ShyamSDeepti7ਦਵਾਈ ਕੰਪਨੀਆਂ ਦਾ ਗਲਬਾ ਹੁਣ ਕਿਸੇ ਇਕ ਦੇਸ਼ ਤਕ ਸੀਮਿਤ ਨਹੀਂ ਹੈ। ਇਹ ਹੁਣ ...
(12 ਨਵੰਬਰ 2021)

 

ਦਵਾਈਆਂ ਦਾ ਵਿਸ਼ਵ ਬਾਜ਼ਾਰ ਹਥਿਆਰਾਂ ਦੇ ਬਾਜ਼ਾਰ ਤੋਂ ਬਾਅਦ ਦੂਸਰੇ ਨੰਬਰ ’ਤੇ ਮੁਨਾਫੇ ਵਾਲਾ ਹੈ। ਦਵਾਈਆਂ ਵੀ ਇਕ ਹਥਿਆਰ ਨੇ ਜੋ ਬਿਮਾਰੀਆਂ ਨਾਲ ਲੜਣ ਲਈ ਇਕ ਸੁਖਾਵੀਂ ਸਥਿਤੀ ਪੈਦਾ ਕਰਦੇ ਹਨ। ਇਸ ਤਰ੍ਹਾਂ ਹਥਿਆਰਾਂ ਦੀ ਸਮਝ ਤਹਿਤ, ਜਿਸ ਤਰ੍ਹਾਂ ਜੰਗ ਦੇ ਹਥਿਆਰ ਬਨਾਉਣ ਵਾਲੇ ਦੇਸ਼/ਸਰਮਾਏਦਾਰ ਕਾਰੋਬਾਰੀ ਚਾਹੁੰਦੇ ਹਨ ਕਿ ਦੁਨੀਆ ਵਿਚ ਕਿਤੇ ਨਾ ਕਿਤੇ ਜੰਗ ਲੱਗੀ ਰਹੇ, ਉਸੇ ਤਰ੍ਹਾਂ ਦਵਾਈਆਂ ਦੇ ਕਾਰੋਬਾਰੀ ਵੀ ਚਾਹੁੰਦੇ ਹਨ, ਬਿਮਾਰੀਆਂ ਚਲਦੀਆਂ ਰਹਿਣ ਤੇ ਬਣੀਆਂ ਰਹਿਣ। ਇਹ ਸਰਮਾਏਦਾਰੀ ਸੋਚ ਹੈ, ਜਿਸਦੇ ਤਹਿਤ ਨਵੇਂ ਬਾਜ਼ਾਰ ਲੱਭੇ ਜਾਂਦੇ ਹਨ ਜਾਂ ਪੈਦਾ ਕੀਤੇ ਜਾਂਦੇ ਹਨ, ਚਾਹੇ ਉਹ ਕੋਈ ਵੀ ਸਮਾਨ ਬਨਾਉਣ, ਸਾਬਣ, ਸੈਂਪੂ ਤੋਂ ਲੈ ਕੇ ਦਵਾਈਆਂ ਤਕ।

ਹਥਿਆਰਾਂ ਵਾਲੇ ਸ਼ਾਂਤੀ ਸਮੇਂ ਵੀ ਹਥਿਆਰ ਖਰੀਦਣ ਦੀ ਗੱਲ ਕਰਦੇ ਹਨ। ਇਹ ਸਮਝ ਜਾਂ ਨਾਅਰਾ ਸਰਮਾਏਦਾਰੀ ਬਾਜ਼ਾਰ ਵਿੱਚੋਂ ਹੀ ਨਿਕਲਿਆ ਜਾਪਦਾ ਹੈ ਕਿ ਜੇਕਰ ਤੁਸੀਂ ਅਮਨ ਨਾਲ ਰਹਿਣਾ ਚਾਹੁੰਦੇ ਹੋ ਤਾਂ ਜੰਗ ਲਈ ਤਿਆਰ ਰਹੋ। ਆਪਣੇ ਸਿਰ ਥੱਲੇ ਪਿਸਤੌਲ ਰੱਖ ਕੇ ਸੌਂਵੋਂ। ਇਹ ਆਪਾ ਵਿਰੋਧੀ ਮਤ ਹੈ। ਇਸੇ ਸੋਚ ਦਾ ਪ੍ਰਗਟਾਵਾ ਹੀ ਦਵਾਈ ਕੰਪਨੀਆਂ ਦਾ ਰਾਹ ਦਸੇਰਾ ਹੈ ਕਿ ਜੇਕਰ ਦਵਾਈਆਂ ਦੇ ਲੜ ਲੱਗੇ ਰਹੋਗੇ ਤਾਂ ਬਿਮਾਰ ਨਹੀਂ ਹੋਵੇਗੇ। ਮੈਡੀਕਲ ਵਿਗਿਆਨ ਵਿਚ ਹੁਣ ਕੁਝ ਬਿਮਾਰੀਆਂ ਨੂੰ ਲੈ ਕੇ ਇਹ ਮੱਦ ਜੁੜ ਗਈ ਹੈ ਕਿ ਚਾਲੀ ਸਾਲ ਤੋਂ ਬਾਅਦ ਆਪਣਾ ਨਿਯਮਤ ਚੈੱਕਅੱਪ ਕਰਵਾਓ ਤੇ ਬਿਮਾਰੀ ਨੂੰ ਛੇਤੀ ਫੜ ਕੇ ਨਿਯਮਿਤ ਦਵਾਈ ਖਾਉ।

ਹਥਿਆਰ ਵੀ ਆਤਮ ਰੱਖਿਆ ਦੀ ਦੁਹਾਈ ਦਿੰਦੇ ਹਨ ਤੇ ਜਾਂ ਕਿਸੇ ਹੋਰ ਤੇ ਜ਼ਿਆਦਤੀ ਹੋ ਰਹੀ ਹੋਵੇ ਤਾਂ ਉਦੋਂ ਵਰਤਣ ਲਈ ਹੈ। ਹਥਿਆਰਾਂ ਵਾਂਗ ਹੁਣ ਦਵਾਈਆਂ ਵੀ ਆਤਮ ਰੱਖਿਆ ਲਈ ਹਨ, ਇਹ ਵਰਤਾਰਾ ਸ਼ੁਰੂ ਹੋ ਗਿਆ ਹੈ। ਬਿਮਾਰੀ ਤੋਂ ਪਹਿਲਾਂ ਦਵਾਈ, ਵੈਕਸੀਨ ਦਾ ਕੰਮ ਉਹੀ ਹੀ ਹੈ।

ਦਵਾਈਆਂ ਦੇ ਖੋਜ ਦੇ ਇਤਿਹਾਸ ਵਿਚ ਜਾਈਏ ਤਾਂ ਇਕ ਗੱਲ ਸਪਸ਼ਟ ਹੈ ਕਿ ਇਹ ਜ਼ਿੰਦਗੀ ਵਿੱਚੋਂ ਦਰਦ, ਤਕਲੀਫ਼ ਦੂਰ ਕਰਨ ਦਾ ਜ਼ਰੀਆ ਹਨ। ਦਰਦ - ਮੈਡੀਕਲ ਵਿਗਿਆਨ ਵਿਚ ਫਾਇਦੇਮੰਦ ਲੱਛਣ ਮੰਨਿਆ ਜਾਂਦਾ ਹੈ, ਜਦੋਂ ਕੋਈ ਇਸ ਤੋਂ ਰਾਹਤ ਲਈ ਹੱਥ ਪੈਰ ਮਾਰਦਾ ਹੈ ਤੇ ਸਰਗਰਮ ਹੋ ਕੇ ਕੋਈ ਰਾਹ ਲੱਭਦਾ ਹੈ। ਮਨੁੱਖ ਦੇ ਮੁੱਢਲੇ ਵਿਕਾਸ ਦਾ ਕੇਂਦਰ ‘ਤੀਰ-ਤੁੱਕਾ’ ਰਿਹਾ ਹੈ। ਫਿਰ ਉਸ ਨੰ ਦੁਹਰਾਇਆ ਗਿਆ ਤੇ ਅਪਣਾਇਆ ਗਿਆ । ਅਜਿਹੇ ਲਾਭਕਾਰੀ ਟੋਟਕੇ ਅੱਜ ਵੀ ਇਕ ਦੂਸਰੇ ਦੀ ਜ਼ੁਬਾਨੀ ਜਾਰੀ ਹਨ। ਦਰਦ, ਜ਼ਖਮ ਬਿਮਾਰੀ ਦਾ ਇਕ ਹੋਰ ਪਹਿਲੂ ਵਿਚਾਰਨਯੋਗ ਹੈ ਕਿ ਮਨੁੱਖੀ ਸਰੀਰ ਵਿਚ, ਸਵੈ-ਮੁਰੰਮਤ ਜਾਂ ਆਪਣੇ ਆਪ ਠੀਕ ਹੋਣ ਦਾ ਗੁਣ ਹੈ। ਇਹ ਪ੍ਰਣਾਲੀ ਹੈ, ਸੁਰੱਖਿਆ ਪ੍ਰਣਾਲੀ ਜੋ ਬਿਮਾਰੀ ਹੋਣ ਤੋਂ ਰੋਕਦੀ ਵੀ ਹੈ ਤੇ ਬਿਮਾਰ ਹੋਣ ’ਤੇ ਖੁਦ ਠੀਕ ਵੀ ਕਰ ਦਿੰਦੀ ਹੈ।

ਪਰ ਜਿਉਂ-ਜਿਉਂ ਬਿਮਾਰੀ ਅਤੇ ਸਿਹਤ ਵਿਗਿਆਨ, ਵਿਗਿਆਨੀਆਂ ਦੇ ਹੱਥੋਂ, ਸਰਮਾਏਦਾਰਾਂ, ਕਾਰੋਬਾਰੀਆਂ ਦੇ ਨਾਲ ਜੁੜਿਆ ਤਾਂ ਇਸ ਦਾ ਰੂਪ ਬਦਲਣਾ ਸ਼ੁਰੂ ਹੋ ਗਿਆ।

ਭਾਰਤੀ ਪਰੰਪਰਾ ਦੀ ਪ੍ਰਣਾਲੀ ਆਯੁਰਵੇਦ, ਜਿਸ ਦਾ ਅਰਥ ਜੀਵਨ ਦਾ ਵਿਗਿਆਨ ਹੈ, ਉਹ ਬਿਮਾਰੀ ਨੂੰ ਘੱਟ ਤਵਜੋ ਦੇਂਦੀ ਹੈ, ਬਚਾਅ ਨੂੰ ਵੱਧ। ਪਰ ਉਸ ਪਰੰਪਰਾ ਨੂੰ ਦੇਵੀ ਦੇਵਤਿਆਂ ਨਾਲ ਜੋੜ ਕੇ, ਜਜ਼ਬਾਤੀ ਬਣਾ ਕੇ ਰੱਖਿਆ ਅਤੇ ਵਿਦੇਸ਼ੀ ਦਵਾ ਪ੍ਰਣਾਲੀ, ਅੰਗ੍ਰੇਜ਼ ਲਿਆਏ ਜੋ ਵਿਗਿਆਨਕ ਲੀਹਾਂ ’ਤੇ ਉਸਾਰੀ ਅਤੇ ਲਗਾਤਾਰ ਖੋਜ ਰਾਹੀਂ ਵਿਕਸਿਤ ਹੋਈ, ਭਾਰਤੀ ਪਰੰਪਰਾ ਨੂੰ ਇਕ ਪਾਸੇ ਧੱਕ ਦਿੱਤਾ ਅਤੇ ਅੱਜ ਪੂਰੀ ਦੁਨੀਆ ਇਸ ਦੀ ਜਕੜ ਵਿਚ ਹੈ ਕਿ ਖੋਜ ਅਤੇ ਬਾਜ਼ਾਰ ਦੇ ਨਾਂ ’ਤੇ ਇਸ ਦਾ ਦਬਦਬਾ ਹੈ। ਤੁਸੀਂ ਦੇਖੋ ਕਿ ਸਿਹਤ ਅਤੇ ਮੈਡੀਸਨ ਦੇ ਭਾਰਤੀ ਦੇਵਤਾ ‘ਧਨਵੰਤਰੀ’ ਨੂੰ ਧਨਤੇਰਸ ਵਿਚ ਬਦਲ ਕੇ ਸੋਨਾ ਜਾਂ ਅਜਿਹੇ ਹੋਰ ਧਾਤੂ ਦੀ ਖਰੀਦਦਾਰੀ ਨਾਲ ਜੋੜ ਲਿਆ ਤੇ ਸਿਹਤ ਬਾਰੇ ਵਿਚਾਰ ਚਰਚਾ ਨੂੰ ਵੀ ਅਸੀਂ ਖੁਦ ਕਿਨਾਰੇ ਕਰ ਲਿਆ

ਸਵਾਲ ਸੀ, ਜ਼ਿੰਦਗੀ ਵਿੱਚੋਂ ਤਕਲੀਫ਼ ਨੂੰ ਖਤਮ ਕਰਨ ਦਾ, ਨਾ ਕਿ ਇਸ ਦਰਦ ਨੂੰ ਲਮਕਾ ਕੇ ਫਾਇਦਾ ਲੈਣ ਦਾ। ਫਾਇਦਾ ਸਰਮਾਏਦਾਰੀ ਦਾ ਮੂਲ ਮੰਤਰ ਹੈ। ਉਸ ਨੂੰ ਦਰਦ-ਤਕਲੀਫ ਪਰੇਸ਼ਾਨ ਨਹੀਂ ਕਰਦੇ ਕਿਉਂਕਿ ਇਸ ਦੇ ਜ਼ਰੀਏ ਹੀ ਉਸ ਨੇ ਧਨਾਢ ਹੋਣਾ ਹੈ। ਇਕ ਘਟਨਾ ਹੈ ਕਿ ਦਵਾਈ ਕੰਪਨੀ ਦਾ ਏਜੰਟ ਇਕ ਡਾਕਟਰ ਨੂੰ ਆਪਣੀ ਦਵਾਈ ਲਿਖਣ ਦੀ ਗੁਜਾਰਿਸ਼ ਕਰ ਰਿਹਾ ਹੈ। ਡਾਕਟਰ ਕਹਿੰਦਾ ਹੈ, ਇਹ ਦਵਾ ਲਿਖੀ ਜਾ ਰਹੀ ਹੈ, ਕਾਫ਼ੀ ਮਕਬੂਲ ਹੈ। ਏਜੰਟ ਕਹਿੰਦਾ ਹੈ, ‘ਥੋੜ੍ਹੀ ਹੋਰ ਵਧਾਉ, ਕੰਪਨੀ ਨੇ ਦਸ ਫੀਸਦੀ ਟਾਰਗੈਟ ਹੋਰ ਵਧਾ ਦਿੱਤਾ ਹੈ। ਇਹ ਟਾਰਗੈੱਟ (ਨਿਸ਼ਾਨਾ, ਉਦੇਸ਼) ਵਾਲੀ ਸੋਚ, ਬਿਨਾਂ ਲੋੜ ਤੋਂ ਦਵਾ ਲਿਖਣੀ ਜਾਂ ਲੋੜ ਪੈਦਾ ਕਰਨੀ। ਦੁਨੀਆਂ ਵਿਚ ਸਭ ਤੋਂ ਵੱਧ ਵਿਕਣ ਵਾਲੀ ਦਵਾਈ ‘ਐਂਟੀਏਸਿਡ’ ਹੈ, ਤੇਜ਼ਾਬ ਪੈਦਾ ਨਾ ਹੋਣ ਦੇਣ ਵਾਲੀ। ਡਾਕਟਰ ਸਮਝਦਾ ਹੈ ਕਿ ਸਾਰੀਆਂ ਦਵਾਈਆਂ ਹੀ ਤੇਜ਼ਾਬ ਪੈਦਾ ਕਰਦੀਆਂ ਹਨ, ਇਸ ਲਈ ਇਹ ਲਿਖਣੇ ਵਿਚ ਕੋਈ ਹਰਜ ਨਹੀਂ। ਦੂਸਰੀ ਹੈ ਬੀ ਕੰਪਲੈਕਸ, ਭਾਵ ਤਾਕਤ ਦੀ ਦਵਾਈ।

ਇੱਥੇ ਫਿਰ ਇਕ ਪ੍ਰਕ੍ਰਿਆ ਸ਼ੁਰੂ ਹੁੰਦੀ ਹੈ, ਜੋ ਸਰਮਾਏਦਾਰ ਡਾਕਟਰ ਨੂੰ ਦਵਾ-ਲਿਖਣ ਦਾ ਹਿੱਸੇਦਾਰ ਬਨਾਉਣਾ ਹੈ। ਉਹ ਡਾਕਟਰਾਂ ਨੂੰ ਤੋਹਫੇ ਦਿੰਦਾ ਹੈ, ਵਿਦੇਸ਼ਾਂ ਦੀ ਸੈਰ ਕਰਵਾਉਂਦਾ ਹੈ, ਕਾਨਫਰੰਸਾਂ ਲਈ ਮਦਦ ਕਰਦਾ ਹੈ ਜਾਂ ਕਿਤੇ ਕਿਤੇ ਸਿੱਧਾ ਕਮਿਸ਼ਨ ਵੀ। ਸਾਡੇ ਇਕ ਪ੍ਰੋਫੈਸਰ ਪੰਜ ਦਹਾਕੇ ਪਹਿਲਾਂ ਗੱਲ ਸੁਣਾਉਂਦੇ ਸੀ। “ਜੇਕਰ ਡਾਕਟਰ ਇਕ ਦਵਾ ਲਿਖਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਡਾਕਟਰ ਨੇ ਬਿਮਾਰੀ ਫੜ ਲਈ ਹੈ। ਜੇਕਰ ਦੋ ਦਵਾਈਆਂ ਲਿਖਦਾ ਹੈ ਤਾਂ ਅਜੇ ਉਸ ਨੂੰ ਪੂਰਾ ਯਕੀਨ ਨਹੀਂ ਹੈ। ਜੇਕਰ ਤਿੰਨ ਲਿਖੇ ਤਾਂ ਸਮਝੋ ਉਹ ਭੰਬਲਭੂਸੇ ਵਿਚ ਹੈ ਤੇ ਇਸ ਤੋਂ ਵੱਧ ਲਿਖੇ ਤਾਂ ਪੱਕਾ ਦਵਾ ਕੰਪਨੀ ਦਾ ਏਜੰਟ ਹੈ।”

ਦਵਾਈ ਦਾ ਰਿਸ਼ਤਾ ਬਿਮਾਰੀ ਨਾਲ ਹੈ, ਸਿਹਤ ਕਾਇਮ ਰੱਖਣ ਨਾਲ ਹੈ ਤੇ ਨਾਲ ਹੀ ਬਾਜ਼ਾਰ ਨਾਲ ਵੀ। ਜਦੋਂ ਸਰਕਾਰਾਂ ਲੋਕਾਂ ਨੂੰ ਆਪਣੇ ਹਾਲ ’ਤੇ ਛੱਡ ਦੇਣ, ਦਵਾਈ ਆਪ ਪੈਸਾ ਖਰਚ ਕੇ ਬਾਜ਼ਾਰੋਂ ਮਿਲਦੀ ਹੈ। ਇਸ ਦਾ ਇਕ ਹੋਰ ਪਾਸਾ ਹੈ ਕਿ ਬਿਮਾਰੀਆਂ ਵੱਧ ਅਤੇ ਵਾਰ ਵਾਰ ਕਿਸ ਨੂੰ ਹੁੰਦੀਆਂ ਹਨ। ਨਿਸ਼ਚਿਤ ਹੀ ਜਿਸ ਦੀ ਸੁਰਖਿਆ ਪ੍ਰਣਾਲੀ ਕਮਜ਼ੋਰ ਹੈ। ਜਿਸ ਕੋਲ ਖਾਣ ਲਈ ਲੋੜੀਂਦੀ ਪੌਸ਼ਟਿਕ ਖੁਰਾਕ ਨਹੀਂ ਹੈ, ਕਹਿ ਲਵੋ ਗਰੀਬ ਲੋਕ।

ਇੱਥੇ ਹੀ ਇਕ ਹੋਰ ਪਹਿਲੂ ਵਿਚਾਰ ਕਰਨ ਵਾਲਾ ਹੈ ਕਿ ਅਜੋਕੇ ਸਮੇਂ ਵਿਚ ਸਾਫ਼ ਸਪਸ਼ਟ ਅਮੀਰ-ਗਰੀਬ ਦੀਆਂ ਬਿਮਾਰੀਆਂ ਦੀ ਸੂਚੀ ਹੈ। ਭਾਵੇਂ ਰਾਜਨੀਤੀਵਾਨ ਕਹਿੰਦੇ ਹਨ ਕਿ ਬਿਮਾਰੀ ਅਮੀਰ ਗਰੀਬ ਨਹੀਂ ਦੇਖਦੀ, ਪਰ ਡਾਕਟਰੀ ਇਲਾਜ ਤਾਂ ਜੇਬ ਦੇਖਦਾ ਹੀ ਹੈ। ਫਿਰ ਵੀ ਟੀ.ਬੀ. ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਬਹੁਤਾਤ ਵਿਚ ਗਰੀਬਾਂ ਨੂੰ ਹੁੰਦੀਆਂ ਹਨ ਤੇ ਮੋਟਾਪਾ, ਸ਼ੁਗਰ ਰੋਗ, ਦਿਲ ਦੀਆਂ ਬਿਮਾਰੀਆਂ ਦਾ ਜ਼ਿਆਦਾ ਹਮਲਾ ਰੱਜੇ ਪੁੱਜੇ ਲੋਕਾਂ ’ਤੇ ਹੁੰਦਾ ਹੈ। ਇਹ ਗੱਲ ਉਭਾਰਨ ਦਾ ਮਤਲਬ ਇਹ ਹੈ ਕਿ ਵਿਉਪਾਰੀ ਕਾਰੋਬਾਰੀ, ਕਾਰਪੋਰੇਟ, ਦਵਾਈ ਕੰਪਨੀਆਂ, ਬਾਜ਼ਾਰ ਦੇ ਮੁਤਾਬਕ ਚੀਜ਼ਾਂ ਬਣਾਉਂਦੇ ਅਤੇ ਖੋਜ ਕਰਵਾਉਂਦੇ ਹਨ। ਪਿਛਲੇ ਕਈ ਸਾਲਾਂ ਦੇ ਖੋਜ ਕਾਰਜਾਂ ’ਤੇ ਨਜ਼ਰ ਮਾਰ ਕੇ ਦੇਖੋ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਲੈ ਕੇ ਖੋਜ਼ ਹਮੇਸ਼ਾ ਚਲਦੀ ਰਹਿੰਦੀ ਹੈ। ਹਰ ਦੋ ਤਿੰਨ ਸਾਲਾਂ ਬਾਅਦ ਕੋਈ ਨਾ ਕੋਈ ਨਵੀਂ ਦਵਾ ਆ ਜਾਂਦੀ ਹੈ ਜਦੋਂ ਕਿ ਟੀ.ਬੀ. ਅਤੇ ਮਲੇਰੀਆ ਨੂੰ ਲੈ ਕੇ ਸਾਲਾਂ ਬੱਧੀ ਖੋਜ ਨਹੀਂ ਹੁੰਦੀ। ਇਹ ਤੱਥ ਹੈ ਕਿ ਖੋਜ ਲਈ ਨਿਸ਼ਚਿਤ 90 ਫੀਸਦੀ ਪੈਸਾ ਅਮੀਰਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਚਾਹੀਦੇ ਇਲਾਜ ’ਤੇ ਵਰਤਿਆ ਜਾਂਦਾ ਹੈ।

ਬਾਜ਼ਾਰ ਦੇ ਮੱਦੇਨਜ਼ਰ ਇਕ ਹੋਰ ਪਹਿਲੂ ਕਿ ਕਿਸੇ ਵੀ ਬਿਮਾਰੀ ਲਈ ਦਵਾਈ ਦਿੱਤੀ ਜਾਵੇ ਤੇ ਫਿਰ ਉਸ ਦਵਾਈ ਦੇ ਫਾਇਦੇ ਦੇ ਨਾਲ ਕੋਈ ਬੁਰਾ ਅਸਰ ਵੀ ਨਜ਼ਰ ਆਵੇ ਤਾਂ ਡਾਕਟਰ ਉਸ ਦੇ ਬਾਰੇ ਪ੍ਰਭਾਵ ਨੂੰ ਘੱਟ ਕਰਨ ਲਈ ਇਕ ਹੋਰ ਦਵਾਈ ਜੋੜ ਦਿੰਦਾ ਹੈ, ਜਿਵੇਂ ਤੇਜ਼ਾਬ ਲਈ ਗੋਲੀ। ਤੇ ਇਹ ਸਿਲਸਿਲਾ ਚਲਦਾ ਰਹਿੰਦਾ ਹੈ। ਜਦੋਂ ਕਿ ਖੋਜ ਮੁੱਢਲੀ ਦਵਾਈ ’ਤੇ ਹੋਣੀ ਚਾਹੀਦੀ ਹੈ। ਉਹ ਦਵਾਈ ਫਿਰ ਤੋਂ ਵਿਚਾਰੀ ਜਾਵੇ ਕਿ ਦਵਾਈ ਦਾ ਬੁਰਾ ਪ੍ਰਭਾਵ ਹੋਵੇ ਹੀ ਨਾ ਜਾਂ ਤਕਲੀਫ਼ ਦੇਣ ਵਾਲਾ ਬੁਰਾ ਅਸਰ ਨਾ ਹੋਵੇ।

ਉਂਜ ਵੀ ਮਰੀਜ਼ ਨੂੰ ਦਵਾਈ ਦਿੱਤੀ ਜਾਂਦੀ ਹੈ, ਬਹੁਤੀ ਵਾਰ ਲੱਛਣਾਂ ’ਤੇ ਅਧਾਰਿਤ। ਲੋੜ ਹੁੰਦੀ ਹੈ ਕਿ ਤਕਲੀਫ਼ ਦੇ ਰਹੇ ਲੱਛਣ ਤੋਂ ਰਾਹਤ ਮਿਲੇ। ਪਰ ਕਦੇ ਡਾਕਟਰ ਉਸ ਦੀ ਜੜ੍ਹ ਵੱਲ ਨਹੀਂ ਜਾਂਦੇ ਕਿ ਇਹ ਹਾਲਤ ਜੋ ਹੁਣ ਬਣੀ ਹੈ ਫਿਰ ਤੋਂ ਨਾ ਬਣੇ। ਭਵਿੱਖ ਵਿਚ ਅਜਿਹੀ ਹਾਲਤ ਪੈਦਾ ਨਾ ਹੋਵੇ।

ਦਵਾਈ ਕੰਪਨੀਆਂ ਦਾ ਗਲਬਾ ਹੁਣ ਕਿਸੇ ਇਕ ਦੇਸ਼ ਤਕ ਸੀਮਿਤ ਨਹੀਂ ਹੈ। ਇਹ ਹੁਣ ਵਿਸ਼ਵ ਸਿਹਤ ਸੰਸਥਾ ਦੇ ਜ਼ਰੀਏ ਸਾਰੇ ਵਿਸ਼ਵ ’ਤੇ ਹੈ। ਤੁਸੀਂ ਅੰਦਾਜ਼ਾ ਲਗਾਉ ਕਿ ਬਲੱਡ ਸ਼ੂਗਰ ਦੀ ਬਿਮਾਰੀ ਦੀ ਸੀਮਾ ਜੋ ਕਦੇ 120 ਸੀ ਹੁਣ 105 ਹੈ। ਇਸੇ ਤਰ੍ਹਾਂ ਕੋਲੈਸਟਰੋਲ ਨੂੰ ਲੈ ਕੇ 200-250 ਕਾਫੀ ਸਮਾਂ ਰਹੀ ਸੀਮਾ ਹੁਣ 150-200 ਹੈ। ਇਹ ਸੀਮਾ ਤੈਅ ਕੌਣ ਕਰਦਾ ਹੈ, ਇਸ ਵਿਚ ਨਾ ਜਾਂਦੇ ਹੋਏ, ਭਾਵੇਂ ਕਿ ਮਾਹਿਰਾਂ ਦੀ ਕਮੇਟੀ ਹੁੰਦੀ ਹੈ, ਪਰ ਅੰਦਾਜ਼ਾ ਲਾਉ ਕਿਸੇ ਵੀ ਸੀਮਾ ਨੂੰ 5-10 ਘੱਟ ਕਰਨ ਨਾਲ ਰਾਤੀਂ ਚੈਨ ਨਾਲ ਸੁੱਤੇ ਲੋਕ ਸਵੇਰੇ ਸ਼ੂਗਰ ਦੇ ਮਰੀਜ਼ ਬਣ ਕੇ ਉੱਠਦੇ ਹਨ ਤੇ ਦਵਾ ਕੰਪਨੀਆਂ ਨੁੰ ਬਣਿਆ ਬਣਾਇਆ ਬਾਜ਼ਾਰ ਮਿਲ ਜਾਂਦਾ ਹੈ।

ਇਹ ਮਾਡਲ ਹੈ, ਜਿੱਥੇ ਬਾਜ਼ਾਰ ਕਿੰਨੀ ਹੀ ਫ਼ਿਕਰਮੰਦੀ ਜ਼ਾਹਿਰ ਕਰਦਾ ਹੈ। ਦਵਾ ਕੰਪਨੀ ਮੈਨਕਾਇੰਡ (ਨਾ ਦੇਖੋ ਲੋਕਾਂ ਦੀ ਭਲਾਈ) ਤੇ ਦੇਸ਼ ਦਾ ਮਸ਼ਹੂਰ ਅਭਿਨੇਤਾ, ਲੋਕਾਂ ਦਾ ਮੈਂਟਰ ਇਸ਼ਤਿਹਾਰ ਦੇਂਦਾ ਹੈ ਕਿ ਤੁਹਾਡੀ ਸੇਵਾ ਵਿਚ ਲੱਗੀ ਹੈ ਇਹ, ਡਾਕਟਰ ਮਿਹਨਤ ਕਰਕੇ ਤੁਹਾਡੀ ਬਿਮਾਰੀ ਲੱਭਦਾ ਹੈ ਸ਼ੁਗਰ ਜਾਂ ਬੀ.ਪੀ., ਫਿਰ ਇਕ ਪਰਚੀ ’ਤੇ ਦਵਾ ਲਿਖਦਾ ਹੈ। ਤੇ ਤੁਸੀਂ ਉਸ ਨੂੰ ਸੰਜੀਦਗੀ ਨਾਲ ਨਹੀਂ ਲੈਂਦੇ। ਡਾਕਟਰ ਜੋ ਲਿਖਦਾ ਹੈ, ਉਹ ਲਵੋ, ਤੇ ਜਦੋਂ ਤਕ ਕਹਿੰਦਾ ਹੈ, ਦਵਾਈ ਲਵੋ। ਇਹ ਸਰਮਾਏਦਾਰੀ ਦਾ ਧੋਖਾ ਦੇਉ ਚਿਹਰਾ ਹੈ। ਉਨ੍ਹਾਂ ਨੂੰ ਫ਼ਿਕਰ ਹੀ ਮੁਨਾਫੇ ਦਾ ਹੈ, ਉਨ੍ਹਾਂ ਨੇ ਇਸ ਅਭਿਨੇਤਾ ਨੂੰ ਘੱਟੋ ਘੱਟ ਇਕ ਕਰੋੜ ਦੇ ਕਰੀਬ ਦਿੱਤਾ ਹੋਵੇਗਾ।

ਖੈਰ! ਅਸੀਂ ਵੀ ਸੁਚੇਤ ਨਹੀਂ ਹਾਂ ਜਾਂ ਸਾਨੂੰ ਸੁਚੇਤ ਕੀਤਾ ਨਹੀਂ ਹੈ, ਤੇ ਨਾਲ ਹੈ ਮਰੀਜ਼ ਨੂੰ ਜੋ ਡਾਕਟਰ ’ਤੇ ਵਿਸ਼ਵਾਸ ਹੈ, ਉਹ ਵੀ ਇਸ ਸਥਿਤੀ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਅਸੀਂ ਸਵਾਲ ਹੀ ਨਹੀਂ ਕਰਦੇ, ਨਾਲੇ ਡਾਕਟਰ ਵੀ ਉਸ ਮਾਨਸਿਕਤਾ ਵਾਲੇ ਨਹੀਂ ਕਿ ਹੱਸ ਕੇ ਜਵਾਬ ਦੇਣ ਤੇ ਸਮਝਾਉਣ। ਕਾਰੋਬਾਰੀ ਨੂੰ ਤਾਂ ਇਹ ਮਾਫ਼ਿਕ ਹੀ ਨਹੀਂ ਆਉਂਦਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3140)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author