“ਕਦੋਂ ਇੱਕ ਭੀੜ ਕਿਸੇ ’ਤੇ ਵੀ ਟੁੱਟ ਪੈਂਦੀ ਹੈ ਤੇ ਪਤਾ ਹੀ ਨਹੀਂ ਚੱਲਦਾ ਕਿ ਤੁਰਦਾ-ਫਿਰਦਾ, ਸਾਹ ਲੈਂਦਾ ਵਿਅਕਤੀ ...”
(12 ਮਈ 2022)
ਮਹਿਮਾਨ: 228.
ਜਦੋਂ ਅਸੀਂ ਮਨੁੱਖੀ ਸਮਾਜ ਦੀ ਗੱਲ ਕਰਦੇ ਹਾਂ ਤਾਂ ਭੀੜ ਅਤੇ ਇਕੱਠ ਵਿੱਚ ਫਰਕ ਕਰਦੇ ਹਾਂ। ਮਿਲ ਕੇ ਬੈਠੇ ਲੋਕਾਂ ਨੂੰ ਹਰ ਵੇਲੇ ਭੀੜ ਨਹੀਂ ਕਿਹਾ ਜਾਂਦਾ ਹੈ। ਇਸਦੇ ਉਲਟ ਜਾਨਵਰਾਂ ਦੇ ਲਈ ਅਸੀਂ ਝੁੰਡ ਸ਼ਬਦ ਵਰਤਦੇ ਹਾਂ। ਭੀੜ ਵਿੱਚ ਨਜ਼ਰ ਭਾਵੇਂ ਮਨੁੱਖ ਹੀ ਹੁੰਦੇ ਹਨ ਜਾਂ ਕਹੀਏ ਮਨੁੱਖਾਂ ਵਰਗੇ ਚਿਹਰੇ ਹੀ ਹੁੰਦੇ ਹਨ, ਪਰ ਉਹਨਾਂ ਦਾ ਵਿਹਾਰ ਇਕਦਮ ਵੱਖਰਾ ਹੁੰਦਾ ਹੈ। ਜੇਕਰ ਮਨੁੱਖ ਦੀ ਖਾਸੀਅਤ ਦਾ ਜ਼ਿਕਰ ਕਰੀਏ ਤੇ ਉਸ ਨੂੰ ਭੀੜ ’ਤੇ ਲਾਗੂ ਕਰੀਏ ਤਾਂ ਉਹ ਬਿਲਕੁਲ ਹੀ ਮਨਫੀ ਹੁੰਦੀ ਹੈ।
ਅਸੀਂ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਹਿੰਦੇ ਹਾਂ। ਮਨੁੱਖ ਨੇ ਸਮਾਜ ਦੀ ਸਿਰਜਣਾ ਕੀਤੀ ਹੈ। ਸਧਾਰਨ ਸ਼ਬਦਾਂ ਵਿੱਚ ਕਹੀਏ ਤਾਂ ਅਸੀਂ ਮਿਲ ਕੇ ਕੰਮ ਕਰਨ ਵਾਲੇ ਪ੍ਰਾਣੀ ਹਾਂ। ਅਸੀਂ ਇੱਕ-ਦੂਸਰੇ ਦੇ ਕੰਮ ਵਿੱਚ ਹੱਥ ਵੰਡਾਉਂਦੇ ਹਾਂ। ‘ਸਾਥੀ ਹਾਥ ਬੜ੍ਹਾਨਾ’, ਹੱਥ ਨਾਲ ਹੱਥ ਫੜਦੇ ਹਾਂ। ਇਸੇ ਵਿੱਚ ਹੀ ਕਹਾਵਤ ਬਣੀ ਹੈ। ਇੱਕ ਇਕੱਲਾ, ਦੋ ਗਿਆਰਾਂ। ਮਨੁੱਖ ਦੀ ਇਸ ਖਾਸੀਅਤ ਸਦਕਾ ਹੀ ਅਸੀਂ ਸਮਾਜ ਤਾਂ ਬਣਾਇਆ ਹੀ, ਇਸ ਨੂੰ ਸੰਵਾਰਿਆ-ਸਜਾਇਆ ਅਤੇ ਬਿਹਤਰ ਤੋਂ ਹੋਰ ਬਿਹਤਰ ਹੋਣ ਵੱਲ ਕਦਮ ਪੁੱਟਿਆ।
ਮਨੁੱਖ ਦੀ ਦੂਸਰੀ ਖਾਸੀਅਤ ਹੈ ਉਸ ਦਾ ਦਿਮਾਗ। ਉਹ ਦਿਮਾਗ ਜਿਸ ਨਾਲ ਉਹ ਗਲਤ-ਸਹੀ ਦੇਖ ਕੇ ਫੈਸਲੇ ਲੈਂਦਾ ਹੈ। ਉਹ ਸਿਰਫ ਭਿੜਦਾ ਨਹੀਂ, ਨਾ ਹੀ ਡਰ ਨਾਲ ਭੱਜਦਾ ਹੈ, ਉਹ ਇਹਨਾਂ ਦੋਹਾਂ ਤਰੀਕਿਆਂ ਤੋਂ ਇਲਾਵਾ ਜਾਨਵਰਾਂ ਤੋਂ ਵੱਖਰਾ ਇੱਕ ਹੋਰ ਕਾਰਜ ਵੀ ਕਰਦਾ ਹੈ ਕਿ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨ ਵੇਲੇ ਸੋਚਦਾ ਹੈ, ਵਿਚਾਰਦਾ ਹੈ ਤੇ ਫਿਰ ਉਸ ਮਗਰੋਂ ਸਮੱਸਿਆ ਦਾ ਹੱਲ ਕੱਢਦਾ ਹੈ। ਉਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਫੈਸਲਾ ‘ਸਰਬੱਤ ਦੇ ਭਲੇ’ ਦਾ ਹੋਵੇ, ਨਹੀਂ ਤਾਂ ਕਿਸੇ ਦਾ ਦਿਲ ਦੁਖਾਉਣ ਵਾਲਾ ਨਾ ਹੋਵੇ। ਇਸ ਤਰ੍ਹਾਂ ਉਹ ਸਮਾਜਿਕ ਪ੍ਰਾਣੀ ਵੀ ਹੈ ਤੇ ਸੋਚਵਾਨ ਪ੍ਰਾਣੀ ਵੀ।
ਭੀੜ ਇਸ ਤੋਂ ਬਿਲਕੁਲ ਉਲਟ ਹੈ। ਇੱਕ ਕਾਵਿ ਟੋਟੇ ਰਾਹੀਂ:
ਭੀੜ ਦਾ ਹੁੰਦਾ ਨਹੀਂ ਕੋਈ ਦਿਮਾਗ
ਅੱਗ ਤਾਂ ਲਾ ਸਕਦੀ ਹੈ
ਪਰ ਬਾਲ਼ ਨਾ ਸਕਦੀ
ਕਿਸੇ ਘਰ ਦਾ ਚਿਰਾਗ।
ਭੀੜ ਵਿੱਚ ਹੁੰਦਾ ਹੈ ਰੌਲਾ
ਸ਼ੋਰ ਹੁੰਦਾ, ਹੁੰਦੀ ਹਾਹਾਕਾਰ
ਭੀੜ ਤੋਂ ਪੈਦਾ ਨਾ ਹੁੰਦਾ
ਕੋਈ ਵੀ ਸੰਗੀਤ, ਕੋਈ ਵੀ ਰਾਗ।
ਭੀੜ ਦਾ ਹੁੰਦਾ ਨਹੀਂ ਕੋਈ ਦਿਮਾਗ।
ਮਨੁੱਖ ਅਤੇ ਭੀੜ ਦੀ ਇਹ ਗੱਲ ਚੇਤੇ ਕਰਨ ਦਾ ਇੱਕ ਮਕਸਦ ਹੈ, ਜਦੋਂਕਿ ਦੇਸ਼ ਵਿੱਚ ਅਜਿਹਾ ਮੌਕਾ ਬਣ ਰਿਹਾ ਹੈ ਜਾਂ ਬਣਾਇਆ ਜਾ ਰਿਹਾ ਹੈ। ਇੱਕ ਵਿਵੇਕਸ਼ੀਲ ਮਨੁੱਖ, ਜਿਸ ਵਿੱਚ ਸਰਬੱਤ ਦੇ ਭਲੇ ਦਾ ਸਦੀਵੀ ਗੁਣ ਮੌਜੂਦ ਹੈ, ਉਸ ਨੂੰ ਭੀੜ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਮਨੁੱਖੀ ਵਿਵੇਕ ਨੂੰ ਰਾਜਨੀਤਕ ਹਫੜਾ-ਦਫੜੀ ਲਈ ਵਰਤਿਆ ਜਾ ਰਿਹਾ ਹੈ।
ਕਿਸੇ ਵੀ ਤਰ੍ਹਾਂ ਗੌਰ ਨਾਲ ਭੀੜ ਵਿੱਚ ਮੌਜੂਦ ਚਿਹਰਿਆਂ ਨੂੰ ਦੇਖੋ ਕਿ ਕਿਵੇਂ ਉਹ ਭੜਕੇ ਹੁੰਦੇ ਹਨ। ਜ਼ੋਰ-ਜ਼ੋਰ ਦੀ ਨਾਅਰੇ ਲਗਾ ਰਹੇ ਹੁੰਦੇ ਹਨ। ਇਸ ਭੀੜ ਨੂੰ ਵਰਤਣ ਵਾਲੇ ਲੋਕ, ਭੀੜ ਦੀ ਕਿਸੇ ਸੰਵੇਦਨਸ਼ੀਲ ਰਗ ਨੂੰ ਛੇੜਦੇ ਹਨ ਤੇ ਵਿਅਕਤੀ ਭੜਕ ਜਾਂਦਾ ਹੈ। ਇਹ ਸੰਵੇਦਨਸ਼ੀਲ ਰਗ ਮਨੁੱਖ ਦਾ ਜਜ਼ਬਾਤੀ ਪੱਖ ਹੈ। ਜਜ਼ਬਾਤ ਅਤੇ ਵਿਵੇਕ ਰਾਹੀਂ ਮਨੁੱਖ ਗਤੀਸ਼ੀਲ ਹੁੰਦਾ ਹੈ। ਪਰ ਜਜ਼ਬਾਤ ਰਾਹੀਂ ਫੈਸਲੇ ਲੈਣ ਵਾਲਾ ਰਾਹ ਬਹੁਤ ਛੋਟਾ ਹੁੰਦਾ ਹੈ। ਆਪਾਂ ਦੇਖਦੇ ਹਾਂ ਕਿਸੇ ਨੂੰ ਮਾਂ-ਭੈਣ ਦੀ ਗਾਲ੍ਹ ਕੱਢ ਕੇ ਦੇਖੋ ਉਸ ਦਾ ਗੁੱਸਾ ਅਸਮਾਨੀਂ ਪਹੁੰਚ ਜਾਂਦਾ ਹੈ। ਉਹ ਉਸ ਵੇਲੇ ਸੋਚਦਾ ਨਹੀਂ, ਦਿਮਾਗ ਦੀ ਵਰਤੋਂ ਨਹੀਂ ਕਰਦਾ।
ਇਸ ਤਰ੍ਹਾਂ ਹੀ ਸਾਡੇ ਸਮਾਜ ਵਿੱਚ ਧਰਮ ਅਤੇ ਜਾਤ ਬਹੁਤ ਹੀ ਸੰਵੇਦਨਸ਼ੀਲ ਮਸਲੇ ਹਨ। ਇੰਜ ਵੀ ਕਹਿ ਸਕਦੇ ਹਾਂ ਕਿ ਧਰਮ ਅਤੇ ਜਾਤ ਨੂੰ ਸੰਵੇਦਨਸ਼ੀਲ ਬਣਾ ਕੇ ਰੱਖਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਲਗਾਤਾਰ ਪੜ੍ਹਾਇਆ ਜਾਂਦਾ ਹੈ ਤਾਂ ਕਿ ਇਹ ਮੁੱਦੇ ਬਣੇ ਰਹਿਣ ਤੇ ਵਕਤ, ਬੇਵਕਤ ਉਹਨਾਂ ਦੀ ਵਰਤੋਂ ਹੋ ਸਕੇ। ‘ਮਜ਼੍ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਕਰਨਾ’ ਅਕਸਰ ਵਰਤਿਆ ਜਾਂਦਾ ਹੈ ਤੇ ਸਾਰੇ ਹੀ ਦੰਗੇ-ਫਸਾਦ ਮਜ਼੍ਹਬ ਦੇ ਨਾਂਅ ’ਤੇ ਹੁੰਦੇ ਹਨ। ‘ਅੱਲ੍ਹਾ ਹੂ ਅਕਬਰ’, ‘ਜੈ ਸੀਆ ਰਾਮ’ ਜਾਂ ‘ਗੁਰੂ ਗ੍ਰੰਥ ਸਾਹਿਬ’ ਆਦਿ ਦੀ ਬੇਅਦਬੀ ਬਾਰੇ ਸਭ ਦੀ ਮਾਨਸਿਕਤਾ ਮਾਂ-ਭੈਣ ਦੀ ਗਾਲ੍ਹ ਤੋਂ ਕਿਤੇ ਉੱਪਰ ਹੈ।
ਇਸ ਬਾਰੇ ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ। ਅਸੀਂ ਭੀੜਤੰਤਰ ਨੂੰ ਵੀ ਸ਼ਰੇਆਮ ਦੇਖਿਆ ਹੈ। ਕਦੋਂ ਇੱਕ ਭੀੜ ਕਿਸੇ ’ਤੇ ਵੀ ਟੁੱਟ ਪੈਂਦੀ ਹੈ ਤੇ ਪਤਾ ਹੀ ਨਹੀਂ ਚੱਲਦਾ ਕਿ ਤੁਰਦਾ-ਫਿਰਦਾ, ਸਾਹ ਲੈਂਦਾ ਵਿਅਕਤੀ ਦਮ ਤੋੜ ਜਾਂਦਾ ਹੈ। ਭੀੜ ਦਾ ਦਿਮਾਗ ਨਹੀਂ ਹੁੰਦਾ ਤੇ ਨਾਲੇ ਭੀੜ ਦਾ ਕੋਈ ਚਿਹਰਾ ਵੀ ਨਹੀਂ ਹੁੰਦਾ। ਸੀ ਸੀ ਟੀ ਵੀ ਕੈਮਰਿਆਂ ਰਾਹੀਂ ਸਾਡੇ ਵਿਗਿਆਨਕ ਵਿਕਾਸ ਦਾ ਪਤਾ ਚੱਲਦਾ ਹੈ, ਸਾਡੀਆਂ ਪ੍ਰਾਪਤੀਆਂ ਵਿੱਚ ਇੱਕ ਮੈਡਲ ਹੋਰ ਜੁੜਦਾ ਹੈ, ਪਰ ਨੈਤਿਕ ਪੱਧਰ ’ਤੇ ਅਸੀਂ ਕਿੰਨਾ ਥੱਲੇ ਵੱਲ ਚਲੇ ਜਾਂਦੇ ਹਾਂ, ਇਸ ਬਾਰੇ ਕਦੇ ਵਿਚਾਰ ਨਹੀਂ ਹੁੰਦੀ। ਸਾਨੂੰ ਸਾਕਾਹਾਰੀ ਹੋਣ ’ਤੇ ਮਾਣ ਹੈ, ਅਸੀਂ ਕਿਸੇ ਤਰ੍ਹਾਂ ਦੀ ਜੀਵ ਹੱਤਿਆ ਨਹੀਂ ਕਰਦੇ, ਪਰ ਕਿਸੇ ਵੀ ਮਨੁੱਖ ਨੂੰ ਮਾਰ ਕੇ ਮਾਣ ਮਹਿਸੂਸ ਕਰਦੇ ਹਾਂ ਤੇ ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਮਾਰਨ ਦੀ ਖਬਰ ਨਾਲ ਆਕਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕਰਨਗੇ।
ਹੋ ਰਹੇ ਖੂਨ-ਖਰਾਬੇ ਵਿੱਚ ਜਜ਼ਬਾਤੀ ਉਬਾਲ ਪ੍ਰਮੁੱਖ ਹੈ। ਇਸ ਵਿੱਚ ਵਿਵੇਕ ਦੀ ਕੋਈ ਥਾਂ ਨਹੀਂ ਹੈ। ਸਗੋਂ ਵਿਵੇਕਸ਼ੀਲ ਵਿਅਕਤੀ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ। ਭੀੜ ਨੂੰ ਉਹ ਵਿਅਕਤੀ ਅੜਿੱਕਾ ਲੱਗਦਾ ਹੈ। ਲੱਗਦਾ ਹੈ ਕਿ ਪੂਰੀ ਯੋਜਨਾ ਉਸ ਇਕੱਲੇ ਵਿਵੇਕਸ਼ੀਲ (ਸੋਚਵਾਨ) ਵਿਅਕਤੀ ਨਾਲ ਤਾਰ-ਪੀਡੋ ਹੋ ਸਕਦੀ ਹੈ ਤੇ ਬਣੀ-ਬਣਾਈ ਖੇਡ ਤਬਾਹ ਹੋ ਜਾਵੇਗੀ।
ਜੇਕਰ ਮਨੁੱਖੀ ਜਜ਼ਬਾਤਾਂ ਦੀ ਹੀ ਗੱਲ ਕਰਨੀ ਹੋਵੇ ਤਾਂ ਪਿਆਰ, ਸਹਿਯੋਗ, ਸੰਭਾਲ, ਕਿਸੇ ਦਾ ਹੱਥ ਫੜਨਾ, ਮੋਢਾ ਥਪਥਪਾਉਣਾ, ਮੁਸ਼ਕਲ ਵੇਲੇ ਸਾਥ ਦੇਣਾ ਆਦਿ ਬਹੁਤ ਹੀ ਕਮਾਲ ਦੇ ਜਜ਼ਬਾਤ ਹਨ। ਜਦੋਂ ਅਸੀਂ ਮਿਲ ਕੇ, ਇੱਕ ਦੂਸਰੇ ਦਾ ਹੱਥ ਫੜ ਕੇ, ਕੋਈ ਕੰਮ ਕਰਨ ਦੀ ਗੱਲ ਕਰਦੇ ਹਾਂ ਤਾਂ ਇਹੀ ਮਨੁੱਖੀ ਗੁਣ, ਮਨੁੱਖ ਨੂੰ ਜਾਨਵਰਾਂ ਤੋਂ ਵੱਖਰਿਆਉਂਦਾ ਹੈ। ਜਾਨਵਰ ਵੀ ਸੰਵੇਦਨਸ਼ੀਲ ਹਨ, ਪਾਲਤੂ ਜਾਨਵਰ ਵੀ ਜਜ਼ਬਾਤੀ ਹੁੰਦੇ ਹਨ, ਪਰ ਉਹ ਇੱਕ ਦੂਸਰੇ ਦਾ ਹੱਥ ਫੜ ਕੇ ਸਹਾਰਾ ਨਹੀਂ ਬਣਦੇ।
ਮਨੁੱਖੀ ਵਿਕਾਸ ਲੜੀ ਵਿੱਚ ਹਰ ਮਨੁੱਖ ਆਪਣੇ ਵਾਤਾਵਰਣ ਅਤੇ ਜੀਵਨ ਸੰਘਰਸ਼ ਦੇ ਚੱਲਦੇ, ਵੱਖ-ਵੱਖ ਜਜ਼ਬਾਤਾਂ ਅਤੇ ਬੌਧਿਕ ਸਮਰੱਥਾ ਨਾਲ ਵਿਕਸਿਤ ਹੋਇਆ ਹੈ। ਅਸੀਂ ਪੂਰੀ ਦੁਨੀਆ ਵੱਲ ਝਾਤ ਮਾਰ ਕੇ ਕਹਿ ਸਕਦੇ ਹਾਂ ਕਿ ਭੂਗੋਲਿਕ ਅਤੇ ਸਮਾਜਿਕ ਵਾਤਾਵਰਣ ਦੇ ਮੱਦੇਨਜ਼ਰ, ਹਰ ਇੱਕ ਦੀ ਜ਼ਿੰਦਗੀ ਦੇ ਆਪਣੇ ਤਜਰਬੇ ਮੁਤਾਬਕ ਦੁਨੀਆ ਵਿੱਚ ਅਨੇਕਾਂ ਹੀ ਰਸ ਖਿਲਰੇ ਪਏ ਹਨ।
ਜੇਕਰ ਅਸੀਂ ਆਪਣੀ ਹੀ ਜ਼ਮੀਨ ਕਸ਼ਮੀਰ ਤੋਂ ਕੰਨਿਆ ਕੁਮਾਰੀ, ਰਾਜਸਥਾਨ ਤੋਂ ਉੱਤਰ-ਪੂਰਬ ਰਾਜਾਂ ਵੱਲ ਝਾਤੀ ਮਾਰੀਏ ਤਾਂ ਖਾਣ-ਪੀਣ, ਪਹਿਰਾਵੇ ਤੋਂ ਇਲਾਵਾ ਸਾਡੇ ਤਿਉਹਾਰ, ਸਾਡੇ ਨਾਚ ਅਤੇ ਸੰਗੀਤ ਸੈਂਕੜਿਆਂ ਦੀ ਗਿਣਤੀ ਵਿੱਚ ਹਨ। ਇਹ ਵੰਨ-ਸੁਵੰਨਤਾ ਹੈ। ਜੇਕਰ ਸਾਰੇ ਲੋਕ ਕੁਝ ਕੁ ਵਖਰੇਵਿਆਂ ਤੋਂ ਉੱਪਰ ਉੱਠ ਕੇ ਖਾਸ ਕਰ ਸੱਤਾ ਧਿਰ ਇਹ ਐਲਾਨ ਕਰੇ ਕਿ ਸਾਰੇ ਦੇਸ਼ ਦੇ ਤਿਉਹਾਰ ਮਿਲ ਕੇ ਸਾਰੇ ਲੋਕ ਮਨਾਉਣਗੇ। ਦੀਵਾਲੀ, ਈਦ, ਕ੍ਰਿਸਮਸ, ਗੁਰਪੁਰਬ, ਕੁਝ ਵੱਡੇ ਤਿਉਹਾਰ ਹਨ, ਹੋਰ ਵੀ ਅਨੇਕਾਂ ਹਨ. ਜੋ ਖੁਸ਼ੀ ਅਤੇ ਆਨੰਦ ਦੇ ਸਕਦੇ ਹਨ। ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਸਾਲ ਦੇ 365 ਦਿਨਾਂ ਵਿੱਚੋਂ ਕੋਈ ਵੀ ਦਿਨ ਅਜਿਹਾ ਨਹੀਂ ਹੋਵੇਗਾ, ਜਦੋਂ ਕੋਈ ਤਿਉਹਾਰ ਨਾ ਹੋਵੇ। ਇੱਕੋ ਸਮੇਂ ਆਜਾਨ ਵੀ ਹੋ ਸਕਦੀ ਹੈ, ਆਰਤੀ ਵੀ ਅਤੇ ਗਾਇਤਰੀ ਮੰਤਰ ਦਾ ਗਾਣ ਵੀ। ਇੱਕ ਮੇਲੇ ਵਾਲੇ ਮੈਦਾਨ ਵਿੱਚ ਹਰ ਤਰ੍ਹਾਂ ਦੀ ਪੁਸ਼ਾਕ ਵਾਲੇ ਲੋਕ ਦੇਖੇ ਜਾ ਸਕਦੇ ਹਨ। ਮਿਲ ਕੇ ਰਹਿਣ ਲਈ ਜਜ਼ਬਾਤੀ ਗੁਣ ਹੈ- ਪਿਆਰ ਅਤੇ ਵਿਸ਼ਵਾਸ। ‘ਸਭ ਕਾ ਸਾਥ, ਸਭ ਕਾ ਵਿਕਾਸ ਤੇ ਸਭ ਕਾ ਵਿਸ਼ਵਾਸ’ ਇੱਕ ਬਹੁਤ ਹੀ ਵਧੀਆ ਭਾਵ ਦਰਸਾਉਂਦਾ ਕਥਨ ਹੈ, ਪਰ ਇਸ ਨੂੰ ਨਾਅਰੇ ਵਾਂਗ ਇਸਤੇਮਾਲ ਕੀਤਾ ਹੈ। ਭੀੜ ਨੂੰ ਭੜਕਾਉਣ ਲਈ ਵਰਤਿਆ ਜਾਂਦਾ ਹੈ। ਵਿਕਾਸ ਅਤੇ ਸਾਥ ਚੋਣਵਾਂ ਹੋਵੇ ਤਾਂ ਫਿਰ ਉਹ ਮਨੁੱਖੀ ਗੁਣਵੱਤਾ ’ਤੇ ਸਵਾਲ ਖੜ੍ਹੇ ਕਰਦਾ ਹੈ।
ਹਨੂੰਮਾਨ ਚਾਲੀਸਾ ਦੇ ਸੰਦਰਭ ਨੂੰ ਸਮਝੀਏ ਤਾਂ ਕਿਹਾ ਜਾਂਦਾ ਹੈ ਇਹ ਡਰ ਮੁਕਤ ਕਰਦਾ ਹੈ। ਕਿਸੇ ਨੂੰ ਨਿਰਭੈ ਬਣਾਉਂਦਾ ਹੈ, ਨਿਡਰ। ਪਰ ਅਫਸੋਸ ਦੀ ਗੱਲ ਹੈ ਕਿ ਆਪਣੀ ਬਣਾਈਆਂ-ਫੈਲਾਈਆਂ ਧਾਰਨਾਵਾਂ ਨੂੰ ਉਲਟਾਇਆ ਜਾ ਰਿਹਾ ਹੈ ਤੇ ਹਨੂੰਮਾਨ ਚਾਲੀਸੇ ਦੇ ਪਾਠ ਰਾਹੀਂ ਡਰਾਇਆ ਜਾ ਰਿਹਾ ਹੈ।
ਜਜ਼ਬਾਤਾਂ ਨੂੰ ਵਰਤਣ ਦੀ ਕਵਾਇਦ ਨਿਸ਼ਚਿਤ ਹੀ ਸੱਤਾ ਲਈ ਇੱਕ ਕਾਰਗਰ ਹਥਿਆਰ ਬਣਦੀ ਜਾ ਰਹੀ ਹੈ। ਰਾਜਨੀਤਕ ਤੰਤਰ ਹੀ ਇਹ ਸਭ ਕਰਦਾ ਹੋਇਆ ਕਾਮਯਾਬੀ ਨਾਲ ਅੱਗੇ ਵਧ ਰਿਹਾ ਹੈ। ਕਮਾਲ ਹੀ ਕਹਾਂਗੇ ਕਿ ਗੁਰੂ ਤੇਗ ਬਹਾਦਰ ਦਾ ਆਪਣਾ ਮਿਸ਼ਨ, ਜੀਵਨ ਸੋਚ ਕਿ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’ ਕਿ ਡਰ ਨਾ ਦੇਣਾ ਅਤੇ ਨਾ ਹੀ ਮੰਨਣਾ, ਪਰ ਲੋਕਾਂ ਵਿੱਚ ਡਰ ਦਾ ਵਾਤਾਵਰਣ ਬਣਾ ਕੇ ਗੁਰੂ ਦੀ ਬਾਣੀ ਰਾਹੀਂ ਖੁਦ ਨੂੰ ਸੱਚਾ-ਸੁੱਚਾ ਕਹਿਣਾ ਹੋਰ ਵੀ ਖਤਰਨਾਕ ਹੈ ਕਿ ਲੋਕ ਜਜ਼ਬਾਤੀ ਹੋ ਕੇ ਇਸ ਵਿਆਖਿਆ ਨਾਲ ਭਰਮਾਏ ਜਾਂਦੇ ਹਨ।
ਗੱਲ ਹੈ ਕਿ ਮਨੁੱਖ ਜੋ ਕਿ ਵਿਵੇਕੀ ਹੈ, ਮਦਦਗਾਰ ਹੈ, ਜ਼ੁਲਮ ਖਿਲਾਫ ਆਵਾਜ਼ ਬੁਲੰਦ ਕਰਨ ਦਾ ਜਜ਼ਬਾ ਰੱਖਣ ਵਾਲਾ ਹੈ, ਨੂੰ ਉਸ ਦੇ ਸਦੀਵੀ ਗੁਣਾਂ ਤੋਂ ਲਾਂਭੇ ਕੀਤਾ ਜਾ ਰਿਹਾ ਹੈ।
ਜੇਕਰ ਅਜੋਕੇ ਪਰਿਪੇਖ ਵਿੱਚ ਇਸ ਦ੍ਰਿਸ਼ ਦੀ ਗੱਲ ਕਰੀਏ, ਸੋਸ਼ਲ ਮੀਡੀਆ ਦੀ ਭੂਮਿਕਾ ਨੂੰ ਸਮਝੀਏ ਤਾਂ ਲੱਗਦਾ ਹੈ ਜਿਵੇਂ ਹਰ ਕੋਈ ਪ੍ਰੇਸ਼ਾਨ ਹੈ। ਵੀਡੀਓ ਅਤੇ ਸੁਨੇਹੇ ਵੱਡੀ ਗਿਣਤੀ ਵਿੱਚ ਅੱਗੇ ਤੋਂ ਅੱਗੇ ਭੇਜੇ ਜਾ ਰਹੇ ਹਨ, ਪਰ ਸਥਿਤੀ ਗੰਭੀਰ ਹੈ, ਜਾਂ ਕਹੀਏ ਕਿ ਵਿਗੜਦੀ ਜਾ ਰਹੀ ਹੈ। ਦੇਸ਼ ਦੇ ਅਨੇਕਾਂ ਰਾਜਾਂ ਵਿੱਚ ਹਾਲਤ ਇਵੇਂ ਬਣੀ ਹੋਈ ਹੈ, ਜਿਵੇਂ ਸਭ ਪਹਿਲੋਂ ਤੈਅ ਕਰਕੇ ਅਜਿਹਾ ਕੰਮ ਕੀਤਾ ਜਾ ਰਿਹਾ ਹੋਵੇ। ਸੋਚਣ ਵਾਲੀ ਗੱਲ ਹੈ ਅਤੇ ਸੰਜੀਦਗੀ ਵਾਲੀ ਵੀ ਕਿ ਦੇਸ਼ ਦੇ ਜ਼ਿੰਮੇਵਾਰ ਮੁੱਖ ਅਹੁਦਿਆਂ ’ਤੇ ਬਿਰਾਜਮਾਨ ਦੇਸ਼ ਦੇ ਆਗੂ ਚੁੱਪ ਹਨ। ਲੱਗਦਾ ਹੈ ਕਿ ਜਿਵੇਂ ਉਹਨਾਂ ਦੀ ਸ਼ਹਿ ’ਤੇ ਸਭ ਹੋ ਰਿਹਾ ਹੋਵੇ।
ਮੋਬਾਇਲ/ਸੁਨੇਹਾ ਸਥਿਤੀ ਸਭ ਦੇ ਸਾਹਮਣੇ ਹੈ। ਸਾਰੇ ਹੀ ਮਨੁੱਖ ਹਨ, ਸੋਚਵਾਨ ਮਨੁੱਖ, ਪਰ ਬੇ-ਹਰਕਤ ਮਨੁੱਖ। ਮਦਦ ਲਈ ਹੱਥ ਉਡੀਕਦੇ ਲੋਕ ਇਕੱਲੇ ਦਿੱਖ ਰਹੇ ਹਨ। ਠੀਕ ਹੈ, ਅਸੀਂ ਘਰਾਂ ਵਿੱਚ ਹਾਂ, ਪ੍ਰੇਸ਼ਾਨ ਹਾਂ, ਪਰ ਇਹ ਵੀ ਇੱਕ ਅਲੱਗ ਜਿਹੀ ਭੀੜ ਦਾ ਹੀ ਰੂਪ ਹੈ, ਜੋ ਕੋਈ ਫੈਸਲਾ ਨਹੀਂ ਲੈ ਰਹੀ। ਸੋਚ ਰਹੀ ਹੋਵੇਗੀ, ਆਖਰ ਸੋਚਵਾਨ ਮਨੁੱਖ ਹਾਂ, ਪਰ ਸਥਿਤੀ ਬਦਲਣਾ ਤਾਂ ਦੂਰ, ਬਦਤਰ ਹੋ ਰਹੀ ਹੋਵੇ ਤਾਂ ‘ਸੋਚਵਾਨ’ ਹੋਣ ਦੇ ਕੀ ਮਾਅਨੇ ਹਨ, ਭੀੜ ਹੀ ਕਹਾਂਗੇ, ਹੋਰ ਕੀ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3560)
(ਸਰੋਕਾਰ ਨਾਲ ਸੰਪਰਕ ਲਈ: