“ਇਮੀਊਨਟੀ ਲਈ ਸੰਤੁਲਿਤ ਖੁਰਾਕ ਅਹਿਮ ਹੈ, ਪਰ ਨਾਲ ਹੀ ਤਣਾਅ ਪੂਰਨ ਮਾਹੌਲ, ਸਮਾਜਿਕ ...”
(5 ਸਤੰਬਰ 2021)
ਕਰੋਨਾ ਮਹਾਂਮਾਰੀ ਨੂੰ ਦੋ ਸਾਲ ਹੋ ਜਾਣਗੇ, ਕੁਝ ਮਹੀਨਿਆਂ ਬਾਅਦ। ਦੂਸਰੀ ਲਹਿਰ ਆਪਣੇ ਜ਼ਖ਼ਮ ਛੱਡ ਕੇ ਨਿਕਲ ਗਈ ਹੈ। ਤੀਸਰੀ-ਚੌਥੀ ਲਹਿਰ ਦਾ ਅੰਦੇਸ਼ਾ ਜਿਤਾਇਆ ਜਾ ਰਿਹਾ ਹੈ। ਇਹਨਾਂ ਦੇ ਕੀ ਪ੍ਰਭਾਵ ਹੋਣਗੇ, ਅਜੇ ਤਕ ਸਪਸ਼ਟ ਨਹੀਂ ਹੈ। ਵਾਇਰਸ ਦੀ ਆਪਣੀ ਖਾਸੀਅਤ, ਉਸਦਾ ਰੂਪ ਬਦਲਣਾ, ਕਰੋਨਾ ਦੇ ਵੈਰੀਐਂਟ, ਜਿਨ੍ਹਾਂ ਦੇ ਹੁਣ ਨਾਂ ਦੇਸ਼ਾਂ ਦੀ ਬਜਾਏ, ਅਲਫਾ, ਬੇਟਾ, ਗਾਮਾ ਰੱਖੇ ਗਏ ਹਨ ਤੇ ਹੁਣ ਡੈਲਟਾ ਪਲੱਸ ਬਾਰੇ ਚਰਚੇ ਹਨ। ਇਹ ਗੱਲ ਸਾਰੇ ਜਾਣਦੇ ਹਨ ਤੇ ਮਹਾਂਮਾਰੀ ਨੇ ਲੋਕਾਂ ਤਕ ਸੁਨੇਹਾ ਵੀ ਪਹੁੰਚਾਇਆ ਹੈ ਕਿ ਵਾਇਰਸ ਜਾਂ ਅਜਿਹੇ ਹੋਰ ਸੂਖ਼ਮ ਜੀਵ ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਉਹ ਮੁੱਕ ਨਹੀਂ ਜਾਣੇ। ਸਾਨੂੰ ਹੀ ਉਨ੍ਹਾਂ ਨਾਲ ਰਹਿਣਾ ਸਿੱਖਣਾ ਪਵੇਗਾ। ਮਤਲਬ ਕਿ ਸਾਨੂੰ ਆਪਣੀ ਜੀਵਨ ਸ਼ੈਲੀ ਕੁਦਰਤ ਦੇ ਹਾਣ ਦੀ ਬਣਾਉਣੀ ਪਵੇਗੀ।
ਕਰੋਨਾ ਮਹਾਂਮਾਰੀ ਨਾਲ ਪੂਰੀ ਦੁਨੀਆਂ ਪ੍ਰਭਾਵਿਤ ਹੋਈ ਹੈ। ਪੈਸਫਿਕ ਆਇਸਲੈਂਡ ਦੇ ਸਿਰਫ਼ ਗਿਆਰਾਂ ਦੇਸ਼, ਬਿਲਕੁਲ ਹੀ ਅਲੱਗ ਟਾਪੂ, ਜਿਨ੍ਹਾਂ ਦਾ ਦੁਨੀਆਂ ਨਾਲ ਬਹੁਤ ਘੱਟ ਸੰਪਰਕ ਹੈ, ਉਨ੍ਹਾਂ ਨੇ ਇਹ ਮਹਾਂਮਾਰੀ ਦੌਰਾਨ, ਉਹ ਵੀ ਬੰਦ ਕਰ ਦਿੱਤਾ, ਤਾਂ ਹੀ ਬਚੇ ਰਹੇ। ਹੁਣ ਤਕ ਦੁਨੀਆਂ ਭਰ ਵਿੱਚ 19 ਕਰੋੜ ਕੇਸ ਅਤੇ 41 ਲੱਖ ਮੌਤਾਂ ਹੋਈਆਂ ਹਨ ਤੇ ਸਾਡੇ ਮੁਲਕ ਵਿੱਚ ਸਵਾ ਤਿੰਨ ਕਰੋੜ ਦੇ ਕਰੀਬ ਕੇਸ ਅਤੇ ਤਕਰੀਬਨ ਚਾਰ ਲੱਖ ਮੌਤਾਂ ਹੋਈਆਂ ਹਨ। ਇਸਦੇ ਨਾਲ ਹੀ ਮਹਾਂਮਾਰੀ ਦੇ ਚਹੁੰ ਤਰਫ਼ੇ ਪ੍ਰਭਾਵ ਤਹਿਤ ਲੱਖਾਂ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ ਤੇ ਕਰੋੜਾਂ ਲੋਕਾਂ ਦੀ ਦਿਹਾੜੀ ’ਤੇ ਸੱਟ ਵੱਜੀ ਹੈ। ਇਸਦੇ ਨਾਲ ਹੀ ਅਨੇਕਾਂ ਲੋਕਾਂ ਨੇ ਮਾਨਸਿਕ ਪੀੜਾਂ ਵਿੱਚ ਦਿਨ ਲੰਘਾਏ ਹਨ। ਜਿਸ ਬਿਮਾਰੀ ਨੇ ਇੰਨਾ ਵੱਡਾ ਨੁਕਸਾਨ ਕੀਤਾ ਹੋਵੇ, ਕੀ ਅਸੀਂ ਉਸ ਤੋਂ ਕੁਝ ਸਿੱਖ ਸਕਦੇ ਹਾਂ? ਇਹ ਸਵਾਲ ਇੱਕ ਆਮ ਆਦਮੀ ਦੇ ਜ਼ਹਿਨ ਵਿੱਚ ਉੱਠਣਾ ਲਾਜ਼ਮੀ ਹੈ ਕਿਉਂ ਜੋ ਸਾਡੀ ਸਿਖਲਾਈ ਹੈ ਕਿ ਚੰਗੇ ਵਿਅਕਤੀਤਵ ਤੋਂ ਹੀ ਕੁਝ ਸਿੱਖਿਆ ਜਾਂਦਾ ਹੈ।
ਪਰ ਇਤਿਹਾਸਕ ਤਜਰਬਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵਿਅਕਤੀ ਆਪਣੀਆਂ ਅਸਫਲਤਾਵਾਂ ਤੋਂ ਵੱਧ ਸਿੱਖਦਾ ਹੈ। ਜਿੱਤ ਕੇ ਸਗੋਂ ਆਦਮੀ ਅਵੇਸਲਾ ਹੋ ਜਾਂਦਾ ਹੈ। ਦੂਸਰੇ ਪਾਸੇ ਹਾਰ ਵੀ ਆਦਮੀ ਨੂੰ ਨਿਰਾਸ਼ਾ ਵਿੱਚ ਲੈ ਜਾਂਦੀ ਹੈ। ਪਰ ਇੱਕ ਕਹਾਵਤ ਹੈ ਕਿ ਅਸਫਲਤਾ, ਜਿੱਤ ਦੀ ਪੌੜੀ ਹੁੰਦੀ ਹੈ। ਪਰ ਇਹ ਕਹਾਵਤ ਪੂਰੀ ਤਾਂ ਹੁੰਦੀ ਹੈ ਜੇਕਰ ਅਸੀਂ ਆਪਣੀਆਂ ਨਾਕਾਮੀਆਂ ਤੋਂ ਸਬਕ ਸਿੱਖੀਏ।
ਕਰੋਨਾ ਬਿਮਾਰੀ ਨੂੰ ਲੈ ਕੇ, ਸਿਹਤ ਵਿਵਸਥਾ, ਆਰਥਿਕਤਾ, ਰਾਜਨੀਤਿਕ ਸੂਝ ਅਤੇ ਮਾਨਸਿਕ ਪ੍ਰੇਸ਼ਾਨੀਆਂ ਦੇ ਸਾਨੂੰ ਕਿਵੇਂ ਨਵੇਂ ਪਹਿਲੂਆਂ ਦੇ ਰੂ-ਬਰੂ ਕੀਤਾ ਹੈ, ਇਨ੍ਹਾਂ ਸਾਰੇ ਪਹਿਲੂਆਂ ਤੋਂ ਸਬਕ ਸਿੱਖੇ ਜਾ ਦਕਦੇ ਹਨ।
ਸਿਹਤ ਵਿਵਸਥਾ ਲਈ ਸਬਕ:
ਕਰੋਨਾ ਬਿਮਾਰੀ/ਮਹਾਂਮਾਰੀ ਇੱਕ ਸਰੀਰਿਕ ਬਿਮਾਰੀ/ਹਾਲਤ ਬਣ ਕੇ ਸਾਡੇ ਸਾਹਮਣੇ ਆਈ ਹੈ। ਮੁੱਖ ਤੌਰ ’ਤੇ ਇਸ ਨੇ ਸਰੀਰ ਦੀ ਸਾਹ-ਪ੍ਰਣਾਲੀ ਨੂੰ ਨਿਸ਼ਾਨਾ ਬਣਾਇਆ ਤੇ ਜਿੰਨੀ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ, ਉਸੇ ਅਨੁਪਾਤ ਵਿੱਚ ਇਲਾਜ ਦੀ ਲੋੜ ਵੀ ਸਾਹਮਣੇ ਆਈ। ਇਸ ਸਾਰੀ ਸਥਿਤੀ ਵਿੱਚ ਅਸੀਂ ਚੰਗੀ ਤਰ੍ਹਾਂ ਦੇਖਿਆ ਕਿ ਭਾਵੇਂ ਪਹਿਲੀ ਲਹਿਰ ਦੀ ਆਮਦ ਸੀ ਜਾਂ ਦੂਸਰੀ ਲਹਿਰ, ਸਿਹਤ ਵਿਵਸਥਾ ਚਰਮਰਾਈ ਹੋਈ ਨਜ਼ਰ ਆਈ। ਇੱਥੋਂ ਤਕ ਵੀ ਗੱਲ ਕਹੀ ਗਈ ਕਿ ਵਿਵਸਥਾ ਹੈ ਹੀ ਨਹੀਂ। ਜੇਕਰ ਦੇਸ਼ ਦੀ ਸਿਹਤ ਵਿਵਸਥਾ ਨੂੰ ਸਮਝਣਾ ਹੋਵੇ ਤਾਂ ਦੇਸ਼ ਦੇ ਸਲਾਨਾ ਬਜਟ ਵਿੱਚ ਸਿਹਤ ਲਈ ਰੱਖੇ ਗਏ ਹਿੱਸੇ ਤੋਂ ਅੰਦਾਜ਼ਾ ਲਗਾ ਸਕਦੇ ਹਾਂ, ਜੋ ਕਿ ਕਦੇ ਵੀ ਦੋ ਫੀਸਦੀ ਨਹੀਂ ਹੋਇਆ। ਇਹ ਘੱਟੋ-ਘੱਟ ਛੇ ਫੀਸਦੀ ਚਾਹੀਦਾ ਹੈ। ਇਸ ਨਾਲ ਹੀ ਹਸਪਤਾਲ, ਬੈੱਡ, ਆਕਸੀਜਨ, ਡਾਕਟਰ, ਨਰਸਾਂ ਅਤੇ ਹੋਰ ਅਮਲਾ ਕਾਰਜਸ਼ੀਲ ਹੋ ਸਕੇਗਾ ਤੇ ਲੋੜੀਂਦੀਆਂ ਸਿਹਤ ਸਹੂਲਤਾਂ ਮੁਹਈਆ ਕਰਵਾ ਸਕੇਗਾ। ਦੇਸ਼ ਦੀਆਂ ਜ਼ਰੂਰਤਾਂ ਵਿੱਚ ਸਿਹਤ ਕਦੇ ਵੀ ਤਰਜੀਹ ’ਤੇ ਨਹੀਂ ਰਹੀ। ਇਸਦਾ ਅੰਦਾਜ਼ਾ ਸਾਡੇ ਦੇਸ਼ ਵਿੱਚ ਪਬਲਿਕ ਸਿਹਤ ਦੇ ਖੇਤਰ ਵਿੱਚ ਹੋ ਰਹੇ ਕੰਮਾਂ, ਚਾਹੇ ਮਰੀਜ਼ਾਂ ਦੀ ਪਹੁੰਚ ਤੇ ਚਾਹੇ ਦਾਖਲੇ ਲਈ ਆਏ ਮਰੀਜ਼ਾਂ ਤੋਂ ਲੱਗ ਸਕਦਾ ਹੈ।
ਚਰਮਰਾਈ ਸਿਹਤ ਵਿਵਸਥਾ ਦੇ ਨਤੀਜੇ ਨਾਲ ਹੀ ਦੇਸ਼ ਨੇ ਇੰਨੀ ਵੱਡੀ ਤਬਾਹੀ ਦੇਖੀ। ਸਾਰੇ ਹੀ ਜਾਣੂ ਹਨ ਕਿ ਪਹਿਲੀ ਲਹਿਰ ਵੇਲੇ ਸਾਡੇ ਕੋਲ ਲੋੜੀਂਦੀਆਂ ਪੀ.ਪੀ.ਈ. ਕਿੱਟਾਂ ਵੀ ਨਹੀਂ ਸਨ ਤੇ ਦੂਸਰੀ ਲਹਿਰ ਵਿੱਚ ਹਸਪਤਾਲ ਦੀ ਮੁੱਖ ਲੋੜ, ਆਕਸੀਜਨ ਦੀ ਵੱਡੇ ਪੱਧਰ ’ਤੇ ਘਾਟ ਨਜ਼ਰ ਆਈ।
ਦੇਸ਼ ਦੇ ਵਿਗਿਆਨਕ ਨਜ਼ਰੀਏ ਦੇ ਪੱਖ ਤੋਂ ਸਬਕ:
ਵਾਇਰਸ ਨਾਲ ਹੋਣ ਵਾਲੀ ਬਿਮਾਰੀ, ਵਾਇਰਸ ਦੀ ਸ਼ਕਲ ਤਕ ਸਭ ਨੂੰ ਪਤਾ ਹੈ। ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ, ਜਿਸ ਲਈ ਦਵਾਈਆਂ, ਹਸਪਤਾਲ, ਵੈਂਟੀਲੇਟਰ, ਆਕਸੀਜਨ ਦੀ ਲੋੜ ਹੈ, ਦੇਸ਼ ਨੇ ਕਿਸ ਤਰੀਕੇ ਨਾਲ ਨਿਪਟਿਆ? ਬਿਮਾਰੀ ਦੀ ਸ਼ੁਰੂਆਤ ਤੋਂ ਹੀ ਕਿੰਨੇ ਗੈਰ-ਵਿਗਿਆਨਕ ਤਜਰਬੇ ਦੇ ਕਾਰੇ ਹੋਏ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਖ਼ੁਦ ਅੱਗੇ ਆ ਕੇ ਇਸ ਵਿੱਚ ਹਿੱਸਾ ਲਿਆ, ਫਿਰ ਗਾਂ-ਮੂਤਰ ਅਤੇ ਗੋਬਰ ਨੂੰ ਮਾਨਤਾ ਮਿਲ ਹੀ ਜਾਂਦੀ ਹੈ।
ਸੰਵਿਧਾਨ ਦੀ ਧਾਰਾ 51ਏ ਦੀ ਮੱਦ ਐੱਚ ਵਿੱਚ, ਦੇਸ਼ ਅੰਦਰ ਵਿਗਿਆਨਕ ਨਜ਼ਰੀਆ ਵਿਕਸਤ ਕਰਨ ਦੀ ਜ਼ਿੰਮੇਵਾਰੀ ਬਾਰੇ ਦਰਜ ਕੀਤਾ ਗਿਆ ਹੈ, ਜੋ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਅਤੇ ਦੇਸ਼ ਦੇ ਨੇਤਾਵਾਂ ਦੇ ਵਿਵਹਾਰ ਵਿੱਚੋਂ ਝਲਕਣੀ ਚਾਹੀਦੀ ਹੈ। ਆਪਾਂ ਦੇਖ ਰਹੇ ਹਾਂ ਕਿ ਵਿਗਿਆਨ ਸੰਬੰਧਤ ਕਾਰਜਾਂ, ਦੇਸ਼ ਦੀ ਰੱਖਿਆ ਲਈ ਇਸਤੇਮਾਲ ਹੋਣ ਵਾਲੇ ਹਵਾਈ ਜਹਾਜ਼ਾਂ ਦੇ ਪ੍ਰਵੇਸ਼-ਉਦਘਾਟਨ ਸਮੇਂ ਨਾਰੀਅਲ ਤੋੜੇ ਜਾ ਰਹੇ ਹਨ ਜਾਂ ਨਿੰਬੂ-ਮਿਰਚ ਵਾਲਾ ਟੂਣਾ ਕੀਤਾ ਜਾ ਰਿਹਾ ਹੈ। ਇਸ ਸਾਰੀ ਸਥਿਤੀ ਨੂੰ ਇਸ ਪਹਿਲੂ ਤੋਂ ਹੀ ਸਮਝ ਸਕਦੇ ਹਾਂ ਕਿ ਮੈਡੀਕਲ ਵਿਭਾਗ ਨਾਲ ਜੁੜੀ ਸਮੱਸਿਆ ਨੂੰ ਨੇਤਾਵਾਂ ਅਤੇ ਅਫਸ਼ਾਹੀ ਨੇ ਵੱਧ ਸੰਭਾਲਿਆ ਹੈ।
ਲੋਕਡਾਊਨ ਦੇ 21 ਦਿਨ, ਛੇ ਫੁੱਟ ਦੂਰੀ, ਦੋ ਹਫ਼ਤੇ ਦਾ ਇਕਾਂਤਵਾਸ, ਵੈਕਸੀਨ ਜਾਂ ਹੋਰ ਦਵਾਈਆਂ, ਸਭ ਦਾ ਵਿਗਿਆਨਕ ਅਧਾਰ ਹੈ ਤੇ ਉਸ ਨੂੰ ਲੋਕਾਂ ਦੀ ਸਮਝ ਦਾ ਹਿੱਸਾ ਨਹੀਂ ਬਣਾਇਆ ਗਿਆ। ਜੇਕਰ ਉਸ ਬਾਰੇ, ਇਸ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਕੰਮ ਹੁੰਦਾ ਤਾਂ ਸਥਿਤੀ ਵੀ ਕਈ ਗੁਣਾਂ ਵਧੀਆ ਹੁੰਦੀ।
ਰਾਜਨੀਤਿਕ ਵਿਵਸਥਾ ਲਈ ਸਬਕ:
ਕਰੋਨਾ ਬਿਮਾਰੀ ਤਾਂ 2020 ਵਿੱਚ ਸਾਡੇ ਦੇਸ਼ ਵਿੱਚ ਪਹੁੰਚੀ ਹੈ। ਸਿਹਤ ਵਿਵਸਥਾ ਨੂੰ ਲੈ ਕੇ, ਉਸ ਨੂੰ ਬਿਹਤਰ ਬਣਾਉਣ ਲਈ 1946 ਦੀ ਇੱਕ ਰਿਪੋਰਟ, ਸਰ ਜਾਰਜ ਭੌਰ ਦੀ ਸਾਡੀ ਸੇਧ ਬਣਦੀ ਰਹੀ ਹੈ। ਸਾਲ 1986 ਵਿੱਚ ਦੇਸ਼ ਨੇ ਰਾਸ਼ਟਰੀ ਸਿਹਤ ਨੀਤੀ ਬਣਾਈ। ਮੌਜੂਦਾ ਸਰਕਾਰ ਦੌਰਾਨ 2017 ਵਿੱਚ ਇਸ ਨੂੰ ਸੋਧਿਆ ਗਿਆ। ਇਹ ਸਿਹਤ ਨੀਤੀ ਆਪਣੇ ਆਪ ਵਿੱਚ ਦੇਸ਼ ਦੀ ਸਿਹਤ ਪ੍ਰਤੀ ਜ਼ਿੰਮੇਵਾਰੀ ਦੀ ਅਸਲੀਅਤ ਨੂੰ ਉਜਾਗਰ ਕਰਦੀ ਹੈ। ਇਸ ਨੀਤੀ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਨਿੱਜੀ ਸਿਹਤ ਖੇਤਰਾਂ ਵੱਲ ਝੁਕਾਅ ਹੈ। ਉਨ੍ਹਾਂ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ। ਫੋਰਟਿਸ, ਮੈਕਸ, ਆਈ ਵੀ ਵੱਡੀ ਗਿਣਤੀ ਵਿੱਚ ਅਤੇ ਬੜੀ ਤੇਜ਼ੀ ਨਾਲ ਅੱਗੇ ਆ ਰਹੇ ਹਨ। ਇਸਦਾ ਇੱਕ ਹੋਰ ਪਹਿਲੂ ਹੈ, ਸਿਹਤ ਬੀਮਾ ਭਾਵੇਂ ਆਯੂਸ਼ਮਾਨ ਭਾਰਤ ਦੇ ਨਾਂ ਨਾਲ ਸਰਕਾਰੀ ਮੋਹਰ ਲੱਗੀ ਹੈ, ਪਰ ਅਸਿੱਧੇ ਤਰੀਕੇ ਨਾਲ ਇਹ ਨਿੱਜੀ ਹਸਪਤਾਲਾਂ ਅਤੇ ਨਿੱਜੀ ਬੀਮਾ ਕੰਪਨੀਆਂ ਦਾ ਹੀ ਘੇਰਾ ਹੈ। ਕਰੋਨਾ ਦੌਰਾਨ, ਨਿੱਜੀ ਹਸਪਤਾਲਾਂ ਨੇ ਮਾਮੂਲੀ ਜਾਂ ਬਿਨਾਂ ਲੱਛਣਾਂ ਵਾਲੇ ਪੌਜ਼ੇਟਿਵ ਕੇਸਾਂ ਰਾਹੀਂ ਆਪਣੀ ਕਾਫ਼ੀ ਭਰਪਾਈ ਕੀਤੀ ਹੈ।
ਰਾਜਨੀਤੀ, ਦੇਸ਼ ਦੀ ਸੱਤਾ, ਲੋਕਾਂ ਦੀ ਚੰਗੀ ਸਿਹਤ ਪ੍ਰਤੀ ਪ੍ਰਤੀਬੱਧ ਹੁੰਦੀ ਹੈ/ ਹੋਣੀ ਚਾਹੀਦੀ ਹੈ। ਅਸੀਂ ਦੇਖਿਆ ਅਤੇ ਭੁਗਤਿਆ ਹੈ ਕਿ ਦੇਸ਼ ਦੀਆਂ ਯੋਜਨਾਵਾਂ ਹੀ ਭੰਬਲਭੂਸੇ ਦਾ ਸ਼ਿਕਾਰ ਸਨ। ਕਹਿਣਾ ਕੁਝ ਤੇ ਕਰਨਾ ਕੁਝ। ਇੱਕ ਪਾਸੇ ਸਖ਼ਤਾਈ ਦੇ ਆਦੇਸ਼ ਤੇ ਖ਼ੁਦ ਚੋਣਾਂ ਵਿੱਚ ਪੂਰੀ ਖੁੱਲ੍ਹ ਨਾਲ ਭਾਗੇਦਾਰੀ। ਇਹ ਗੱਲ ਸਾਹਮਣੇ ਆਈ ਕਿ ਦੇਸ਼ ਦੇ ਵੱਡੇ ਨੇਤਾ ਖ਼ੁਦ ‘ਸੁਪਰ ਸਪਰੈਡਰ’ ਬਣੇ। ਰਾਜਨੀਤਿਕ ਲਾਹਾ ਲਿਆ ਗਿਆ। ਕਰੋਨਾ ਦੀ ਆੜ ਵਿੱਚ ਕਈ ਕਾਨੂੰਨ ਪਾਸ ਕੀਤੇ ਗਏ, ਜੋ ਵੈਸੇ ਮੁਸ਼ਕਲ ਨਾਲ ਪਾਸ ਹੋਣੇ ਸਨ। ਕਰੋਨਾ ਤਾਂ ਇੱਕ ਅਚਾਨਕ ਆ ਪਈ ਮਹਾਂਮਾਰੀ ਸੀ, ਪਰ ਸਿਹਤ ਵਿਵਸਥਾ ਦੀ ਮਜ਼ਬੂਤੀ ਅਤੇ ਸਭ ਲਈ ਸਿਹਤ ਦੀ ਫ਼ਿਕਰਮੰਦੀ ਵੈਸੇ ਵੀ ਰਜਨੀਤੀ ਦਾ ਮੁੱਖ ਕਾਰਜ ਹੋਣਾ ਚਾਹੀਦਾ ਹੈ। ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ, ਚੋਣਾਂ ਦੌਰਾਨ ਮੈਨੀਫੈਸਟੋ ਛਾਪਦੀਆਂ ਹਨ। ਇਹਨਾਂ ਵਾਅਦਾ-ਪੱਤਰਾਂ (ਮੈਨੀਫੈਸਟੋ) ਵਿੱਚ ਜੋ ਵਾਅਦੇ ਹੁੰਦੇ ਹਨ, ਉਹ ਸਿਰੇ ਨਹੀਂ ਚੜ੍ਹਦੇ। ਸਿਹਤ ਨੂੰ ਵੀ ਵੱਧ ਥਾਂ ਨਹੀਂ ਮਿਲਦੀ। ਦੂਸਰੇ ਪਾਸੇ ਅਸੀਂ ਵੀ ਸਵਾਲ ਨਹੀਂ ਕਰਦੇ ਕਿ ਵਾਅਦੇ ਕਿੱਥੇ ਗਏ?
ਦੇਸ਼ ਦੀ ਸਿਹਤ ਦਾ ਅਧਾਰ ਤੇ ਬਿਮਾਰੀ:
ਕਰੋਨਾ ਬਿਮਾਰੀ ਨੇ ਇੱਕ ਸਵਾਲ ਜੋ ਖੜ੍ਹਾ ਕੀਤਾ ਹੈ, ਉਹ ਹੈ ਵਿਅਕਤੀ ਦੀ ਸੁਰੱਖਿਆ ਪ੍ਰਣਾਲੀ ਦਾ। ਇਮੀਊਨ ਸਿਸਟਮ ਬਾਰੇ ਗੱਲ ਛਿੜੀ। ਇਮੀਊਨ ਸਿਸਟਮ ਦੀ ਮਜ਼ਬੂਤੀ ਨੂੰ ਕਰੋਨਾ ਨਾਲ ਜੋੜਿਆ ਗਿਆ। ਇਮੀਊਨ ਸਿਸਟਮ ਦੀ ਮਜ਼ਬੂਤੀ ਲਈ ਸਭ ਤੋਂ ਅਹਿਮ ਹੈ ਲੋਕਾਂ ਦੀ ਸੰਤੁਲਿਤ ਖੁਰਾਕ। ਜੇਕਰ ਇਸ ਪੱਖ ਨੂੰ ਦੇਖੀਏ ਤਾਂ ਭੁੱਖਮਰੀ ਦੇ ਪੈਮਾਨੇ ਤੇ ਸਾਡਾ ਦੇਸ਼ ਦੁਨੀਆਂ ਵਿੱਚ 102 ਵੇਂ ਨੰਬਰ ’ਤੇ ਹੈ। ਬੱਚਿਆਂ ਦਾ ਕੁਪੋਸ਼ਣ, ਔਰਤਾਂ ਵਿੱਚ ਖੂਨ ਦੀ ਘਾਟ (ਅਨੀਮੀਆ) ਦੀ ਹਾਲਤ ਸ਼ਰਮਨਾਕ ਹਾਲਤ ਤਕ ਬਹੁਤ ਥੱਲੇ ਹੈ। ਅੱਧੀਆਂ ਔਰਤਾਂ ਅਤੇ ਤਕਰੀਬਨ ਅੱਧੇ ਬੱਚੇ ਇਸ ਮੰਦਹਾਲੀ ਸਥਿਤੀ ਵਿੱਚ ਹਨ। ਦਵਾਈਆਂ ਦੀ ਗੱਲ ਜਦੋਂ ਆਉਂਦੀ ਹੈ, ਉਦੋਂ ਵਿਅਕਤੀ ਬਿਮਾਰ ਹੁੰਦਾ ਹੈ। ਪਰ ਰੋਟੀ ਦੀ ਗੱਲ ਤਾਂ ਰੋਜ਼ਮਰ੍ਹਾ ਦਾ ਮਸਲਾ ਹੈ।
ਇਸ ਤਰੀਕੇ ਨਾਲ ਆਰਥਿਕ ਅਤੇ ਮਾਨਸਿਕ ਹਾਲਤ ਨੂੰ ਲੈ ਕੇ ਗੱਲ ਹੋ ਸਕਦੀ ਹੈ ਤੇ ਕਈ ਸਬਕ ਲੈਣੇ ਬਣਦੇ ਹਨ।
ਕੁਝ ਸਬਕ ਜੋ ਸਪਸ਼ਟ ਹਨ:
ਸਿਹਤ ਉੱਤੇ ਸਭ ਕੁਝ ਨਿਰਭਰ ਕਰਦਾ ਹੈ, ਜੋ ਕਿ ਦੇਸ਼ ਦੀ ਤਰਜੀਹ ਨਹੀਂ ਹੈ। ਤਕਰੀਬਨ 75 ਫੀਸਦੀ ਲੋਕ ਆਪਣੀ ਬਿਮਾਰੀ ਲਈ ਜੇਬੋਂ ਪੈਸਾ ਖਰਚਦੇ ਹਨ।
ਸਿਹਤ ਬੀਮਾ ਹੈ, ਪਰ ਉਸ ਦਾ ਸਰੂਪ ਇਹ ਹੈ ਕਿ ਪਹਿਲਾਂ ਇਸ ਹੱਦ ਤਕ ਬਿਮਾਰ ਹੋਵੋ ਕਿ ਕਿਸੇ ਹਸਪਤਾਲ ਵਿੱਚ ਦਾਖਲੇ ਦੀ ਲੋੜ ਪਵੇ।
ਸਿਹਤ ਸਿੱਖਿਆ-ਬਿਮਾਰੀ ਦੇ ਬਚਾ ਲਈ ਜ਼ਰੂਰੀ ਹੈ। ਸਿੱਖਿਆ ਦੀ ਗੱਲ ਵੱਖਰੇ ਤੌਰ ’ਤੇ ਕਰੀਏ ਤਾਂ ਉਹ ਇੱਕ ਵਧੀਆ ਕਾਮਾ ਦਿੰਦੀ ਹੈ ਤੇ ਸਿਹਤਮੰਦ ਵਿਅਕਤੀ ਕਾਰਜ ਵੀ ਵੱਧ ਕਰਦਾ ਹੈ।
ਇਮੀਊਨਟੀ ਲਈ ਸੰਤੁਲਿਤ ਖੁਰਾਕ ਅਹਿਮ ਹੈ, ਪਰ ਨਾਲ ਹੀ ਤਣਾਅ ਪੂਰਨ ਮਾਹੌਲ, ਸਮਾਜਿਕ ਸੁਰੱਖਿਆ ਤੇ ਸਹਾਰਾ ਵੀ ਇਮਿਊਨਟੀ ਲਈ ਜ਼ਰੂਰੀ ਹਨ।
ਕਰੋਨਾ ਮਹਾਂਮਾਰੀ ਨੇ ਜਿੱਥੇ ਲੋਕਾਂ ਦੇ ਸਰੀਰ-ਮਨ ਵਲੂੰਧਰੇ ਹਨ, ਉੱਥੇ ਮਨੁੱਖੀ ਫਿਤਰਤ ਦਾ ਉਹ ਰੂਪ ਵੀ ਉਜਾਗਰ ਕੀਤਾ ਹੈ, ਜਦੋਂ ਲੋਕ ਮੌਤ ਵਿੱਚ ਫਸੇ ਬੰਦੇ ਦੀ ਜੇਬੋਂ ਮੁਨਾਫ਼ਾ ਕਮਾਉਣੋਂ ਨਹੀਂ ਹਟਦੇ। ਇਹ ਭ੍ਰਿਸ਼ਟਾਚਾਰ, ਨਿੱਜੀ, ਵਿਅਕਤੀ ਵਿਸ਼ੇਸ਼ ’ਤੇ ਉਂਗਲ ਖੜ੍ਹੀ ਕਰਦਾ ਹੈ, ਪਰ ਇਹ ਦੇਸ਼ ਦੇ ਚਰਿੱਤਰ ਨੂੰ ਵੀ ਸਾਹਮਣੇ ਲਿਆਉਂਦਾ ਹੈ।
ਕਰੋਨਾ-ਲਹਿਰ ਦਰ ਲਹਿਰ, ਰਹੇਗੀ, ਹੌਲੀ-ਮੱਠੀ ਵੀ ਹੋਵੇਗੀ, ਕੇਸ ਘਟਦੇ ਵਧਦੇ ਰਹਿਣਗੇ। ਵਾਇਰਸ ਨਾਂ ਬਦਲ ਬਦਲ ਕੇ ਆਵੇਗਾ ਜਾਂ ਅਸੀਂ ਉਸ ਦਾ ਨਾਂ ਬਦਲ ਬਦਲ ਕੇ ਉਸਦਾ ਵਿਸ਼ਲੇਸ਼ਣ ਕਰਦੇ ਰਹਾਂਗੇ।
ਗੱਲ ਇੱਕ ਵਾਰੀ ਵਿੱਚ ਆਪਣੀ ਜੀਵਨ ਸ਼ੈਲੀ ਨੂੰ ਸਮਝਣ, ਆਪਣੀ ਕੁਦਰਤ ਨਾਲ ਜੁੜਨ, ਕੁਦਰਤ ਅਤੇ ਵਾਇਰਸ ਨਾਲ ਆਪਣਾ ਰਿਸ਼ਤਾ ਪਛਾਨਣ ਵਿੱਚ ਪਈ ਹੈ ਤੇ ਉਹੀ ਵੱਧ ਕਾਰਗਰ ਅਤੇ ਵੱਧ ਲੰਮੇ ਸਮੇਂ ਤਕ ਪ੍ਰਭਾਵ ਦੇਣ ਵਾਲੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2989)
(ਸਰੋਕਾਰ ਨਾਲ ਸੰਪਰਕ ਲਈ: