਜਾਬੀ ਵਿੱਚ ਸਿਹਤ-ਸਾਹਿਤ ਲੈ ਕੇ ਆਉਣ ਬਾਰੇ ਜਾਣਿਆ ਵੀ ਜਾਂਦਾ ਹਾਂ। ਉਂਜ ਸਬੱਬੀਂ ਮੈਂ ਐੱਮ.ਏ. ਪੰਜਾਬੀ ਵੀ ਕੀਤੀ ਹੈ। ਜਦੋਂ ਇਸਦੇ ਪੇਪਰਾਂ ਦੇ ਦਿਨ ਸੀ, ਮੈਂ ਪਟਿਆਲੇ ਹਾਊਸ ਜਾੱਬ ਕਰ ਰਿਹਾ ਸੀ। ਹਿੰਦੀ ਪਹਿਲੀ ਭਾਸ਼ਾ ਹੋਣ ਕਰਕੇ, ਪੰਜਾਬੀ ਦੇ ਸ਼ਬਦ ਜੋੜਾਂ ਪ੍ਰਤੀ ਪੂਰੀ ਤਰ੍ਹਾਂ ਵਾਕਫ਼ ਨਹੀਂ ਸੀ। ਸਿਹਾਰੀ-ਬਿਹਾਰੀ ਦੀ ਵਰਤੋਂ, ਨ ਅਤੇ ਣ ਨੂੰ ਲੈ ਕੇ, ਕਾਫ਼ੀ ਉਲਝਣ ਸੀ। ਪੇਪਰ ਦੇਣੇ ਸੀ ਤਾਂ ਇੱਕ ਦਿਨ ਮੈਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਤ੍ਰਿਲੋਕ ਸਿੰਘ ਆਨੰਦ, ਜੋ ਮੇਰੇ ਜਾਣਕਾਰ ਸਨ, ਕੋਲ਼ ਇਸ ਬਾਰੇ ਕੋਈ ਗੁਰ ਲੈਣ ਗਿਆ। ਉਹ ਕਹਿਣ ਲੱਗੇ, ਤੁਸੀਂ ਹਿੰਦੀ ਜਾਣਦੇ ਹੋ ਤਾਂ ਇਹ ਵਧੀਆ ਗੁਣ ਹੈ ਤੁਹਾਡੇ ਕੋਲ। ਜਿਵੇਂ ਹਿੰਦੀ ਵਿੱਚ ਲਿਖਦੇ ਨੇ, ਉਸ ਨੂੰ ਗੁਰਮੁਖੀ ਲਿਪੀ ਵਿੱਚ ਲਿਖ ਦੇਣਾ। ਹਿੰਦੀ ਵਿੱਚ ਕਾਰਨ, ਣ ਨਾਲ ਪੈਂਦਾ ਹੈ ਤਾਂ ਕਾਰਣ ਲਿਖੋ। ਇਹ ਵਿਗਿਆਨਕ ਹੈ ਜਾਂ ਪੰਜਾਬੀ ਨੂੰ ਲੈ ਕੇ ਹੀਣ ਭਾਵਨਾ?
ਦੂਸਰਾ ਗੁਰ ਕਾਫ਼ੀ ਵਧੀਆ ਸੀ ਜੋ ਕਿ ਜੀਵਨ ਵਿੱਚ ਢਾਲਣ ਵਾਲਾ ਵੀ ਸੀ। ਮੈਂ ਗੱਲਾਂ-ਗੱਲਾਂ ਵਿੱਚ ਸਿਲੇਬਸ ਬਾਰੇ ਗੱਲ ਕਰਦਿਆਂ, ਬਲਵੰਤ ਗਾਰਗੀ ਦੇ ਨਾਟਕ ‘ਲੋਹਾ ਕੁੱਟ’ ਦੇ ਅੰਤ ਬਾਰੇ ਗੱਲ ਕੀਤੀ ਕਿ ਮੈਨੂੰ ਉਹ ਠੀਕ ਨਹੀਂ ਲੱਗਿਆ। ਪ੍ਰੋਫੈਸਰ ਸਾਹਬ ਨੇ ਪਤੇ ਦੀ ਗੱਲ ਕਹੀ। ਕਿਸੇ ਵੀ ਰਚਨਾ/ਲੇਖਕ ਬਾਰੇ ਟਿੱਪਣੀ ਕਰਦਿਆਂ, ਨਾ ਬਹੁਤੀ ਤਾਰੀਫ਼ ਕਰਨੀ ਹੈ, ਨਾ ਬਹੁਤਾ ਨਿੰਦਣਾ ਹੈ। ਪੇਪਰ ਚੈੱਕ ਕਰਨ ਵਾਲਾ ਪਤਾ ਨਹੀਂ ਲੇਖਕ ਦਾ ਉਪਾਸ਼ਕ ਹੋਵੇ ਜਾਂ ਵਿਰੋਧੀ। ਤੁਸੀਂ ਵਿਦਿਆਰਥੀ ਹੋ ਖੁਦ ਨੂੰ ‘ਸੇਫ ਸਾਈਡ’ ਰੱਖਣਾ ਹੈ। ਪ੍ਰੋਫੈਸਰ ਸਨ, ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਇਨ੍ਹਾਂ ਨੇ ਸਮਝਿਆ ਕਿ ਜੀਵਨ ਸਿਰਫ਼ ਪੇਪਰਾਂ/ਡਿਗਰੀ ਲੈਣ ਤਕ ਸੀਮਤ ਹੈ। ਪਰ ਇੰਜ ਨਹੀਂ ਹੈ। ਉਂਜ ਇਮਤਿਹਾਨ ਤਾਂ ਹਰ ਘੜੀ ਹੈ। ਵੈਸੇ ਵੀ ਜ਼ਿੰਦਗੀ ਵਿੱਚ, ‘ਸੇਫ ਸਾਈਡ’ ਦੀ ਹੀ ਹਰ ਕੋਈ ਸਿਫਾਰਸ਼ ਕਰਦਾ ਹੈ।
ਪੰਜਾਬੀ ਕਵੀ ਪਾਸ਼ ਦੀ ਇੱਕ ਕਵਿਤਾ ਦਾ ਭਾਵ ਹੈ, ‘ਵਿਚਕਾਰਲਾ ਰਸਤਾ ਕੋਈ ਨਹੀਂ ਹੁੰਦਾ।’ ਇੱਕ ਪਾਸਾ ਲੈਣਾ ਪੈਂਦਾ ਹੈ। ਇੱਕ ਧਿਰ ਨਾਲ ਖੜ੍ਹਨਾ ਪੈਂਦਾ ਹੈ। ਭਾਵੇਂ ਕਿ ਇਹ ਚਰਚਾ ਵੀ ਚਲਦੀ ਰਹਿੰਦੀ ਹੈ ਤੇ ਲਚਕਦਾਰ ਹੋਣ ਨੂੰ ਸਹੀ ਕਿਹਾ ਜਾਂਦਾ ਹੈ। ਕੁਦਰਤ ਦਾ ਸੰਤੁਲਨ, ਟਾਹਣੀ ਦੀ ਲਚਕ ਅਤੇ ਆਕੜ ਵਾਲੇ ਪਹਿਲੂ ਹੂਬਹੂ ਸਮਾਜਿਕ ਸਥਿਤੀ ਉੱਪਰ ਲਾਗੂ ਨਹੀਂ ਹੁੰਦੇ। ਪਰ ਵਿਚਕਾਰਲਾ ਰਸਤਾ ਸੌਖਾ ਲੱਗਦਾ ਹੈ। ਕਿਨਾਰੇ ’ਤੇ ਤੈਰਦੇ ਲੋਕਾਂ ਨੂੰ ਉੱਦਮ ਕਰਨਾ ਪੈਂਦਾ ਹੈ। ਮੰਝਧਾਰ ਆਪਣੇ ਵਹਾਅ ਨਾਲ ਖੁਦ ਲੈ ਜਾਂਦੀ ਹੈ। ਪਰ ਮੰਝਧਾਰ ਹੀ ਡੋਬਦੀ ਵੀ ਹੈ। ਕਈ ਪਹਿਲੂ ਨੇ, ਸਾਰੇ ਆਪਣੇ ਹਿਸਾਬ ਮੁਤਾਬਕ ਵਰਤਦੇ, ਹਾਵ-ਭਾਵ ਪ੍ਰਗਟਾਉਂਦੇ ਨੇ। ਸਮੇਂ ਨਾਲ ਵੀ ਬਹੁਤ ਕੁਝ ਬਦਲਦਾ ਰਹਿੰਦਾ ਹੈ ਤੇ ਪ੍ਰਗਟਾਇਆ ਜਾਂਦਾ ਹੈ। ਧਿਰਾਂ ਦੀ ਆਪਣੀ ਸਿਆਸਤ ਹੈ। ਉੱਥੇ ਵੀ ਮੇਰਾ-ਮੇਰਾ, ਆਪਣਾ-ਵਿਰੋਧੀ ਦੀ ਗੱਲ ਹੈ। ਮਾਨਵੀ ਅਤੇ ਵਿਵੇਕੀ ਹੋਣਾ ਅਸਲੀ ਸਿਆਸਤ ਹੈ, ਜਿਸ ’ਤੇ ਕੋਈ ਨਹੀਂ ਖੜ੍ਹਦਾ।
ਸੁਰਿੰਦਰ ਸ਼ਰਮਾ, ਜਿਵੇਂ ਕਿਹਾ ਇੱਕ ਵੱਖਰੀ ਨਜ਼ਰ ਰੱਖਦੇ ਨੇ। ਚੰਗਾ ਲਿਖਦੇ ਸੀ, ‘ਨਾਗਮਣੀ’ ਵਿੱਚ ਛਪਦੇ ਰਹੇ ਹਨ। ਵੱਖਰੀ ਨਜ਼ਰ ਹੈ, ਸਾਹਿਤ ਪ੍ਰਤੀ। ਪਤਾ ਨਹੀਂ ਕਿਉਂ ਲਿਖਣਾ ਛੱਡ ਗਏ? ਇੱਕ ਵਾਰੀ ਆਪਣੇ ਮੈਂਟਰ, ਰਾਹ ਦਸੇਰੇ, ਗੁਰੂ ਸਮਾਨ ਪਟਿਆਲੇ ਦੇ ਲਾਲੀ ਦੇ ਕਹੇ ਸ਼ਬਦ ਸਾਂਝੇ ਕਰਦੇ ਕਹਿੰਦੇ, ‘ਕਿੰਨਾ ਵਧੀਆ ਲਿਖਿਆ ਜਾ ਚੁੱਕਿਆ ਹੈ, ਬੁੱਲੇਸ਼ਾਹ ਤੋਂ ਹੋਰ ਵਧੀਆ ਕੀ ਲਿਖਿਆ ਜਾਵੇਗਾ?’
ਇਸ ਪ੍ਰਗਟਾਵੇ ਵਿੱਚ ਕਈ ਸਵਾਲ ਨੇ। ਵਿਚਾਰਨ ਵਾਲੇ ਸਵਾਲ। ਲਿਖਣ ਨੂੰ ਸੰਜੀਦਗੀ ਨਾਲ ਲੈਣ ਵਾਲੇ ਸਵਾਲ। ਸਵਾਲ? ਸਵਾਲ ਹੋਣਗੇ ਤਾਂ ਉੱਤਰ ਲਏ ਜਾਣਗੇ। ਨਹੀਂ ਮਿਲਣਗੇ ਤਾਂ ਲੱਭੇ ਜਾਣਗੇ। ਇਸ ਤਰ੍ਹਾਂ ਹੀ ਅੱਗੇ ਵੱਲ ਤੁਰਿਆ ਜਾਵੇਗਾ। ਤੁਰ ਕੇ ਹੀ ਕਿੱਤੇ ਅੱਗੇ ਪਹੁੰਚਿਆ ਜਾਵੇਗਾ।
ਸ਼ਬਦਾਂ ਦੇ ਸਫ਼ਰ ਦੀ ਕੋਈ ਆਖਰੀ ਮੰਜ਼ਿਲ ਥੋੜ੍ਹਾ ਹੁੰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3878)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)