“... ਉਸ ਉੱਤੇ ਫੈਸਲਾ ਥੋਪਣ ਦੀ ਬਜਾਏ, ਉਸ ਦੀ ਰਾਏ ਲੈਣਾ ਅਤੇ ਆਪਣਾ ਫੈਸਲਾ ਰੱਖਣਾ ਤੇ ਚਰਚਾ ...”
(20 ਅਗਸਤ 2023)
ਨੌਜਵਾਨੀ ਦੀ ਇੱਕ ਤਸਵੀਰ ਜੋ ਪੇਸ਼ ਹੁੰਦੀ ਹੈ ਤੇ ਕਾਫੀ ਹੱਦ ਤਕ ਨਜ਼ਰ ਵੀ ਆਉਂਦੀ ਹੈ, ਉਹ ਜ਼ਰੂਰ ਨਿਰਾਸ਼ ਕਰਦੀ ਹੈ, ਪਰ ਇਸਦਾ ਦੂਸਰਾ ਪਾਸਾ ਵੀ ਹੈ ਕਿ ਇਹ ਉਮਰ ਖੁਦਮੁਖਤਿਆਰੀ ਹਾਸਲ ਕਰਨ, ਆਤਮ ਨਿਭਰ ਹੋਣ, ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰਨ ਦੇ ਸਮਰੱਥ ਵਾਲੇ ਹੁਨਰ ਦੀ ਵੀ ਹੈ ਤੇ ਨਤੀਜੇ ਵਜੋਂ ਆਪਣਾ ਰਾਹ ਤਲਾਸ਼ ਕੇ ਬੁਲੰਦੀਆਂ ਹਾਸਲ ਕਰਨ ਦੇ ਯੋਗ ਵੀ ਹੈ। ਅਸੀਂ ਦੇਖਦੇ ਹਾਂ ਇੱਕ ਪਾਸੇ ਨੌਜਵਾਨ ਭੀੜ ਦਾ ਹਿੱਸਾ ਬਣ ਕੇ ਤੋੜ-ਫੋੜ, ਤਬਾਹੀ ਵੱਲ ਪਿਆ ਦਿਸਦਾ ਹੈ ਤੇ ਨਵੇਂ ਭੀੜ-ਤੰਤਰ ਦਾ ਆਗੂ ਬਣਕੇ ਲਿੰਚਿੰਗ ਕਰਦਾ (ਭੀੜ-ਹਿੰਸਾ ਰਾਹੀਂ ਦੰਗਾਈ ਬਣਿਆ) ਨਜ਼ਰ ਆਉਂਦਾ ਹੈ ਤੇ ਆਪਣੇ ਕਾਰਨਾਮੇ ’ਤੇ ਮਾਣ ਵੀ ਕਰਦਾ ਹੈ।
ਇਸ ਉਮਰ ਦੇ ਵਰਗ ਦਾ ਦੂਸਰਾ ਪਹਿਲੂ ਹੈ ਕਿ ਲੱਖਾਂ ਹੀ ਨੌਜਵਾਨ ਆਪਣੇ ਭਵਿੱਖ ਨੂੰ ਰੋਸ਼ਨ ਕਰਨ ਲਈ, ਦਾਖਲਿਆਂ ਦੀ ਤਿਆਰੀ ਵਿੱਚ ਸਿਰ ਸੁੱਟ ਕੇ ਮਿਹਨਤ ਕਰਦੇ ਨਜ਼ਰ ਆਉਂਦੇ ਹਨ। ਦਾਖਲਾ ਇਮਤਿਹਾਨ ਵਿੱਚੋਂ ਪਾਸ ਹੋ ਕੇ ਆਈ.ਆਈ.ਟੀ., ਆਈ. ਆਈ. ਐੱਮ., ਪ੍ਰਸ਼ਾਸਨਿਕ ਸੇਵਾਵਾਂ, ਡਾਕਟਰੀ, ਇੰਜਨੀਅਰਿੰਗ ਤੋਂ ਬਾਅਦ ਚੰਗੇ ਅਹੁਦਿਆਂ ’ਤੇ ਤਾਇਨਾਤ ਹੋ ਕੇ ਕਾਮਯਾਬੀ ਨਾਲ ਵਿਚਰਦੇ ਨਜ਼ਰ ਵੀ ਆਉਂਦੇ ਹਨ। ਇਸ ਤੋਂ ਇਲਾਵਾ ਕੁਝ ਸਰਦੇ ਪੁੱਜਦੇ ਘਰਾਣੇ, ਆਪਣੀ ਆਰਥਿਕ ਸਮਰੱਥਾ ਸਦਕਾ ਆਪਣੇ ਨੌਜਵਾਨ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਅਤੇ ਕੰਮ ਕਰਨ ਲਈ ਵੀ ਭੇਜਦੇ ਦੇਖੇ ਜਾ ਸਕਦੇ ਹਨ।
ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ ਦਾ ਪੜਾਅ ਜ਼ਰੂਰ ਇੱਕੋ ਜਿਹਾ ਹੈ, ਭਾਵ ਸੋਲਾਂ-ਸਤਾਰਾਂ ਸਾਲ ਤੋਂ ਇੱਕੀ-ਬਾਈ ਸਾਲ ਦਾ, ਪਰ ਦੋਹਾਂ ਦਾ ਪਿਛੋਕੜ ਬਹੁਤ ਅਲੱਗ ਹੈ। ਪਰ ਜੇਕਰ ਕੁਦਰਤ ਦੇ ਪੈਦਾਵਾਰੀ ਅਮਲ ਨੂੰ ਸਾਹਮਣੇ ਰੱਖਿਆ ਜਾਵੇ ਤੇ ਜਨਮ ਤੋਂ ਜਵਾਨ ਹੋਣ ਤਕ ਦੇ ਵਰਤਾਰੇ ਨੂੰ ਸਮਝੀਏ ਤਾਂ ਕੁਦਰਤ ਪੱਖੋਂ ਸਭ ਨੂੰ ਇੱਕੋ ਜਿਹਾ ਬਿਨਾਂ ਕਿਸੇ ਵਿਤਕਰੇ ਤੋਂ ਵਿਕਾਸ ਕੀਤਾ ਗਿਆ ਹੈ। ਜੋ ਗੱਲ ਸਾਫ ਹੁੰਦੀ ਹੈ ਕਿ ਕਿਵੇਂ ਸਾਡਾ ਸਮਾਜ, ਸਾਡਾ ਆਲਾ-ਦੁਆਲਾ ਅਤੇ ਸਾਡੀ ਬਣਾਈ ਹੋਈ ਵਿਵਸਥਾ, ਜਿਵੇਂ ਚਾਹੇ ਉਸ ਰਾਹ ਪਾ ਦਿੰਦੀ ਹੈ।
ਇਸ ਤੋਂ ਇੱਕ ਨਤੀਜੇ ’ਤੇ ਤਾਂ ਪਹੁੰਚਿਆ ਜਾ ਸਕਦਾ ਹੈ ਕੁਦਰਤ ਵੱਲੋਂ ਮਨੁੱਖ ਨੂੰ ਦਿੱਤੀ ਗਈ ਸਮਰੱਥਾ ਅਤੇ ਕਾਬਲੀਅਤ ਸਭ ਕੋਲ ਹੈ। ਜੋ ਕੋਈ ਇਸ ਨੂੰ ਉਲੀਕੇ, ਸਮਝੇ ਤਾਂ ਉਸ ਮੁਤਾਬਕ ਉਹ ਖੁਦ ਵੀ ਆਪਣਾ ਰਾਹ, ਆਪਣੀ ਖੁਦਮੁਖਤਿਆਰੀ ਹਾਸਲ ਕਰ ਸਕਦਾ ਹੈ।
ਸਕੂਲ ਵਿੱਚ ਸਾਰੇ ਪੜ੍ਹਨ ਜਾਂਦੇ ਹਨ। ਛੇ ਸਾਲ ਦਾ ਬੱਚਾ ਪਹਿਲੀ ਜਮਾਤ ਵਿੱਚ ਦਾਖਲ ਹੋਵੇਗਾ, ਇਹ ਸਮਾਜਕ ਅਮਲ, ਕੁਦਰਤ ਦੇ ਅਧਿਐਨ ਤੋਂ ਲਿਆ ਗਿਆ ਹੈ ਕਿ ਉਸ ਉਮਰ ਤਕ ਦਿਮਾਗ ਆਪਣਾ ਸਰੀਰਕ ਪੱਖ ਤੋਂ ਵਿਕਾਸ ਪੂਰਾ ਕਰ ਲੈਂਦਾ ਹੈ। ਪਰ ਇਸਦੇ ਨਾਲ ਹੀ ਸਕੂਲ ਛੱਡ ਜਾਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਜੋ ਮੁਢਲੇ ਸਕੂਲ ਤੋਂ, ਬਾਰ੍ਹਵੀਂ ਤੋਂ ਬਾਅਦ, ਗ੍ਰੇਜੂਏਸ਼ਨ ਤੋਂ ਬਾਅਦ ਬਹੁਤ ਸਾਫ-ਸਪਸ਼ਟ ਨਜ਼ਰ ਆਉਂਦਾ ਹੈ।
ਮੁਢਲੀ ਸਕੂਲੀ ਪੜ੍ਹਾਈ ਦਾ ਦ੍ਰਿਸ਼ ਸਾਡੇ ਸਾਹਮਣੇ ਹੈ। ਸਰਕਾਰੀ ਸਕੂਲ, ਜੋ ਕਿ ਸਿਰਫ ਤੇ ਸਿਰਫ ਅੱਤ-ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਰਾਖਵੇਂ ਹਨ ਤੇ ਹਾਲਤ ਇਹ ਹੈ ਕਿ ਪੰਜ ਜਮਾਤਾਂ ਲਈ ਇੱਕ ਅਧਿਆਪਕ ਹੈ ਜਾਂ ਵੱਧ ਤੋਂ ਵੱਧ ਦੋ। ਪੰਜਵੀਂ ਤਕ ਪੜ੍ਹਾਈ ਲਾਜ਼ਮੀ ਹੈ। ਬੱਚੇ ਸਾਰੇ ਦਾਖਲ ਕਰਨੇ ਜ਼ਰੂਰੀ ਹਨ ਤੇ ਪਾਸ ਕਰਨੇ ਵੀ। ਕਾਰਗੁਜ਼ਾਰੀ ਦੀ ਹਾਲਤ ਇਹ ਹੈ ਕਿ ਛੇਵੀਂ ਵਿੱਚ ਪਹੁੰਚੇ ਬੱਚੇ ਨੂੰ ਦੂਸਰੀ ਜਮਾਤ ਦਾ ਬੁਨਿਆਦੀ ਹੁਨਰ ਵੀ ਨਹੀਂ ਹੁੰਦਾ।
ਇੱਥੋਂ ਸ਼ੁਰੂਆਤ ਹੁੰਦੀ ਹੈ ਸਕੂਲ ਛੱਡਣ ਦੀ। ਨੌਂਵੀਂ ਜਮਾਤ ਵਿੱਚ ਜਿੱਥੇ ਵਿਗਿਆਨ ਦੀ ਸਿਧਾਂਤਕ ਪੜ੍ਹਾਈ ਸ਼ੁਰੂ ਹੁੰਦੀ ਹੈ, ਉਹ ਚਾਹੇ ਭੌਤਿਕ ਹੋਵੇ, ਜੀਵ-ਵਿਗਿਆਨ ਜਾਂ ਸਮਾਜ ਮਨੋਵਿਗਿਆਨ, ਬੱਚੇ ਨੇ ਸਭ ਕੁਝ ਪ੍ਰਯੋਗਸ਼ਾਲਾ ਰਾਹੀਂ ਖੁਦ ਕਰਕੇ, ਨਿਰਖ-ਪਰਖ ਰਾਹੀਂ ਸਿੱਖਣਾ ਹੁੰਦਾ ਹੈ ਤੇ ਫਿਰ ਵਿਗਿਆਨ ਦੀ ਪੜ੍ਹਾਈ ਤੋਂ ਦੂਰੀ ਬਣਦੀ ਹੈ ਤੇ ਹਾਲਤ ਇਹ ਹੈ ਕਿ ਉੱਚ-ਸਿੱਖਿਆ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਤਕ ਸਿਰਫ ਗਿਆਰਾਂ ਫੀਸਦੀ ਵਿਦਿਆਰਥੀ ਹੀ ਪਹੁੰਚਦੇ ਹਨ।
ਪਿਛਲੇ ਕੁਝ ਸਮੇਂ ਤੋਂ ਉਦਾਰੀਕਰਨ ਅਤੇ ਨਿੱਜੀਕਰਨ ਨੂੰ ਹਰ ਖੇਤਰ ਵਿੱਚ ਖੁੱਲ੍ਹ ਦੇ ਕੇ ਗਲੀ-ਗਲੀ ਕਾਲਜ ਅਤੇ ਸ਼ਹਿਰ-ਸ਼ਹਿਰ ਯੂਨੀਵਰਸਿਟੀਆਂ ਖੋਲ੍ਹਣ ਦਾ ਰਾਹ ਪੱਧਰਾ ਹੋਇਆ ਹੈ। ਪਰ ਇੱਥੇ ਵੀ ਮੋਟੀ ਫੀਸ ਪੜ੍ਹਾਈ ਵਿੱਚ ਅੜਿੱਕਾ ਬਣਦੀ ਹੈ।
ਕਹਿਣ ਤੋਂ ਭਾਵ, ਕੁਦਰਤ ਵੱਲੋਂ ਮਿਲੀ ਇਕਸਾਰ, ਬਰਾਬਰ ਕਾਬਲੀਅਤ ਅਤੇ ਸਮਰੱਥਾ ਦੇ ਹੁੰਦੇ ਹੋਇਆਂ ਵੀ ਸਾਡਾ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮਾਹੌਲ, ਅਜਿਹਾ ਵਾਤਾਵਰਣ ਸਿਰਜ ਦਿੰਦਾ ਹੈ ਕਿ ਖੁਦ ਬ ਖੁਦ, ਬਿਨਾਂ ਕਿਸੇ ਵੱਡੀ ਆਲੋਚਨਾ ਜਾਂ ਬੁਲੰਦ ਵਿਰੋਧ ਦੀ ਆਵਾਜ਼ ਦੇ ਸਮਾਜ ਬਿਲਕੁਲ ਹੀ ਦੋ ਵੱਖਰੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਸਦਾ ਜ਼ਿਕਰ ਸ਼ੁਰੂ ਵਿੱਚ ਕੀਤਾ ਹੈ।
ਸਵਾਲ ਹੈ ਕੁਦਰਤ ਵੱਲੋਂ ਮਿਲੀ ਸਮਰੱਥਾ ਅਤੇ ਕਾਬਲੀਅਤ ਦਾ। ਇਹ ਠੀਕ ਹੈ ਕਿ ਸਕੂਲੀ ਪੜ੍ਹਾਈ ਉਸ ਨੂੰ ਤਿੱਖਾ ਕਰਦੀ ਹੈ ਜਾਂ ਕੋਈ ਰਾਹ ਦਿਖਾਉਂਦੀ ਹੈ, ਪਰ ਇਹ ਸਕੂਲੀ ਵਿਵਸਥਾ ਤਾਂ ਕੁਝ ਕੁ ਸਾਲਾਂ ਤੋਂ ਹੀ ਹੋਂਦ ਵਿੱਚ ਆਈ ਹੈ, ਪਰ ਮਨੁੱਖੀ ਸਿਆਣਪ ਨੇ, ਕੁਦਰਤ ਨੂੰ ਦੇਖ-ਦੇਖ ਕੇ ਕਿੰਨੇ ਹੀ ਕ੍ਰਿਸ਼ਮੇ ਕੀਤੇ ਹਨ।
ਮਨੁੱਖ ਜੋ ਕਿ ਖੁਦ ਨੂੰ ਸਾਰੇ ਜੀਵਾਂ ਵਿੱਚੋਂ ਸਿਖਰ ’ਤੇ ਰੱਖਦਾ ਹੈ, ਉਸ ਨੇ ਆਪਣਾ ਨਾਂ ‘ਹੋਮੋ ਮੇਪੀਅਨ’ ਰੱਖਿਆ ਹੈ ਜਿਸਦਾ ਅਰਥ ਹੈ ਸਿਆਣਾ ਮਨੁੱਖ। ਜੀਵ ਵਿਕਾਸ ਵਿੱਚ ਮਨੁੱਖ ਦੇ ਕਈ ਰੂਪ, ਹੋਮੋ ਵਰਗ ਦੇ ਕਈ ਪੜਾਵਾਂ ਦਾ ਉਲੇਖ ਹੈ ਤੇ ਆਖਰ ਜੋ ਅੱਜ ਇੱਕ ਸਾਡੇ ਸਾਹਮਣੇ ਹੈ, ਅਸੀਂ ਖੁਦ ਸਭ ਤੋਂ ਸਿਆਣੇ ਹਾਂ। ਇਹ ਮਨੁੱਖਾਂ ਦੇ ਅਧਿਐਨ ਅਤੇ ਉਸ ’ਤੇ ਅਧਾਰਿਤ ਇੱਕ ਸਾਂਝੇ ਨਿਰਣੈ ਦਾ ਨਤੀਜਾ ਹੈ, ਇਹ ਕੋਈ ਜਜ਼ਬਾਤੀ ਹੋ ਕੇ ਆਪਣੇ ਹੱਕ ਵਿੱਚ ਕੀਤਾ ਫੈਸਲਾ ਨਹੀਂ ਹੈ।
ਜੇਕਰ ਇਸ ਸਿਆਣਪ ਵਾਲੇ ਪੱਖ ਨੂੰ ਸਮਝਣਾ ਹੋਵੇ ਤਾਂ ਉਸ ਦਾ ਕਾਰਨ ਹੈ, ਸਾਡੇ ਕੋਲ ਕੁਦਰਤ ਤੋਂ ਮਿਲਿਆ ਅਤੇ ਵਿਕਾਸ ਦੀ ਪ੍ਰਕ੍ਰਿਆ ਵਿੱਚ ਵਿਕਸਿਤ ਹੋਇਆ ਦਿਮਾਗ ਹੈ। ਦਿਮਾਗ ਭਾਵੇਂ ਸਾਰੇ ਜਾਨਵਰਾਂ ਕੋਲ ਹੈ, ਪਰ ਮਨੁੱਖੀ ਦਿਮਾਗ ਦੀ ਖਾਸੀਅਤ ਇਹ ਹੈ ਕਿ ਇਹ ਵਿਸ਼ਲੇਸ਼ਣੀ ਹੈ, ਸਮੱਸਿਆ ਦੇ ਮੌਕੇ ਇਹ ਨਿਰਖ-ਪਰਖ ਰਾਹੀਂ ਫੈਸਲੇ ਕਰਦਾ ਹੈ। ਫੈਸਲਿਆਂ ਦੇ ਨਤੀਜੇ ਤੋਂ ਹੀ ਅਸੀਂ ਕਿਸੇ ਵੀ ਮਨੁੱਖ ਦੀ ਸਿਆਣਪ ਦਾ ਅੰਦਾਜ਼ਾ ਲਗਾ ਸਕਦੇ ਹਾਂ।
ਇਹ ਫੈਸਲੇ ਕਰਨ ਦੀ ਸਮਰੱਥਾ ਅਤੇ ਇਸ ਵਿੱਚ ਵੀ ਚੰਗੇ-ਬੁਰੇ ਦਾ ਫੈਸਲਾ ਕਰਨ ਦੀ ਕਾਬਲੀਅਤ ਜਵਾਨ ਹੁੰਦੇ-ਹੁੰਦੇ ਆ ਜਾਂਦੀ ਹੈ, ਜਿਸਦੇ ਆਧਾਰ ’ਤੇ ਸਮਾਜਿਕ ਵਿਵਸਥਾ ਨੌਜਵਾਨ ਨੂੰ ਵੋਟ ਦੇਣ ਦਾ ਅਧਿਕਾਰ ਦਿੰਦੀ ਹੈ ਤੇ ਇਸੇ ਤਰ੍ਹਾਂ ਸੜਕ ’ਤੇ ਸਹੀ ਫੈਸਲੇ ਨਾਲ, ਵਾਹਨ ਚਲਾਉਣ ਲਈ ਡਰਾਈਵਿੰਗ ਲਾਈਸੈਂਸ ਲਈ ਵੀ ਉਮਰ ਅਠਾਰਾਂ ਸਾਲ ਤੈਅ ਹੋਈ ਹੈ।
ਕਹਿਣ ਤੋਂ ਭਾਵ ਨੌਜਵਾਨਾਂ ਵਿੱਚ ਇਹ ਕਾਬਲੀਅਤ ਹੈ, ਜੋ ਉਨ੍ਹਾਂ ਨੂੰ ਆਪਣੇ ਫੈਸਲੇ ਕਰਨ ਦੇ ਯੋਗ ਬਣਾਉਂਦੀ ਹੈ ਤੇ ਆਪਣਾ ਰਾਹ ਤੈਅ ਕਰਨ ਲਈ ਕਾਬਲ ਠਹਿਰਾਉਂਦੀ ਹੈ। ਅਸੀਂ ਦੇਖਦੇ ਹਾਂ ਕਿ ਇਸ ਉਮਰ ’ਤੇ ਪਹੁੰਚ ਕੇ ਵੀ, ਮਾਪੇ-ਅਧਿਆਪਕ ਜਾਂ ਹੋਰ ਵੱਡੇ ਲੋਕ ਨੌਜਵਾਨਾਂ ਉੱਤੇ ਆਪਣਾ ਨਿਰਣਾ ਥੋਪਦੇ ਹਨ। ਮੰਨ ਲਿਆ, ਉਨ੍ਹਾਂ ਕੋਲ ਉਮਰ ਦੇ ਲਿਹਾਜ਼ ਨਾਲ ਵੱਧ ਤਜਰਬਾ ਅਤੇ ਸਿਆਣਪ ਹੋ ਸਕਦੀ ਹੈ ਪਰ ਜੋ ਸਮਝਣ ਵਾਲੀ ਗੱਲ ਹੈ, ਫੈਸਲਾ ਇੱਕ ਨੌਜਵਾਨ ਦੀ ਜ਼ਿੰਦਗੀ ਬਾਰੇ ਹੋ ਰਿਹਾ ਹੈ ਤੇ ਉਹ ਸਮਰੱਥ ਹੈ ਆਪਣਾ ਰਾਹ ਪਛਾਨਣ ਵਿੱਚ, ਉਸ ਉੱਤੇ ਫੈਸਲਾ ਥੋਪਣ ਦੀ ਬਜਾਏ, ਉਸ ਦੀ ਰਾਏ ਲੈਣਾ ਅਤੇ ਆਪਣਾ ਫੈਸਲਾ ਰੱਖਣਾ ਤੇ ਚਰਚਾ ਕਰਨ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਨਹੀਂ ਤਾਂ ਅਸੀਂ ਦੇਖਦੇ ਹਾਂ ਕਿ ਨੌਜਵਾਨ ਖੁਦ ਫੈਸਲੇ ਲੈ ਕੇ, ਮਾਂ-ਪਿਉ ਤੋਂ ਬਾਗੀ ਹੋ ਜਾਂਦੇ ਹਨ।
ਮਨੁੱਖ ਆਪਣੀ ਦਿਮਾਗੀ ਸਮੱਰਥਾ ਕਰਕੇ ਜਿਗਿਆਸੂ ਹੈ। ਇਹ ਕੁਦਰਤੀ ਗੁਣ ਅਮੀਰ-ਗਰੀਬ, ਪੇਂਡੂ-ਸ਼ਹਿਰੀ, ਦੂਰ ਦਰਾਜ, ਸਾਰੇ ਮਨੁੱਖਾਂ ਨੂੰ, ਜਾਤ ਧਰਮ ਜਾਂ ਹੋਰ ਸਮਾਜਿਕ ਵਖਰੇਵਿਆਂ ਦੇ ਹੁੰਦੇ, ਸਭ ਵਿੱਚ ਪਿਆ ਹੁੰਦਾ ਹੈ। ਕੁਦਰਤ ਨੂੰ ਇਸ ਤਰੀਕੇ ਨਾਲ ਚੋਣ ਕਰਨੀ ਨਹੀਂ ਹੁੰਦੀ। ਇਹੀ ਜਿਗਿਆਸੂ ਪ੍ਰਵਿਰਤੀ ਮਨੁੱਖ ਨੂੰ ਖੋਜੀ ਬਣਾਉਂਦੀ ਹੈ ਤੇ ਉਹ ਖੋਜ ਦੇ ਰਾਹ ਤੁਰ ਪੈਂਦਾ ਹੈ। ਜੇਕਰ ਉਸ ਨੂੰ ਕੋਈ ਸਹੀ ਰਾਹ ਦਸੇਰਾ ਮਿਲ ਜਾਵੇ, ਕੋਈ ਗੁਰੂ ਪਿਆਰਾ, ਉਹ ਆਪਣੀ ਇਸ ਸਮਰੱਥਾ ਨੂੰ ਇੱਕ ਸੇਧ ਦੇ ਸਕਦਾ ਹੈ ਤੇ ਕਈ ਕੁਝ ਪ੍ਰਾਪਤ ਕਰ ਸਕਦਾ ਹੈ ਤੇ ਉਹ ਨੌਜਵਾਨ ਕੋਈ ਖੋਜ, ਮਨੁੱਖਤਾ ਦੀ ਝੋਲੀ ਪਾ ਸਕਦਾ ਹੈ। ਸਾਡੇ ਕੋਲ ਇਤਿਹਾਸ ਵਿੱਚ ਅਜਿਹੀਆਂ ਅਨੇਕਾਂ ਉਦਾਹਰਣਾਂ ਹਨ, ਜਿਨ੍ਹਾਂ ਨੇ ਅਜੋਕੇ ਕਿਸਮ ਦੀ ਸਕੂਲੀ ਵਿੱਦਿਆ ਹਾਸਲ ਨਹੀਂ ਕੀਤੀ, ਕਿਸੇ ਯੂਨੀਵਰਸਿਟੀ ਵਿੱਚ ਨਹੀਂ ਗਏ, ਪਰ ਅਨੇਕਾਂ ਲਾਜਵਾਬ ਮੱਲਾਂ ਮਾਰੀਆਂ ਹਨ।
ਸਿਆਣਪ ਦੇ ਇਸ ਪਹਿਲੂ ਦੇ ਮੱਦੇਨਜ਼ਰ ਅਸੀਂ ਦੇਖਦੇ ਹਾਂ ਕਿ ਇਸ ਨੂੰ ਮਾਪਣ-ਜਾਂਚਣ ਦੇ ਪੈਮਾਨੇ ਵੀ ਕੱਢੇ ਗਏ ਹਨ ਤੇ ਇੱਕ ਹੈ, ‘ਆਈ ਕਿਉ’ ਪਰ ਇਸ ’ਤੇ ਕਈ ਸਵਾਲੀਆ ਚਿੰਨ੍ਹ ਲੱਗੇ ਹਨ। ਇੱਕ ਤਾਂ ਇਹ ਸਕੂਲੀ ਪੜ੍ਹਾਈ ’ਤੇ ਅਧਾਰਿਤ ਹੈ ਤੇ ਮਨੁੱਖੀ ਸੱਭਿਆਚਾਰਕ ਪਿਛੋਕੜ ਨੂੰ ਅਣਗੌਲਿਆ ਕਰਦਾ ਹੈ। ਅਸੀਂ ਦੇਖਦੇ ਵੀ ਹਾਂ ਕਿ ਸਮਾਜ ਵਿੱਚ ਅਨੇਕਾਂ ਸ਼ੋਬੇ ਹਨ, ਕਿਸੇ ਦੀ ਕਿਸੇ ਵਿੱਚ ਦਿਲਚਸਪੀ ਹੈ ਤੇ ਕਿਸੇ ਦੀ ਹੋਰ ਵਿੱਚ। ਕੋਈ ਵਿਗਿਆਨ ਵੱਲ ਰੁਚਿਤ ਹੈ, ਕੋਈ ਕਲਾ ਅਤੇ ਸੰਗੀਤ ਵਿੱਚ, ਕੋਈ ਆਗੂ ਦੀ ਭੂਮਿਕਾ ਨਿਭਾਉਣ ਵਿੱਚ ਸੰਤੁਸ਼ਟੀ ਮਹਿਸੂਸ ਕਰਦਾ ਹੈ। ਇਹ ਸਿਆਣਪ ਦੇ ਰੂਪ ਹਨ। ਦੂਸਰਾ ਪਹਿਲੂ ਇਹ ਵੀ ਹੈ ਕਿ ਬਹੁਤ ਜ਼ਿਆਦਾ ਸਿਆਣਾ, ਪੜ੍ਹਾਕੂ, ਜਮਾਤਾਂ ਵਿੱਚ ਅਵੱਲ ਰਹਿਣ ਵਾਲਾ, ਜ਼ਿੰਦਗੀ ਵਿੱਚ ਸਫਲ ਨਹੀਂ ਹੁੰਦਾ। ਇਸ ਸੰਦਰਭ ਵਿੱਚ ਇੱਕ ਸਮਝ ਹੈ ‘ਜਜ਼ਬਾਤੀ ਸਿਆਣਪ’ ਕਹਿਣ ਤੋਂ ਭਾਵ ਜਜ਼ਬਾਤਾਂ ਦਾ ਸਿਆਣਪ ਨਾਲ ਇਸਤੇਮਾਲ, ਦੋਹਾਂ ਦਾ ਇੱਕ ਸਿਹਤਮੰਦ ਸੰਤੁਲਨ।
ਜਿੱਥੇ ਮਨੁੱਖ ਦੀ ਇੱਕ ਖਾਸੀਅਤ ਦਿਮਾਗ ਹੈ, ਦੂਸਰਾ ਉਸ ਦੀ ਸੰਵੇਦਨਸ਼ੀਲਤਾ ਹੈ। ਸੰਵੇਦਨਸ਼ੀਲਤ ਮਨੁੱਖ ਨੂੰ ਦੂਸਰੇ ਦੀ ਮਦਦ ਲਈ ਪ੍ਰੇਰਦੀ ਹੈ। ਸਾਰੇ ਜੀਵਾਂ ਵਿੱਚ ਸੰਵੇਦਨਾ ਹੁੰਦੀ ਹੈ, ਪਰ ਮਨੁੱਖੀ ਸੰਵੇਦਨਾ ਦਾ ਪੜਾਅ ਨਵੇਕਲਾ ਤੇ ਵੱਖਰਾ ਹੈ ਕਿ ਉਹ ਕਿਸੇ ਦਾ ਵੀ ਦਰਦ ਆਪਣੇ ਪਿੰਡਿਆਂ ’ਤੇ ਮਹਿਸੂਸ ਕਰ ਸਕਦਾ ਹੈ ਤੇ ਉਸ ਦਰਦ ਦੀ ਕੰਬਣੀ ਵਿੱਚੋਂ ਲੰਘਦਾ ਹੋਇਆ, ਫ਼ਿਕਰਮੰਦੀ ਦਾ ਇਜ਼ਹਾਰ ਕਰ ਸਕਦਾ ਹੈ।
ਇੱਕ ਖਾਸੀਅਤ ਹੋਰ ਜੋ ਮਨੁੱਖ ਵਿੱਚ ਹੈ, ਉਹ ਹੈ ਆਪਸੀ ਮਦਦ ਅਤੇ ਸਹਿਯੋਗ। ਦੂਸਰੇ ਦਾ ਹੱਥ ਫੜ ਕੇ ਨਾਲ ਤੁਰਨਾ, ਸਹਾਰਾ ਦੇਣਾ। ਦੂਸਰੇ ਦੇ ਦੁੱਖ ਦਾ ਭਾਗੀਦਾਰ ਹੋਣਾ। ਜੇਕਰ ਨਜ਼ਰ ਮਾਰੀਏ ਤਾਂ ਇਹ ਸਾਰੇ ਮਨੁੱਖੀ ਵਿਲੱਖਣ ਗੁਣ, ਸਿਆਣਪ, ਸੰਵੇਦਨਸ਼ੀਲਤਾ ਅਤੇ ਸਹਿਯੋਗ ਮਨੁੱਖੀ ਜੀਵਨ ਵਿੱਚ ਭਾਵੇਂ ਜਨਮ ਤੋਂ ਹੁੰਦਿਆਂ ਹਨ, ਪਰ ਨੌਜਵਾਨੀ ਦੇ ਪੜਾਅ ’ਤੇ ਇਨ੍ਹਾਂ ਸਾਰੀਆਂ ਵਿਲੱਖਣਤਾਵਾਂ ਨੂੰ ਨੌਜਵਾਨ ਖੁਦ ਮਹਿਸੂਸ ਕਰ ਸਕਦੇ ਹਨ ਤੇ ਆਪਾਂ ਉਨ੍ਹਾਂ ਨੂੰ ਇਸ ਦਿਸ਼ਾ ਵਿੱਚ ਕਾਰਜਸ਼ੀਲ ਹੁੰਦੇ ਦੇਖ ਸਕਦੇ ਹਾਂ।
ਸਵਾਲ ਹੈ ਕਿ ਨੌਜਵਾਨਾਂ ਦਾ ਕੋਈ ਰਾਹ ਦਸੇਰੇ ਹੋਵੇ। ਸਵਾਲ ਹੈ ਕੋਈ ਉਨ੍ਹਾਂ ਦੀ ਉਂਗਲ ਫੜ ਕੇ ਸਹੀ ਸੇਧ ਵੱਲ ਤੋਰਨ ਵਾਲਾ ਹੋਵੇ। ਠੀਕ ਹੈ ਕਿ ਉਨ੍ਹਾਂ ਦੀ ਸਿਆਣਪ ਨੂੰ ਸਮਾਜ ਮੁਖੀ, ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਦੇ ਢੰਗ ਤਰੀਕਿਆਂ ਵਾਲੇ ਪਾਸੇ ਲਾਉਣ ਵਾਲਾ ਵਿਚਾਰ ਹੋਵੇ। ਪਰ ਆਪਾਂ ਨਾਲ ਹੀ ਗੱਲ ਕੀਤੀ ਹੈ ਕਿ ਉਸ ਨੌਜਵਾਨਾਂ ਨੂੰ ਵੀਹ ਸਾਲ ਦੀ ਉਮਰ ’ਤੇ ਪਹੁੰਚਦੇ-ਪਹੁੰਚਦੇ ਕੁਦਰਤ ਖੁਦ ਇਨ੍ਹਾਂ ਗੁਣਾਂ ਨਾਲ ਲੈਸ ਕਰ ਦਿੰਦੀ ਹੈ। ਜੇਕਰ ਅਸੀਂ ਕੁਝ ਕਰਨਾ ਹੈ ਤਾਂ ਘੱਟੋ-ਘੱਟ ਅਸੀਂ ਅੜਿੱਕਾ ਨਾ ਬਣੀਏ, ਨੌਜਵਾਨ ਆਪਣੇ ਆਪ ਹੀ ਖੁਦ ਮੁਖਤਿਆਰੀ ਦੇ ਰਾਹ ਪੈਣ ਜਾਣਗੇ।
ਨੌਜਵਾਨ ਪਲ-ਪਲ ਸੁਚੇਤ ਰਹਿਣ ’ਤੇ ਆਪਣੇ ਅੰਦਰ ਵਿਕਸਿਤ ਹੋ ਰਹੀਆਂ ਇਨ੍ਹਾਂ ਕਾਬਲੀਅਤਾਂ ਨੂੰ ਪਛਾਨਣ, ਉਲੀਕਣ ਤੇ ਅੱਗੇ ਹੋ ਕੇ ਇਨ੍ਹਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਕੇ ਕੁਝ ਕਰਦੇ ਨਜ਼ਰ ਆਉਣ। ਉਹ ਕਰ ਸਕਦੇ ਹਨ, ਉਨ੍ਹਾਂ ਵਿੱਚ ਕਾਬਲੀਅਤ ਹੈ ਅਤੇ ਸਮਰੱਥਾ ਵੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4164)
(ਸਰੋਕਾਰ ਨਾਲ ਸੰਪਰਕ ਲਈ: (