“ਮੈਂ ਤਾਂ ਹਰ ਕਦਮ, ਹਰ ਪਲ ਸਿਆਸਤ ਨੂੰ ਆਪਣੇ ਆਲੇ-ਦੁਆਲੇ, ਅੰਗ-ਸੰਗ ...”
(ਜਨਵਰੀ 11 2023)
ਮਹਿਮਾਨ: 150.
ਪਲ-ਪਲ, ਹਰ ਪਲ ਸਿਆਸਤ ਕਿਉਂ? ਤੁਸੀਂ ਜੇ ਨਹੀਂ ਕਰਦੇ, ਤੁਹਾਡੇ ਨਾਲ ਹੋ ਤਾਂ ਰਹੀ ਹੈ। ਵਟਸਐਪ ’ਤੇ ਗਰੁੱਪ ਬਣਦੇ ਨੇ। ਸੰਸਥਾਵਾਂ ਨੂੰ ਲੈ ਕੇ, ਮਿੱਤਰਾਂ ਨੂੰ ਲੈ ਕੇ, ਗਰੁੱਪ ਸਾਹਿਤਕ ਹੋਣ, ਚਾਹੇ ਜਥੇਬੰਦੀਆਂ ਦੇ ਹੋਣ। ਸਾਰੇ ਆਪਣੇ ਵਿਚਾਰ ਵੀ ਸਾਂਝੇ ਕਰਦੇ ਨੇ, ਅਗਾਂਹ ਵੀ ਭੇਜਦੇ ਨੇ। ਉਹ ਚਾਹੇ ਕਿਸੇ ਕੰਮ ਦੇ ਹੋਣ, ਨਾ ਹੋਣ। ਗੁਡ ਮਾਰਨਿੰਗ ਤੋਂ ਲੈ ਕੇ ਚੁਟਕਲੇ ਤਕ।
ਇੱਕ ਦਿਨ ਮੈਂ ਇੱਕ ਖ਼ਬਰ ਕਹਿ ਲਵੋ, ਆਪਣਾ ਪ੍ਰਭਾਵ ਕਹਿ ਲਵੋ, ਸਹੀ ਕਹਾਂ ਤਾਂ ਮੇਰੇ ਆਰਟੀਕਲ ਦਾ ਹੈਡਿੰਗ ਕਹਿ ਲਵੋ, ‘ਇਹ ਬੀ.ਜੇ.ਪੀ. ਦੀ ਜਿੱਤ ਨਹੀਂ, ਕਾਂਗਰਸ ਦੀ ਨਕਾਮੀ ਹੈ।’ ਸਾਂਝਾ ਕੀਤਾ। ਕੁਝ ਹੀ ਦੇਰ ਬਾਅਦ ਸੁਨੇਹੇ ਸ਼ੁਰੂ ਹੋ ਗਏ, ਇਹ ਰਾਜਨੀਤਕ ਗਰੁੱਪ ਨਹੀਂ ਹੈ, ਅਜਿਹੀਆਂ ਖ਼ਬਰਾਂ/ਟਿੱਪਣੀਆਂ ਤੋਂ ਗੁਰੇਜ਼ ਕੀਤਾ ਜਾਵੇ। ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਵਾਲੇ ਦੋਸਤ, ਸਾਰੇ ਹੀ ਸਮਾਜ ਦੇ ਚੰਗੇ ਰੁਤਬਿਆਂ ਤੇ ਫੈਸਲਾਕੰਨ ਅਹੁਦਿਆਂ ’ਤੇ ਬੈਠੇ ਲੋਕ ਸਨ।
ਇਸੇ ਤਰ੍ਹਾਂ ਦੀ ਹੀ ਇੱਕ ਹੋਰ ਗੱਲ ਹੈ ਕਿ ਅਸੀਂ ਕੁਝ ਦੋਸਤਾਂ ਨੇ ਰਲ ਕੇ ਇੱਕ ਸਵੈ-ਸੇਵੀ ਸੰਸਥਾ ‘ਸਾਥੀ’ ਬਣਾਉਣੀ ਚਾਹੀ। ਇਹ ਸਿਹਤ ਨਾਲ ਜੁੜੀ ਸੰਸਥਾ ਹੈ। ਇਸਦਾ ਪੂਰਾ ਨਾਂ ਹੈ ‘ਸੁਸਾਇਟੀ ਫਾਰ ਐਕਸ਼ਨ ਐਂਡ ਅਵੇਅਰਨੇਸ ਥਰੂ ਹੈਲਥ ਐਜੁਕੇਸ਼ਨ।’ ਅੰਗਰੇਜ਼ੀ ਦੇ ਸ਼ਬਦ ਸਾਥੀ ਦਾ ਪੂਰਾ ਨਾਂ। ਕਿਸੇ ਨੇ ਰਾਇ ਦਿੱਤੀ ਕਿ ਇਸ ਨੂੰ ਰਜਿਸਟਰਡ ਕਰਵਾਉ। ਰਜਿਸਟਰੇਸ਼ਨ ਦਾ ਤਰੀਕਾ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਪਹਿਲਾਂ ਸੰਸਥਾ ਦਾ ਸੰਵਿਧਾਨ ਬਣਾਉ। ਸਾਰੀਆਂ ਮੱਦਾਂ ਪਾਉ। ਉਦੇਸ਼ ਦੱਸੋ। ਕਿਸੇ ਬਣੇ ਹੋਏ ਸੁਸਾਇਟੀ ਸੰਵਿਧਾਨ ਦੀ ਨਕਲ ਮਾਰੀ। ਸਭ ਤੋਂ ਪਹਿਲੀ, ਸ਼ੁਰੂਆਤੀ ਮਦ ਸੀ ਕਿ ਇਸਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।
ਇਹ ਦੋ ਘਟਨਾਵਾਂ ਹਨ ਜਿਨ੍ਹਾਂ ਤੋਂ ਸਾਡੀ ਸਿਆਸਤ ਬਾਰੇ ਸਮਝ ਤੋਂ ਪਤਾ ਲਗਦਾ ਹੈ। ਇੱਕ ਹੋਰ ਪੱਖ ਵੀ ਹੈ ਕਿ ਜੇਕਰ ਮੈਂ ਸਰਕਾਰੀ ਨੌਕਰੀ ਕਰ ਰਿਹਾ ਹਾਂ ਤੇ ਚੋਣ ਲੜਨਾ ਚਾਹੁੰਦਾ ਹੈ ਤਾਂ ਪਹਿਲਾਂ ਨੌਕਰੀ ਤੋਂ ਅਸਤੀਫਾ ਦੇਣਾ ਪਵੇਗਾ। ਵੋਟ ਪਾ ਸਕਦਾ ਹਾਂ, ਉਹ ਵੀ ਰਾਜਨੀਤੀ ਦੀ ਅਹਿਮ ਪ੍ਰਕ੍ਰਿਆ ਹੈ, ਪਰ ਚੋਣ ਲੜ ਨਹੀਂ ਸਕਦਾ। ਇਸਦੀ ਸਮਝ ਮੈਨੂੰ ਕਦੇ ਨਹੀਂ ਆਈ। ਮੈਂ ਇੱਕ ਸਧਾਰਨ ਸਮਝ ਨਾਲ ਇਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਦੇਸ਼ ਦੀ ਸੰਸਦ ਵਿੱਚ ਬੱਜਟ ਪੇਸ਼ ਹੋਣਾ ਹੈ। ਸਾਰੇ ਲੋਕਾਂ ਵਿੱਚ, ਦਫਤਰ ਦੇ ਅਫਸਰ ਤੋਂ ਲੈ ਕੇ ਰਿਕਸ਼ਾ ਚਲਾਉਣ ਵਾਲੇ ਤਕ, ਜਿਗਿਆਸਾ ਹੈ ਕਿ ਬੱਜਟ ਕਿਸ ਤਰ੍ਹਾਂ ਦਾ ਹੋਵੇਗਾ। ਹੁਣ ਤਾਂ ਬੱਜਟ ਦੀ ਸ਼ਕਲ ਹੀ ਹੋਰ ਹੋ ਗਈ ਹੈ। ਕਦੇ ਸੁਨੇਹਾ ਭੇਜਣ ਵਾਲੇ ਪੋਸਟ ਕਾਰਡ ਦੀ ਕੀਮਤ ਵੀ ਸਲਾਨਾ ਬੱਜਟ ਵਿੱਚ ਤੈਅ ਹੁੰਦੀ ਸੀ, ਜੋ ਕਿ ਪੰਦਰਾਂ ਪੈਸੇ, ਪੱਚੀ ਪੈਸੇ ਦਾ ਹੁੰਦਾ ਸੀ। ਜੇਕਰ ਦਸ ਪੈਸੇ ਵੀ ਵਧ ਜਾਂਦੇ, ਸ਼ੋਰ ਮੱਚ ਜਾਂਦਾ। ਆਮਦਨ ਕਰ ਦੀ ਹੱਦਬੰਦੀ ਨੂੰ ਲੈ ਕੇ ਸਾਰੇ ਹੀ ਫ਼ਿਕਰਮੰਦ ਹੁੰਦੇ।
ਕਹਿਣ ਤੋਂ ਭਾਵ, ਦੇਸ਼ ਦੀ ਸੰਸਦ ਵਿੱਚ ਵਿੱਤ ਮੰਤਰੀ ਮਨਮੋਹਨ ਸਿੰਘ ਹੋਵੇ (ਉਹ ਸਮਾਂ ਜਦੋਂ ਮੇਰੇ ਮਨ ਇਹ ਖਿਆਲ ਪੈਦਾ ਹੋਇਆ) ਜਾਂ ਅੱਜ ਨਿਰਮਲਾ ਸੀਤਾਰਮਨ, ਸਾਰਾ ਦੇਸ਼ ਅੱਖਾਂ ਲਾ ਕੇ, ਕੰਨਾਂ ਨੂੰ ਸੁਚੇਤ ਕਰਕੇ ਬੈਠਾ ਸੁਣ ਰਿਹਾ ਹੈ। ਕਿਉਂਕਿ ਇਸ ਨੇ ਸਾਡੇ ਘਰ ਦਾ ਬੱਜਟ ਤੈਅ ਕਰਨਾ ਹੈ। ਹੁਣ ਤਾਂ ਜਦੋਂ ਮਰਜ਼ੀ ਬੱਜਟ ਪੇਸ਼ ਹੋ ਜਾਂਦਾ ਹੈ। ਬਿਨਾਂ ਕਿਸੇ ਚਰਚਾ ’ਤੇ ਤੇਲ-ਪੈਟਰੋਲ, ਰਸੋਈ ਗੈਸ ਦਾ ਰੇਟ ਤੈਅ ਹੋ ਜਾਂਦਾ ਹੈ ਤੇ ਕੋਈ ਸ਼ੋਰ ਨਹੀਂ। ਖੈਰ, ਜਦੋਂ ਸਿਆਸਤ ਮੇਰੇ ’ਤੇ ਅਸਰ ਕਰ ਰਹੀ ਹੈ ਤਾਂ ਮੈਂ ਕਿਉਂ ਨਾ ਸਿਆਸਤ ਵਿੱਚ ਹਿੱਸਾ ਲਵਾਂ। ਮੇਰੀ ਜ਼ਿੰਦਗੀ ਦਾ ਹਰ ਪਲ ਸਿਆਸਤ ਦੇ ਹੱਥਾਂ ਵਿੱਚ ਹੈ, ਉਨ੍ਹਾਂ ਦੇ ਫੈਸਲਿਆਂ ’ਤੇ ਨਿਰਭਰ ਕਰਦਾ ਹੈ, ਫਿਰ ਮੈਨੂੰ ਸਿਆਸਤ ਤੋਂ ਦੂਰੀ ਬਣਾ ਕੇ ਰੱਖਣ ਨੂੰ ਕਿਉਂ ਕਿਹਾ ਜਾਂਦਾ ਹੈ?
ਇੱਕ ਲੋਕ ਕਥਾ ਨੂੰ ਲੈ ਕੇ ਗੱਲ ਨੂੰ ਤੋਰਦੇ ਹਾਂ। ਇਸਦਾ ਸਿਰਲੇਖ ਹੈ - ਸ਼ਮਸ਼ਾਨ ਦੀ ਦਾਸਤਾਨ।
ਇੱਕ ਰਾਤ ਸਭਨਾਂ ਦੀਆਂ ਨਜ਼ਰਾਂ ਤੋਂ ਬਚ ਕੇ ਉਹ ਚੁੱਪਚਾਪ ਬਸਤੀ ਤੋਂ ਭੱਜ ਖੜ੍ਹਾ ਹੋਇਆ। ਬਹੁਤ ਦੂਰ ਇੱਕ ਜੰਗਲ ਵਿੱਚ ਰਹਿਣ ਲੱਗਾ। ਇੱਕ ਦਿਨ ਜਦੋਂ ਉਹ ਘੁੰਮਣ ਲਈ ਨਿਕਲਿਆ ਤਾਂ ਉਸ ਨੂੰ ਇੱਕ ਤਲਾਅ ਨਜ਼ਰ ਆਇਆ। ਨੇੜੇ ਪਹੁੰਚ ਕੇ ਉਸਨੇ ਇੱਕ ਅਜੀਬ ਨਜ਼ਾਰਾ ਦੇਖਿਆ। ਤਲਾਅ ਦੇ ਉਸ ਪਾਰ ਗਿਰਝਾਂ, ਇੱਲਾਂ ਤੇ ਕਾਂ ਕਿਸੇ ਮਰਨ ਕਿਨਾਰੇ ਪਏ ਆਦਮੀ ਨੂੰ ਬੇਰਹਿਮੀ ਨਾਲ ਠੂੰਗਾ ਮਾਰ-ਮਾਰ ਕੇ ਜ਼ਖਮੀ ਕਰ ਰਹੇ ਸਨ। ਉਹ ਦੌੜਦਾ ਹੋਇਆ ਉੱਥੇ ਪਹੁੰਚਿਆ ਤਾਂ ਮਾਸਖੋਰੇ ਪੰਛੀਆਂ ਵਿੱਚ ਭਗਦੜ ਪੈ ਗਈ ਤੇ ਉਹ ਇੱਧਰ-ਉੱਧਰ ਉੱਡ ਗਏ।
‘ਓਏ, ਇਹ ਤਾਂ ਆਪਣਾ ਹੀ ਭਰਾ ਹੈ, ਅਣਜਾਣ ਹੈ ਤਾਂ ਕੀ ਹੋਇਆ, ਹੈ ਤਾਂ ਇਨਸਾਨ।’ ਉਸ ਵਿੱਚ ਮਾਨਵੀ ਸੰਵੇਦਨਾ ਜਾਗ ਪਈ।
‘ਇਸ ਦੇ ਅਜੇ ਸਾਹ ਬਾਕੀ ਹਨ.’ ਉਸ ਜ਼ਖਮੀ ਆਦਮੀ ਦੀ ਛਾਤੀ ਉੱਤੇ ਹੱਥ ਫੇਰਦਾ ਹੋਇਆ ਉਹ ਸੋਚਣ ਲੱਗਾ।
ਉਹ ਤਲਾਅ ਵੱਲ ਭੱਜਿਆ। ਬੁੱਕ ਵਿੱਚ ਪਾਣੀ ਭਰ ਕੇ ਉਸ ਨੂੰ ਪਿਲਾਇਆ। ਟਿਮਟਿਮਾਉਂਦਾ ਦੀਵਾ ਬੁਝਣ ਤੋਂ ਬਚ ਗਿਆ। ਫਰਿਸ਼ਤੇ ਬੋਲੇ, ‘ਮਾਨਵਤਾ ਦੇ ਪੁਜਾਰੀ ਦੀ ਜੈ।’
ਖੂੰਖਾਰ ਪੰਛੀਆਂ ਨੇ ਜਦੋਂ ਆਪਣੇ ਸ਼ਿਕਾਰ ਨੂੰ ਹੱਥੋਂ ਨਿਕਲਦਿਆਂ ਦੇਖਿਆ ਤਾਂ ਉਹ ਮਾਨਵਤਾ ਦੇ ਪੁਜਾਰੀ ’ਤੇ ਟੁੱਟ ਪਏ। ਇਹ ਦੇਖ, ਪਹਿਲਾ ਆਦਮੀ ਦੱਬੇ ਪੈਰੀਂ ਉੱਥੋਂ ਭੱਜ ਖੜ੍ਹਾ ਹੋਇਆ।
ਇਹ ਰਚਨਾ, ਕਹਾਣੀ ਬਣਾ ਕੇ, ਮਨੁੱਖਾਂ ਪ੍ਰਤੀ ਇਹ ਭਾਵ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਨੁੱਖ ਸਵਾਰਥੀ ਹੈ। ਜਦੋਂ ਕਿ ਇਹ ਭਾਵ ਮਨੁੱਖ ਦੀ ਕੁਦਰਤ ਨਾਲ ਮੇਲ ਨਹੀਂ ਖਾਂਦਾ। ਮਨੁੱਖ ਦੀ ਫਿਤਰਤ ਮਦਦ ਕਰਨ ਦੀ ਹੈ, ਜੋ ਪਹਿਲੇ ਮਨੁੱਖ ਨੇ ਕੀਤਾ ਹੈ। ਇਸ ਕਹਾਣੀ ਵਿੱਚ ਵੱਡਾ ਨੁਕਸ ਹੈ ਕਿ ਇੱਕ ਆਦਮੀ ਦੇ ਆਉਣ ਨਾਲ, ਸਾਰੇ ਪੰਛੀ ਉਡ ਗਏ, ਹੁਣ ਤਾਂ ਉਹ ਦੋ ਸਨ।
ਦਰਅਸਲ ਸਮਾਜ ਦਾ ਇੱਕ ਵਰਗ, ਅਜਿਹੀਆਂ ਕਥਾਵਾਂ ਰਾਹੀਂ ਮਨੁੱਖ ਦੀ ਅਸਲੀਅਤ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ ਤੇ ਆਪਣਾ ਉੱਲੂ ਸਿੱਧਾ ਕਰਦਾ ਹੈ।
ਇਹੀ ਗੱਲ ਸਿਆਸਤ ਬਾਰੇ ਹੈ। ਸਿਆਸਤ ਦਾ ਜੋ ਪੱਖ ਉਭਾਰਿਆ-ਉਸਾਰਿਆ ਜਾਂਦਾ ਹੈ, ਉਹ ਕੁਝ ਮਤਲਬੀ, ਖੁਦਗਰਜ਼ ਲੋਕਾਂ ਦੀ ਪਹੁੰਚ ਹੈ। ਤੁਸੀਂ ਇਸ ਤਰ੍ਹਾਂ ਦੇ ਅਨੇਕਾਂ ਹੋਰ ਭਾਵ ਵੀ ਜਾਣਦੇ ਹੋ। ‘ਮੈਨੂੰ ਦੁਸ਼ਮਣਾਂ ਦੀ ਲੋੜ ਨਹੀਂ, ਦੋਸਤ ਹੀ ਕਾਫ਼ੀ ਨੇ।’ ਮਤਲਬ ਕਿ ਦੋਸਤ ਦੁਸ਼ਮਣ ਤੋਂ ਵੀ ਭੈੜੇ ਨੇ। ਦੋਸਤ ਦੇ ਸੰਕਲਪ ਨੂੰ ਧੁੰਦਲਾ ਕਰਨ, ਉਸ ਦਾ ਅਕਸ ਵਿਗਾੜਨ ਦੀ ਗੱਲ ਹੈ।
ਦੋਸਤੀ ਇੱਕ ਦਿਨ ਵਿੱਚ ਨਹੀਂ ਹੁੰਦੀ। ਮੈਂ ਅਕਸਰ ਦੋਸਤੀ ਦੇ ਸੰਕਲਪ ਨੂੰ ਲੈ ਕੇ ਕਿਹਾ ਹੈ ਕਿ ਕਲਾਸ/ਸਕੂਲ ਦੀ ਸ਼ੁਰੂਆਤ ਵਿੱਚ ਅਨੇਕਾਂ ਹੀ ਬੱਚੇ ਹੁੰਦੇ ਨੇ। ਚਾਰ-ਪੰਜ ਸਾਲ ਬਾਅਦ ਪੂਰੀ ਕਲਾਸ ਵਿੱਚ ਦੋ-ਤਿੰਨ ਦੋਸਤ ਹੁੰਦੇ ਨੇ। ਕਿਉਂ ਨੇ ਉਹ ਦੋਸਤ? ਹੁਣ ਦੋਸਤ ਦੁਸ਼ਮਣ ਕਿਵੇਂ ਹੋ ਗਏ? ਤੁਸੀਂ ਪਛਾਣ ਕੇ, ਸੋਚ ਕੇ ਦੋਸਤੀ ਨਹੀਂ ਕੀਤੀ ਜਾਂ ਤੁਸੀਂ ਸੁਚੇਤ ਨਹੀਂ ਰਹੇ ਕਿ ਕਦੋਂ ਦੋਸਤ ਦੁਸ਼ਮਣ ਬਣਨ ਬਾਰੇ ਸੋਚਣ ਲੱਗਿਆ। ਸਿਆਸਤ ਬਾਰੇ ਇਹੀ ਗੱਲ ਹੈ। ਧਾਰਨਾ ਮਹਿਬੂਬ ਵਾਲੀ ਵੀ ਹੈ ਪਰ ਇਸ ਨੂੰ ਵਿਗਾੜ ਦਿੱਤਾ ਤੇ ਜੋ ਚਾਹੁੰਦੇ ਸੀ ਉਹ ਹਾਸਲ ਕਰ ਲਿਆ।
ਸਿਆਸਤ ਦੇ ਵਿਗੜੇ ਰੂਪ ਦੀ ਸ਼ੁਰੂਆਤ ਕਿੱਥੋਂ ਤੇ ਕਦੋਂ ਹੋਈ ਹੋਵੇਗੀ। ਸਿਆਸਤ ਦਾ ਛੋਟਾ ਰੂਪ ਤਾਂ ਸਾਡੇ ਪਰਿਵਾਰ ਵਿੱਚ ਹੈ। ਮਾਂ-ਪਿਉ, ਪਰਿਵਾਰ ਵਿੱਚ ਬੱਚੇ। ਬੱਚਿਆਂ ਦੀ ਸਾਂਭ-ਸੰਭਾਲ। ਮਾਂ ਦੀ ਜ਼ਿੰਮੇਵਾਰੀ, ਘਰ ਸਾਂਭੇ। ਪਿਉ ਜਾਵੇ ਕੁਝ ਕਮਾ ਕੇ ਲਿਆਵੇ। ਪਰਿਵਾਰ, ਕਬੀਲਾ, ਜੰਗਲੀ ਜੀਵਨ, ਇਸ ਪਿਛੋਕੜ ਵਿੱਚ ਕੀ ਹੈ? ਮਰਦ ਜਾ ਰਹੇ ਹਨ ਸ਼ਿਕਾਰ ਕਰਨ, ਕੁਝ ਫੜ-ਫੜਾ ਕੇ ਲਿਆਉਣ ਲਈ। ਸਭ ਦਾ ਪੇਟ ਭਰਨਾ ਹੈ, ਸਭ ਨੂੰ ਬਰਾਬਰ ਵੰਡ ਕੇ ਦੇਣਾ ਹੈ। ਲੋੜ ਮੁਤਾਬਕ ਬਰਾਬਰ, ਜਿੰਨਾ ਜਿਸਦੀ ਲੋੜ ਹੈ। ਅੱਜ ਜੋ ਸੰਕਲਪ ਹੈ, ਇਕੁਇਟੀ ਦਾ ਜੋ ਕਿ ਲੋੜ ਮੁਤਾਬਕ ਬਰਾਬਰ ਹੈ। ਸਭ ਨੂੰ ਬਰਾਬਰ, ਇਕੁਅਲ ਹੈ।
ਸਿਆਸਤ ਇਹ ਮੰਗ ਕਰਦੀ ਹੈ, ਸਭ ਨੂੰ ਬਰਾਬਰ, ਲੋੜ ਮੁਤਾਬਕ ਬਰਾਬਰ। ਫਿਰ ਜਦੋਂ ਇਸ ਵੰਡ ਵਿੱਚ ਕਾਣ ਪੈਂਦੀ ਹੈ, ਸਭ ਨੂੰ ਬਰਾਬਰੀ ਦਾ ਸੰਕਲਪ ਟੁੱਟਦਾ ਹੈ ਤਾਂ ਵਿਗਾੜ ਪੈਂਦਾ ਹੈ। ਲਾਲਚ-ਲੋਭ, ਵਿਤਕਰਾ ਥਾਂ ਲੈਣ ਲੱਗਦਾ ਹੈ। ਸਵਾਲ ਹੈ ਕਿ ਵੰਡ ਕਿਸ ਦੇ ਹੱਥ ਹੈ। ਉਹ ਕਿਸ ਨੇ ਚੁਣਿਆ ਹੈ? ਉਹ ਆਪਣੀ ਵੰਡ ਵਾਲੀ ਤਾਕਤ, ਉਹ ਪਦਵੀ ਬਣਾਈ ਰੱਖਣ ਲਈ ਕੀ-ਕੀ ਪੈਂਤੜੇ ਵਰਤਦਾ ਹੈ। ਇਹ ਪਹਿਲੂ ਸਿਆਸਤ ਵਿੱਚ ਉੱਭਰਵਾਂ ਹੋ ਗਿਆ।
ਰਾਜਨੀਤੀ ਪੇਸ਼ਾ ਹੋ ਗਈ, ਬਾਜ਼ਾਰ ਵਿੱਚ ਆ ਗਈ। ਕਾਮਰੇਡ ਸਤਪਾਲ ਡਾਂਗ ਦੇ ਵਿਚਾਰ ਤੇ ਫਿਰ ਮਾਰਕਸ ਨਾਲ ਹੋਈ ਮੁਲਾਕਾਤ, ਜਦੋਂ ਦੋਸਤੀ ਵਿੱਚ ਬਦਲਣ ਲੱਗੀ। ਉਸ ਨਾਲ ਨੇੜਤਾ ਨੇ ਰਾਜਨੀਤੀ ਦੀ ਸਮਝ ਨੂੰ ਹੋਰ ਗੂੜ੍ਹਾ, ਪੀਢਾ ਕੀਤਾ ਤਾਂ ਮੈਂ ਮਹਿਬੂਬ ਦੇ ਲਹਿਜ਼ੇ ਵਿੱਚ ਆ ਗਿਆ।
ਮਾਰਕਸ ਦੀ ਰਾਜਨੀਤਿਕ ਨਜ਼ਰ, ਸਭ ਲਈ ਬਰਾਬਰ ਵਾਲੇ, ਇਸ ਸੰਕਲਪ ਦੀ ਹੈ ਕਿ ਸਮਰੱਥਾ ਮੁਤਾਬਕ ਕੰਮ, ਲੋੜ ਮੁਤਾਬਕ ਹਾਸਿਲ ਕਰਨਾ। ਮੈਂ ਸਿਹਤ ਦੇ ਪਰਿਪੇਖ ਵਿੱਚ ਇਸ ਨੂੰ ਸਮਝਿਆ ਤੇ ਉਭਾਰਿਆ। ਸਿਹਤ ਸਭ ਤੋਂ ਸਟੀਕ ਉਦਾਹਰਣ ਹੈ। ਗਰੀਬ-ਕਮਜ਼ੋਰ, ਛੇਤੀ ਬਿਮਾਰ ਹੁੰਦਾ ਹੈ ਤੇ ਜ਼ਿਆਦਾ ਘਾਤਕ ਬਿਮਾਰੀ ਦਾ ਸ਼ਿਕਾਰ। ਉਸ ਨੂੰ ਸਿਹਤ ਸਹੂਲਤਾਂ ਦੀ ਵੱਧ ਲੋੜ ਹੈ। ਇੱਥੇ ਮਸਲਾ ਬਰਾਬਰੀ ਦਾ ਨਹੀਂ, ਲੋੜ ਮੁਤਾਬਕ ਇਲਾਜ, ਉਸ ਦੀ ਸਿਹਤ ਸਲਾਮਤੀ ਦਾ ਹੈ ਤਾਂ ਜੋ ਉਹ ਸਮਾਜ ਅਤੇ ਪਰਿਵਾਰ ਲਈ ਕਾਰਗਰ ਸਾਬਿਤ ਹੋ ਸਕੇ। ਆਪ ਜੀਅ ਸਕੇ ਤੇ ਪਰਿਵਾਰ ਨੂੰ ਜ਼ਿੰਦਾ ਰੱਖ ਸਕੇ, ਸਮਾਜ ਵਿੱਚ ਆਪਣਾ ਹਿੱਸਾ ਪਾ ਸਕੇ।
ਇਹ ਕੌਣ ਤੈਅ ਕਰਦਾ ਹੈ, ਸਿਆਸਤ, ਸਿਆਸੀ ਲੋਕ। ਸਿਹਤ ਨੀਤੀ ਕੌਣ ਬਣਾਉਂਦਾ ਹੈ? ਮੈਂ ਬਣਾਉਂਦਾ, ਮੈਨੂੰ ਸਮਝ ਹੈ, ਮੇਰੀ ਲਿਆਕਤ ਹੈ, ਸਮਰੱਥਾ ਹੈ। ਮੇਰਾ ਐੱਮ. ਡੀ. ਦਾ ਵਿਸ਼ਾ। ਪਰ ਲਾਗੂ ਕੌਣ ਕਰੇਗਾ? ਸਭ ਨੂੰ ਬਰਾਬਰ ਇਲਾਜ ਮਿਲੇ। ਵੈਸੇ ਤਾਂ ਸੰਕਲਪ ਵੱਡਾ ਹੈ ਕਿ ਉਹ ਸਭ ਸਹੂਲਤਾਂ ਮਿਲਣ ਕਿ ਲੋਕ ਬਿਮਾਰ ਹੀ ਨਾ ਹੋਣ। ਜਿਵੇਂ ਖੁਰਾਕ, ਵਧੀਆ ਨੌਕਰੀ, ਹਵਾ-ਪਾਣੀ, ਸਾਫ਼ ਸੁਥਰਾ ਮਾਹੌਲ, ਰਹਿਣ ਲਈ ਸਿਹਤਮੰਦ ਘਰ, ਹੋਰ ਜੋ ਵੀ ਮਨੁੱਖੀ ਲੋੜਾਂ ਨੇ।
ਜਿਸ ਵਿੱਚ ਸੂਖ਼ਮ ਤੋਂ ਸੂਖ਼ਮ ਚੀਜ਼ ਦਾ ਮਨੁੱਖ ਨਾਲ ਵਾਸਤਾ ਹੈ, ਉਹ ਸਿਆਸਤ ਤੈਅ ਕਰਦੀ ਹੈ ਤਾਂ ਫਿਰ ਪਲ-ਪਲ, ਹਰ ਪਲ ਸਿਆਸਤ ਕਿਉਂ ਨਹੀਂ? ਕਿਉਂ ਹਰ ਥਾਂ ਇਸ ਨੂੰ ਵਰਜਿਆ ਜਾਂਦਾ ਹੈ? ਇਸ ਸਾਜ਼ਿਸ਼ ਨੂੰ ਵੀ ਸਮਝਣਾ ਹੈ, ਮੈਂ ਤਾਂ ਇਹੀ ਸਮਝਿਆ ਹੈ। ਮੈਂ ਤਾਂ ਹਰ ਕਦਮ, ਹਰ ਪਲ ਸਿਆਸਤ ਨੂੰ ਆਪਣੇ ਆਲੇ-ਦੁਆਲੇ, ਅੰਗ-ਸੰਗ ਮਹਿਸੂਸ ਕਰਦਾ ਹਾਂ। ਤੁਸੀਂ ਵੀ ਕਰੋਗੇ ਤਾਂ ਨਿਸ਼ਚਿਤ, ਇਸ ਸਮਝ ਨੂੰ ਇਸਤੇਮਾਲ ਕਰ ਸਕੋਗੇ। ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਲੇ ਸਵਾਲ ਖੜ੍ਹੇ ਕਰ ਸਕੋਗੇ, ਘੱਟੋ ਘੱਟ ਸੋਚ ਤਾਂ ਸ਼ੁਰੂ ਹੋਵੇਗੀ ਹੀ। ਸੋਚ ਹੀ ਪਹਿਲਾ ਕਦਮ ਹੈ। ਸੋਚਦੇ ਸੋਚਦੇ ਮੈਂ ਲਿਖਣ ਲੱਗਿਆ ਹੈ ਤੇ ਫਿਰ ਬੋਲਣ ਲੱਗਿਆ। ਸਵਾਲ ਖੜ੍ਹੇ ਕਰਨ ਲੱਗਿਆ। ਇਹੀ ਤਰਤੀਬ ਹੈ, ਅਜ਼ਮਾ ਕੇ ਦੇਖਣਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3732)
(ਸਰੋਕਾਰ ਨਾਲ ਸੰਪਰਕ ਲਈ: