ShyamSDeepti7ਬਜ਼ੁਰਗਾਂ ਦੀ ਜਾਂ ਵਡੇਰੀ ਉਮਰ ਦੇ ਸਿਆਣੇ ਲੋਕਾਂ ਦੀ ਆਪਣੀ ਖਾਸੀਅਤ ਹੈ ਕਿ ਉਹ ...
(10 ਅਗਸਤ 2018)

 

ਅੱਜ ਸਿਰਫ਼ ਭਾਰਤ ਹੀ ਨਹੀਂ, ਪੂਰੀ ਦੁਨੀਆਂ ਵਿਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਦੁਨੀਆਂ ਭਰ ਵਿਚ, ਲੋਕਾਂ ਦੀ ਆਬਾਦੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਸਦਕਾ ਜਨਮ ਦਰ ਘੱਟ ਹੋਈ ਹੈ ਤੇ ਔਸਤਨ ਉਮਰ ਵਿਚ ਵਾਧਾ ਹੋਣ ਨਾਲ ਬਜ਼ੁਰਗਾਂ ਦੀ ਗਿਣਤੀ ਵੀ ਪਿਛਲੇ ਦਹਾਕਿਆਂ ਨਾਲੋਂ ਵੱਧ ਹੈ। ਸਾਡੇ ਦੇਸ਼ ਦੀ ਪ੍ਰਜਨਨ ਦਰ 2.1 ਹੈ, ਭਾਵੇਂ ਯੂ ਪੀ. ਵਿਚ ਅਤੇ ਬਿਹਾਰ ਵਿਚ 4-5 ਦੇ ਕਰੀਬ ਹੈ ਤੇ ਪੰਜਾਬ ਦੀ 1.6 ਹੈ। ਬਜ਼ੁਰਗਾਂ ਦੀ ਗਿਣਤੀ 8.6 ਫੀਸਦੀ ਹੈ, ਜਿਨ੍ਹਾਂ ਨੇ ਔਸਤਨ 18 ਸਾਲ ਹੋਰ ਜੀਣਾ ਹੁੰਦਾ ਹੈ, ਮਤਲਬ 78 ਸਾਲ। ਪਰ ਇਨ੍ਹਾਂ ਤਬਦੀਲੀਆਂ ਵਿਚ, ਸਭ ਤੋਂ ਮਹੱਤਵਪੂਰਨ ਆਂਕੜਾ ਹੈ ਕਿ 15 ਤੋਂ 24 ਸਾਲ ਦੀ ਉਮਰ ਦਾ ਪੜਾਅ, ਤਕਰੀਬਨ 20-22 ਫੀਸਦੀ ਹੈ। ਜੇਕਰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੀ ਕੁਲ ਆਬਾਦੀ ਦੇ ਹਿਸਾਬ ਨਾਲ, ਭਾਰਤ ਦੀ ਗੱਲ ਕਰੀਏ ਤਾਂ ਸਾਡੇ ਮੁਲਕ ਵਿਚ ਸਭ ਤੋਂ ਵੱਧ ਨੌਜਵਾਨ ਹਨ, ਚੀਨ ਤੋਂ ਵੀ ਵੱਧ, ਜਿੱਥੇ ਜਨਮ ਦਰ ਘੱਟ ਹੈ। ਇਸ ਤਰ੍ਹਾਂ ਸਾਡਾ ਮੁਲਕ ਸਭ ਤੋਂ ਜਵਾਨ ਮੁਲਕ ਹੈ।

ਇਹ ਸਾਡੇ ਲਈ ਖੁਸ਼ੀ ਅਤੇ ਤਸੱਲੀ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਸਾਡੇ ਕੋਲ ਦੁਨੀਆਂ ਵਿੱਚੋਂ ਸਭ ਤੋਂ ਉਸਾਰੂ ਉਮਰ ਦੇ ਸਭ ਤੋਂ ਵੱਧ ਨੌਜਵਾਨ ਹਨ। ਜਦੋਂ ਅਸੀਂ ਇਸ ਦੀ ਦੂਸਰੀ ਤਸਵੀਰ ਦੇਖਦੇ ਹਾਂ ਕਿ ਇਹ ਨੌਜਵਾਨ ਨਸ਼ਿਆਂ ਵਿਚ, ਸੈਕਸ ਨਾਲ ਜੁੜੀਆਂ ਏਡਜ਼ ਵਰਗੀਆਂ ਸਮੱਸਿਆਵਾਂ ਵਿਚ, ਖੁਦਕੁਸ਼ੀਆਂ ਵਿਚ ਅਤੇ ਸੜਕ ਹਾਦਸਿਆਂ ਵਰਗੀਆਂ ਵਾਰਦਾਤਾਂ ਵਿਚ ਆਪਣੀ ਸਮਰੱਥਾ ਨੂੰ ਬਰਬਾਦ ਜਾਂ ਖਤਮ ਕਰ ਰਹੇ ਹਨ। ਅੱਡੋ-ਅੱਡ ਲੱਗਣ ਵਾਲੀਆਂ ਇਹ ਚਾਰ ਹੀ ਸਮੱਸਿਆਵਾਂ ਕਿਤੇ ਨਾ ਕਿਤੇ, ਧੁਰ ਅੰਦਰੋਂ ਇੱਕ ਹੀ ਜ਼ਮੀਨ ਦੀ ਉਪਜ ਹਨ, ਤੇ ਇਹ ਜ਼ਿੰਦਗੀ ਦੇ ਇਸ ਵਿਸ਼ੇਸ਼ ਪੜਾਅ ਦਾ ਪ੍ਰਗਟਾਵਾ ਹਨ। ਕਹਿਣ ਤੋਂ ਭਾਵ ਕਿ ਇਨ੍ਹਾਂ ਦੇ ਪ੍ਰਗਟਾਵੇ ਪਿੱਛੇ ਕਿਤੇ ਨਾ ਕਿਤੇ ਇਸ ਉਮਰ ਦੀ ਬੇਚੈਨੀ, ਪਰੇਸ਼ਾਨੀ ਅਤੇ ਟੁਕੜੇ-ਟੁਕੜੇ ਹੋਈ ਮਾਨਸਿਕਤਾ ਹੈ। ਦੁਨੀਆਂ ਦੇ ਇਤਿਹਾਸ ਵਿਚ, ਜੋ ਕੁਝ ਵੀ ਵਧੀਆ, ਸਾਵਾਂ, ਅਗਾਂਹ ਵਧੂ, ਦੇਸ਼ ਅਤੇ ਸਮਾਜ ਨੂੰ ਉਸਾਰੂ ਲੀਹਾਂ ’ਤੇ ਤੋਰਨ ਵਾਲਾ, ਜ਼ਿਕਰਯੋਗ ਕਾਰਜ ਹੋਇਆ ਹੈ ਤਾਂ ਉਹ ਇਸੇ ਉਮਰ ਦੌਰਾਨ ਹੀ ਹੋਇਆ ਹੈ ਜਾਂ ਉਸਦੀਆਂ ਪੈੜਾਂ ਇਸ ਉਮਰ ’ਤੇ ਪੈਣੀਆਂ ਸ਼ੁਰੂ ਹੋਈਆਂ ਹਨ। ਉਹ ਚਾਹੇ ਪੜ੍ਹਾਈ ਹੋਵੇ, ਖੇਡਾਂ, ਵਿਗਿਆਨ ਅਤੇ ਚਾਹੇ ਕਲਾ ਤੇ ਰਾਜਨੀਤੀ।

ਅਸੀਂ ਹਰ ਸਾਲ ਆਪਣੇ ਕੁਝ ਕੁ ਨੌਜਵਾਨਾਂ ਦੇ ਕਾਰਨਾਮਿਆਂ ’ਤੇ ਮਾਣ ਕਰਦੇ ਹਾਂ ਭਾਵੇਂ ਨਿਰਾਸ਼ਾ ਵੀ ਹੈ ਤੇ ਨਾਲ ਹੀ ਜਦੋਂ ਹੋਰ ਦੇਸ਼ਾਂ ਨਾਲ ਤੁਲਨਾ ਕਰਦੇ ਹਾਂ ਤਾਂ ਚਾਲੀ-ਪੰਜਾਹ ਲੱਖ ਵਾਲੇ ਦੇਸ਼ ਦੀ ਵਿਸ਼ਵ ਪੱਧਰੀ ਕਾਰਗੁਜ਼ਾਰੀ ਸਾਡੇ ਮੁਲਕ ਦਾ ਮੂੰਹ ਚਿੜਾਉਂਦੀ ਨਿਰਾਸ਼ ਵੀ ਕਰਦੀ ਹੈ।

ਅਸੀਂ ਆਪਣੀ ਸਭਿਅਤਾ ’ਤੇ ਮਾਣ ਕਰਦੇ ਹਾਂ, ਪਰ ਨਾਲ ਹੀ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਅਸੀਂ ਇਸ ਉਮਰ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਜਦੋਂ ਇਕ ਕਿਸ਼ੋਰ ਬੱਚਾ ਜਵਾਨੀ ਵਿਚ ਦਾਖਲ ਹੋ ਰਿਹਾ ਹੁੰਦਾ ਹੈ। ਸਾਡੇ ਕੋਲ ਅਜੇ ਵੀ ਇੱਕੋ ਰਾਹ ਦਸੇਰਾ ਹੈ ਕਿ ਨੌਜਵਾਨੀ ਦਾ ਸੰਕਟ ਇਸ ਕਰਕੇ ਹੈ ਕਿ ਉਹ ਧਰਮ ਨਾਲ ਨਹੀਂ ਜੁੜ ਰਹੇ। ਨੈਤਿਕ ਕਦਰਾਂ-ਕੀਮਤਾਂ ਤੋਂ ਦੂਰ ਹੋ ਗਏ ਨੇ। ਮੰਨ ਲਵੋ ਕਿ ਜੇਕਰ ਇਹ ਵੀ ਇਕ ਕਾਰਨ ਹੈ ਤਾਂ ਇਸ ਨੂੰ ਸਮਝਣ ਅਤੇ ਅਧਿਐਨ ਕਰਨ ਦੀ ਲੋੜ ਨਹੀਂ ਹੈ ਕਿ ਕਿਸ ਵਜਾਹ ਕਰਕੇ ਉਹ ਨੈਤਿਕਤਾ ਜਾਂ ਧਰਮ ਤੋਂ ਟੁੱਟ ਰਹੇ ਹਨ। ਇਸ ਦੇ ਨਾਲ ਹੀ, ਸਮਾਜ ਵਿਚ ਆਈ ਵੱਡੇ ਪੱਧਰ ’ਤੇ ਤਬਦੀਲੀ ਅਤੇ ਸਮਾਜ ਮਨੋ-ਵਿਗਿਆਨ ਦੀਆਂ ਖੋਜਾਂ ਰਾਹੀਂ, ਇਸ ਉਮਰ ਦੀਆਂ ਖਾਸੀਅਤਾਂ ਅਤੇ ਕਾਬਲੀਅਤਾਂ ਨੂੰ ਜਾਣ ਕੇ, ਉਨ੍ਹਾਂ ਦੀਆਂ ਵਿਸ਼ੇਸ਼-ਵਿਲੱਖਣ ਖੂਬੀਆਂ ਨੂੰ ਉਸਾਰੀ ਦੇ ਰਾਹ ਪਾਉਣਾ ਚਾਹੀਦਾ ਹੈ।

ਇਸ ਉਮਰ ਦੀਆਂ ਦੋ ਪ੍ਰਮੁੱਖ ਖਾਸੀਅਤਾਂ ਹਨ। ਨਵੀਂ ਸੋਚ ਅਤੇ ਕੁਝ ਕਰਨ ਦੀ ਚਾਹਤ ਤੇ ਹਿੰਮਤ। ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਹ ਉਮਰ ਸੁਪਨੇ ਲੈਣਾ ਵੀ ਜਾਣਦੀ ਹੈ ਤੇ ਪੂਰੇ ਕਰਨਾ ਵੀ। ਅਸੀਂ ਅਕਸਰ ਕਹਿੰਦੇ ਹਾਂ ਕਿ ਇਨ੍ਹਾਂ ਵਿਚ ਜੋਸ਼ ਹੈ ਤੇ ਹੋਸ਼ ਨਹੀਂ। ਪਰ ਇਹ ਧਾਰਨਾ ਗਲਤ ਹੈ। ਇਸ ਉਮਰ ਕੋਲ ਹੋਸ਼ ਵੀ ਹੈ ਤੇ ਜੋਸ਼ ਵੀ। ਇਹ ਜੋਸ਼ ਹੈ ਕੁਝ ਕਰ ਦਿਖਾਉਣ ਦਾ ਤੇ ਹੋਸ਼ ਹੈ ਕੁਝ ਨਵਾਂ ਕਰ ਕੇ ਦੇਖਣ ਦਾ, ਜੋ ਕਿ ਸਾਨੂੰ ਮੰਜ਼ੂਰ ਨਹੀਂ ਹੁੰਦਾ ਕਿਉਂ ਜੋ ਉਹ ਸਾਡੇ ਮੁਤਾਬਕ ਨਹੀਂ ਹੁੰਦਾ। ਬਜ਼ੁਰਗਾਂ ਦੀ ਜਾਂ ਵਡੇਰੀ ਉਮਰ ਦੇ ਸਿਆਣੇ ਲੋਕਾਂ ਦੀ ਆਪਣੀ ਖਾਸੀਅਤ ਹੈ ਕਿ ਉਹ ਜਿਵੇਂ ਚਲਦਾ ਹੈ, ਉਵੇਂ ਚਲਾਉਣ ਤੇ ਚਲਦਾ ਰੱਖਣ ਵਿਚ ਯਕੀਨ ਰਖਦੇ ਹਨ।

ਸਿਆਣੇ ਅਤੇ ਤਜ਼ਰਬੇਕਾਰ ਕਹਾਉਣ ਵਾਲੇ ਲੋਕਾਂ ਨੂੰ, ਇਸ ਉਮਰ ਦੀ ਇੱਜ਼ਤ ਕਰਦੇ ਹੋਏ, ਇਨ੍ਹਾਂ ਨੂੰ ਆਪਣੇ ਮੁਤਾਬਕ ਤਜ਼ਰਬੇ ਕਰਨ ਦਾ ਮੌਕਾ ਦੇਣਾ ਹੁੰਦਾ ਹੈ। ਤਜ਼ਰਬੇਕਾਰ ਰਾਹ ਦਿਖਾ ਸਕਦਾ ਹੈ, ਨਿਗਰਾਨ ਬਣ ਸਕਦਾ ਹੈ, ਜਦੋਂ ਕਿ ਪਰਿਵਾਰ ਵਿਚ ਮਾਂ ਪਿਉ, ਸਕੂਲ ਵਿਚ ਅਧਿਆਪਕ ਤੇ ਸਮਾਜ ਵਿਚ ਰਾਜਨੇਤਾ ਤੇ ਧਾਰਮਿਕ ਆਗੂ ਹੁਕਮ ਚਲਾਉਣ ਵਿਚ ਵਿਸ਼ਵਾਸ ਕਰਦੇ ਹਨ ਤੇ ਆਪਣੇ ਬਣਾਏ ਰਾਹ ਤੇ ਚੱਲਣ ਲਈ ਮਜਬੂਰ ਕਰਦੇ ਹਨ।

ਅਸੀਂ ਆਪਣੇ ਆਲੇ-ਦੁਆਲੇ ਝਾਤੀ ਮਾਰ ਕੇ ਦੇਖ ਸਕਦੇ ਹਾਂ ਕਿ ਤਜ਼ਰਬੇ ਕਰਨ ਦਾ ਮਾਹੌਲ ਜੋ ਸਿੱਖਿਆ ਸੰਸਥਾਵਾਂ ਦੀ ਕਾਰਗੁਜ਼ਾਰੀ ਵਿਚ, ਅਹਿਮ ਹਿੱਸਾ ਹੁੰਦਾ ਸੀ, ਹੁਣ ਜਿਵੇਂ ਗਾਇਬ ਹੋ ਗਿਆ ਹੈ। ਨਾ ਪੜ੍ਹਾਈ ਦਾ ਉਸਾਰੂ ਜਿਗਿਆਸੂ ਮਾਹੌਲ ਹੈ, ਸਕੂਲ ਵਿਚ ਲਾਈਬਰੇਰੀਆਂ ਨਾਂ ਦੀਆਂ ਹਨ ਤੇ ਲੈਬਾਰਟਰੀਆਂ ਨੂੰ ਤਾਂ ਜਿਵੇਂ ਵਾਧੂ ਭਾਰ ਸਮਝ ਕੇ ਕੱਢ ਹੀ ਦਿੱਤਾ ਗਿਆ ਹੈ। ਖੇਡਾਂ ਦੇ ਮੈਦਾਨ ਅਤੇ ਕਲਾ ਦੇ ਮੰਚ ਵੀ, ਕਾਰਪੋਰੇਟੀ ਪੜ੍ਹਾਈ ਵਿਚ, ਮੁਕਾਬਲੇਬਾਜ਼ੀ ਦੀ ਦੌੜ ਵਿਚ, ਵਿਦਿਆਰਥੀ ਜੀਵਨ ਵਿੱਚੋਂ ਮਨਫ਼ੀ ਹੋ ਗਏ ਹਨ।

ਇਸ ਸਾਰੇ ਨਵੇਂ ਉਸਰ ਰਹੇ ਮਾਹੌਲ ਵਿਚ, ਮਨੁੱਖੀ ਜ਼ਿੰਦਗੀ ਦੇ ਇਸ ਪੜਾਅ ਦੀ ਕੁਦਰਤੀ ਖਾਸੀਅਤ ਕੁਝ ਨਵਾਂ ਕਰਨਾ, ਤਜ਼ਰਬਾ ਕਰਕੇ ਦੇਖਣ ਦੀ ਅੰਦਰੂਨੀ ਚਾਹ ਨਹੀਂ ਮੁੱਕ ਜਾਂਦੀ। ਫਿਰ ਕੋਈ ਉਸ ਨੂੰ ਨਸ਼ਾ ਕਰਨ ਲਈ ਜਾਂ ਸੈਕਸ ਪ੍ਰਤੀ ਤਜ਼ਰਬਾ ਕਰਨ ਲਈ ਉਕਸਾਉਂਦਾ ਹੈ। ‘ਕਰ ਕੇ ਦੇਖ! ਹੁਣ ਨਹੀਂ ਕਰੇਗਾ ਤਾਂ ਫਿਰ ਕਦੋਂ ਕਰੇਂਗਾ। ਹਰ ਇਕ ਚੀਜ਼ ਦਾ ਤਜ਼ਰਬਾ ਹੋਣਾ ਚਾਹੀਦਾ ਹੈ।’ ਤਜ਼ਰਬੇ ਕਰਨ ਦੇ ਉਸਾਰੂ ਮੌਕੇ, ਜੋ ਅਸੀਂ ਨਹੀਂ ਦਿੱਤੇ, ਉਹ ਸਮਾਜ ਦਾ ਇਕ ਢਾਹੂ ਅੰਗ, ਗੈਰ-ਜ਼ਰੂਰੀ, ਕੁਰਾਹੇ ਪਾਉਣ ਵਾਲੇ ਰਾਹ ਲੈ ਜਾਣ ਵਾਲੇ ਤਜ਼ਰਬੇ ਕਰਵਾਉਂਦਾ ਹੈ, ਤੇ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਉਹ ਇਸ ਵਿਚ ਕਾਮਯਾਬ ਵੀ ਹੋ ਰਿਹਾ ਹੈ।

ਅੰਦਾਜ਼ਾ ਲਗਾਉ ਕਿ ਵਿਕਾਸ ਦੀ ਲੜੀ ਵਿਚ ਜੋ ਗੁਣ ਉਸ ਨੂੰ ਮਿਲੇ ਹਨ, ਉਹ ਦੋਵੇਂ ਹੀ ਉਸ ਨੂੰ ਚੁਣੌਤੀ ਦੇ ਰਹੇ ਹਨ, ਕੁਝ ਕਰਨ ਨੂੰ, ਨੌਜਵਾਨ ਬੇਬਸ ਹੋ ਰਿਹਾ ਹੈ। ਸੁਪਨੇ ਪੂਰੇ ਕਰਨ ਦੀ ਸਮਰਥਾ ਬੇਚੈਨ ਹੁੰਦੀ ਹੈ ਤੇ ਉਹ ਟੁੱਟਦੀ ਹੈ, ਜਦੋਂ ਕਿ ਉਸ ਨੂੰ ਆਪਣੀ ਇਹ ਟੁੱਟ ਭੱਜ ਮੰਜ਼ੂਰ ਕਰਨ ਵਿਚ ਵੀ ਔਖਿਆਈ ਹੁੰਦੀ ਹੈ। ਇਹ ਮਾਹੌਲ ਉਸ ਨੂੰ ਨਸ਼ਾ ਕਰਨ ਵੱਲ, ਸੈਕਸ ਵੱਲ ਜਾਂ ਰਫ਼ਤਾਰ ਵਿਚ ਕੀਤੀ ਆਪਣੀ ਕਾਰਗੁਜ਼ਾਰੀ ਵਿਚ ‘ਕੁਝ ਕੀਤੇ ਜਾਣ’ ਦੀ ਸੰਤੁਸ਼ਟੀ ਦੇਂਦਾ ਹੈ, ਭਾਵੇਂ ਇਸ ਦਾ ਅੰਤ ਖਤਰਨਾਕ ਕਿਉਂ ਨਾ ਹੋਵੇ।

ਅਸੀਂ ਅਕਸਰ ਹੋਰ ਗੱਲ ਵੀ ਕਹਿੰਦੇ ਹਾਂ ਕਿ ਇਹ ਜ਼ਿੰਮੇਵਾਰ ਨਹੀਂ ਹਨ, ਇਨ੍ਹਾਂ ਨੂੰ ਫੈਸਲਾ ਕਰਨਾ ਨਹੀਂ ਆਉਂਦਾ। ਇਹ ਉਮਰ ਦੇ ਕੱਚੇ ਨੇ, ਸਾਡੀ ਸੁਣਦੇ ਨਹੀਂ ਤੇ ਸਾਡੇ ਤਜ਼ਰਬੇ ਤੋਂ ਸਿੱਖਦੇ ਨਹੀਂ। ਸਵਾਲ ਇੱਥੇ ਵੀ ਉਹੀ ਹੈ ਕਿ ਅਸੀਂ ਕਦੇ ਸੁਚੇਤ ਤੌਰ ’ਤੇ ਮਨ ਬਣਾ ਕੇ ਇਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਹੈ ਜਾਂ ਜ਼ਿੰਮੇਵਾਰੀ ਨਿਭਾਉਣੀ ਸਿਖਾਈ ਹੈ? ਕਦੇ ਵੀ ਖ਼ੁਦ ਫੈਸਲੇ ਲੈਣ ਲਈ ਪ੍ਰੇਰਿਤ ਕੀਤਾ ਹੈ?

ਇਸ ਸਾਰੀ ਗੱਲ ਨੂੰ ਇਸ ਤੱਥ ਨਾਲ ਜੋੜਦੇ ਹਾਂ ਕਿ ਦੁਨੀਆਂ ਭਰ ਵਿਚ ਵੋਟ ਪਾਉਣ ਦੀ ਉਮਰ 18 ਸਾਲ ਹੈ। ਡਰਾਈਵਿੰਗ ਲਾਈਸੈਂਸ ਲੈਣ ਲਈ ਵੀ 18 ਸਾਲ। ਇਹ ਕੋਈ ਜਜ਼ਬਾਤੀ ਫੈਸਲਾ ਨਹੀਂ ਹੈ, ਸਗੋਂ ਸਰੀਰ-ਮਨੋਵਿਗਿਆਨ ਦੇ ਮਾਹਿਰਾਂ ਦਾ ਫੈਸਲਾ ਹੈ ਕਿ ਇਸ ਉਮਰ ਤੇ ਜ਼ਿੰਮੇਵਾਰੀ ਸੰਭਾਲਣ ਦੀ ਪਰਪੱਕਤਾ ਵਿਕਸਿਤ ਹੋ ਜਾਂਦੀ ਹੈ ਤੇ ਚੰਗੇ ਬੁਰੇ ਦੀ ਪਛਾਣ ਕਰਨ ਦੀ ਕਲਾ ਵੀ ਸਮਝ ਲੈਂਦੇ ਹਨ ਜੋ ਕਿ ਜ਼ਿੰਦਗੀ ਵਿਚ ਲੋੜੀਂਦੇ ਹੁੰਦੇ ਹਨ। ਪਰ ਸਾਡੀ ਧਾਰਨਾ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਕੋਈ ਸਾਰਥਕ ਮਾਹੌਲ ਦਿੱਤੇ ਬਗੈਰ ਹੀ ਬਣਾਈ ਹੋਈ ਹੈ।

ਇਸ ਸਥਿਤੀ ਅਤੇ ਪੈਦਾ ਹੋਈ ਬੇਚੈਨੀ ਦਾ ਮੂਲ ਸਮਝੀਏ ਤਾਂ ਮਹਿੰਗੀ ਪੜ੍ਹਾਈ, ਜੋ ਕਿ ਕਿਸੇ ਰਾਹ ਨਹੀਂ ਲਾਉਂਦੀ ਤੇ ਬੇਰੁਜ਼ਗਾਰੀ ਹੈ ਜੋ ਭਟਕਾਅ ਵੱਧ ਦੇ ਰਹੀ ਹੈ। ਇਸੇ ਦਾ ਹੀ ਨਤੀਜਾ ਕਹਿ ਸਕਦੇ ਹਾਂ ਕਿ ਜਿੱਥੇ ਕਿਤੇ ਵੀ ਸੰਭਵ ਹੈ, ਨੌਜਵਾਨ ਵਿਦੇਸ਼ਾਂ ਨੂੰ ਦੌੜ ਰਹੇ ਹਨ ਤੇ ਆਪਣੀਆਂ ਸਮਰਥਾਵਾਂ ਨਾਲ ਉਨ੍ਹਾਂ ਮੁਲਕਾਂ ਦੀ ਤਰੱਕੀ ਨੂੰ ਖੰਭ ਲਾ ਰਹੇ ਹਨ। ਅਸੀਂ ਆਪਣੀ ਇਸ ਉਸਾਰੂ ਸੰਭਾਵਨਾ ਭਰਪੂਰ, ਕੁਝ ਕਰਕੇ ਦਿਖਾਉਣ ਵਾਲੀ ਨੌਜਵਾਨੀ ਨੂੰ ਸਾਂਭ ਨਹੀਂ ਰਹੇ ਤੇ ਇਹ ਆਪਣੀ ਕਾਬਲੀਅਤ ਦਿਖਾਉਣ ਲਈ ਵਿਦੇਸ਼ੀ ਹੱਥਾਂ ਵਿਚ ਆਪਣੇ ਆਪ ਨੂੰ ਵੱਧ ਸੁਰੱਖਿਅਤ ਸਮਝਦੀ ਹੈ।

*****

(1259)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author