“ਕੋਈ ਗੱਲ ਨੀਂ, ਪੁੱਛਣਗੇ ਤਾਂ ਕਹਿ ਦਿਆਂਗੇ, ਅਸੀਂ ਕਿਹੜਾ ਖੁਸ਼ੀ ਨਾਲ ਪੀਂਦੇ ਹਾਂ, ਸਮਾਜ ਬਿਮਾਰ ਹੈ ...”
(27 ਅਪ੍ਰੈਲ 2023)
ਇਸ ਸਮੇਂ ਪਾਠਕ: 155.
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਅਡੀਟੋਰੀਅਮ ਭਰਿਆ ਹੋਇਆ ਹੈ, ਪ੍ਰਿੰਸੀਪਲ, ਸਾਰੇ ਸਟਾਫ ਮੈਂਬਰ ਅਤੇ ਵਿਦਿਆਰਥੀ ਨਾਲ। ਸਿਹਤ ਮੰਤਰੀ ਤਿਕਸ਼ਣ ਸੂਦ ਦਾ ਇੰਤਜ਼ਾਰ ਹੋ ਰਿਹਾ ਸੀ। ਅੱਜ ਗੁਰੂ ਨਾਨਕ ਹਸਪਤਾਲ ਵਿੱਚ ਮਨੋਰੋਗ ਵਿਭਾਗ ਤਹਿਤ, ‘ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ’ ਦਾ ਉਦਘਾਟਨ ਹੋਣਾ ਸੀ। ਇਹ ਕਾਰਜ ਇੱਕ ਕੌਂਸਲ ਦੇ ਤਹਿਤ ਸਿਰੇ ਚੜ੍ਹਨਾ ਸੀ। ਚੇਅਰਮੈਨ ਸ਼ਹਿਰ ਦੇ ਡੀ.ਸੀ. ਸਨ।
ਸਿਹਤ ਮੰਤਰੀ ਸ੍ਰੀ ਤਿਕਸ਼ਣ ਸੂਦ ਬੋਲ ਰਹੇ ਸੀ, “ਇਸ ਇਲਾਕੇ ਵਾਸਤੇ ਇਹ ਸੁਭਾਗਾ ਦਿਨ ਹੈ ਕਿ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਇਸ ਇਲਾਕੇ ਨੂੰ ‘ਸਟੇਟ ਆਫ ਆਰਟ’ ਦਰਜ਼ੇ ਦਾ ਨਸ਼ਾ ਛੁਡਾਉ ਕੇਂਦਰ ਮਿਲਿਆ ਹੈ।”
ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣਾ, ਲੋਕਾਂ ਦੀਆਂ ਲੋੜਾਂ ਦਾ ਖਿਆਲ ਰੱਖਣਾ ਤੇ ਪੂਰੀਆਂ ਕਰਨਾ। ਪਰ ਜੋ ਮੈਨੂੰ ਪਰੇਸ਼ਾਨ ਕਰ ਰਿਹਾ ਸੀ, ਉਹ ਸੀ ਮੰਤਰੀ ਜੀ ਦੇ ਮੂੰਹੋਂ ਸੁਭਾਗੇ ਹੋਣ ਦੀ ਗੱਲ ਕਰਨਾ। ਨੌਜਵਾਨੀ ਨਸ਼ਿਆਂ ਵਿੱਚ ਤਬਾਹ ਹੋ ਰਹੀ ਹੈ। ਜਿਨ੍ਹਾਂ ਨੌਜਵਾਨਾਂ ਨੂੰ ਪਾਲ ਕੇ, ਉਨ੍ਹਾਂ ਦੇ ਸਹਾਰਾ ਬਣਨ ਦੀ ਆਸ ਹੁੰਦੀ ਹੈ, ਅੱਜ ਉਨ੍ਹਾਂ ਨੂੰ ਮੋਢਾ ਦੇ ਕੇ ਸਿਵਿਆਂ ਵੱਲ ਲੈ ਜਾਇਆ ਜਾ ਰਿਹਾ ਹੈ ਤੇ ਮੰਤਰੀ ਜੀ ਨੂੰ ਇਹ ਸੁਭਾਗਾ ਲੱਗ ਰਿਹਾ ਹੈ। ਰਾਜਨੇਤਾਵਾਂ ਦੀ ਸੋਚ ਇੱਥੋਂ ਤਕ ਨਿੱਘਰ ਗਈ ਹੈ। ਨਿਸ਼ਾਨਾ ਹੀ ਇੱਕੋ ਹੈ, ਕੁਰਸੀ ਪ੍ਰਾਪਤ ਕਰਨੀ ਤੇ ਉਸ ਨੂੰ ਬਚਾਈ ਰੱਖਣਾ।
ਇਸਦਾ ਦੂਸਰਾ ਪੱਖ ਵੀ ਹੈ, ਜੋ ਵੱਧ ਪ੍ਰੇਸ਼ਾਨ ਕਰਨ ਵਾਲਾ ਹੈ। ਨਸ਼ਿਆਂ ਨੂੰ ਲੈ ਕੇ ਮੇਰੇ ਲੇਖ ਅਕਸਰ ਛਪਦੇ ਰਹਿੰਦੇ ਹਨ ਤੇ ਉਸ ਦਿਨ ਕਈ ਫੋਨ ਵੀ ਆਉਂਦੇ ਹਨ।
ਇੱਕ ਦਿਨ ਫੋਨ ਆਇਆ, ਇੱਕ ਔਰਤ ਦੀ ਆਵਾਜ਼ ਸੀ। ਮਾਂ ਸੀ ਉਹ ਤੇ ਆਪਣੇ ਬੱਚੇ ਪ੍ਰਤੀ ਫ਼ਿਕਰਮੰਦ ਸੀ, ਜੋ ਨਸ਼ੇ ਕਰਦਾ ਸੀ, ਮੈਂ ਕਿਹਾ, “ਤੁਸੀਂ ਲੈ ਆਉ। ਇੱਥੇ ਸਰਕਾਰੀ ਨਸ਼ਾ ਛੁਡਾਉ ਕੇਂਦਰ ਹੈ। ਮੈਂ ਵੀ ਇੱਥੇ ਹੀ ਹੁੰਦਾ ਹਾਂ। ਅੱਗੋਂ ਕਹਿਣ ਲੱਗੇ “ਤੁਹਾਡਾ ਕੋਈ ਬੰਦਾ ਆ ਕੇ ਨਹੀਂ ਲੈ ਜਾ ਸਕਦਾ।”
ਮੈਨੂੰ ਹੈਰਾਨੀ ਹੋਈ, ਬੱਚਾ ਹੈ ਉਸ ਮਾਂ ਦਾ। ਪਰੇਸ਼ਾਨੀ ਵੀ ਹੋਈ ਕਿ ਕੀ ਸਮਝ ਵਿਕਸਿਤ ਹੋ ਗਈ ਹੈ ਕਿ ਜਿਵੇਂ ਵਿਅਕਤੀ ਕੋਈ ਮਸ਼ੀਨ ਹੋਵੇ ਤੇ ਉਸ ਦੀ ‘ਮੁਰੰਮਤ’ ਕਰਨੀ ਤੇ ਫਿਰ ਵਾਪਸ ਮੋੜ ਦੇਣਾ ਹੋਵੇ। ਉਸ ਮਾਂ ਦੀ ਪਰੇਸ਼ਾਨੀ ਵੀ ਆਪਣੀ ਥਾਂ ਸਹੀ ਹੈ, ਕਿਉਂ ਜੋ ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰ ਇਸ ਤਰ੍ਹਾਂ ਹੀ ਕਰ ਰਹੇ ਨੇ। ਗੌਰ ਨਾਲ ਦੇਖੀਏ ਤਾਂ ਮਨੁੱਖ ਨੂੰ ਮਸ਼ੀਨ ਵਿੱਚ ਬਦਲਣ ਅਤੇ ਮਸ਼ੀਨ ਵਾਂਗ ਵਰਤਣ ਦਾ ਹੀ ਚਲਣ ਬਣ ਰਿਹਾ ਹੈ। ਅਸੀਂ ਜੀਅ ਹੀ ਅਜਿਹੇ ਯੁਗ ਵਿੱਚ ਰਹੇ ਹਾਂ।
ਇੱਕ ਹੋਰ ਫੋਨ ਆਇਆ। ਕਿਸੇ ਮਰਦ ਦੀ ਆਵਾਜ਼ ਸੀ। ਪਿਉ ਸੀ ਲੜਕੇ ਦਾ। ਨਸ਼ੇ ਤੋਂ ਪਰੇਸ਼ਾਨ। ਗੱਲਾਂ ਕਰਦੇ ਕਰਦੇ ਕਹਿੰਦਾ, “ਹਰ ਹੀਲਾ ਵਰਤ ਲਿਆ ਡਾਕਟਰ ਸਾਬ। ਇੱਥੋਂ ਤਕ ਕਿ ਮੇਰਾ ਇੱਕ ਜਾਣੂ ਥਾਣੇਦਾਰ ਹੈ। ਉਸ ਨੂੰ ਕਹਿ ਕੇ ਦੋ ਕੁ ਦਿਨ ਜੇਲ੍ਹ ਵੀ ਰੱਖਿਆ। ਕਿਤੇ ਡਰ ਪੈ ਜਾਵੇ ਮਨ ਵਿੱਚ।”
ਨਸ਼ੇ ਪ੍ਰੇਸ਼ਾਨੀ ਨੇ ਮਾਪਿਆਂ ਦੀ। ਨਸ਼ੇ ਪ੍ਰੇਸ਼ਾਨੀ ਨੇ ਲੀਡਰਾਂ ਦੀ। ਪਰ ਬਹੁਤ ਫ਼ਰਕ ਹੈ। ਜਿਸ ਸਰਕਾਰ ਦਾ ਮੰਤਰੀ ਨਸ਼ਾ ਛੁਡਾਉ ਕੇਂਦਰ ਦੀ ਸੌਗਾਤ ਲੈ ਕੇ ਆਇਆ ਸੀ, ਉਸੇ ਸਰਕਾਰ ਦੇ ਮੁੱਖ ਮੰਤਰੀ, ਇੱਕ ਵਾਰੀ ਲਵਲੀ ਯੂਨੀਵਰਸਿਟੀ ਵਿੱਚ ਮੁੱਖ ਮਹਿਮਾਨ ਸੀ ਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਵਿਸ਼ੇਸ਼ ਮਹਿਮਾਨ। ਬਾਦਲ ਸਾਹਬ ਨੇ ਮਖੌਲੀਆ ਲਹਿਜ਼ੇ ਵਿੱਚ ਕਿਹਾ, “ਜਨਾਬ ਤੁਹਾਡੇ ਦੇਸ਼ ਦੀ ਹੀਰੋਇਨ ਸਾਡੇ ਨੌਜਵਾਨਾਂ ’ਤੇ ਡੋਰੇ ਪਾਉਂਦੀ ਹੈ, ਉਸ ਨੂੰ ਕਾਬੂ ਹੇਠ ਰੱਖੋ।”
ਤੁਸੀਂ ਅੰਦਾਜ਼ਾ ਲਗਾਉ ਕਿ ਅਸੀਂ, ਮਾਪੇ ਹੋਣ ਦੇ ਨਾਤੇ ਅਤੇ ਸਾਡੇ ਆਗੂ, ਨੌਜਵਾਨੀ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਹਲਕੇ ਵਿੱਚ ਜਾਂ ਹਾਸੇ ਵਿੱਚ ਲੈਂਦੇ ਹਾਂ।
ਨਸ਼ੇ, ਮੈਡੀਕਲ ਦੀ ਸਮੱਸਿਆ ਹਨ, ਸਮਾਜਿਕ ਗੜਬੜੀ ਜਾਂ ਨੌਜਵਾਨੀ ਦਾ ਵਿਸ਼ੇਸ਼ ਮਨੋਵਿਗਿਆਨਕ ਵਿਕਾਰ ਹਨ ਜਾਂ ਕੁਲ ਮਿਲਾ ਕੇ ਇਹ ਹਾਲਤ ਬਣਦੀ ਹੈ। ਸਮੱਸਿਆ ਬਹੁਪਰਤੀ ਹੈ ਤੇ ਬਹੁਪੱਖੀ ਵੀ। ਨਸ਼ੇ ਵਾਲਿਆਂ ਨੂੰ ਮਨੋਰੋਗ ਵਿਭਾਗ ਵਾਲੇ ਦੇਖਦੇ ਹਨ, ਭਾਵੇਂ ਕਿ ਇਹ ਸਮੱਸਿਆ ਇਕੱਲੀ ਦਵਾਈ ਦੇਣ ਤਕ ਸੀਮਤ ਨਹੀਂ ਹੈ। ਮੈਂ ਸਮਝਦਾ ਹਾਂ ਕਿ ਇਹ ਸਾਡੇ ਵਿਭਾਗ, ਕਮਿਊਨਿਟੀ ਮੈਡੀਸਨ ਨਾਲ ਜੁੜੀ ਸਮੱਸਿਆ ਵੀ ਹੈ, ਪਰ ਸਾਡਾ ਇਸ ਤਰ੍ਹਾਂ ਦੇ ਮਰੀਜ਼ਾਂ ਨਾਲ ਵਾਹ ਵਾਸਤਾ ਹੀ ਨਹੀਂ ਹੈ। ਨਸ਼ੇ ਨਾਲ ਜੁੜੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ ਅਣਗੋਲੇ ਕੀਤੇ ਗਏ ਹਨ। ਨਸ਼ਿਆਂ ਦਾ ਸ਼ਿਕਾਰ, ਫਿਰ ਦਾਖਲ, ਉੱਥੇ ਦਵਾਈ ਤੇ ਫਿਰ ਛੁੱਟੀ। ਦੁਬਾਰਾ ਲੱਗ ਜਾਣ ਤਾਂ ਫਿਰ ਕਿਹੜਾ ਦਾਖਲ ਨਹੀਂ ਹੋ ਸਕਦੇ?
ਖੈਰ, ਮੈਂ ਆਪਣੀ ਗੱਲ ਕਰਾਂ ਤਾਂ ਮੈਂ ਆਪਣੀ ਐੱਮ.ਡੀ. 1986 ਵਿੱਚ ਕੀਤੀ ਤੇ ਪਟਿਆਲੇ ਤੋਂ ਅੰਮ੍ਰਿਤਸਰ ਆ ਗਿਆ। ਆਏ ਨੂੰ ਅਜੇ ਸਾਲ ਵੀ ਨਹੀਂ ਸੀ ਹੋਇਆ ਕਿ ਪਟਿਆਲੇ ਤੋਂ ਮੇਰੇ ਅਧਿਆਪਕ ਡਾ. ਏ.ਐੱਸ. ਸੇਖੋਂ, ਦਾ ਸੁਨੇਹਾ ਆਇਆ ਕਿ ਪਟਿਆਲੇ ਦੀ ਇੱਕ ਸਵੈ ਸੇਵੀ ਸੰਸਥਾ ਨਸ਼ਿਆਂ ਨੂੰ ਲੈ ਕੇ ਕੰਮ ਕਰਨਾ ਚਾਹੁੰਦੀ ਹੈ ਤੇ ਉਨ੍ਹਾਂ ਨੂੰ ਪੰਜਾਬੀ ਵਿੱਚ ਸਮੱਗਰੀ ਚਾਹੀਦੀ ਹੈ। ਮੈਨੂੰ ਪੰਜਾਬੀ ਵਿੱਚ ਸਮੱਗਰੀ ਤਿਆਰ ਕਰਨ ਲਈ ਕਿਹਾ ਗਿਆ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮੈਂ ਐੱਮ.ਏ. ਪੰਜਾਬੀ ਕੀਤੀ ਹੋਈ ਹੈ। ਮੈਂ ਆਪਣੀ ਪੜ੍ਹਾਈ ਦੀ ਸੋਝੀ ਤਹਿਤ, ਬਿਮਾਰੀਆਂ ਦੀ ਵਿਗਿਆਨਕ ਸਮਝ ਦੇ ਲਹਿਜ਼ੇ ਨਾਲ ਸਾਰੇ ਪੱਖਾਂ ਨੂੰ ਲੈ ਕੇ ਇੱਕ ਛੋਟੀ ਜਿਹੀ ਕਿਤਾਬ ਤਿਆਰ ਕੀਤੀ। ਕਿਤਾਬ ਦਾ ਨਾਂ ਰੱਖਿਆ, ‘ਨਸ਼ੇ - ਬਿਮਾਰ ਸਮਾਜ ਦਾ ਲੱਛਣ।’
ਮੇਰੀ ਪੜ੍ਹਾਈ-ਸਿਖਲਾਈ ਨੇ ਮੈਨੂੰ ਸੋਝੀ ਦਿੱਤੀ ਹੈ ਕਿ ਸਾਰੀਆਂ ਬਿਮਾਰੀਆਂ ਮੁੱਖ ਤੌਰ ’ਤੇ ਸਮਾਜਿਕ ਹਨ। ਟੀ. ਬੀ., ਸੈਕਸ ਰਾਹੀਂ ਹੋਣ ਬਿਮਾਰੀਆਂ ਤੋਂ ਲੈ ਕੇ ਮਲੇਰੀਆ-ਡੇਂਗੂ ਵੀ। ਭਾਵੇਂ ਕਿ ਮਲੇਰੀਆ-ਡੇਂਗੂ ਜਰਮ ਨਾਲ ਹੁੰਦੀਆਂ ਹਨ, ਪਰ ਇਨ੍ਹਾਂ ਬਿਮਾਰੀਆਂ ਦਾ ਵਾਹਨ ਮੱਛਰ ਹੈ ਤੇ ਮੱਛਰ ਨੂੰ ਸਮਝੇ ਬਿਨਾਂ ਇਹਨਾਂ ਦਾ ਇਲਾਜ ਦਵਾਈਆਂ ਤਕ ਸੀਮਤ ਹੋ ਜਾਵੇਗਾ ਤੇ ਬਿਮਾਰੀ ਵਾਰ-ਵਾਰ, ਹਰ ਸਾਲ, ਹਰ ਮੌਸਮ ਹੁੰਦੀ ਰਹੇਗੀ। ਇਹੀ ਸਮਝ ਮੇਰੀ ਨਸ਼ਿਆਂ ਪ੍ਰਤੀ ਰਹੀ ਹੈ।
ਜਦੋਂ ਅੰਮ੍ਰਿਤਸਰ ਵਿੱਚ ਸ੍ਰੀ ਕੇ.ਐੱਸ. ਪੰਨੂੰ ਡਿਪਟੀ ਕਮਿਸ਼ਨਰ ਸਨ ਤਾਂ ਇੱਕ ਵਾਰੀ ਮਿਲਣ ਦਾ ਸਬੱਬ ਬਣਿਆ। ਕਹਿਣ ਲੱਗੇ, ਮੇਰੇ ਕੋਲ ਕੁਝ ਪੈਸੇ ਨੇ ਤੇ ਖਰਚ ਵੀ ਨਸ਼ਿਆਂ ਨੂੰ ਲੈ ਕੇ ਕਰਨੇ ਨੇ। ਮੈਨੂੰ ਕਿਹਾ, ਕੋਈ ਪ੍ਰੋਜੈਕਟ ਬਣਾਵਾਂ। ਨਸ਼ਿਆਂ ਨੂੰ ਲੈ ਕੇ ਮੇਰੀ ਇੱਕ ਸਮਝ ਹੈ ਕਿ ਨਸ਼ੇ ਸ਼ੁਰੂ ਕਰਨ ਦਾ ਇੱਕ ਪਹਿਲਾ ਪੜਾਅ ਹੁੰਦਾ ਹੈ, ਦੂਸਰਾ ਹੈ ਜਾਰੀ ਰੱਖਣਾ ਤੇ ਫਿਰ ਆਦੀ ਹੋ ਜਾਣ ਦਾ। ਸ਼ੁਰੂ ਕਰਨ ਦੀ ਉਮਰ ਹੈ ਕਿਸ਼ੋਰ ਅਵਸਥਾ, ਸਕੂਲੀ ਉਮਰ। ਮੈਂ ਪ੍ਰੋਜੈਕਟ ਬਣਾਇਆ ਕਿ ਸਕੂਲ ਪੱਧਰ ’ਤੇ ਹੀ ਉਨ੍ਹਾਂ ਨੂੰ ਸੁਚੇਤ ਕੀਤਾ ਜਾਵੇ ਜਾਂ ਛੇਤੀ ਪਛਾਣ ਕੀਤੀ ਜਾਵੇ ਤਾਂ ਜੋ ਸਮੱਸਿਆ ਸ਼ੁਰੂ ਹੀ ਨਾ ਹੋਵੇ ਜਾਂ ਛੇਤੀ ਫੜੀ ਜਾਵੇ ਤੇ ਅੱਗੇ ਨਾ ਵਧੇ। ਜਦੋਂ ਮੈਂ ਦੱਸਿਆ ਤਾਂ ਪੰਨੂੰ ਸਾਹਿਬ ਨੇ ਇਸਦੀ ਰੂਪ-ਰੇਖਾ ਪੁੱਛੀ। ਮੈਂ ਸਕੂਲਾਂ ਦੇ ਅਧਿਆਪਕਾਂ ਦੀ ਦੋ ਰੋਜ਼ਾ ਟਰੇਨਿੰਗ ਦਾ ਸੁਝਾਅ ਰੱਖਿਆ। ਅੱਠ ਸੌ ਅਧਿਆਪਕਾਂ ਨੇ ਇਸ ਵਿੱਚ ਹਿੱਸਾ ਲਿਆ ਤੇ ਟਰੇਨਿੰਗ ਮਗਰੋਂ ਉਨ੍ਹਾਂ ਨੂੰ ‘ਨਸ਼ੇ ਬਿਮਾਰ ਸਮਾਜ ਦਾ ਲੱਛਣ’ ਕਿਤਾਬ ਦਿੱਤੀ ਜਾਂਦੀ।
ਟ੍ਰੇਨਿੰਗ ਮੁਕਾ ਕਿਤਾਬ ਲੈ ਕੇ, ਚਾਹ ਪੀਂਦਿਆ ਦੋ ਅਧਿਆਪਕ ਗੱਲਾਂ ਕਰ ਰਹੇ ਸੀ, “ਯਾਰ, ਇਹ ਕਿਤਾਬ ਲੈ ਕੇ ਤਾਂ ਘਰੇ ਨਹੀਂ ਜਾਇਆ ਜਾ ਸਕਦਾ।”
ਦੂਸਰੇ ਨੇ ਕਿਹਾ, “ਕੋਈ ਗੱਲ ਨੀਂ, ਪੁੱਛਣਗੇ ਤਾਂ ਕਹਿ ਦਿਆਂਗੇ, ਅਸੀਂ ਕਿਹੜਾ ਖੁਸ਼ੀ ਨਾਲ ਪੀਂਦੇ ਹਾਂ, ਸਮਾਜ ਬਿਮਾਰ ਹੈ, ਉਸ ਕਰਕੇ ਪੀਂਦੇ ਹਾਂ। ਸਮਾਜ ਠੀਕ ਹੋ ਜਾਵੇਗਾ ਤਾਂ ਬੰਦ ਕਰ ਦਿਆਂਗੇ।”
ਇਨ੍ਹਾਂ ਅਧਿਆਪਕਾਂ ਤੋਂ ਕਿਸ ਤਰ੍ਹਾਂ ਦੀ ਆਸ ਕਰਦੇ ਹਾਂ?
ਜਦੋਂ ਟਰੇਨਿੰਗ ਦੀ ਸ਼ੁਰੂਆਤ ਕਰਨੀ ਸੀ ਤਾਂ ਰੂਪ-ਰੇਖਾ ਤਿਆਰ ਕਰਦਿਆਂ ਡੀ.ਸੀ. ਸਾਹਿਬ ਨੇ ਕਿਹਾ, “ਨਸ਼ਿਆਂ ’ਤੇ ਗੱਲ ਕਰਦੇ ਸਮੇਂ, ਹੀਰੋਇਨ, ਸਮੈਕ ਆਦਿ ’ਤੇ ਗੱਲ ਕਰਨਾ, ਸ਼ਰਾਬ ਬਾਰੇ ਗੱਲ ਨਾ ਕਰਿਉ।” ਉਨ੍ਹਾਂ ਨੇ ਵਾਜਬ ਕਾਰਨ ਵੀ ਦੱਸਿਆ ਕਿ ਉਹ ਆਪ ਹੁਣੇ-ਹੁਣੇ ਹੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕਰਵਾ ਕੇ ਆਏ ਨੇ। ਤਾਜ਼ਾ-ਤਾਜ਼ਾ ਹੀ ਅਖਬਾਰਾਂ ਵਿੱਚ ਛਪਿਆ ਹੈ ਸਭ। ਸਰਕਾਰ ਦੀ ਆਮਦਨ ਦਾ ਇੱਕ ਵੱਡੀ ਜ਼ਰੀਆ ਹੈ ਸ਼ਰਾਬ। ਖੈਰ, ਜਦੋਂ ਨਸ਼ਿਆਂ ਦੀਆਂ ਕਿਸਮਾਂ ਦੀ ਗੱਲ ਚਲਦੀ ਤਾਂ ਸ਼ਰਾਬ ਬਾਰੇ ਜ਼ਿਕਰ ਹੋ ਹੀ ਜਾਣਾ ਸੀ। ਨਾਲੇ ਮੇਰੀ ਇੱਕ ਛੋਟੀ ਜਿਹੀ ਕਿਤਾਬ ਹੈ, ‘ਸ਼ਰਾਬ - ਨਸ਼ੇ ਦੀ ਪਹਿਲੀ ਪੌੜੀ।’
ਨਸ਼ਿਆਂ ਨੂੰ ਲੈ ਕੇ ਲਿਖੀ ਕਿਤਾਬ ਪਹਿਲੀ ਵਾਰੀ 1990 ਵਿੱਚ ਛਪੀ ਸੀ। ਫਿਰ ਇਸ ਪ੍ਰੋਜੈਕਟ ਤਹਿਤ ਤੇ ਬਾਅਦ ਵਿੱਚ ਰੈੱਡ ਕਰਾਸ ਨੇ ਛਾਪੀ, ਤਰਕਸ਼ੀਲ ਸੁਸਾਇਟੀ ਪੰਜਾਬ ਨੇ ਵੀ। ਇਹ ਕਿਤਾਬ ਪਿੰਗਲਵਾੜੇ ਦੇ ਹੱਥ ਲੱਗੀ ਤਾਂ ਉਨ੍ਹਾਂ ਨੇ ਵੀ ਛਾਪੀ ਤੇ ਆਪਣੇ ਸਮਾਗਮਾਂ ਵਿੱਚ ਤੇ ਵੈਸੇ ਵੀ ਮੁਫਤ ਕਿਤਾਬਾਂ ਦੇ ਸਟਾਲ ਲਾ ਕੇ ਵੱਡੀ ਪੱਧਰ ’ਤੇ ਵੰਡੀ। ਕਹਿਣ ਤੋਂ ਭਾਵ ਕਿਤਾਬ ਨੇ ਆਪਣੀ ਥਾਂ ਜਾਗਰੂਕਤਾ ਫੈਲਾਈ। ਹੋਰ ਸੰਸਥਾਵਾਂ ਵੀ ਹਨ, ਸਰਕਾਰ ਦਾ ਸਿਹਤ ਜਾਗਰੂਕਤਾ ਵਿੰਗ ਵੀ ਲੱਗਿਆ ਹੋਇਆ ਹੈ। ਪਰ ਚਿੱਟੇ ਦੀ ਸਰਦਾਰੀ ਹੈ। ਚਿੱਟਾ ਜੋ ਕਿ ਸ਼ੁੱਧਤਾ ਦਾ ਪ੍ਰਤੀਕ ਹੈ, ਸ਼ਾਂਤੀ ਦਾ ਵੀ। ਇਸ ਲਈ ਸਾਡੇ ਨੇਤਾ, ਚਾਹੇ ਰਾਜਨੀਤਿਕ ਤੇ ਚਾਹੇ ਧਾਰਮਿਕ ਸਫੇਦ ਕੱਪੜਾ ਪਹਿਨਣ ਨੂੰ ਤਰਜੀਹ ਦਿੰਦੇ ਹਨ। ਪਰ ਚਿੱਟੇ ਦਾ ਕਾਲਾ ਦੌਰ ਸਮੇਂ ’ਤੇ ਭਾਰੂ ਹੈ। ਹਰ ਖੇਤਰ ਵਿੱਚ ਹੀ।
ਵਿਡੰਬਣਾ ਹੈ ਕਿ ਨੌਜਵਾਨੀ ਦਾ ਸਮਾਂ, ਉਸਾਰੂ ਸਮਾਂ ਹੈ ਤੇ ਉਨ੍ਹਾਂ ਵਿੱਚ ਜਾ ਕੇ ਨਸ਼ਿਆਂ ਬਾਰੇ ਗੱਲਾਂ ਕਰਨੀਆਂ ਪੈਂਦੀਆਂ ਹਨ, ਜਦੋਂ ਕਿ ਉਨ੍ਹਾਂ ਦੇ ਸੁਪਨੇ ਜਾਣੇ ਜਾਣ ਅਤੇ ਉਨ੍ਹਾਂ ਨਾਲ ਸੁਪਨਿਆਂ ਦਾ ਰਾਹ ਲੱਭਣ ਦੀ ਗੱਲ ਹੋਵੇ। ਕੋਈ ਸਾਰਥਕ ਅਤੇ ਉਸਾਰੂ ਸੰਵਾਦ।
ਜਿਸ ਦਿਨ ਨਸ਼ਾ ਛਡਾਉ ਕੇਂਦਰ ਦਾ ਉਦਘਾਟਨ ਸੀ, ਉਸ ਕੌਂਸਲ ਦਾ ਚੇਅਰਮੈਨ ਡਿਪਟੀ ਕਮਿਸ਼ਨਰ, ਕੁਝ ਮੈਂਬਰ ਪੁਲਿਸ ਤੋਂ ਸੀ, ਕੁਝ ਮੈਡੀਕਲ ਕਾਲਜ ਤੋਂ ਤੇ ਕਨਵੀਨਰ ਮਨੋਰੋਗ ਵਿਭਾਗ ਦੇ ਮੁਖੀ। ਸਵੈ ਸੇਵੀ ਸੰਸਥਾਵਾਂ ਦੇ ਪ੍ਰਧਾਨ ਵੀ ਮੈਂਬਰ ਸੀ। ਇਸ ਕੌਂਸਿਲ ਦਾ ਮੈਂ ਵੀ ਮੈਂਬਰ ਸੀ। ਸ਼ਾਇਦ ਪੰਨੂੰ ਸਾਹਿਬ ਨਾਲ ਨਸ਼ਿਆਂ ਨੂੰ ਲੈ ਕੇ ਪ੍ਰੋਜੈਕਟ ਸਦਕਾ ਸੀ, ਵਰਨਾ ਸਾਡੇ ਵਿਭਾਗ ਲਈ ਥਾਂ ਨਹੀਂ ਸੀ।
ਜਿਸ ਤਰ੍ਹਾਂ ਹੁੰਦਾ ਹੈ, ਮਨੋਰੋਗ ਵਿਭਾਗ ਵਿੱਚ ਪਹਿਲੋਂ ਹੀ ਦਾਖਲ ਨਸ਼ਈ ਨੌਜਵਾਨਾਂ ਨੂੰ ਨਵੀਂ ਇਮਾਰਤ ਵਿੱਚ ਲਿਆਇਆ ਗਿਆ। ਉਦਘਾਟਨ ਦੇ ਸਟੇਜੀ ਪ੍ਰੋਗਰਾਮ ਤੋਂ ਬਾਅਦ ਡੀ. ਸੀ., ਐੱਸ.ਐੱਸ.ਪੀ., ਪ੍ਰਿੰਸੀਪਲ, ਮਨੋਰੋਗ ਵਿਭਾਗ ਦੇ ਮੁਖੀ ਵਾਰਡ ਦਾ ਗੇੜਾ ਲਗਾਉਣ ਗਏ। ਐੱਸ.ਐੱਸ.ਪੀ. ਅਤੇ ਡੀ.ਸੀ. ਅੱਗੇ ਅੱਗੇ ਹੋ ਕੇ ਮਰੀਜ਼ਾਂ ਦਾ ਹਾਲ ਪੁੱਛਦੇ। ਸਬੱਬੀਂ ਇੱਕ ਸਵਾਲ ਇਹ ਪੁੱਛਿਆ ਗਿਆ, “ਕਿੱਥੋਂ ਲੈਂਦੇ ਹੋ ਨਸ਼ਾ?” ਇੱਕ ਨੌਜਵਾਨ ਬੜੇ ਗੁੱਸੇ ਵਿੱਚ ਸੀ ਸ਼ਾਇਦ। ਇੱਕੋ ਦਮ ਭੜਕਿਆ, “ਦੱਸਾਂ, ਕਿੱਥੋਂ ਮਿਲਦਾ ਹੈ? ਤੁਹਾਨੂੰ ਨਹੀਂ ਪਤਾ? ਫਿਰ ਮਹਿਕਮਾ ਕੀ ਕਰਦਾ ਹੈ? ਮੈਂ ਦਸਾਂ? ਕਰੋਗੇ ਕਾਰਵਾਈ? ਫੜੋਗੇ ਉਸ ਨੂੰ? ਜਾਣਦਾ ਮੈਂ ਸਭ ਕੁਝ। ਤੁਸੀਂ ਫੜਨ ਦਾ ਜੋ ਡਰਾਮਾ ਕਰਦੇ ਹੋ। ਥਾਣੇ ਤਕ ਨਹੀਂ ਪਹੁੰਚਦਾ ਉਹ, ਤੁਹਾਡੇ ਥਾਣੇ ਪਹੁੰਚਣ ਤੋਂ ਪਹਿਲਾਂ ਉਹ ਘਰੇ ਪਹੁੰਚ ਜਾਂਦਾ ਹੈ।”
ਸਾਰੇ ਹੱਕੇ ਬੱਕੇ ਰਹਿ ਗਏ। ਮੇਰੇ ਵਾਸਤੇ ਨਵੀਂ ਗੱਲ ਸੀ। ਡੀ.ਸੀ., ਐੱਸ.ਐੱਸ ਪੀ. ਲਈ ਤਾਂ ਰੋਜ਼ਮਰ੍ਹਾ ਦੀ ਗੱਲ ਹੋਵੇਗੀ। ਉਸ ਨੂੰ ਸ਼ਾਂਤ ਕੀਤਾ ਗਿਆ। ਮੰਨ ਲਿਆ ਹੋਵੇਗਾ ਕਿ ਨਸ਼ੇ ਦੀ ਤੋੜ ਲੱਗ ਰਹੀ ਹੋਵੇਗੀ, ਤਾਂ ਹੀ ਬਹਿਕੀਆਂ-ਬਹਿਕੀਆਂ ਗੱਲਾਂ ਕਰਦਾ ਹੈ। ਕੋਈ ਗੱਲ ਨਹੀਂ।
‘ਕੋਈ ਗੱਲ ਨਹੀਂ!’ ਇਹੀ ਲਹਿਜ਼ਾ ਹੈ ਜੋ ਸਮੱਸਿਆ ਨੂੰ ਹੱਲ ਕਰਨ ਵੱਲ ਸੰਜੀਦਾ ਕਦਮ ਪੁੱਟਣ ਤੋਂ ਰੋਕਦਾ ਹੈ ਜਾਂ ਜਾਇਜ਼ ਤਰੀਕਾ ਨਹੀਂ ਅਪਣਾਉਣ ਦਿੰਦਾ। ਜਦੋਂ ਕਿ ਨੌਜਵਾਨਾਂ ਦੀਆਂ ਗੱਲਾਂ ਸੰਜੀਦਗੀ ਦੀ ਮੰਗ ਕਰਦੀਆਂ ਹਨ।
ਇੱਕ ਵਾਰੀ ਅੰਮ੍ਰਿਤਸਰ ਜੇਲ੍ਹ ਵਿੱਚ ਨਸ਼ਿਆਂ ਦੇ ਕੇਸ ਵਿੱਚ ਫੜੇ। ਨਸ਼ਈ ਕੈਦੀਆਂ ਨੂੰ ਸਮਝਾਉਣ ਲਈ ਮੈਨੂੰ ਇੱਕ ਸੰਸਥਾ ਲੈ ਗਈ। ਇਹ ਸਾਰੇ ਉਹ ਹਨ ਜੋ ਪੰਜ ਕੁ ਗ੍ਰਾਮ ਤਕ ਸਮੈਕ ਜਾਂ ਹੀਰੋਇਨ ਨਾਲ ਫੜੇ ਗਏ ਸਨ। ਹੁਣ ਕਾਨੂੰਨ ਹੈ ਕਿ ਜੇਕਰ ਕੋਈ ਸ਼ਖਸ ਨਸ਼ੇ ਨਾਲ ਫੜਿਆ ਜਾਵੇ ਤਾਂ ਸਜ਼ਾ ਮਿਲੇਗੀ। ਪਰ ਅਖਬਾਰ ਵਿੱਚ ਖਬਰਾਂ ਛਪਦੀਆਂ ਹਨ, ਕਿਲੋਆਂ ਦੇ ਰੂਪ ਵਿੱਚ ਨਸ਼ਾ ਫੜਿਆ ਗਿਆ। ਉਹ ਸ਼ਖਸ ਕਿਹੜੀ ਜੇਲ੍ਹ ਵਿੱਚ ਹਨ? ਕੋਈ ਵੱਖਰੀ, ਵੱਡੀ ਜਾਂ ਜ਼ਿਆਦਾ ਸਹੂਲਤਾਂ ਵਾਲੀ ਜੇਲ੍ਹ ਹੈ। ਇੱਕ ਕਿਲੋ ਹੀਰੋਇਨ ਅੱਠ ਕਰੋੜ ਦੀ ਵਿਕਦੀ ਹੈ ਜੋ ਕਿ ਅਫਗਾਨਿਸਤਾਨ ਤੋਂ ਕੁਝ ਲੱਖ ਵਿੱਚ ਤੁਰਦੀ ਹੈ। ਪੰਜ ਦਸ ਕਿਲੋ ਫੜੀ ਜਾਂਦੀ ਹੈ। ਤੁਹਾਨੂੰ ਇੱਕ ਗੱਲ ਦਾ ਸ਼ਾਇਦ ਪਤਾ ਨਾ ਹੋਵੇ, ਹਰ ਰੋਜ਼ ਸਿਰਫ ਸਾਡੇ ਮੂਲਕ ਵਿੱਚ ਇੱਕ ਹਜ਼ਾਰ ਕਿਲੋ ਸਮੈਕ ਇਸਤੇਮਾਲ ਹੁੰਦੀ ਹੈ ਤੇ ਪੂਰੀ ਦੁਨੀਆਂ ਵਿੱਚ ਵਰਤੀ ਜਾਂਦੀ ਸਾਰੀ ਸਮੈਕ ਤੇ ਹੀਰੋਇਨ, ਸਾਡੇ ਮੁਲਕ ਦੇ ਰਸਤੇ ਤੋਂ ਹੋ ਕੇ ਜਾਂਦੀ ਹੈ।
ਵੱਡੀ ਸਮੱਸਿਆ ਹੈ, ਵੱਡੀ ਤੋਂ ਮਤਲਬ ਇਹ ਨਹੀਂ ਕਿ ਹੱਲ ਨਹੀਂ ਹੋ ਸਕਦੀ। ਬਹੁਪਰਤੀ ਅਤੇ ਬਹੁਪੱਖੀ ਸਮੱਸਿਆ ਹੈ। ਦੇਖਦੇ ਹਾਂ ਕਿ ਸਿਆਸਤ ਤੋਂ ਸ਼ਹਿ ਮਿਲਦੀ ਹੈ। ਸਿਆਸਤ ਨੇ ਨੀਤੀ ਵੀ ਬਣਾਉਣੀ ਹੁੰਦੀ ਹੈ ਤੇ ਕਾਨੂੰਨ ਵੀ। ਨਸ਼ੇ ਦਾ ਸਿੱਧਾ ਰਿਸ਼ਤਾ ਮੁਨਾਫੇ ਨਾਲ ਹੈ, ਬੇਇੰਤਹਾ ਮੁਨਾਫਾ। ਨਸ਼ਾ ਆਦੀ ਬਣਾਉਂਦਾ। ਗੁਲਾਮ ਹੋਇਆ ਵਿਅਕਤੀ ਹਰ ਤਰ੍ਹਾਂ ਦਾ ਮੁੱਲ ਤਾਰਨ ਲਈ ਤਿਆਰ ਹੋ ਜਾਂਦਾ ਹੈ। ਨਸ਼ੇ ਲਈ ਜੁਰਮ ਵੀ ਕਰਦਾ ਹੈ ਤੇ ਨਸ਼ਾ ਲੈ ਕੇ ਜੁਰਮ ਕਰਨ ਤੋਂ ਝਿਜਕਦਾ ਵੀ ਨਹੀਂ ਹੈ। ਸਿਆਸਤ ਨੂੰ ਦੋਵੇਂ ਪੱਖ ਹੀ ਸੂਤ ਬੈਠਦੇ ਹਨ। ਮੁਨਾਫਾ ਵੀ, ਜੁਰਮ ਕਰਨ ਦੀ ਪ੍ਰਵਿਰਤੀ ਵੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3936)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)