ShyamSDeepti7ਉਨ੍ਹਾਂ ਦੀ ਤੇ ਸਾਡੀ ਹਾਲਤ ਦਾ ਇੱਕ ਦ੍ਰਿਸ਼ ਕਾਫ਼ੀ ਕੁਝ ਕਹਿ ਜਾਂਦਾ ਹੈ। ਹਰ ਰੋਜ਼ ਸ਼ਾਮੀਂ ਰਾਤ ਦੇ ਖਾਣੇ ...
(6 ਫਰਵਰੀ 2023)
ਇਸ ਸਮੇਂ ਪਾਠਕ: 222.


ਭਟਕਣਾ ਦਾ ਸਫ਼ਰ ਇੰਨੀ ਛੇਤੀ ਮੁੱਕਣ ਵਾਲਾ ਥੋੜ੍ਹਾ ਹੈ। ਭਟਕਣਾ
, ਮਨੁੱਖੀ ਹੋਂਦ ਤੋਂ ਹੀ ਜ਼ਿੰਦਗੀ ਦਾ ਹਿੱਸਾ ਹੈ। ਭਟਕਣਾ ਹੀ ਹੈ ਜੋ ਸੰਘਰਸ਼ ਦੇ ਰਾਹ ਪਾਉਂਦੀ ਹੈ। ਸੰਘਰਸ਼ ਹੀ ਹੈ, ਜੋ ਸਮਰੱਥ ਬਣਾਉਂਦਾ ਹੈ। ਅਸੀਂ ਬਾਂਦਰ ਤੋਂ ਮਨੁੱਖ ਬਣੇ ਹਾਂ, ਇਹ ਸੰਘਰਸ਼ ਦੀ ਗਾਥਾ ਹੈ। ਕੁਦਰਤ ਨਾਲ ਸੰਘਰਸ਼ ਕੀਤਾ, ਇਨਸਾਨ ਦੀ ਸ਼ਕਲ ਇਖਤਿਆਰ ਕੀਤੀ। ਇਹ ਸਮਰੱਥ ਹੋਣ ਦੀ ਕਥਾ ਹੈ। ਇਹ ਮਨੁੱਖ ਤੋਂ ਮਹਾਂਮਨੁੱਖ, ਮਹਾਂ ਬਲੀ ਕਹਾਏ ਜਾਣ ਦਾ ਸਫ਼ਰ ਹੈ।

ਭਟਕਣ ਤੋਂ ਕੋਈ ਦਿੱਕਤ ਨਹੀਂ। ਪਰ ਭਟਕਦੇ-ਭਟਕਦੇ, ਕੁਦਰਤ ਨਾਲ ਆਢਾ ਲੈਂਦੇ-ਲੈਂਦੇ, ਜਦੋਂ ਭਟਕਣ ਦਾ ਸਮਾਜਿਕ ਰੂਪ ਬਣਦਾ ਹੈ, ਤਾਂ ਮਨੁੱਖ ਨੂੰ ਇੱਕ ਹੋਰ ਪਛਾਣ ਮਿਲਦੀ ਹੈ। ਇਸ ਰਾਹ ’ਤੇ ਪਿਆਂ ਨੂੰ ਨਵਾਂ ਨਾਂ ਮਿਲਿਆ- ਰਫਿਉਜ਼ੀ। ਫਿਰ ਰਫਿਉਜ਼ੀ ਤੋਂ ਆਮ ਸ਼ਹਿਰੀ, ਸਤਿਕਾਰਕ ਸਮਾਜ ਦਾ ਹਿੱਸਾ ਬਣਨ ਦੀ ਇੱਕ ਵੱਖਰੀ ਕਹਾਣੀ ਸ਼ੁਰੂ ਹੁੰਦੀ ਹੈ।

ਵੰਡ ਸਿਆਸੀ ਮਸਲਾ ਸੀ। ਕਿਸ ਪੱਧਰ ਦਾ ਸਿਆਸੀ, ਇਹ ਇੱਕ ਵੱਖਰੀ ਬਹਿਸ ਹੈ। ਗਿਣੇ-ਚੁਣੇ ਲੋਕਾਂ ਨੂੰ ਭਿਣਕ ਸੀ, ਜੋ ਸੂਚਨਾਵਾਂ ਨਾਲ ਜੁੜੇ ਸੀ, ਉਹ ਮੁਸਲਮਾਨਾਂ ਦੀ ਵੱਧ ਗਿਣਤੀ ਵਾਲੇ ਇਲਾਕਿਆਂ ਨੂੰ ਪਹਿਲਾਂ ਹੀ ਛੱਡ ਗਏ। ਇਸੇ ਤਰ੍ਹਾਂ ਦਾ ਵਰਤਾਰਾ, ਪੰਜਾਬ ਨੇ ਫਿਰ ਦੇਖਿਆ, ਸਾਲ 1988 ਤੋਂ 1992 ਤਕ। ਇਸਦੇ ਪਿਛੋਕੜ ਵਿੱਚ 1947 ਵਰਗਾ ਕਾਰਾ ਵੀ ਸੀ, 1984 ਵਾਲਾ ਵੀ। ਅੰਮ੍ਰਿਤਸਰ ਇਲਾਕੇ ਦੇ ਲੋਕ, ਖਾਸ ਕਰਕੇ ਪੰਜਾਬ ਛੱਡ ਹਰਿਆਣੇ ਚਲੇ ਗਏ। ਘੱਟੋ ਘੱਟ ਦੋ ਦਰਿਆ ਪਾਰ ਕਰਕੇ, ਬਿਆਸ ਅਤੇ ਸਤਲੁਜ, ਲੁਧਿਆਣੇ ਆ ਵਸੇ। ਅੰਮ੍ਰਿਤਸਰ ਦੀ ਸਾਰੀ ਸਨਅਤ ਉਦੋਂ ਦੀ ਉੱਜੜੀ, ਅੱਜ ਤਕ ਪੈਰਾਂ ’ਤੇ ਨਹੀਂ ਖੜ੍ਹੀ।

ਪਰ ਵੱਡੀ ਗਿਣਤੀ ਸਮੇਂ ਦੀ ਨਬਜ਼ ਤੋਂ ਨਾ-ਵਾਕਫ਼, ਕਿਸਮਤ ਦੇ ਫੈਸਲੇ ’ਤੇ ਨਿਰਭਰ ਰਹਿੰਦੀ ਹੈ। ਜਾਂ ਜੋ ਫੈਸਲੇ ਹੋ ਜਾਂਦੇ ਨੇ, ਉਸ ਨੂੰ ਹੀ ਕਿਸਮਤ ਕਹਿ ਦਿੰਦੀ ਹੈ।

ਮੇਰੇ ਮਾਪਿਆਂ ਦਾ ਕਾਫ਼ਲਾ ਭਟਕਦਾ-ਭਟਕਦਾ ਅਬੋਹਰ ਆ ਗਿਆ ਤੇ ਮਾਪਿਆਂ ਦੇ ਕਾਫ਼ਲੇ ਦੇ ਆਗੂ ਨੇ ਇੱਕ ਖਾਲੀ ਪਈ ਸਰਾਂ ’ਤੇ ਕਬਜ਼ਾ ਕਰ ਲਿਆ ਜਾਂ ਉਸ ਨੂੰ ਇਸ ਟਿਕਾਣੇ ਦੀ ਦੱਸ ਪਈ। ਸਾਰੇ ਰਫਿਊਜ਼ੀ ਉਸ ਵਿੱਚ ਠਹਿਰਾ ਦਿੱਤੇ। ਉਸ ਆਗੂ ਦਾ ਨਾਂ ਸੀ ਚਤਰੁ ਰਾਮ। ਸੱਚੀ-ਮੁੱਚੀ ਦਾ ਨਾਂ ਸੀ ਜਾਂ ਉਸ ਦੀਆਂ ਚਤੁਰਾਈਆਂ, ਹੁਸ਼ਿਆਰੀਆਂ ਕਰਕੇ ਉਸ ਦਾ ਨਾਂ ਚਤਰੁ ਰਾਮ ਪਾ ਦਿੱਤਾ ਗਿਆ ਸੀ। ਪਰ ਮੈਂ ਲੋਕਾਂ ਤੋਂ ਉੁਸਦਾ ਨਾਂ ਬੜੇ ਅਦਬ ਨਾਲ ‘ਲਾਲਾ ਚਤਰੁ ਰਾਮ’ ਲੈਂਦੇ ਸੁਣਿਆ। ਜੋ ਵੀ ਸੀ ਜਾਂ ਜੋ ਵੀ ਪੈ ਗਿਆ ਸੀ, ਉਸ ਨੇ ਪ੍ਰਵਾਨ ਕੀਤਾ। ਪਰ ਉਸ ਕੋਲ ਚਤੁਰਾਈ ਹੈ ਸੀ, ਜੋ ਉਸ ਨੇ ਅੱਗੇ ਲੱਗ ਕੇ ਲੋਕਾਂ ਨੂੰ ਠਿਕਾਣਾ ਦਿਵਾਇਆ ਤੇ ਇਸ ਅੱਗੇ ਲੱਗਣ ਦੀ ਭਾਵਨਾ ਹੀ ਉਸ ਨੂੰ ਰਾਜਨੀਤੀ ਤਕ ਵੀ ਲੈ ਗਈ, ਭਾਵੇਂ ਲੋਕਲ ਕਮੇਟੀ ਤਕ ਹੀ। ਉਂਜ ਵੀ ਬਰਾਦਰੀ ਵਾਲੇ ਹਰ ਤਰ੍ਹਾਂ ਦੇ ਕੰਮ ਲਈ ਉਸ ਤਕ ਹੀ ਪਹੁੰਚ ਕਰਦੇ।

ਨਾਂ ਅਸਲੀ ਹੀ ਸੀ। ਵੈਸੇ ਹੁੰਦਾ ਹੈ ਕਈ ਵਾਰੀ, ਨਾਂ ਅਤੇ ਕਿਰਦਾਰ ਰਲ ਵੀ ਜਾਂਦੇ ਨੇ। ਉਂਜ ਮਾਪੇ ਚਾਹੁੰਦੇ ਵੀ ਨੇ ਬੱਚੇ ਚਤੁਰ-ਚਲਾਕ ਹੋਣ, ਖਾਸ ਕਰ ਪੁੱਤਾਂ ਤੋਂ ਆਸ ਹੁੰਦੀ ਹੈ, ਭੋਲਾ-ਭਾਲਾ ਸਾਊ ਪੁੱਤ ਕੋਈ ਨਵੇਕਲਾ ਹੀ ਮਾਂ-ਪਿਉ ਚਾਹੁੰਦਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਚੁਸਤ-ਚਲਾਕ ਦਾ ਸਮਾਨਾਰਥੀ ਹੁਣ ਧੋਖੇਬਾਜ਼ ਹੋਣਾ ਹੋ ਗਿਆ ਹੈ।

ਚਤਰੁ ਰਾਮ ਵੱਲੋਂ ਲੱਭੀ ਸਰਾਂ ਦੇ ਬਾਹਰਵਾਰ, ਰਾਜਸਥਾਨੀ ਬਾਗੜੀਏ ਲੋਕ ਰਹਿੰਦੇ। ਚਮਾਰ ਬਰਾਦਰੀ ਸੀ। ਜੁੱਤੀਆਂ ਬਣਾਉਂਦੇ, ਗੰਢਦੇ। ਉਨ੍ਹਾਂ ਘਰਾਂ ਦੀ ਇੱਕ ਬੈਠਕ ਪਿਤਾ ਜੀ ਨੇ ਕਿਰਾਏ ’ਤੇ ਲਈ ਤੇ ਥੋੜ੍ਹਾ ਜਿਹਾ ਸਮਾਨ ਪਾ ਕੇ, ਕਰਿਆਨੇ ਦੀ ਹੱਟੀ ਸ਼ੁਰੂ ਕਰ ਲਈ।

ਉਨ੍ਹਾਂ ਦੀ ਤੇ ਸਾਡੀ ਹਾਲਤ ਦਾ ਇੱਕ ਦ੍ਰਿਸ਼ ਕਾਫ਼ੀ ਕੁਝ ਕਹਿ ਜਾਂਦਾ ਹੈ। ਹਰ ਰੋਜ਼ ਸ਼ਾਮੀਂ ਰਾਤ ਦੇ ਖਾਣੇ ਤੋਂ ਪਹਿਲਾਂ, ਖਾਸ ਕਰਕੇ ਨੇੜੇ-ਤੇੜੇ ਦੇ ਘਰਾਂ ਦੀਆਂ ਔਰਤਾਂ ਆਉਂਦੀਆਂ। ਉਹ ਇੱਕ ਥਾਲ ਘਰੋਂ ਹੀ ਲਿਆਉਂਦੀਆਂ। ਅੱਧਾ ਕੁ ਕਿਲੋ ਆਟਾ, ਪਾਈਆ ਕੁ ਦਾਲ, ਛਟਾਂਕ ਤੇਲ ਜਾਂ ਘੀ, ਮਾਸਾ ਕੁ ਹਲਦੀ ਅਤੇ ਮਸਾਲਾ ਲੈਂਦੀਆਂ। ਇੱਕ ਡੰਗ ਦਾ ਰਾਸ਼ਨ ਜਾਂ ਵੱਧ ਤੋਂ ਵੱਧ ਅਗਲੀ ਸਵੇਰ ਦਾ। ਮਨੁੱਖ ਨੂੰ ਇੱਕ ਖਾਸ ਗੁਣ ਮਿਲਿਆ ਹੈ, ਉਮੀਦ ਦਾ। ਕੱਲ੍ਹ ਸਵੇਰ ਹੋਣ ਦਾ। ਉਂਜ ਇਹ ਹਾਲਤ ਸੀ, ਤੰਗੀ ਜਾਂ ਮੰਦਹਾਲੀ। ਗਰੀਬੀ ਵੀ ਕਹਿ ਸਕਦੇ ਹਾਂ।

ਦੇਸ਼ ਦੀ ਆਜ਼ਾਦੀ ਲਈ ਲੜੇ। ਕੀ ਇਸ ਪਿੱਛੇ ਅਜਿਹੀਆਂ ਹਾਲਤਾਂ ਦਾ ਦਰਦ ਸੀ। ਭਾਵੇਂ ਕਿ ਦੇਸ਼ ਨੂੰ, ਖਾਸ ਕਰ ਪੰਜਾਬ ਦੇ ਕਈ ਲੱਖ ਪਰਿਵਾਰਾਂ ਨੂੰ ਮਿਲਿਆ, ਦੇਸ਼ ਦੀ ਆਜ਼ਾਦੀ ਦੇ ਨਾਲ ਇੱਕ ਹੋਰ ਦਰਦ। ਕੁਝ ਕੁ ਗਿਣਤੀ ਦੇ ਘਰਾਂ ਦਾ ਦ੍ਰਿਸ਼ ਪੂਰੇ ਦੇਸ਼ ’ਤੇ ਲਾਗੂ ਨਹੀਂ ਹੋ ਸਕਦਾ, ਇਹ ਮੈਂ ਜਾਣਦਾ ਹਾਂ। ਪਰ ਹੁਣ ਇਸ ਘਟਨਾ ਨੂੰ 75 ਸਾਲ ਹੋ ਗਏ ਨੇ, ਕੁਝ ਘੱਟ ਕਹਿ ਲਵੋ, ਮੇਰੇ ਜਨਮ ਤੋਂ ਛੇ-ਸੱਤ ਸਾਲ ਬਾਅਦ ਦੀ ਗੱਲ ਮੰਨ ਲਵੋ। ਪਰ ਨਾਲ ਇਹ ਵੀ ਗੱਲ ਚੇਤੇ ਹੈ ਕਿ ਇੱਕ ਵਾਰੀ ਆਟੇ ਦਾ ਭਾਅ ਸਿਰਫ਼ ਦਸ ਪੈਸੇ ਵਧ ਗਿਆ ਸੀ। ਉਹ ਵੀ ਮੰਨ ਲਵੋ, ਅੱਜ ਦੇ ਹਿਸਾਬ ਨਾਲ ਕਈ ਗੁਣਾ ਵੱਧ ਹੋਵੇਗਾ। ਫਿਰ ਵੀ ਇਹ ਪੰਜ ਰੁਪਏ ਵੀ ਨਹੀਂ ਬਣਨਾ। ਸ਼ਹਿਰ ਵਿੱਚ ਕਈ ਕਿਲੋਮੀਟਰ ਲੰਮਾ ਜਲੂਸ ਨਿਕਲਿਆ ਸੀ। ਮਤਲਬ, ਇਹ ਵੀ ਲੋਕਾਂ ਦੀ ਮੰਦੀ ਹਾਲਤ ਦਾ ਦ੍ਰਿਸ਼ ਹੈ, ਜੋ ਮੈਨੂੰ ਚੇਤੇ ਹੈ।

ਗਰੀਬੀ ਸੀ, ਭੁੱਖਮਰੀ ਸੀ, ਆਜ਼ਾਦੀ ਦੇ ਸਮੇਂ। ਅੱਜ ਅਮਿਤਾਭ ਬੱਚਨ ਇੱਕ ਇਸ਼ਤਿਹਾਰ ਵਿੱਚ ਮਸ਼ਹੂਰੀ ਕਰਦਾ ਹੈ ਕਿ ਆਜ਼ਾਦੀ ਸਮੇਂ ਦੇਸ਼ ਦੀ ਔਸਤਨ ਉਮਰ 21 ਸਾਲ ਸੀ, ਅੱਜ ਇਕਹੱਤਰ ਹੈ। ਪਰ ਇਸ ਭੁੱਖ ’ਤੇ ਚਰਚਾ ਨਹੀਂ ਹੁੰਦੀ ਕਿ ਭੁੱਖਮਰੀ ਵਿੱਚ ਅਸੀਂ ਦੁਨੀਆਂ ਦੇ 120 ਦੇਸ਼ਾਂ ਵਿੱਚੋਂ 109ਵੇਂ ਥਾਂ ’ਤੇ ਕਿਉਂ ਹਾਂ?

ਅਸੀਂ ਦੇਸ਼ ਦੀ ਵੰਡ ਨੂੰ ਲੈ ਕੇ ਕਸੂਰ ਲੱਭਣ ਵਿੱਚ ਲੱਗੇ ਹੋਏ ਹਾਂ। ਪਰ ਸਥਿਤੀ ਜਿਉਂ ਦੀ ਤਿਉ ਹੈ, ਉਸ ’ਤੇ ਗੱਲ ਨਹੀਂ ਹੋ ਰਹੀ। ਸਾਨੂੰ ਪਤਾ ਹੈ ਕਿ ਅੰਗਰੇਜ਼ਾਂ ਦੇ ਰਾਜ ਕਰਨ ਦੀ ਤਕਨੀਕ ਸੀ, ਜੋ ਲਾਲਾ ਹਰਦਿਆਲ ਨੇ ਤਿੰਨ ਲਫ਼ਜ਼ਾਂ ਵਿੱਚ ਬਿਆਨ ਕੀਤੀ, ਡਿਵਾਈਡ ਐਂਡ ਰੂਲ, ਪਾੜੋ ਤੇ ਰਾਜ ਕਰੋ। ਅੰਗਰੇਜ਼ ਜਾਂਦੇ ਹੋਏ ਵੰਡ ਦੇ ਗਏ, ਪਰ ਨਾਲ ਹੀ ਇਹ ਨੀਤੀ ਵੀ ਦੇ ਗਏ ਜਾਂ ਕਹੀਏ ਅਸੀਂ ਇਹ ਰੱਖ ਲਈ, ਭਾਵੇਂ ਅੰਗਰੇਜ਼ਾਂ ਨੂੰ ਤੋਰ ਦਿੱਤਾ।

ਪਾਕਿਸਤਾਨ ਤੋਂ ਉਜੜਨ ਵੇਲੇ ਜਿੰਨਾ ਕੁ ਬਚਾ ਕੇ ਲਿਆ ਸਕਦੇ ਸੀ, ਆਪਣੇ ਆਪ ਨੂੰ ਬਚਾ ਕੇ ਲਿਆਉਣ ਤੋਂ ਬਾਅਦ, ਲਿਆਏ। ਅਬੋਹਰ ਦੀ ਸਰਾਂ ਤਕ ਪਹੁੰਚਦੇ-ਪਹੁੰਚਦੇ, ਕੀ-ਕੀ ਹੋਇਆ, ਇਸਦਾ ਅੱਖੀਂ ਦੇਖਿਆ ਦ੍ਰਿਸ਼ ਤਾਂ ਮੇਰੇ ਕੋਲ ਨਹੀਂ ਹੈ, ਕੰਨੀਂ ਸੁਣਿਆ ਵੀ ਬਹੁਤ ਘੱਟ। ਛੋਟੀ ਹੀ ਉੁਮਰ ਸੀ ਹਾਲੇ, ਪਿਤਾ ਜੀ ਦੀ ਮੌਤ ਹੋ ਗਈ। ਭਾਵੇਂ ਇੱਕ ਛੱਤ ਦਾ ਬੰਦੋਬਸਤ ਕਰ ਗਏ ਤੇ ਵੱਡੇ ਭਰਾਵਾਂ ਲਈ ਕਰਿਆਨੇ ਦੀ ਦੁਕਾਨ ਵੀ।

ਮੇਰਾ ਕੀ, ਸਾਰੇ ਪਰਿਵਾਰ ਦਾ ਹੀ ਉਨ੍ਹਾਂ ਨਾਲ ਬਹੁਤਾ ਸੰਪਰਕ-ਸਾਥ ਨਹੀਂ ਰਿਹਾ। ਸਵੇਰੇ ਤੜਕੇ ਚਾਰ-ਪੰਜ ਵਜੇ ਘਰੋਂ ਚਲੇ ਜਾਂਦੇ, ਰਾਤੀਂ ਦੇਰ ਨੂੰ ਮੁੜਦੇ। ਸੰਘਰਸ਼ ਦੇ ਦਿਨ ਸਨ, ਸਥਾਪਤ ਹੋਣ ਦੇ, ਪਰਿਵਾਰ ਨੂੰ ਪੈਰਾਂ-ਸਿਰ ਖੜ੍ਹਾ ਕਰਨ ਦੇ। ਉਸ ਦੀਆਂ ਕੁਝ ਯਾਦਾਂ ਜ਼ਰੂਰ ਨੇ।

ਬਾਕੀ ਦੇਸ਼ ਵੰਡ ਨੂੰ ਲੈ ਕੇ ਸਾਹਿਤ ਤੋਂ ਕਾਫ਼ੀ ਕੁਝ ਹਾਸਿਲ ਹੋਇਆ। ਮਨੁੱਖੀ ਮਾਨਸਿਕਤਾ ਦੀ ਸਮਝ ਆਈ। ਸਾਹਿਤ ਦਾ ਵਿਦਿਆਰਥੀ ਬਚਪਨ ਵਿੱਚ ਹੀ ਹੋ ਗਿਆ। ਭਾਵੇਂ ਵਿਗਿਆਨ ਦੀ ਵਿਧੀਵਤ ਪੜ੍ਹਾਈ ਕੀਤੀ, ਡਾਕਟਰੀ ਦੀ ਉੱਚ ਸਿੱਖਿਆ ਹਾਸਿਲ ਕੀਤੀ, ਪਰ ਸਾਹਿਤ ਕਦੇ ਨਹੀਂ ਵਿਸਰਿਆ। ਸਾਹਿਤ ਪੜ੍ਹਨਾ ਜਾਰੀ ਹੈ।

ਸਬੱਬੀਂ, ਐੱਮ.ਏ. ਪੰਜਾਬੀ ਕੀਤੀ। ਕਵਿਤਾ, ਕਹਾਣੀ, ਨਾਟਕ ਦੇ ਨਾਲ ਆਲੋਚਨਾ ਦਾ ਇੱਕ ਪੇਪਰ ਹੁੰਦਾ। ਉਸ ਵਿੱਚ ਇੱਕ ਪ੍ਰਸ਼ਨ ਕਾਫੀ ਮਸ਼ਹੂਰ ਦੱਸਿਆ ਜਾਂਦਾ। ਉਹ ਸੀ ਕਿ ਵਿਆਖਿਆ ਕਰੋ, ਇਤਿਹਾਸ ਵਿੱਚ ਤਰੀਖਾਂ ਅਤੇ ਨਾਂਵਾਂ ਤੋਂ ਸਿਵਾ ਸਭ ਝੂਠ ਹੁੰਦਾ ਤੇ ਸਾਹਿਤ ਵਿੱਚ ਕਿਰਦਾਰਾਂ ਦੇ ਨਾਂ ’ਤੇ ਤਰੀਖਾਂ, ਸ਼ਹਿਰ ਆਦਿ ਫਰਜ਼ੀ ਹੁੰਦੇ ਹਨ, ਬਾਕੀ ਸਭ ਸੱਚ ਹੁੰਦਾ ਹੈ। ਇਸ ਨਜ਼ਰੀਏ ਨੇ ਵੀ ਵੰਡ ਦੇ ਸਾਹਿਤ ਨੂੰ, ਉਸ ਸਮੇਂ ਦੇ ਹਾਲਾਤ ਨੂੰ, ਸਾਡੇ ਮਨੁੱਖੀ ਕਿਰਦਾਰ ਤੋਂ ਇਲਾਵਾ, ਅੰਗਰੇਜ਼ੀ ਹਕੂਮਤ ਦੀ ਸਾਜ਼ਿਸ਼ ਦੇ ਨਾਲ ਨਾਲ ਸਾਡੀ ਸਥਾਨਕ ਲੀਡਰਸ਼ਿੱਪ ਅਤੇ ਉਨ੍ਹਾਂ ਦੀ ਸਿਆਸਤ ਨੂੰ ਵੀ ਸਮਝਣ ਦਾ ਮੌਕਾ ਦਿੱਤਾ।

ਸਾਹਿਤ ਦਾ ਵਿਦਿਆਰਥੀ ਹੀ ਕਹਿੰਦਾ ਹਾਂ ਆਪਣੇ ਆਪ ਨੂੰ, ਭਾਵੇਂ ਕਦੇ-ਕਦਾਈਂ ਕੁਝ ਲਿਖ ਵੀ ਲੈਂਦਾ ਹਾਂ। ਕਵਿਤਾ ਤੋਂ ਸ਼ੁਰੂ ਕੀਤਾ, ਪਰ ਹੁਣ ਸਭ ਕੁਝ ਹੀ ਲਿਖਦਾ ਹਾਂ। ਉਨ੍ਹਾਂ ਹਾਲਾਤ ਨੂੰ ਭਾਵੇਂ ਦੇਖਿਆ ਨਹੀਂ, ਪਰ ਆਜ਼ਾਦੀ ਦੇ ਸੰਕਲਪ ਅਤੇ ਮੌਜੂਦਾ ਰਾਜਨੀਤਿਕ ਪਰਿਪੇਖ ਦੇ ਮੱਦੇਨਜ਼ਰ, ਮੈਂ ਇੱਕ ਕਵਿਤਾ ਲਿਖੀ:

ਸਾਵਨ ਦਾ ਮਹੀਨਾ

ਤੀਆਂ, ਪਿਪੱਲਾਂ ’ਤੇ ਪੀਘਾਂ ਪਾ
ਝੂਟੇ ਲੈਂਦੀਆਂ, ਗਾਉਂਦੀਆਂ ਕੁੜੀਆਂ।

ਚੜ੍ਹਿਆ ਭਾਦੋਂ
ਲੱਗੀਆਂ ਪਰਤਣ ਸਹੁਰੇ

ਆਜ਼ਾਦੀ ਮਿਲੀ
ਨਾਲੇ ਮਿਲੀ ਦਰੀ
ਤੁਰ ਚੱਲੇ ਕਾਫ਼ਲੇ
ਕਿਸੇ ਨੂੰ ਪਤਾ ਨਹੀਂ ਕਿੱਥੇ?
ਕਿਸੇ ਨੂੰ ਪਤਾ ਨਹੀਂ ਕਿਉਂ?

ਵੰਡ ਤਾਂ ਮਿਲੀ ਹੀ,
ਮਿਲੀ ਨਫ਼ਰਤ ਵੀ

ਖੂਨ ਵੀ ਪਿਆ ਵਹਾਉਣਾ।
ਖੂਨ ਸੀ ਜੋ ਡੁਲ੍ਹਿਆ
ਇਹ ਉਹ ਖੂਨ ਨਹੀਂ ਸੀ,
ਆਜ਼ਾਦੀ ਦੀ ਮੰਗ ਕਰਦਾ, ਤੜਪਦਾ।
ਇਸਦਾ ਰੰਗ ਕੀ ਸੀ?

ਅੱਜ ਤਕ ਪਤਾ ਨਹੀਂ ਚੱਲਿਆ।
ਹੋ ਰਹੀਆਂ ਨੇ ਖੋਜਾਂ, ਜਾਰੀ ਨੇ ਖੋਜਾਂ
ਕਵੀ ਬੈਠਾ ਹੈ
ਦਾਰਸ਼ਨਿਕ ਲਿਖ ਰਿਹਾ ਹੈ
ਕਿੱਸਾਦਾਰ ਕਹਿ ਰਹੇ ਨੇ
ਕੋਈ ਕਹਿੰਦਾ
ਨੇਤਾ ਸੀ ਸਾਡੇ, ਸਾਡੇ ਆਗੂ
ਗਏ ਜੇਲੀਂ, ਦਿੱਤੀਆਂ ਕੁਰਬਾਨੀਆਂ
ਆਜ਼ਾਦੀ ਲਈ ਵਹਾਉਣਾ ਹੀ ਪੈਂਦਾ ਹੈ ਖੂਨ
ਹੋਣਾ ਪੈਂਦਾ ਸ਼ਹੀਦ।
ਅਸੀਂ ਹੋਏ ਕੁਰਬਾਨ
ਵਾਰੀ ਜਾਨ, ਕਦੇ ਨਾ ਥਿੜਕੇ
ਚੜ੍ਹੇ ਫਾਂਸੀ, ਹੱਸ-ਹੱਸ ਕੇ
ਇਹ ਖੂਨ ਉਹ ਨਹੀਂ ਸੀ,
ਕੀ ਰੰਗ ਸੀ, ਹੋ ਰਹੀ ਹੈ ਜਾਂਚ
ਪਰ ਇੱਕ ਗੱਲ ਪੱਕੀ ਹੈ
ਉਸ ਦਾ ਰੰਗ ਲਾਲ ਨਹੀਂ ਸੀ
ਲਾਲ ਨਹੀਂ ਸੀ।

ਜੇਕਰ ਉਸ ਦੀ ਜਾਂਚ ਕਰ ਲੈਂਦੇ, ਜੇਕਰ ਸਬਕ ਸਿੱਖ ਲਿਆ ਹੁੰਦਾ ਤਾਂ ਕਿੰਨਾ ਕੁਝ ਹੋਰ ਜੋ ਸਾਨੂੰ ਬਰਦਾਸ਼ਤ ਕਰਨਾ ਪਿਆ, ਨਾ ਹੁੰਦਾ, ਟਲ ਜਾਂਦਾ।

ਸਿੱਖਣਾ ਭਾਵੇਂ ਮਨੁੱਖ ਦੀ ਕੁਦਰਤ ਹੈ, ਪਰ ਨਾ-ਸਿੱਖਣ ਜਾਂ ਉਲਟ-ਪੁਲਟ ਸਿੱਖਣ-ਸਿਖਾਉਣ ਦੀ ਕਲਾ ਵੀ ਮਨੁੱਖ ਨੇ ਇਜ਼ਾਦ ਕੀਤੀ ਹੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3781)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author