“ਮੈਂ ਵਿਦਿਆਰਥੀਆਂ ਨੂੰ ਇੱਕ ਗੱਲ ਕਹੀ ਹੈ ਕਿ ਸਰਕਾਰ ਦੀਆਂ ਨੀਤੀਆਂ ਨੂੰ ਹੂਬਹੂ ਲਾਗੂ ਕਰਨ ਵੇਲੇ ...”
(25 ਜੁਲਾਈ 2023)
ਆਈ.ਡੀ.ਪੀ.ਡੀ. - ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ, ਡਾਕਟਰਾਂ ਦੀ ਇੱਕ ਗੈਰ-ਸਰਕਾਰੀ ਜਥੇਬੰਦੀ, ਜਿਸਦੀ ਦੋ ਵਰ੍ਹੀਂ ਹੋਣ ਵਾਲੀ ਕੌਮੀ ਕਾਨਫਰੰਸ ਕੇਰਲਾ ਦੀ ਰਾਜਧਾਨੀ ਤਿਰੁਵਨਤਪੁਰਮ ਵਿਖੇ ਹੋਣੀ ਤੈਅ ਹੋਈ। ਇਸ ਜਥੇਬੰਦੀ ਦਾ ਮੈਂਬਰ ਹੋਣ ਦੇ ਨਾਤੇ ਸੱਦਾ ਵੀ ਆਉਂਦਾ ਤੇ ਨਾਲ ਹੀ ਪਿਛਲੇ ਕੁਝ ਕੁ ਸਾਲਾਂ ਤੋਂ, ਕਾਨਫਰੰਸ ਦੇ ਇੱਕ ਸੈਸ਼ਨ, ਜੋ ਕਿ ਸਿਹਤ ਦੇ ਵਿਸ਼ੇ ਨੂੰ ਸਮਰਪਿਤ ਹੁੰਦਾ, ਮੈਨੂੰ ਵਿਚਾਰ ਰੱਖਣ ਦੀ ਜ਼ਿੰਮੇਵਾਰੀ ਵੀ ਦਿੱਤੀ ਜਾਂਦੀ।
ਆਈ.ਡੀ.ਪੀ.ਡੀ, ਸ਼ਾਂਤੀ ਅਤੇ ਵਿਕਾਸ ਲਈ ਭਾਰਤੀ ਡਾਕਟਰ, ਇਹ ਭਾਵ ਹੈ ਇਸਦਾ। ਇੰਜ ਜਾਪਦਾ ਹੈ ਕਿ ਜਿਵੇਂ ਇਹ ਕੋਈ ਰਾਜਨੀਤਿਕ ਏੇਜੰਡੇ ਵਾਲੀ ਜਥੇਬੰਦੀ ਹੋਵੇ। ਮੇਰਾ ਤਾਂ ਇਹ ਸ਼ੁਰੂ ਤੋਂ ਮੰਨਣਾ ਹੈ, ਮਤਲਬ ਜਨਮ ਤੋਂ ਨਹੀਂ, ਜਦੋਂ ਤੋਂ ਸੋਝੀ ਆਈ ਹੈ, ਸਿਆਸਤ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਦੇਸ਼ ਦੀ ਸੱਤਾ ਵਿੱਚ ਜਿਹੜਾ ਮਰਜ਼ੀ ਬੈਠਾ ਹੋਵੇ, ਉਸ ਦੀ ਕੋਈ ਵੀ ਵਿਚਾਰਧਾਰਾ ਹੋਵੇ, ਉਹ ਜੋ ਵੀ ਫੈਸਲੇ ਲੈਣਗੇ, ਉਸ ਨਾਲ ਮੇਰੀ-ਤੁਹਾਡੀ ਜ਼ਿੰਦਗੀ ਪ੍ਰਭਾਵਿਤ ਹੋਣੀ ਹੀ ਹੋਣੀ ਹੈ। ਕੋਈ ਜੋ ਮਰਜ਼ੀ ਕਹੇ ਕਿ ਮੇਰਾ ਸਿਆਸਤ ਤੋਂ ਕੁਝ ਵੀ ਲੈਣਾ-ਦੇਣਾ ਨਹੀਂ ਤਾਂ ਮਤਲਬ ਹੈ ਕਿ ਉਸ ਨੂੰ ਸਿਆਸਤ ਬਾਰੇ, ਆਲੇ-ਦੁਆਲੇ ਬਾਰੇ ਬਿਲਕੁਲ ਨਹੀਂ ਪਤਾ ਜਾਂ ਉਹ ਝੂਠ ਬੋਲ ਰਿਹਾ ਹੈ। ਜਦੋਂ ਦੋ ਲੋਕ ਇਕੱਠੇ ਹੁੰਦੇ ਹਨ, ਹਰ ਘਰ ਦੇ ਡਰਾਇੰਗ ਰੂਮ ਤੋਂ ਲੈ ਕੇ ਰਸੋਈ ਤਕ ਸਿਆਸਤ ’ਤੇ ਚਰਚਾ ਹੁੰਦੀ ਮਿਲ ਜਾਵੇਗੀ।
ਡਾਕਟਰ, ਸਿਹਤ, ਸ਼ਾਂਤੀ ਅਤੇ ਵਿਕਾਸ, ਕੀ ਇਹ ਅੱਡ-ਅੱਡ ਹਨ। ਨਹੀਂ, ਜ਼ਰਾ ਸੋਚ ਕੇ ਦੇਖੋ। ਮੇਰਾ ਵਿਸ਼ਾ ਵੀ ਕੁਦਰਤੀ ਇਹੀ ਹੈ। ਮੈਂ ਵਿਧੀਵਤ ਦਵਾਈ ਦੇਣ ਵਾਲਾ ਜਾਂ ਕਿਸੇ ਪਰਚੀ ਤੇ ਦਵਾਈ ਲਿਖਣ ਵਾਲਾ ਡਾਕਟਰ ਨਹੀਂ ਹਾਂ। ਮੇਰਾ ਵਿਸ਼ਾ ਕਮਿਊਨਿਟੀ ਮੈਡੀਸਨ ਹੈ। ਜਦੋਂ ਮੈਂ 1984 ਵਿੱਚ, ਇਸ ਵਿਸ਼ੇ ਦੀ ਐੱਮ.ਡੀ. ਕਰਨ, ਮੈਡੀਕਲ ਕਾਲਜ ਪਟਿਆਲਾ ਗਿਆ ਤਾਂ ਉਦੋਂ ਇਸ ਵਿਸ਼ੇ ਦਾ ਨਾਂ ‘ਸੋਸ਼ਲ ਐਂਡ ਪਰੀਵੈਂਟਿਵ ਮੈਡੀਸਨ’ ਸੀ। ਸੌਖੇ ਸ਼ਬਦਾਂ ਵਿੱਚ ਕਹਾਂ ਤਾਂ ਪਰਹੇਜੀ ਢੰਗ, ਬਿਮਾਰੀ ਹੋਣ ਤੋਂ ਪਹਿਲਾਂ ਦੇ ਤੌਰ ਤਰੀਕਿਆਂ ਵਾਲੀ ਡਾਕਟਰੀ। ਜਿਸ ਬਾਰੇ ਸਾਡੇ ਸਮਾਜ ਵਿੱਚ ਕਹਾਵਤ ਹੈ, ‘ਇਲਾਜ ਨਾਲੋਂ ਪਰਹੇਜ਼ ਚੰਗਾ।’ ਪਰ ਸਾਡੀ ਟੇਕ ਫਿਰ ਵੀ ਇਲਾਜ ’ਤੇ ਰਹਿੰਦੀ ਹੈ। ਸ਼ਾਂਤੀ ਅਸਲੀ ਮਕਸਦ ਹੈ ਸਿਹਤ ਦਾ, ਇਹ ਮੇਰੇ ਵਿਸ਼ੇ, ਮੇਰੀ ਪੜ੍ਹਾਈ ਦਾ ਸਾਰ ਹੈ। ਸ਼ਾਂਤੀ ਦੀ ਗੱਲ ਭਾਵੇਂ ਪ੍ਰਵਚਨ ਦੇ ਦਾਇਰੇ ਵਿੱਚ ਮੰਨੀ ਜਾਂਦੀ ਹੈ।
ਕੇਰਲਾ ਆਪਣੇ ਆਪ ਵਿੱਚ ਖਿੱਚ ਦਾ ਕਾਰਨ ਸੀ। ਕੁਦਰਤ ਦੇ ਸਹੁੱਪਣ ਪੱਖੋਂ ਵੀ ਤੇ ਸਮਾਜਿਕ ਮਾਪਦੰਡਾਂ, ਖਾਸ ਕਰਕੇ ਸਿਹਤ ਅਤੇ ਸਿੱਖਿਆ ਦੇ ਮਾਮਲੇ ਵਿੱਚ। ਮੇਰੇ ਆਪਣੇ ਵਿਸ਼ੇ ਵਿੱਚ, ਸਿਹਤ ਦੀ ਤੁਲਨਾ ਕਰਦਿਆਂ, ਕੇਰਲਾ ਵਾਰ-ਵਾਰ ਆਉਂਦਾ।
ਆਪਣੀ ਐੱਮ.ਡੀ. ਦੀ ਪੜ੍ਹਾਈ ਦੌਰਾਨ, ਆਈ.ਡੀ.ਪੀ.ਡੀ.ਦੀ ਰਾਜ ਪੱਧਰੀ ਕਾਨਫਰੰਸ ਹੋਈ ਤੇ ਮੈਨੂੰ ਡੈਲੀਗੇਟ ਬਣਾਉਣ ਲਈ ਪਹੁੰਚ। ਇੱਕ ਤਾਂ ਮੇਰਾ ਵਿਸ਼ਾ, ਦੂਸਰਾ ਮੇਰੀਆਂ ਲਿਖਤਾਂ ਵਿੱਚ ਲੋਕਪੱਖੀ ਸੁਰ ਵੀ ਸ਼ਾਮਿਲ ਹੋ ਰਿਹਾ ਸੀ। ਇੱਕ ਲੇਖ ਭਾਅ ਜੀ ਗੁਰਸ਼ਰਨ ਸਿੰਘ ਦੀ ਮੈਗਜ਼ੀਨ ‘ਸਮਤਾ’ ਵਿੱਚ ਛਪਿਆ ਸੀ ਤੇ ‘ਮਾਨਸਿਕ ਰੋਗ ਅਤੇ ਸਾਡਾ ਸਮਾਜ’ ਪੁਸਤਕ ਵੀ ਛਪ ਚੁੱਕੀ ਸੀ। ਉਂਜ ਇਸ ਜਥੇਬੰਦੀ ਦਾ ਨਾਂ ਵੀ ਖਿੱਚ ਪਾਊ ਹੈ।
ਸ਼ਾਂਤੀ ਅਤੇ ਵਿਕਾਸ ਤੇ ਉਹ ਵੀ ਡਾਕਟਰਾਂ ਵੱਲੋਂ। ਉਂਜ ਤਾਂ ਸਿਹਤ ਸੇਵਾ, ਨੋਬਲ ਕਿੱਤਾ ਆਦਿ ਇਸੇ ਡਾਕਟਰੀ ਵਿਸ਼ੇ ਨਾਲ ਹੀ ਜੁੜੇ ਹਨ, ਪਰ ਹੌਲੀ-ਹੌਲੀ ਦੇਖ ਰਹੇ ਸੀ ਕਿ ਇਹ ਕਿੱਤਾ ਵੀ ਹੋਰਾਂ ਕਿੱਤਿਆਂ ਵਾਂਗ ਵਪਾਰ ਹੋਣ ਵੱਲ ਵਧ ਰਿਹਾ ਸੀ।
ਮੇਰਾ ਪਿਛੋਕੜ ਕਰਿਆਨਾ ਦੀ ਦੁਕਾਨ ਚਲਾਉਂਦੇ ਪਰਿਵਾਰ ਨਾਲ ਜੁੜਦਾ ਹੈ। ਮੈਂ ਵੀ ਕਦੇ-ਕਦੇ ਦੁਕਾਨ ’ਤੇ ਜਾ ਬੈਠਦਾ। ਸੌਦਾ ਦੇ ਕੇ, ਪੈਸੇ ਜੋੜਦੇ ਦੇਖਦਾ ਜਾਂ ਖੁਦ ਵੀ ਕਰਦਾ, ਘੀ, ਆਟਾ, ਦਾਲ, ਮਿਰਚਾਂ ਤੇ ਕੁਲ ਹੋ ਗਏ। ਇਹੀ ਤਰਜ਼ ਮੈਂ ਸ਼ਹਿਰ ਦੇ ਡਾਕਟਰਾਂ ਨੂੰ ਕਰਦੇ ਦੇਖਦਾ, ਜਦੋਂ ਇੱਕ ਟੀਕਾ, ਛੇ ਗੋਲੀਆਂ, ਇੱਕ ਪੀਣ ਦੀ ਦਵਾਈ ਤੇ ਬਿੱਲ ਬਣਿਆ। ਜਦੋਂ ਐੱਮ.ਬੀ.ਬੀ.ਐੱਸ. ਕਰ ਲਈ ਤਾਂ ਮੇਰੇ ਮਨ ਵਿੱਚ ਆਪਣੀ ਦੁਕਾਨਨੁਮਾ ਕਲੀਨਿਕ ਖੋਲ੍ਹਣ ਦਾ ਕਦੇ ਚਿੱਤ ਨਹੀਂ ਕੀਤਾ। ਸਬੱਬੀਂ ਸਰਕਾਰੀ ਨੌਕਰੀ ਮਿਲ ਗਈ। ਪਤਾ ਨਹੀਂ ਘਰਦਿਆਂ ਨੇ ਸੋਚਿਆ ਹੋਵੇਗਾ ਕਿ ਮੁੰਡਾ ਡਾਕਟਰ ਬਣ ਰਿਹਾ ਹੈ, ਪਾਸ ਕਰਕੇ ਇੱਥੇ ਕਲੀਨਿਕ ਜਾਂ ਹਸਪਤਾਲ ਖੋਲ੍ਹੇਗਾ ਤੇ ਛੋਟੇ ਭਰਾ-ਭਤੀਜੇ ਵੀ ਸੈੱਟ ਹੋ ਜਾਣਗੇ। ਮੈਂ ਕਿਧਰੇ ਹੋਰ ਸੋਚਦਾ, ਕਿਸੇ ਹੋਰ ਰਾਹ ਪੈ ਗਿਆ। ਕਲੀਨਿਕ ਜਾਂ ਹਸਪਤਾਲ, ਸੋਚ ਕੇ ਦੇਖੋ, ਘਰ ਦੀ ਹਾਲਤ, ਸੁਪਨਾ ਲੱਗ ਸਕਦਾ ਹੈ ਅੱਜ, ਪਰ ਉਹ ਸਮਾਂ ਸੀ ਜਦੋਂ ਇੱਕ ਮੇਜ਼-ਕੁਰਸੀ ਅਤੇ ਐੱਮ.ਬੀ.ਬੀ.ਐੱਸ.ਦੌਰਾਨ ਖਰੀਦੀ ਸਟੈਥੋਸਕੋਪ ਨਾਲ ਇਹ ਸੰਭਵ ਸੀ।
ਕੁਦਰਤੀ ਆਈ.ਵੀ.ਪੀ.ਡੀ ਵਿੱਚ, 1984 ਤੋਂ ਹੀ ਸਰਗਰਮ ਡਾ. ਅਰੁਣ ਮਿਤਰਾ ਸਾਡੇ ਅਬੋਹਰ ਤੋਂ ਨਿਕਲੇ। ਆਪਣੇ ਬਚਪਨ ਦੇ ਦਿਨਾਂ ਵਿੱਚ, ਮੈਂ ਕੀ ਸਾਡਾ ਸਾਰਾ ਪਰਿਵਾਰ ਹੀ, ਉਨ੍ਹਾਂ ਦੇ ਪਿਤਾ ਡਾ. ਮਨੋਹਰ ਲਾਲ ਮਿਤਰਾ ਤੋਂ ਦਵਾਈ ਲੈਂਦੇ। ਉਹ ਅਕਸਰ ਆਪਣੇ ਬੇਟੇ ਬਾਰੇ ਜ਼ਿਕਰ ਕਰਦੇ, ਜੋ ਡੀ.ਐੱਮ.ਸੀ. ਲੁਧਿਆਣੇ ਵਿੱਚ ਪੜ੍ਹਦਾ ਹੁੰਦਾ, ਖਾਸ ਕਰ ਜਦੋਂ ਮੈਂ ਪਟਿਆਲੇ ਪੜ੍ਹਨ ਲੱਗਿਆ। ਮੈਂ ਸੋਚਦਾ, ਉਨ੍ਹਾਂ ਨੇ ਲੁਧਿਆਣਾ ਦੇ ਪ੍ਰਾਈਵੇਟ ਮੈਡੀਕਲ ਕਾਲਜ ਵਿੱਚ ਬੇਟੇ ਨੂੰ ਇਹ ਸੋਚ ਕੇ ਦਾਖਲਾ ਦਿਵਾਇਆ ਹੋਵੇਗਾ ਕਿ ਉਹ ਡਾਕਟਰੀ ਕਰਕੇ ਉਨ੍ਹਾਂ ਦੀ ਪ੍ਰੈਕਟਿਸ ਸਾਂਭ ਲਵੇਗਾ। ਪਰ ਮਿਤਰਾ ਤਾਂ ਕਾਲਜ ਦੇ ਸਮੇਂ ਤੋਂ ਹੀ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਵਿੱਚ ਸਰਗਰਮ ਹੋ ਗਿਆ ਤੇ ਫਿਰ ਇੱਕ ਵਿਦਿਆਰਥੀ ਕਾਰਕੁਨ ਨਾਲ ਰਿਸ਼ਤੇ ਵਿੱਚ ਬੰਨ੍ਹਿਆ ਗਿਆ, ਜੋ ਟਰੇਡ ਯੂਨੀਅਨ ਵਿੱਚ ਸਰਗਰਮ ਸੀ। ਕਹਿਣ ਦਾ ਹੈ ਭਾਵ ਹੈ ਕਿ ਉਨ੍ਹਾਂ ਦੀ ਤਰਜੀਹ ਵੀ ਮੇਰੇ ਵਾਂਗ ਕਿਸੇ ਹੋਰ ਰਾਹ ’ਤੇ ਪੈਂਦੀ ਬਦਲ ਗਈ। ਨਿੱਜੀ ਤੋਂ ਲੋਕਪੱਖੀ। ਭਾਵੇਂ ਉਸ ਕੋਲ ਬਣਿਆ ਬਣਾਇਆ ਤੰਤਰ ਵੀ ਸੀ।
ਆਈ.ਵੀ.ਪੀ.ਡੀ ਦੀ ਸਟੇਟ ਕਾਨਫਰੰਸ ਵਿੱਚ ਪਤਾ ਚੱਲਿਆ ਕਿ ਇਹ ਜਥੇਬੰਦੀ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਦਾ ਭਾਰਤੀ ਵਿੰਗ ਹੈ। ਉਸ ਸੰਸਥਾ ਦਾ ਇਤਿਹਾਸ ਜਾਣ ਕੇ ਵੀ ਮਨ ਨੂੰ ਹੁਲਾਰਾ ਮਿਲਿਆ। ਉਸ ਅੰਤਰਰਾਸ਼ਟੀ ਸੰਸਥਾ ਦਾ ਗਠਨ ਸਾਲ 1980 ਵਿੱਚ ਹੋਇਆ, ਜਦੋਂ ਪੂਰਾ ਵਿਸ਼ਵ ਦੋ ਧਰੁਵੀ ਸੀ। ਇੱਕ ਪਾਸੇ ਅਮਰੀਕਾ ਅਤੇ ਦੂਸਰੇ ਪਾਸੇ ਯੂ.ਐੱਸ.ਐੱਸ. ਆਰ। ਦੋ ਤਾਕਤਾਂ ਦਾ ਟਕਰਾਅ ਚਲਦਾ ਰਹਿੰਦਾ। ਦਰਅਸਲ ਉਹ ਦੋ ਵਿਚਾਰਧਾਰਾਵਾਂ ਦਾ ਟਕਰਾਅ ਸੀ, ਸਧਾਰਨ ਸ਼ਬਦਾਂ ਵਿੱਚ ਲੋਕਪੱਖੀ ਅਤੇ ਸਾਮਰਾਜੀ ਸ਼ੋਸ਼ਣ ਕਰਦੀ ਧਿਰ। ਵਿਸ਼ਵ ’ਤੇ ਖਤਰਾ ਮੰਡਰਾਉਂਦਾ ਰਹਿੰਦਾ। ਦੋਵੇਂ ਦੇਸ਼ ਆਪਣੇ ਆਪਣੇ ਖੇਮੇ ਵਿੱਚ ਵੱਧ ਤੋਂ ਵੱਧ ਹੋਰ ਦੇਸ਼ਾਂ ਨੂੰ ਜੋੜਨ ਦੀ ਕੋਸ਼ਿਸ਼ ਵਿੱਚ ਰਹਿੰਦੇ। ਸਾਡੇ ਮੁਲਕ ਨੇ, ਆਜ਼ਾਦੀ ਤੋਂ ਬਾਅਦ, ਇਸ ਗੱਲ ਦੀ ਸਿਆਣਪ ਵਰਤੀ ਕਿ ਅਸੀਂ ਕਿਸੇ ਦੀ ਧਿਰ ਨਹੀਂ ਬਣਨਾ। ਭਾਵੇਂ ਭਾਰੂ ਸੋਚ ਲੋਕਪੱਖੀ ਸੀ, ਬਰਾਬਰੀ ਦਾ ਸਮਾਜ ਸਿਰਜਣ ਦੀ। ਸਗੋਂ ਕੁਝ ਹੋਰ ਦੇਸ਼ਾਂ ਨੂੰ ਨਾਲ ਰਲਾ ਕੇ ਗੁੱਟ ਨਿਰਪੇਖ ਦੇਸ਼ਾਂ ਦੀ ਜਥੇਬੰਦੀ ਬਣਾਈ। ਵੱਧ ਝੁਕਾਅ ਯੂ.ਐੱਸ.ਐੱਸ.ਆਰ. ਵੱਲ ਰਿਹਾ।
ਉਸ ਵਿਸ਼ਵੀ ਮਾਹੌਲ ਵਿੱਚ ਅਮਰੀਕਾ ਦੇ ਡਾਕਟਰ ਬਰਨਾਰਡ ਲਿਉਨ ਅਤੇ ਯੂ.ਐੱਸ.ਐੱਸ. ਆਰ ਤੋਂ ਡਾ. ਚੇਜ਼ਿਵ ਮਿਖੇਲ ਕਿਸੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਮਿਲੇ। ਦੋਵੇਂ ਡਾਕਟਰ, ਦੋਹਾਂ ਦਾ ਸਬੰਧ ਮਨੁੱਖੀ ਸਰੀਰ ਅਤੇ ਤੰਦਰੁਸਤੀ ਨਾਲ। ਦੋਹਾਂ ਨੂੰ ਇਸ ਵਿਸ਼ਵੀ ਟਕਰਾਅ ਦਾ ਪਤਾ ਸੀ। ਦੋਹਾਂ ਦੇਸ਼ਾਂ ਕੋਲ ਨਿਉਕਲੀਅਰ ਹਥਿਆਰ ਸਨ ਅਤੇ ਦੋਹਾਂ ਕੋਲ ਹੀ ਦੂਸਰੇ ਵਿਸ਼ਵ ਯੁੱਧ ਦੌਰਾਨ, ਜਾਪਾਨ ਤੇ ਸ਼ਹਿਰ ਹੀਰੋਸ਼ੀਮਾ-ਨਾਗਾਸਾਕੀ ਤੇ ਵਰਤੇ ਗਏ ਬੰਬਾਂ ਦੇ ਹਸ਼ਰ ਦਾ ਇਤਿਹਾਸ ਅਤੇ ਉਸ ਦੇ ਫੌਰੀ ਅਤੇ ਦੂਰਗਾਮੀ ਨਤੀਜਿਆਂ ਬਾਰੇ ਜਾਣਕਾਰੀ ਸੀ। ਦੋਹਾਂ ਨੇ ਚਰਚਾ ਕੀਤੀ, ਫ਼ਿਕਰ ਜਿਤਾਇਆ ਤੇ ਇੱਕੋ-ਇੱਕ ਨੁਕਤੇ ’ਤੇ ਦੁਨੀਆ ਨੂੰ ਚੇਤੰਨ ਕਰਨ ਦਾ ਬੀੜਾ ਚੁੱਕਿਆ ਤੇ ਜਥੇਬੰਦੀ ਬਣੀ, ਆਈ.ਪੀ.ਪੀ.ਐੱਨ. ਡਬਲਿਉ। ਇਨਟਰਨੈਸ਼ਨਲ ਫਿਜੀਸ਼ੀਅਨ ਫਾਰ ਪਰੀਵੈਂਸ਼ਨ ਆਫ ਨਿਉਕਲੀਅਰ ਵਾਰ। ਨਿਉਕਲੀਅਰ ਹਥਿਆਰਾਂ ਦੀ ਰੋਕਥਾਮ ਲਈ ਦੁਨੀਆ ਭਰ ਦੇ ਡਾਕਟਰ। ਉਨ੍ਹਾਂ ਨੇ ਹੋਰਾਂ ਨਾਲ ਮਿਲ ਕੇ ਇਸ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਦੀ ਸੋਚ ਦਾ ਪ੍ਰਭਾਵ ਇਸ ਕਦਰ ਦੇਖਣ ਨੂੰ ਮਿਲਿਆ ਕਿ 1985 ਦਾ ਨੋਬਲ ਸ਼ਾਂਤੀ ਪੁਰਸਕਾਰ, ਇਸ ਅੰਤਰਰਾਸ਼ਟਰੀ ਜਥੇਬੰਦੀ ਦੀ ਝੋਲੀ ਪਿਆ।
ਭਾਰਤ ਵਿੱਚ ਇਸਦਾ ਗਠਨ 1984 ਵਿੱਚ ਹੋਇਆ ਤੇ ਦੇਸ਼ ਦੀ ਸਥਿਤੀ ਦੇਖਦੇ ਹੋਏ, ਇਸਦਾ ਨਾਂ ਆਈ.ਡੀ.ਪੀ.ਡੀ. ਰੱਖਿਆ ਗਿਆ। ਨਿਉਕਲੀਅਰ ਹਥਿਆਰਾਂ ਦੀ ਦੌੜ ਵਿੱਚ ਅਸੀਂ ਵੀ ਸ਼ਾਮਲ ਹੋ ਰਹੇ ਸੀ। ਨਾਲੇ ਸਾਡੇ ਖਿੱਤੇ ਦਾ ਤਣਾਅ ਤਾਂ ਆਜ਼ਾਦੀ ਤੋਂ ਹੀ ਬਰਕਰਾਰ ਰੱਖਿਆ ਗਿਆ ਹੈ। ਪਾਕਿਸਤਾਨ ਅਤੇ ਚੀਨ ਨੂੰ ਗੁਆਂਢੀ ਨਾ ਸਮਝ ਕੇ, ਦੁਸ਼ਮਣ ਹੀ ਐਲਾਨਿਆ ਗਿਆ ਹੈ ਤੇ ਵਿਸ਼ਵੀ ਤਾਕਤਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਮਾਹੌਲ ਬਣਿਆ ਰਹੇ। ਹਥਿਆਰਾਂ ਦੀ ਦੌੜ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਹਥਿਆਰਾਂ ਲਈ ਬੱਜਟ ਨੂੰ ਭਰਪੂਰ ਥਾਂ ਮਿਲਦੀ ਹੈ ਤੇ ਹਰਜਾਨਾ ਭੁਗਤਣਾ ਪੈਂਦਾ ਹੈ, ਸਿਹਤ ਅਤੇ ਸਿੱਖਿਆ ਨੂੰ। ਇਸ ਲਈ ਅੰਤਰਰਾਸ਼ਟਰੀ ਸੰਸਥਾ ਦਾ ਭਾਰਤੀ ਰੂਪ ਸ਼ਾਂਤੀ ਅਤੇ ਵਿਕਾਸ ਉੱਤੇ ਕੇਂਦ੍ਰਿਤ ਹੋਇਆ। ਇਸੇ ਤਰ੍ਹਾਂ ਪਾਕਿਸਤਾਨ ਵਾਲੀ ਸ਼ਾਖਾ ਦਾ ਨਾਂ ਵੀ ਪੀ.ਡੀ.ਪੀ.ਡੀ. ਹੈ, ਪਾਕਿਸਤਾਨੀ ਡਾਕਟਰ ਫਾਰ ਪੀਸ ਐਂਡ ਡਿਵੈਲਪਮੈਂਟ। ਪਰ ਸ਼ਾਂਤੀ ਦਾ ਏਜੰਡਾ, ਬਾਰਡਰ ਦੀ ਸਿਆਸਤ ਦਾ ਜਿੰਨਾ ਕੁ ਵੀ ਪ੍ਰਭਾਵ ਇਨ੍ਹਾਂ ਜਥੇਬੰਦੀਆਂ ਰਾਹੀਂ ਹੁੰਦਾ ਹੈ, ਉਹ ਆਪਾਂ ਦੇਖ ਸਕਦੇ ਹਾਂ।
ਆਈ.ਵੀ.ਪੀ.ਡੀ ਦੀ ਸਿਹਤ ਨੂੰ ਲੈ ਕੇ ਸਰਗਰਮੀ ਲਗਾਤਾਰ ਬਣੀ ਹੋਈ ਹੈ। ਸਿਹਤ ਬੱਜਟ, ਦਵਾਈ ਕੰਪਨੀਆਂ ਦੀ ਮਨਮਾਨੀ, ਦੇਸ਼ ਦੀ ਸਿਹਤ ਨੀਤੀ ਵਿੱਚ ਵਧ ਰਿਹਾ ਕਾਰਪੋਰੇਟ ਪ੍ਰਭਾਵ ਤੇ ਦਬਾਅ, ਸਿਹਤ ਦਾ ਧੁੰਦਲਾ ਪੈ ਰਿਹਾ ਲੋਕਪੱਖੀ ਪ੍ਰਭਾਵ ਅਤੇ ਖੁੱਲ੍ਹ ਰਹੀ ਕਾਰਪੋਰਟੀ ਹਸਪਤਾਲਾਂ ਦੀ ਲੜੀ ਤੇ ਦਿਨ-ਬ-ਦਿਨ ਮਹਿੰਗਾ ਹੋ ਰਿਹਾ ਇਲਾਜ ਆਦਿ ਵਿਸ਼ਿਆਂ ’ਤੇ ਚਰਚਾ ਕਰਦਾ ਆ ਰਿਹਾ ਹਾਂ। ਸਲਾਨਾ ਕਾਨਫਰੰਸਾਂ ਵਿੱਚ, ਪਿਛਲੀ ਕਾਨਫਰੰਸ ਵਿੱਚ ਮੁੱਦਾ ਆਯੁਸ਼ਮਾਨ ਭਾਰਤ ਦਾ ਸੀ ਤੇ ਇਸ ਵਾਰੀ ਸਿਹਤ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚ ਲਿਆਉਣ ਲਈ ਜ਼ੋਰ ਪਾਉਣਾ।
ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ ਮੈਂ ਫੀਸ ਲੈ ਕੇ, ਪਰਚੀ ਲਿਖ ਕੇ ਦੇਣ ਵਾਲਾ ਡਾਕਟਰ ਨਹੀਂ ਹਾਂ, ਭਾਵੇਂ ਸਰਕਾਰੀ ਮੈਡੀਕਲ ਕਾਲਜ ਵਿੱਚ ਕੰਮ ਕੀਤਾ ਹੈ ਜਾਂ ਘਰੇ ਬੈਠ ਕੇ ਕਿਸੇ ਨਾਲ ਸਿਹਤ ਬਾਰੇ ਸਲਾਹ ਦਿੱਤੀ ਹੋਵੇ। ਜੋ ਮੈਂ ਥੋੜ੍ਹਾ ਬਹੁਤ ਹੋਰ ਕੀਤਾ ਹੈ ਜਾਂ ਕਰ ਰਿਹਾ ਹਾਂ ਉਹ ਹੈ ਸਿਹਤ ਦੇ ਵਿਸ਼ੇ ਨੂੰ ਲੈ ਕੇ ਅਖਬਾਰਾਂ-ਮੈਗਜ਼ੀਨਾਂ ਵਿੱਚ ਲੇਖ ਲਿਖਣੇ, ‘ਸਿਹਤਨਾਮਾ’ ਆਦਿ।
ਕਰੋਨਾ ਕਾਲ ਸਭ ਨੇ ਦੇਖਿਆ-ਹੰਢਾਇਆ ਹੈ। ਹੁਣ ਸਮਝ ਆ ਰਹੀ ਕਿ ਉਹ ਵਿਸ਼ਵ ਪੱਧਰੀ ਕਿਸ ਤਰ੍ਹਾਂ ਦੀ ਸਥਿਤੀ ਸੀ। ਸਿਹਤ ਦੀ ਸਮੱਸਿਆਵਾਂ ਸੀ ਜਾਂ ਸਿਹਤ ਰਾਹੀਂ ਸਿਆਸਤ ਨੂੰ ਸਮਝਣ ਦੀ ਪ੍ਰਯੋਗਸ਼ਾਲਾ ਸੀ। ਦਿਨ-ਬ-ਦਿਨ ਇਸਦੇ ਖੁਲਾਸੇ ਹੋ ਰਹੇ ਹਨ। ਉਸ ਸਮੇਂ ਦੌਰਾਨ ਬਿਮਾਰੀ ਅਤੇ ਸਿਆਸਤ ਨੂੰ ਲੈ ਕੇ ਪੰਜਾਬ ਵਿੱਚ ਕੁਝ ਕੁ ਗਿਣੇ-ਚੁਣੇ ਹੋਏ ਡਾਕਟਰਾਂ ਦੇ ਨਾਂ ਹੀ ਸਭ ਨੂੰ ਚੇਤੇ ਹਨ। ਡਾ. ਪਿਆਰਾ ਲਾਲ ਗਰਗ, ਡਾ. ਅਰੁਣ ਮਿਤਰਾ ਅਤੇ ਥੋੜ੍ਹਾ ਬਹੁਤ ਮੈਂ ਹਿੱਸਾ ਪਾਇਆ ਹੈ।
ਆਈ.ਡੀ.ਪੀ.ਡੀ. ਤੋਂ ਇਲਾਵਾ ਪੰਜਾਬ ਵਿੱਚ ਭਾਰਤ ਗਿਆਨ ਵਿਗਿਆਨ ਸੰਮਤੀ, ਜੋ ਕਿ ਪਹਿਲਾਂ ਲੋਕ ਸਿਹਤ ਮੰਚ ਰਾਹੀਂ ਲੋਕਾਂ ਦੀ ਸਿਹਤ ਨੂੰ ਲੈ ਕੇ ਕਾਰਜ ਕਰਦੀ ਸੀ ਤੇ ਫਿਰ ਸੰਮਤੀ ਬਣਾ ਕੇ ਕਾਰਜ ਕੀਤੇ। ਇਸ ਤੋਂ ਇਲਾਵਾ ‘ਡਾਕਟਰਜ਼ ਫਾਰ ਸੁਸਾਇਟੀ’ ਦੀ ਜਥੇਬੰਦੀ ਵੀ ਕੁਝ ਕਾਰਜ ਕਰਦੀ ਹੈ, ਪਰ ਜੋ ਸਮਾਜ ਦਾ ਦ੍ਰਿਸ਼ ਹੈ ਕਿ ਮੈਡੀਕਲ ਕਾਲਜਾਂ ਦੇ ਦਾਖਲੇ, ਉਸ ਦੀ ਤਿਆਰੀ ਵਿੱਚ ‘ਨੀਟ’ ਦੀ ਭੂਮਿਕਾ ਅਤੇ ਵਿਦਿਆਰਥੀਆਂ ਦਾ ਪਰਿਵਾਰਕ ਆਰਥਿਕ ਪਿਛੋਕੜ ਤੇ ਸਮਾਜਿਕ ਸਮਝ, ਸਭ ਮਿਲਕੇ ਡਾਕਟਰੀ ਦਾ ਭਵਿੱਖ ਸਮਾਜ ਤੋਂ ਤੋੜਨ ਵਾਲਾ ਵੱਧ ਹੈ - ਏ.ਸੀ. ਘਰਾਂ ਵਿੱਚ ਰਹਿੰਦੇ, ਹੋਸਟਲਾਂ ਵਿੱਚ ਏ.ਸੀ. ਲਗਾ ਕੇ ਰਹਿਣ ਦੇ ਇੱਛੁਕ। ਇਹ ਸਭ ਸੋਚ ਕੇ ਦੇਖੋ ਕਿ ਦੇਸ਼ ਭਰ ਦੀ ਜਾਂ ਪੰਜਾਬ ਦੀ ਸੱਤਰ ਫੀਸਦੀ ਆਬਾਦੀ ਜੋ ਪਿੰਡਾਂ ਵਿੱਚ ਰਹਿੰਦੀ ਹੈ, ਉਸ ਦੀ ਦਸ਼ਾ ਕਿਵੇਂ ਸਮਝ ਸਕਣਗੇ ਤੇ ਬਿਮਾਰੀ ਦਾ ਪਿਛੋਕੜ ਜਾਣੇ ਬਗੈਰ ਕਿਸ ਤਰ੍ਹਾਂ ਇਲਾਜ ਸੰਭਵ ਹੋਵੇਗਾ ਤੇ ਕਿਸ ਤਰ੍ਹਾਂ ਦਾ ਇਲਾਜ ਕੀਤਾ ਜਾਵੇਗਾ।
ਜਦੋਂ ਆਯੁਸ਼ਮਾਨ ਭਾਰਤ ’ਤੇ ਗੱਲ ਕਰਨੀ ਸੀ, ਜੋ ਕਿ ਮੇਰੇ ਵਿਸ਼ੇ ਦਾ ਹਿੱਸਾ ਹੈ ਤੇ ਮੈਂ ਵਿਦਿਆਰਥੀਆਂ ਨੂੰ ਇੱਕ ਗੱਲ ਕਹੀ ਹੈ ਕਿ ਸਰਕਾਰ ਦੀਆਂ ਨੀਤੀਆਂ ਨੂੰ ਹੂਬਹੂ ਲਾਗੂ ਕਰਨ ਵੇਲੇ ਗੱਲ ਹੋਰ ਹੁੰਦੀ ਹੈ, ਹੁਣ ਤੁਸੀਂ ਇਸ ਵਿਸ਼ੇ ਦੇ ਮਾਹਿਰ ਹੋ ਰਹੇ ਹੋ। ਨੀਤੀ ਦੀ ਆਲੋਚਨਾ ਖੁੱਲ੍ਹੇ ਮਨ ਨਾਲ ਕਰੋ। ਇਹ ਸੋਚ ਕੇ ਕਰੋ ਕਿ ਇਹ ਲੋਕਪੱਖੀ ਹੈ, ਗਰੀਬ ਤੋਂ ਗਰੀਬ, ਕਤਾਰ ਵਿੱਚ ਖੜ੍ਹੇ ਆਖਰੀ ਆਦਮੀ ਦੇ ਪੱਖ ਤੋਂ ਸੋਚ ਕੇ ਬੋਲੇ। ਇਹ ਨੀਤੀ ਦੀ ਨਿੰਦਾ ਨਹੀਂ ਹੈ, ਇਹ ਉਸ ਨੀਤੀ ਨੂੰ ਹੋਰ ਵਧੀਆ ਬਣਾਉਣ ਦੀ ਚਾਹ ਹੈ।
ਆਯੁਸ਼ਮਾਨ ਭਾਰਤ, ਜੋ ਕਿ ਸਿਹਤ ਬੀਮਾ ਸਕੀਮ ਹੈ, ਪ੍ਰਚਾਰਨ ਨੂੰ ਵਧੀਆ ਹੈ। ਪਰ ਇੱਕ ਖਾਮੀ ਹੈ ਕਿ ਇਸਦਾ ਲਾਭ ਲੈਣ ਲਈ ਵਿਅਕਤੀ ਨੂੰ ਉਸ ਹੱਦ ਤਕ ਬਿਮਾਰ ਹੋਣਾ ਪੈਂਦਾ ਹੈ ਕਿ ਹਸਪਤਾਲ ਵਿੱਚ ਦਾਖਲ ਹੋਣ ਦੀ ਨੌਬਤ ਪੈਦਾ ਹੋ ਜਾਵੇ। ਕੀ ਇਹ ਡਾਕਟਰਾਂ ਲਈ ਚਰਚਾ ਦਾ ਮੁੱਦਾ ਨਹੀਂ ਹੈ? ਜ਼ਰੂਰੀ ਹੀ ਉਹ ਇਸ ਬਾਰੇ ਚਰਚਾ ਕਰਨ ’ਤੇ ਆਪਣੀ ਗੱਲ ਰੱਖਣ, ਚਾਹੇ ਕਿਸੇ ਵੀ ਪਲੇਟਫਾਰਮ ’ਤੇ।
ਇੱਕ ਦੂਸਰਾ ਪਾਸਾ ਹੈ, ਜਦੋਂ ਸੁਣਨ ਨੂੰ ਮਿਲਦਾ ਹੈ ਕਿ ਸਰਕਾਰ ਇੰਨਾ ਤਾਂ ਕਰ ਰਹੀ ਹੈ, ਹੋਰ ਕੀ ਕਰ ਲਵੇ? ਪੈਸੇ ਕਿੱਥੋਂ ਲਿਆਵੇ? ਵਗੈਰਾ ਵਗੈਰਾ। ਮਤਲਬ ਸਵਾਲ ਦਾ ਜਵਾਬ ਨਾ ਦੇ ਕੇ, ਅੱਗੋਂ ਸਵਾਲਾਂ ਦੇ ਘੇਰੇ ਵਿੱਚ ਉਲਝਾ ਦੇਣਾ। ਇਸਦਾ ਰੁਝਾਨ ਵਧ ਰਿਹਾ ਹੈ। ਇਸ ਤਰ੍ਹਾਂ ਦੀ ਸੋਚ ਵਾਲੇ ਵਿਦਿਆਰਥੀ ਆ ਰਹੇ ਹਨ ਤੇ ਅਧਿਆਪਕ ਵੀ।
ਬਿਮਾਰ ਹੋਣ ਦੇਣਾ ਤੇ ਫਿਰ ਕੁਝ ਕਾਰਜ ਕਰਨਾ, ਸਰਮਾਏਦਾਰੀ, ਬਾਜ਼ਾਰ ਦੀ ਮੁਨਾਫੇ ਵਾਲੀ ਸੋਚ ਹੈ, ਨਾ ਕਿ ਬਿਮਾਰੀ ਨੂੰ ਛੇਤੀ ਫੜ ਲੈਣਾ ਜਾਂ ਬਿਮਾਰੀ ਹੋਣ ਨਾ ਦੇਣਾ ਵਾਲੀ ਸਿਹਤਮੰਦ ਸੋਚ। ਸਾਰੀ ਚਰਚਾ ਵਿੱਚ ਸ਼ਾਂਤੀ ਦੀ ਗੱਲ ਤੁਸੀਂ ਖੁਦ ਤਲਾਸ਼ੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4108)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)