“ਜੇਕਰ ਸਾਡੇ ਦੇਸ ਵਿੱਚ ਅਜਿਹੇ ਹਾਦਸੇ ਵਾਪਰਦੇ ਹਨ ਤਾਂ ਉਨ੍ਹਾਂ ਦਾ ...”
(30 ਅਪ੍ਰੈਲ 2019)
ਕਾਰਲ ਮਾਰਕਸ ਦਾ ਕਥਨ ਹੈ ਕਿ ਧਰਮ ਦੀ ਆਲੋਚਨਾ ਉਸ ਪ੍ਰਬੰਧ ਦੀ ਆਲੋਚਨਾ ਹੈ, ਜਿਸ ਨੇ ਧਰਮ ਅਤੇ ਰੱਬ ਨੂੰ ਸਿਰਜਿਆ ਹੈ। ਉਸ ਸਮਾਜ-ਸੰਸਾਰ ਦੀ ਆਲੋਚਨਾ ਹੈ, ਜੋ ਲੋਕਾਂ ਦੀ ਨਰਕ ਭਰੀ ਜ਼ਿੰਦਗੀ ਨੂੰ ਹੂ-ਬ-ਹੂ ਰੱਖੇ ਰਹਿਣ ਦੀ ਸਾਜਿਸ਼ ਕਰਦਾ ਹੈ। ਇਸ ਤਰ੍ਹਾਂ ਇਹ ਧਰਮ ਵਿੱਚ ਲੀਨ ਲੋਕਾਂ ਦੀ ਸਿੱਧੇ ਤੌਰ ’ਤੇ ਨੁਕਤਾਚੀਨੀ ਨਾ ਹੋ ਕੇ, ਕਾਨੂੰਨ ਅਤੇ ਰਾਜਨੀਤੀ ’ਤੇ ਸਵਾਲ ਖੜ੍ਹੇ ਕਰ ਕੇ, ਵਿਵਸਥਾ ਨੂੰ ਤਬਦੀਲੀ ਦੇ ਰਾਹ ਪਾਉਣ ਵੱਲ ਕੀਤੀ ਗਈ ਵਿਆਖਿਆ ਹੈ।
ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟਚਰਚ ਵਿੱਚ ਮਸਜਿਦ ’ਤੇ ਹੋਇਆ ਹਮਲਾ ਇੱਕ ਧਾਰਮਿਕ ਚਿੰਨ੍ਹ ਤਾਂ ਹੈ ਹੀ, ਚਾਹੇ ਇਸ ਹਾਦਸੇ ਨੂੰ ਅੰਜਾਮ ਦੇਣ ਲਈ ਕੋਈ ਕਿੱਥੋਂ ਆਇਆ ਤੇ ਉਹ ਆਪ ਕੌਣ ਸੀ। ਇਸ ਤਰ੍ਹਾਂ ਅੰਨ੍ਹੇਵਾਹ ਗੋਲੀਆਂ ਚਲਾਉਣਾ, ਸੰਸਾਰ ਭਰ ਵਿੱਚ ਉਮਡ ਰਹੀ ਇਸ ਤਰ੍ਹਾਂ ਦੀ ਵਿਵਸਥਾ ’ਤੇ ਸਵਾਲ ਤਾਂ ਖੜ੍ਹੇ ਕਰਦੀ ਹੀ ਹੈ। ਭਾਵੇਂ ਨਿਊਜ਼ੀਲੈਂਡ ਦੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਵਾਰਦਾਤ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਤੇ ਇਸੇ ਲਈ ਅਜਿਹੇ ਹਾਦਸੇ ਨਾਲ ਨਿਪਟਣ ਲਈ ਸਾਡੀ ਪੁਲਸ ਜਾਂ ਕੋਈ ਹੋਰ ਵਿਸ਼ੇਸ਼ ਏਜੰਸੀ ਤਿਆਰ ਨਹੀਂ ਸੀ।
ਦੇਸ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਫੌਰੀ ਹਰਕਤ ਵਿੱਚ ਆਉਂਦੇ ਦੇਸ ਨੂੰ ਸੰਬੋਧਤ ਕਰਦੇ ਹੋਏ, ਇਸ ਹਮਲੇ ਨੂੰ ਆਪਣੇ ਸਭਨਾਂ ਤੇ, ‘ਸਾਡੇ’’ਤੇ ਹੋਇਆ ਹਮਲਾ ਕਿਹਾ ਤੇ ਲੋਕਾਂ ਨੂੰ ਵਿਸ਼ਵਾਸ ਵਿੱਚ ਲਿਆ ਕਿ ਤੁਸੀਂ ਇਕੱਲੇ ਵੱਖਰੇ ਨਹੀਂ ਹੋ। ਇਹੀ ਭਾਵ ਹੀ ਦੇਸ਼ ਦੇ ਲੋਕਾਂ ਨੇ ਦਰਸਾਏ, ਜਿਨ੍ਹਾਂ ਨੇ ਘਰੋਂ ਨਿਕਲ ਕੇ ਲੋਕਾਂ ਨੂੰ ਗਲਵਕੜੀ ਵਿੱਚ ਲਿਆ ਤੇ ਆਪਣੇਪਨ ਦਾ ਅਹਿਸਾਸ ਕਰਵਾਇਆ।
ਨਿਊਜ਼ੀਲੈਂਡ, ਇੱਕ ਦੇਸ਼ ਦੇ ਤੌਰ ’ਤੇ ਇੱਕ ਟਾਪੂ ਹੈ, ਜੋ ਕਿ ਬਹੁਤ ਵੱਡੀ ਉਮਰ ਦਾ ਨਹੀਂ ਹੈ। ਜਵਾਰਭਾਟੇ ਵਿੱਚੋਂ ਨਿਕਲੇ ਲਾਵੇ ਦੇ ਠੰਢੇ ਹੋਣ ਤੋਂ ਬਣਿਆ ਇਹ ਟਾਪੂ ਕੋਈ ਸੱਤ-ਅੱਠ ਸੌ ਸਾਲ ਪੁਰਾਣਾ ਹੈ। ਦੇਸ ਅੰਦਰ ਅੱਜ ਵੀ ਝਟਕੇ ਲੱਗਦੇ ਰਹਿੰਦੇ ਹਨ ਤੇ ਦੇਸ਼ ਦੀਆਂ ਇਮਾਰਤਾਂ ਦੀ ਬਣਤਰ ਅਜਿਹੀ ਪ੍ਰਵਾਨ ਹੁੰਦੀ ਹੈ ਕਿ ਅਜਿਹੇ ਹਾਦਸਿਆਂ ਨਾਲ ਕੋਈ ਜਾਨੀ ਨੁਕਸਾਨ ਨਾ ਹੀ ਹੋਵੇ। ਦੇਸ ਦੇ ਨੈਸ਼ਨਲ ਮਿਊਜ਼ੀਅਮ ਵਿੱਚ ਦੇਸ ਦੇ ਬਣਨ ਅਤੇ ਅਜਿਹੇ ਝਟਕਿਆਂ ਦੇ ਅਹਿਸਾਸ ਨੂੰ ਲੈ ਕੇ ਡੈਮੋਸ਼ਟਰੇਸ਼ਨ ਦਿੱਤੀ ਜਾਂਦੀ ਹੈ ਕਿ ਲੋਕ ਸਮਝਣ ਤੇ ਸੁਚੇਤ ਰਹਿਣ। ਸਾਲ 2018 ਵਿੱਚ ਦੇਸ ਅੰਦਰ ਅੱਠ ਅਜਿਹੇ ਝਟਕੇ ਲੱਗੇ। ਕਿਸੇ ਨੇ ਵੀ ਇਸ ਨੂੰ ਹੋਣੀ ਨਹੀਂ ਮੰਨਿਆ ਤੇ ਕਿਸੇ ਨੇ ਵੀ ਇਸ ਨੂੰ ਮਾੜੀ ਕਿਸਮਤ, ਦੇਸ਼ ਪਰਵਾਰਾਂ ’ਤੇ ਚੱਲ ਰਹੇ ‘ਮਾੜੇ ਵਕਤ’ ਦੀ ਬਾਤ ਪਾਈ।
ਇਸ ਹਾਦਸੇ ਤੋਂ ਮੈਂ ਇਸ ਲਈ ਵੀ ਪ੍ਰਭਾਵਤ ਹੋਇਆ ਕਿ ਦੋ ਸਾਲ ਪਹਿਲਾਂ ਮੈਂ ਵੀ ਨਿਊਜ਼ੀਲੈਂਡ ਦੀ ਫੇਰੀ ’ਤੇ ਗਿਆ ਸੀ। ਉੱਥੇ ਦੇ ਕੁਝ ਕੁ ਤਰਕਸ਼ੀਲ ਸੋਚ ਵਾਲੇ ਸਾਥੀਆਂ ਨੇ ਸੱਦਾ ਭੇਜਿਆ ਸੀ, ਜੋ ਸ਼ਹੀਦ ਭਗਤ ਸਿੰਘ ਚੈਰੀਟੇਬਲ ਨਾਂ ਦੀ ਸੰਸਥਾ ਚਲਾਉਂਦੇ ਹਨ।
ਜੇਕਰ ਅਬਾਦੀ ਦੇ ਪੱਖ ਤੋਂ ਦੇਸ ਦੇ ਲੋਕਾਂ ਦੀ ਬਣਤਰ ਦੇਖੀਏ ਤਾਂ ਬਹੁਤ ਦੇਸ਼ਾਂ ਤੋਂ ਲੋਕ ਉੱਥੇ ਵਸਦੇ ਹਨ। ਅਜਿਹੇ ਦੇਸ਼ਾਂ ਨੂੰ ਕਾਮਿਆਂ ਦੀ ਲੋੜ ਵੀ ਹੁੰਦੀ ਹੈ। ਧਰਮ ਦੇ ਪਹਿਲੂ ਤੋਂ ਦੇਖੀਏ ਤਾਂ ਇਸ ਵੇਲੇ ਤਕਰੀਬਨ 55 ਫ਼ੀਸਦੀ ਈਸਾਈ ਹਨ ਤੇ ਕੁਝ ਹਿੰਦੂ, ਸਿੱਖ ਅਤੇ ਮੁਸਲਮਾਨ ਆਦਿ। ਪਰ ਬਹੁਗਿਣਤੀ, ਦੁਨੀਆਂ ਦੇ ਲਿਹਾਜ਼ ਨਾਲ, ਨਾਸਤਿਕ ਹੈ। ਦੋ ਕੁ ਦਹਾਕੇ ਪਹਿਲਾਂ ਹੀ ਇਹ ਕਾਲਮ ਜਨਗਨਣਾ ਵਿੱਚ ਆਇਆ। ਜੇਕਰ ਉਸ ਦਾ ਵਿਸ਼ਲੇਸ਼ਣ ਕਰੀਏ ਤਾਂ ਉਨ੍ਹਾਂ ਨੇ ਲਿਖਿਆ ਕਿ ਉਹ ਰੱਬ ਨੂੰ ਨਹੀਂ ਮੰਨਦੇ। ਇਸਦੇ ਸਪਸ਼ਟ ਮਤਲਬ ਹਨ ਕਿ ਉਹ ਆਪਣੀ ਹੋਣੀ, ਕਿਸਮਤ ਲਈ ਕਿਸੇ ਅਜਿਹੀ ਅਦ੍ਰਿਸ਼ ਕਾਲਪਨਿਕ ਚੀਜ਼ ਨੂੰ ਵਿੱਚ ਨਹੀਂ ਲਿਆਉਂਦੇ। ਸੰਖੇਪ ਵਿੱਚ ਕਹੀਏ ਤਾਂ ਮੁਲਕ ਦਾ ਸੁਭਾਅ ਵਿਗਿਆਨਕ ਹੈ।
ਇਸ ਘਟਨਾ ਬਾਰੇ ਜਦੋਂ ਮੈਂ ਉਨ੍ਹਾਂ ਸਾਰਿਆਂ ਨਾਲ ਆਪਣਾ ਸਰੋਕਾਰ ਬਿਆਨ ਕੀਤਾ ਤਾਂ ਅਵਤਾਰ ਤਰਕਸ਼ੀਲ ਨੇ ਮੈਂਨੂੰ ਹੋਰ ਵੀ ਕਈ ਅਜਿਹੇ, ਆਮ ਲੋਕਾਂ ਦੇ ਪੱਧਰ ਤੇ ਹੋਣ ਵਾਲੇ ਕਾਰੇ ਦੱਸੇ, ਜਿਵੇਂ ਸਕੂਲ ਵਿੱਚ ਅਧਿਆਪਕਾਂ ਨੇ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਕ ਇਸ ਹਾਦਸੇ ਬਾਰੇ ਦੱਸਿਆ। ਲੋਕਾਂ ਨੇ ਫੁੱਲ ਲੈ ਕੇ ਉਨ੍ਹਾਂ ਥਾਂਵਾਂ ’ਤੇ ਰੱਖੇ ਅਤੇ ਲੋਕਾਂ ਨੇ ਉਨ੍ਹਾਂ ਪਰਵਾਰਾਂ ਦੀ ਮਦਦ ਲਈ ਪੈਸੇ ਇਕੱਠੇ ਕੀਤੇ।
ਦੇਸ ਦੇ ਪੱਧਰ ਤੋਂ ਪ੍ਰਧਾਨ ਮੰਤਰੀ ਨੇ ਦਸ ਦਿਨਾਂ ਦੇ ਅੰਦਰ, ਦੇਸ਼ ਦੇ ‘ਹਥਿਆਰ ਕਾਨੂੰਨ’ ਨੂੰ ਬਦਲਣ ਦੀ ਗੱਲ ਕੀਤੀ ਅਤੇ ਇਹ ਕਾਨੂੰਨ ਛੇਵੇਂ ਦਿਨ ਪਾਸ ਵੀ ਹੋ ਗਿਆ ਕਿ ਦੇਸ਼ ਵਿੱਚ ਕੋਈ ਆਪਣੇ ਲਈ ਨਿੱਜੀ ਤੌਰ ’ਤੇ ਫੌਜਾਂ ਜਾਂ ਪੁਲਸ ਲਈ ਰੱਖੀ ਗਈ ਸੈਮੀ ਆਟੋਮੈਟਿਕ ਗੰਨ ਨਹੀਂ ਰੱਖ ਸਕੇਗਾ ਤੇ ਨਾਲ ਹੀ ਇਹ ਵੀ ਕਿ ਸਥਾਨਕ ਪੱਧਰ ਤੇ ਅਜਿਹੇ ਹਥਿਆਰ ਬਣਾ ਸਕਣ ਵਾਲੇ ਸਮਾਨ ਉੱਤੇ ਵੀ ਪਾਬੰਦੀ ਹੋਵੇਗੀ। ਇਸੇ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਕਿਸੇ ਵੀ ਤਰ੍ਹਾਂ ਦੇ ‘ਨਫ਼ਰਤ ਵਾਲੇ ਸੰਦੇਸ਼’ ਭੇਜਣ ’ਤੇ ਰੋਕ ਲਗਾਉਣ ਲਈ ਵੀ ਕਦਮ ਪੁੱਟੇ ਜਾਣਗੇ।
ਅਜਿਹੇ ਹਾਦਸੇ ਵਾਪਰਨੇ ਅਤੇ ਉਨ੍ਹਾਂ ਵੱਲੋਂ ਕੁਝ ਨਵੇਕਲਾ ਅਤੇ ਸੰਤੋਸ਼ਜਨਕ ਹੁੰਦਾ ਦੇਖਣਾ ਜਾਂ ਸੁਨਣਾ, ਆਪਣੇ ਆਪ ਹੀ ਦਿਮਾਗ਼ ਵਿੱਚ ਇੱਕ ਤੁਲਨਾਤਮਕ ਅਧਿਐਨ ਤਾਂ ਕਰ ਹੀ ਜਾਂਦਾ ਹੈ। ਅਸੀਂ ਅਜਿਹੇ ਹਾਦਸੇ ਦੇਖਣ, ਸਹਿਣ ਦੇ ਆਦੀ ਹਾਂ। ਅਸੀਂ ਅਜਿਹੇ ਹਾਦਸਿਆਂ ਤੋਂ ਸਬਕ ਨਹੀਂ ਸਿੱਖਦੇ। ਅਸੀਂ ਦੇਖਿਆ ਹੈ ਕਿ ਹਾਦਸਾ ਹੋਣ ਮਗਰੋਂ ਲੋਕ ਵੀ ਪਹੁੰਚਦੇ ਹਨ, ਜੋ ਕਿ ਤਮਾਸ਼ਬੀਨ ਵੱਧ ਹੁੰਦੇ ਹਨ, ਨੇਤਾ ਪਹੁੰਚਦੇ ਹਨ। ਐਂਬੂਲੈਂਸਾਂ, ਮਦਦ-ਟੀਮਾਂ ਉੱਤੇ ਕੈਮਰਾ ਘੁੰਮਦਾ ਹੈ। ਮਰਨ ਵਾਲਿਆਂ, ਜ਼ਖ਼ਮੀਆਂ ਦੀ ਗਿਣਤੀ ਬਦਲ ਬਦਲ ਕੇ ਦੱਸਦੇ ਹਨ ਤੇ ਨਾਲ ਹੀ ਸੱਤਾ ਅਤੇ ਵਿਰੋਧੀ ਧਿਰ ਦੀ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ। ਸਵਾਲ ਖੜ੍ਹੇ ਹੁੰਦੇ ਹਨ ਤੇ ਮਿਹਣੋ-ਮਿਹਣੀ ਹੋਇਆ ਜਾਂਦਾ ਹੈ। ਮੀਡੀਆ ਵੀ ਆਪਣੀ ਬੇਸ਼ਰਮੀ ਦੀ ਹੱਦ ਤੱਕ ਪਹੁੰਚ ਜਾਂਦਾ ਹੈ। ਦਰਅਸਲ ਮੀਡੀਆ ਨੂੰ ਹਿੰਮਤ ਕਿੱਥੋਂ ਮਿਲਦੀ ਹੈ? ਉਨ੍ਹਾਂ ਨੂੰ ਬੇਢੰਗੇ ਸਵਾਲ ਪੁੱਛਣ ਦੀ ਜੁਰਅਤ ਕਿਵੇਂ ਹੁੰਦੀ ਹੈ? ਜੇਕਰ ਦੂਸਰਾ ਪਾਸਾ ਦੇਖੀਏ ਤਾਂ ਸਾਡੇ ਲੀਡਰ ਅਜਿਹੇ ਬਿਆਨ ਦੇਣ ਦੇ ਚਾਹਵਾਨ ਵੀ ਹੁੰਦੇ ਹਨ।
ਨਿਊਜ਼ੀਲੈਂਡ ਵਿੱਚ ਜਿੱਥੇ ਮੀਡੀਆ ਨੇ ਉਸਾਰੂ ਭੂਮਿਕਾ ਅਦਾ ਕੀਤੀ, ਉੱਥੇ ਨੇਤਾਵਾਂ ਨੇ ਵੀ ਬਿਆਨਬਾਜ਼ੀ ਨਹੀਂ ਕੀਤੀ। ਜੇਕਰ ਸਾਡੇ ਦੇਸ ਵਿੱਚ ਅਜਿਹੇ ਹਾਦਸੇ ਵਾਪਰਦੇ ਹਨ ਤਾਂ ਉਨ੍ਹਾਂ ਦਾ ਭਵਿੱਖ ਲਈ ਕੋਈ ਬੰਦੋਬਸਤ ਹੋਵੇ, ਸੋਚਿਆ ਹੀ ਨਹੀਂ ਜਾਂਦਾ, ਸਗੋਂ ਅਜਿਹੇ ਅਮਾਨਵੀ ਵਰਤਾਰਿਆਂ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ ਕਿ ਮੌਕਾ ਪੈਣ ’ਤੇ ਵਰਤਾਂਗੇ। ਅਜੇ ਅਸੀਂ ਦੇਸ਼ ਦੀ ਵੰਡ ਅਤੇ 1947 ਦੇ ਹਾਦਸੇ ਨੂੰ ਰਾਜਨੀਤਕ ਬਣਾ ਕੇ ਲਾਹਾ ਲੈ ਰਹੇ ਹਾਂ। ਤੇ ਬਾਕੀ 1984, 1992, 2007 ਵਰਗੇ ਹਾਦਸੇ ਤਾਂ ਜਿਵੇਂ ਕੱਲ੍ਹ ਦੀ ਗੱਲ ਹੋਣ। ਕਸ਼ਮੀਰ ਦੇ ਮੁੱਦੇ ਨੂੰ ਕਦੇ ਵੀ ਦੋਹਾਂ ਦੇਸ਼ਾਂ ਨੇ ਗੰਭੀਰਤਾ ਨਾਲ ਨਿਪਟਾਉਣ ਦੀ ਕੋਸ਼ਿਸ਼ ਨਹੀਂ ਕੀਤੀ।
‘ਨਿਊਜ਼ੀਲੈਂਡ ਵਿੱਚ ਅਗਲੇ ਸਾਲ ਚੋਣਾਂ ਹਨ, ਇਸ ਲਈ ਇਹ ਹਾਦਸਾ ਹੋਇਆ ਹੈ’ ਅਜਿਹਾ ਸੁਨੇਹਾ ਸੋਸ਼ਲ ਮੀਡੀਆ ’ਤੇ ਸਾਡੇ ਦੇਸ ਵਿੱਚ ਚਲਿਆ ਜੋ ਕਿ ਸਾਡੀ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਪਰ ਉਨ੍ਹਾਂ ਨੂੰ ਨਮੋਸ਼ੀ ਹੋਈ, ਜਦੋਂ ਸਾਰਾ ਦੇਸ, ਪ੍ਰਧਾਨ ਮੰਤਰੀ ਤੋਂ ਲੈ ਕੇ, ਆਖ਼ਰੀ ਆਦਮੀ ਤਕ, ਉਨ੍ਹਾਂ ਗਮਗੀਨ ਪਰਵਾਰਾਂ ਨਾਲ ਖੜ੍ਹਾ ਦਿਸਿਆ।
ਜੇਕਰ ਨੇਤਾਵਾਂ (ਸੱਤਾ ਅਤੇ ਵਿਰੋਧੀ), ਮੀਡੀਆ ਅਤੇ ਰਾਜਨੀਤਕ ਪਾਰਟੀਆ ਦੇ ਆਈ ਟੀ ਸੈੱਲ (ਜੋ ਝੂਠੀਆਂ ਖ਼ਬਰਾਂ ਦੇ ਪ੍ਰਚਾਰ ਦਾ ਇੱਕ ਵਿਸ਼ੇਸ਼ ਵਿਭਾਗ ਬਣ ਗਿਆ ਹੈ) ਦੇ ਵਿਵਹਾਰ ਵੱਲ ਜਾਈਏ ਤਾਂ ਲੱਗਦਾ ਹੈ, ਜਿਵੇਂ ਸਾਨੂੰ ਹੌਲੀ-ਹੌਲੀ ਇੱਕ ਦੂਸਰੇ ਉੱਤੇ ਵਿਸ਼ਵਾਸ ਕਰਨ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ। ਸਾਡੇ ਸਮਾਜਿਕ ਜੀਵਨ ਵਿੱਚ ਅਵਿਸ਼ਵਾਸ ਦੀ ਸੁਰ ਭਾਰੂ ਹੈ। ਅਸੀਂ ਦੇਸ ਦੇ ਅੰਦਰ ਕਦੇ ਵੀ ਇਸ ਗੱਲ ਦਾ ਧਿਆਨ ਨਹੀਂ ਕੀਤਾ ਕਿ ਸਾਡੇ ਲੋਕ ਕਿੰਨੇ ਸੁਰੱਖਿਅਤ ਹਨ।
ਪਿਛਲੇ ਦਿਨੀਂ, ਯੂ ਐੱਨ ਦੀ ਇੱਕ ਰਿਪੋਰਟ ਆਈ ਹੈ ਜਿਸ ਵਿੱਚ ਖੁਸ਼ੀ ਦੇ ਸੂਚਨਾ ਅੰਕ ਮੁਤਾਬਕ, 156 ਦੇਸਾਂ ਵਿੱਚੋਂ ਸਾਡਾ ਮੁਲਕ 140ਵੇਂ ਥਾਂ ’ਤੇ ਹੈ ਅਤੇ ਇਸ ਗੱਲ ਨੇ ਵੱਧ ਤਵੱਜੋ ਖਿੱਚੀ ਹੈ ਕਿ ਪਾਕਿਸਤਾਨ ਸਾਡੇ ਤੋਂ ਵੱਧ ਖੁਸ਼ ਹੈ, ਪਾਕਿਸਤਾਨ 67ਵੇਂ ਨੰਬਰ ’ਤੇ ਹੈ। ਸੋਸ਼ਲ ਮੀਡੀਆ ਤੇ ਕਈਆਂ ਨੇ ਇਸ ਨੂੰ ‘ਫੇਕ’, ‘ਮਜ਼ਾਕ’ ਕਿਹਾ, ਕਿਉਂ ਜੋ ਅਸੀਂ ਜੋ ਉਸ ਦੇਸ ਬਾਰੇ ਸੁਣਦੇ ਹਾਂ, ਉਸ ਮੁਤਾਬਕ ਇਹ ਸੱਚ ਨਹੀਂ ਵੀ ਲੱਗਦਾ।
ਦਰਅਸਲ ਆਰਥਿਕ ਹਾਲਤ ਮਾੜੀ ਹੋਣਾ ’ਤੇ ਖੁਸ਼ ਹੋਣਾ, ਦੋ ਵੱਖਰੇ ਪਹਿਲੂ ਹਨ। ਅਸੀਂ ਪੈਸਿਆਂ ਦੇ ਅੰਬਾਰ ਲਗਾ ਕੇ ਵੀ ਦੇਖੇ ਹਨ, ਪਰ ਖੁਸ਼ੀ ਨਹੀਂ ਆਈ। ਖੁਸ਼ੀ ਦਾ ਪੈਮਾਨਾ, ਯੂ ਐਨ ਵੱਲੋਂ ਨਿਰਧਾਰਤ ਹੋਇਆ ਤਾਂ ਉਸ ਵਿੱਚ ਸੱਤ ਪੱਖ ਸ਼ਾਮਲ ਕੀਤੇ ਗਏ ਹਨ। ਉਹ ਹਨ, ਪ੍ਰਤੀ ਵਿਅਕਤੀ ਆਮਦਨ, ਆਪਸੀ ਵਿਸ਼ਵਾਸ, ਸਿਹਤ, ਸਮਾਜਿਕ ਮਦਦ, ਉਦਾਰਤਾ (ਕੁਝ ਦੇਣ ਵਿੱਚ ਖੁਸ਼ੀ ਮਹਿਸੂਸ ਕਰਨਾ), ਦੇਸ ਦੀ ਕੁੱਲ ਆਮਦਨ ਤੇ ਸਮਾਜਿਕ ਸੁਰੱਖਿਆ। ਅੱਗੋਂ ਇਨ੍ਹਾਂ ਨੂੰ ਮਾਪਣ ਦੇ ਕੀ ਪੈਮਾਨੇ ਹਨ, ਇਹ ਬਰੀਕੀ ਦਾ ਵਿਸ਼ਾ ਹੈ, ਪਰ ਕੁਝ ਕੁ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ, ਜਦੋਂ ਅਸੀਂ ਆਪਣੇ ਦੇਸ ਵਿੱਚ ਮੌਜੂਦ ਇਨ੍ਹਾਂ ਪੱਖਾਂ ਤੋਂ ਨਜ਼ਰ ਮਾਰਦੇ ਹਾਂ।
ਨਿਊਜ਼ੀਲੈਂਡ ਪਹਿਲੇ ਦਸਾਂ ਦੇਸਾਂ ਵਿੱਚੋਂ ਹੈ। ਪਹਿਲੇ ਨੰਬਰ ’ਤੇ ਫਿਨਲੈਂਡ, ਸਵੀਟਜ਼ਰਲੈਂਡ, ਨੀਦਰਲੈਂਡ, ਯੁਰੋਪ ਦੇ ਦੇਸ਼ ਹਨ ਤੇ 2018 ਦੇ ਮੁਤਾਬਕ ਨਿਊਜ਼ੀਲੈਂਡ ਅੱਠਵੇਂ ਨੰਬਰ ’ਤੇ ਹੈ। ਜਿਸ ਤਰ੍ਹਾਂ ਦੇਸ ਨੇ ਇਸ ਹਾਦਸੇ ਨਾਲ ਨਜਿੱਠਣ ਲਈ ਕਦਮ ਚੁੱਕੇ ਹਨ ਤਾਂ ਘੱਟੋ ਘੱਟ ਇਹ ਯਕੀਨ ਹੋ ਜਾਂਦਾ ਹੈ ਕਿ ਨਿਊਜ਼ੀਲੈਂਡ ਅੱਠਵੇਂ ਨੰਬਰ ’ਤੇ ਹੋਵੇਗਾ। ਅਸੀਂ ਆਪਣੇ ਦੇਸ ਦੇ 140ਵੇਂ ਨੰਬਰ ’ਤੇ ਹੋਣ ਬਾਰੇ ਸਵਾਲ ਕਰ ਸਕਦੇ ਹਾਂ। ਹਾਂ, ਜੇ ਸਾਡੇ ਮਨ ਵਿੱਚ ਸਹੀ ਉੱਤਰ ਤਲਾਸ਼ਣ ਅਤੇ ਕੁਝ ਕਰਨ ਦੀ ਤਾਂਘ ਹੈ ਤਾਂ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1567)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)
***