“ਵੈਸੇ ਭਟਕਣਾ ਜ਼ਿੰਦਗੀ ਦਾ ਹਿੱਸਾ ਹੈ, ਜਨਮ ਤੋਂ ਹੀ। ਨਾਲੇ ਇਹ ਵੀ ਕਿ ਭਟਕੇ ਬਿਨਾਂ ਗਿਆਨ ਹਾਸਿਲ ਨਹੀਂ ਹੋ ਸਕਦਾ ...”
(27 ਮਾਰਚ 2024)
ਇਸ ਸਮੇਂ ਪਾਠਕ: 345.
ਖਿਲਰਨਾ, ਖਿਲਾਰਾ ਪੈਣਾ, ਇਸਦੇ ਉਲਟ ਹੈ, ਵਿਰੋਧੀ ਭਾਵ ਵਾਲਾ ਵੀ ਕਹਿ ਸਕਦੇ ਹਾਂ, ਸੁੰਗੜਨਾ, ਸਿਮਟਣਾ, ਸੀਮਤ ਹੋਣਾ, ਸਮੇਟਣਾ। ਮੈਂ ਕਈ ਵਾਰ ਸੋਚਿਆ ਹੈ ਕਿ ਖੁਦ ਨੂੰ ਸਮੇਟਾਂ। ਇਸ ਸਮੇਟਣ ਤੋਂ ਕੀ ਮਤਲਬ ਹੈ। ਇਹ ਠੀਕ ਹੈ ਕਿ ਮੇਰੀ ਮੇਜ਼ ’ਤੇ ਖਿਲਾਰਾ ਹੈ। ਸਮੇਟਾਂ ਕਿ ਉਨ੍ਹਾਂ ਨੂੰ ਜਚਾ ਕੇ ਰੱਖਾਂ, ਚੀਜ਼ਾਂ ਲੱਭਣੀਆਂ ਆਸਾਨ ਹੋ ਜਾਣ। ਫਿਰ ਖਿਆਲ ਆਉਂਦਾ ਹੈ, ਉਹ ਮਿੰਨੀ ਕਹਾਣੀ ਜਿਸਦਾ ਨਾਂ ਹੈ ‘ਸਵਰਗ-ਨਰਕ’, ਜਿਸ ਵਿੱਚ ਭਾਵ ਹੈ ਕਿ ਜਿੱਥੇ ਕੰਮ ਹੈ, ਉੱਥੇ ਹੀ ਸਵਰਗ ਹੈ। ਜਿੱਥੇ ਵਿਹਲ ਹੈ, ਕੰਮ ਨਹੀਂ ਹੈ, ਹੱਥ ’ਤੇ ਹੱਥ ਧਰ ਕੇ ਬੈਠੇ ਹਾਂ, ਉਹ ਨਰਕ ਹੈ। ਮਨੁੱਖ ਦੀ ਸਾਰੀ ਸਿਰਜਣਾ ਪਿੱਛੇ ਹੱਥ ਦਾ ਵੱਡਾ ਯੋਗਦਾਨ ਹੈ। ਹੱਥਾਂ ਤੋਂ ਕੰਮ ਨਾ ਲੈਣਾ, ਨਕਾਰਾਤਮਕ ਪੱਖ ਹੈ ਮਨੁੱਖ ਦਾ। ਜਦੋਂ ਅਸੀਂ ਹੱਥ ਤੋਂ ਕੰਮ ਨਹੀਂ ਲੈਂਦੇ, ਦਿਮਾਗ ਵੀ ਕੰਮ ਕਰਨੋਂ ਹਟ ਜਾਂਦਾ ਹੈ। ਦਿਮਾਗ ਤੋਂ ਸਿਰਫ ਸੋਚਣ ਦਾ ਕੰਮ ਲੈਣਾ ਤੇ ਕੁਝ ਵੀ ਸਾਰਥਕ ਕਾਰਜ ਨਾ ਕਰਨਾ ਵਿਅਕਤੀ ਨੂੰ ਤਾਂ ਬਰਬਾਦ ਕਰਦਾ ਹੀ ਹੈ, ਤੇ ਅੰਦਾਜ਼ਾ ਲਗਾਉ ਅਜਿਹੇ ਬੰਦਿਆਂ ਨਾਲ ਜੇਕਰ ਸਮਾਜ ਭਰਿਆ ਹੋਵੇ ਤਾਂ ਫਿਰ ਸਮਾਜ ਦੀ ਤਬਾਹੀ ਦੀ ਉਡੀਕ ਨਹੀਂ ਹੁੰਦੀ, ਉਹ ਤਬਾਹ ਹੀ ਹੁੰਦਾ ਹੈ।
ਗੱਲ ਸੀ, ਕਈ ਵਾਰ ਦਿਲ ਕੀਤਾ ਹੈ ਕਿ ਸਮੇਟਾਂ ਖੁਦ ਨੂੰ। ਕਵਿਤਾ ਹੀ ਲਿਖਿਆ ਕਰਾਂ। ਕਵਿਤਾ ਅਨੰਦਿਤ ਕਰਦੀ ਹੈ। ਪਹਿਲਾਂ ਤਾਂ ਖੁਦ ਤੋਂ ਸ਼ੁਰੂਆਤ ਕਰਨ ਦੀ ਲੋੜ ਹੈ। ਫਿਰ ਧਿਆਨ ਆਉਂਦਾ ਹੈ, ਮਿਨੀ ਕਹਾਣੀ ਦੇ ਸਫਰ ਵਿੱਚ, ਉਸ ਵਿਧਾ ਨੂੰ ਸਮਝਣ ਵਿੱਚ, ਪੇਸ਼ ਕਰਨ ਵਿੱਚ ਜੋ ਸਮਾਂ ’ਤੇ ਊਰਜਾ ਲੱਗੀ ਹੈ, ਹੁਣ ਉਸ ਤੋਂ ਪੱਲਾ ਛੁਡਾ ਹੀ ਨਹੀਂ ਸਕਦਾ। ਕਦੇ ਕਦੇ ਨਾਟਕ ਵੀ ਲਿਖਣ ਦਾ ਮਨ ਕਰਦਾ ਹੈ। ਉਹ ਖੇਡਿਆ ਜਾਂਦਾ ਹੈ ਇਸ ਲਈ। ਮਤਲਬ ਹੈ ਗੱਲ ਵਧ ਤੋਂ ਵੱਧ ਲੋਕਾਂ ਤਕ ਪਹੁੰਚੇ। ਇਹ ਉਦੇਸ਼ ਤਾਂ ਹੈ ਪਰ ਕੀ ਸਾਹਿਤ ਦੀਆਂ ਹੋਰ ਵਿਧਾਵਾਂ ਦੀ ਪਹੁੰਚ ਘੱਟ ਹੈ? ਪਾਠਕ ਥੋੜ੍ਹੇ ਹੁੰਦੇ ਹਨ ਤੇ ਦਰਸ਼ਕ ਵੱਧ। ਤਮਾਸ਼ਬੀਨ ਕਹਿ ਲਉ। ਨਾਟਕ ਜਾਂ ਪਹਿਲਾਂ ਨੌਟੰਕੀ ਹੁੰਦੀ ਸੀ, ਤਮਾਸ਼ਾ ਹੀ ਕਹਿੰਦੇ ਸੀ। ਫਿਲਮਾਂ ਨੂੰ ਵੀ ਤਮਾਸ਼ਾ ਕਿਹਾ ਜਾਂਦਾ ਸੀ।
ਫਿਰ ਕੀ ਲੇਖ, ਕਾਲਮ ਜੋ ਅਖਬਾਰਾਂ ਵਿੱਚ ਛਪਦੇ ਨੇ ਤੇ ਇਹ ਅਖਬਾਰਾਂ ਹਜ਼ਾਰਾਂ ਦੀ ਗਿਣਤੀ ਵਿੱਚ ਤੇ ਕਈ ਤਾਂ ਲੱਖਾਂ ਦੀ ਗਿਣਤੀ ਵਿੱਚ ਛਪਦੀਆਂ ਹਨ। ਗਿਣਤੀ ਇੱਕ ਪੱਖ ਹੈ ਪਰ ਅਖਬਾਰਾਂ ਦੇ ਸੰਜੀਦਾ ਪਾਠਕ ਕਿੰਨੇ ਕੁ ਹਨ? ਇਹ ਸਵਾਲ ਹੈ। ਨਾਲੇ ਹੁਣ ਸਰਮਾਏਦਾਰੀ ਦੇ ਹੱਥਾਂ ਵਿੱਚ ਅਖਬਾਰ। ਅਖਬਾਰ ਵਿੱਚ ਖਬਰਾਂ ਘੱਟ ਹੁੰਦੀਆਂ ਹਨ ਤੇ ਇਸ਼ਤਿਹਾਰ ਵੱਧ। ਕਈ ਵਾਰੀ ਇਸ਼ਤਿਹਾਰਾਂ ਵਿੱਚੋਂ ਖਬਰ ਲੱਭਣੀ ਪੈਂਦੀ ਹੈ। ਜਦੋਂ ਕਿ ਉਹ ਖਬਰ ਰਾਤੀਂ ਟੀ.ਵੀ. ਤੋਂ ਸੁਣ-ਦੇਖ ਚੁੱਕੇ ਹੁੰਦੇ ਹਾਂ। ਅਖਬਾਰ ਦਾ ਸੰਪਾਦਕੀ ਪੰਨਾ ਕਿੰਨੇ ਕੁ ਲੋਕ ਪੜ੍ਹਦੇ ਨੇ? ਇਸ ਬਾਰੇ ਸਰਵੇਖਣ ਕਰੋਗੇ ਤਾਂ ਨਿਰਾਸ਼ਾ ਹੱਥ ਲੱਗੇਗੀ।
ਮੈਂ ਅਕਸਰ ਦੇਖਦਾ ਹਾਂ ਜੋ ਕੁਝ ਸੰਪਾਦਕੀ ਪੰਨੇ ’ਤੇ ਛਪਿਆ ਹੁੰਦਾ ਹੈ। ਸਬੱਬੀਂ ਕਿਸੇ ਸਾਹਿਤਕ ਦੋਸਤ ਨਾਲ ਗੱਲ ਹੋ ਰਹੀ ਤੇ ਮੈਂ ਪੁੱਛ ਬੈਠਿਆ ਕਿ ਮੇਰਾ ਆਰਟੀਕਲ ਪੜ੍ਹਿਆ? ਜਵਾਬ ਹੈਰਾਨ ਕਰਨ ਵਾਲਾ ਸੀ। ਸਾਹਿਤਕ ਦੋਸਤ ਕਹਿੰਦਾ ਕਿ ਉਹ ਤਾਂ ਸਿਰਫ ਐਤਵਾਰ ਦੀ ਅਖ਼ਬਾਰ ਖਰੀਦਦਾ ਹੈ, ਉਹ ਵੀ ਸਾਹਿਤਕ ਰਚਨਾਵਾਂ ਕਰਕੇ।
ਮੇਰੇ ਮੈਡੀਕਲ ਦੋਸਤਾਂ ਦੇ ਘਰ ਪੰਜਾਬੀ ਦੀ ਅਖਬਾਰ ਆਉਂਦੀ ਹੀ ਨਹੀਂ। ਮੇਰੇ ਇੱਕ ਦੋਸਤ ਦੀ ਨੂੰਹ, ਵਿਆਹ ਕੇ ਲਿਆਂਦੀ ਕੁੜੀ ਐੱਮ.ਏ., ਪੰਜਾਬੀ ਪੜ੍ਹ ਕੇ ਆਈ। ਘਰ ਵਿੱਚ ਹਿੰਦੀ ਦੀ ਅਖ਼ਬਾਰ ਹੀ ਆਉਂਦੀ ਹੈ। ਪਤੀ-ਪਤਨੀ, ਸੱਸ-ਸਹੁਰਾ ਕੇਂਦਰ ਸਰਕਾਰ ਦੀ ਨੌਕਰੀ ਕਰਦੇ ਨੇ, ਜਿੱਥੇ ਕੰਮ ਹਿੰਦੀ ਵਿੱਚ ਕਰਨ ਦੀ ਮਜਬੂਰੀ ਹੈ। ਦੋਵੇਂ ਪੰਜਾਬੀ ਨੇ ਪਰ ਅਖ਼ਬਾਰ ਹਿੰਦੀ ਦੀ ਪੜ੍ਹਦੇ ਨੇ। ਕੁਝ ਦਿਨ ਸੋਚਿਆ, ਨੂੰਹ ਪੰਜਾਬੀ ਦੀ ਐੱਮ.ਏ. ਹੈ, ਇੱਕ ਅਖ਼ਬਾਰ ਪੰਜਾਬੀ ਦੀ ਵੀ ਲਗਵਾ ਲੈਣ। ਉਹ ਵੀ ਭਾਰੀ ਪੈਣ ਲੱਗੀ ਤੇ ਕੁਝ ਦਿਨਾਂ ਵਿੱਚ ਪੰਜਾਬੀ ਦੀ ਅਖ਼ਬਾਰ ਬੰਦ ਹੋ ਗਈ। ਚਲੋ, ਜੇਕਰ ਕਹਾਂ ਕਿ ਉਹਨਾਂ ਨੂੰ ਪੰਜਾਬੀ ਆਉਂਦੀ ਸੀ ਤਾਂ ਹਿੰਦੀ ਨੂੰਹ ਨੂੰ ਵੀ ਆਉਂਦੀ ਸੀ। ਫੈਸਲਾ ਲੈਣ ਵਾਲੀ ਸੱਸ ਸੀ। ਉਸ ਨੇ ਅਖ਼ਬਾਰ ਪੜ੍ਹਨੀ ਸੀ, ਖਬਰਾਂ ਪੜ੍ਹਨੀਆਂ ਸੀ ਤੇ ਸਵੇਰੇ ਆਪਣੇ ਸਟਾਫ ਨਾਲ ਵਿਦਵਤਾ ਦਾ ਪ੍ਰਗਟਾਵਾ ਕਰਨਾ ਸੀ ਕਿ ਉਸ ਨੂੰ ਦੇਸ਼ ਬਾਰੇ ਸਭ ਪਤਾ ਹੈ। ਜਦੋਂ ਕਿ ਖ਼ਬਰਾਂ ਬਾਰੇ ਦੇਸ਼ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਕੁਝ ਵੀ ਸਮਝ ਨਹੀਂ ਹੁੰਦੀ - ਜਦੋਂ ਤਕ ਖ਼ਬਰਾਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾਂਦਾ ਤੇ ਉਹ ਵੀ ਖੁਦ ਆਪਣੇ-ਆਪ। ਅਖ਼ਬਾਰ ਵਿੱਚ ਛਪੇ ਲੇਖਕਾਂ ਦੀ ਰਾਏ, ਲੇਖਕਾਂ ਦੇ ਨਜ਼ਰੀਏ ਨਾਲ ਸਹਿਮਤੀ ਹੋਵੋ ਨਾ ਹੋਵੋ ਪਰ ਇਸ ਨਾਲ ਦੇਸ਼ ਦੇ ਬੁੱਧੀਜੀਵੀਆਂ ਦੇ ਨਜ਼ਰੀਏ ਦਾ ਤਾਂ ਪਤਾ ਲਗਦਾ ਹੈ। ਵੈਸੇ ਜੇਕਰ ਕੋਈ ਸਮਰੱਥ ਹੈ ਤਾਂ ਦੋ ਤਿੰਨ ਅਖਬਾਰਾਂ ਦੇ ਸੰਪਾਦਕੀ ਪੰਨੇ ਪੜ੍ਹਨੇ ਚਾਹੀਦੇ ਹਨ ਤਾਂ ਕਿ ਇੱਕ ਵਿਆਪਕ ਨਜ਼ਰੀਆ ਬਣ ਸਕੇ। ਇਹ ਸ਼ਹਿਰ ਦੀ ਜਾਂ ਮੁਹੱਲੇ ਵਿੱਚ ਉਚੇਚੇ ਤੌਰ ’ਤੇ ਲਾਇਬਰੇਰੀ ਰਾਹੀਂ ਸੰਭਵ ਹੋ ਸਕਦਾ ਹੈ। ਹਰੇਕ ਘਰ ਤੋਂ ਇਹ ਆਸ ਰੱਖਣੀ ਸੰਭਵ ਨਹੀਂ ਹੈ। ਲਾਇਬਰੇਰੀਆਂ ਦਾ ‘ਕਲਰਕ’ ਕਿੱਥੇ ਹੈ?
ਹੁਣ ਜੇਕਰ ਅਜਿਹੀ ਸੋਚ ਹੋਵੇਗੀ, ਸੋਚ ਦਾ ਫੈਲਾਅ ਹੋਵੇਗਾ ਤਾਂ ਕਿਵੇਂ ਸਮੇਟਿਆ ਜਾਵੇਗਾ? ਕਈ ਵਾਰ ਸੋਚਿਆ ਕਿ ਅਖ਼ਬਾਰਾਂ ਵਿੱਚ ਲਿਖਣਾ ਬੰਦ ਕਰਾਂ ਤੇ ਕੁਝ ਸਾਹਿਤਕ ਲਿਖਿਆ ਕਰਾਂ, ਕਹਾਣੀ, ਮਿੰਨੀ ਕਹਾਣੀ, ਕਵਿਤਾ, ਨਾਟਕ। ਬਾਲ-ਸਾਹਿਤ ਲਿਖਣ ਦਾ ਮਨ ਵੀ ਕਰਦਾ ਹੈ। ਹੁਣ ਕਿਤੋਂ ਨਾ ਕਿਤੋਂ ਫਰਮਾਇਸ਼ ਆ ਜਾਂਦੀ ਹੈ। ਮੈਨੂੰ ਨਵਾਂ ਜ਼ਮਾਨਾ ਤੋਂ ਡਾ. ਅਟਵਾਲ ਦੀ ਪੇਸ਼ਕਸ਼ ਆਈ ਕਿ ਐਤਵਾਰਤਾ ਲਈ ਕੁਝ ਲਿਖੋ। ਸੰਪਾਦਕੀ ਪੰਨੇ ’ਤੇ ਤਿੰਨ ਲੇਖਾਂ ਦੀ ਗੁੰਜਾਇਸ਼ ਹੈ। ਮੈਨੂੰ ਪੱਕਾ ਆਪਣੀ ਸਾਹਿਤਕ ਦਿੱਖ ਕਰਕੇ ਇਹ ਪੰਨਾ ਕਾਫ਼ੀ ਮਕਬੂਲ ਹੈ। ਮੈਂ ਕਾਲਮ ਸ਼ੁਰੂ ਕੀਤਾ ‘ਵਾਹ-ਵਾਸਤਾ।’ ਜੋ ਲਗਾਤਾਰ ਸਾਲ ਭਰ ਚੱਲਿਆ ਤੇ ਪਾਠਕਾਂ ਨੇ ਪਸੰਦ ਵੀ ਕੀਤਾ। ਮੈਂ ਕਈ ਦਿਨਾਂ ਤੋਂ ਕਾਲਮ ਦਾ ਆਪਣੇ ਜੀਵਨ ਦੇ ਸਿਆਸਤ ਨਾਲ ਸਿੱਧੇ-ਅਸਿੱਧੇ ਜੋੜ-ਮੇਲ ਦੀ ਲਿਖਣ ਬਾਰੇ ਮਨ ਬਣਾ ਰਿਹਾ ਸੀ। ਡਾ. ਅਟਵਾਲ ਨਾਲ ਗੱਲ ਕੀਤੀ ਤੇ ਕਾਲਮ ਦਾ ਨਾਂ ਨਿਕਲਿਆ ‘ਖਿੜਕੀ ਵਿੱਚੋਂ ਝਾਕਦੀ ਜ਼ਿੰਦਗੀ’ ਜੋ ਕਿ ਇੱਕ ਵਾਰੀ ਫਿਰ ਪਾਠਕਾਂ ਨੇ ਖੂਬ ਸਰਾਹਿਆ।
ਫਿਰ ਗੱਲ ਆਈ ਕਿ ਮੈਂ ਆਪਣੇ ਵਿਸ਼ੇ ਵੀ ਸੀਮਤ ਕਰਾਂ। ਇੱਕ ਦੋ ਹੀ। ਮੈਡੀਕਲ ਦਾ ਬੰਦਾ ਹਾਂ, ਸਿਹਤ ਨੂੰ ਲੈ ਕੇ ਬਹੁਤ ਕੁਝ ਹੈ ਲਿਖਣ ਨੂੰ। ਸਮਾਜ ਵਿਗਿਆਨ ਬਾਰੇ ਪੜ੍ਹਿਆ ਹੈ ਤਾਂ ਇਸ ਨੂੰ ਸਿਹਤ ਨਾਲ ਜੋੜ ਕੇ ਵੀ ਲਿਖ ਸਕਦਾ ਹਾਂ। ਮੇਰੀ ਦਿਲਚਸਪੀ ਮਨੋਵਿਗਿਆਨ ਵਿੱਚ ਰਹੀ ਹੈ, ਅਜੇ ਵੀ ਹੈ। ਉਸ ਨੂੰ ਅੱਗੋਂ ਬਾਲ-ਮਨੋਵਿਗਿਆਨ, ਔਰਤਾਂ ਅਤੇ ਬਜ਼ੁਰਗਾਂ ਦਾ ਮਨੋਵਿਗਿਆਨ, ਨੌਜਵਾਨ ਅਤੇ ਕਿਸ਼ੋਰ ਅਵਸਥਾ ਦਾ ਵਿਕਾਸ ਅਤੇ ਮਨੋਸਥਿਤੀ ਕਹਿਣ ਤੋਂ ਭਾਵ ਹੈ ਕਿ ਕੋਈ ਅੰਤ ਨਹੀਂ। ਹਰ ਵਿਸ਼ਾ ਹੀ ਵਿਸਥਾਰ ਦੀ ਮੰਗ ਕਰਦਾ ਹੈ।
ਇੱਕ ਵਾਰ ਸੋਚਿਆ ਕਿ ਨੌਜਵਾਨੀ ਕਾਫੀ ਭਟਕੀ ਹੋਈ ਹੈ। ਉਨ੍ਹਾਂ ’ਤੇ ਕੇਂਦਰਤ ਕਰਾਂ ਤੇ ਲਿਖਾਂ। ਪਰ ਉੱਥੇ ਕਿਹੜਾ ਵਿਸ਼ਾ ਛੋਟਾ ਹੈ, ਉਹਦੇ ਵੀ ਅਨੇਕ ਪਹਿਲੂ ਹਨ। ਨੌਜਵਾਨਾਂ ਦੀ ਪਰਵਰਿਸ਼, ਨੌਜਵਾਨਾਂ ਵਿੱਚ ਵਧ ਰਹੇ ਨਸ਼ੇ, ਨੌਜਵਨਾਂ ਦੀ ਖੁਦਕੁਸ਼ੀ, ਨੌਜਵਾਨਾਂ ਵਿੱਚ ਵਧ ਰਿਹਾ ਪ੍ਰਵਾਸ ਅਤੇ ਇਸ ਨਾਲ ਜੁੜੇ ਅਨੇਕਾਂ ਹੀ ਮਸਲੇ। ਕਿਸੇ ਇੱਕ ਵਿਸ਼ੇ ਨੂੰ ਫੜ ਲਈਏ ਤਾਂ ਉਸ ਦੀ ਤਹਿ ਵਿੱਚ ਗਏ ਬਗੈਰ ਮੈਨੂੰ ਖੁਦ ਨੂੰ ਤਸੱਲੀ ਨਹੀਂ ਹੁੰਦੀ। ‘ਨੌਜਵਾਨ ਅਤੇ ਸੈਕਸ ਸਮੱਸਿਆਵਾਂ’ ਵਿਸ਼ੇ ’ਤੇ ਲਿਖਣਾ ਸ਼ੁਰੂ ਕੀਤਾ ਤਾਂ ਤਰਕਸ਼ੀਲ ਮੈਗਜ਼ੀਨ ਵਿੱਚ ਇਹ ਕਾਲਮ ਲਗਭਗ ਦੋ ਸਾਲ ਚਲਦਾ ਰਿਹਾ। ਇਸੇ ਤਰ੍ਹਾਂ ‘ਕਿਵੇਂ ਵੱਖਰੇ ਹਾਂ ਅਸੀਂ ਜਾਨਵਰਾਂ ਤੋਂ’ ਇਹ ਕਾਲਮ ਦੋ ਸਾਲ ਤੋਂ ਵੱਧ ਸਮਾਂ ਛਪਦਾ ਰਿਹਾ।
ਪਰ ਰਾਜਨੀਤੀ ਨੂੰ ਲੈ ਕੇ ਲਿਖਣ ਦਾ ਮਨ ਹਮੇਸ਼ਾ ਰਿਹਾ ਹੈ। ਮੈਂ ਸਿਹਤ ਦਾ ਸੁਪਰ-ਸਪੈਸ਼ਲਿਸਟ ਤਾਂ ਨਹੀਂ ਪਰ ਸਪੈਸ਼ਲਿਸਟ ਜ਼ਰੂਰ ਹਾਂ। ਵਿਸ਼ਾ ਹੈ? ਨਾ ਦੱਸਾਂਗਾ ਤਾਂ ਤੁਸੀਂ ਫਿਰ ਪੁਛੋਗੇ ਉਹ ਕੀ? ਉਸ ਵਿੱਚ ਆਉਂਦਾ ਕੀ ਹੈ? ਇਸ ਲਈ ਸਿੱਧੇ ਸ਼ਬਦਾਂ ਵਿੱਚ ਕਹਿਣਾ, ਹੈਲਥ ਪੌਲੇਟਿਕਸ - ਸਿਹਤ ਰਾਜਨੀਤੀ, ਜਿਸਦਾ ਵਿਸਤਾਰ ਬਹੁਤ ਹੋ ਸਕਦਾ ਹੈ। ਮੁੱਕਦੀ ਗੱਲ, ਸਭ ਨੂੰ ਸਿਹਤਮੰਦ ਰੱਖਣਾ ਸਰਕਾਰਾਂ ਦਾ ਕੰਮ ਹੈ। ਸਰਕਾਰਾਂ ਨੇ ਵਿਵਸਥਾ ਕਰਨੀ ਹੈ, ਨੀਤੀਆਂ ਬਣਾਉਣੀਆਂ ਨੇ। ਹੁਣ ਇਸ ਸਮਝ ਅਨੁਸਾਰ ਸਿਹਤ ਨੂੰ ਵਿਚਾਰ ਕੇ ਦੇਖੋ। ਤੁਹਾਨੂੰ ਸੁਣਨ ਨੂੰ ਮਿਲੇਗਾ, ਸਿਹਤ ਤਾਂ ਨਿੱਜੀ ਮਸਲਾ ਹੈ, ਮੈਂ ਬਿਮਾਰ ਹਾਂ, ਮੈਂ ਠੀਕ ਖਾਂਦਾ ਨਹੀਂ, ਮੈਂ ਚੰਗਾ ਨਹੀਂ ਖਾਂਦਾ, ਮੈਂ ਬਾਹਰ ਗਲੀ ਵਿੱਚ ਮੰਜਾ ਡਾਅ ਕੇ ਸੌ ਜਾਂਦਾ ਹਾਂ। ਫੁੱਟਪਾਥ ’ਤੇ ਵੀ ਪਏ ਸੁੱਤੇ ਮਿਲ ਜਾਣਗੇ ਲੋਕ। ਸਰਕਾਰ ਕੀ ਕਰੇ? ਇਹਦਾ ਜਵਾਬ ਤੁਸੀਂ ਲੱਭੋ, ਘੋਖੋ, ਚਿੰਤਨ ਕਰੋ। ਇੱਕ ਗੱਲ ਹੋਰ ਵੀ ਇਸ ਸਮੇਂ ਅਹਿਮ ਹੈ ਕਿ ਜਥੇਬੰਦੀ ਦੀ ਆਪਣੀ ਅਹਿਮੀਅਤ ਹੈ। ਮਿਲਕੇ ਰਹਿਣਾ, ਇੱਕ ਦੂਜੇ ਦੀ ਮਦਦ ਕਰਨਾ, ਹੱਥ ਵਿੱਚ ਹੱਥ ਫੜਕੇ ਮਨੁੱਖੀ ਕੜੀ ਬਣਾਉਣਾ, ਇੱਕ ਜੁੱਟਤਾ ਦਰਸਾਉਂਦਾ ਹੈ ਜੋ ਕਿ ਮਨੁੱਖ ਦੇ ਹਿੱਸੇ ਆਇਆ ਹੈ। ਲੇਖਕ ਹਾਂ, ਡਾਕਟਰ ਹਾਂ, ਦੋਵੇਂ ਕੰਮ ਬੰਦ ਕਮਰੇ ਵਿੱਚ, ਇੱਕ ਕਲੀਨਿਕ ਵਿੱਚ ਹੋਣ ਵਾਲੇ ਹਨ। ਬਾਹਰ ਸੜਕ ’ਤੇ ਕਿਉਂ ਆਉਂਦਾ ਹਾਂ? ਨਾਅਰੇ, ਰੈਲੀਆਂ, ਜਲੂਸਾਂ ਵਿੱਚ ਹਿੱਸਾ ਕਿਸ ਲਈ?
ਪਰ ਇਹ ਵੀ ਮੈਨੂੰ ਖਿੱਚ ਪਾਉਂਦੇ ਰਹੇ ਹਨ। ਭਾਰਤ ਗਿਆਨ-ਵਿਗਿਆਨ ਸੰਪਤੀ ਤੋਂ ਸ਼ੁਰੂ ਹੋ ਕੇ, ਸਾਥੀ, ਅੰਮ੍ਰਿਤਸਰ ਸਾਇੰਟਿਫਿਕ ਅਵੇਅਰਨੈਂਸ, ਮਿੰਨੀ ਕਹਾਣੀ ਲੇਖਕ ਮੰਚ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕੈਡਮੀ, ਸੇਵ-ਐਜੂਕੇਸ਼ਨ ਤੇ ਪਿੰਡ ਬਚਾਉ ਪੰਜਾਬ ਬਚਾਉ। ਕਿੰਨੀਆਂ ਹੀ ਸੰਸਥਾਵਾਂ ਦਾ ਹਿੱਸਾ ਬਣਿਆ ਹੋਇਆ ਹਾਂ। ਉਨ੍ਹਾਂ ਨੂੰ ਵੀ ਸਮੇਟਣ ਦੀ ਲੋੜ ਹੈ, ਸੀਮਤ ਹੋਣ ਦੀ।
ਜਦੋਂ ਜਥੇਬੰਦੀ ਵਿੱਚ ਵਿਸ਼ਵਾਸ ਹੈ ਤਾਂ ਉੱਥੇ ਕੀ ਕਰਨਾ ਹੈ? ਨਾਅਰੇ, ਅੰਦੋਲਨ, ਮਤਲਬ ਲੋਕਾਂ ਨੂੰ ਸੁਚੇਤ ਕਰਨਾ, ਜਾਣਕਾਰੀ ਦੇਣੀ ਹੈ। ਭਾਵੇਂ ਕਿ ਅਖਬਾਰ ਦੇ ਕਾਲਮ, ਸਾਹਿਤ ਦੀਆਂ ਲਿਖਤਾਂ ਰਾਹੀਂ ਵੀ ਇਹ ਕੰਮ ਹੋ ਰਿਹਾ ਹੈ। ਇਸ ਸਿਲਸਿਲੇ ਵਿੱਚ ਆਪਣਾ ਮੈਗਜ਼ੀਨ ਸੰਪਾਦਨ ਕਰਨ ਦਾ ਵੀ ਮੌਕਾ ਮਿਲਿਆ ਹੈ। ਕਿੰਨੇ ਹੀ ਮੈਗਜ਼ੀਨਾਂ ਦੇ ਨਾਂ ਗਿਣ ਸਕਦਾਂ ਹਾਂ, ਜੋ ਕਿ ਸਬੱਬੀਂ ਹੀ ਮੇਰੇ ਹਿੱਸੇ ਆਏ ਹਨ।
ਹੁਣ ਤਕਰੀਬਨ ਤਿੰਨ ਸਾਲ ਹੋਏ ਇੱਕ ਮੈਗਜ਼ੀਨ ‘ਗੁਫ਼ਤਗੂ’ ਸ਼ੁਰੂ ਕੀਤਾ ਹੋਇਆ ਹੈ। ਇਹ ਆਮ ਲੋਕਾਂ ਨਾਲ ਗੁਫਤਗੂ ਹੈ। ਇਸ ਵਿੱਚ ਕੋਈ ਵੀ ਕਿਸੇ ਦੀ ਵੀ ਇੰਟਰਵਿਊ ਕਰਕੇ ਭੇਜ ਸਕਦਾ ਹੈ। ਇਸਦੇ ਤਹਿਤ ਕਾਲਮ ਹਨ। ਮੇਰੀ ਨਜ਼ਰ ਵਿੱਚ ‘ਸਵੈਕਥਨ’ ਵਿਸ਼ੇਸ਼ ਮੁਲਾਕਾਤ ਕਿਸੇ ਲੇਖਕ ਦੀ ਆਤਮਕਥਾ ਦਾ ਹਿੱਸਾ। ਇਸਦਾ ਇੱਕ ਖਾਸ ਕਾਲਮ ਹੈ ਜੋ ਕਿ ਉਨ੍ਹਾਂ ਸਖਸੀਅਤਾਂ ਨੂੰ ਲੈ ਕੇ ਲਿਖਿਆ ਜਾਂਦਾ ਹੈ ਜੋ ਇਸ ਦੁਨੀਆਂ ਵਿੱਚ ਨਹੀਂ ਹਨ। ਉਹ ਤਰੀਕਾ ਹੈ ਉਨ੍ਹਾਂ ਸ਼ਖਸੀਅਤਾਂ ਦੇ ਵਿਚਾਰਾਂ ’ਤੇ ਅਧਾਰਤ ਆਪ ਹੀ ਸਵਾਲ ਪੁੱਛਣਾ ਤੇ ਆਪ ਹੀ ਜਵਾਬ ਦੇਣਾ। ਇਸਦੇ ਤਹਿਤ ਭਗਤ ਸਿੰਘ, ਚੀ-ਗਵੇਰਾ ਤੋਂ ਲੈ ਕੇ ਬਾਬਾ ਨਾਨਕ, ਭਗਤ ਪੂਰਨ ਸਿੰਘ ਤੇ ਭਗਤ ਕਬੀਰ ਨਾਲ ਗੱਲਬਾਤ ਕੀਤੀ ਹੈ।
ਇਹ ਖਿਲਾਰਾ ਖਿਲਰਣਾ ਫੈਲਾਅ ਹੈ, ਜੀਵਨ ਜਾਚ ਹੈ। ਇਹ ਭਟਕਣ ਹੈ ਕਿ ਜਗਿਆਸਾ, ਇਹ ਫੈਸਲਾ ਤੁਸੀਂ ਕਰਨਾ ਹੈ ਜਾਂ ਵੈਸੇ ਅਸੀਂ ਅਕਸਰ ਧਾਰਨਾਵਾਂ ਬਣਾਉਂਦੇ ਰਹਿੰਦੇ ਹਾਂ ਤੇ ਫਿਰ ਚੌਖਟੇ ਵੀ ਤਿਆਰ ਕਰਦੇ ਰਹਿੰਦੇ ਹਾਂ। ਕਿਸੇ ਨੂੰ ਭਟਕਿਆ, ਬੇਤਰਤੀਬਾ, ਕਿਸੇ ਨੂੰ ਅਵੇਸਲਾ, ਆਪਣੇ ਆਪ ਵਿੱਚ ਖੋਇਆ-ਖੋਇਆ, ਕਿਸੇ ਨੂੰ ਮਸਤੀ ਵਾਲਾ ਅਨੁਸ਼ਾਸਨਿਕ ਕਹਿ ਦਿੰਦੇ ਹਾਂ। ਹਰ ਸ਼ਬਦ ਜੋ ਕਿ ਵਿਸ਼ੇਸ਼ ਹੈ, ਉਸ ਪਿੱਛੇ ਪੂਜਾ ਇੱਕ ਫਲਸਫਾ ਹੈ। ਸ਼ਾਇਦ ਹੀ ਕੋਈ ਬੋਲਣ ਵਾਲਾ ਇਹ ਦੱਸ ਪਾਵੇ ਉਨ੍ਹਾਂ ਦੇ ਮਨ ਵਿੱਚ ਕੀ ਧਾਰਨਾ ਬਣੀ ਹੈ ਜਾਂ ਪਾ ਦਿੱਤੀ ਗਈ ਹੈ ਤੇ ਉਹ ਉਸ ਨੂੰ ਚੁੱਕੀ ਫਿਰਦਾ ਹੈ ਅਤੇ ਆਪਣਾ ਭਾਰ ਦੂਜਿਆਂ ਦੇ ਮੋਢਿਆਂ ’ਤੇ ਪਾਈ ਜਾਂਦਾ ਹੈ। ਇਹ ਨਹੀਂ ਕਿ ਉਹ ਆਪ ਹਲਕਾ ਹੋ ਜਾਂਦਾ ਹੈ, ਆਪ ਵੀ ਨਾਲ ਹੀ ਚੁੱਕ ਕੇ ਤੁਰਦਾ ਹੈ। ਕੋਈ ਨਾਲ ਰਲ ਜਾਵੇ ਤਾਂ ਵਿਅਕਤੀ ਨੂੰ ਖੁਸ਼ੀ ਹੁੰਦੀ ਹੈ ਤੇ ਜੇ ਕੋਈ ਸਾਥ ਛੁਡਾ ਲਵੇ ਤਾਂ ਨਮੋਸ਼ੀ ਵੀ ਹੁੰਦੀ ਹੈ।
ਵੈਸੇ ਭਟਕਣਾ ਜ਼ਿੰਦਗੀ ਦਾ ਹਿੱਸਾ ਹੈ, ਜਨਮ ਤੋਂ ਹੀ। ਨਾਲੇ ਇਹ ਵੀ ਕਿ ਭਟਕੇ ਬਿਨਾਂ ਗਿਆਨ ਹਾਸਿਲ ਨਹੀਂ ਹੋ ਸਕਦਾ। ਮਨੁੱਖ ਦੀ ਸਿਆਣਪ ਦਾ ਸਾਰਾ ਦਾਰੋ-ਮਦਾਰ ਭਟਕਣ ਵਿੱਚ ਪਿਆ ਹੈ। ਕੋਈ ਸਮਾਂ ਸੀ, ਗਿਆਨ ਦੀ ਭਾਲ ਵਿੱਚ ਰਿਸ਼ੀ-ਮੁਨੀ, ਸੰਤ, ਸੰਨਿਆਸੀ, ਜੰਗਲਾਂ ਵਿੱਚ ਚਲੇ ਜਾਂਦੇ ਸੀ। ਵੈਸੇ ਤਾਂ ਬਹੁਤ ਸਾਰੇ ਸੰਤਾਂ ਨੇ, ਨਾਨਕ, ਕਬੀਰ ਤੇ ਹੋਰਾਂ ਨੇ, ਦੁਨੀਆਂ ਵਿੱਚ ਰਹਿਣ, ਲੋਕਾਂ ਵਿੱਚ ਵਿਚਰਨ ਦੀ ਗੱਲ ਕਹੀ ਹੈ। ਪਰ ਇਸ ਸਿਆਣਪ ਵਾਲੀ ਭਟਕਣ ਤੋਂ ਮਤਲਬ, ਕੁਝ ਸਵਾਲਾਂ ਦੇ ਸਨਮੁੱਖ ਹੋਣਾ ਹੈ ਤੇ ਜੀਵਨ ਦਾ ਰਹੱਸ ਜਾਣਨਾ ਹੈ। ਮਹਾਤਮਾ ਬੁੱਧ ਨੇ ਤਪੱਸਿਆ ਕੀਤੀ, ਕੁਝ ਜੀਵਨ ਰਹੱਸਾਂ ਦਾ ਭੇਤ ਜਾਣਿਆ ਤੇ ਅੰਤ ਗਿਆਨ ਹਾਸਿਲ ਕਰਕੇ, ਦੁਨੀਆਂ ਨੂੰ ਸੁਚੇਤ ਕੀਤਾ। ਬਾਬਾ ਨਾਨਕ ਨੇ ਚਾਰ ਉਦਾਸੀਆਂ ਕੀਤੀਆਂ ਤੇ ਫਿਰ ਉਸ ਗਿਆਨ ਨੂੰ ਲੋਕਾਂ ਵਿੱਚ ਵੰਡਣ ਲਈ, ਆਪਣੇ ਹੱਥੀਂ ਕੰਮ ਵੀ ਕੀਤਾ ਤੇ ਗਿਆਨ ਵੀ ਵੰਡਿਆ ਤੇ ਹੁਣ ਉਸ ਦਾ ਫੈਲਾਅ ਦੂਰ-ਦੂਰ ਤਕ ਹੈ। ਇਹੀ ਸਹੀ ਰਾਹ ਹੈ।
ਸਮੇਟਣ ਤੋਂ ਭਾਵ ਹੈ ਕਿ ਆਪਣੇ ਗਿਆਨ ਨੂੰ ਆਪਣੇ ਅੰਦਰ ਕੈਦ ਕਰ ਲੈਣਾ, ਜਦੋਂ ਕਿ ਸਹੀ ਭਾਵ ਹੈ ਕਿ ਗਿਆਨ ਵੰਡਣ ਨਾਲ ਘੱਟ ਨਹੀਂ ਹੁੰਦਾ ਸਗੋਂ ਫੈਲਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4839)
(ਸਰੋਕਾਰ ਨਾਲ ਸੰਪਰਕ ਲਈ: (