“ਸਿਰਫ਼ ਇਹ ਸਮਝ ਕਿ ਦਸ ਪੰਦਰਾਂ ਸ਼ਬਦ ਹੀ ਤਾਂ ਹਨ, ਇਹ ਕਿਹੜਾ ਕੋਈ ਮੁਸ਼ਕਲ ਕੰਮ ਹੈ, ਕੋਈ ਵੀ ‘ਝਰੀਟ’ ਸਕਦਾ ...”
(25 ਅਪਰੈਲ 2024)
ਇਸ ਸਮੇਂ ਪਾਠਕ: 480.
ਮੈਂ ਸਾਹਿਤ ਦਾ ਵਿਦਿਆਰਥੀ ਹਾਂ। ਮੈਂ ਸਿਹਤ ਦਾ ਅਧਿਆਪਕ ਵੀ ਰਿਹਾ ਹਾਂ। ਚਾਹੇ ਸਿਹਤ ਤੇ ਚਾਹੇ ਸਾਹਿਤ, ਹਰ ਸਮੇਂ ਵਿਦਿਆਰਥੀ ਬਣੇ ਰਹਿਣਾ ਵੀ ਠੀਕ ਨਹੀਂ। ਪਰ ਸੁਕਰਾਤ ਨੇ ਤਾਂ ਇਹ ਕਿਹਾ ਹੈ ਕਿ ਬੰਦੇ ਨੂੰ ਸਾਰੀ ਉਮਰ ਵਿਦਿਆਰਥੀ ਬਣੇ ਰਹਿਣਾ ਚਾਹੀਦਾ ਹੈ। ਵਿਦਿਆਰਥੀ ਤੋਂ ਭਾਵ ਹੈ, ਵਿੱਦਿਆ ਹਾਸਿਲ ਕਰਨ ਵਾਲਾ ਤੇ ਵਿੱਦਿਆ ਹਾਸਿਲ ਕਰਨ ਦਾ ਉਮਰ ਨਾਲ ਕੋਈ ਸੰਬੰਧ ਨਹੀਂ ਹੈ। ਵਿਦਿਆਰਥੀ ਸਾਹਿਤ ਦਾ ਹਾਂ, ਸਿਹਤ ਦਾ ਵੀ। ਸਾਹਿਤ - ਸਾ ਹਿਤ ਮਤਲਬ ਕਲਿਆਣਕਾਰੀ। ਹਿੰਦੀ ਵਿੱਚ ਸਾਹਿਤ ਨੂੰ ਲੈ ਕੇ ਭਾਵ ਹੈ ਸਤਿਅਮ, ਸ਼ਿਵਮ, ਸੁੰਦਰਮ। ਇਕੱਲਾ ਕਲਿਆਣਕਾਰੀ ਨਹੀਂ, ਸੱਚ ਵੀ ਹੋਵੇ। ਕਲਿਆਣਕਾਰੀ ਹੋਵੇ ਤੇ ਦਿਲਚਸਪ ਵੀ ਤਾਂ ਕਿ ਤੁਹਾਡੀ ਵਿਚਾਰੀ-ਉਭਾਰੀ ਗਈ ਗੱਲ, ਲੋਕਾਂ ਤਕ ਪਹੁੰਚੇ, ਰਾਹ ਵਿੱਚ ਹੀ ਨਾ ਰਹਿ ਜਾਵੇ। ਦਿਲਚਸਪੀ ਦਿਲ ਗਾਉਣਾ ਨਹੀਂ, ਪੜ੍ਹਨ ਨੂੰ ਮਨੋਰੰਜਨ ਵਾਲਾ ਤੇ ਸੁਣਨ-ਪੜ੍ਹਨ ਯੋਗ ਬਣਾਉਣਾ ਹੈ। ਕਹਿ ਸਕੋਂ ਕਿ ਕਹਾਣੀ, ਦਿਲਚਸਪੀ ਵੀ ਹੈ ਤੇ ਅੱਗੋਂ ਜਾਨਣ ਦੀ ਇੱਛਾ ਅਤੇ ਤਾਂਘ ਵੀ। ਤਾਂਘ ਉਕਸਾਉਣਾ ਨਹੀਂ ਹੈ, ਸਗੋਂ ਜਾਣਨਾ, ਜਿਗਿਆਸਾ ਹੈ, ਸਾਹਿਤ ਜਿਗਿਆਸੂ ਬਣਾਵੇ।
ਸਾਹਿਤ ਵਿੱਚ ਸੱਚ ਤਕ ਪਹੁੰਚਣ ਲਈ ਮਿਹਨਤ ਕਰਨੀ ਪੈਂਦੀ ਹੈ, ਤਾਂ ਹੀ ਕੁਝ ਹਾਸਿਲ ਹੁੰਦਾ ਹੈ। ਮੈਂ ਸਿਹਤ ਦਾ ਵਿਦਿਆਰਥੀ ਹੋ ਕੇ ਸਾਹਿਤ ਵੱਲ ਮੁੜਿਆ, ਝੁਕਿਆ ਤੇ ਫਿਰ ਹੱਥ ਆਇਆ ਮਿਨੀ ਕਹਾਣੀ ਲਿਖਣ ਦਾ ਰਾਹ। ਮੈਂ ਅਕਸਰ ਸਾਹਿਤਕਾਰ ਵੀਰਾਂ ਨੂੰ ਇਹ ਕਹਿੰਦੇ ਸੁਣਿਆ ਹੈ, “ਮੈਂ ਅੱਜ ਕੱਲ੍ਹ ਇੱਕ ਨਾਵਲ ’ਤੇ ਕੰਮ ਕਰ ਰਿਹਾ ਹਾਂ।” ਕੋਈ ਕਹਾਣੀ ਨੂੰ ਲੈ ਕੇ ਵੀ ਇਸੇ ਤਰ੍ਹਾਂ ਦੇ ਭਾਵ ਪ੍ਰਗਟਾਉਣ ਲੱਗਿਆ ਹੈ। ਪਰ ਮੈਂ ਕਦੇ ਕਿਸੇ ਨੂੰ ਇਹ ਕਹਿੰਦੇ ਨਹੀਂ ਸੁਣਿਆ ਕਿ ਮੈਂ ਮਿਨੀ ਕਹਾਣੀ ’ਤੇ ਕੰਮ ਕਰ ਰਿਹਾ ਹਾਂ, ਸਗੋਂ ਇਸ ਤੋਂ ਉਲਟ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮੈਂ ਇੱਕ ਰਾਤ ਵਿੱਚ ਦਸ ਮਿਨੀ ਕਹਾਣੀਆਂ ਲਿਖ ਦਿੱਤੀਆਂ ਹਨ ਜਾਂ ਇੱਕ ਮਹੀਨੇ ਵਿੱਚ ਸੌ। ਇਹ ਕੰਮ ਕਰਕੇ ਜਿਵੇਂ ਉਹ ਲੇਖਕ ਹੋਰ ਮਿਨੀ ਕਹਾਣੀ ਲੇਖਕਾਂ ਨੂੰ ਜਾਂ ਹੋਰ ਸਾਹਿਤ ਨਾਲ ਜੁੜੇ ਲੇਖਕਾਂ ਨੂੰ ਚੁਣੌਤੀ ਦੇ ਰਿਹਾ ਹੋਵੇ। ਇਸ ਦਾਅਵੇ ਵਿੱਚ ਮਿਨੀ ਕਹਾਣੀ ਨੂੰ ਲੈ ਕੇ ਕਿੰਨੀ ਕੁ ਸੰਜੀਦਗੀ ਹੈ, ਇਸਦਾ ਅੰਦਾਜ਼ਾ ਧੜਾਧੜ ਲਿਖੀਆਂ ਜਾ ਰਹੀਆਂ ਮਿਨੀ ਕਹਾਣੀਆਂ ਤੋਂ ਲੱਗ ਸਕਦਾ ਹੈ? ਇਸ ਵਿਧਾ/ਰਚਨਾ ’ਤੇ ਕੰਮ ਹੋ ਰਿਹਾ ਹੈ?
ਮਿਨੀ ਕਹਾਣੀ ਨੂੰ ਲੈ ਕੇ ਜਿੱਥੋਂ ਤਕ ਸੰਜੀਦਗੀ ਦੀ ਗੱਲ ਹੈ, ਉਹ ਇਸ ਗੱਲ ਵਿੱਚ ਉਜਾਗਰ ਹੁੰਦਾ ਹੈ ਕਿ ਲੇਖਕ ਅਤੇ ਪਾਠਕ ਮਿਨੀ ਕਹਾਣੀ ਨੂੰ ਚੁਟਕਲੇ ਦੀ ਤੁਲਨਾ ਵਿੱਚ ਸਮਝਦੇ ਹਨ। ਤੁਸੀਂ ਅੰਦਾਜ਼ਾ ਲਗਾਉਂ ਕਿ ਅੱਧੀ ਸਦੀ ਤੋਂ ਵੱਧ ਹੋਏ ਇਸ ਨਾਮਕਰਨ ਨੂੰ ਲੈ ਕੇ ਹੋਏ ਕੰਮਾਂ ਦਾ ਦਾਅਵਾ ਤਾਂ ਹੈ, ਪਰ ਸਹੀ ਅਰਥਾਂ ਵਿੱਚ ਮਿਨੀ ਕਹਾਣੀ ’ਤੇ ਕੰਮ ਨਹੀਂ ਹੋਇਆ। ਇਹ ਕੰਮ ਲੇਖਕ ਨੇ ਕਰਨਾ ਹੈ ਜਾਂ ਆਲੋਚਕਾਂ ਨੇ, ਅਜੇ ਇਹ ਵੀ ਸਪਸ਼ਟ ਨਹੀਂ ਹੈ। ਮਿਨੀ ਕਹਾਣੀ ਦੇ ਰੂਪ ਵਿਧਾਨ ਨੂੰ ਲੈ ਕੇ ਵੀ ਅਜੇ ਪੇਤਲਾਪਨ ਹੀ ਸਾਨੂੰ ਨਜ਼ਰ ਆਉਂਦਾ ਹੈ।
ਜੇਕਰ ਇਸ ਵਿਧਾ ਦੇ ਸ਼ੁਰੂਆਤੀ ਦੌਰ ਤੋਂ ਅੱਜ ਤਕ, ਇਸ ਵਿਧਾ ਤੇ ਹੋਏ ਕੰਮਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਪਸ਼ਟਤਾ ਤੋਂ ਵੱਧ ਭੰਬਲਭੂਸੇ ਹਨ।
ਰੂਪ ਵਿਧਾਨ ਨੂੰ ਸਮਝਣ ਲਈ ਬਹੁਤੀ ਵਿਦਵਤਾ ਦੀ ਲੋੜ ਨਹੀਂ ਹੈ। ਇਸ ਵਿਧਾ ਦਾ ਨਾਂ ਹੀ ਇਸ ਵਿਧਾ ਬਾਰੇ ਮੁਢਲੀ ਸਮਝ ਦਾ ਪ੍ਰਗਟਾਵਾ ਕਰਦਾ ਹੈ। ਵਿਧਾ ਲਈ ਵਰਤੇ ਜਾਂਦੇ ਦੋਨੋਂ ਸ਼ਬਦ ‘ਮਿਨੀ ਕਹਾਣੀ’ ਵਿਧਾ ਦੇ ਦੋ ਪ੍ਰਮੁੱਖ ਗੁਣ ਬਿਲਕੁਲ ਸਾਫ਼ ਕਰਦੇ ਹਨ। ਇਨ੍ਹਾਂ ਦੋਹਾਂ ਸ਼ਬਦਾਂ ਨੂੰ ਕੁਝ ਵਿਸਥਾਰ ਵਿੱਚ ਸਮਝਣ ਦੀ ਲੋੜ ਹੈ। ਕਹਾਣੀ ਸ਼ਬਦ ਤਾਂ ਸਪਸ਼ਟ ਹੈ ਪਰ ਜਦੋਂ ਇਸਦਾ ਦੂਜਾ ਹਿੱਸਾ, ‘ਮਿਨੀ’ ਜੁੜਦਾ ਹੈ ਤਾਂ ਉੱਥੇ ਸਪਸ਼ਟ ਹੋਣ ਦੀ ਲੋੜ ਹੈ। ਇਹ ਸ਼ਬਦ ਰਚਨਾ ਦੇ ਆਕਾਰ ਨਾਲ ਜੁੜਿਆ ਹੈ ਕਿ ਉਹ ਰਚਨਾ ਮਿਨੀ ਹੋਵੇ। ਪਰ ਵੱਡਾ ਸਵਾਲ ਇਹ ਹੈ, “ਕਿੰਨੀ ਮਿਨੀ?” ਇਸ ਪੱਖ ਨੂੰ ਕਲਾਤਮਿਕ ਢੰਗ ਨਾਲ ਸਮਝਣ ਦੀ ਲੋੜ ਹੈ। ਮਿਨੀ ਕਹਾਣੀ ਦੇ ਬਣੇ ਪ੍ਰਰੇਣਾ ਸ੍ਰੋਤ ਹਮੇਸ਼ਾ ਮੰਟੋ ਦੀਆਂ ਛੋਟੇ ਆਕਾਰ ਦੀਆਂ ਰਚਨਾਵਾਂ, ਜਿਸ ਨੂੰ ਮਿਨੀ ਕਹਾਣੀ ਲੇਖਕ ‘ਮਿਨੀ ਕਹਾਣੀ ਲੇਖਕ’ ਦੇ ਨਾਂਅ ਨਾਲ ਯਾਦ ਕਰਦੇ ਹਨ। ਉਸ ਦੀਆਂ ਕਈ ਰਚਨਾਵਾਂ ਇੱਕ-ਇੱਕ ਦੋ ਵਾਕਾਂ ਦੀਆਂ ਹਨ।
ਇੱਕ ਇੱਕ ਜਾਂ ਦੋ ਵਾਕਾਂ ਦੀਆਂ ਕੁਝ ਰਚਨਾਵਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਛੁਰੀ ਪੇਟ ਨੂੰ ਵੱਢਦੀ ਹੋਈ ਧੁੰਨੀ ਤਕ ਚਲੀ ਗਈ। ਸਲਵਾਰ ਕੱਟੀ ਗਈ। ਛੁਰੀ ਮਾਰਨ ਵਾਲੇ ਦੇ ਮੂੰਹੋਂ ਅਚਾਨਕ ਦੁੱਖ ਭਰੇ ਅੰਦਾਜ਼ ਵਿੱਚ ਨਿਕਲਿਆ … … ਚ … … ਚ … ਚ … … ਮਿਸਟੇਕ ਹੋ ਗਈ।
ਦੂਸਰੀ ਇੱਕ ਹੋਰ ਹੈ : “ਮਰਿਆ ਨਹੀਂ। ਦੇਖ। ਅਜੇ ਜਾਨ ਬਾਕੀ ਹੈ।” ਰਹਿਣ ਦੇ ਯਾਰ, ਮੈਂ ਥੱਕ ਗਿਆ ਹਾਂ।” ਜਵਾਬ ਸੀ।
ਇਹ ਰਚਨਾਵਾਂ ਮੰਟੋ ਸਾਹਬ ਨੇ ਮਿਨੀ ਕਹਾਣੀਆਂ ਜਾਂ ਅਜੋਕੇ ਨਾਂ ‘ਅਫ਼ਸਾਨਚੇ’ ਕਹਿ ਕੇ ਵੀ ਨਹੀਂ ਲਿਖੀਆਂ। ਠੀਕ ਹੈ ਆਕਾਰ ਪੱਖੋਂ, ਮਿਨੀ ਹਨ, ਮਿਨੀ ਤੋਂ ਵੀ ਮਿਨੀ। ਇਨ੍ਹਾਂ ਬਾਰੇ ਕਹਿ ਸਕਦੇ ਹਾਂ ਕਿ ਕਹਾਣੀ ਨਹੀਂ ਹੈ, ਕਥਾਰਸ ਨਹੀਂ ਹੈ। ਪਰ ਜੋ ਸਮਝਣ ਸਿੱਖਣ ਵਾਲੀ ਗੱਲ ਹੈ ਕਿ ਰਚਨਾਵਾਂ ਦੇ ਸ਼ਬਦਾਂ ਦੀ ਤਰਤੀਬ ਦੇਖੋ। ਇੱਕ-ਇੱਕ ਸ਼ਬਦ ਦੀ ਜੜਤ, ਇਨ੍ਹਾਂ ਵਾਕਾਂ ਨੂੰ ਰਚਨਾ ਜਿਸ ਤਰੀਕੇ ਨਾਲ ਉਸਾਰਦੀ ਹੈ, ਉਸ ਦੇ ਜ਼ਰੀਏ ਇਹ ਲਿਖੀ ਗਈ ਮਿਨੀ ਕਹਾਣੀ ਰਚਨਾ ਦਾ ਪੂਰਾ ਦ੍ਰਿਸ਼ ਤੁਹਾਡੇ ਸਾਹਮਣੇ ਉਸਾਰ ਦਿੰਦੀ ਹੈ। ਮੰਟੋ ਦੀ ਇਹ ਪੇਸ਼ਕਾਰੀ ਉਸ ਦੀ ਸਾਹਿਤ ਕਲਾ ਦਾ ਨਾਯਾਬ ਨਮੂਨਾ ਹੈ। ਕਿਤੇ ਵੀ ਨਹੀਂ ਲਗਦਾ ਕੋਈ ਅੱਖਰ ਵਾਧੂ ਹੈ, ਸਗੋਂ ਇਨ੍ਹਾਂ ਨੂੰ ਵਿਸਥਾਰ ਦੇ ਕੇ ਲਿਖੀ ਰਚਨਾ ਦੀ ਉਸ ਧਾਰ ਨੂੰ ਸਗੋਂ ਪ੍ਰਭਾਵਸ਼ਾਲੀ ਨਾ ਰਹਿਣ ਦਿੰਦੀ, ਜਿਸ ਤਰ੍ਹਾਂ ਹੁਣ ਹੈ।
ਇਹ ਕਮਾਲ ਇਸ ਕਰਕੇ ਵੀ ਸਮਝਿਆ ਜਾ ਸਕਦਾ ਹੈ ਜਾਂ ਮਿਨੀ ਕਹਾਣੀ ਲੇਖਕਾਂ ਨੂੰ ਆਪਣੀ ਵਿਧਾ ’ਤੇ ਕੰਮ ਕਰਨ ਲਈ ਹੋਰ ਵਿਧਾਵਾਂ ਦਾ ਸਾਹਿਤ ਅਤੇ ਹੋਰ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹਨ ਦੀ ਲੋੜ ਹੈ। ਸਿਰਫ਼ ਇਹ ਸਮਝ ਕਿ ਦਸ ਪੰਦਰਾਂ ਸ਼ਬਦ ਹੀ ਤਾਂ ਹਨ, ਇਹ ਕਿਹੜਾ ਕੋਈ ਮੁਸ਼ਕਲ ਕੰਮ ਹੈ, ਕੋਈ ਵੀ ‘ਝਰੀਟ’ ਸਕਦਾ ਹੈ। ਆਪਣੀ ਵਿਧਾ ਬਾਰੇ ਇਹ ਪ੍ਰਗਟਾਵਾ ਉਨ੍ਹਾਂ ਦੀ ਵਿਧਾ ਪ੍ਰਤੀ ਸੰਜੀਦਗੀ ਦਾ ਸੂਚਕ ਹੈ।
ਆਪਣੀ ਇੱਕ ਮਿਨੀ ਕਹਾਣੀ ਦਾ ਹਵਾਲਾ ਦੇ ਕੇ ਮੈਂ ਦੱਸਣਾ ਚਾਹੁੰਦਾ ਹਾਂ ਜਾਂ ਕਹੀਏ ਸਮਝਾਉਣਾ ਚਾਹੁੰਦਾ ਹਾਂ ਕਿ ਮੈਂ ਮਿਨੀ ਕਹਾਣੀ ਦੇ ਪਲਾਟ ਨੂੰ ਲੈ ਕੇ ਕਿਸ ਤਰ੍ਹਾਂ ਕੰਮ ਕਰਦਾ ਹਾਂ। ਮਿਨੀ ਕਹਾਣੀ ਵਿੱਚ ਜ਼ਿਕਰ ਹੋਣ ਵਾਲੀਆਂ ਜਾਂ ਚੁਣੀਆਂ ਗਈਆਂ ਘਟਨਾਵਾਂ ਨੂੰ ਲੈ ਕੇ, ਇਸ ਨੂੰ ਇੱਕ ਪਲ ਦੀ ਰਚਨਾ ਤੋਂ ਲੈ ਕੇ ਇੱਕ ਜਾਂ ਵੱਧ ਤੋਂ ਵੱਧ ਦੋ ਘਟਨਾਵਾਂ ਦੇ ਬਿਆਨ ਤਕ ਸੀਮਤ ਰੱਖਣ ਦੀ ਕਾਫ਼ੀ ਦੇਰ ਤਕ ਚਰਚਾ ਰਹੀ ਹੈ। ਮਿਨੀ ਕਹਾਣੀ ਲੇਖਕਾਂ ਦਾ ਅੰਤਮ ਨਿਸ਼ਾਨਾ ਮਿਨੀ ਕਹਾਣੀ ਦੇ ਆਕਾਰ ’ਤੇ ਵੱਧ ਕੇਂਦਰਿਤ ਰਿਹਾ ਹੈ, ਪਰ ਜੋ ਮੈਂ ਸਮਝਿਆ ਹੈ, ਘਟਨਾ ਅਤੇ ਪਾਤਰ ਜਿੰਨੇ ਮਰਜ਼ੀ ਹੋਣ ਪਰ ਆਖਰ ਜੋ ਲੇਖਕ ਕਹਿਣਾ ਚਾਹੁੰਦਾ ਹੈ, ਉਹ ਗੱਲ ਮੁਕੰਮਲ ਤੌਰ ’ਤੇ ਜ਼ਰੂਰ ਕਹੀ ਗਈ ਹੋਵੇ। ਸ਼ਬਦਾਂ ਦੀ ਗਿਣਤੀ-ਮਿਣਤੀ ਰਚਨਾ ਦੇ ਮਕਸਦ ਵਿੱਚ ਗੁੰਮ ਨਾ ਹੋ ਜਾਵੇ।
ਹੁਣ ਤੁਸੀਂ ਅੰਦਾਜ਼ਾ ਲਗਾਉ ਕਿ ਪੇਸ਼ ਕੀਤੀ ਜਾ ਰਹੀ ਰਚਨਾ ਨੂੰ ਕਿਵੇਂ ਉਸਾਰਿਆ ਗਿਆ ਤੇ ਇਸ ਵਿੱਚ ਕਿੰਨੀਆਂ ਘਟਨਾਵਾਂ ਸ਼ਾਮਲ ਕੀਤੀਆਂ ਗਈਆਂ। ਰਚਨਾ ਦੀ ਬੁਣਤੀ ਉਸ ਘਟਨਾ ਤੋਂ ਹੁੰਦੀ ਹੈ, ਜਦੋਂ ਮੇਰੇ ਮਨ ਵਿੱਚ ਉਸ ਵਿਸ਼ੇ ਨੂੰ ਲੈ ਕੇ ਰਚਨਾ ਰਿੱਝਣ ਲੱਗਦੀ ਹੈ। ਸਾਡੇ ਘਰੇ ਮੇਡ ਦਾ ਕੰਮ ਕਰਦੀ ਇੱਕ ਔਰਤ ਦੀ ਬੇਟੀ ਜੋ ਕਿ ਅਕਸਰ ਆਪਣੀ ਮਾਂ ਨਾਲ ਆ ਜਾਂਦੀ ਤੇ ਫਿਰ ਹੌਲੀ-ਹੌਲੀ ਮਾਂ ਧੀ ਨੇ ਆਪਣਾ-ਆਪਣਾ ਕੰਮ ਵੱਖ-ਵੱਖ ਘਰਾਂ ਦਾ ਕੰਮ ਕਰਨ ਦਾ ਫੈਸਲਾ ਕੀਤਾ ਤਾਂ ਜੋ ਘਰ ਦੀ ਕਮਾਈ ਵਿੱਚ ਵਾਧਾ ਹੋ ਸਕੇ। ਉਹ ਲੜਕੀ ਮਹੀਨੇ ਵਿੱਚ ਇੱਕ-ਦੋ ਦਿਨ ਛੁੱਟੀ ਕਰਦੀ ਤੇ ਉਹਦੀ ਵਜਾਹ ਪਤਾ ਲੱਗੀ ਕਿ ਉਹ ਆਪਣੀ ਮਾਂਹਵਾਰੀ ਦੇ ਦਿਨਾਂ ਵਿੱਚ ਕਾਫ਼ੀ ਤਕਲੀਫ਼ ਮਹਿਸੂਸ ਕਰਦੀ ਹੈ ਤੇ ਕੋਈ ਕੰਮ ਨਹੀਂ ਕਰ ਪਾਉਂਦੀ। ਇਹ ਘਟਨਾ ਮੇਰੇ ਮਨ ਵਿੱਚ ਉੱਸਰ ਰਹੀ ਸੀ। ਕੋਈ ਅਨੋਖੀ ਗੱਲ ਵੀ ਨਹੀਂ ਸੀ, ਕਿਉਂਕਿ ਇਹ ਘਟਨਾ ਆਮ ਔਰਤਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਸਦੇ ਨਾਲ ਇੱਕ ਹੋਰ ਵੱਖਰੀ ਕਿਸਮ ਦੀ ਘਟਨਾ ਜੁੜਦੀ ਹੈ ਤੇ ਮੈਨੂੰ ਚੇਤੇ ਆਉਂਦਾ ਹੈ ਉਹ ਸਮਾਂ ਜਦੋਂ ਮੈਂ ਔਰਤਾਂ ਦੀਆਂ ਬਿਮਾਰੀਆਂ (ਗਾਇਨੀ ਵਿਭਾਗ ਵਿੱਚ) ਹਾਊਸ ਜਾਬ ਕਰਦਾ ਸੀ। ਉੱਥੇ ਪਤਾ ਲੱਗਿਆ ਕਿ ਕਈ ਔਰਤਾਂ ਇਸ ਗੱਲ ਤੋਂ ਦੁਖੀ ਹੁੰਦੀਆਂ ਕਿ ਉਨ੍ਹਾਂ ਦੇ ਪਤੀ ਮਾਂਹਵਾਰੀ ਦੇ ਹੋ ਰਹੇ ਦਰਦ ਦੇ ਚਲਦਿਆਂ ਉਨ੍ਹਾਂ ਨਾਲ ਸੰਬੰਧ ਬਣਾਉਣ ਦੀ ਖਾਹਿਸ਼ ਜ਼ਾਹਿਰ ਕਰਦੇ ਜਾਂ ਕਹਿ ਲਉ ਆਪਣੀ ਮਨ-ਮਰਜ਼ੀ ਕਰਦੇ।
ਇਸਦੇ ਨਾਲ ਹੀ ਇੱਕ ਘਟਨਾ ਹੋਰ ਜੁੜਦੀ ਹੈ ਜਦੋਂ ਉਸ ਜਵਾਨ ਹੋ ਰਹੀ ਮੇਡ ਦੀ ਕੁੜੀ ਦੇ ਵਿਆਹ ਦੀ ਗੱਲ ਚੱਲੀ। ਇੱਥੇ ਮੇਰਾ ਸਾਹਿਤਕਾਰ ਕਲਪਨਾ ਕਰਦਾ ਹੈ, ਜੋ ਕਿ ਸੰਭਵ ਹੈ, ਮੰਨ ਲਉ ਜਦੋਂ ਉਸ ਦਾ ਵਿਆਹ ਪੱਕਾ ਹੁੰਦਾ ਹੈ ਤੇ ਵਿਆਹ ਦੀ ਤਾਰੀਖ ਉਸ ਦਿਨ ਪੈਂਦੀ ਹੈ ਜਦੋਂ ਮਾਂਹਵਾਰੀ ਦੇ ਦਿਨ ਨੇੜੇ-ਤੇੜੇ ਹੋਣ। ਧੀ ਦੀ ਇਸ ਹਾਲਤ ਬਾਰੇ ਪਤਾ ਹੋਣ ਦੇ ਬਾਵਜੂਦ ਜਦੋਂ ਉਸ ਦੀ ਮਾਂ ਨਾਲ ਜ਼ਿਕਰ ਕੀਤਾ ਤਾਂ ਉਸ ਨੇ ਕਿਹਾ ਕਿ ਤਾਰੀਖ ਤਾਂ ਪੰਡਤ ਨੇ ਕੱਢਣੀ ਹੈ ਤੇ ਉਹ ਵੀ ਅਵੇਸਲੇਪਨ ਵਿੱਚ ਜਵਾਬ ਦਿੱਤਾ ਕਿ ਕੋਈ ਨੀ ਔਰਤਾਂ ਨਾਲ ਇਹ ਹੁੰਦਾ ਹੀ ਰਹਿੰਦਾ।
ਘਟਨਾ ਦੇ ਇਸ ਪੜਾਅ ’ਤੇ ਆ ਕੇ ਮੇਰੇ ਲੇਖਕ ਨੇ ਕਮਾਨ ਆਪਣੇ ਹੱਥ ਲੈ ਲਈ ਤੇ ਸੁਹਾਗ-ਰਾਤ ਵਾਲੇ ਦਿਨ ਮੁੰਡੇ-ਕੁੜੀ ਨੂੰ ਆਮ ਸੋਚ ਤੋਂ ਅਲੱਗ ਲੜਕੇ ਨੂੰ ਲੜਕੀ ਦਾ ਦਰਦ ਮਹਿਸੂਸ ਕਰਨ ਵਾਲਾ ਦਰਸਾਇਆ ਗਿਆ। ਇਹ ਮੇਰੀ ਮਰਜ਼ੀ ਸੀ, ਮੇਰੇ ਅੰਦਰ ਬੈਠੇ ਲੇਖਕ ਦੀ ਮਰਜ਼ੀ। ਇਹ ਮੇਰੀ ਇੱਛਾ ਸੀ ਕਿ ਉਸ ਦਿਨ ਇੱਕ ਵਧੀਆ ਰਿਸ਼ਤੇ ਦੀ ਬੁਨਿਆਦ ਰੱਖੀ ਜਾਵੇ। ਉਸ ਹਾਲਤ ਵਿੱਚ ਉਸ ਪਤੀ ਮਰਦ ਨੂੰ ਸੰਵੇਦਨਸ਼ੀਲ ਬਣਾ ਕੇ ਪੇਸ਼ ਕਰਨਾ ਮੇਰੇ ਮਕਸਦ ਦਾ ਟੀਚਾ ਸੀ। ਜਿਸ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਸਮਾਜ ਵਿੱਚ ਉਸਾਰੂ ਪਾਤਰਾਂ ਦੀ ਘਾਟ ਹੈ।
ਮੈਂ ਸਾਹਿਤ ਨੂੰ ਮੰਨੋਰਜਨ ਲਈ ਨਹੀਂ, ਅਜਿਹੇ ਵਿਸ਼ਿਆਂ ਨੂੰ ਆਪ ਚਸਕਾ ਲੈਣ ਲਈ ਜਾਂ ਆਪਣੇ ਪਾਠਕਾਂ ਨੂੰ ਇਨ੍ਹਾਂ ਵਿੱਚ ਰਸ ਲੈਣ ਦੇ ਮਕਸਦ ਨਾਲ ਨਹੀਂ ਲਿਖਦਾ, ਮੇਰਾ ਉਦੇਸ਼ ਸਮਾਜਿਕ ਸਰੋਕਾਰ ਹੈ।
ਜਿਵੇਂ ਮੈਂ ਸ਼ੁਰੂ ਵਿੱਚ ਕਿਹਾ ਸੀ, ਰਚਨਾ ਪੜ੍ਹ ਕੇ ਤੁਹਾਨੂੰ ਇਹ ਇੱਕ ਘਟਨਾ ਲੱਗੇਗੀ। ਵਿਆਹ ਦਾ ਦਿਨ, ਵਿਆਹ ਤੋਂ ਬਾਅਦ ਲੜਕੇ-ਲੜਕੀ ਦਾ ਮਿਲਣ ’ਤੇ ਫਿਰ ਕਹਾਣੀ ਨੂੰ ਆਪਣੇ ਮੁਤਾਬਿਕ ਮੋੜਿਆ ਗਿਆ। ਅੰਤ ਇਹ ਸਾਰੀ ਰਚਨਾ ਤੇ ਉਸ ਦੀ ਉਸਾਰੀ ’ਤੇ ਕੀਤਾ ਗਿਆ ਚਿੰਤਨ-ਮਣਨ ਇਸ ਨੂੰ ਮੈਂ ਮਿਨੀ ਕਹਾਣੀ ’ਤੇ ਕੀਤਾ ਗਿਆ ਕੰਮ ਸਮਝਦਾ ਹਾਂ। ਇਹ ਬਿਲਕੁਲ ਕਿਸੇ ਵੀ ਵੱਡੀ ਰਚਨਾ ਦੇ ਬਰਾਬਰ ਮਿਹਨਤ ਮੰਗਦਾ ਹੈ। ਇਹ ਇੱਕ-ਦੋ ਦਿਨ ਦੀ ਤਿਆਰੀ ਦਾ ਕੰਮ ਨਹੀਂ ਹੈ, ਸਮਝ ਲਵੋ ਕਿ ਰਚਨਾ ਕਈ-ਕਈ ਦਿਨ ਰਿੱਝਦੀ ਰਹਿੰਦੀ ਹੈ ਤੇ ਕਈ ਕਈ ਵਾਰ ਲਿਖੀ ਜਾਂਦੀ ਹੈ। ਇਹ ਰਚਨਾ ਉਹ ਸਾਰੇ ਦਾਅਵੇ ਝੁਠਲਾਉਂਦੀ ਹੈ ਕਿ ਮਿਨੀ ਕਹਾਣੀ ਦੋ-ਚਾਰ ਸਤਰਾਂ ਲਿਖ ਕੇ ਬੁੱਤਾ ਸਾਰ ਲੈਂਦੀ ਹੈ। ਮੇਰੀਆਂ ਲਗਭਗ ਸਾਰੀਆਂ ਰਚਨਾਵਾਂ ਇਸੇ ਉਦੇਸ਼ ਨਾਲ ਉਸਾਰੀਆਂ ਗਈਆਂ ਹਨ ਕਿ ਮਿਨੀ ਕਹਾਣੀ ਦਾ ਅੰਤ ਮੇਰੇ ਮੁਤਾਬਿਕ ਹੋਵੇ। ਬਹੁਤੇ ਲੇਖਕ ਇਸ ਨੂੰ ਦੋਸ਼ ਸਮਝਦੇ ਹਨ ਕਿ ਰਚਨਾ ਵਿੱਚ ਲੇਖਕ ਦਾ ਬੋਲਣਾ ਵਧੀਆ ਨਹੀਂ ਹੁੰਦਾ। ਪਾਤਰਾਂ ਨੂੰ ਉਸਾਰਦੇ ਹੋਏ, ਲੇਖਕਾਂ ਨੂੰ ਆਪਣੇ ਸ਼ਬਦ ਪਾਤਰ ਦੇ ਮੂੰਹ ਵਿੱਚ ਨਹੀਂ ਪਾਉਣੇ ਚਾਹੀਦੇ। ਇਸ ਨਾਲ ਸਹਿਜਤਾ ’ਤੇ ਅਸਰ ਪੈਂਦਾ ਹੈ।
ਬਿਲਕੁਲ ਸਹੀ ਹੈ ਕਿ ਲੇਖਕ ਨੂੰ ਪਾਤਰਾਂ ਦੇ ਜ਼ਰੀਏ ਦਿਖਾ ਕੇ ਅਪਵਾਦ ਪੈਂਦਾ ਹੁੰਦਾ ਹੈ, ਨਾਲੇ ਲੇਖਕ ਵੱਲੋਂ ਸਿਰਜਿਆ ਗਿਆ ਰਚਨਾ ਦਾ ਅੰਤ ਵੀ ਯਥਾਰਥਕ ਨਹੀਂ ਲਗਦਾ ਤੇ ਰਚਨਾ ਸਮਾਜ ਤੋਂ ਟੁੱਟੀ-ਟੁੱਟੀ ਲਗਦੀ ਹੈ - ਸਮਾਜ ਦੇ ਪਾਤਰ ਕਿਸੇ ਹੋਰ ਧਰਤੀ ਤੋਂ ਉਤਾਰੇ ਗਏ ਜਾਪਦੇ ਹਨ। ਇਹ ਵੀ ਠੀਕ ਹੈ, ਪਰ ਪਾਤਰ ਉਸਾਰੀ ਵੇਲੇ ਯਥਾਰਥ ਦਾ ਜ਼ਰੂਰ ਧਿਆਨ ਰੱਖਿਆ ਜਾਵੇ। ਪਾਤਰ ਘੱਟੋ-ਘੱਟ ਸਮਾਜ ਵਿੱਚ ਵਿਚਰਦਾ ਜਾਪੇ, ਜਿੱਥੇ ਉਸ ਦੀ ਬੋਲ-ਚਾਲ ਸਹਿਜ ਸੁਭਾਅ ਹੋਵੇ।
ਸਾਹਿਤ ਨੂੰ ਅਸੀਂ ਸਮਾਜ ਦਾ ਸੀਸ਼ਾ ਕਹਿੰਦੇ ਹਾਂ, ਅਸੀਂ ਉਹੀ ਤਸਵੀਰ ਉਸਾਰਦੇ ਹਾਂ, ਜੋ ਸਾਨੂੰ ਸਮਾਜ ਵਿੱਚ ਦਿਸਦੀ ਹੈ। ਸਾਹਿਤ ਬਾਰੇ ਇੱਕ ਪੱਖ ਹੋਰ ਵੀ ਹੈ ਕਿ ਇਹ ਜ਼ਿਆਦਾਤਰ ਨਕਾਰਾਤਮਕ ਹੁੰਦਾ ਹੈ, ਖਾਸ ਕਰਕੇ ਮਿਨੀ ਕਹਾਣੀਆਂ ਵਿੱਚ। ਅਸੀਂ ਸਾਹਿਤ ਤੋਂ ਚੰਗੇ ਸਮਾਜ ਦੀ ਆਸ ਕਰਦੇ ਹਾਂ। ਉਹ ਤਾਂ ਹੀ ਸੰਭਵ ਹੈ ਲੇਖਕ ਸਮਾਜ ਵਿੱਚੋਂ ਚੰਗੇ ਉਸਾਰੇ ਕਿਰਦਾਰ ਲੱਭੇ ਤੇ ਉਹਨਾਂ ਨੂੰ ਪੇਸ਼ ਕਰੇ ਜਾਂ ਫਿਰ ਆਪਣੀ ਕਲਪਨਾ ਰਾਹੀਂ, ਆਪਣੀ ਸ਼ੈਲੀ ਰਾਹੀਂ, ਆਪਣੇ ਲੇਖਣੀ ਦੀ ਕਲਾ ਰਾਹੀਂ ਅਜਿਹੇ ਕਿਰਦਾਰ ਉਸਾਰੇ, ਜਿਹਨਾਂ ਦੀ ਸਾਨੂੰ ਆਸ ਹੈ ਕਿ ਉਹ ਸਮਾਜ ਨੂੰ ਕੋਈ ਸੇਧ ਦੇ ਸਕਦੇ ਹਨ।
ਇਸ ਤਰ੍ਹਾਂ ਸਾਹਿਤ ਸਿਰਜਣਾ ਦੇ ਸਮੇਂ ਉਹ ਚਾਹੇ ਕਹਾਣੀ ਹੈ ਜਾਂ ਮਿਨੀ ਕਹਾਣੀ, ਉਸ ਵਿੱਚ ਸਿਰਜਣਾਤਮਿਕ ਕਲਾ ਦੀ ਲੋੜ ਤਾਂ ਹੈ ਹੀ, ਸਿਰਜਣਾ ਤਾਂ ਹੀ ਪ੍ਰਭਾਵਸ਼ਾਲੀ ਹੋ ਸਕਦੀ ਹੈ, ਜੇ ਉੁਹ ਆਮ ਖਬਰ ਨਾਲੋਂ, ਹੂਬਹੂ ਦੇਖੀ ਗਈ ਘਟਨਾ ਤੋਂ ਵੱਖਰੀ ਹੋਵੇ ਤੇ ਕਿਸੇ ਖਾਸ ਮਕਸਦ ਲਈ ਉਸਾਰੀ ਗਈ ਹੋਵੇ, ਤਾਂ ਹੀ ਉਹ ਸਿਰਜਣਾ ਹੈ। ਮੇਰੀ ਬਹੁਤ ਕੋਸ਼ਿਸ਼ ਹੁੰਦੀ ਹੈ, ਘਟਨਾ ਚਾਹੇ ਸਮਾਜ ਵਿੱਚੋਂ ਲਈ ਜਾਵੇ ਜਾਂ ਖੁਦ ਤਿਆਰ ਕੀਤੀ ਜਾਵੇ, ਉਹ ਸਿਰਜਣਾ ਜਾਪੇ। ਜ਼ਰੂਰੀ ਨਹੀਂ ਕਿ ਉਸ ਉੱਤੇ ਯਥਾਰਥਵਾਦੀ ਹੋਣ ਦਾ ਬਿੱਲਾ ਚਿਪਕੇ। ਮਕਸਦ ਵਿਹੂਣੀ ਰਚਨਾ ਦਾ ਕੋਈ ਮਤਲਬ ਨਹੀਂ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4914)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)