“ਕਿਸਾਨੀ ਅੰਦੋਲਨ ਰਾਹੀਂ ਪੰਜਾਬ ਨੇ ਦੇਸ਼ ਨੂੰ ਰਾਹ ਦਿਖਾਇਆ ਹੈ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ...”
(5 ਜਨਵਰੀ 2021)
ਸਾਲ 2020 ਕਈ ਪੱਖਾਂ ਤੋਂ ਯਾਦ ਕੀਤਾ ਜਾਵੇਗਾ। ਵੈਸੇ ਤਾਂ ਹਰ ਸਾਲ-ਕਾਲ, ਹਰ ਇੱਕ ਦੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਜ਼ਰੂਰ ਚੇਤੇ ਰਹਿਣ ਵਾਲਾ ਵਾਪਰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਨਵੇਂ ਸਾਲ ਦੀ ਆਮਦ ’ਤੇ ਪਿਛਲੇ ਸਾਲ ਦੀਆਂ ਗਤੀਵਿਧੀਆਂ ਬਾਰੇ ਸੋਚਿਆ-ਵਿਚਾਰਿਆ ਜਾਵੇ ਤੇ ਨਵੇਂ ਸਾਲ ਲਈ ਕੁਝ ਸੰਕਲਪ ਲਏ ਜਾਣ। ਇਸ ਤਰ੍ਹਾਂ ਕਿੰਨੇ ਕੁ ਲੋਕ ਕਰਦੇ ਹਨ, ਇਹ ਪੱਕੇ ਤੱਥਾਂ ਨਾਲ ਨਹੀਂ ਕਿਹਾ ਜਾ ਸਕਦਾ। ਸਾਲ 2020 ਅਜਿਹਾ ਵਰ੍ਹਾ ਸੀ, ਜਿਸ ਨੇ ਸਾਰਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਤ ਕੀਤਾ ਹੈ ਅਤੇ ਲਾਕਡਾਊਨ ਸ਼ਬਦ ਛੇਤੀ ਕਿਤੇ ਲੋਕ ਮਨਾਂ ਵਿੱਚੋਂ ਮਨਫ਼ੀ ਹੋਣ ਵਾਲਾ ਨਹੀਂ ਹੈ।
ਪੰਜਾਬ ਦੇ ਪਰਿਪੇਖ ਤੋਂ ਕੋਰੋਨਾ ਤੋਂ ਵੀ ਵੱਡੀ ਅਤੇ ਅਹਿਮ ਘਟਨਾ ਹੈ ਪੰਜਾਬ ਦਾ ਕਿਸਾਨੀ ਅੰਦੋਲਨ। ਅੱਜ ਪੰਜਾਬ ਦਾ ਹਰ ਘਰ ਇਸ ਅੰਦੋਲਨ ਤੋਂ ਵਾਕਫ਼ ਹੈ ਅਤੇ ਆਪਣੇ-ਆਪ ਨੂੰ ਇਸਦਾ ਹਿੱਸਾ ਬਣਾਉਣਾ ਚਾਹੁੰਦਾ ਹੈ। ਖੇਤੀ ਕਾਨੂੰਨਾਂ ਬਾਰੇ ਭਾਵੇਂ ਸਾਰੇ ਹੀ ਇੱਕੋ ਜਿਹੇ ਵਾਕਫ਼ ਨਾ ਹੋਣ, ਪਰ ਇਸ ਅੰਦੋਲਨ ਨੂੰ ਵੀ ਲੰਮਾ ਸਮਾਂ ਲੋਕ ਯਾਦ ਰੱਖਣਗੇ ਅਤੇ ਇਹ ਦੇਸ਼ ਦੇ ਇਤਿਹਾਸ ਵਿੱਚ ਇੱਕ ਜ਼ਿਕਰਯੋਗ ਪੰਨੇ ਦੇ ਤੌਰ ’ਤੇ ਦਰਜ ਹੋਵੇਗਾ।
ਆਉਣ ਵਾਲੇ ਸਾਲਾਂ ਦੌਰਾਨ ਕਹਿ ਸਕਦੇ ਹਾਂ ਕਿ ਇਸ ਅੰਦੋਲਨ ਦਾ ਅਤੇ ਦਿੱਲੀ ਦੇ ਬਾਰਡਰਾਂ ’ਤੇ ਲੱਗੇ ਮੋਰਚਿਆਂ ਦਾ ਪ੍ਰਭਾਵ ਪੰਜਾਬ ਦੇ ਪੂਰੇ ਸੱਭਿਆਚਾਰ ਵਿੱਚ, ਲੋਕ ਜੀਵਨ ’ਤੇ ਸਪਸ਼ਟ ਨਜ਼ਰ ਆਵੇਗਾ।
ਇੱਕ ਅਖਾਣ ਹੈ ਕਿ ਜੇਕਰ ਤੁਸੀਂ ਕਿਸੇ ਦੇਸ਼ ਬਾਰੇ ਜਾਣਨਾ ਹੋਵੇ ਤਾਂ ਉਸ ਦੇਸ਼ ਦੀ ਨੌਜਵਾਨੀ ਦੇ ਚਾਵਾਂ ਨੂੰ ਜਾਣੋ। ਉਸ ਪੱਖ ਤੋਂ ਜਵਾਨੀ ਕੀ ਖਾਂਦੀ, ਖੇਡਦੀ ਹੈ, ਕੀ ਉਸ ਦੇ ਸ਼ੌਕ ਹਨ। ਉਹ ਕਿਹੋ ਜਿਹੀਆਂ ਕਿਤਾਬਾਂ ਪੜ੍ਹਦੇ ਹਨ ਤੇ ਕਿਸ ਤਰ੍ਹਾਂ ਦੇ ਗੀਤ ਗਾਉਂਦੇ ਹਨ। ਇੱਕੋ ਇੱਕ ਪਹਿਲੂ, ਗੀਤਾਂ ਦੀ ਚੋਣ ਨਾਲ ਹੀ ਨੌਜਵਾਨੀ ਦਾ ਮੁਹਾਂਦਰਾ ਤੇ ਦੇਸ਼ ਦੀ ਸੋਚ ਅਤੇ ਵਿਕਾਸ ਦੀ ਝਲਕ ਮਿਲ ਸਕਦੀ ਹੈ। ਇਸ ਕਿਸਾਨੀ ਅੰਦੋਲਨ ਦੌਰਾਨ ਇੱਕ ਪਾਸੇ ‘ਸ਼ਰਾਬ ਦੀ ਗਲਾਸੀ’, ‘ਮੋਢੇ ’ਤੇ ਬੰਦੂਕ’ ਅਤੇ ‘ਤੂੰ ਨੀਂ ਬੋਲਦੀ ਰਕਾਨੇ’ ਵਾਲੇ ਗੀਤਾਂ ਨੂੰ ਪਿੱਛੇ ਧੱਕਿਆ ਗਿਆ ਹੈ, ਦੂਜੇ ਪਾਸੇ ਹੁਣ ਕਿਸਾਨਾਂ ਦੀ ਹਿੰਮਤ ਅਤੇ ਦਿੱਲੀ ਨੂੰ ਲਲਕਾਰੇ ਵਾਲੇ ਗੀਤਾਂ ਨੇ ਥਾਂ ਲਈ ਹੈ। ਕਿੱਥੇ ਕੁਝ ਸਮਾਂ ਪਹਿਲਾਂ ਪੰਜਾਬ ਦੀ ਲੱਚਰ ਗਾਇਕੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾਂਦੀ ਸੀ, ਕੁਝ ਸੰਜੀਦਾ ਕਦਮ ਪੁੱਟਣ ਦੀ ਗੱਲ ਹੋ ਰਹੀ ਸੀ। ਇਸ ਅੰਦੋਲਨ ਨਾਲ ਇਹ ਬਦਲਾਅ ਸਹਿਜੇ ਹੀ ਸਾਹਮਣੇ ਆ ਗਿਆ ਹੈ।
ਕਿਸੇ ਵੀ ਦੇਸ਼ ਦੀ ਤਾਕਤ, ਉਸ ਦੇ ਨੌਜਵਾਨ ਹੁੰਦੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਦੋ ਪ੍ਰਮੁੱਖ ਰੁਝਾਨ ਦੇਖਣ ਨੂੰ ਮਿਲਦੇ ਰਹੇ ਤੇ ਉਭਾਰੇ ਵੀ ਜਾਂਦੇ ਹਨ। ਜਿਸ ਵਿੱਚ ਇੱਕ ਸੀ, ਪੰਜਾਬ ਦੇ ਨੌਜਵਾਨਾਂ ਦਾ ਨਸ਼ੇ ਵਿੱਚ ਗਲਤਾਨ ਹੋਣਾ ਤੇ ਦੂਸਰਾ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਜਾਣ ਦੀ ਕਾਹਲ। ਇਹ ਦੋਵੇਂ ਰੁਝਾਨ ਆਪਸ ਵਿੱਚ ਜੁੜੇ ਵੀ ਹਨ ਤੇ ਸਰਕਾਰਾਂ ’ਤੇ ਵੀ ਸਵਾਲ ਖੜ੍ਹਾ ਕਰਦੇ ਹਨ ਕਿ ਉਨ੍ਹਾਂ ਕੋਲ ਨੌਜਵਾਨਾਂ ਲਈ ਕੋਈ ਠੋਸ ਨੀਤੀ ਹੈ। ਇਸੇ ਨਾਲ ਹੀ ਜੋੜਿਆ ਜਾਂਦਾ ਸੀ, ਹੱਥੀਂ ਕੰਮ ਨਾ ਕਰਨਾ। ਪਰ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਪੰਜਾਬ ਵਿੱਚ ਕਿਸਾਨੀ ਸੰਘਰਸ਼ ਭਖਿਆ ਹੈ, ਰੈਲੀਆਂ ਤੋਂ ਬਾਅਦ ਟੋਲ ਪਲਾਜ਼ਿਆਂ ’ਤੇ ਧਰਨੇ ਤੇ ਹੁਣ ਦਿੱਲੀ ਦਾ ਘਿਰਾਓ, ਨੌਜਵਾਨ ਮੋਹਰੀ ਭੂਮਿਕਾ ਵਿੱਚ ਆ ਗਏ ਹਨ। ਮੋਰਚੇ ’ਤੇ ਪਹੁੰਚੇ ਨੌਜਵਾਨ ਹਰ ਤਰ੍ਹਾਂ ਦੇ ਕੰਮ ਵਿੱਚ ਸਹਿਯੋਗ ਕਰ ਰਹੇ ਹਨ। ਰੋਟੀਆਂ ਵੇਲਣ, ਵਰਤਾਉਣ, ਸਾਫ਼ ਸਫ਼ਾਈ ਅਤੇ ਕੂੜਾ-ਕਬਾੜ ਪੂਰੇ ਵਿਉਂਤ ਨਾਲ ਸਾਂਭਣ ਤਕ, ਸਭ ਕੁਝ ਹੀ ਨੌਜਵਾਨ ਕਰਦੇ ਨਜ਼ਰ ਆਉਣਗੇ। ਉਨ੍ਹਾਂ ਨੇ ਬਜ਼ੁਰਗਾਂ ਨੂੰ ਆਰਾਮ ਨਾਲ ਬੈਠਣ ਲਈ ਅਤੇ ਯੋਗ ਅਗਵਾਈ ਦੇਣ ਵਾਲੀ ਥਾਂ ਦੇ ਦਿੱਤੀ ਹੈ। ਇਸ ਤਰ੍ਹਾਂ ਜੋਸ਼ ਅਤੇ ਹੋਸ਼ ਦਾ ਸਾਰਥਿਕ ਜੁੜਾਵ, ਮੋਰਚੇ ਦੀ ਸਪਸ਼ਟ ਅਤੇ ਉੱਭਰਵੀਂ ਪ੍ਰਾਪਤੀ ਹੈ।
ਇਸੇ ਸੰਦਰਭ ਵਿੱਚ ਗੱਲ ਸਿਰਫ਼ ਮੁੰਡਿਆਂ ਦੀ ਨਹੀਂ ਹੈ, ਕੁੜੀਆਂ ਵੀ ਬਰਾਬਰ ਦਾ ਸਾਥ ਦੇ ਰਹੀਆਂ ਹਨ। ਬਜ਼ੁਰਗ ਮਾਤਾਵਾਂ ਜਿੱਥੇ ਲੰਗਰ ਨੂੰ ਵੱਡੀ ਪੱਧਰ ’ਤੇ ਸਾਂਭੀ ਬੈਠੀਆਂ ਹਨ, ਉੱਥੇ ਨੌਜਵਾਨ ਲੜਕੀਆਂ ਨੇ ਸਟੇਜ ਤੇ ਚੜ੍ਹ ਕੇ ਆਵਾਜ਼ ਬੁਲੰਦ ਕੀਤੀ ਹੈ ਤੇ ਵਿਉਂਤਬੰਦੀ ਵਿੱਚ ਵੀ ਉਹ ਮੋਹਰੀ ਕਤਾਰ ਵਿੱਚ ਹੀ ਹਨ। ਇਹ ਠੀਕ ਹੈ ਕਿ ਕਿਸਾਨ ਝੋਨਾ ਵੇਚ ਕੇ, ਕਣਕ ਬੀਜ ਕੇ ਕਾਫ਼ੀ ਹੱਦ ਤਕ ਵਿਹਲੇ ਹੋ ਕੇ ਆਏ ਸੀ, ਪਰ ਅੰਦੋਲਨ ਲੰਮਾ ਹੋ ਜਾਣ ਦੀ ਹਾਲਤ ਵਿੱਚ ਘਰਾਂ ਵਿੱਚ ਰਹਿ ਗਈਆਂ ਔਰਤਾਂ ਨੇ ਇਹ ਸੰਦੇਸ਼ ਦਿੱਤਾ ਹੈ ਕਿ ਡਟੇ ਰਹੋ, ਪਿੱਛੋਂ ਦੀ ਫਿਕਰ ਨਾ ਕਰੋ। ਕਣਕ ਨੂੰ ਪਾਣੀ ਲਗਾਉਣ ਜਾਂ ਡੰਗਰਾਂ ਨੂੰ ਸਾਂਭਣ ਦੀ ਗੱਲ ਤੁਸੀਂ ਸਾਡੇ ’ਤੇ ਛੱਡ ਦਿਓ।
‘ਸਭੈ ਸਾਂਝੀਵਾਲ ਸਦਾਇਣ’ ਅਤੇ ‘ਸਰਬੱਤ ਦਾ ਭਲਾ’ ਪੰਜਾਬੀਆਂ ਦੀ ਤਰਬੀਅਤ ਦਾ ਹਿੱਸਾ ਰਿਹਾ ਹੈ, ਇੱਕ ਜੀਵਨ-ਜਾਚ, ਜਿਸ ਨੂੰ ਵਿਸ਼ਵੀਕਰਨ ਨੇ ਹੌਲੀ-ਹੌਲੀ ਪੇਤਲਾ ਕੀਤਾ ਹੈ ਤੇ ਨਿੱਜ ਦੇ ਖੋਲ੍ਹ ਵਿੱਚ ਬੰਦ ਕਰਨ ਵੱਲ ਧੱਕਿਆ ਹੈ। ਪਿੰਡ ਦਾ ਭਾਈਚਾਰਾ ਵੀ ਖੇਰੂੰ-ਖੇਰੂੰ ਹੋਇਆ ਹੈ। ਜਾਤ-ਧਰਮ ਦਾ ਵਖਰੇਵਾਂ ਵੀ ਸਾਡੇ ਦੇਸ਼ ਦਾ ਖਾਸਾ ਹੈ, ਜੋ ਕਿ ਪੰਜਾਬ ਵਿੱਚ ਉੰਨਾ ਡੂੰਘਾ ਨਹੀਂ ਹੈ, ਜਿੰਨਾ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹੈ, ਪਰ ਹੁਣ ਰਾਜਨੀਤਕ ਵਖਰੇਵੇਂ ਨੇ ਪੰਜਾਬ ਦੀ ਸਾਂਝੀਵਾਲਤਾ, ਸੱਥ ਵਿੱਚ ਬੈਠਣ ਦੀ ਪਰੰਪਰਾ ਨੂੰ ਵੀ ਤੋੜਿਆ ਹੈ। ਪਿੰਡ ਦੀ ਪੰਚਾਇਤ ਦੀ ਥਾਂ ਹੁਣ ਉੱਥੇ ਰਾਜਨੀਤਕ ਪਾਰਟੀਆਂ ਦੀ ਪੰਚਾਇਤ ਹੁੰਦੀ ਹੈ। ਅਕਾਲੀਆਂ ਦੀ ਪੰਚਾਇਤ ਜਾਂ ਕਾਂਗਰਸ ਦੀ। ਕੋਈ ਹਿੱਕ ਠੋਕ ਕੇ ਨਹੀਂ ਕਹਿ ਸਕਦਾ ਕਿ ਇਹ ਮੇਰੇ ਪਿੰਡ ਦੀ ਪੰਚਾਇਤ ਹੈ। ਬਾਰਡਰ ’ਤੇ ਵਸੇ ਪਿੰਡ ਨੂੰ ਦੇਖ ਕੇ ਲੱਗਦਾ ਹੈ ਕਿ ਅਸਲ ਵਿੱਚ ਅਜਿਹੀ ਸਾਂਝ ਹਰ ਪਿੰਡ ਹੋਵੇ। ਹਰ ਜ਼ਰੂਰਤ ਦੀ ਚੀਜ਼ ਹਰ ਇੱਕ ਲਈ। ਲੰਗਰ ਤੋਂ ਅੱਗੇ ਚਪਲਾਂ, ਜ਼ੁਰਾਬਾਂ, ਸਾਬਣ, ਟੁੱਥ ਪੇਸਟ ਕੋਈ ਨਾਂਅ ਲਵੋ, ਸਭ ਹੈ ਤੇ ਸਭ ਦੇ ਲਈ ਹੈ। ਇੱਥੋਂ ਤਕ ਕਿ ਕਿਤਾਬਾਂ ਦਾ ਲੰਗਰ ਵੀ ਲੱਗਿਆ ਤੇ ਹੁਣ ਲਾਇਬ੍ਰੇਰੀ ਵੀ ਖੁੱਲ੍ਹ ਗਈ ਹੈ ਤੇ ਕਮਾਲ ਦੀ ਗੱਲ ਹੈ ਕਿ ਲੋਕ ਪੜ੍ਹਨ ਲਈ ਕਿਤਾਬਾਂ ਲਿਜਾ ਰਹੇ ਹਨ।
ਸਾਖਰਤਾ ਮੁਹਿੰਮ ਦੌਰਾਨ ਇੱਕ ਨਾਅਰਾ ਆਇਆ, “ਪਾਪਾ ਜੀ ਨਾ ਪੀਓ ਸ਼ਰਾਬ, ਮੈਂਨੂੰ ਲੈ ਕੇ ਦਿਓ ਇੱਕ ਕਿਤਾਬ। ਇਹ ਨਹੀਂ ਕਿ ਇਹਦੇ ਵਿਰੋਧੀ ਹਾਲਤਾਂ ਹੀ ਪੰਜਾਬ ਦਾ ਦ੍ਰਿਸ਼ ਹਨ। ਪੰਜਾਬ ਵਿੱਚ ਗ਼ਦਰੀ ਬਾਬਿਆਂ ਦੇ ਮੇਲੇ ’ਤੇ ਹਰ ਸਾਲ ਲੱਖਾਂ ਰੁਪਏ ਦਾ ਸਾਹਿਤ, ਇੱਕ ਦਿਨ ਵਿੱਚ ਵਿਕਦਾ ਹੈ, ਪਰ ਇੱਥੇ ਬਾਰਡਰ ’ਤੇ ਇਸ ਤਰ੍ਹਾਂ ਵੱਡੀ ਗਿਣਤੀ ਵਿੱਚ ਹਰ ਵਰਗ ਦਾ ਹੋਣਾ ਤੇ ਕਿਤਾਬਾਂ ਦੀ ਮੰਗ ਕਰਨਾ ਤੇ ਉਹ ਵੀ ਸੂਰਬੀਰਾਂ, ਕ੍ਰਾਂਤੀਕਾਰੀਆਂ, ਪੰਜਾਬ ਦੇ ਯੋਧਿਆਂ ਬਾਰੇ ਜਾਣਨ ਦੀ ਇੱਛਾ ਇੱਕ ਹੋਰ ਪ੍ਰਾਪਤੀ ਹੈ।
ਸੱਚ-ਤੱਥ ਜਾਣਨਾ ਮਨੁੱਖੀ ਸੁਭਾਅ ਹੈ। ਇਸੇ ਲਈ ਸੂਚਨਾਵਾਂ ਭੇਜੀਆਂ-ਲਈਆਂ ਜਾਂਦੀਆਂ ਹਨ। ਅੱਜ ਜਦੋਂ ਸੋਸ਼ਲ ਮੀਡੀਆ ਜਾਂ ਸਰਕਾਰੀ ਪ੍ਰਚਾਰ ਮਾਧਿਅਮ ਗਲਤ-ਮਲਤ ਖਬਰਾਂ ਦੇ ਰਿਹਾ ਹੈ, ਉੱਥੇ ਸੱਚ ਜਾਣਨ ਲਈ ਆਪ ਵੀ ਉੱਦਮ ਕਰਨੇ ਬਣਦੇ ਹਨ। ‘ਟਰਾਲੀ ਟਾਈਮਜ਼’ ਅਖ਼ਬਾਰ ਜਾਂ ਹੋਰ ਆਪਣੇ ਮਾਧਿਅਮ ਬਣਾਉਣਾ, ਇੱਕ ਨਵੀਂ ਪਹਿਲ ਕਹੀ ਜਾ ਸਕਦੀ ਹੈ, ਭਾਵੇਂ ਕਿ ਪੰਜਾਬ ਦਾ ਇਤਿਹਾਸ ਹੀ ਪਹਿਲਾ ਕਦਮ ਪੁੱਟਣ ਦਾ ਹੈ। ਕਿਸਾਨੀ ਅੰਦੋਲਨ ਰਾਹੀਂ ਪੰਜਾਬ ਨੇ ਦੇਸ਼ ਨੂੰ ਰਾਹ ਦਿਖਾਇਆ ਹੈ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ਇਸ ਅੰਦੋਲਨ ਨੂੰ ਬੜੀ ਸ਼ਿੱਦਤ ਨਾਲ ਵੇਖਿਆ-ਸਮਝਿਆ ਜਾ ਰਿਹਾ ਹੈ।
ਕਿਸੇ ਵੀ ਦੇਸ਼-ਸਮਾਜ ਦੇ ਆਪਸੀ ਸੁਖਾਵੇਂ ਰਿਸ਼ਤਿਆਂ ਲਈ ਪਿਆਰ, ਪਰਵਾਹ, ਵਿਸ਼ਵਾਸ ਅਤੇ ਸਹਿਯੋਗ ਮੂਲ ਤੱਤ ਹਨ। ਦਿੱਲੀ ਦੇ ਬਾਰਡਰ ’ਤੇ ਬੈਠੇ ਕਿੰਨੇ ਹੀ ਕਿਲੋਮੀਟਰਾਂ ਤਕ ਫੈਲੇ ਮੋਰਚੇ, ਕਾਫ਼ਲੇ, ਪਿੰਡਨੁਮਾ ਵਸੇਬੇ ਵਿੱਚ ਇਹ ਸਾਰੇ ਤੱਤ ਦੇਖੇ ਜਾ ਸਕਦੇ ਹਨ, ਮਹਿਸੂਸ ਕੀਤੇ ਜਾ ਸਕਦੇ ਹਨ। ਇਹ ਵੀ ਨਹੀਂ ਕਿ ਪੰਜਾਬ ਦੇ ਪਿੰਡਾਂ ਤੋਂ ਆਏ, ਇੱਕ-ਦੂਸਰੇ ਨੂੰ ਪਹਿਲਾਂ ਹੀ ਜਾਣਦੇ, ਇਹ ਸਾਰੇ ਲੋਕ ਮਿਲਵਰਤਨ ਨਾਲ ਰਹਿ ਰਹੇ ਹਨ। ਪੰਜਾਬ ਨਾਲ ਹਰਿਆਣਾ ਵੀ ਸਾਡਾ ਗਵਾਂਢੀ ਹੈ, ਪਰ ਸੜਕਾਂ ਦੇ ਕਿਨਾਰਿਆਂ ’ਤੇ ਸਜੇ ਬਾਜ਼ਾਰ, ਪੈਟਰੋਲ ਪੰਪ, ਹੋਟਲ ਅਤੇ ਰਿਹਾਇਸ਼ੀ ਘਰਾਂ ਵਾਲਿਆਂ ਨੇ ਵੀ ਪਿਆਰ ਅਤੇ ਪਰਵਾਹ ਦੀ ਜੋ ਮਿਸਾਲ ਪੇਸ਼ ਕੀਤੀ ਹੈ, ਉਹ ਅਮਲ ਵੀ ਮਨੁੱਖ ਹੋਣ ਦੇ ਗੁਣ ਹੀ ਹਨ।
ਇਸ ਵਿੱਚ ਕੋਈ ਦੋ ਗੱਲਾਂ ਨਹੀਂ ਕਿ ਇਹ ਨਵਾਂ ਸਾਲ, ਕੁਝ ਕੁ ਨਵਾਂ ਲੈ ਕੇ ਹੀ ਆਵੇਗਾ। ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਕਿ ਇਸ ਮੋਰਚੇ ਦਾ ਅੰਜਾਮ ਜੋ ਮਰਜ਼ੀ ਹੋਵੇ, ਪਰ ਜਿਸ ਰੂਪ ਵਿੱਚ ਪੰਜਾਬ ਵਾਪਸ ਪਰਤੇਗਾ, ਇਹ ਪੰਜਾਬ ਦੀ ਜਿੱਤ ਹੀ ਹੋਵੇਗੀ।
ਜਿਸ ਤਰ੍ਹਾਂ ਦਾ ਅਨੁਸ਼ਾਸਨ, ਠਰ੍ਹੰਮਾ ਦਿੱਲੀ ਦੇ ਬਾਰਡਰ ’ਤੇ ਦੇਖਣ ਨੂੰ ਮਿਲ ਰਿਹਾ ਹੈ, ਉਹ ਬਾਕਮਾਲ ਹੈ। ਹਰ ਵਰਗ ਦਾ ਵਿਅਕਤੀ, ਹਰ ਉਮਰ ਦਾ ਬਾਸ਼ਿੰਦਾ ਉੱਥੇ ਬਿਰਾਜਮਾਨ ਹੈ। ਨੌਜਵਾਨ ਵੀ ਹਰ ਤਰ੍ਹਾਂ ਦੀਆਂ ਔਖਿਆਈਆਂ, ਜ਼ਿਆਦਤੀਆਂ ਵਿੱਚੋਂ ਲੰਘ ਕੇ ਆਏ ਤੇ ਇੱਥੇ ਵੀ ਸਹਿੰਦੇ ਹੋਏ, ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਦੇ ਚਿਹਰਿਆਂ ’ਤੇ ਗੁੱਸਾ-ਖਿਝ ਕੁਝ ਵੀ ਨਹੀਂ ਹੈ। ਇਸਦਾ ਵੱਡਾ ਕਾਰਨ ਹੈ ਕਿ ਪੰਜਾਬ ਵਿੱਚ ਚੱਲ ਰਹੇ ਪਿਛਲੇ ਤਿੰਨ ਮਹੀਨਿਆਂ ਦੇ ਸੰਘਰਸ਼ ਦੌਰਾਨ ਜਿੱਥੇ ਟੋਲ ਪਲਾਜ਼ਿਆਂ ’ਤੇ ਧਰਨੇ ਲੱਗੇ, ਨਾਲ ਹੀ ਹਰ ਰੋਜ਼ ਵੱਖ-ਵੱਖ ਬੁਲਾਰਿਆਂ, ਪੰਜਾਬ ਦੇ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਪ੍ਰਗਟਾਏ। ਬਿੱਲਾਂ ਦੀ ਇੱਕ-ਇੱਕ ਲਾਈਨ ਸਪਸ਼ਟ ਕੀਤੀ। ਕੇਂਦਰ ਸਰਕਾਰ ਦੀ ਨੀਅਤ ਦੇ ਪਾਜ਼ ਉਧੇੜੇ। ਇਸ ਤਰ੍ਹਾਂ ਲੋਕਾਂ ਨੂੰ ਗਿਆਨਵਾਨ ਬਣਾਇਆ ਤੇ ਕੇਂਦਰ ਦੀ ਕਾਰਜਪ੍ਰਣਾਲੀ ਤੋਂ ਵੀ ਜਾਣੂ ਕਰਵਾਇਆ।
ਹਰ ਧਰਨੇ ਦੇ ਬੁਲਾਰੇ ਨੇ ਅੰਤ ਵਿੱਚ ਸੁਚੇਤ ਕੀਤਾ ਕਿ ਮਿਲ-ਜੁਲ ਕੇ ਰਹਿਣਾ ਹੈ, ਏਕਾ ਬਣਾਈ ਰੱਖਣਾ ਤੇ ਸਬਰ ਤੋਂ ਕੰਮ ਲੈਣਾ ਹੈ। ਕੋਈ ਅਜਿਹਾ ਕਦਮ ਨਹੀਂ ਪੁੱਟਣਾ ਕਿ ਸਰਕਾਰ ਕੋਈ ਵੀ ਬਹਾਨਾ ਮਿਲੇ ਤੇ ਇਹ ਲੜਾਈ ਉਲਟਾ ਰੁਖ ਇਖਤਿਆਰ ਕਰ ਜਾਵੇ। ਇਸ ਪੱਖ ਤੋਂ ਸਭ ਨੇ ਸਮਝਿਆ।
ਇਸ ਮੋਰਚੇ ਨੇ ਕਈ ਨਵੇਂ ਪੱਖਾਂ ਤੋਂ ਰੂ-ਬ-ਰੂ ਕਰਵਾਇਆ ਹੈ। ਇਹ ਸਾਰੇ ਹਿੰਮਤ ਵਧਾਉਣ ਵਾਲੇ ਹਨ। ਇਸ ਤਰ੍ਹਾਂ ਦੇ ਕੰਮ ਦੀ ਲੋੜ ਸੀ ਤੇ ਕੋਈ ਸਿਰਾ ਨਹੀਂ ਸੀ ਮਿਲ ਰਿਹਾ। ਹੁਣ ਮਿਲਿਆ ਹੈ। ਇੱਕ ਵਾਰੀ ਫਿਰ ਸੁਚੇਤ ਰਹਿਣ ਦੀ ਲੋੜ ਹੈ ਕਿ ਵਾਪਸ ਆ ਕੇ ਇਨ੍ਹਾਂ ਨਵੀਆਂ ਨਹੀਂ, ਕਿਤੇ ਗੁੰਮ ਹੋ ਗਈਆਂ ਜਾਂ ਕਿਸੇ ਭਰਮ-ਭੁਲੇਖੇ ਵਿੱਚ ਪਿੱਛੇ ਸੁੱਟੀਆਂ ਗਈਆਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈ ਰੱਖੀਏ।
ਆਖਰ ’ਤੇ ਇੱਕ ਕਾਵਿਕ ਭਾਵ ਨਾਲ:
ਜਿਹੋ ਜਿਹਾ ਪਿੰਡ ਬਾਰਡਰ ਵਸਿਆ
ਐਸਾ ਪਿੰਡ ਹੋਵੇ ਹਰ ਪਾਸੇ।
ਤਕਰੀਰਾਂ ਤੇ ਗੱਲਾਂਬਾਤਾਂ,
ਨਾਲੇ ਹੋਵਣ ਹਾਸੇ।
ਕੋਈ ਕਿਸੇ ਦਾ ਮੋਢਾ ਬਣਿਆ,
ਕੋਈ ਕਿਸੇ ਦੀ ਲਾਠੀ
ਜਦ ਮਿਲ ਸਾਰੇ ਖਾਵਣ ਬੈਠੇ,
ਸਭ ਦੀ ਸਾਂਝੀ ਬਾਟੀ।
ਜਿਹੋ ਜਿਹਾ ਪਿੰਡ ਬਾਰਡਰ ਵਸਿਆ,
ਐਸਾ ਪਿੰਡ ਹੋਵੇ ਹਰ ਪਾਸੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2509)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)