“ਪਰ ਭਰਮਾਂ ਦਾ ਅੰਡਬਰ ਕਿ ਫੁੱਲਾਂ ਵਾਲਾ ਉਹ ਝੋਲਾ ਅਸੀਂ ਘਰ ਨਹੀਂ ਲਿਆ ਸਕੇ। ਉੱਥੇ ਹੀ ਇੱਕ ਸਟੋਰ ਵਿੱਚ ...”
(8 ਮਾਰਚ 2024)
ਇਸ ਸਮੇਂ ਪਾਠਕ: 255.
ਮਾਂ ਸਾਡੇ ਪਰਿਵਾਰ ਸਮਾਜ ਦੀ ਉਹ ਹਸਤੀ ਹੈ, ਜਿਸ ਉੱਪਰ ਹਰ ਲੇਖਕਾਂ, ਬੁੱਧੀਜੀਵੀਆਂ ਨੇ ਆਪਣੇ ਵਿਚਾਰ ਪ੍ਰਗਟਾਏ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਤੇ ਸੱਚ ਵੀ ਕਿ ਮੇਰੇ ਕੋਲ ਆਪਣੇ ਮਾਪਿਆਂ ਤੇ ਖਾਸ ਤੌਰ ’ਤੇ ਪਿਤਾ ਜੀ ਲਈ ਕੋਈ ਪ੍ਰਭਾਵਸ਼ਾਲੀ ਪ੍ਰਸੰਗ ਨਹੀਂ ਹੈ, ਜਿਸ ਨੂੰ ਮੈਂ ਕਿਸੇ ਨਾਲ ਸਾਂਝਾ ਕਰ ਸਕਾਂ - ਜਿਵੇਂ ਅਕਸਰ ਲੋਕ ਕਹਿੰਦੇ ਹਨ, ਮਾਂ ਦੀ ਉਹ ਗੱਲ ਯਾਦ ਹੈ ਜਾਂ ਪਿਤਾ ਦੀ ਉਹ ਗੱਲ ਚੇਤੇ ਹੈ, ਰਹੇਗੀ। ਮਾਂ ਅਕਸਰ ਕਹਿੰਦੀ ਸੀ, ਪਿਤਾ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ, ਅਜਿਹਾ ਕੋਈ ਵੀ ਵਾਕ ਮੇਰੇ ਚੇਤੇ ਵਿੱਚ ਨਹੀਂ ਹੈ ਜੋ ਸਾਂਝਾ ਕਰ ਸਕਾਂ। ਪਿਤਾ ਜੀ ਦੀ ਮੌਤ ਅਤੇ ਤਕਰੀਬਨ 25 ਸਾਲ ਤਕ ਮਾਂ ਦਾ ਇਕੱਲਿਆਂ ਬੱਚਿਆਂ ਨੂੰ ਪਾਲਣਾ, ਉਸ ਦੇ ਇਸ ਸੰਘਰਸ਼ ਦੀ ਤੇ ਉਸ ਤੋਂ ਪਹਿਲਾਂ ਪਿਤਾ ਜੀ ਦੇ ਪਾਕਿਸਤਾਨ ਤੋਂ ਉਜਾੜੇ ਦੀ ਕਹਾਣੀ ਤੇ ਸਮੇਂ-ਸਮੇਂ ਉਨ੍ਹਾਂ ਦੇ ਚਿਹਰੇ ’ਤੇ ਆਏ ਅਹਿਸਾਸ, ਜ਼ਰੂਰ ਚੇਤੇ ਹਨ। ਮਾਂ ਨੇ ਕਦੇ ਵੀ ਸਹੀ ਅਰਥਾਂ ਵਿੱਚ ਸੁਖ ਦਾ ਸਾਹ ਨਹੀਂ ਲਿਆ ਤੇ ਅਖੀਰ ਤਕ ਉਹਨੇ ਆਪਣੇ ਹੌਸਲੇ ਮੁਤਾਬਿਕ ਪਰਿਵਾਰ ਵਿੱਚ ਆਪਣਾ ਬਣਦਾ ਹਿੱਸਾ ਪਾਇਆ।
ਆਪਣੇ ਜੀਵਨ ਦੇ ਆਖਰੀ ਦਿਨ ਦੌਰਾਨ ਉਹ ਮੇਰੇ ਕੋਲ ਸੀ ਤੇ ਮੇਰੇ ਹੀ ਹੱਥਾਂ ਵਿੱਚ ਉਸ ਨੇ ਆਪਣੇ ਅੰਤਮ ਸਾਹ ਲਏ। 23 ਦਸੰਬਰ ਦੀ ਸਵੇਰ ਦਾ ਦਿਨ ਸੀ ਜਦੋਂ ਮਾਂ ਦਾ ਜਿਊਂਦਾ ਸਰੂਪ ਦੇਖਦੇ-ਦੇਖਦੇ ਹੀ, ਉਹ ਅੱਖਾਂ ਮੀਟ ਗਿਆ। ਉਹ ਬਿਮਾਰ ਜ਼ਰੂਰ ਸੀ ਪਰ ਮਨ ਦੇ ਕਿਸੇ ਵੀ ਕੋਨੇ ਵਿੱਚ ਇੱਕ ਅਨਹੋਣੀ ਵਾਪਰਨ ਦਾ ਅਹਿਸਾਸ ਨਹੀਂ ਸੀ। ਸਵੇਰੇ ਅਚਾਨਕ ਹਾਲਤ ਵਿਗੜ ਗਈ। ਜੋਰਦਾਰ ਖਾਂਸੀ ਛਿੜੀ ਤੇ ਮੂੰਹ ਵਿੱਚੋਂ ਖੂਨ ਨਿਕਲਿਆ ਤੇ ਉਸ ਤੋਂ ਬਾਅਦ ਸ਼ਾਂਤੀ। ਮੈਂ ਨਬਜ਼ ਟੋਹ ਕੇ ਦੇਖੀ, ਸਟੈਥੋਸਕੋਪ ਨਾਲ ਦਿਲ ਦੀ ਧੜਕਣ ਨੂੰ ਸੁਣਨ ਦੀ ਕੋਸ਼ਿਸ਼ ਕੀਤੀ, ਸਭ ਕੁਝ ਚੁੱਪ। ਪਰ ਵਿਸ਼ਵਾਸ ਨਹੀਂ ਆਇਆ, ਆਪਣੀ ਮਾਂ ਦੀ ਮੌਤ ਦੱਸਣ ਵੇਲੇ ਜ਼ਬਾਨ ਕੰਬ ਗਈ। ਦੌੜ ਕੇ ਆਪਣੇ ਦੋਸਤ ਡਾਕਟਰ ਕੋਲ ਗਿਆ, ਉਹ ਕਾਹਲੀ ਨਾਲ ਭੱਜਾ ਆਇਆ।
“ਸ਼ੀ ਇਜ਼ ਨੋ ਮੋਰ” ਉਸ ਨੇ ਕਿਹਾ ਤੇ ਮੇਰਾ ਮੋਢਾ ਘੁੱਟਿਆ। ਪਲਾਂ ਛਿਣਾਂ ਵਿੱਚ ਮਾਂ ਨੇ ਹੋਣ ਤੋਂ ਨਾ ਹੋਣ ਤਕ ਦਾ ਫਾਸਲਾ ਤੈਅ ਕਰ ਲਿਆ। ਚੁੱਪ-ਚਪੀਤੇ, ਸਹਿਜ-ਸੁਭਾਅ।
ਜਿਸ ਨੂੰ ਪਤਾ ਲੱਗਿਆ ਆਇਆ।
“ਮਾਂ ਦਾ ਵਿਛੋੜਾ ਬੜਾ ਵੱਡਾ ਵਿਛੋੜਾ ਹੈ। ਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਨੇ, ਜਿਸ ਹਾਲਤ ਵਿੱਚ ਵੀ ਹੋਣ ਇਨ੍ਹਾਂ ਦਾ ਬੜਾ ਸਹਾਰਾ ਹੁੰਦਾ। ਇਹ ਘਰ ਦੇ ਥੰਮ੍ਹ ਹੁੰਦੇ ਨੇ ਇਨ੍ਹਾਂ ਦੀ ਹਾਜ਼ਰੀ ਵਿੱਚ ਬੰਦਾ ਆਪਣੇ ਆਪ ਨੂੰ ਬੱਚਾ ਹੀ ਸਮਝਦਾ ਹੈ।”
“ਇੱਕ ਨਾ ਇੱਕ ਦਿਨ ਸਭ ਨੇ ਜਾਣਾ ਹੀ ਹੈ ਇਹ ਸੰਸਾਰ ਦਾ ਨਿਯਮ ਹੈ। ਜਦੋਂ ਹੁਕਮ ਆਇਆ ਨਾਲ ਤੁਰਨਾ ਹੀ ਪੈਣਾ ਹੈ। ਮਹਾਰਾਜ ਨੇ ਜਿੰਨੀ ਲਿਖੀ ਭੋਗ ਲਈ।”
ਮੈਂ ਸਿਰ ਸੁੱਟ ਕੇ ਸੁਣ ਰਿਹਾ ਸੀ, ਇਹ ਸਮਝਦਾ ਜਾਣਦਾ ਸੀ ਕਿ ਇਸ ਤੋਂ ਅੱਗੇ ਕੋਈ ਦੁਨੀਆਂ ਨਹੀਂ ਹੁੰਦੀ, ਕੋਈ ਆਤਮਾ ਨਹੀਂ ਹੁੰਦੀ। ਮੌਤ ਤੋਂ ਬਾਅਦ ਕੋਈ ਸਫ਼ਰ ਨਹੀਂ ਹੁੰਦਾ। ਕੋਈ ਨਰਕ-ਸਵਰਗ ਨਹੀਂ। ਮੈਂ ਚੁੱਪ ਸਾਂ, ਮੇਰੇ ਦੁੱਖ ਵਿੱਚ ਸ਼ਰੀਕ ਹੋਣ ਆਏ ਮੇਰੇ ਹੀ ਆਂਢੀ-ਗੁਆਂਢੀ ਆਪਣੀ ਸਮਝ ਅਨੁਸਾਰ ਵਿਚਾਰ ਰੱਖ ਰਹੇ ਹਨ। ਇਹ ਵੇਲਾ ਇਸ ਵਿਸ਼ੇ ’ਤੇ ਵਾਧੂ ਬਹਿਸ ਕਰਨ ਦਾ ਉੱਕਾ ਨਹੀਂ ਸੀ।
ਪਰ ਇਹ ਸੱਚ ਸੀ ਕਿ ਘਰ ਖਾਲੀ ਹੋ ਗਿਆ। ਮਾਂ ਦੀ ਬਿਮਾਰੀ ਵਿੱਚ ਵੀ ਇੱਕ ਰੁਝੇਵਾਂ ਸੀ। ਉਹ ਸਾਨੂੰ ਦੋਹਾਂ ਨੂੰ ਆਪਣੀ ਤੰਦਰੁਸਤੀ ਤਕ ਰੋਜ਼ ਸਵੇਰੇ ਨਾਸ਼ਤਾ ਕਰਵਾ ਕੇ ਡਿਊਟੀ ’ਤੇ ਤੋਰਦੀ ਤੇ ਦੁਪਹਿਰ ਆਉਂਦੇ ਵੀ ਰੋਟੀ ਬਣਾ ਕੇ ਦਿੰਦੀ। ਸਾਡੇ ਮਨ੍ਹਾਂ ਕਰਨ ’ਤੇ ਵੀ ਕਹਿੰਦੀ, ਸਾਰਾ ਦਿਨ ਮੈਂ ਕੀ ਕਰਦੀ ਹਾਂ। ਮਾਂ ਨੇ ਸਾਰੀ ਉਮਰ ਹੰਢ-ਭੰਨਵਾਂ ਕੰਮ ਕੀਤਾ ਹੈ। ਮੈਂ ਚਾਹੁੰਦਾ ਸੀ, ਉਹ ਕੁਝ ਸਮਾਂ ਆਰਾਮ ਕਰੇ। ਪਰ ਉਹ ਸੁਖ ਦੀ ਘੜੀ ਉਹਦੇ ਲਈ ਘੱਟ ਸਮਾਂ ਹੀ ਆਈ।
ਪਿਛਲੇ ਦਿਨਾਂ ਤੋਂ ਮਾਂ ਦੀ ਹਾਲਤ ਡਾਵਾਂ-ਡੋਲ ਸੀ। ਖਾਣ ਪੀਣ ਵੀ ਨਾ ਦੇ ਬਰਾਬਰ ਸੀ। ਉਹ ਅਬੋਹਰ ਵਸਦੇ ਦੂਜੇ ਪੁੱਤਾਂ ਨੂੰ ਉਡੀਕਦੀ, ਗੰਗਾਨਗਰ ਬੈਠੀ ਧੀ ਦਾ ਇੰਤਜ਼ਾਰ ਕਰਦੀ, ਮੈਨੂੰ ਵਾਰ ਵਾਰ ਸਭ ਨੂੰ ਸੁਨੇਹਾ ਲਾਉਣ ਨੂੰ ਕਹਿੰਦੀ। ਹੁਣ ਮਾਂ ਦੇ ਨਾ ਹੋਣ ਬਾਰੇ ਫੋਨ ਕਰਦਿਆਂ ਮੇਰੀ ਜ਼ਬਾਨ ਕੰਬ ਰਹੀ ਸੀ। ਸ਼ਾਮ ਢਲਦੇ ਨੂੰ ਸਾਰੇ ਆ ਗਏ।
“ਦੀਵਾ ਬੱਤੀ ਨਹੀਂ? ਮਾਂ ਨੂੰ ਭੁੱਜੇ ਵੀ ਨਹੀਂ ਲਾਹਿਆ।” ਸਾਰਿਆਂ ਨੇ ਖੁਸਰ-ਮੁਸਰ ਕੀਤੀ।
“ਦੀਵਾ ਜਗਾ ਕੇ ਤਾਂ ਸਿਰਹਾਣੇ ਰੱਖ ਦੇਣਾ ਸੀ।”
ਮੈਂ ਸੋਚਿਆ, ਟਿਊਬ ਤਾਂ ਜਗ ਹੀ ਰਹੀ ਹੈ, ਦੀਵੇ ਦੀ ਕੀ ਲੋੜ ਆ। ਫਿਰ ਵੀ ਦੂਜਿਆਂ ਦੀ ਇੱਛਾ ਦਾ ਸਤਿਕਾਰ ਕਰਦਿਆਂ ਦੀਵਾ ਜਗਾ ਦਿੱਤਾ ਗਿਆ।
ਥੋੜ੍ਹੀ-ਥੋੜ੍ਹੀ ਦੇਰ ਬਾਦ ਦੀਵੇ ਵਿੱਚ ਤੇਲ ਪਾ ਦਿੰਦੇ, ਧੂਪ ਧੁਖਾ ਦਿੰਦੇ। ਆਂਢੀ ਗੁਆਂਢੀ ਵਿੱਚ ਵਿਚਾਲੇ ਚਾਹ ਬਣਾ ਲਿਆਉਂਦੇ। ਸਵੇਰੇ ਮਾਂ ਦੇ ਕਿਰਿਆ ਕਰਮ ਦਾ ਰੁਝੇਵਾਂ ਸ਼ੁਰੂ ਹੋਇਆ। ਦੁਰਗਿਆਨਾ ਮੰਦਰ ਸ਼ਿਵਪੁਰੀ ਦੀ ਵੈਨ ਬੁੱਕ ਕਰਾਈ। ਦੋਸਤਾਂ ਨੇ ਬਾਜ਼ਾਰੋਂ ਸਮਾਨ ਇਕੱਠਾ ਕੀਤਾ। ਚਿੱਟੇ ਕੱਪੜਿਆਂ ਵਿੱਚ ਲਪੇਟੀ ਮਾਂ ਸੰਸਕਾਰ ਲਈ ਜਾਣ ਨੂੰ ਤਿਆਰ ਸੀ।
ਕਿਸੇ ਨੇ ਆਖਿਆ, “ਬਜ਼ਾਰੋਂ ਗੁਬਾਰੇ ਮੰਗਵਾ ਲੈਣੇ ਸੀ, ਮੂੰਗਫਲੀ-ਰਿਉੜੀਆਂ ਵੀ ਚਾਹੀਦੀਆਂ ਸੀ। ਮਾਂ ਨੂੰ ਵੱਡਾ ਕਰਨਾ ਚਾਹੀਦਾ ਸੀ”
ਮੈਂ ਸੁਣ ਕੇ ਵੀ ਚੁੱਪ ਸੀ। ਸ਼ਿਵਪੁਰੀ ਤਕ ਘਰ ਦੇ ਕੁਝ ਲੋਕ ਵੈਨ ਵਿੱਚ ਗਏ ਤੇ ਸ਼ਮਸ਼ਾਨ ਘਾਟ ਪਹੁੰਚ ਕੇ ਵੱਡੇ ਭਰਾ ਨੇ ਚਿਤਾ ਨੂੰ ਅੱਗ ਦਿਖਾਈ, ਆਪਣੇ ਹੱਥੋਂ ਮਾਂ ਨੂੰ ਅਗਨੀ ਭੇਂਟ ਕਰਕੇ, ਅਸੀਂ ਘਰ ਨੂੰ ਆਏ। ਤੀਸਰੇ ਦਿਨ ਫੁੱਲ ਚੁਗ ਕੇ, ਤੇਹਰਵੇਂ ਦਿਨ ਰਸਮ-ਪਗੜੀ ਦਾ ਪ੍ਰੋਗਰਾਮ ਦੇ ਦਿੱਤਾ ਗਿਆ।
ਇੱਕ ਰਿਸ਼ਤੇਦਾਰ ਨੇ ਕਿਹਾ, “ਦੇਖ ਪੁੱਤਰ, ਤੇਹਰਵੇਂ ’ਤੇ ਖਾਣਾ ਸ਼ਾਨਦਾਰ ਬਣਵਾਈ। ਘੱਟੋ-ਘੱਟ ਦੋ ਸਬਜ਼ੀਆਂ ਪਨੀਰ ਵਾਲੀਆਂ ਤੇ ਨਾਲ ਪੂੜੀਆਂ। ਨਾਲ ਕੁਝ ਮਿੱਠਾ ਵੀ ਹੋਵੇ, ਪੈਸੇ ਦੀ ਕਿਰਸ ਨਾ ਕਰੀਂ, ਸਮਝਿਆ ਨਾ।” ਮੈਂ ਨਿਮਰਤਾ ਨਾਲ ਜਆਬ ਦਿੱਤਾ, “ਆਏ ਸਬੰਧੀਆਂ ਨੂੰ ਖਾਣਾ ਜ਼ਰੂਰ ਖੁਆਵਾਂਗੇ ਪਰ ਖਾਣਾ ਬਿਲਕੁਲ ਸਾਦਾ। ਜੇ ਤੁਸੀਂ ਕਹੋ ਕਿ ਮਾਂ ਦੇ ਮਰਨ ਦੀ ਖੁਸ਼ੀ ਮਨਾਈ ਜਾਵੇ, ਉਹ ਨਹੀਂ ਹੋਵੇਗਾ।”
ਉਹ ਮੇਰਾ ਮੂੰਹ ਦੇਖਦਾ ਰਿਹਾ।
ਮੈਂ ਫਿਰ ਕਿਹਾ, “ਪਹਿਲੀ ਗੱਲ, ਮਾਂ ਨੇ ਜ਼ਿੰਦਗੀ ਭਰ ਕੋਈ ਸੁਖ ਨਹੀਂ ਦੇਖਿਆ, 27 ਸਾਲ ਦਾ ਵਿਧਵਾ ਵਾਲਾ ਲੰਮਾ ਜੀਵਨ ਜੀਵਿਆ। ਦੂਜੀ ਗੱਲ, ਅਜੇ ਛੋਟਾ ਭਰਾ ਵਿਆਹੁਣ ਵਾਲਾ ਹੈ ਤੇ ਫਿਰ ਮੌਤ-ਮੌਤ ਹੈ, ਮੌਤ ’ਤੇ ਕਾਹਦੀ ਖੁਸ਼ੀ।”
ਉਹ ਚੁੱਪ-ਚਾਪ ਖੜ੍ਹੇ ਹੋ ਗਏ।
ਸੰਸਕਾਰ ਦੇ ਤੀਜੇ ਦਿਨ ਅਸੀਂ ਮਾਂ ਦੇ ਫੁੱਲ ਚੁਗਣ ਗਏ, ਪਰ ਭਰਮਾਂ ਦਾ ਅੰਡਬਰ ਕਿ ਫੁੱਲਾਂ ਵਾਲਾ ਉਹ ਝੋਲਾ ਅਸੀਂ ਘਰ ਨਹੀਂ ਲਿਆ ਸਕੇ। ਉੱਥੇ ਹੀ ਇੱਕ ਸਟੋਰ ਵਿੱਚ ਜਮ੍ਹਾਂ ਹੋ ਗਿਆ। ਪਤਾ ਲੱਗਿਆ ਫੁੱਲ ਘਰ ਨਹੀਂ ਲਿਆਈਦੇ ਹਾਲਾਂਕਿ ਮੈਡੀਕਲ ਕਾਲਜ ਪੜ੍ਹਦਿਆਂ ਅਸੀਂ ਹੱਡੀਆਂ ਹੋਸਟਲ ਦੇ ਕਮਰੇ ਵਿੱਚ ਰੱਖੀ ਰੱਖਦੇ ਤੇ ਉਨ੍ਹਾਂ ਬਾਰੇ ਪੜ੍ਹਾਈ ਕਰਦੇ, ਉਦੋਂ ਖਿਆਲ ਹੀ ਨਹੀਂ ਸੀ ਕਿ ਕਿਸੇ ਮੁਰਦੇ ਦੀਆਂ ਹੱਡੀਆਂ ਨੂੰ ਕਮਰੇ ਵਿੱਚ ਨਹੀਂ ਰੱਖੀਦਾ।
ਵਹਿਮਾਂ-ਭਰਮਾਂ ਅਤੇ ਰੂੜ੍ਹੀਆਂ ਦਾ ਇੱਕ ਅਜੀਬ ਤਾਣਾ-ਬਾਣਾ ਸਮਾਜ ਨੂੰ ਜਕੜੀ ਬੈਠਾ ਹੈ। ਮੈਂ ਸੋਚ ਰਿਹਾ ਸੀ ਪੈਦਾ ਹੋਣ ਤੋਂ ਮੌਤ ਤਕ ਦੋ ਹੀ ਅਜਿਹੇ ਵਰਤਾਰੇ ਹਨ, ਜੋ ਸਹਿਜ-ਸੁਭਾਅ ਤੇ ਬਿਨਾਂ ਕਿਸੇ ਘੜੀ ਪਲ ਜਾਂ ਮਹੂਰਤ ਦੇਖੇ ਬਿਨਾਂ ਵਾਪਰਦੇ ਹਨ, ਇਸਦੇ ਵਿੱਚ ਅਸੀਂ ਕਿੰਨੇ ਅਡੰਬਰ ਉਸਾਰ ਲਏ ਨੇ। ਤੇਰ੍ਹਾਂ ਦਿਨਾਂ ਤਕ ਸਭ ਤੋਂ ਪਹਿਲਾਂ ਗਊ ਨੂੰ ਰੋਟੀ ਖੁਆਉਣੀ ਹੈ, ਕਿਉਂਕਿ ਗਾਂ ਵਿੱਚ 33 ਕਰੋੜ ਦੇਵਤਿਆਂ ਦਾ ਵਾਸਾ ਹੈ। ਗਾਂ ਨੂੰ ਖੁਆਇਆ ਮਰਨ ਵਾਲੇ ਨੂੰ ਮਿਲੇਗਾ। ਘਰ ਦੀਆਂ ਧੀਆਂ ਨੂੰ ਸ਼ਗਨ ਪਾਏ ਜਾਣਗੇ। ਭਾਈਚਾਰੇ ਨੂੰ ਜੋ ਰੋਟੀ ਖੁਆਈ ਜਾਣੀ ਹੈ, ਉਸ ਦਾ ਖਰਚਾ ਸਹੁਰੇ ਕਰਨਗੇ।
ਇਸ ਸਭ ਦੇ ਵਿੱਚ ਵਿਚਕਾਰ ਖੜੋਤਾ, ਮੈਂ ਜੋ ਜ਼ਿੰਦਗੀ ਲਈ ਨਰੋਈਆਂ ਕਦਰਾਂ-ਕੀਮਤਾਂ ਅਤੇ ਤਰਕਸ਼ੀਲ ਸੋਚ ਲਈ ਕਲਮ ਚੁੱਕ ਰੱਖੀ ਸੀ, ਮੈਂ ਆਪਣੇ ਦੋਸਤਾਂ ਨਾਲ ‘ਇਨ੍ਹਾਂ’ ਰਿਵਾਜ਼ਾਂ ਦੀ ਸਾਰਥਿਕਤਾ ਬਾਰੇ ਗੱਲਾਂ ਕਰਦਾ, ਇਨ੍ਹਾਂ ਨੂੰ ਬੇਲੋੜੇ ਅਤੇ ਵਕਤ ਵਿਹਾ ਚੁੱਕੇ ਦੱਸਦਾ।
ਮਾਂ ਨੇ ਸਾਦਗੀ ਭਰਿਆ ਜੀਵਨ ਜੀਵਿਆ। ਮਿਹਨਤ ਦੇ ਬਲਬੂਤੇ ਨਾਲ ਪਰਿਵਾਰ ਨੂੰ ਥਾਂ ਸਿਰ ਕੀਤਾ। ਔਖੇ ਵੇਲਿਆ ਵਿੱਚ ਵੀ ਹੌਸਲਾ ਅਤੇ ਦਲੇਰੀ ਦਾ ਪੱਲਾ ਨਹੀਂ ਛੱਡਿਆ। ਇੱਕ ਖੂਬਸੂਰਤ ਕਿਰਦਾਰ ਦਾ ਵਾਸਾ ‘ਮਾਂ’ ਕੁਦਰਤ ਨੇ, ਉਸ ਨੂੰ ਪੌਣੀ ਸਦੀ ਦਾ ਇੱਕ ਕਿਰਦਾਰ ਨਿਭਾਉਣ ਦਾ ਸਮਾਂ ਦਿੱਤਾ, ਜੋ ਇਹ ਭੂਮਿਕਾ ਨਿਭਾ ਕੇ ਦੁਨੀਆਂ ਦੇ ਰੰਗ-ਮੰਚ ਤੋਂ ਪਾਸੇ ਹੋ ਗਈ। ਪਿੱਛੇ ਛੱਡ ਗਈ ਉਹ ਪੈੜਾਂ, ਜਿਹੜੀਆਂ ਸਾਡੇ ਲਈ ਪ੍ਰੇਰਨਾਵਾਂ ਨੇ। ਸਾਡੇ ਸੀਨੇ ਵਿੱਚ ਧੜਕਦਾ ਦਿਲ ਮਾਂ ਦਾ ਹੈ, ਭਾਵੇਂ ਮੇਰੇ ਕੋਲ ਮਾਂ ਦਾ ਕੋਈ ਕਥਨ ਚੇਤੇ ਰੱਖਣ ਲਾਇਕ ਨਹੀਂ ਹੈ, ਪਰ ਮਾਂ ਦੇ ਦਿਲ ਦਾ ਧੜਕਦਾ ਹੋਇਆ ਅਹਿਸਾਸ ਮੇਰੇ ਨਾਲ ਹੈ।
ਇਹ ਭਰਮ-ਜਾਲ਼, ਇਹ ਵਿਖਾਵਾ, ਕਿਸੇ ਧਾਰਨਾ ਦਾ ਮੁਹਤਾਜ਼ ਨਹੀਂ ਹੈ। ਮਾਂ ਸਾਡੇ ਸਾਹਾਂ ਵਿੱਚ ਹੈ। ਸਾਡੀਆਂ ਗੱਲਾਂ-ਬਾਤਾਂ ਵਿੱਚ ਹੈ, ਸਾਡੇ ਸਮੁੱਚੇ ਸੱਭਿਆਚਾਰ ਵਿੱਚ ਮਾਂ ਦਾ ਪਸਾਰਾ ਹੈ। ਉਦਾਸੀ ਸਿਰਫ਼ ਇਹ ਹੈ ਕਿ ਉਸ ਦੀ ਹੁਣ ਅਵਾਜ਼ ਨਹੀਂ ਪੈਂਦੀ ਹੈ, ਉਹਦੇ ਕੋਲ ਬੈਠਕੇ ਉਹਦੇ ਨਿੱਘੇ ਹੱਥਾਂ ਦੀ ਛੋਹ ਪ੍ਰਾਪਤ ਨਹੀਂ ਹੋਣੀ।
ਅੱਜ ਤਕਰੀਬਨ ਸੱਤਰ ਸਾਲ ਬਾਅਦ, ਮਾਂ ਨੂੰ ਯਾਦ ਕਰਦਿਆਂ, ਇਹ ਨਹੀਂ ਹੋਣਾ ਚਾਹੀਦਾ, ਉਹ ਤਾਂ ਹਰਦਮ ਨਾਲ ਹੈ। ਮੈਂ ਆਪਣੇ ਅੱਠ ਭੈਣ-ਭਰਾਵਾਂ ਵਿੱਚੋਂ ਚੌਥੀ ਥਾਂ ’ਤੇ ਹਾਂ। ਤਿੰਨ ਵੱਡੇ, ਚਾਰ ਛੋਟੇ। ਮੇਰੀ ਇੱਕ ਭੈਣ ਸਭ ਤੋਂ ਵੱਡੀ ਤੇ ਦੂਸਰੀ ਮੇਰੇ ਤੋਂ ਛੋਟੀ, ਛੇ ਸਾਲ ਛੋਟੀ। ਮਾਂ ਦਾ ਹੱਥ ਵੰਡਾਉਣ ਵਾਲਾ ਮੈਂ ਸੀ ਵਿਚਕਾਰਲਾ। ਬੱਸ ਫਾਇਦਾ ਇਹ ਹੋਇਆ ਕਿ ਮਾਂ ਨੇ ਉਹ ਸਭ ਸਿਖਾਇਆ, ਰੋਟੀ ਬਣਾਉਣੀ, ਸੂਈ ਧਾਗੇ ਦਾ ਕੰਮ, ਸਵੇਰੇ ਬਿਸਤਰੇ ਸਾਂਭਣੇ ਤੇ ਨਾਲ ਹੀ ਨਰਮ ਸੁਭਾਅ। ਮੈਂ ਕਿਹਾ ਨਾ, ਮਾਂ ਦਾ ਮੇਰੇ ਕੋਲ ਬਹੁਤ ਕੁਝ ਹੈ ਦੱਸਣ ਵਾਲਾ, ਦਿਖਾਉਣ ਵਾਲਾ ਨਹੀਂ ਹੈ। ਮੈਂ ਔਰਤ ਦਾ ਅਸਲੀ ਰੂਪ, ਮਾਂ ਦਾ ਸੁਭਾਅ, ਦੇਖਿਆ ਹੀ ਨਹੀਂ, ਜੀਵਿਆ ਹੈ।
ਸਹੀ ਅਰਥਾਂ ਵਿੱਚ, ਮਾਂ ਮੇਰੇ ਕਿਰਦਾਰ ਵਿੱਚ ਹੈ, ਮੇਰੇ ਅੰਗ ਸੰਗ।
(ਜਾਂਦੇ ਜਾਂਦੇ … …) ਸਹੀ ਹੈ ਕਿ ਮਾਂ ਬਾਰੇ ਦੁਨੀਆਂ ਬਹੁਤ ਭਾਵੁਕ ਹੈ, ਮੈਂ ਵੀ ਪਿਤਾ ਦਾ ਜ਼ਿਕਰ ਪੋਲਾ ਜਿਹਾ ਕੀਤਾ ਹੈ। ਪਰ ਪਿਤਾ ਦਾ ਸੰਘਰਸ਼, ਮਾਂ ਜਿੰਨਾ ਹੀ ਹੈ, ਹੈ ਉਹ ਵੀ ਉੰਨਾ ਹੀ ਮੇਰੇ ਜੀਵਨ ਦਾ ਹਿੱਸਾ। ਭਾਵੇਂ ਮੈਨੰ ਚੇਤਾ ਨਹੀਂ, ਉਦੋਂ ਕੀ-ਕੀ, ਵਾਪਰਿਆ। ਛੋਟਾ ਸੀ। ਨੌਂਵੀਂ ਵਿੱਚ ਪੜ੍ਹਦਾ ਬੱਚਾ ਛੋਟਾ ਨਹੀਂ ਹੁੰਦਾ, ਪਰ ਤਿੰਨ ਵੱਡੇ ਭੈਣ ਭਰਾ, ਮਾਂ, ਭੂਆ, ਮਾਸੀ, ਮਾਮੇ-ਮਾਮੀਆਂ ਅੱਗੇ ਛੋਟਾ ਹੀ ਸੀ ਤੇ ਸਭ ਤੋਂ ਪਿੱਛੇ ਵੀ।)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4786)
(ਸਰੋਕਾਰ ਨਾਲ ਸੰਪਰਕ ਲਈ: (