“ਮੈਨੂੰ ਵੀ ਹੁਣ ਆਦਤ ਪੈ ਗਈ ਹੈ। ਗੱਡੀ ਵਿੱਚ ਨਾਲ ਦੀ ਸੀਟ ਖਾਲੀ ਹੋਵੇ, ਅਜੀਬ ਲੱਗਦਾ ਹੈ। ਵੈਸੇ ਵੀ ...”
(18 ਅਪਰੈਲ 2023)
ਇਸ ਸਮੇਂ ਪਾਠਕ: 180.
ਮੇਰੀ ਧਾਰਨਾ ਜਦੋਂ ਤੋਂ ਸਿਆਸਤ ਪ੍ਰਤੀ ਵਿਕਸਿਤ ਹੋਈ ਹੈ, ਮੈਨੂੰ ਉਹ ਮਹਿਬੂਬਾ ਵਰਗੀ ਪਿਆਰੀ ਲੱਗੀ ਹੈ, ਮੇਰੇ ਦਿਲ ਦੇ ਕਰੀਬ। ਕਿਸੇ ਦੀ ਪਰਵਾਹ ਕਰਨ ਵਾਲੀ। ਸੁਕਰਾਤ ਨੇ ਵੀ ਇਹੀ ਕਿਹਾ ਹੈ ਕਿ ਸਿਆਸਤ ਦਾ ਨਿਸ਼ਾਨਾ ਨਾਗਰਿਕਾਂ ਨੂੰ ਸਦਗੁਣੀ ਬਣਾਉਣਾ ਹੈ ਤਾਂ ਜੋ ਉਹ ਇੱਕ ਵਧੀਆ ਜੀਵਨ ਜੀਉਂ ਸਕਣ।
ਜਿਨ੍ਹਾਂ ਦਾ ਮੇਰੇ ਨਾਲ ਸਿੱਧਾ-ਅਸਿੱਧਾ ਵਾਹ-ਵਾਸਤਾ ਹੈ, ਉਹ ਜਾਣਦੇ ਨੇ ਕਿ ਮੈਨੂੰ ਡਾਇਬਟੀਜ਼ ਹੈ, ਸ਼ੂਗਰ ਰੋਗ। ਦੋ ਕੁ ਸਾਲਾਂ ਨੂੰ ਪੰਜਾਹ ਸਾਲ ਹੋ ਜਾਣਗੇ। ਵਿਦਿਆਰਥੀ ਸੀ, ਤਕਰੀਬਨ ਇੱਕੀ ਸਾਲ ਦਾ। ਜੇ ਮੈਂ ਪੰਜਾਹ ਸਾਲ ਠੀਕ-ਠਾਕ ਤੁਰਿਆ ਫਿਰਦਾ ਹਾਂ ਤੇ ਇਸਦੇ ਕਾਰਨਾਂ ਦੀ ਸੂਚੀ ਬਣਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਨੰਬਰ ਮੇਰੀ ਪਤਨੀ ਦਾ ਹੋਵੇਗਾ, ਮੇਰੀ ਜਾਚੇ, ਜਿਸ ਕੋਲ ਸਿਆਸੀ ਸੂਝ, ਪਰਵਾਹ ਕਰਨ ਦਾ ਗੁਣ ਹੈ। ਮਤਲਬ ਜਿਹਨੂੰ ਸਾਂਭ-ਸੰਭਾਲ ਦੀ ਜਾਚ ਹੈ। ਰਿਸ਼ਤਿਆਂ ਨੂੰ ਬਣਾਉਣ-ਨਿਭਾਉਣ ਦਾ ਹੁਨਰ ਹੈ। ਸਰੀਰਿਕ ਸਿਹਤ ਪ੍ਰਤੀ ਅਸੀਂ ਸੁਚੇਤ ਸੀ, ਮਾਨਸਿਕ ਸਿਹਤ ਪ੍ਰਤੀ ਹੋਏ ਹਾਂ ਪਰ ਸਮਾਜਿਕ ਸਿਹਤ, ਰਿਸ਼ਤਿਆਂ ਦੀ ਸਿਹਤ ਪ੍ਰਤੀ ਅਜੇ ਵੀ ਕਾਫ਼ੀ ਦੂਰ ਹਾਂ ਜਾਂ ਕਹੀਏ ਸਗੋਂ ਪਹਿਲੇ ਨਾਲੋਂ ਵੀ ਵੱਧ ਅਵੇਸਲੇ ਹੋਏ ਹਾਂ ਇੰਜ ਕਹਿ ਲਵੋ ਕਿ ਸਾਨੂੰ ਬਹੁਤਾ ਪਤਾ ਵੀ ਨਹੀਂ। ਮੁਕੰਮਲ ਸਿਹਤ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਦਾ ਚੰਗਾ ਹੋਣਾ ਮੰਨਿਆ ਜਾਂਦਾ ਹੈ।
ਸਮਾਜਿਕ ਸਿਹਤ, ਰਿਸ਼ਤਿਆਂ ਦੀ ਸਿਹਤ ਦਾ ਦਾਇਰਾ ਹੈ ਵੀ ਵਸੀਹ। ਪਰਿਵਾਰ ਤੋਂ ਅੱਗੇ, ਇਹ ਰਾਜਨੀਤੀ ਤਕ ਜਾਂਦਾ ਹੈ ਤੇ ਗੱਲ ਸੱਤਾ ਵਿੱਚ ਬੈਠੇ ਲੋਕਾਂ ਨਾਲ ਜੁੜਦੀ ਹੈ। ਇੱਥੋਂ ਤਕ ਕਿ ਅੰਤਰਰਾਸ਼ਟਰੀ ਪੱਧਰ ’ਤੇ ਵੀ ਇਸਦੇ ਤਾਰ ਜੁੜਦੇ ਨੇ, ਜਦੋਂ ਅਜੋਕੇ ਸਰਮਾਏਦਾਰੀ-ਕਾਰਪੋਰੇਟੀ ਨਿਜ਼ਾਮ ਦਾ ਚਿਹਰਾ ਸਾਹਮਣੇ ਆਉਂਦਾ ਹੈ, ਸਮਾਜਿਕ ਸਿਹਤ ਦਾ ਚਿਹਰਾ ਕਰੂਪ ਕਰਨ ਵਿੱਚ।
ਮੇਰੀ ਪਤਨੀ ਜਿਸਦਾ ਨਾਂ ਉਂਜ ਊਸ਼ਾ ਹੈ, ਪਰ ਮੈਂ ਕਦੇ ਉਸ ਨੂੰ ਇਸ ਨਾਂ ਨਾਲ ਨਹੀਂ ਬੁਲਾਇਆ। ਅਜੀਬ ਲੱਗਦਾ ਹੈ ਨਾ, ਪਤਨੀਆਂ ਤਾਂ ਪਤੀ ਦਾ ਨਾਂ ਨਹੀਂ ਲੈਂਦੀਆਂ, ਜੋ ਸਾਡੀ ਪਰੰਪਰਿਕ ਸਿਖਲਾਈ ਹੈ। ਇਹ ਆਦਤ ਸ਼ਾਇਦ ਮੈਨੂੰ ਮੇਰੇ ਪਿਤਾ ਜੀ ਤੋਂ ਮਿਲੀ ਹੈ, ਉਨ੍ਹਾਂ ਨੂੰ ਮੈਂ ਕਦੇ ਮੇਰੀ ਮਾਤਾ ਦਾ ਨਾਂ ਲੈਂਦੇ ਨਹੀਂ ਸੁਣਿਆ। ਉਹ ਹਮੇਸ਼ਾ ਆਪਣੀ ਵੱਡੀ ਧੀ, ਮੇਰੀ ਵੱਡੀ ਭੈਣ ਕੱਲੋ (ਕਲਾਵਤੀ) ਦੇ ਨਾਂ ਨਾਲ ਜੋੜ ਕੇ, ‘ਕੱਲੋ ਦੀ ਭਾਬੀ’ ਕਹਿ ਕੇ ਬੁਲਾਉਂਦੇ। ਮਾਂ ਨੂੰ ਅਸੀਂ ‘ਭਾਬੀ’ ਕਹਿੰਦੇ ਤੇ ਪਿਤਾ ਜੀ ਨੂੰ ‘ਲਾਲਾ।’ ਇਹ ਭਾਵ ਕਿਤੇ ਅਚੇਤ ਮਨ ਵਿੱਚ ਪਿਆ ਸੀ ਤੇ ਫਿਰ ਕਈ ਸਾਲਾਂ ਮਗਰੋਂ ਮੈਂ ਆਪਣੀ ਪਤਨੀ ਦਾ ਨਾਂ ‘ਸੋਨਮੋਮ’ ਰੱਖਿਆ ਤੇ ਕਦੇ-ਕਦੇ ਬੁਲਾਉਂਦਾ ਵੀ ਹਾਂ, ਸੋਨਮੋਮ ਬਣਿਆ ਸੰਨੀ ਦੀ ਮੰਮੀ ਤੋਂ। ਸੰਨੀ ਮੇਰੇ ਬੇਟੇ ਦਾ ਘਰੇਲੂ ਨਾਂ ਹੈ, ਵੈਸੇ ਪਰਿਆਸ ਹੈ।
ਊਸ਼ਾ ਨੂੰ ਸਿਆਸੀ ਸੂਝ ਹੈ, ਕਿਸੇ ਦੂਸਰੇ ਨੂੰ ਆਪਣਾ ਬਣਾਉਣ ਦੀ ਜਾਚ। ਇਸ ਗੱਲ ਨੂੰ ਸਮਝ ਸਕਦੇ ਹੋ ਕਿ ਉਸ ਨੇ ਮੈਨੂੰ ਚਾਲੀ ਸਾਲ ਪਹਿਲਾਂ ਕਬੂਲ ਕੀਤਾ, ਪਤਾ ਹੋਣ ਦੇ ਬਾਵਜੂਦ ਕਿ ਮੈਨੂੰ ਸ਼ੂਗਰ ਰੋਗ ਹੈ। ਮੈਂ ਹਰ ਖਾਣੇ ਤੋਂ ਪਹਿਲਾਂ ਇੰਸੁਲਿਨ ਦਾ ਟੀਕਾ ਲਗਾਉਂਦਾ ਹਾਂ। ਕੀ ਭਾਵ ਸੀ, ਕਿਹੜੀ ਖਿੱਚ ਸੀ, ਇਸ਼ਕ-ਹਕੀਕੀ ਦਾ ਉਹ ਕਿਹੜਾ ਵਰਕਾ ਸੀ, ਵਰਕੇ ’ਤੇ ਲਿਖੇ ਹੋਏ ਕਿਹੜੇ ਸ਼ਬਦ ਸੀ, ਜਿਸ ਨੂੰ ਪੁਗਾ ਰਹੇ ਸੀ। ਮਹੁੱਬਤ ਦਾ ਅਮਲ ਵੀ ਇਹੀ ਹੈ। ‘ਜਉ ਤਉ ਪ੍ਰੇਮ ਖੇਲ੍ਹਣ ਕਾ ਚਾਉ॥’ … …
ਮੈਂ ਇਹ ਵੀ ਮੰਨਦਾ ਕਿ ਕਿਰਦਾਰ-ਵਿਵਹਾਰ ਵਿੱਚ ਇਕਸਾਰਤਾ ਹੁੰਦੀ ਹੈ। ਜੇ ਕੋਈ ਘਰੇ ਹੋਰ ਹੈ ਤੇ ਦਫਤਰ ਹੋਰ, ਆਪਣੇ ਬੱਚਿਆਂ ਨਾਲ ਹੋਰ ਤੇ ਗੁਆਂਢੀਆਂ ਦੇ ਬੱਚਿਆਂ ਨਾਲ ਵੱਖਰਾ ਤਾਂ ਇਹ ‘ਫਾਇਦਾ ਦੇਖ ਕੇ’ ਵਿਵਹਾਰ ਬਦਲਣ ਦੀ ਪੂੰਜੀਵਾਦੀ ਪ੍ਰਵਿਰਤੀ ਹੈ। ਕੁਦਰਤੀ ਪ੍ਰਵਿਰਤੀ ਇਹ ਇਜਾਜ਼ਤ ਨਹੀਂ ਦਿੰਦੀ। ਉਸਦਾ ਸੁਭਾਅ ਵੀ ਵੱਖਰਾ ਹੈ।
ਊਸ਼ਾ ਨੇ ਮੈਡੀਕਲ ਕਾਲਜ ਅਤੇ ਉਨ੍ਹਾਂ ਨਾਲ ਲਗਦੇ ਹਸਪਤਾਲਾਂ ਵਿੱਚ ਬਤੌਰ ਜੂਨੀਅਰ, ਸੀਨੀਅਰ ਅਸਿਸਟੈਂਟ ਕਾਰਜ ਕਰਦਿਆਂ ਸੇਵਾ ਤੋਂ ਮੁਕਤੀ ਲਈ ਹੈ। ਜ਼ਿਆਦਾ ਸਮਾਂ ਗੁਰੂ ਨਾਨਕ ਹਸਪਤਾਲ ਦੇ ਸਰਜਰੀ ਵਿਭਾਗ ਵਿੱਚ ਕਾਰਜ ਕੀਤਾ ਹੈ। ਉਸ ਦਾ ਕਮਰਾ ਵਾਰਡ ਦੇ ਦਰਵਾਜ਼ੇ ਦੇ ਸੱਜੇ ਪਾਸੇ, ਵਾਰਡ ਦੇ ਮੁਖੀ ਦੇ ਨਾਲ ਪਹਿਲਾ ਕਮਰਾ ਹੁੰਦਾ। ਜੋ ਵੀ ਮਰੀਜ਼ ਰਿਸ਼ਤੇਦਾਰ ਅੰਦਰ ਵੜਦਾ ਤਾਂ ਪਹਿਲਾਂ ਅੱਗੋਂ ਬੈਠੀ ਇਹ ਮਿਲਦੀ। ਇੰਜ ਕਹਿ ਲਵੋ, ਇਹ ‘ਪੁੱਛ-ਗਿੱਛ ਕੇਂਦਰ’ ਦਾ ਕਾਰਜ ਵੱਧ ਕਰਦੀ। ਫਲਾਂ ਵਾਰਡ ਕਿੱਥੇ ਹੈ? ਫਲਾਂ ਡਾਕਟਰ ਕਿੱਥੇ ਬੈਠਦੇ ਨੇ, ਅਪਰੇਸ਼ਨ ਥਿਏਟਰ, ਐਕਸ-ਰੇ ਦਾ ਕਮਰਾ ਆਦਿ। ਕਾਫ਼ੀ ਪਰੇਸ਼ਾਨ ਹੁੰਦੀ। ਇਸ ਲਈ ਨਹੀਂ ਕਿ ਸਾਰਾ ਦਿਨ ਲੋਕ ਪਰੇਸ਼ਾਨ ਕਰਦੇ ਨੇ, ਇਸ ਲਈ ਕਿ ਮਰੀਜ਼ਾਂ ਨੂੰ ਭਟਕਣਾ ਪੈਂਦਾ ਹੈ। ਕਈ ਵਾਰ ਦੱਸਣ-ਸਮਝਾਉਣ ’ਤੇ ਵੀ ਉਨ੍ਹਾਂ ਨੂੰ ਕੁਝ ਨਾ ਲੱਭਦਾ। ਕਮਰੇ ਵਿੱਚੋਂ ਬਾਹਰ ਆ ਕੇ ਸਮਝਾਉਂਦੀ ਜਾਂ ਸਮਾਂ ਹੁੰਦਾ ਤਾਂ ਛੱਡ ਵੀ ਆਉਂਦੀ।
ਰਿਟਾਇਰਮੈਂਟ ਦਾ ਸਮਾਂ ਆਇਆ ਤਾਂ ਉਸ ਨੇ ਇੱਛਾ ਜ਼ਾਹਿਰ ਕੀਤੀ ਕਿ ਉਹ ਰਿਟਾਇਰਮੈਂਟ ਤੋਂ ਬਾਅਦ, ਰੋਜ਼ ਹਸਪਤਾਲ ਦੋ ਘੰਟੇ ਲਾਇਆ ਕਰੇਗੀ ਤੇ ਹਸਪਤਾਲ ਦੇ ਮੁੱਖ ਦਰਵਾਜ਼ੇ ’ਤੇ ਕੁਰਸੀ ਢਾਹ ਕੇ ਬੈਠੇਗੀ ਤੇ ਮਰੀਜ਼ਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ, ਜਿਸ ਨੂੰ ਵੀ ਜਿੱਥੇ ਜਾਣ ਦੀ ਲੋੜ ਹੋਵੇਗੀ, ਉਹ ਛੱਡ ਕੇ ਆਇਆ ਕਰੇਗੀ। ਘਰੋਂ ਕੀ ਦਿੱਕਤ ਹੋਣੀ ਸੀ, ਮੈਂ ਤਾਂ ਆਪ ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਾਰਜ ਕਰਨ ਬਾਰੇ ਸੋਚ ਰਿਹਾ ਸੀ।
ਉਸ ਦੀ ਇਹ ਭਾਵਨਾ ਕਰੋਨਾ ਨੇ ਰੋਕੀ, ਜਦੋਂ ਲੋਕਾਂ ਨੂੰ ਜਬਰਦਸਤੀ ਘਰੋਂ ਬਾਹਰ ਆਉਣ ਤੋਂ ਰੋਕਿਆ ਗਿਆ। ਕਰੋਨਾ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਲਈ ਪੁਲਿਸ ਲਗਾਈ ਗਈ। ਖੈਰ ਉਹ ਵੱਖਰਾ ਮੁੱਦਾ ਹੈ, ਗੱਲ ਸੀ ਲੋਕਾਂ ਦੇ ਕਿਰਦਾਰ ਜਾਂ ਵਿਵਹਾਰ ਦੀ ਇਕਸਾਰਤਾ ਦੀ। ਊਸ਼ਾ ਮੇਰੀ ਪਤਨੀ ਹੈ, ਇਹ ਸ਼ਬਦ ਉਸ ਦੀ ਖੁਸ਼ਾਮਦੀ ਲਈ ਲੱਗ ਸਕਦੇ ਹਨ, ਪਰ ਮੈਂ ਇਸਦੇ ਕਿਰਦਾਰ ਨੂੰ ਵਿਆਪਕ, ਵੱਡੇ ਪੱਧਰ ’ਤੇ ਨਾਰੀ ਜਾਤ ਨਾਲ ਜੋੜ ਕੇ ਦੇਖਦਾ ਹਾਂ।
ਮੈਨੂੰ ਮੇਰੀ ਮਾਂ ਚੇਤੇ ਆਉਂਦੀ ਹੈ। ਇੱਕ ਨਹੀਂ ਕਈ ਮਾਵਾਂ, ਮੇਰੇ ਜਮਾਤੀਆਂ ਦੀਆਂ ਜਦੋਂ ਮੈਂ ਪਟਿਆਲੇ ਮੈਡੀਕਲ ਕਾਲਜ ਵਿੱਚ ਪੜ੍ਹਦਾ ਸੀ ਤੇ ਛੁੱਟੀ ਵਾਲੇ ਦਿਨ ਉਨ੍ਹਾਂ ਦੇ ਘਰੇ ਜਾਣ ਦਾ ਮੌਕਾ ਮਿਲਦਾ। ਪ੍ਰੇਮ ਖੋਸਲਾ ਤਾਂ ਸੀ ਹੀ ਪਟਿਆਲੇ ਤੋਂ, ਵਿਜੇ ਜਿੰਦਲ ਬਸੀ ਪਠਾਨਾਂ ਤੋਂ ਸੀ, ਪਟਿਆਲੇ ਤੋਂ ਨੇੜੇ ਹੀ। ਵਿਮਲ ਸੀਕਰੀ ਦੇ ਪਿਤਾ ਖੰਨਾ ਸ਼ਹਿਰ ਦੇ ਬੈਂਕ ਮੈਨੇਜਰ। ਕੋਈ ਘੰਟੇ ਕੁ ਦਾ ਰਾਹ, ਤੇ ਹੋਰ ਵੀ। ਬਾਅਦ ਵਿੱਚ ਦੋਸਤਾਂ-ਮਿੱਤਰਾਂ ਦੀਆਂ ਪਤਨੀਆਂ ਦੇ ਵਿਵਹਾਰ। ਸਾਡੇ ਕੋਲ ਰਿਵਾਇਤੀ ਕਿੱਸੇ ਕਹਾਣੀਆਂ ਵੀ ਹਨ, ਜਿੱਥੇ ਮਾਵਾਂ ਦਾ, ਔਰਤਾਂ ਦਾ ਨਿੱਘ ਅਤੇ ਮਨ ਵਾਲੇ ਰਿਸ਼ਤੇ ਦਾ ਜ਼ਿਕਰ ਹੈ। ਮੇਰੀ ਮਾਂ ਕੁੱਤਿਆਂ, ਕਾਵਾਂ, ਗਾਵਾਂ ਲਈ ਵੀ ਰੋਟੀ ਬਣਾਉਂਦੀ।
ਮੇਰੇ ਕੋਲ ਸਰੀਰ ਅਤੇ ਸਮਾਜ ਵਿਗਿਆਨ ਦੀ ਵਿਧੀਵਤ ਪੜ੍ਹਾਈ ਦੇ ਉਲੇਖ ਹਨ। ਮਾਂ ਦਾ ਬੱਚੇ ਨੂੰ ਦੁੱਧ ਪਿਲਾਉਣਾ ਤੇ ਛਾਤੀ ਨਾਲ ਲਾ ਕੇ ਰੱਖਣਾ, ਇਕਮਿਕਤਾ ਦਾ ਅਹਿਸਾਸ ਹੈ। ਉਸ ਤੋਂ ਪਹਿਲਾਂ ਇੱਕ ਲੰਮੇ ਸਮੇਂ, ਨੌਂ ਮਹੀਨੇ ਤਕ ਆਪਣੀ ਕੁੱਖ ਵਿੱਚ ਰੱਖਣਾ ਤੇ ਉਸ ਦੀ ਹਿਲਜੁਲ ਦਾ ਅਹਿਸਾਸ। ਉਹ ਅਸਲ ਵਿੱਚ ਦੋ ਸ਼ਖ਼ਸ ਇੱਕ ਜਾਨ ਹੁੰਦੇ ਹਨ। ਜਣੇਪਾ-ਪੀੜਾ ਅਤੇ ਸਿਰਜਣਾ, ਇੱਕ ਅਲੱਗ ਹੀ ਅਹਿਸਾਸ ਹੈ, ਜਿਸਦੀ ਪੁਰਸ਼ ਕਲਪਨਾ ਤਾਂ ਕਰ ਸਕਦਾ ਹੈ, ਪਰ ਉਸ ਨੂੰ ਔਰਤ ਜੀਉਂਦੀ ਹੈ। ਇਹ ਸਾਰੇ ਆਖਰ ਜਾ ਕੇ ਜੁੜਦੇ ਹਨ, ਸਾਂਭ-ਸੰਭਾਲ ਨਾਲ। ਕਿਵੇਂ ਕਿਸੇ ਨੂੰ ਆਪਣੀ ਕਿਰਤ, ਆਪਣੀ ਸਿਰਜਣਾ ਨਾਲ ਲਗਾਵ ਹੁੰਦਾ ਹੈ? ਕਿਵੇਂ ਕੋਈ ਆਪਣੀ, ਕ੍ਰਿਤੀ ਨੂੰ ਸਾਂਭ-ਸੰਭਾਲ ਕੇ ਰੱਖਦਾ ਹੈ।
ਕੀ ਅਸੀਂ ਸਿਆਸਤ ਤੋਂ ਇਹ ਆਸ ਨਹੀਂ ਕਰਦੇ? ਸਾਡੀ ਹਮੇਸ਼ਾ ਮਨਸ਼ਾ ਰਹਿੰਦੀ ਹੈ ਕਿ ਸੱਤਾ, ਮਾਂ ਦੀ ਤਰ੍ਹਾਂ ਬਿਨਾਂ ਬੋਲੇ ਹੀ ਸਮਝ ਜਾਵੇ ਕਿ ਬੱਚੇ ਨੂੰ ਕੀ ਲੋੜ ਹੈ? ਮਾਂ ਬੱਚੇ ਦੀ ਤਕਲੀਫ਼ ਉਸ ਦੀ ਚੁੱਪ ਤੋਂ ਸਮਝ ਜਾਂਦੀ ਹੈ। ਉਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚੇ ਦੇ ਰੋਣ ਤੋਂ ਪਹਿਲਾਂ ਹੀ ਬੱਚੇ ਦੀ ਤਕਲੀਫ਼ ਨੂੰ ਸਮਝਿਆ ਜਾਵੇ ਤੇ ਉਸ ’ਤੇ ਵਿਚਾਰ ਕੀਤਾ ਜਾਵੇ। ਹੱਲ ਵਲ ਵਧਿਆ ਜਾਵੇ।
ਮੈਂ ਕਿਹਾ ਨਾ ਕਿਰਦਾਰ, ਸੁਭਾਅ ਮੌਕਾ ਦੇਖ ਕੇ ਬਦਲਣ ਵਾਲੇ ਹੋਰ ਹੁੰਦੇ ਹਨ। ਔਰਤਾਂ ਤੋਂ ਇਹ ਕੰਮ ਘੱਟ ਹੀ ਹੁੰਦਾ ਤੇ ਜਾਂ ਉਚੇਚੇ ਸਿੱਖਣਾ-ਸਿਖਾਉਣਾ ਪੈਂਦਾ ਹੈ। ਸਾਡੇ ਘਰ ਵਿੱਚ ਮੇਡ-ਸਰਵੈਂਟ ਤਾਂ ਰੋਜ਼ ਆਉਂਦੀ ਹੈ। ਉਹ ਵੀ ਇੱਕ ਪਰਿਵਾਰ, ਤਿੰਨ ਪੀੜ੍ਹੀਆਂ ਤੋਂ। ਇਸ ਤੋਂ ਇਲਾਵਾ ਬਿਜਲੀ ਦਾ ਕੰਮ ਕਰਨ ਵਾਲਾ ਪ੍ਰਿੰਸ, ਸੈਨੇਟਰੀ ਵਾਲਾ ਰਾਮ, ਕੱਪੜੇ ਪ੍ਰੈੱਸ ਕਰਨ ਵਾਲਾ ਸੈਮਸ਼ੀ, ਕੱਪੜੇ ਸਿਉਣ ਅਤੇ ਮੁਰੰਮਤ ਕਰਨ ਵਾਲਾ ਸ਼ਿਵ, ਕਾਰਪੈਂਟਰ ਜੱਗਾ, ਮਾਲੀ ਸੁਖਪਾਲ, ਰੰਗ ਰੋਗਨ ਵਾਲਾ ਸ਼ਾਬੀ, ਤਕਰੀਬਨ ਵੀਹ ਸਾਲ ਤੋਂ ਉਹੀ ਹੀ ਨੇ। ਉਨ੍ਹਾਂ ਨਾਲ ਉਸ ਦਾ ਰਿਸ਼ਤਾ ਉਮਰ ਮੁਤਾਬਕ ਹੈ। ਉਸ਼ਾ ਨੂੰ ਸਭ ਦੇ ਬੱਚਿਆਂ ਦੇ ਨਾਂ ਤਕ ਪਤਾ ਨੇ। ਅਕਸਰ ਹਾਲ-ਚਾਲ ਪੁੱਛਦੀ ਹੈ ਤਾਂ ਨਾਂ ਲੈ ਕੇ ਸੰਬੋਧਨ ਕਰਦੀ ਹੈ।
ਪਾਣੀ ਟਿਪਟਿਪ ਕਰ ਰਿਹਾ ਹੈ, ਬਿਜਲੀ ਦਾ ਸਵਿੱਚ ਢਿੱਲਾ ਹੋ ਗਿਆ ਹੈ। ਊਸ਼ਾ ਫੌਰੀ ਫੋਨ ਕਰੇਗੀ ਤੇ ਬੰਦਾ ਹਾਜ਼ਰ। ਮੈਂ ਕਈ ਵਾਰ ਸੋਚਦਾ ਹਾਂ ਕਿ ਇੰਨੇ ਨਿੱਕੇ ਜਿਹੇ ਕੰਮ ਵਾਸਤੇ, ਉਹ ਮਿੰਟ ਵੀ ਨਹੀਂ ਲਗਾਉਂਦੀ। ਮੈਂ ਕਈ ਵਾਰ ਸੋਚਦਾ ਹਾਂ ਕਿ ਕਿਸੇ ਉਦੋਂ ਬੁਲਾਇਆ ਜਾਵੇ, ਜਦੋਂ ਇੱਕ ਦੋ ਕੰਮ ਇਕੱਠੇ ਹੋ ਜਾਣ। ਪਰ ਦੂਸਰੇ ਪਾਸਿਓਂ ਵੀ ਕੋਈ ਨਾਂਹ ਨੁੱਕਰ ਨਹੀਂ। ਇਹ ਰਿਸ਼ਤਿਆਂ ਦਾ ਨਿੱਘ ਹੈ, ਆਪਣਾਪਨ ਹੈ।
ਸਾਡੀ ਗਲੀ ਦੀ ਸਫਾਈ ਸੇਵਿਕਾ ਸਵੇਰੇ ਸਵੇਰੇ ਝਾੜੂ ਮਾਰਦੀ ਅਕਸਰ ਚਾਹ ਦੇ ਕੱਪ ਲਈ ਸਾਡੇ ਘਰ ਦਾ ਬੂਹਾ ਖੜਕਾਉਂਦੀ ਹੈ। ਜਦੋਂ ਡਿਊਟੀ ’ਤੇ ਜਾਣਾ ਹੁੰਦਾ ਸੀ ਤਾਂ ਊਸ਼ਾ ਖਿਝਦੀ। ਕਿਉਂ ਜੋ ਤਿਆਰ ਹੋਣਾ, ਨਾਸ਼ਤਾ ਬਣਾਉਣਾ ਬੱਚਿਆਂ ਦੇ ਟਿਫਨ ਆਦਿ। ਪਰ ਚਾਹ ਪਿਲਾਉਣ ਤੋਂ ਕਦੇ ਮਨ੍ਹਾਂ ਨਹੀਂ ਕੀਤਾ। ਉਸ ਦੀ ਖਿਝ ਨੂੰ ਘੱਟ ਕਰਨ ਲਈ ਮੈਂ ਕਹਿ ਦਿੰਦਾ, ਦੇਖ ਮਹੱਲੇ ਵਿੱਚ ਕਿੰਨੇ ਹੀ ਘਰ ਨੇ, ਤੂੰ ਸੁਭਾਗ ਸਮਝ ਕਿ ਉਹ ਤੇਰੇ ਕੋਲ ਆਉਂਦੀ ਹੈ। ਤੇਰੇ ਵਿੱਚ ਜੋ ਖਾਸੀਅਤ ਹੈ, ਉਹ ਹੋਰਨਾਂ ਵਿੱਚ ਨਹੀਂ ਹੈ। ਇਹ ਗੱਲ ਇਸ ਨੂੰ ਸਿਆਸੀ ਹੋਣਾ ਮਤਲਬ ਪਰਵਾਹ ਕਰਨੀ, ਉਸ ਹੁਨਰ ਦੀ ਲਿਖਾਇਕ ਹੈ। ਪਰ ਸਿਆਸਤ ਦੀ ਸਮਝ ਅਤੇ ਵਿਆਖਿਆ ਵਿੱਚੋਂ ਅਰਸਤੂ ਅਤੇ ਪਲੈਟੋ ਤੋਂ ਲੈ ਕੇ ਕਾਰਲ ਮਾਰਕਸ ਤਕ, ਚਾਣਕਿਆ ਤੋਂ ਲੈ ਕੇ ਬਾਬਾ ਨਾਨਕ ਤਕ, ਰਾਜਾ ਜਾਂ ਸੱਤਾ ਵਿੱਚ ਬੈਠੇ ਲੋਕਾਂ ਤੋਂ ਜਿਸ ਤਰ੍ਹਾਂ ਦੀ ਤਵੱਕੋ ਕੀਤੀ ਜਾਂਦੀ ਹੈ, ਉਹ ਇਹੀ ਹੈ। ਜੇਕਰ ਮਹਾਰਾਜਾ ਅਸ਼ੋਕ ਨੂੰ ਇਤਿਹਾਸ ਵਿੱਚ ਯਾਦ ਰੱਖਿਆ ਜਾਂਦਾ ਹੈ ਤਾਂ ਉਸ ਪਿੱਛੇ ਉਸ ਦੀ ਬਦਲੀ ਹੋਈ, ਲੋਕਾਂ ਦੀ ਪਰਵਾਹ ਕਰਨ ਵਾਲੀ ਤਸਵੀਰ ਸੀ। ਜੇਕਰ ਕਾਰਲ ਮਾਰਕਸ ਵੀਹਵੀਂ ਸਦੀ ਦਾ ਪ੍ਰਭਾਵਸ਼ਾਲੀ ਵਿਅਕਤੀ ਮੰਨਿਆ ਗਿਆ ਹੈ, ਜਿਸਦਾ ਕਾਰਨ ਇਹ ਵੀ ਹੈ ਕਿ ਉਸ ਨੇ ਕਾਮਿਆਂ, ਮਜ਼ਦੂਰਾਂ ਲਈ ਪਰਵਾਹ ਕੀਤੀ। ਉਸਨੇ ਉਚਿਤ ਦਿਹਾੜੀ ਤੋਂ ਅੱਗੇ, ਉਨ੍ਹਾਂ ਦੇ ਦਰਦ ਨੂੰ ਸਮਝਿਆ ਤੇ ਉਸ ਦੇ ਹੱਲ ਵੱਲ ਰਾਹ ਦਿਖਾਇਆ।
ਵੈਸੇ ਸਾਡੀ ਧਾਰਨਾ ਅਤੇ ਸਮਝ ਔਰਤਾਂ ਨੂੰ ਵਧੀਆ ਮੈਨੇਜਰ ਹੋਣ ਦਾ ਮਾਣ ਨਹੀਂ ਦਿੰਦੀ। ਜਦੋਂ ਕਿ ਹੁਣ ਔਰਤਾਂ ਨੂੰ ‘ਹਾਊਸ ਵਾਈਫ’ ਦੀ ਥਾਂ ‘ਹੋਮ ਮੇਕਰ’ ਕਿਹਾ ਜਾਣ ਦੀ ਰਿਵਾਇਤ ਬਣੀ ਹੈ। ਆਪਾਂ ਜਾਣਦੇ ਹਾਂ ਕਿ ਨੌਕਰੀ ਵਿੱਚ ਜਦੋਂ ਕਿਸੇ ਦੀ ਤਰੱਕੀ ਮੁਖੀ ਦੇ ਤੌਰ ’ਤੇ ਹੋਣ ਲਗਦੀ ਹੈ ਤਾਂ ਅੜਿੱਕੇ ਲਗਾਏ ਜਾਂਦੇ ਹਨ ਤੇ ਕਈ ਸੰਸਥਾਵਾਂ ਦੇ ਨੇਮ ਵੀ ਪ੍ਰਵਾਨਗੀ ਨਹੀਂ ਦਿੰਦੇ। ਇਸਦਾ ਇੱਕ ਹੋਰ ਪੱਖ ਹੈ ਕਿ ਔਰਤ ਨੂੰ ਗਰਭ ਅਤੇ ਜਣੇਪੇ ਦੇ ਸੰਦਰਭ ਵਿੱਚ ਸਾਡਾ ਮੁਲਕ ਛੇ ਮਹੀਨੇ ਦੀ ਛੁੱਟੀ ਦਿੰਦਾ ਹੈ। ਦੂਸਰੇ ਪਾਸੇ ਜਰਮਨੀ ਵਿੱਚ ਇਹ ਸਹੂਲਤ ਤਿੰਨ ਸਾਲ ਦੀ ਹੈ। ਉਨ੍ਹਾਂ ਦਾ ਇੱਕ ਸਰਵੇਖਣ ਇਸ ਨਤੀਜੇ ਤੇ ਪਹੁੰਚਿਆ ਕਿ ਔਰਤਾਂ, ਆਦਮੀ ਦੀ ਔਸਤਨ 35 ਸਾਲ ਦੀ ਸੇਵਾ ਦੇ ਮੁਕਾਬਲੇ 29 ਸਾਲ ਕੰਮ ਕਰਦੀਆਂ ਹਨ, ਪਰ ਜੇਕਰ 35 ਅਤੇ 29 ਸਾਲਾਂ ਦੀ ਕਾਰਗੁਜ਼ਾਰੀ ਦੀ ਤੁਲਨਾ ਕਰੋ ਤਾਂ ਇਸ ਪੱਖੋਂ ਔਰਤਾਂ ਅੱਗੇ ਹੁੰਦੀਆਂ ਹਨ।
ਊਸ਼ਾ ਜਾਂ ਸੋਨਮੋਮ ਜਿਸ ਨੇ ਮੈਨੂੰ ਕਬੂਲ ਕੀਤਾ, ਬੱਚਿਆਂ ਨੂੰ ਸਾਂਭਿਆ ਤੇ ਮੈਨੂੰ ਸਾਹਿਤ ਦੇ ਲੜ ਲੱਗੇ ਰਹਿਣ ਲਈ ਖੁੱਲ੍ਹਾ ਛੱਡਿਆ। ਅੱਜ ਬੱਚੇ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ ਤਾਂ ਜੋ ਸਮਾਂ ਮੈਂ ਇਕੱਲੇ ਸਾਹਿਤਕ ਸਮਾਜ ਵਿੱਚ ਬਿਤਾਇਆ ਹੈ, ਹੁਣ ਪੂਰੀ ਤਨਦੇਹੀ ਨਾਲ, ਉਹ ਮੇਰੇ ਨਾਲ ਹੁੰਦੀ ਹੈ। ਪੂਰਾ ਸਮਾਂ ਬੈਠਦੀ ਹੈ ਤੇ ਕਦੇ-ਕਦੇ ਸਰਗਰਮ ਹਿੱਸਾ ਵੀ ਲੈਂਦੀ ਹੈ। ਕਹਿ ਸਕਦਾ ਹਾਂ ਕਿ ਹੁਣ ਲੋਕਾਂ ਨੂੰ ਵੀ ਮੇਰਾ ਇਕੱਲੇ ਜਾਣਾ ਕਬੂਲ ਨਹੀਂ ਹੁੰਦਾ, ਉਹ ਵੀ ਊਸ਼ਾ ਦੀ ਹਾਜ਼ਰੀ ਦੀ ਮੰਗ ਕਰਦੇ ਹਨ।
ਮੈਨੂੰ ਵੀ ਹੁਣ ਆਦਤ ਪੈ ਗਈ ਹੈ। ਗੱਡੀ ਵਿੱਚ ਨਾਲ ਦੀ ਸੀਟ ਖਾਲੀ ਹੋਵੇ, ਅਜੀਬ ਲੱਗਦਾ ਹੈ। ਵੈਸੇ ਵੀ ਊਸ਼ਾ ਦਾ ਸਾਥ, ਚੜ੍ਹਦੇ ਸੂਰਜ ਦੀ ਲਾਲੀ, ਪਹਿਲੀ ਕਿਰਨ ਵਰਗਾ ਹਮਸਫ਼ਰ। ਉਸ ਤੋਂ ਬਾਅਦ ਹੀ ਜੀਵ ਤੁਰਦੇ-ਉਡਦੇ ਨੇ ਕੁਦਰਤ ਵਿੱਚ। ਦੇਸ਼ ਦੀ ਫਿਜ਼ਾ ਵੀ ਅਜਿਹੀ ਸੁਹਾਵਨੀ ਹੋਵੇ, ਲੋਕਾਂ ਦਾ ਰਹਿਣ ਨੂੰ ਜੀਅ ਕਰੇ, ਜੀਉਣ ਦਾ ਚਾਅ ਹੋਵੇ ਲੋਕਾਂ ਵਿੱਚ। ਇਹ ਮਸਲਾ ਕੋਈ ਅਜੂਬਾ ਨਹੀਂ ਹੈ, ਸਿਆਸੀ ਜ਼ਰੂਰ ਹੋ ਗਿਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3917)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)