ShyamSDeepti7“... ਰਾਜਨੀਤੀ ਦੀ ਸਮਝ ਨਹੀਂ, ਤਾਂ ਕੀ ਹੋਇਆ। ਅੱਜ-ਕੱਲ੍ਹ ਇੱਕ ਹੋਰ ਗੁਣ ਦੀ ਬੜੀ ਮੰਗ ਹੈ ...
(10 ਮਈ 2019)

 

ਕੁਝ ਦਿਨ ਹੀ ਪਹਿਲਾਂ ਸੰਨੀ ਦਿਉਲ ਦਾ ਦਾਖ਼ਲਾ ਸਿਰਫ਼ ਸਿਆਸਤ ਵਿੱਚ ਨਹੀਂ ਹੋਇਆ, ਉਹ ਪਹਿਲੇ ਦਿਨ ਹੀ ਸੰਸਦੀ ਪ੍ਰਣਾਲੀ ਵਿੱਚ ਦਾਖ਼ਲ ਹੋ ਗਿਆ ਹੈ, ਜਿਸ ਬਾਰੇ ਉਹ ਖ਼ੁਦ ਕਹਿੰਦਾ ਹੈ ਕਿ ਮੈਂਨੂੰ ਰਾਜਨੀਤੀ ਬਾਰੇ ਕੁਝ ਨਹੀਂ ਪਤਾ ਅਤੇ ਇਸ ਗੱਲ ’ਤੇ ਉਸ ਦਾ ਪਿਉ ਧਰਮੇਂਦਰ ਵੀ ਮੋਹਰ ਲਗਾਉਂਦਾ ਹੈ ਕਿ ਉਨ੍ਹਾਂ ਨੇ ਸਿਆਸਤ ਨਹੀਂ ਸਿੱਖੀ, ਪਰ ਉਹ ਪੂਰੀ ਤਰ੍ਹਾਂ ਦੇਸ਼ ਭਗਤ ਹਨਸੰਨੀ ਦਿਉਲ ਆਪਣੇ ਪਹਿਲੇ ਰਾਜਨੀਤਕ ਭਾਸ਼ਣ ਵਿੱਚ ਇਹ ਵੀ ਕਹਿੰਦਾ ਹੈ ਕਿ ਮੈਂਨੂੰ ਪਾਪਾ ਨੇ ਕਿਹਾ, ਪੰਜਾਬ ਦੇ ਲੋਕ ਤੈਨੂੰ ਪਿਆਰ ਕਰਦੇ ਨੇ, ਤੈਨੂੰ ਦਿਲ ਵਿੱਚ ਵਸਾਉਂਦੇ ਨੇ, ਜਾ ਜਾ ਉੱਥੇ ਜਾਬਾਰਡਰ ’ਤੇ ਵਸੇ ਇਲਾਕੇ ਗੁਰਦਾਸਪੁਰ ਵਿੱਚ ਉਹ ਇਵੇਂ ਆਇਆ ਹੈ, ਜਿਵੇਂ ਕੋਈ ਜੰਗ ਲੱਗੀ ਹੋਵੇ ਤੇ ਉਸ ਨੇ ਬਾਰਡਰ ’ਤੇ ਲੜਾਈ ਲੜਨੀ ਹੋਵੇਹਾਰ-ਜਿੱਤ ਦਾ ਫ਼ੈਸਲਾ ਵੀ ਕੋਈ ਦੂਰ ਨਹੀਂ ਰਿਹਾ ਹੁਣ, ਪਰ ਕੀ ਸੰਸਦ ਵਿੱਚ ਸਾਨੂੰ ਅਜਿਹੇ ਲੋਕਾਂ/ਨੇਤਾਵਾਂ ਦੀ ਲੋੜ ਹੈ? ਉਹ ਆਪਣਾ ਭਾਸ਼ਣ ਆਪਣੇ ਮਸ਼ਹੂਰ ਡਾਇਲਾਗ, ‘ਢਾਈ ਕਿਲੋ ਦਾ ਹੱਥ’ ਤੋਂ ਸ਼ੁਰੂ ਕਰਦਾ ਹੈਕੀ ਸੰਸਦ ਵਿੱਚ ਢਾਈ ਕਿਲੋ ਦੇ ਹੱਥ ਨਾਲ ਬਾਕਸਿੰਗ ਕਰਨੀ ਹੈ? ਕੀ ਉੱਥੇ ਆਪਣੇ ਨਾਲ ਬੈਠੇ ਵਿਰੋਧੀ ਨੂੰ ਦੋ-ਦੋ ਹੱਥ ਦਿਖਾਉਣੇ ਨੇ ਤੇ ਉਸ ਨੂੰ ਬਾਹਰ ਚੁੱਕ ਕੇ ਸੁੱਟਣਾ ਹੈ? ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਸੰਸਦ ਦੀ ਅਸਲੀ ਰੂਹ ਤੋਂ ਬੇਖ਼ਬਰ ਹੋ ਰਹੇ ਹਾਂ ਅਤੇ ਉਸ ਨੂੰ ਤਾਕਤ ਦੇ ਪ੍ਰਗਟਾਵੇ ਦਾ ਅਖਾੜਾ ਬਣਾਉਣ ਜਾ ਰਹੇ ਹਾਂ

ਪਾਰਟੀ ਦੀ ਮੈਂਬਰਸ਼ਿੱਪ ਤੇ ਨਾਲ ਹੀ ਤੋਹਫ਼ੇ ਵਜੋਂ ਟਿਕਟ, ਕੋਈ ਨਵੀਂ ਗੱਲ ਨਹੀਂ ਹੈਇਹ ਹੁਣ ਇੱਕ ਆਮ ਗੱਲ ਹੁੰਦੀ ਜਾ ਰਹੀ ਹੈਵਿਰੋਧੀ ਪਾਰਟੀ ਤੋਂ ਅਸਰ-ਰਸੂਖ ਵਾਲੇ ਬੰਦੇ ਨੂੰ ਤੋੜਨਾ ਤੇ ਇਹ ਵਾਅਦਾ ਕਰਨਾ ਕਿ ਟਿਕਟ ਪੱਕੀ ਜਾਂ ਕਿਸੇ ਉਸ ਤਰ੍ਹਾਂ ਦੀ ਖਾਸੀਅਤ ਵਾਲੇ, ਜੋ ਜਿਤਾ ਸਕਦਾ ਹੋਵੇ, ਨੂੰ ਪਾਰਟੀ ਵਿੱਚ ਲਿਆਉਣਾ ਤੇ ਉਮੀਦਵਾਰ ਐਲਾਨ ਦੇਣਾ, ਸਾਡੇ ਸਾਹਮਣੇ ਹੈਮਾਇਆ ਨਗਰੀ ਮੁੰਬਈ ਤੋਂ ਆਵੇ, ਪੂਜਾ ਵਰਗੀ ਸ਼ਰਧਾ ਵਾਲੀ ਖੇਡ ਕ੍ਰਿਕੇਟ ਤੋਂ ਆਵੇ, ਟਿਕਟ ਜਿਵੇਂ ਇੰਤਜ਼ਾਰ ਕਰ ਰਹੀ ਹੁੰਦੀ ਹੈਬੀ ਜੇ ਪੀ ਵਰਗੀ ਪਾਰਟੀ, ਜੋ ਹਰ ਚਰਚਾ ਵਿੱਚ ਆਪਣੇ ਆਪ ਨੂੰ ‘ਕਾਡਰ ਬੇਸ’, ਅਨੁਸ਼ਾਸਨ ਵਾਲੀ, ਪਾਰਟੀ ਅੰਦਰ ਸਭ ਦੀ ਰਾਏ ਨਾਲ ਲੋਕਤੰਤਰ ਢੰਗ ਨਾਲ ਫ਼ੈਸਲੇ ਲੈਣ ਵਾਲੀ ਪਾਰਟੀ ਕਹਿੰਦੀ ਨਹੀਂ ਥੱਕਦੀ, ਵੀ ਉਸੇ ਰੌਂਅ ਵਿੱਚ ਆ ਗਈ ਹੈਲੱਗਦਾ ਹੈ ਇੱਕੋ-ਇੱਕ ਮਕਸਦ ਜਿੱਤਣਾ ਹੈ ਤੇ ਸੰਸਦ ਵਿੱਚ ਲੈ ਜਾ ਕੇ ‘ਯੈੱਸ ਮੈਨ’ ਬਿਠਾਉਣੇ ਹਨ

ਕਾਡਰ ਜਾਂ ਮੈਂਬਰਸ਼ਿੱਪ ਨਹੀਂ, ਰਾਜਨੀਤੀ ਦੀ ਸਮਝ ਨਹੀਂ, ਤਾਂ ਕੀ ਹੋਇਆਅੱਜ-ਕੱਲ੍ਹ ਇੱਕ ਹੋਰ ਗੁਣ ਦੀ ਬੜੀ ਮੰਗ ਹੈ ਕਿ ਦੇਸ਼ ਭਗਤ ਹੋਵੇਸੰਨੀ ਦਿਉਲ ਕੋਲ ਦੇਸ਼ ਭਗਤੀ ਦਾ ਇੱਕ ਵੱਡਾ ਸਰਟੀਫਿਕੇਟ ਹੈ, ਜੋ ‘ਗਦਰ’ ਫਿਲਮ ਰਾਹੀਂ ਉਸ ਨੂੰ ਮਿਲਿਆ ਹੈ ਤੇ ਲੱਖਾਂ ਲੋਕ ਗਵਾਹ ਨੇਦੇਸ਼ ਭਗਤੀ, ਆਪਣੀ ਜਨਮ ਭੂਮੀ ਨੂੰ, ਉਸ ਮਿੱਟੀ ਨਾਲ ਮੋਹ, ਜਿਸ ਵਿੱਚ ਤੁਸੀਂ ਖੇਡੇ ਵੱਡੇ ਹੋਏ, ਕੋਈ ਵੀ ਕਿੰਤੂ-ਪ੍ਰੰਤੂ ਨਹੀਂ ਕਰਦਾ, ਪਰ ਦੁਨੀਆ ਦੇ ਦੇਸ਼ਾਂ ਦੇ ਬਾਰਡਰਾਂ ਦਾ ਮਤਲਬ ਕੁਝ ਹੋਰ ਹੈ, ਜਿਸ ਨੂੰ ਅਸੀਂ ਦੁਸ਼ਮਣੀ ਵਿੱਚ ਬਦਲ ਦਿੱਤਾ ਹੈ

ਮੈਂਨੂੰ ਯਾਦ ਹੈ, ਅੰਮ੍ਰਿਤਸਰ ਵਿੱਚ ਇੱਕ ਸੰਸਥਾ ਸਪੈਕਟਰਮ ਦਾ ਗਠਨ ਹੋਣ ਲੱਗਿਆ ਤੇ ਉਸ ਦੇ ਉਦੇਸ਼ਾਂ ਵਿੱਚ ਸਪੈਕਟਰਮ ਸ਼ਬਦ () ਵਿੱਚ ਇਸਤੇਮਾਲ ਹੁੰਦੇ, ਸਾਰੇ ਸ਼ਬਦਾਂ ਨਾਲ ਸ਼ੁਰੂ ਹੁੰਦਾ ਕੋਈ ਨਾ ਕੋਈ ਅੱਖਰ ਲੱਭਿਆ ਗਿਆਜਿਵੇਂ ਈ ਲਈ ਐਜੂਕੇਸ਼ਨ, ਟੀ ਲਈ ਟਰੁੱਥ (ਸੱਚਾਈ) ਅਤੇ ਇਸੇ ਤਰ੍ਹਾਂ ਪੀ ਸ਼ਬਦ ਲਈ ਪੈਟਰੀਆਟ ਰੱਖਿਆ ਗਿਆ, ਮਤਲਬ ਦੇਸ਼ ਭਗਤੀਇਸ ਸੰਸਥਾ ਦੇ ਸੰਵਿਧਾਨ ਨੂੰ ਲੈ ਕੇ ਚਰਚਾ ਹੋਈ ਤਾਂ ਇੱਕ ਬਜ਼ੁਰਗ ਸਾਥੀ ਇੰਜ. ਪ੍ਰਤਾਪ ਸਿੰਘ ਨੇ ਕਿਹਾ, ਇਹ ਦੇਸ਼ ਭਗਤੀ ਦਾ ਸੰਕਲਪ ਵਿਆਪਕ ਨਹੀਂ ਹੈਇਸ ਵਿੱਚ ਆਪਣੇ ਦੇਸ਼ ਲਈ ਪਿਆਰ ਹੈ ਤਾਂ ਨਿਸ਼ਚਿਤ ਹੀ ਦੂਸਰਾ ਦੇਸ਼ ਦੁਸ਼ਮਣ ਬਣ ਜਾਂਦਾ ਹੈਸਾਨੂੰ ਪੀ ਸ਼ਬਦ ਨਾਲ ਜੁੜੇ ਉਦੇਸ਼ ਨੂੰ ਤਬਦੀਲ ਕਰਕੇ ‘ਪੀਸ’ ਰੱਖਣਾ ਚਾਹੀਦਾ ਹੈ, ਭਾਵ ਸ਼ਾਂਤੀ, ਜੋ ਕਿ ਮਾਨਵਤਾ ਨਾਲ ਜੁੜਦਾ ਹੈ, ਸਭ ਨੂੰ ਸਾਹਮਣੇ ਰੱਖਦਾ ਹੈਇਹ ਗੱਲ ਇੱਕ ਸੰਸਥਾ ਦੇ ਸੰਵਿਧਾਨ ਨੂੰ ਲੈ ਕੇ ਹੋਈ ਸੀ, ਜੋ ਕਿ ਸੰਸਥਾ ਰਜਿਸਟਰ ਕਰਵਾਉਣ ਲਈ ਲੋੜੀਂਦਾ ਹੁੰਦਾ ਹੈ, ਪਰ ਅਸੀਂ ਵੱਡੇ ਪਰਿਪੇਖ ਵਿੱਚ ਦੇਸ਼ ਦੀਆਂ, ਲੋਕਤੰਤਰ ਨੂੰ ਮਜ਼ਬੂਤ ਕਰਨ ਲਈ, ਇੱਕ ਨਿਰਧਾਰਤ ਸੰਵਿਧਾਨ ਤਹਿਤ ਕਾਰਜਸ਼ੀਲ ਹੋਣ ਲਈ ਉਮੀਦਵਾਰ ਚੁਣਨੇ ਹਨਉੱਥੇ ਵੀ ਸੰਵਿਧਾਨਕ ਰੂਹ ਦੀ ਰਾਖੀ ਕਰਨੀ ਹੈਸੰਵਿਧਾਨ ਦੇ ਮੁੱਖ ਬੰਦ ਵਿੱਚ ਚਾਰ ਮਹੱਤਵਪੂਰਨ ਸ਼ਬਦ ਹਨ, ਜਿਨ੍ਹਾਂ ਨੂੰ ਹਰ ਇੱਕ ਦੇਸ਼ ਵਾਸੀ ਨੂੰ ਅਤੇ ਵਿਸ਼ੇਸ਼ ਕਰ ਸਾਡੇ ਨੇਤਾਵਾਂ ਨੂੰ ਚੇਤੇ ਰੱਖਣਾ ਚਾਹੀਦਾ ਹੈਉਹ ਹਨ ਅਜ਼ਾਦੀ, ਬਰਾਬਰੀ, ਇਨਸਾਫ਼ ਅਤੇ ਭਾਈਚਾਰਾਕੀ ਇਸ ਸੰਵਿਧਾਨਕ ਭਾਵਨਾ ਨੂੰ ਬਣਾਈ ਅਤੇ ਸੱਚਾਈ ਰੱਖਣ ਲਈ ਢਾਈ ਕਿਲੋ ਦੇ ਹੱਥਾਂ ਦੀ ਲੋੜ ਹੈ ਜਾਂ ਉਨ੍ਹਾਂ ਲੋਕਾਂ ਦੀ, ਜੋ ਕੋਈ ਵਿਚਾਰਾਂ ਕਰਨ ਅਤੇ ਦੇਸ਼ ਨੂੰ ਕੋਈ ਨਵੀਂ ਦਿਸ਼ਾ ਦਿਖਾਉਣ

ਅਜੋਕੇ ਮਾਹੌਲ ਵਿੱਚ ਇੱਕ ਹੋਰ ਗੁਣ ਵੀ ਕਾਫ਼ੀ ਪ੍ਰਚਲਿਤ ਹੈ ਤੇ ਉਸ ਦੀ ਸਰਾਹਣਾ ਵੀ ਹੁੰਦੀ ਹੈ, ਉਹ ਹੈ ਧਰਮ ਭਗਤੀਇਸਦੀ ਵੀ ਤਾਜ਼ਾ ਉਦਾਹਰਨ ਸਾਧਵੀ ਪ੍ਰਗਿਆ ਠਾਕੁਰ ਹੈ, ਜੋ ਕਿ ਸਾਧਵੀ ਦੇ ਭੇਸ ਵਿੱਚ ਵਿਚਰਦੀ, ਧਾਰਮਿਕ ਆਤੰਕ ਨਾਲ ਨਿਆਂ ਪ੍ਰਣਾਲੀ ਹੇਠ ਕੇਸ ਲੜ ਰਹੀ ਹੈ ਤੇ ਜ਼ਮਾਨਤ ’ਤੇ ਬਾਹਰ ਹੈਉਹ ਵੀ ਸੰਸਦ ਵਿੱਚ ਬੈਠਣ ਦੇ ਮਨਸੂਬੇ ਤਹਿਤ ਮੈਦਾਨ ਵਿੱਚ ਉਤਾਰੀ ਗਈ ਹੈਉਹ ਦੇਸ਼ ਵੱਲੋਂ ਐਲਾਨੇ ਗਏ ਸ਼ਹੀਦ ਸਿਪਾਹੀ ਨੂੰ ਦੇਸ਼ ਧਰੋਹੀ ਕਹਿੰਦੀ ਹੈ, ਉਹ ਭਗਵੇਂ ਨੂੰ ਸਨਮਾਨ ਦਿਵਾਉਣ ਦੀ ਗੱਲ ਕਰਦੀ ਹੈ ਤੇ ਸੰਵਿਧਾਨ ਦੀ ਮੁੱਖ ਭਾਵਨਾ ‘ਭਾਈਚਾਰੇ’ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਪੂਰੇ ਸਮਰਥਨ ਨਾਲ ਅੱਗੇ ਵਧ ਰਹੀ ਹੈਟਿਕਟ ਦੇਣ ਵਾਲੀ ਪਾਰਟੀ ਸੰਵਿਧਾਨ ਵਿੱਚ ਵਿਸ਼ਵਾਸ ਦੀਆਂ ਗੱਲਾਂ ਕਰਦੀ ਹੈ ਤੇ ਇਸ ਤਰ੍ਹਾਂ ਦੀ ਸ਼ਖਸੀਅਤ ਨੂੰ ਜਿੱਤਣ ਤੋਂ ਬਾਅਦ ਸੰਵਿਧਾਨ ਦੀ ਮੂੰਹ ਦੀ ਖਾਣੀ ਪੈਣੀ ਹੈਅਜਿਹੇ ਅਨੇਕਾਂ ਉਦਾਹਰਨ ਹਨਇਸ ਲੋਕ ਸਭਾ ਚੋਣਾਂ ਵਿੱਚ ਗਿਰੀਰਾਜ ਵਰਗੇ ਵੀ ਹਨ ਤੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਯੂ ਪੀ ਵਰਗੇ ਵੱਡੇ ਰਾਜ ਦੇ ਚੀਫ਼ ਮਨਿਸਟਰ ਵੀ ਹਨ

ਲੋਕ ਸਭਾ ਵਿੱਚ ਬੈਠਣ ਵਾਲੇ ਸਾਂਸਦ ਦੀ ਕੀ ਖਾਸੀਅਤ ਹੋਵੇ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਉਣਾ ਚਾਹੀਦਾ ਹੈ ਕਿ ਉਸ ਸੰਸਥਾ ਨੇ ਕਰਨਾ ਕੀ ਹੈ? ਉਹ ਦੇਸ਼ ਦੀ ਹੋਣੀ ਤੈਅ ਕਰਨ ਵਾਲੀ ਸੰਸਥਾ ਹੈ, ਜਿੱਥੇ ਦੇਸ਼ ਦੇ ਵਿਕਾਸ ਲਈ ਨੀਤੀਆਂ ਬਣਦੀਆਂ ਹਨਦੇਸ ਦੇ ਸੰਵਿਧਾਨ ਨੂੰ, ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਪ੍ਰੋਗਰਾਮ ਬਣਦੇ ਹਨ ਤੇ ਉਨ੍ਹਾਂ ਦੀ ਪਹੁੰਚ ਸਭ ਤੱਕ ਬਰਾਬਰ ਹੋਵੇ, ਕਾਨੂੰਨ ਬਣਾਏ ਜਾਂਦੇ ਹਨ ਤੇ ਲੋੜ ਪੈਣ ’ਤੇ ਸਮੇਂ-ਸਮੇਂ ’ਤੇ ਸੋਧੇ ਵੀ ਜਾਂਦੇ ਹਨਦੇਸ਼ ਦੇ ਕੋਨੇ-ਕੋਨੇ ਤੋਂ ਆਏ ਸਾਂਸਦ, ਆਪਣੇ ਇਲਾਕੇ ਦੀਆਂ ਜ਼ਰੂਰਤਾਂ ਮੁਤਾਬਕ, ਉੱਥੇ ਬੈਠ ਕੇ ਨੀਤੀਆਂ, ਪ੍ਰੋਗਰਾਮਾਂ ਦੀ ਮੰਗ ਕਰਦੇ ਹਨਦੇਸ਼ ਵਿੱਚ ਰਹਿੰਦੇ ਸਾਰੇ ਲੋਕਾਂ ਤੱਕ ਉਹ ਲਾਭ ਮਿਲੇ, ਉਸ ਲਈ ਕਾਨੂੰਨਾਂ ਦੀ ਮੰਗ ਕਰਦੇ ਹਨਇਹ ਨੀਤੀਆਂ ਅਤੇ ਪ੍ਰੋਗਰਾਮ ਬਣਾਉਣ ਲਈ ਭਾਵੇਂ ਇੱਕ ਕਮੇਟੀ ਹੁੰਦੀ ਹੈ, ਪਰ ਅੰਤ ਉਹ ਲੋਕ ਸਭਾ ਵਿੱਚ ਰੱਖਿਆ ਜਾਂਦਾ ਹੈ, ਸਾਰੇ ਮੈਂਬਰਾਂ ਨੂੰ ਪੜ੍ਹਾਇਆ ਜਾਂਦਾ ਹੈ ਤੇ ਉਸ ’ਤੇ ਭਰਵੀਂ ਬਹਿਸ ਹੁੰਦੀ ਹੈਬਹਿਸ ਉਸ ਨੀਤੀ ਨਾਲ ਜੁੜੀ ਕਮੇਟੀ ਕੋਲ ਪਹੁੰਚਦੀ ਹੈ ਤੇ ਫਿਰ ਅੰਤਮ ਵਿਚਾਰ ਤੋਂ ਬਾਅਦ ਉਸ ਨੀਤੀ ਨੂੰ ਮਨਜ਼ੂਰੀ ਮਿਲਦੀ ਹੈ

ਇਸ ਤਰ੍ਹਾਂ ਸੰਸਦ ਵਿੱਚ ਲੋਕਾਂ ਦੀਆਂ ਲੋਕਾਂ ਦੀ ਮੰਗ, ਨੀਤੀਆਂ ’ਤੇ ਬਹਿਸ, ਵਿਚਾਰ-ਵਟਾਂਦਰੇ ਵਿੱਚ ਹਿੱਸਾ ਕੌਣ ਲੈ ਸਕਦਾ ਹੈ? ਉਹੀ ਜੋ ਪੜ੍ਹ ਕੇ ਆਵੇ, ਉਸ ਦੀ ਕਾਬਲੀਅਤ ਹੋਵੇ, ਜਿਸ ਨੂੰ ਸੰਵਿਧਾਨ ਦੀਆਂ ਸਾਰੀਆਂ ਮੱਦਾਂ ਦਾ ਪਤਾ ਹੋਵੇ, ਲੋਕਾਂ ਦੀ ਮਾਨਸਿਕਤਾ ਅਤੇ ਸੱਭਿਆਚਾਰ ਦਾ ਪਤਾ ਹੋਵੇ, ਨਾ ਕਿ ਉਹ ਮਾਇਆ ਨਗਰੀ ਮੁੰਬਈ ਜਾਂ ਮੋਕਸ਼ ਨਗਰੀ ਹਰਿਦੁਆਰ ਤੇ ਬਨਾਰਸ ਨਾਲ ਸੰਬੰਧਤ ਹੋਵੇਬਹਿਸ ਲਈ ਢਾਈ ਕਿਲੋ ਦਾ ਹੱਥ ਜਾਂ ਭਗਵਾਂ ਭੇਸ ਕੋਈ ਪ੍ਰਮਾਣ ਪੱਤਰ ਨਹੀਂ ਹੈ

ਅਸੀਂ ਅਕਸਰ ਸੁਣਦੇ ਪੜ੍ਹਦੇ ਹਾਂ ਕਿ ਲੋਕ ਸਭਾ ਦੇ ਸੈਸ਼ਨਾਂ ਵਿੱਚ ਹਾਜ਼ਰੀ ਕਿੰਨੀ ਕੁ ਹੁੰਦੀ ਹੈ? ਜੇਕਰ ਹਾਜ਼ਰੀ ਹੁੰਦੀ ਹੈ ਤਾਂ ਬੋਲਦੇ ਕਿੰਨੇ ਕੁ ਹਨ? ਜੇਕਰ ਬੋਲਦੇ ਹਨ ਤਾਂ ਉਨ੍ਹਾਂ ਵਿੱਚ ਮੁੱਦੇ ਨਾਲ ਜੁੜੀ ਸਿਆਣਪ ਕਿੰਨੀ ਕੁ ਹੁੰਦੀ ਹੈਅਸੀਂ ਇਹ ਵੀ ਦੇਖਦੇ-ਸੁਣਦੇ ਹਾਂ ਕਿ ਸੰਸਦ ਦੇ ਰੌਲੇ-ਰੱਪੇ ਵਿੱਚ ਕਿੰਨੇ ਹੀ ਬਿੱਲ ਬਿਨਾਂ ਬਹਿਸ ਤੋਂ ਪਾਸ ਹੋ ਜਾਂਦੇ ਹਨ

ਜਿਨ੍ਹਾਂ ਲੋਕਾਂ ਨੂੰ ਦੇਸ਼ ਦੀ ਅਜ਼ਾਦੀ ਤੋਂ ਬਾਅਦ ਤੋਂ ਲੋਕ ਸਭਾ ਦੀਆਂ ਬਹਿਸਾਂ ਨਾਲ ਜੁੜਨ-ਪੜ੍ਹਨ ਦਾ ਮੌਕਾ ਮਿਲਿਆ ਹੈ ਤਾਂ ਉਹ ਬੜੇ ਮਾਣ ਨਾਲ ਇੰਦਰਜੀਤ ਗੁਪਤਾ, ਅਟਲ ਬਿਹਾਰੀ ਵਾਜਪਾਈ, ਸੋਮਨਾਥ ਚੈਟਰਜੀ, ਜੈਪਾਲ ਰੈਡੀ, ਪ੍ਰਣਬ ਮੁਖਰਜੀ, ਅਰਜਨ ਸਿੰਘ, ਮਨੀ ਸ਼ੰਕਰ ਅਈਅਰ, ਲਾਲ ਕ੍ਰਿਸ਼ਨ ਅਡਵਾਨੀ, ਸ਼ਰਦ ਪਵਾਰ ਆਦਿ ਸਾਂਸਦਾਂ ਦਾ ਨਾਂਅ ਯਾਦ ਕਰਨਗੇ, ਜਿਨ੍ਹਾਂ ਦੀ ਗੱਲਬਾਤ, ਦਲੀਲ ਸੁਣਨ ਵਾਲੀ ਹੁੰਦੀ ਸੀਲੱਗਦਾ ਸੀ ਕਿ ਦੇਸ਼ ਨੂੰ ਸਮਝਣ ਵਾਲੇ ਲੋਕ, ਦੇਸ਼ ਦੇ ਲੋਕਾਂ ਪ੍ਰਤੀ ਚਿੰਤਾ ਜ਼ਾਹਿਰ ਕਰ ਰਹੇ ਹਨ

ਅਜੋਕੇ ਮਾਹੌਲ ਵਿੱਚ, ਕੋਈ ਵੀ ਧਿਰ ਸੱਤਾ ਚਾਹੇ ਵਿਰੋਧੀ, ਕਿਸੇ ਤਰ੍ਹਾਂ ਦੀ ਬਹਿਸ ਵਿੱਚ ਦਿਲਚਸਪੀ ਲੈਂਦੀ ਨਜ਼ਰ ਨਹੀਂ ਆਉਂਦੀਉਹ ਮਾਹੌਲ ਹੁਣ ਬੀਤੇ ਦੀ ਗੱਲ ਹੋ ਗਿਆ ਹੈਪਤਾ ਹੀ ਨਹੀਂ ਚਲਦਾ ਕਿ ਉੱਥੇ ਬੋਲੀ ਗਈ ਹਰ ਗੱਲ ਅਤੇ ਕੀਤੀ ਗਈ ਹਰ ਹਰਕਤ ਦਸਤਾਵੇਜ਼ ਬਣ ਰਹੀ ਹੈਹੁਣ ਇਹ ਸਿਰਫ਼ ਪੱਤਰਕਾਰਾਂ ਦੀ ਪਹੁੰਚ ਤੋਂ ਪਰੇ, ਸਿੱਧੇ ਪ੍ਰਸਾਰਨ ਰਾਹੀਂ ਦੇਸ਼ ਦੇਖ ਰਿਹਾ ਹੈ ਤੇ ਸੰਸਦ ਵਿੱਚ ਇੱਕ ਬੇਕਾਬੂ ਕਲਾਸ ਦੇ ਬੱਚਿਆਂ ਵਾਂਗ ਕਾਗਜ਼ ਦੇ ਜਹਾਜ਼, ਚਾਕ ਜਾਂ ਜੋ ਹੱਥ ਆਵੇ, ਚੱਲ ਰਿਹਾ ਹੁੰਦਾ ਹੈਜੇਕਰ ਇਹ ਮਾਹੌਲ ਜਾਰੀ ਰੱਖਣਾ ਹੈ ਤੇ ਸਾਡੀ ਸੰਸਦ ਦੀ ਇਹੀ ਮੰਸ਼ਾ ਹੈ ਤਾਂ ਢਾਈ ਕਿਲੋ ਦੇ ਹੱਥ ਦੀ ਲੋੜ ਤਾਂ ਹੈ ਹੀ ਤੇ ਗੈਰ-ਸੰਵਿਧਾਨਕ ਭਾਸ਼ਾ ਦੀ ਲੋੜ ਹੈ ਤਾਂ ਗਿਰੀਰਾਜ ਵੀ ਚਾਹੀਦਾ ਹੈ ਤੇ ਸਾਧਵੀ ਪ੍ਰਗਿਆ ਠਾਕੁਰ ਵੀ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1578)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author