“ਲੋਕੀਂ ਪੁੱਛਣਗੇ ਵਿਕਾਸ ਨੂੰ ਕਿੱਥੇ ਛੱਡ ਆਏ, ਉਹ ਨਾਲ ਨਹੀਂ ਆਇਆ? ਕੀ ਜਵਾਬ ਦੇਵੋਗੇ ਕਿ ਉਹ ...”
(5 ਮਈ 2019)
ਵਿਕਾਸ, ਮੇਰਾ ਵਿਕਾਸ, ਸਾਡਾ ਵਿਕਾਸ, ਸਾਡਾ ਸਭ ਦਾ ਵਿਕਾਸ, ਇਹੀ ਨਵਾਂ ਨਾਅਰਾ ਮਿਲਿਆ ਸੀ 16ਵੀਂ ਲੋਕ ਸਭਾ ਦੀਆਂ ਚੋਣਾਂ ਦੌਰਾਨ। ਇੱਕ ਉਮੀਦ ਜਾਗੀ ਸੀ, ਇੱਕ ਯਕੀਨ ਕਿ ਕੁਝ ਨਵਾਂ ਹੋਵੇਗਾ। 'ਅੱਛੇ ਦਿਨ ਆਉਣਗੇ’ ਦੀ ਗੱਲ ਵੀ ਹੋਈ ਸੀ। ਲੋਕ ਜਿਵੇਂ ਉਡੀਕਦੇ ਸੀ ਕਿ ਵਿਕਾਸ ਦਾ ਮੂੰਹ ਦੇਖਾਂਗੇ, ਜਿਵੇਂ ਅਜ਼ਾਦੀ ਤੋਂ ਬਾਅਦ ਕੁਝ 'ਆਸ’ ਨਹੀਂ ਸੀ ਬੱਝੀ। ਇੱਕ ਵਾਤਾਵਰਣ ਅਜਿਹਾ ਬਣਾਇਆ ਗਿਆ ਕਿ ਸੱਠ ਸਾਲ ਵਿੱਚ ਇੱਕ ਪਰਵਾਰ, ਕੁਝ ਕੁ ਲੋਕ, ਘੁਟਾਲੇ ਤੇ ਭ੍ਰਿਸ਼ਟਾਚਾਰ, ਬੱਸ, ਸਭ ਦਾ ਵਿਕਾਸ ਹੋਇਆ ਹੀ ਨਹੀਂ। ਲੋਕਾਂ ਨੂੰ ਲੱਗ ਰਿਹਾ ਸੀ, ਜਿਵੇਂ ਹੁਣ ਤੱਕ ਹਨੇਰੇ ਵਿੱਚ ਹੀ ਸੀ, ਸੱਚ ਹੁਣ ਸਾਹਮਣੇ ਆਇਆ ਹੈ। ਸਾਡੇ ਦੇਸ਼ ਵਾਸੀ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੇ ਪੱਛਮੀ ਬੰਗਾਲ ਤੋਂ ਗੁਜਰਾਤ, ਰਾਜਸਥਾਨ, ਸਾਰੇ ਹੀ।
ਵਿਕਾਸ ਦੀ ਆਸ ਲਈ, ਵਿਕਾਸ ਦੀ ਕਿਲਕਾਰੀ ਉਡੀਕਦੇ ਲੋਕਾਂ ਨੂੰ ਕਈ ਕੁਝ ਨਵਾਂ ਮਿਲਿਆ। ਨਵੇਂ ਨਾਂ, ਜਿਵੇਂ ਨੀਤੀ ਆਯੋਗ (ਪਲੈਨਿੰਗ ਕਮਿਸ਼ਨ ਦੀ ਥਾਂ), ਸਵੱਛ ਭਾਰਤ ਅਭਿਆਨ (ਨਿਰਮਲ ਭਾਰਤ ਦੀ ਥਾਂ) ਅਤੇ ਕੁਝ ਹੋਰ ਜਿਵੇਂ ਸਕਿੱਲ ਇੰਡੀਆ, ਸਟਾਰਟ ਅੱਪ ਇੰਡੀਆ, ਡਿਜੀਟਲ ਇੰਡੀਆ, ਮੇਕ ਇਨ ਇੰਡੀਆ। ਨਵੀਂਆਂ ਲੀਹਾਂ ’ਤੇ ਤੁਰਨ ਲਈ ਇੱਕ ਦੇਸ਼, ਇੱਕ ਟੈਕਸ, ਕਾਲੇ ਧਨ ਨੂੰ ਵਿਦੇਸ਼ੋਂ ਲਿਆਉਣ ਦੇ ਵਾਅਦੇ ਤੋਂ ਬਾਅਦ ਦੇਸ਼ ਅੰਦਰ ਪਏ ਕਾਲੇ ਧਨ ਨੂੰ ਬਾਹਰ ਕੱਢਣ ਲਈ ਨੋਟਬੰਦੀ। ਇਹ ਸਾਰੇ ਹਰ ਰੋਜ਼, ਇੰਨੀ ਰਫ਼ਤਾਰ ਨਾਲ ਹੋ ਰਹੇ ਸੀ ਕਿ ਲੱਗਦਾ ਸੀ, ਬੱਸ ਵਿਕਾਸ ਆਇਆ ਕਿ ਆਇਆ। ਪਹਿਲਾਂ 60 ਸਾਲਾਂ ਵਿੱਚ ਵਿਗੜੇ ਕਾਰਜਾਂ ਨੂੰ ਸਹੀ ਲੀਹ ’ਤੇ ਲਿਆਉਣ ਲਈ 60 ਮਹੀਨੇ ਮੰਗੇ, ਫਿਰ ਕਾਲੇ ਧਨ ਲਈ 50 ਦਿਨ ਤੱਕ ਮੁਸੀਬਤ ਵਾਲੇ ਹਾਲਾਤ ਨਾਲ ਨਜਿੱਠਣ ਲਈ ਸਾਥ ਮੰਗਿਆ। ਲੋਕਾਂ ਨੇ ਸਭ ਥਾਂ ’ਤੇ ਭਾਰੀ ਸਹਿਯੋਗ ਦਿੱਤਾ।
ਇੱਕ ਪਾਸੇ ਵਿਕਾਸ ਦੇ ਗੁਣ ਗਾਏ ਗਏ ਤੇ ਨਾਲ ਹੀ ਦੇਸ਼ ਅੰਦਰ ਇੱਕ ਨਵੇਂ ਸੱਭਿਆਚਾਰ ਦਾ ਵੀ ਅਰੰਭ ਹੋਇਆ। ਘੱਟ ਗਿਣਤੀਆਂ ਦੇ ਲੋਕਾਂ ਨੂੰ ਮੁੱਖ ਧਾਰਾ ਨਾਲ ਜੁੜਨ ਦੇ ਸੰਕੇਤ ਦਿੱਤੇ ਜਾਣ ਲੱਗੇ। ਦਲਿਤ ਅਤੇ ਮੁਸਲਮਾਨਾਂ ਵਿੱਚ ਅਨਿਸ਼ਚਿਤਾ ਦਾ ਭਾਵ ਫੈਲਣ ਲੱਗਿਆ। ਇੱਕ ਸੰਦੇਸ਼ ਜਾਣ ਲੱਗਿਆ ਤੇ ਹਿੰਦੂ ਅਤੇ ਹਿੰਦੂਤਵ ਦੀਆਂ ਗੱਲਾਂ ਆਉਣ ਲੱਗੀਆਂ। ਹਿੰਦੁਸਤਾਨ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ। ਹਿੰਦੂ ਕੋਈ ਧਰਮ ਨਹੀਂ ਹੈ, ਇੱਕ ਜੀਵਨ-ਜਾਚ ਹੈ, ਪਰ ਇਸ ਜੀਵਨ-ਜਾਚ ਵਿੱਚ 'ਇਕਸਾਰਤਾ’ ਦੀ ਗੱਲ ਉੱਭਰੀ। 'ਭਾਰਤ ਮਾਤਾ ਦੀ ਜੈ', ਜਨ ਗਣ ਗਾਉਣ, ਵੰਦੇ ਮਾਤਰਮ ਨੂੰ ਸਕੂਲਾਂ ਵਿੱਚ ਸ਼ਾਮਲ ਕਰਨ ਅਤੇ ਹੌਲੀ-ਹੌਲੀ ਸਿਲੇਬਸ ਨਾਲ ਛੇੜਛਾੜ, ਸੜਕਾਂ-ਸ਼ਹਿਰਾਂ ਦੇ ਨਾਂਅ ਦੀ ਤਬਦੀਲੀ ਨੇ ਦੇਸ਼ ਦੀ ਦਸ਼ਾ ਅਤੇ ਦਿਸ਼ਾ ਦਾ ਰੁਖ ਬਦਲਦੇ ਦੇਖਿਆ। ਹਰ ਵਾਰੀ ਜਵਾਬ ਇੱਕੋ ਹੁੰਦਾ, ਸੱਠ ਸਾਲਾਂ ਵਿੱਚ ਕੀਤੇ ਗਏ ਕੰਮ ’ਤੇ ਸਵਾਲ ਕਿਉਂ ਨਹੀਂ। ਦੇਸ਼ ਇੱਕ ਪਰਵਾਰ ਕੋਲ ਰਿਹਾ ਹੈ। ਇੱਕ ਪਰਵਾਰ ਲਗਾਤਾਰ ਨਿਸ਼ਾਨੇ ’ਤੇ ਰਹਿਣ ਨਾਲ ਲੋਕਾਂ ਨੂੰ ਲੱਗਿਆ ਕਿ ਸੱਚ ਹੀ ਤਾਂ ਹੈ।
ਕੁਝ ਬੁੱਧੀਜੀਵੀਆਂ ਨੇ, ਕੁਝ ਸੁਚੇਤ ਪੱਤਰਕਾਰਾਂ ਨੇ ਹਾਲਾਤ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਸਮਝਿਆ ਤੇ ਕਿੰਤੂ-ਪ੍ਰੰਤੂ ਕਰਨਾ ਸ਼ੁਰੂ ਕੀਤਾ। ਵਿਰੋਧ ਦਾ ਸੁਰ ਸੁਣਾਈ ਦੇਣ ਲੱਗਿਆ। ਲੋਕਾਂ ਨੇ ਇਨਾਮ-ਸਨਮਾਨਾਂ ਨੂੰ ਵਾਪਸ ਕਰਕੇ ਰੋਸ ਪ੍ਰਗਟਾਇਆ, ‘ਨਾਟ ਓਨ ਮਾਈ ਨੇਮ’ -ਮੇਰੇ ਨਾਂਅ ਤੋਂ ਨਹੀਂ ਵਰਗੇ ਸੁਰ ਦੀ ਆਵਾਜ਼ ਨੇ ਰਾਜਧਾਨੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਆਪਣੇ ਮੱਤ ਰੱਖੇ, ਕਿਉਂ ਜੋ ਪ੍ਰਧਾਨ ਮੰਤਰੀ ਦੀ ਹਰ ਗੱਲ ਸ਼ੁਰੂ ਹੁੰਦੀ ਕਿ ਮੈਂਨੂੰ ਦੇਸ਼ ਦੀ 125 ਕਰੋੜ ਜਨਤਾ ਦਾ ਪਿਆਰ ਅਤੇ ਭਰੋਸਾ ਹਾਸਲ ਹੈ। ਲੋਕਾਂ ਨੇ ਖੁੱਲ੍ਹ ਕੇ ਕਿਹਾ, ‘ਸਾਡਾ ਨਾਂਅ ਸ਼ਾਮਲ ਨਾ ਕੀਤਾ ਜਾਵੇ।’
‘ਅੱਛੇ ਦਿਨ ਆਉਣਗੇ’ ਦੀ ਭਿਣਕ ਪੈਣ ਲੱਗੀ ਸੀ। ਲੋਕਾਂ ਨੇ ਵਿਕਾਸ ਬਾਰੇ ਗੱਲ ਕਰਨੀ ਸ਼ੁਰੂ ਕੀਤੀ। ਨੌਕਰੀਆਂ ਕਿੱਥੇ ਨੇ? ਸਗੋਂ ਨੋਟਬੰਦੀ ਨਾਲ 50 ਲੱਖ ਨੌਕਰੀਆਂ ਹੱਥੋਂ ਨਿਕਲ ਗਈਆਂ ਹਨ। ਕਾਲਾ ਧਨ ਕਿੱਥੇ ਸੀ? ਜੇ ਸੀ ਤਾਂ ਕਿੱਥੇ ਗਿਆ? ਨਾ ਵਿਦੇਸ਼ੋਂ ਆਇਆ, ਨਾ ਦੇਸ਼ ਦੇ ਅੰਦਰੋਂ ਹੀ ਮਿਲਿਆ। ਸਾਰੇ ਨੋਟ ਬੈਂਕਾਂ ਵਿੱਚ ਪਹੁੰਚ ਗਏ, ਖੱਜਲ-ਖੁਆਰੀ ਵਾਧੂ, ਨਵੇਂ ਨੋਟ ਛਾਪਣ ਦਾ ਖਰਚਾ ਹੋਰ। ਅੱਤਵਾਦ, ਨਕਸਲ, ਕਸ਼ਮੀਰ, ਕੀ ਕੁਝ ਬਦਲ ਗਿਆ ਹੈ।
ਵਿਕਾਸ ਦਾ ਸਿਰਨਾਵਾਂ ਦੱਸਣ ਵਾਲੇ ਅਜੇ ਵੀ ਉਸ ਸੁਰ ਵਿੱਚ ਹਨ, ਉਜਵਲਾ ਯੋਜਨਾ, ਜਨ ਧਨ, ਲੋਕਾਂ ਲਈ ਸਸਤੇ ਘਰ, ਖੁੱਲ੍ਹੇ ਵਿੱਚ ਪਖਾਨਾ ਕਰਨਾ ਬੰਦ, ਹਜ਼ਾਰਾਂ ਕਿਲੋਮੀਟਰ ਸੜਕਾਂ। ਤਕਰੀਬਨ 22 ਕਰੋੜ ਲੋਕਾਂ ਨੂੰ ਵਿਕਾਸ ਦਾ ਮੂੰਹ ਦਿਖਾਇਆ ਹੈ, ਪਰ ਉਹ ਇੰਨਾ ਲੁਕਵਾਂ ਸੀ ਕਿ ਕਿਸੇ ਨੂੰ ਉਸ ਦੇ ਸਾਫ਼-ਸਪਸ਼ਟ ਨੈਣ-ਨਕਸ਼ ਨਹੀਂ ਦਿਸੇ। ਕੋਈ ਪੁੱਛੇ ਕਿ ਵਿਕਾਸ ਕਿਹੋ ਜਿਹਾ ਹੁੰਦਾ ਹੈ ਤਾਂ ਸਭ ਦੀ ਆਵਾਜ਼ ਬੰਦ ਹੋ ਜਾਂਦੀ ਹੈ।
ਵਿਕਾਸ ਦਾ ਨਾਅਰਾ ਲੈ ਕੇ ਆਏ, ਵਿਕਾਸ ਦਾ ਦਾਅਵਾ ਕਰਨ ਵਾਲੇ ਅਜੇ ਵੀ ਉਸੇ ਬੁਲੰਦ ਆਵਾਜ਼ ਵਿੱਚ ‘ਵਿਕਾਸ-ਵਿਕਾਸ’ ਕਰ ਰਹੇ ਹਨ। ਸਵਾਲ ਪੁੱਛਣ ਦੀ ਮਨਾਹੀ ਵੀ ਹੈ ਤੇ ਮਾਹੌਲ ਵੀ ਨਹੀਂ ਹੈ।
ਸੱਠ ਮਹੀਨੇ ਦਾ ਮੰਗਿਆ ਸਮਾਂ ਖ਼ਤਮ ਹੋਣ ਲੱਗਿਆ ਤਾਂ ਵਿਕਾਸ ਨੂੰ ਲੁਕੋ ਲਿਆ, ਜਿਵੇਂ ਸਿਹਤਮੰਦ ਨਾ ਹੋਵੇ, ਕਿਸੇ ਘਾਟ-ਕਮੀ ਦਾ ਸ਼ਿਕਾਰ ਹੋਵੇ। ਜਿਵੇਂ ਦੱਸਿਆ ਜਾ ਰਿਹਾ ਸੀ, ਉਸ ਦੇ ਉਲਟ ਹੋਵੇ। ਅਖਬਾਰਾਂ ਅਤੇ ਟੀਵੀ ਦੀਆਂ ਬਹਿਸਾਂ ਵਿੱਚੋਂ ਵਿਕਾਸ ਗਾਇਬ ਕਰ ਦਿੱਤਾ ਗਿਆ। ਲੋਕ ਪਤਾ ਪੁੱਛਦੇ ਤਾਂ ਭੰਬਲਭੂਸੇ ਵਿੱਚ ਪਾ ਦਿੱਤਾ ਜਾਂਦਾ। ਇੱਕ ਵਾਰੀ ਫਿਰ 60 ਸਾਲਾਂ ਨੂੰ ਯਾਦ ਕਰਕੇ ਦੁਹਾਈ ਦਿੱਤੀ ਜਾਂਦੀ। ਨਵੀਂਆਂ-ਨਵੀਆਂ ਤਸ਼ਬੀਹਾਂ ਦਿੱਤੀਆਂ ਜਾਂਦੀਆਂ, 60 ਸਾਲਾਂ ਤੋਂ ਉੱਸਰਿਆ ਪਠਰੀਲਾ ਟਿੱਲਾ, ਦੇਰ ਤਾਂ ਲੱਗੇਗੀ ਹੀ। ਸਾਰੀਆਂ ਯੋਜਨਾਵਾਂ ਨੂੰ 2022 ਤੱਕ ਖਿੱਚਣ ਦੀ ਕੋਸ਼ਿਸ਼ ਹੋਈ। ਸਬੱਬ ਵੀ ਬਣ ਗਿਆ ਕਿ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਤੱਕ ਦੇਸ਼ ਦੀ ਤਸਵੀਰ ਬਦਲ ਦਿਆਂਗੇ। ਫਿਰ ਪੇਸ਼ ਕਰਾਂਗੇ ਵਿਕਾਸ ਦਾ ਹੱਸਦਾ-ਮੁਸਕਰਾਉਂਦਾ ਚਿਹਰਾ।
ਵੋਟਾਂ ਮੰਗਣ ਵੇਲੇ, ਕੀ ਮੂੰਹ ਲੈ ਕੇ ਜਾਓਗੇ? ਲੋਕੀਂ ਪੁੱਛਣਗੇ ਵਿਕਾਸ ਨੂੰ ਕਿੱਥੇ ਛੱਡ ਆਏ, ਉਹ ਨਾਲ ਨਹੀਂ ਆਇਆ? ਕੀ ਜਵਾਬ ਦੇਵੋਗੇ ਕਿ ਉਹ ਤਾਂ ਹਸਪਤਾਲ ਦਾਖ਼ਲ ਹੈ? ਫਿਰ? ਚਿੰਤਾ ਦਾ ਵਿਸ਼ਾ ਤਾਂ ਹੈ ਹੀ। ਕੀ ਜਵਾਬ ਦੇਵਾਂਗੇ ਕਿ ਨੌਜਵਾਨ ਪ੍ਰੇਸ਼ਾਨ ਕਿਉਂ ਨੇ, ਦੇਸ਼ ਵਿੱਚ ਭੁੱਖਮਰੀ ਦਾ ਸੂਚਕ ਅੰਕ 110 ਦੇਸ਼ਾਂ ਵਿੱਚ 103ਵਾਂ ਹੈ, ਔਰਤਾਂ ਦੀ ਸੁਰੱਖਿਆ ਵਿੱਚ ਵੀ ਕਿਤੇ ਨਹੀਂ ਖੜ੍ਹਦੇ, ਮੀਡੀਆ ਦੀ ਆਜ਼ਾਦੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ, ਭੀੜਤੰਤਰ ਵਿੱਚ ਕਿਉਂ ਬਦਲ ਗਿਆ ਹੈ ਦੇਸ਼ ਦਾ ਮਜ਼ਬੂਤ ਲੋਕਤੰਤਰ। ਹਰ ਇੱਕ ਕੋਲ ਆਪਣੇ ਹਿੱਸੇ ਦੇ ਸਵਾਲ ਹਨ।
ਰਾਮ ਲੱਲਾ ਨੇ ਕਾਫ਼ੀ ਲੰਮਾ ਸਾਥ ਦਿੱਤਾ ਹੈ। ਹੁਣ ਉਹ ਵੀ ਨਾਲ ਨਹੀਂ ਚੱਲਣਾ ਚਾਹ ਰਹੇ। ਕੀ ਕੀਤਾ ਜਾਵੇ, ਵਿਕਾਸ ਦੀ ਥਾਂ ’ਤੇ ਕਿਹੜਾ ਅਜਿਹਾ ਭਰਮ ਹੋਵੇ, ਜੋ ਸਭ ਨੂੰ ਚੁੰਬਕੀ ਤਰੀਕੇ ਨਾਲ ਆਪਣੇ ਵੱਲ ਖਿੱਚ ਲਵੇ। ਇੱਕ ਅਜਿਹਾ ਨਸ਼ਾ, ਜੋ ਵਿਕਾਸ ਨੂੰ ਚੇਤਿਆਂ ਵਿੱਚ ਮਨਫ਼ੀ ਕਰ ਦੇਵੇ। ਸਾਡੇ ਦੇਸ਼ ਵਿੱਚ ਇੱਕ ਖਾਸ ਮਾਹੌਲ ਹੈ, ਜਿਸ ਨੂੰ ਐਮਰਜੈਂਸੀ ਹਾਲਤਾਂ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਸਾਡਾ ਪੜੋਸੀ ਪਾਕਿਸਤਾਨ, ਜਿਸਦੇ ਖ਼ਿਲਾਫ਼ ਦੇਸ਼ ਵਿੱਚ ਕੋਈ ਮਾਹੌਲ ਬਣਾਉਣ ਲਈ ਉਚੇਚ ਨਹੀਂ ਕਰਨਾ ਪੈਂਦਾ। ਇਸਦੇ ਲਈ ਜ਼ਮੀਨ ਤਾਂ ਪਹਿਲਾਂ ਹੀ ਤਿਆਰ ਹੈ। ਦੂਸਰਾ ਮੁੱਦਾ ਹੈ, ਧਰਮ ਖਤਰੇ ਵਿੱਚ ਹੈ। ਇਹ ਹਿੰਦੁਸਤਾਨ ਹੈ, ਹਿੰਦੂਆਂ ਦੀ ਥਾਂ। ਇਸਦੇ ਲਈ ਵੀ ਜ਼ਮੀਨ ਬਣਾਈ ਗਈ ਹੈ। ਇਸਦੇ ਲਈ ਵੀ ਸ਼ੁਰੂ ਤੋਂ ਕਸ਼ਮੀਰ ਨੂੰ ਮੁੱਦਾ ਬਣਾ ਕੇ, ਧਾਰਾ 370 ਨੂੰ ਵਿੱਚ ਲਿਆ ਕੇ, ਰਾਮ ਮੰਦਰ ਦੇ ਨਾਂਅ ’ਤੇ, ‘ਰਾਮ ਮੰਦਰ ਜੇਕਰ ਇੱਥੇ ਨਹੀਂ ਤਾਂ ਫਿਰ ਕਿਸ ਦੇਸ਼ ਵਿੱਚ’ ਵਰਗੇ ਨਾਅਰਿਆਂ ਨਾਲ ਦੇਸ਼ ਵੰਡਿਆ ਗਿਆ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਤਾਂ ਮਤਲਬ ਸਪਸ਼ਟ ਹੈ ਕਿ ਇਹ ਹੁਣ ਹਿੰਦੂਆਂ ਵਾਸਤੇ ਹੈ। ਮੁਸਲਮਾਨ ਸਮਾਜ ਨੂੰ ਲਗਾਤਾਰ ਕਿਸੇ ਨਾ ਕਿਸੇ ਬਹਾਨੇ ਤੇ ਪਿਛਲੇ ਕੁਝ ਸਮੇਂ ਤੋਂ ਗਾਂ ਦੇ ਨਾਂਅ ’ਤੇ ਕੁੱਟ-ਕੁੱਟ ਕੇ ਮਾਰਨ ਤੱਕ ਪਹੁੰਚ ਜਾਣਾ।
ਇਨ੍ਹਾਂ ਦੋਹਾਂ ਪੱਖਾਂ ਦੇ ਮੱਦੇਨਜ਼ਰ ਵਿਕਾਸ ਦੇ ਸਾਹਮਣੇ ਪਹਿਲਾਂ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਗੱਲ ਹੋਈ। ਉਹ ਮੁੱਦਾ ਵੀ ਹੌਲੀ-ਹੌਲੀ ਫਿੱਕਾ ਪੈਣ ਲੱਗਿਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭਗਵਾ ਰੂਪ ਧਾਰ ਕੇ ਆਪਣੀ ਚੋਣ ਲਈ ਰੋਡ ਸ਼ੋਅ ਕਰਨਾ ਪਿਆ, ਪੂਰੀ ਵੇਸ਼ਭੂਸ਼ਾ ਵਿੱਚ ਗੰਗਾ ਕਿਨਾਰੇ ਆਰਤੀ ਵਿੱਚ ਸ਼ਾਮਲ ਹੋਣਾ ਪਿਆ। ਫਿਰਕੂ ਦੰਗਿਆਂ ਵਿੱਚ ਅਰੋਪੀ ਸਾਧਵੀ ਪ੍ਰਗਿਆ ਠਾਕੁਰ ਨੂੰ ਪੂਰੇ ਜ਼ੋਰ-ਸ਼ੋਰ ਨਾਲ ਉਮੀਦਵਾਰ ਬਣਾ ਕੇ ਲਿਆਉਣਾ ਪਿਆ ਤੇ ਹਿੰਦੂਆਂ ਦੀ ਤਸਵੀਰ ਸਾਰੀ ਦੁਨੀਆ ਵਿੱਚ ਵਿਗਾੜੀ ਜਾ ਰਹੀ ਹੈ, ਭਗਵੇਂ ਨੂੰ ਸਨਮਾਨ ਦਿਵਾਉਣ ਦੀ ਗੱਲ ਹੋਣੀ ਸ਼ੁਰੂ ਹੋਈ, ਮੁਸਲਮਾਨਾਂ ਦਾ ਦੇਸ਼ ਭਰ ਵਿੱਚ ਬਾਈਕਾਟ ਕਰਨ ਦੀ ਗੱਲ ਹੋਣੀ ਸ਼ੁਰੂ ਹੋਈ।
ਚੋਣ ਪ੍ਰਕ੍ਰਿਆ ਅਤੇ ਪ੍ਰਚਾਰ ਦੀ ਉਲੰਘਣਾ ਕਰਦੇ ਹੋਏ ਹਰ ਤਰ੍ਹਾਂ ਦੇ ਨੇਮ ਨੂੰ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸ ਤਰ੍ਹਾਂ ਵਿਕਾਸ ਬਾਰੇ ਕਿਸੇ ਨੂੰ ਕੋਈ ਫ਼ਿਕਰ ਨਹੀਂ, ਵਿਕਾਸ ਬਾਰੇ ਉਸ ਦੀ ਤੰਦਰੁਸਤੀ ਬਾਰੇ ਕੋਈ ਨਹੀਂ ਪੁੱਛ ਰਿਹਾ, ਉਸ ਦੇ ਰੰਗ ਬਾਰੇ ਗੱਲ ਹੋ ਰਹੀ ਹੈ। ਉਸ ਦੇ ਧਰਮ ਬਾਰੇ, ਉਸ ਦੀ ਜਾਤ-ਗੋਤ ਬਾਰੇ ਗੱਲ ਆ ਕੇ ਚਰਚਾ ਦਾ ਵਿਸ਼ਾ ਬਣ ਗਈ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਉਨ੍ਹਾਂ ਦੀ ਆਮਦਨ ਦੁੱਗਣੀ ਕਰਨੀ, ਪੜ੍ਹਾਈ, ਸਿਹਤ, ਰੋਜ਼ਗਾਰ, ਸਭ ਕੁਝ ਇੱਕ ਰੰਗ ਵਿੱਚ ਹੀ ਜਜ਼ਬ ਹੋ ਗਿਆ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1572)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)