“ਪੜ੍ਹਾਈ ਮੌਜੂਦ ਹੋਵੇ ਤੇ ਫਿਰ ਉਸ ਮੁਤਾਬਕ ਕੰਮ ਰੋਜ਼ਗਾਰ ਵੀ। ਖਾਲੀ ਹੱਥਾਂ ਅਤੇ ਵਿਹਲੇ ਦਿਮਾਗ ਨੂੰ ...”
(24 ਮਈ 2023)
ਇਸ ਸਮੇਂ ਮਹਿਮਾਨ: 236.
ਨੌਜਵਾਨੀ ਇੱਕ ਕੁਦਰਤੀ ਅਵਸਥਾ ਹੈ ਤੇ ਨੌਜਵਾਨ ਹਰ ਇੱਕ ਮੁਲਕ ਅਤੇ ਮੁਲਕ ਅੰਦਰ ਵੀ ਹਰ ਸੱਭਿਆਚਾਰ ਦੇ ਵੱਖਰੇ ਹੁੰਦੇ ਹਨ। ਕਾਰਨ ਹੈ ਕਿ ਕੁਦਰਤ ਤੋਂ ਮਿਲੀ ਜੈਵਿਕ ਬਣਤਰ ਨੂੰ, ਸੱਭਿਆਚਾਰ ਆਪਣੀ ਸਿਖਲਾਈ ਨਾਲ ਆਪਣੇ ਤਰੀਕੇ ਨਾਲ ਤਿਆਰ ਕਰਦਾ ਉਸਾਰਦਾ ਹੈ।
ਸਾਡੀ ਸਭ ਦੀ ਖਹਿਸ਼ ਰਹਿੰਦੀ ਹੈ ਕਿ ਜੋ ਵੀ ਬੱਚਾ ਪੈਦਾ ਹੋਇਆ ਹੈ, ਜੋ ਵੀ ਸ਼ਖ਼ਸ ਵਧ-ਫੁੱਲ ਰਿਹਾ ਹੈ, ਉਹ ਇੱਕ ਚੰਗੀ ਸਖਸੀਅਤ ਵਾਲਾ ਬਣੇ, ਵਧੀਆ ਨਾਗਰਿਕ ਬਣੇ। ਉਹ ਜ਼ਿੰਮੇਵਾਰ ਸ਼ਖਸ ਬਣੇ, ਪਰਿਵਾਰ ਵਿੱਚ ਆਪਣਾ ਬਣਦਾ ਹਿੱਸਾ ਪਾਉਣ ਵਾਲਾ ਅਤੇ ਸਮਾਜ ਵਿੱਚ ਹਿੱਸਾ ਪਾਉਣ ਵਾਲਾ ਵੀ। ਇਸ ਕਾਰਜ ਲਈ ਸਕੂਲ ਦੀ ਅਤੇ ਅਧਿਆਪਕਾਂ ਦੀ ਇੱਕ ਅਹਿਮ ਭੂਮਿਕਾ ਰਹਿੰਦੀ ਹੈ। ਪਰ ਵੱਡੇ ਪਰਿਪੇਖ ਵਿੱਚ ਨੌਜਵਾਨ ਭਾਰਤੀ ਹੈ, ਉਹ ਆਪਣੀ ਦਿੱਖ ਅਤੇ ਵਿਵਹਾਰ ਤੋਂ ਪਛਾਣਿਆ ਜਾਂਦਾ ਹੈ ਕਿ ਇਹ ਦੱਖਣੀ ਹੈ ਜਾਂ ਉੱਤਰੀ ਤੇ ਫਿਰ ਆਪਣੇ ਇਸ ਖਿੱਤੇ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਹੈ। ਪੰਜਾਬੀ ਨੌਜਵਾਨ ਦੀਆਂ ਆਪਣੀਆਂ ਖਾਸੀਅਤਾਂ ਹਨ। ਉਹ ਕਿਵੇਂ ਇਸ ਖਾਸੇ ਦਾ ਮਾਲਿਕ ਬਣਿਆ ਹੈ, ਉਸ ਪਿੱਛੇ ਸੱਭਿਆਚਾਰ ਦੀ ਵੀ ਭੂਮਿਕਾ ਹੁੰਦੀ ਹੈ।
ਨਵੇਂ ਪਰਿਪੇਖ ਵਿੱਚ, ਦੇਸ਼ ਦੀ ਸੱਤਾ ਤੋਂ ਵੀ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਦੇਸ਼ ਵਾਸੀਆਂ, ਨਾਗਰਿਕਾਂ ਨੂੰ ਇੱਕ ਵਧੀਆ ਜੀਉਣਜੋਗੀ ਜ਼ਿੰਦਗੀ ਜੀਣ ਦਾ ਮਾਹੌਲ ਦੇਵੇ। ਖਾਸ ਕਰਕੇ, ਨੌਜਵਾਨਾਂ ਨੂੰ ਲੈ ਕੇ ਤਾਂ ਇਹ ਆਸ ਵਾਜਬ ਹੈ, ਕਿਉਂ ਜੋ ਅਸੀਂ ਨੌਜਵਾਨ ਵਿੱਚ ਆਪਣਾ ਭਵਿੱਖ ਦੇਖਦੇ ਹਾਂ। ਜੇਕਰ ਕਹੀਏ ਤਾਂ ਇੱਕ ਆਜ਼ਾਦ, ਲੋਕਤੰਤਰਕ, ਸੰਵਿਧਾਨ ਨਾਲ ਚੱਲਣ ਵਾਲੇ ਦੇਸ਼ ਤੋਂ ਤਾਂ ਇਹ ਮੰਗ ਕਰਨੀ ਬਣਦੀ ਹੀ ਹੈ।
ਇੱਕ ਕਿੱਸੇ ਨਾਲ ਗੱਲ ਨੂੰ ਅੱਗੇ ਵਧਾਉਂਦੇ ਹਾਂ। ਇੱਕ ਪਿੰਡ ਵਿੱਚ ਤਲਾਅ ਸੀ, ਜੋ ਕਿ ਹੁੰਦੇ ਹੀ ਹਨ। ਨੌਜਵਾਨ, ਬੱਚੇ ਆਦਿ ਉਸ ਵਿੱਚ ਨਹਾਉਣ, ਖੇਡਣ, ਮਸਤੀ ਕਰਨ ਜਾਂਦੇ।
ਤਲਾਅ ਵਿੱਚ ਨਹਾਉਂਦਿਆਂ-ਕਰਦਿਆਂ, ਇੱਕ ਹਾਦਸਾ ਵਾਪਰਿਆ ਕਿ ਦੋ ਬੱਚੇ ਡੁੱਬ ਗਏ। ਪਿੰਡ ਵਾਲੇ ਇਕੱਠੇ ਹੋਏ। ਵਿਚਾਰਾਂ ਕੀਤੀਆਂ ਅਤੇ ਫੈਸਲਾ ਹੋਇਆ ਕਿ ਤਲਾਅ ਦੇ ਦੁਆਲੇ ਵਾੜ ਲਾ ਦਿੱਤੀ ਜਾਵੇ। ਵਾੜ ਲੱਗਣ ਨਾਲ ਸਗੋਂ ਜਿਗਿਆਸਾ ਵਧ ਗਈ। ਬੱਚਿਆਂ ਨੇ ਆਪਣੀ ਜਿਗਿਆਸਾ ਸ਼ਾਂਤ ਕਰਨ ਲਈ ਵਾੜ ਲੰਘੀ ਤੇ ਅੰਦਰ ਪਹੁੰਚ ਗਏ। ਇਸ ਦੌਰਾਨ ਇੱਕ ਹਾਦਸਾ ਹੋਰ ਵਾਪਰ ਗਿਆ।
ਪਿੰਡ ਦੇ ਮੋਹਤਬਰ ਫਿਰ ਜੁੜ ਬੈਠੇ ਤੇ ਤਲਾਅ ਨੂੰ ਪੂਰ ਦੇਣ ਦਾ ਫੈਸਲਾ ਸਾਹਮਣੇ ਆਇਆ। ਦੂਸਰੇ ਪਾਸੇ ਤਲਾਅ ਦੀ ਲੋੜ ਵੀ ਸੀ। ਬਾਹਰੋਂ ਕੁਝ ਸਿਆਣੇ ਲੋਕ ਬੁਲਾਏ ਤੇ ਸਮੱਸਿਆ ਵਿਚਾਰੀ ਗਈ। ਇੱਕ ਸਿਆਣੇ ਨੇ ਸੁਝਾਇਆ ਕਿ ਤਲਾਅ ਦੇ ਆਲੇ ਦੁਆਲੇ ਨਾ ਵਾੜ ਤੇ ਨਾ ਹੀ ਇਸ ਨੂੰ ਪੂਰ ਦੇਣਾ ਹੱਲ ਹੈ। ਅਸਲੀ ਹੱਲ ਹੈ ਕਿ ਬੱਚਿਆਂ ਦੀ ਉਂਗਲ ਫੜੋ, ਉਨ੍ਹਾਂ ਨੂੰ ਆਪ ਨਾਲ ਲੈ ਕੇ ਜਾਉ। ਉਨ੍ਹਾਂ ਨੂੰ ਤੈਰਨਾ ਸਿਖਾਉ। ਜਦੋਂ ਉਹ ਤੈਰਨਾ ਸਿੱਖ ਗਏ, ਫਿਰ ਕੋਈ ਦਿੱਕਤ ਨਹੀਂ ਆਵੇਗੀ।
ਇਸ ਸੰਦਰਭ ਵਿੱਚ ਜੇਕਰ ਦੇਸ਼ ਵੱਲ, ਸੰਵਿਧਾਨਕ ਕਾਰਜਪ੍ਰਣਾਲੀ ਤਹਿਤ ਵਖੀਏ ਤਾਂ ਕੀ ਸਾਨੂੰ ਕੋਈ ਨੌਜਵਾਨਾਂ ਲਈ ਠੋਸ ਨੀਤੀ ਨਜ਼ਰ ਆਉਂਦੀ ਹੈ, ਭਾਵੇਂ ਕਿ ਪਿਛਲੇ ਕੁਝ ਕੁ ਸਾਲਾਂ ਤੋਂ ਡਿਜੀਟਲ ਇੰਡੀਆ, ਸਟਾਰਟ ਅਪ ਇੰਡੀਆ, ਮੇਕ ਅਪ ਇੰਡੀਆ, ਸਕਿੱਲ ਇੰਡੀਆ ਵਰਗੇ, ਨੌਜਵਾਨਾਂ ਲਈ ਪਲੇਟਫਾਰਮ ਸਾਹਮਣੇ ਲਿਆਂਦੇ ਗਏ ਹਨ।
ਜੇਕਰ ਇੱਕ ਵਾਰੀ ਮੰਨ ਲਈਏ ਕਿ ਦੇਸ਼ ਨੂੰ ਆਪਣੇ ਨੌਜਵਾਨਾਂ ਦਾ ਫਿਕਰ ਹੈ, ਜੋ ਕਿ ਹੋਣਾ ਹੀ ਚਾਹੀਦਾ ਹੈ, ਜਦੋਂ ਦੇਸ਼ ਕੋਲ ਦੁਨੀਆਂ ਭਰ ਤੋਂ ਵੱਧ ਨੌਜਵਾਨ ਹੋਣ, ਹੁਣ ਤਾਂ ਆਬਾਦੀ ਵੀ ਸਭ ਤੋਂ ਵੱਧ ਹੋ ਗਈ ਹੈ, ਨਾਲੇ ਜਿਸ ਨੂੰ ਅਸੀਂ ਸਭ ਤੋਂ ਵਧੀਆ ‘ਮਨੁੱਖੀ ਸਰਮਾਇਆ’ ਕਹਿੰਦੇ ਹੋਈਏ, ਤਾਂ ਜੋ ਦ੍ਰਿਸ਼ ਨੌਜਵਾਨਾਂ ਨੂੰ ਲੈ ਕੇ ਨਜ਼ਰ ਆ ਰਿਹਾ ਹੈ, ਉਹ ਕਿਸ ਪਾਸੇ ਇਸ਼ਾਰਾ ਕਰਦਾ ਹੈ, ਸੋਚਣ ਵਾਲੀ ਗੱਲ ਹੈ। ਕਹਿਣ ਤੋਂ ਭਾਵ ਨੌਜਵਾਨਾਂ ਨੂੰ ਇੱਕ ਵਧੀਆ ਸ਼ਖਸੀਅਤ, ਇੱਕ ਚੰਗਾ ਨਾਗਰਿਕ ਬਣਾਉਣਾ ਹੈ ਤਾਂ ਉਨ੍ਹਾਂ ਦੀ ਉਂਗਲ ਫੜ ਕੇ ਉਨ੍ਹਾਂ ਨੂੰ ਸਮਾਜ ਵਿੱਚ ਰਹਿਣਾ, ਵਿਚਰਨਾ ਸਿਖਾਉਣਾ ਪਵੇਗਾ। ਜਦੋਂ ਨੌਜਵਾਨਾਂ ਦੀ ਵੱਡੀ ਗਿਣਤੀ ਆਪਣਾ ਦੇਸ਼ ਛੱਡ ਕੇ ਵਿਦੇਸ਼ ਪਰਵਾਸ ਕਰ ਰਹੀ ਹੈ, ਉਹ ਵੀ ਉੱਥੋਂ ਦੀ ਨਾਗਰਿਕਤਾ ਲੈਣ ਲਈ ਤਾਂ ਸਾਫ ਹੈ ਕਿ ਕੋਈ ਵੀ ਹੱਥ ਫੜਣ ਵਾਲਾ, ਥਾਪੜਾ ਦੇਣ ਵਾਲਾ ਨਹੀਂ ਹੈ, ਜੋ ਸਮਝਾ ਸਕੇ ਕਿ ਇਸ ਦੇਸ਼ ਵਿੱਚ ਸਭ ਕੁਝ ਹੈ।
ਜਦੋਂ ਵੱਡੀ ਗਿਣਤੀ ਨੌਜਵਾਨਾਂ ਦੀ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ ਤਾਂ ਸਾਫ ਹੈ ਕੋਈ ਉਨ੍ਹਾਂ ਦਾ ਰਾਹ ਦਸੇਰਾ ਨਹੀਂ ਹੈ, ਜੋ ਦੱਸੇ, ਸਮਝਾਵੇ ਕਿ ਇਹ ਰਾਹ ਠੀਕ ਨਹੀਂ ਹੈ। ਨਸ਼ੇ ਕਿਸੇ ਭਟਕਾਅ ਜਾਂ ਬੇਚੈਨੀ ਦਾ ਹੱਲ ਨਹੀਂ ਹਨ, ਇਹ ਖੁਦ ਇੱਕ ਸਮੱਸਿਆ ਹਨ। ਇਹ ਤੁਹਾਡੀ ਉਮਰ ਦੀ ਲਿਆਕਤ, ਕਾਬਲੀਅਤ, ਸਮਰੱਥਾ ਦੇ ਹਾਣ ਦਾ ਨਹੀਂ ਹੈ। ਇਹੀ ਗੱਲ ਖੁਦਕੁਸ਼ੀ ਦੇ ਰਾਹ ਪਏ ਨੌਜਵਾਨਾਂ ਬਾਰੇ ਵੀ ਹੈ।
ਇੱਕ ਵਾਰੀ ਫਿਰ ਇਹ ਗੱਲ ਦਰਜ ਕਰਨ ਦੀ ਲੋੜ ਹੈ ਕਿ ਦੇਸ਼ ਨੇ 1984 ਵਿੱਚ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਕੌਮੀ ਯੁਵਾ ਦਿਵਸ ਵਜੋਂ ਐਲਾਨਿਆ ਤੇ ਇੱਕ ਕੌਮੀ ਯੂਵਾ ਨੀਤੀ ਦਾ ਗਠਨ ਕੀਤਾ। ਪਰ ਨੀਤੀ ਬਣਾਉਣ ਵੇਲੇ ਜੇ ਦੂਰਦਰਸ਼ਿਤਾ, ਜੋ ਸਮਝ ਦੀ ਡੂੰਘਾਈ ਦੀ ਲੋੜ ਹੁੰਦੀ ਹੈ, ਸ਼ਾਇਦ ਉਹ ਨਹੀਂ ਸੀ। ਉਸ ਵੇਲੇ ਦੇਸ਼ ਅੰਦਰ ਨੌਜਵਾਨਾਂ ਨੂੰ ਲੈ ਕੇ ਚੱਲ ਰਹੇ ਪ੍ਰੋਗਰਾਮ ਐੱਮ.ਐੱਸ., ਐੱਨ.ਸੀ.ਸੀ., ਸਕਾਊਟ ਤੇ ਗਾਈਡ, ਨਹਿਰੂ ਯੁਵਾ ਕੇਂਦਰ, ਵਿਦਿਆਰਥੀਆਂ ਲਈ ਵਜੀਫੇ ਆਦਿ ਨੂੰ ਨੀਤੀ ਦੇ ਖਰੜੇ ਵਿੱਚ ਸ਼ਾਮਲ ਕਰ ਲਿਆ।
ਇਸ ਤੋਂ ਬਾਅਦ ਸਾਲ 2003 ਵਿੱਚ ਇਸ ਨੂੰ ਮੁੜ ਤੋਂ ਲਿਖਿਆ,ਸੋਧਿਆ ਗਿਆ ਤੇ ਨੌਜਵਾਨਾਂ ਦੀ 13 ਤੋਂ 35 ਸਾਲ ਦੀ ਉਮਰ ਨੂੰ ਥਾਂ ਮਿਲੀ। ਆਖਰੀ ਵਾਰ 2014 ਵਿੱਚ ਕੁਝ ਕੁ ਤਬਦੀਲੀਆਂ ਦੇ ਨਾਲ ਉਮਰ ਵੀ 15 ਤੋਂ 29 ਕੀਤੀ ਗਈ, ਜੋ ਕਿ ਸਮਾਜ ਮਨੋਵਿਗਿਆਨ ਦੇ ਮਾਹਿਰਾਂ ਵੱਲੋਂ ਸਭ ਤੋਂ ਉਸਾਰੂ ਵਰ੍ਹੇ ਮੰਨੇ ਜਾਂਦੇ ਹਨ।
ਜਿਵੇਂ ਹਰ ਨੀਤੀ ਵਿੱਚ ਹੀ ਹੁੰਦਾ ਹੈ, ਵਧੀਆ-ਵਧੀਆ ਪ੍ਰਭਾਵਸ਼ਾਲੀ ਸ਼ਬਦ ਲਿਆਏ ਜਾਂਦੇ ਹਨ। ਭਾਵੇਂ ਕਿ ਉਨ੍ਹਾਂ ਸ਼ਬਦਾਂ ਵਿੱਚ ਰੂਹ ਵੀ ਭਰਨੀ ਹੁੰਦੀ ਹੈ। 2013 ਦੀ ਨੀਤੀ ਵਿੱਚ ਮੁੱਖ ਪਹਿਲੂ ਹਨ, ਸਿੱਖਿਆ, ਰੋਜ਼ਗਾਰ, ਉਦਯੋਗ ਉੱਦਮੀ, ਨੌਜਵਾਨਾਂ ਵਿੱਚ ਅੱਗੇ ਲੱਗਣ, ਪਹਿਲ ਕਰਨ ਦੀ ਭਾਵਨਾ ਨੂੰ ਵਿਕਸਿਤ ਕਰਨਾ ਅਤੇ ਸਮਾਜਿਕ ਇਨਸਾਫ ਵਾਲਾ ਮਾਹੌਲ।
ਇਹ ਨਹੀਂ ਕਿ ਨੌਜਵਾਨਾਂ ਨੂੰ ਕੁਝ ਹਾਸਲ ਕਰਨ ਲਈ ਨੀਤੀ ਦੀ ਹੀ ਲੋੜ ਹੁੰਦੀ ਹੈ, ਸਾਡੇ ਕੋਲ ਇਤਿਹਾਸ ਵਿੱਚ ਅਨੇਕਾਂ ਅਜਿਹੇ ਉਦਾਹਰਣ ਹਨ, ਜਿਨ੍ਹਾਂ ਨੇ ਬਿਨਾਂ ਕਿਸੇ ਵਿਸ਼ੇਸ਼ ਨੀਤੀ ਦੇ ਮੱਲਾਂ ਮਾਰੀਆਂ ਹਨ। ਉਨ੍ਹਾਂ ਵਿੱਚ ਪਰਿਵਾਰ ਦਾ, ਸਮਾਜ ਦਾ ਸਹਿਯੋਗ ਰਿਹਾ ਹੈ ਤੇ ਜ਼ਿਆਦਾ ਉਨ੍ਹਾਂ ਨੌਜਵਾਨਾਂ ਦੀ ਆਪਣੀ ਹਿੰਮਤ ਰਹੀ ਹੈ। ਅੱਜ ਵੀ ਅਸੀਂ ਕਈ ਖੇਤਰਾਂ ਵਿੱਚ ਦੇਸ਼ ਦਾ ਨਾਂ ਚਮਕਾਉਣ ਵਾਲੇ ਨੌਜਵਾਨਾਂ ਬਾਰੇ ਸੁਣਦੇ ਹਾਂ ਤਾਂ ਉਹ ਉਨ੍ਹਾਂ ਦਾ ਨਿੱਜੀ ਉੱਦਮ ਵੱਧ ਹੁੰਦਾ ਹੈ। ਭਾਵੇਂ ਕਿ ਉਨ੍ਹਾਂ ਨੂੰ ਸਹੀ ਸਮੇਂ ’ਤੇ ਇੱਕ ਯੋਗ ਰਾਹ ਦਸੇਰਾ, ਰੋਲ ਮਾਡਲ ਕਿਸਮ ਦਾ ਸ਼ਖਸ ਮਿਲਿਆ ਹੁੰਦਾ ਹੈ।
ਪਰ ਜਦੋਂ ਸਮਾਜਿਕ ਇਨਸਾਫ ਦੀ ਗੱਲ ਆਉਂਦੀ ਹੈ ਤੇ ਨੌਜਵਾਨੀ ਦੀ ਕੁਦਰਤੀ ਫਿਤਰਤ ਦੀ ਗੱਲ ਤਾਂ ਸਾਰੇ ਹੀ ਨੌਜਵਾਨਾਂ ਵਿੱਚ ਕੁਦਰਤ ਨੇ ਇੱਕੋ ਜਿਹਾ ਖਾਸਾ ਪਾਇਆ ਹੈ। ਸਮਾਜਿਕ ਮਾਹੌਲ ਉਸ ਵਿੱਚੋਂ ਕਾਬਲੀਅਤ ਦੀ ਨਿਸ਼ਾਨਦੇਹੀ ਕਰਦਾ ਹੈ। ਇੱਥੇ ਨਿਰਭਰ ਕਰਦਾ ਹੈ ਕਿ ਕਿਸ ਸਖਸੀਅਤ ਨੇ ਉਸ ਨੌਜਵਾਨ ਦੀ ਉਂਗਲ ਫੜ ਕੇ, ਖੁਦ ਨਾਲ ਲੈ ਕੇ, ਸਮਾਜ ਦੇ ਵਹਿਣ ਵਿੱਚ ਤੈਰਨਾ ਸਿਖਾਇਆ ਹੈ।
ਇਹ ਪੱਖ ਤਾਂ ਨੀਤੀ ਦਾ ਬਿਲਕੁਲ ਸਹੀ ਹੈ ਕਿ ਨੌਜਵਾਨ ਦੀਆਂ ਮੁੱਖ ਦੋ ਜ਼ਰੂਰਤਾਂ ਹਨ, ਸਿੱਖਿਆ ਅਤੇ ਰੋਜ਼ਗਾਰ। ਸਿੱਖਿਆ ਰੋਜ਼ਗਾਰ ਲਈ ਜ਼ਰੂਰੀ ਹੈ ਪਰ ਇਸਦਾ ਵੱਡਾ ਮਕਸਦ ਵਿਅਕਤੀ ਦੀ ਤੀਸਰੀ ਅੱਖ ਖੋਲ੍ਹਣਾ ਹੈ, ਦੁਨੀਆਂ ਨੂੰ ਵੱਖਰੀ, ਘੋਖਵੀਂ ਨਜ਼ਰ ਨਾਲ ਦੇਖਣਾ ਹੈ। ਹਰ ਵਰਤਾਰੇ ’ਤੇ ਸਵਾਲ ਖੜ੍ਹੇ ਕਰਨਾ ਹੈ ਤੇ ਜਵਾਬ ਲੱਭਣੇ ਹਨ। ਮਨੁੱਖ ਜਾਤੀ ਨੇ ਆਪਣੀ ਹੋਂਦ ਤੋਂ ਅੱਜ ਤਕ ਜੋ ਵੀ ਵਿਕਾਸ ਕੀਤਾ ਹੈ, ਇਸੇ ਗੁਣ ਸਦਕਾ ਕੀਤਾ ਹੈ। ਪਰ ਪੜ੍ਹਾਈ ਨੂੰ ਨੀਤੀ ਵਿੱਚ ਥਾਂ ਦੇਣਾ ਹੀ ਕਾਫੀ ਨਹੀਂ ਹੈ, ਕੀ ਸਭ ਲਈ ਇਕਸਾਰ, ਬਰਾਬਰ ਮੌਕਿਆਂ ਵਾਲੀ ਪੜ੍ਹਾਈ ਦੇਸ਼ ਵਿੱਚ ਮੌਜੂਦ ਹੈ?
ਉਹ ਸ਼ਖਸ ਮਾਪੇ, ਅਧਿਆਪਕ, ਸਮਾਜ ਪ੍ਰਤੀ ਫ਼ਿਕਰ ਮੰਦ ਕੋਈ ਵੀ ਹੋ ਸਕਦਾ ਹੈ।
ਪੜ੍ਹਾਈ ਮੌਜੂਦ ਹੋਵੇ ਤੇ ਫਿਰ ਉਸ ਮੁਤਾਬਕ ਕੰਮ ਰੋਜ਼ਗਾਰ ਵੀ। ਖਾਲੀ ਹੱਥਾਂ ਅਤੇ ਵਿਹਲੇ ਦਿਮਾਗ ਨੂੰ ਪੜ੍ਹਾਈ ਸਗੋਂ ਵੱਧ ਪਰੇਸ਼ਾਨ ਕਰਦੀ ਹੈ। ਸਮਾਜ ਵਿੱਚ ਜਦੋਂ ਬਰਾਬਰੀ ਨਾ ਹੋਵੇ ਤਾਂ ਸਮਾਜਿਕ ਇਨਸਾਫ ਵਾਲੇ ਮਾਹੌਲ ਦੀ ਮਦ ਵੀ ਖਿਝ ਚੜ੍ਹਾਉਂਦੀ ਹੈ। ਇਸ ਉਮਰ ਦੀ ਜ਼ਰੂਰਤ ਜਿੱਥੇ ਪੜ੍ਹਾਈ ਹੈ, ਜੋ ਕਿ ਅਕਸਰ ਕੰਮ ਕਾਜ ਨਾਲ ਜੁੜਦੀ ਹੈ, ਡਾਕਟਰੀ, ਇੰਜੀਨੀਅਰਿੰਗ ਅਧਿਆਪਕ ਜਾਂ ਅਜਿਹੇ ਹੋਰ, ਪਰ ਜ਼ਿੰਦਗੀ ਜੀਣ ਲਈ ਮਾਨਸਿਕ ਪੱਖ ਤੋਂ ਆਤਮ ਵਿਸ਼ਵਾਸ ਅਤੇ ਸਮਾਜਿਕ ਰਿਸ਼ਤੇ ਬਣਾ ਕੇ ਰੱਖਣ ਦੀ ਮੁਹਾਰਤ ਵੀ ਸਿਖਲਾਈ ਦੇ ਹੋਰ ਪਹਿਲੂ ਹਨ, ਜੋ ਕਿ ਕਿਸੇ ਸਮੇਂ ਪਰਿਵਾਰ ਅਤੇ ਅਧਿਆਪਕ ਮੁਹਈਆ ਕਰਵਾ ਦਿੰਦੇ ਸੀ। ਪਰ ਅੱਜ ਬਦਲੇ ਹੋਏ ਮਾਹੌਲ ਵਿੱਚ, ਅੰਤਰਰਾਸ਼ਟਰੀ ਕਿਸਮ ਦੀ ਪੜ੍ਹਾਈ ਅਤੇ ਕੰਮਾਂ ਤਹਿਤ, ਵਿੱਦਿਆ ਜਦੋਂ ਇੰਨੀ ਮਹਿੰਗੀ ਵੀ ਹੋ ਗਈ ਹੈ ਤੇ ਨੈਤਿਕ ਮੁੱਲਾਂ ਤੋਂ ਵਿਹੂਣੀ ਵੀ, ਨੌਜਵਾਨਾਂ ਦੀ ਭਟਕਣ ਹੋਰ ਵਧ ਗਈ ਹੈ। ਹੱਥਾਂ ਵਿੱਚ ਕੰਮ ਨਾ ਹੋਣ ਵੇਲੇ, ਉਨ੍ਹਾਂ ਨੂੰ ਆਪਣੇ ਆਪ ਨਾਲ ਮੁਖਾਤਬ ਹੋਣਾ ਨਹੀਂ ਆਉਣਾ ਤੇ ਫਿਰ ਅੱਗੋਂ ਮਾਪਿਆਂ-ਰਿਸ਼ਤੇਦਾਰਾਂ ਅਤੇ ਹੋਰ ਦੋਸਤਾਂ ਨਾਲ ਵੀ ਸੰਵਾਦ ਰਚਾਉਣ ਦੀ ਜਾਚ ਨਹੀਂ ਹੈ।
ਸਾਡੀ ਮਨਸ਼ਾ ਨੌਜਵਾਨਾਂ ਦੇ ਹੱਥ ਭਵਿੱਖ ਸੌਂਪਣ ਦੀ ਰਹਿੰਦੀ ਹੈ। ਉਨ੍ਹਾਂ ਦੇ ਮੋਢਿਆਂ ’ਤੇ ਜ਼ਿੰਮੇਵਾਰੀ ਪਾਉਣ ਦੀ ਗੱਲ ਚਲਦੀ ਹੈ। ਇਸ ਜ਼ਿੰਮੇਵਾਰੀ ਲਈ ਜਿਸ ਮੁਹਾਰਤ ਦੀ ਲੋੜ ਹੁੰਦੀ ਹੈ, ਉਹ ਹੈ ਆਗੂ ਬਣਨ ਦੀ, ਫੈਸਲੇ ਲੈਣ ਦੀ। ਅਸੀਂ ਵਿਦਿਆਰਥੀ ਜੀਵਨ ਵਿੱਚ ਵਿਦਿਆਰਥੀ ਜਥੇਬੰਦੀਆਂ ਦੀਆਂ ਵੋਟਾਂ ਵੀ ਕਰਵਾਉਂਦੇ ਹਾਂ ਤੇ ਨੌਜਵਾਨਾਂ ਵਿੱਚ ਅੱਗੇ ਹੋ ਕੇ ਗੱਲ ਕਰਨ ਵਾਲੇ ਨੌਜਵਾਨਾਂ ਦੀ ਨਿਸ਼ਾਨਦੇਹੀ ਵੀ ਕਰਦੇ ਹਾਂ। ਪਰ ਜੋ ਆਗੂ ਹੋਣ ਦੀਆਂ ਖਾਸੀਅਤਾਂ ਸਾਡੀ ਮਨੋਵਿਗਿਆਨਕ ਸਮਝ ਵਿੱਚ ਪਈਆਂ ਹਨ, ਉਸ ਨੂੰ ਤਰੀਕੇ ਨਾਲ ਇਸਤੇਮਾਲ ਕਰਨ ਦੀ ਲੋੜ ਹੈ।
ਅਜੋਕੀ ਸਥਿਤੀ ਵਿੱਚ, ਸਵੈ-ਵਿਗਿਆਨ ਅਤੇ ਸਮਾਜਿਕ ਮੁਹਾਰਤਾਂ ਦੇ ਵਿਸ਼ੇ ਵਿਕਸਿਤ ਹੋਏ ਹਨ। ਉਹ ਨੌਜਵਾਨੀ ਦੀ ਪਰੰਪਰਿਕ ਤਸਵੀਰ, ਹੋਸ਼ ਅਤੇ ਜੋਸ਼ ਦੇ ਸਹੀ ਸੰਤੁਲਨ ਦੇ ਮੱਦੇਨਜ਼ਰ ਤਿਆਰ ਕੀਤੇ ਗਏ ਹਨ। ਇਹ ਸਭ ਸਮਾਜਿਕ ਵਿਵਸਥਾ ਵਿੱਚ ਹੀ ਤਿਆਰ ਹੁੰਦਾ ਹੈ। ਪਹਿਲਾਂ ਮਾਪੇ ਅਤੇ ਸਿਆਣੇ ਲੋਕ, ਜੀਵਨ ਜੁਗਤਾਂ ਦਿੰਦੇ ਰਹੇ ਹਨ। ਭਾਵੇਂ ਕਿ ਦੇਸ਼ ਦੀ ਸੱਤਾ ਦੀ ਵੀ ਜ਼ਿੰਮੇਵਾਰੀ ਦੀ ਗੱਲ ਹੁੰਦੀ ਹੈ, ਪਰ ਸੱਤਾ ਨੂੰ ਤਾਂ ਭੀੜ ਅਤੇ ਭੜਕਾਊ ਲੋਕਾਂ ਦੀ ਲੋੜ ਹੁੰਦੀ ਹੈ ਤੇ ਨੌਜਵਾਨੀ ਕੋਲ ਇਹ ਪੱਖ ਵੀ ਹੁੰਦਾ ਹੈ ਤੇ ਉਨ੍ਹਾਂ ਦਾ ਇਸਤੇਮਾਲ ਹੁੰਦਾ ਵੀ ਅਸੀਂ ਦੇਖਦੇ ਹਾਂ। ਪਰ ਉਹ ਰਾਜਨੀਤਕ ਨਜ਼ਰੀਆ ਹੈ, ਨਜ਼ਰੀਏ ਤੋਂ ਵੀ ਉਹ ਉਨ੍ਹਾਂ ਦੀ ਆਪਣੀ ਲੋੜ ਵਿੱਚੋਂ ਪੈਦਾ ਹੋਇਆ ਵਤੀਰਾ ਹੈ। ਲੋੜ ਹੈ ਸਮਾਜ ਮਨੋਵਿਗਿਆਨ ਦੀਆਂ ਲੀਹਾਂ ’ਤੇ ਤਿਆਰ ਕੀਤੇ ਸਿਖਲਾਈ ਕੇਂਦਰਾਂ ਦੀ ਜਾਂ ਸਕੂਲ ਕਾਲਜਾਂ ਰਾਹੀਂ ਕਿਸੇ ਵਿਧੀਵਤ ਸਿਲੇਬਸ ਜਾਂ ਸਿਲੇਬਸ ਨਾਲ ਸਹਾਇਕ ਗਤੀਵਿਧੀਆਂ ਦੀ।
ਯੂਵਾ ਨੀਤੀ ਦੇ ਨਾਂ ’ਤੇ ਦਸਤਾਵੇਜ਼ ਜ਼ਰੂਰ ਹੈ ਪਰ ਇਸ ਵਿੱਚ ਹੋਰ ਬਰੀਕੀ ਨਾਲ, ਇਸਦੀਆਂ ਸੁਖਮ ਤੰਦਾਂ ਨੂੰ ਵਿਚਾਰਨ ਦੀ ਲੋੜ ਹੈ ਤੇ ਹਰ ਪੱਧਰ ’ਤੇ ਲਾਗੂ ਕਰਨ ਲਈ ਨੀਤੀ ਦੇ ਨਾਲ ਨੀਅਤ ਨੂੰ ਵੀ ਭਰਵੀਂ ਥਾਂ ਦੇਣ ਦੀ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3984)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)