“ਮੈਂ ਆਪਣੀ ਤਕਰੀਬਨ ਸਾਰੀ ਨੌਕਰੀ ਮੈਡੀਕਲ ਕਾਲਜ ਵਿੱਚ ਕੀਤੀ ਹੈ, ਸਿਰਫ਼ ਤਿੰਨ ਸਾਲ ਹੀ ਪੇਂਡੂ ...”
(16 ਅਗਸਤ 2023)
ਇੱਕ ਰਾਤ ਮੈਨੂੰ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਪ੍ਰਧਾਨ ਨਾਟਕਕਾਰ ਕੇਵਲ ਧਾਲੀਵਾਲ ਦਾ ਫੋਨ ਆਇਆ। ਉਹ ਨਾਟਕ ਨੂੰ ਲੈ ਕੇ ਦੋ ਰੋਜ਼ਾ ਵਰਕਸ਼ਾਪ ਦੀ ਕਾਮਯਾਬੀ ਲਈ ਖੁਸ਼ਨੁਮਾ ਤਬੀਅਤ ਵਿੱਚ ਸੀ, ਜੋ ਮੈਨੂੰ ਮਹਿਸੂਸ ਹੋਇਆ। ਉਹ ਕਹਿਣ ਲੱਗੇ, “ਗਭਰੇਟ ਉਮਰ ਦੇ ਨਾਟਕ’ ਵਾਲੇ ਸੈਸ਼ਨ ਵਿੱਚ ਜੋ ਨੁਕਤੇ ਤੁਸੀਂ ਉਠਾਏ, ਉਹ ਬਹੁਤ ਸਾਰਥਕ ਸਨ, ਸਾਨੂੰ ਪੇਪਰ ਲੇਖਕ ਤੋਂ ਅਜਿਹੀਆਂ ਗੱਲਾਂ ਦੀ ਉਮੀਦ ਸੀ।”
ਮੈਂ ਬਤੌਰ ਮੈਂਬਰ ਵਿਰਸਾ ਅਤੇ ਆਪਣੀ ਸਾਹਿਤਕ ਦਿਲਚਸਪੀ ਕਾਰਨ ਉੱਥੇ ਸਰੋਤਾ ਸੀ। ਮੈਂ ਪਰਚੀ ਭੇਜ ਕੇ ਦੋ ਕੁ ਮਿੰਟ ਬੋਲਣ ਦਾ ਸਮਾਂ ਮੰਗਿਆ ਤੇ ਬੋਲਿਆ, ਇਸ ਉਮਰ ਦੇ ਥਿਏਟਰ ਤੋਂ ਮੇਰੀ ਆਸ ਮੁਤਾਬਕ, ਇਸ ਉਮਰ ਨੂੰ ਲੈ ਕੇ, ਇਸ ਵਰਗ ਦੀਆਂ ਉਲਝਣਾਂ ਨੂੰ ਉਭਾਰਦਾ ਨਾਟਕ ਲੇਖਣ, ਬਾਰੇ ਗੱਲ ਕਰਨ ਦੀ ਲੋੜ ਸੀ। ਮੈਂ ਇਸ ਲਈ ਇਹ ਕਹਿ ਰਿਹਾ ਸੀ ਕਿ ਗਭਰੇਟ ਉਮਰ ’ਤੇ ਮੇਰੀ ਕਿਤਾਬ ਹੈ, ‘ਜਵਾਨ ਹੋ ਰਹੇ ਧੀਆਂ ਪੁੱਤ’ ਅਤੇ ਇਸੇ ਉਮਰ ਦੀਆਂ ਸੈਕਸ ਸਬੰਧੀ ਸਮੱਸਿਆ ਨੂੰ ਲੈ ਕੇ ਵੀ ਇੱਕ ਪੁਸਤਕ ਹੈ ਅਤੇ ਇਸੇ ਤਰ੍ਹਾਂ ਨੌਜਵਾਨ ਅਤੇ ਨਸ਼ੇ ਬਾਰੇ ਵੀ।
ਕੇਵਲ ਜੀ ਦਾ ਮੈਂ ਧੰਨਵਾਦ ਕੀਤਾ ਤਾਂ ਉਨ੍ਹਾਂ ਨੇ ਅੱਗੋਂ ਕਿਹਾ, ਤੁਹਾਡੇ ਕੋਲ ਵਧੀਆ ਵਿਚਾਰ ਨੇ, ਮੈਂ ਚਾਹਾਂਗਾ ਕਿ ਤੁਸੀਂ ਹੀ ਇੱਕ ਨਾਟਕ ਲਿਖੋ। ਉਨ੍ਹਾਂ ਨੂੰ ਪਤਾ ਸੀ, ਮੈਂ ਪਹਿਲਾਂ ਇੱਕ ਨਾਟਕ ਲਿਖਿਆ ਸੀ, ‘ਅਸੀਂ ਸਮੁੰਦਰ ਹਾਂ’ ਜੋ ਉਨ੍ਹਾਂ ਨੂੰ ਠੀਕ ਲੱਗਿਆ ਸੀ ਤੇ ਮੈਂ ਆਦਤਨ ਉਸ ਤਜਵੀਜ਼ ’ਤੇ ਕੰਮ ਸ਼ੁਰੂ ਕਰ ਦਿੱਤਾ। ਮੈਨੂੰ ਯਾਦ ਹੈ ਇੱਕ ਵਾਰੀ ਮੈਂ ਤੇ ਖੇਮਕਰਨੀ ਕਿਸੇ ਸਮਾਗਮ ’ਤੇ ਇਕੱਠੇ ਜਾ ਰਹੇ ਸੀ। ਉਨ੍ਹਾਂ ਦੀ ਪ੍ਰਿੰਸੀਪਲ ਬੇਟੀ ਦਾ ਫੋਨ ਆਇਆ, “ਪਾਪਾ! ਕੰਨਿਆ ਭਰੂਣ ਹੱਤਿਆ ਨੂੰ ਲੈ ਕੇ ਕੋਈ ਨਾਟਕ ਹੈ ਤੁਹਾਡੀ ਨਜ਼ਰ ਵਿੱਚ, ਬੱਚਿਆਂ ਨੂੰ ਤਿਆਰ ਕਰਵਾਉਣਾ ਹੈ। ਉਨ੍ਹਾਂ ਜਵਾਬ ਦਿੱਤਾ, ਮੇਰੇ ਧਿਆਨ ਵਿੱਚ ਤਾਂ ਨਹੀਂ ਡਾਕਟਰ ਦੀਪਤੀ ਨਾਲ ਬੈਠੇ ਨੇ, ਉਨ੍ਹਾਂ ਨੂੰ ਪੁੱਛਦਾ ਹਾਂ। ਮੈਨੂੰ ਪੁੱਛਿਆ ਤਾਂ ਮੈਂ ਕਿਹਾ, ਲਿਖ ਦਿੰਨੇ ਹਾਂ। ਤੇ ਲਿਖਿਆ ਵੀ ਗਿਆ, “ਮੈਂ ਕਿਉਂ ਧੀ ਜੰਮਾਂ।” ਤੇ ਕੇਵਲ ਹੋਰਾਂ ਦੇ ਸੁਝਾਅ ਨਾਲ ਵੀ ਨਾਟਕ ਬਣਿਆ, ‘ਸਵਾਲ ਦਰ ਸਵਾਲ’, ਕੇਵਲ ਨੇ ਨਾਟਕ ਪੜ੍ਹਿਆ, ਆਪਣੇ ਹਿਸਾਬ ਨਾਲ ਉਸ ਨੂੰ ਖੇਡਿਆ ਵੀ। ਨਾਟਕ ਕੋਈ ਚਾਲੀ ਕੁ ਮਿੰਟਾਂ ਦਾ ਬਣਿਆ। ਵਿਰਸਾ ਵਿਹਾਰ ਵਿੱਚ ਰਵਿੰਦਰ ਰਵੀ ਦੇ ਕਾਵਿ ਨਾਟਕ ਨਾਲ ਖੇਡਿਆ ਗਿਆ। ਦਰਸ਼ਕਾਂ ਨੇ ਖੂਬ ਤਾੜੀਆਂ ਨਾਲ ਸਵਾਗਤ ਕੀਤਾ।
ਇਸੇ ਤਰ੍ਹਾਂ ਇੱਕ ਵਾਰੀ ਮੈਂ ਨਿਉਜ਼ੀਲੈਂਡ ਗਿਆ। ਦੋ ਸਾਹਿਤਕ ਪ੍ਰੋਗਰਾਮਾਂ ਵਿੱਚ ਨਾਟਕ, ਗੀਤ ਤੇ ਵਿਚਾਰ ਚਰਚਾਵਾਂ ਸੀ। ਨੌਜਵਾਨਾਂ ਨੂੰ ਵੀ ਮਿਲਿਆ। ਨਾਟਕ ਮੰਡਲੀ ਦੇ ਮੈਂਬਰਾਂ ਨਾਲ ਗੱਲ ਹੋਈ ਤਾਂ ਮੈਂ ਆਪਣੇ ਦੋ ਕੁ ਨਾਟਕਾਂ ਦੀ ਗੱਲ ਕੀਤੀ ਤਾਂ ਕਹਿਣ ਲੱਗੇ, ਇੱਥੇ ਕਲਾਕਾਰ ਤਾਂ ਹਨ ਪਰ ਰਿਹਸਲ ਲਈ ਸਮਾਂ ਨਹੀਂ ਨਿਕਲਦਾ, ਖਾਸ ਕਰਕੇ ਪੂਰੀ ਟੀਮ ਦਾ। ਇਸ ਲਈ ਸੋਲੋ ਨਾਟਕ ਹੋਵੇ ਤਾਂ ਦੱਸੋ। ਨਾਲੇ ਨਸ਼ਿਆਂ ਨੂੰ ਲੈ ਕੇ ਨਾਟਕ ਦੀ ਲੋੜ ਸੀ। ਮੈਂ ਨਸ਼ੇ ਦੇ ਮੁੱਦੇ ’ਤੇ ਸੋਲੋ ਨਾਟਕ, ‘ਕਬਰਾਂ’ ਲਿਖਿਆ। ਉਹ ਵੀ ਵਿਰਸਾ ਵਿਹਾਰ ਵਿੱਚ ਕੇਵਲ ਹੋਰਾਂ ਦੇ ਕਲਾਕਾਰ ਨੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ।
ਇਹ ਤਿੰਨੋ ਨਾਟਕ ‘ਸਵਾਲ ਦਰ ਸਵਾਲ’, ‘ਕਬਰਾਂ’ ਅਤੇ ‘ਮੈਂ ਕਿਉਂ ਧੀ ਜੰਮਾਂ’, ਮੈਡੀਕਲ ਅਤੇ ਸਮਾਜਿਕ ਸਮੱਸਿਆ ਤਾਂ ਹੈ ਹੀ ਸੀ, ਪਰ ਨਾਲ ਹੀ ਨੌਜਵਾਨਾਂ ਨੂੰ ਵੀ ਸੰਬੋਧਿਤ ਸੀ। ਜਿਵੇਂ ਮੈਂ ਦੱਸਿਆ ਹੈ ਕਿ ਕਿਸ਼ੋਰ ਅਵਸਥਾ, ਗਭਰੇਟ ਉਮਰ ’ਤੇ ਕੁਝ ਨਿੱਠ ਕੇ ਕੰਮ ਕੀਤਾ ਹੈ ਤੇ ਲਿਖਿਆ ਵੀ ਹੈ।
ਇੱਕ ਗੱਲ ਮੈਂ ਅਕਸਰ ਕਹਿੰਦਾ ਹਾਂ। ਮੈਂ ਆਪਣੀ ਤਕਰੀਬਨ ਸਾਰੀ ਨੌਕਰੀ ਮੈਡੀਕਲ ਕਾਲਜ ਵਿੱਚ ਕੀਤੀ ਹੈ, ਸਿਰਫ਼ ਤਿੰਨ ਸਾਲ ਹੀ ਪੇਂਡੂ ਸਿਹਤ ਸੇਵਾਵਾਂ ਵਿੱਚ ਲਾਏ ਹਨ। ਜਦੋਂ ਮੈਂ 1988 ਵਿੱਚ ਸਰਕਾਰੀ ਮੈਡੀਕਲ ਕਾਲਜ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ, ਮੇਰੀ ਉਮਰ ਚੌਂਤੀ ਸਾਲ ਸੀ ਤੇ ਇੰਨੇ ਹੀ ਵਰ੍ਹੇ ਮੈਂ ਇੱਥੇ ਕੰਮ ਕਰਕੇ ਰਿਟਾਇਰ ਹੋਇਆ ਹਾਂ। ਮੇਰੇ ਕੋਲ ਸਤਾਰਾਂ ਸਾਲ ਦੀ ਉਮਰ ਦੇ ਵਿਦਿਆਰਥੀ ਦਾਖਲ ਹੁੰਦੇ ਤੇ ਇੱਕੀ ਸਾਲ ’ਤੇ ਕੋਰਸ ਕਰਕੇ ਨਿਕਲ ਜਾਂਦੇ। ਮੈਂ ਹੁਣ ਸੱਤਰ ਦਾ ਹੋਣ ਜਾ ਰਿਹਾ ਹਾਂ। ਪਰ ਅਹਿਸਾਸ ਉਹੀ ਹੈ, ਜੋ ਉਨ੍ਹਾਂ ਵਿੱਚ ਰਹਿ-ਵਿਚਰ ਕੇ ਜੀਵਿਆ ਹੈ। ਦੂਸਰੇ ਪਾਸੇ ਤਿੰਨ ਸਾਲ ਦੀ ਮਰੀਜ਼ਾਂ ਦੀ ਸੇਵਾ ਵਿੱਚ, ਸੱਤਰ-ਅੱਸੀ ਸਾਲ ਵਾਲੇ ਠੀਕ ਹੋ ਜਾਂਦੇ ਤਾਂ ਮੈਨੂੰ ਤੀਹ ਸਾਲ ਦੇ ਨੂੰ ਝੁਕ ਕੇ ਸੱਤ ਸ੍ਰੀ ਅਕਾਲ ਬੁਲਾਉਂਦੇ, ਕਈ ਗੋਡੀਂ ਹੱਥ ਲਾਉਣ ਤਕ ਜਾਂਦੇ।
ਲਿਖਣ ਦੀ ਆਦਤ, ਜੋ ਬਚਪਨ ਤੋਂ ਸ਼ੁਰੂ ਹੋਈ, ਘੱਟ ਜ਼ਰੂਰ ਹੋ ਜਾਂਦੀ, ਪਰ ਜਾਰੀ ਰਹੀ। ਮੈਂ ਮਹਿਕਮੇ ਦੇ ਪੱਧਰ ’ਤੇ ਵੀ ਉਹੋ ਜਿਹੇ ਕਾਰਜ ਉਲੀਕ ਲਏ। ਨੌਜਵਾਨਾਂ ਵਿੱਚ ਰਹਿਣਾ ਸੀ, ਵਿਦਿਆਰਥੀਆਂ ਵਿੱਚ, ਪਰ ਇੱਥੋਂ ਦਾ ਮਾਹੌਲ ਯੂਨੀਵਰਸਿਟੀਆਂ ਵਰਗਾ, ਦੋਸਤਾਨਾ, ਮਿਲ-ਬੈਠ ਕੇ ਚਰਚਾ ਕਰਨ ਦਾ ਨਹੀਂ ਹੈ। ਇੱਕ ਵਕਫਾ ਜਿਹਾ ਹੈ। ਉਹ ਠੀਕ ਹੈ ਕਿ ਰਹਿਣਾ ਚਾਹੀਦਾ ਹੈ, ਪਰ ਮੈਡੀਕਲ ਦਾ ਵਕਫ਼ਾ ਇੱਜ਼ਤ ਕਰਕੇ, ਵੱਡੇ ਹੋਣ ਕਰਕੇ ਘੱਟ ਹੁੰਦਾ ਹੈ, ਡਰ ਕਾਰਨ ਵੱਧ।
ਮੈਂ ਪਹਿਲੇ ਸਾਲ ਦਾਖਲ ਹੁੰਦੇ ਵਿਦਿਆਰਥੀਆਂ ਦਾ ਸਰਵੇਖਣ ਕਰਦਾ, ਸਤਾਰਾਂ ਸਾਲ ਦੇ ਬੱਚੇ, ਭਵਿੱਖ ਵਿੱਚ ਡਾਕਟਰ ਬਣਨ ਜਾ ਰਹੇ ਵਿਦਿਆਰਥੀ। ਦਸ ਕੁ ਸਵਾਲ ਹੁੰਦੇ। ਕਿਸ ਨੇ ਪ੍ਰੇਰਿਆ ਡਾਕਟਰ ਬਣਨ ਲਈ, ਅੱਗੋਂ ਕੀ ਬਣਨਾ ਹੈ, ਮਾਹਿਰ ਹੋਣ ਦਾ ਵਿਸ਼ਾ ਕੀ ਹੋਵੇਗਾ। ਪਰ ਮੁੱਖ ਤੌਰ ’ਤੇ ਜੋ ਮੇਰੀ ਦਿਲਚਸਪੀ ਦੇ ਸਵਾਲ ਹੁੰਦੇ ਕਿ ਤੁਹਾਡਾ ਰੋਲ ਮਾਡਲ ਕੌਣ ਹੈ? ਉਸ ਵਿੱਚ ਤੁਸੀਂ ਕੀ ਖੂਬੀਆਂ ਦੇਖਣ ਦੇ ਚਾਹਵਾਨ ਹੋ? ਇਨ੍ਹਾਂ ਸਵਾਲਾਂ ਦੇ ਜਵਾਬ ਦਾ ਵਿਸ਼ਲੇਸ਼ਣ ਕਰਦਾ ਤੇ ਉਹ ਕਈ ਅਹਿਮ ਪੱਖਾਂ ਨੂੰ ਉਭਾਰਦੇ।
ਦੋ ਕੁ ਸਿੱਟਿਆਂ ਦੇ ਬਾਰੇ ਤੁਹਾਡੇ ਨਾਲ ਚਰਚਾ ਕਰਦਾ ਹਾਂ। ਨੌਜਵਾਨਾਂ ਦੇ ਰੋਲ ਮਾਡਲ ’ਤੇ ਗੱਲ ਕਰਾਂ ਤਾਂ ਤਕਰੀਬਨ ਅੱਧੇ ਬੱਚਿਆਂ ਦੇ ਰੋਲ ਮਾਡਲ ਮਾਂ-ਪਿਉ ਨਹੀਂ ਹਨ। ਕੋਈ ਹੋਰ ਹਨ, ਕ੍ਰਿਕੇਟਰ, ਫਿਲਮੀ ਹਸਤੀਆਂ ਵਗੈਰਾ। ਇਹ ਵੀ ਠੀਕ ਕਿਹਾ ਜਾ ਸਕਦਾ ਹੈ, ਪਰ ਦੋ ਹੋਰ ਤੱਥ ਫ਼ਿਕਰਮੰਦੀ ਵਾਲੇ ਸੀ। ਇੱਕ ਤਾਂ ਇਹ ਕਿ ਅਧਿਆਪਕ ਕਿਸੇ ਦਾ ਰੋਲ ਮਾਡਲ ਨਹੀਂ ਸੀ ਤੇ ਦੂਸਰਾ ਤਕਰੀਬਨ ਇੱਕ ਚੌਥਾਈ ਵਿਦਿਆਰਥੀਆਂ ਦਾ ਕੋਈ ਵੀ ਰੋਲ ਮਾਡਲ ਨਹੀਂ ਸੀ। ਇਸਦੇ ਲਈ ਸੰਕੇਤ ਵੀ ਦਿੱਤੇ ਸੀ ਕਿ ਰੋਲ ਮਾਡਲ ਕਿਹੜੇ-ਕਿਹੜੇ ਹੋ ਸਕਦੇ ਹਨ।
ਇਹ ਰੋਲ ਮਾਡਲ ਬਾਰੇ ਜਾਨਣ ਦੀ ਇੱਛਾ ਇੰਨੀ ਹੋਈ ਕਿ ਅਨੇਕਾਂ ਅਦਾਰਿਆਂ ਵਿੱਚ ਜਾ ਕੇ ਇਹ ਕ੍ਰਿਆ ਦੁਹਰਾਈ। ਡਿਗਰੀ ਕਾਲਜ, ਨਰਸਿੰਗ ਕਾਲਜ, ਸਕੂਲਾਂ ਦੀਆਂ ਵੱਡੀਆਂ ਕਲਾਸਾਂ, ਗਿਆਰ੍ਹਵੀਂ-ਬਾਰ੍ਹਵੀਂ ਦੇ ਵਿਦਿਆਰਥੀ। ਮੈਡੀਕਲ ਕਾਲਜ ਵਿੱਚ ਅਧਿਆਪਕ ਦਾ ਰੋਲ ਮਾਡਲ ਨਾ ਹੋਣਾ, ਸਮਝ ਆਇਆ ਕਿ ਬੱਚੇ ਇੱਥੇ ਪਹੁੰਚਣ ਲਈ ਤਕਰੀਬਨ ਦੋ ਸਾਲ ਤਕ ਹਰ ਵਿਸ਼ੇ ਦੀ ਟਿਊਸ਼ਨ ਕਰਦੇ ਹਨ। ਲੱਖਾਂ ਰੁਪਏ ਖਰਚ ਹੁੰਦੇ ਹਨ। ਅਧਿਆਪਕ ਨਾਲ ਉਨ੍ਹਾਂ ਦਾ ਰਿਸ਼ਤਾ ਵਪਾਰਕ ਹੁੰਦਾ ਹੈ ਤੇ ਵਪਾਰੀ ਰੋਲ ਮਾਡਲ ਨਹੀਂ ਹੁੰਦਾ।
ਦੂਸਰਾ ਰੋਲ ਮਾਡਲ ਨਾ ਹੋਣਾ ਚਿੰਤਾਜਨਕ ਲੱਗਿਆ। ਉਨ੍ਹਾਂ ਨੂੰ ਰੋਲ ਮਾਡਲ ਵਿੱਚ ਚਾਹੀਦੇ ਦੋ ਗੁਣਾਂ ਦਾ ਜ਼ਿਕਰ ਕਰਨ ਬਾਰੇ ਕਿਹਾ। ਜਦੋਂ ਸਭ ਦਾ ਅਧਿਐਨ ਕੀਤਾ ਤਾਂ ਉਹ ਕਈ ਗੁਣ ਬਣ ਗਏ। ਪਰ ਮੁੱਖ ਤੌਰ ’ਤੇ ਮਿਹਨਤੀ, ਇਮਾਨਦਾਰੀ, ਸੇਵਾ-ਸੰਭਾਲ, ਪਰਵਾਹ, ਹਿੰਮਤ ਆਦਿ ਪ੍ਰਮੁੱਖ ਸੀ। ਸਿੱਟਾ ਇਹ ਹੋਇਆ ਕਿ ਉਨ੍ਹਾਂ ਨੌਜਵਾਨਾਂ ਵਿਦਿਆਰਥੀਆਂ ਨੂੰ ਅਜਿਹਾ ਕੋਈ ਸ਼ਖਸ ਨਜ਼ਰ ਨਹੀਂ ਆ ਰਿਹਾ ਸੀ ਜਿਸ ਵਿੱਚ ਇਹ ਗੁਣ ਹੋਣ। ਆਪਣੇ ਮਾਪੇ ਵੀ ਨਹੀਂ। ਝਾਤੀ ਮਾਰ ਕੇ ਦੇਖਿਆ ਜਾਵੇ ਤਾਂ ਇਹ ਸੱਚ ਹੈ, ਸਮਾਜਕ ਬਣਤਰ ’ਤੇ ਲੱਗ ਰਿਹਾ ਸਵਾਲੀਆ ਨਿਸ਼ਾਨ।
ਇਸੇ ਲੜੀ ਦਾ ਹੀ ਹਿੱਸਾ ਰਿਹਾ ਹੈ, ਨੌਜਵਾਨੀ ਅਤੇ ਨਸ਼ਿਆਂ ਦਾ ਰਿਸ਼ਤਾ, ਨੌਜਵਾਨਾਂ ਵਿੱਚ ਵਧ ਰਿਹਾ ਖੁਦਕੁਸ਼ੀ ਦਾ ਰੁਝਾਨ। ਨਸ਼ੇ ਸਿਆਸੀ ਮੁੱਦਾ ਬਣ ਰਹੇ ਹਨ।, ਚੋਣਾਂ ਵਿੱਚ ਹਾਰ-ਜਿੱਤ ਦੇ ਫੈਸਲੇ ਤਕ। ਉਸ ਵਿੱਚ ਸਿੱਖਿਆ ਅਤੇ ਬੇਰੋਜ਼ਗਾਰੀ ਵੀ ਅਹਿਮ ਹਨ ਤੇ ਪਰਵਾਸ ਵੀ। ਸਰਕਾਰ ਦੇ ਇਹ ਵਾਅਦੇ ਕਿੰਨੇ ਖੋਖਲੇ ਹਨ ਕਿ ਹੁਣ ਕੋਈ ਵਿਦੇਸ਼ ਨਹੀਂ ਜਾਵੇਗਾ, ਇਸ ‘ਰੰਗਲੇ ਪੰਜਾਬ’ ਵਿੱਚ ਵਿਦੇਸ਼ੀ ਆਉਣਗੇ, ਪੜ੍ਹਨ ਵੀ ਤੇ ਕੰਮ ਕਰਨ ਲਈ ਵੀ। ਲੋਕ ਰੋਜ਼ਗਾਰ ਪ੍ਰਾਪਤ ਕੀਤੇ ਪੱਤਰ ਸਾੜ ਰਹੇ ਹਨ।
ਨੌਜਵਾਨਾਂ ਵਿੱਚ ਰਿਹਾ ਹਾਂ, ਉਨ੍ਹਾਂ ਦਾ ਫ਼ਿਕਰ ਹਮੇਸ਼ਾ ਰਿਹਾ ਹੈ। ਕੋਈ ਕਹਿ ਸਕਦਾ ਹੈ, ਨਜ਼ਰ ਨਹੀਂ ਆਇਆ। ਸੜਕਾਂ ’ਤੇ ਨਜ਼ਰ ਨਹੀਂ ਆਇਆ, ਠੀਕ ਹੈ। ਕੋਈ ਨਾਅਰਾ ਨਹੀਂ ਦਿੱਤਾ, ਠੀਕ ਹੈ। ਲਗਾਤਾਰ ਲਿਖ ਰਿਹਾ ਹਾਂ, ਕਿੰਨਾ ਕੁ ਸਾਰਥਕ ਹੈ, ਇਹ ਵੀ ਨਹੀਂ ਜਾਣਦਾ। ਮੇਰੇ ਵਿਸ਼ੇ ਪਰਹੇਜ਼ੀ ਮੈਡੀਸਨ ਦੀ ਵੀ ਇਹੀ ਫਿਤਰਤ ਹੈ। ਪਤਾ ਨਹੀਂ ਪਰਹੇਜ਼ ਲਈ ਵਰਤੇ ਤਰੀਕਿਆਂ ਨਾਲ ਸੱਚਮੁੱਚ ਫਾਇਦਾ ਹੋਇਆ ਹੈ ਜਾਂ ਨਹੀਂ। ਮੇਰੇ ਲੈਕਚਰ ਵਿੱਚ ਸੁਣੇ ਜਾਂ ਲੇਖਾਂ-ਕਿਤਾਬ ਵਿੱਚੋਂ ਪੜ੍ਹੇ ਤਰੀਕੇ ਆਪਣਾ ਕੇ ਦਿਲ ਦੀ ਸਿਹਤ ਠੀਕ ਰਹੀ ਹੈ ਜਾਂ ਨਹੀਂ। ਪਰਹੇਜ਼ ਦਾ ਅਸਰ ਲੰਮੇਰਾ ਹੁੰਦਾ ਹੈ ਤੇ ਸਮਾਜੀ ਫਿਤਰਤ ਫੌਰੀ ਨਤੀਜੇ/ਇਨਾਮ ਭਾਲਦੀ ਹੈ। ਇੱਕ ਬੇਹੋਸ਼ ਵਿਅਕਤੀ ਨੂੰ, ਦਾਖਲ ਕਰਕੇ ਦੋ-ਚਾਰ ਟੀਕੇ ਲਾ ਕੇ, ਸਾਮੀਂ ਘਰੇ ਤੋਰ ਦੇਵੋ ਤਾਂ ਉਹ ਗੁਣ ਗਾਉਂਦਾ ਜਾਵੇਗਾ ਤੇ ਯਾਦ ਵੀ ਰੱਖੇਗਾ। ਆਪਣੀ ਸਮਰੱਥਾ ਮੁਤਾਬਕ ਜੋ ਕਰਦਾ ਰਹਿੰਦਾ ਹਾਂ। ਕੁਝ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਨੇ, ਕੁਝ ਜਥੇਬੰਦੀਆਂ ਨੇ। ਜਥੇਬੰਦੀਆਂ ਵਿੱਚ ਵੀ ਬੰਦਿਆਂ ਦੀ ਲੋੜ ਹੁੰਦੀ ਹੈ। ਜਥੇਬੰਦੀ ਵਿੱਚ ਵੀ ਮੇਰਾ ਪੂਰਾ ਵਿਸ਼ਵਾਸ ਹੈ। ਇਹ ਮਨੁੱਖੀ ਵਿਲੱਣਖਤਾ ਹੈ, ਵਿਸ਼ੇਸ਼ ਗੁਣ, ਜੋ ਮਨੁੱਖਾਂ ਵਿੱਚ ਹੀ ਹੈ।
ਨੌਜਵਾਨਾਂ ਦੀਆਂ ਵਿਦਿਆਰਥੀ ਜਥੇਬੰਦੀਆਂ ਬਾਰੇ ਸੁਣਦਾ ਰਹਿੰਦਾ ਹੈ। ਉਨ੍ਹਾਂ ਸਭਨਾਂ ਦਾ ਰਾਜਨੀਤਕ ਪਿਛੋਕੜ ਹੈ। ਏ.ਬੀ.ਵੀ.ਪੀ. ਭਾਰਤੀ ਜਨਤਾ ਪਾਰਟੀ ਦੀ ਹੈ, ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ, ਕਾਂਗਰਸ ਦੀ ਹੈ। ਐੱਸ.ਐੱਫ ਆਈ. ਅਤੇ ਹੋਰ ਅਨੇਕਾਂ ਹੀ ਕਾਮਰੇਡਾਂ ਦੀਆਂ ਹਨ। ਹੋਰਾਂ ਦੀਆਂ ਵੀ ਕਹਿ ਲਵੋ, ਅਕਾਲੀ ਕੀ ਤੇ ਹੁਣ ਆਮ ਆਦਮੀ ਪਾਰਟੀ ਦੀ ਵੀ। ਪਰ ਸਵਾਲ ਹੈ ਕਿ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਕੋਈ ਪਾਰਟੀ ਨਹੀਂ ਦਿੰਦੀ। ਉਹ ਨੌਜਵਾਨਾਂ ਦੇ ਜੋਸ਼ ਨੂੰ ਭੀੜ ਦੀ ਤਰ੍ਹਾਂ ਵਰਤਦੇ ਨੇ, ਉਨ੍ਹਾਂ ਤੋਂ ਨਾਅਰੇ ਲਗਵਾ, ਲਿੰਚਿੰਗ ਕਰਵਾਉਣ ਤਕ ਜਾਂਦੇ ਹਨ, ਪਰ ਉਨ੍ਹਾਂ ਦੇ ਹੋਸ਼ ਨੂੰ ਕਿਤੇ ਸਾਂਭਣ ਦਾ ਕੋਈ ਸਾਰਥਕ ਦਸਤਾਵੇਜ਼ ਨਹੀਂ ਹੈ। ਦੇਸ਼ ਕੋਲ ਕੋਈ ਕਾਰਗਰ ਯੁਵਾ ਨੀਤੀ ਵੀ ਨਹੀਂ ਹੈ।
ਨਸ਼ਿਆਂ ਨੂੰ ਲੈ ਕੇ ਸ਼ੁਰੂ ਤੋਂ ਹੀ ਡੁੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਐੱਮ.ਡੀ. ਤੋਂ ਫੌਰਨ ਬਾਅਦ, ‘ਨਸ਼ੇ ਬਿਮਾਰ ਸਮਾਜ ਦਾ ਲੱਛਣ’ ਨਾਂ ਨਾਲ ਇੱਕ ਕਿਤਾਬ ਤਿਆਰ ਕੀਤੀ। ਆਪਣੇ ਸਾਥੀਆਂ ਨਾਲ ‘ਸਾਥੀ’ ਸੰਸਥਾ ਬਣਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਸੇਵਨ ਪ੍ਰਤੀ ਸੁਚੇਤ ਕਰਨ ਲਈ ਸਕੂਲਾਂ ਤਕ ਗਏ। ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ, ਗੁਰੂ ਨਾਨਕ ਹਸਪਤਾਲ ਵਿੱਚ, ਡੀ.ਸੀ. ਕਾਹਨ ਸਿੰਘ ਪੰਨੂੰ ਵੱਲੋਂ ਬਣੀ ਕੌਂਸਿਲ ਵਿੱਚ ਮੈਂਬਰ ਬਣਿਆ ਤੇ ਨਸ਼ਾ ਛੱਡਣ ਆਏ ਨਸ਼ਈਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ‘ਸਾਥੀ’ ਸੰਸਥਾ ਨੇ ਕੌਂਸਲਿੰਗ ਦਾ ਕਾਰਜ ਕੀਤਾ।
ਅਮਰਿੰਦਰ ਸਿੰਘ ਦੀ ਸਰਕਾਰ ਨੇ ਨਸ਼ੇ ਨੂੰ ਚਾਰ ਹਫ਼ਤਿਆਂ ਵਿੱਚ ਖ਼ਤਮ ਕਰਨ ਦਾ ਅਹਿਦ ਲਿਆ। ਨਸ਼ਿਆਂ ਨੂੰ ਲੈ ਕੇ ‘ਬੱਡੀ ਪ੍ਰੋਗਰਾਮ’ ਸ਼ੁਰੂ ਕੀਤਾ। ‘ਓਟਸ ਕਲੀਨਿਕ’ ਖੋਲ੍ਹੇ, ਜਿੱਥੇ ਨਸ਼ੇ ਦਾ ਬਦਲ ਇੱਕ ਗੋਲੀ ਨੌਜਵਾਨਾਂ ਦੇ ਮੂੰਹ ਵਿੱਚ ਪਾਈ ਜਾਂਦੀ। ਗੈਰ ਕਾਨੂੰਨੀ ਦੀ ਥਾਂ, ਕਾਨੂੰਨੀ ਨਸ਼ਾ ਕਿ ਨੌਜਵਾਨ ਕੰਮ ਕਰਨ ਜੋਗਾ ਹੋ ਜਾਵੇ। ਪਰ ਹਾਲਾਤ ਨਹੀਂ ਬਦਲੇ, ਸੌਖੇ ਪਰਿਵਾਰਾਂ ਵਾਲੇ ਆਪਣੇ ਨੌਜਵਾਨ ਧੀਆਂ-ਪੁੱਤਾਂ ਨੂੰ ਵਿਦੇਸ਼ ਭੇਜ ਕੇ ਸੁਰੱਖਿਅਤ ਮਹਿਸੂਸ ਕਰਨ ਵਾਲੇ ਪਾਸੇ ਲੱਗ ਗਏ।
ਠੀਕ ਹੈ ਕਿ ਨਸ਼ੇ ਬਹੁਪਰਤੀ, ਬਹੁਕਾਰਨੀ ਸਮੱਸਿਆ ਹੈ, ਪਰ ਇਹ ਵੀ ਨਹੀਂ ਕਿ ਹੱਲ ਨਹੀਂ ਹੋ ਸਕਦੀ। ਮੈਂ ਇੱਕ ਪ੍ਰੋਜੈਕਟ ਤਿਆਰ ਕੀਤਾ ਕਿ ਕਿਸੇ ਪਿੰਡ ਨੂੰ ਨਸ਼ਾ ਮੁਕਤ ਕਿਵੇਂ ਘੋਸ਼ਿਤ ਕੀਤਾ ਜਾਵੇ ਜਾਂ ਕਰਵਾਇਆ ਜਾਵੇ। ਕੋਈ ਔਖਾ ਨਹੀਂ ਸੀ, ਸਵਾਲ ਸੀ ਤਰਤੀਬ ਅਤੇ ਪੜਾਅ ਸਮਝਣ ਦੀ। ਪਹਿਲਾ ਸੀ, ਪਿੰਡ ਵਿੱਚੋਂ ਨਸ਼ਈ ਲੱਭ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ, ਦੂਸਰਾ ਸੀ, ਨਸ਼ਾ ਸ਼ੁਰੂ ਕਰਨ ਦੀ ਉਮਰ ਵਾਲਿਆਂ ਨੂੰ ਸੁਚੇਤ ਕੀਤਾ ਜਾਵੇ, ਇੱਕ ਕਾਰਜਸ਼ਾਲਾ ਲਾ ਕੇ ਕਿ ਉਹ ਇਸ ਪਾਸੇ ਨਾ ਪੈਣ। ਮੁੱਖ ਇਹ ਦੋ ਸੀ ਤੇ ਤੀਸਰਾ ਸੀ, ਨਸ਼ਾ ਵੇਚਣ ਵਾਲਿਆਂ ’ਤੇ ਨਜ਼ਰ ਰੱਖੀ ਜਾਵੇ, ਕਹਿ ਲਵੋ ਠੀਕਰੀ ਪਹਿਰਾ। ਇਸ ਪ੍ਰੋਜੈਕਟ ਦੀ ਰੂਪ ਰੇਖਾ, ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ। ਕਈ ਫੋਨ ਆਏ ਕਿ ਤੁਸੀਂ ਤਾਂ ਸਰਕਾਰ ਨੂੰ ‘ਬਲੂਪ੍ਰਿੰਟ’ ਤਿਆਰ ਕਰ ਕੇ ਦੇ ਦਿੱਤਾ ਹੈ। ਪਤਾ ਨਹੀਂ ਸਰਕਾਰ ਨੂੰ ਕਿਸੇ ਨੇ ਦੱਸਿਆ ਵੀ। ਤੱਵਜੋ ਦਿੱਤੀ ਕਿ ਨਹੀਂ।
ਮੈਂ ਕੁਝ ਜਾਣਕਾਰਾਂ ਨਾਲ ਇਸਦੀ ਚਰਚਾ ਕੀਤੀ। ਰਾਹੋਂ ਨਗਰ ਵਿੱਚ ਮੇਰੇ ਕੁੜਮ, ਕਿਸੇ ਸਮੇਂ ਪ੍ਰਧਾਨ ਰਹੇ ਹਨ। ਉਨ੍ਹਾਂ ਨੇ ਮੌਜੂਦਾ ਕੌਂਸਲਰਾਂ ਨਾਲ ਇੱਕ ਮੀਟਿੰਗ ਰੱਖੀ। ਸਾਰੀ ਗੱਲ ਸੁਣ ਜੋ ਸਵਾਲ ਉੱਠੇ, ਲੋਕੀਂ ਨਸ਼ਈ ਬੱਚੇ ਬਾਰੇ ਦਸੱਦੇ ਨਹੀਂ। ਨਸ਼ਾ ਵੇਚਣ ਵਾਲੇ ਡਾਢੇ ਹੀ ਮਾੜੇ ਨੇ, ਗੈਂਗਸਟਰ ਕਿਸਮ ਦੇ। ਮਤਲਬ ਨਕਾਰਤਮਕ ਰਵੱਈਆ। ਜ਼ੀਰਾ ਸ਼ਰਾਬ ਫੈਕਟਰੀ ਵਿੱਚ ਲੱਗੇ ਮੋਰਚੇ ’ਤੇ ਸਰਗਰਮ ਕੰਵਲਜੀਤ, ਜੋ ਆਪ ਨਸ਼ੇ ਦੇ ਪ੍ਰਕੋਪ ਤੋਂ ਪੀੜਤ ਹੈ, ਉਸ ਦੇ ਹਜ਼ਾਰਾਂ ਫਾਲੋਅਰ ਹਨ ਸੋਸ਼ਲ ਮੀਡੀਆ ’ਤੇ। ਉਸ ਨਾਲ ਗੱਲ ਹੋਈ, ਪਰ ਜ਼ਮੀਨ ’ਤੇ ਆ ਕੇ ਕੰਮ ਕਰਨਾ ਔਖਾ ਲਗਦਾ ਹੈ ਤੇ ਸ਼ੋਹਰਤ ਵੀ ਨਹੀਂ ਮਿਲਦੀ।
ਮੇਰੇ ਵੋਟਰ ਬਣਨ ਤੋਂ ਬਾਅਦ, ਇਹ ਪਹਿਲੀ ਸਰਕਾਰ ਹੈ, ਜਿਸਦੇ ਤਿੰਨ-ਚਾਰ ਵਿਧਾਇਕ ਅਜਿਹੇ ਹਨ, ਜਿਨ੍ਹਾਂ ਦੇ ਮੋਬਾਇਲ ਫੋਨਾਂ ਵਿੱਚ ਮੇਰਾ ਫੋਨ ਨੰਬਰ ਦਰਜ ਹੈ। ਮੰਤਰੀ ਕੁਲਦੀਪ ਧਾਲੀਵਾਲ ਨਾਲ ਤਾਂ ਸਾਂਝ ਹੀ ਨਸ਼ਿਆਂ ਦੀ ਸਮੱਸਿਆ ਕਰਕੇ ਰਹੀ ਹੈ। ਉਨ੍ਹਾਂ ਦਾ ਪਿੰਡ ਜਗਦੇਵ ਕਲਾਂ, ਅੱਤਵਾਦ ਸਮੇਂ ਕਾਫ਼ੀ ਪ੍ਰਭਾਵਿਤ ਰਿਹਾ ਹੈ। ਉਹ ਕਹਿੰਦੇ ਕਿ ਜਿੰਨੇ ਨੌਜਵਾਨ ਅੱਤਵਾਦ ਦਾ ਸ਼ਿਕਾਰ ਨਹੀਂ ਹੋਏ, ਉਸ ’ਤੇ ਕਿਤੇ ਵੱਧ ਨਸ਼ਿਆਂ ਕਾਰਨ ਸਿਵਿਆ ਤਕ ਪਹੁੰਚੇ ਹਨ। ਉਨ੍ਹਾਂ ਦੇ ਰੁਝੇਵਿਆਂ ਕਰਕੇ ਗੱਲ ਨਾ ਤੁਰੀ।
ਹੁਣੇ ਹੁਣੇ ਹੀ ਨੌਜਵਾਨ ਵਰਿੰਦਰ ਦੀਵਾਨਾ ਨਾਲ ਗੱਲ ਹੋਈ ਤੇ ਉਸਨੇ ਪਿੰਡ ਬੁਲਾਇਆ। ਮੈਂ ਉਸ ਨਾਲ ਗੱਲ ਕੀਤੀ। ਉਸ ਤੋਂ ਉਮੀਦ ਸੀ ਕਿ ਉਹ ਸੰਜੀਦਗੀ ਨਾਲ ਅੱਗੇ ਲੱਗ ਕੇ ਕੰਮ ਕਰੇਗਾ। ਉਸ ਨੇ ਕੋਸ਼ਿਸ਼ ਕੀਤੀ, ਮੈਂ ਦੋ ਵਾਰ ਗਿਆ। ਨੌਜਵਾਨ ਇਕੱਠੇ ਕੀਤੇ, ਉਨ੍ਹਾਂ ਦੇ ਮਾਪੇ ਵੀ। ਅਲੱਗ-ਅਲੱਗ ਸਮੇਂ ’ਤੇ ਦੋਹਾਂ ਨਾਲ ਚਰਚਾ ਕੀਤੀ। ਉਸ ਦੀ ਬਦਲੀ ਕਿਤੇ ਦੂਰ ਹੋ ਗਈ। ਲਗਾਤਾਰਤਾ ਟੁੱਟ ਗਈ, ਜਦੋਂ ਕਿ ਮੈਂ ਅੱਜ ਵੀ ਕਹਿੰਦਾ ਕਿ ਮੈਂ ਅੰਮ੍ਰਿਤਸਰ ਤੋਂ ਹਰ ਹਫ਼ਤੇ ਆ ਸਕਦਾ ਹਾਂ। ਜੇਕਰ ਕੋਈ ਪ੍ਰੋਜੈਕਟ ਨੂੰ ਤਹਿ ਦਿਲੋਂ ਅਪਣਾਵੇਗਾ ਤਾਂ ਲੋੜ ਪੈਣ ’ਤੇ ਕੁਝ ਦਿਨ ਰਹਿ ਵੀ ਲਵਾਂਗਾ।
ਇੱਕ ਵਾਰੀ ਫਿਰ ਕਹਿਣਾ ਕਿ ਨੌਜਵਾਨ ਅਤੇ ਨਸ਼ੇ ਬਹੁਪਰਤੀ ਸਮੱਸਿਆ ਹੈ। ਇਸ ਨੂੰ ਪਰਿਵਾਰ, ਸਕੂਲ, ਸਮਾਜ, ਸਵੈ-ਸੇਵੀ ਸੰਸਥਾਵਾਂ, ਧਾਰਮਿਕ ਅਦਾਰੇ, ਸਰਕਾਰਾਂ, ਪੁਲਿਸ, ਪ੍ਰਸ਼ਾਸਨ ਲੇਖਕਾਂ, ਕਲਾਕਾਰਾਂ ਆਦਿ ਸਭ ਨੂੰ ਰਲ ਕੇ, ਇੱਕ ਜੁਟ ਹੋ ਕੇ ਆਪਣੇ ਆਪਣੇ ਪੱਧਰ ’ਤੇ, ਬਿਨਾਂ ਕਿਸੇ ਲਾਲਚ ਦੇ ਅੱਗੇ ਆਉਣਾ ਪਵੇਗਾ। ਸਵਾਲ ਹੀ ਸੰਜੀਦਾ ਹੈ। ਇਸਦੀ ਸ਼ੁਰੂਆਤ ਜ਼ਿੰਦਗੀ ਦੇ ਉਸ ਮੋੜ ’ਤੇ ਹੁੰਦੀ ਹੈ ਜਦੋਂ ਉਹ ਤਿਲਕ ਸਕਦਾ ਹੈ, ਡੋਲ ਸਕਦਾ ਹੈ। ਸਵਾਲ ਉਸ ਮੋੜ ’ਤੇ ਕੁਝ ਹੀਲਾ-ਵਸੀਲਾ ਕਰਨ ਦਾ ਹੈ। ਜੇਕਰ ਇੱਕ ਵਾਰੀ ਇਹ ਨੌਜਵਾਨ ਉਹ ਮੋੜ ਸਾਵਾਂ-ਸੁਖਾਲਾ ਲੰਘ ਜਾਣ ਤਾਂ ਉਹੀ ਨੌਜਵਾਨ ਪਰਿਵਾਰ, ਦੇਸ਼ ਅਤੇ ਸਮਾਜ ਨੂੰ ਬੁਲੰਦੀਆਂ ’ਤੇ ਲੈ ਜਾ ਸਕਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4156)
(ਸਰੋਕਾਰ ਨਾਲ ਸੰਪਰਕ ਲਈ: (