ShyamSDeepti7ਸਾਡੇ ਮੁਲਕ ਵਿੱਚ ਗਿਆਨ-ਵਿਗਿਆਨ ਅਤੇ ਅੰਧ-ਵਿਸ਼ਵਾਸ ਬਰਾਬਰ ਦੇ ਮਾਹੌਲ ਵਿੱਚ ...
(9 ਸਤੰਬਰ 2018)

 

ਹਰ ਇੱਕ ਦੀ ਜ਼ਿੰਦਗੀ ਨਾਲ ਕੁਝ ਮਹੱਤਵ ਪੂਰਨ ਦਿਨ ਜੁੜੇ ਹੁੰਦੇ ਹਨ, ਉਹ ਨਿੱਜੀ ਹੋਣ ਜਾਂ ਪਰਿਵਾਰਕਉਸੇ ਤਰ੍ਹਾਂ ਸਮਾਜਿਕ ਜੀਵਨ ਵਿੱਚ ਵੀ ਕੁਝ ਕੁ ਖ਼ਾਸ ਤਿੱਥ-ਤਿਉਹਾਰ ਹੁੰਦੇ ਹਨ, ਜਿਨ੍ਹਾਂ ਦਾ ਉਸ ਖਿੱਤੇ ਨਾਲ ਵਿਸ਼ੇਸ਼ ਜੋੜ ਹੁੰਦਾ ਹੈਇਸੇ ਪਰੰਪਰਾ ਦੇ ਤਹਿਤ ਆਧੁਨਿਕ ਸਮੇਂ ਵਿੱਚ ਉਚੇਚੇ ਤੌਰ ’ਤੇ ਆਪਣੇ ਕਾਰਜ ਖੇਤਰ ਨਾਲ ਜਾਂ ਵਰਗ ਵਿਸ਼ੇਸ਼ ਨਾਲ ਜੁੜੇ ਕੁਝ ਕੁ ਖ਼ਾਸ ਦਿਨਾਂ ਨੂੰ ਉਭਾਰਿਆ-ਉਲੀਕਿਆ ਅਤੇ ਯਾਦ ਕੀਤਾ ਜਾਂਦਾ ਹੈਅੱਜ ਇੱਕ ਲੰਮੀ ਸੂਚੀ ਬਣਾਈ ਜਾ ਸਕਦੀ ਹੈ; ਜਿਵੇਂ ਮੈਡੀਕਲ, ਵਿਗਿਆਨ, ਸਿੱਖਿਆ, ਸਮਾਜਿਕ ਰਿਸ਼ਤਿਆਂ ਅਤੇ ਕੁਝ ਅਹਿਮ ਸ਼ਖਸੀਅਤਾਂ ਨੂੰ ਲੈ ਕੇ, ਸਮਾਜਿਕ ਮੁੱਦਿਆਂ ਨਾਲ ਜੋੜ ਕੇ ਅਜਿਹਾ ਕੀਤਾ ਜਾਂਦਾ ਹੈਕੁਝ ਦਿਨ ਸੀਮਤ ਲੋਕਾਂ ਤੱਕ ਰਹਿ ਜਾਂਦੇ ਹਨ ਤੇ ਕਈਆਂ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਮਹੱਤਵ ਮਿਲਦਾ ਹੈਇਹ ਵੀ ਤੈਅ ਹੁੰਦਾ ਹੈ ਕਿ ਕਿਹੜਾ ਮੁੱਦਾ ਕਿੰਨੇ ਜ਼ਿਆਦਾ ਲੋਕਾਂ ਅਤੇ ਕਿੰਨੇ ਵੱਡੇ ਖਿੱਤੇ ਨੂੰ ਪ੍ਰਭਾਵਤ ਕਰਦਾ ਹੈ

ਵਿਸ਼ਵ ਸਿਹਤ ਦਿਵਸ, ਅੰਤਰ-ਰਾਸ਼ਟਰੀ ਸਾਖ਼ਰਤਾ ਦਿਵਸ ਆਦਿ ਕੁਝ ਅਜਿਹੇ ਹੀ ਦਿਹਾੜੇ ਹਨਅੰਤਰ-ਰਾਸ਼ਟਰੀ ਸਾਖ਼ਰਤਾ ਦਿਵਸ ਯੂਨੈਸਕੋ ਨੇ 1966 ਵਿੱਚ ਹੋਈ ਆਪਣੀ ਮੀਟਿੰਗ ਵਿੱਚ ਤਜਵੀਜ਼ ਕੀਤਾ ਤੇ ਇਹ 8 ਸਤੰਬਰ 1967 ਤੋਂ ਹਰ ਸਾਲ ਮਨਾਇਆ ਜਾਣ ਲੱਗਿਆਇਸ ਦਿਨ ’ਤੇ ਬਾਕੀ ਸਾਰੇ ਨਿਰਧਾਰਤ ਦਿਨਾਂ ਵਾਂਗ ਹੀ ਸਾਖ਼ਰਤਾ ਦੀ ਸਥਿਤੀ ਸਬੰਧੀ ਵਿਚਾਰਾਂ ਹੁੰਦੀਆਂ ਹਨਇਸ ਵਿਸ਼ੇ ਦੀ ਮਹੱਤਤਾ, ਸਾਖ਼ਰਤਾ ਦੀ ਲੋਕਾਂ ਤੱਕ ਪਹੁੰਚ, ਨਾ ਪਹੁੰਚਣ ਵਿੱਚ ਅੜਿੱਕੇ ਅਤੇ ਸਭ ਤੱਕ ਇਹ ਸਹੂਲਤ ਪਹੁੰਚੇ ਆਦਿ ਪੱਖਾਂ ਨੂੰ ਲੈ ਕੇ ਆਉਣ ਵਾਲੇ ਸਾਲ ਲਈ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨਜੇਕਰ 2018 ਦੇ ਸੰਦਰਭ ਵਿੱਚ ਸਾਖ਼ਰਤਾ ਦੀ ਸਥਿਤੀ ਦੇਖੀਏ ਤਾਂ ਵਿਸ਼ਵ ਦੀ ਰਿਪੋਰਟ ਮੁਤਾਬਕ ਪੰਜ ਵਿੱਚੋਂ ਇੱਕ ਆਦਮੀ ਅਤੇ ਤਿੰਨ ਵਿੱਚੋਂ ਦੋ ਔਰਤਾਂ ਅਜੇ ਵੀ ਅਨਪੜ੍ਹ ਹਨ

ਮਨੁੱਖ ਕੋਲ ਕੁਦਰਤੀ ਪ੍ਰਕਿਰਿਆ ਹੈ ਸਿੱਖਣਾਮਨੁੱਖ ਦੇ ਅੰਦਰ ਇੱਕ ਚਾਅ ਹੁੰਦਾ ਹੈਉਹ ਹਰ ਨਵੀਂ ਚੀਜ਼ ਸਿੱਖਣਾ ਅਤੇ ਜਾਣਨਾ ਚਾਹੁੰਦਾ ਹੈਬੱਚਾ ਜਦੋਂ ਬੋਲਣ ਲੱਗਦਾ ਹੈ ਤੇ ‘ਕੀ ਹੈ’, ‘ਕੀ ਹੈ’ ਕਰ ਕੇ ਪੁੱਛਦਾ ਅਤੇ ਕੋਈ ਨਾਂਅ ਜਾਣਦਾ ਹੈ ਤਾਂ ਉਸ ਦੇ ਚਿਹਰੇ ਦੀ ਰੌਣਕ ਦੇਖਣ ਵਾਲੀ ਹੁੰਦੀ ਹੈਉਹ ਹਰ ਨਵੇਂ ਸਿੱਖੇ ਸ਼ਬਦ ਨੂੰ ਵਾਰ-ਵਾਰ ਦੁਹਰਾਉਂਦਾ ਹੈ

ਕੁਦਰਤ ਨੇ ਸਾਡੇ ਆਲੇ-ਦੁਆਲੇ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਅਨੇਕ ਤਰ੍ਹਾਂ ਦੇ ਜੀਵ-ਪੌਦੇ ਅਤੇ ਹੋਰ ਕੁਦਰਤੀ ਤੋਹਫ਼ੇ ਮੁਹੱਈਆ ਕੀਤੇ ਹਨਅਸੀਂ ਉਨ੍ਹਾਂ ਦੇ ਨਾਂਅ ਰੱਖੇ ਹਨ ਤੇ ਕੁਦਰਤ ਦੀਆਂ ਇਨ੍ਹਾਂ ਸੌਗਾਤਾਂ ਤੋਂ ਕੁਝ ਆਪ ਵੀ ਸਿਰਜਿਆ ਹੈਇਹ ਨਾਂਅ ਰੱਖਣ ਦੀ ਪ੍ਰਕਿਰਿਆ ਕਰ ਕੇ ਹੀ ਅਸੀਂ ਆਪਣੇ ਗਿਆਨ ਨੂੰ ਸਾਂਭ ਸਕਣ ਦੇ ਯੋਗ ਹੋਏ ਹਾਂ

ਜਿਸ ਕਿਸੇ ਨੇ ਵੀ ਅੱਖਰ ਗਿਆਨ ਬਾਰੇ ਸੋਚਿਆ ਅਤੇ ਇਸ ਨੂੰ ਅੱਗੇ ਤੋਂ ਅੱਗੇ ਵਿਕਸਤ ਕੀਤਾ, ਉਨ੍ਹਾਂ ਸ਼ਖ਼ਸੀਅਤਾਂ ਅੱਗੇ ਸਿਰ ਝੁਕਦਾ ਹੈ ਕਿ ਉਨ੍ਹਾਂ ਨੇ ਮਨੁੱਖਤਾ ਲਈ ਕਿੰਨਾ ਵੱਡਾ ਕਾਰਜ ਨਿਭਾਇਆ ਕਿ ਅੱਜ ਸਾਡੇ ਕੋਲ ਜੋ ਗਿਆਨ ਦਾ ਅਥਾਹ ਖ਼ਜ਼ਾਨਾ ਹੈ, ਉਹ ਅਸੀਂ ਅੱਖਰ ਗਿਆਨ ਨਾਲ ਹੀ ਸਾਂਭ ਸਕੇ ਅਤੇ ਗ੍ਰਹਿਣ ਕਰਨ ਦੇ ਯੋਗ ਹੋਏ ਹਾਂ

ਇਸ ਮਨੁੱਖੀ ਖ਼ਾਸੀਅਤ ਅਤੇ ਸਾਡੇ ਵੱਡੇ-ਵਡੇਰਿਆਂ, ਸੂਝਵਾਨ ਲੋਕਾਂ ਵੱਲੋਂ ਅੱਖਰਾਂ ਦੀ ਘਾੜਤ ਉਦੋਂ ਕਈ ਵਾਰੀ ਨਿਰਾਸ਼ਾ ਪੈਦਾ ਕਰਦੀ ਹੈ, ਜਦੋਂ ਉਚੇਚੇ ਤੌਰ ’ਤੇ ਇਸ ਮਨੁੱਖੀ ਕਲਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਣਦੇਖੀ ਅਤੇ ਅਣਗਹਿਲੀ ਹੁੰਦੀ ਹੈ; ਜਦੋਂ ਇਹ ਸੋਚਿਆ ਜਾਂਦਾ ਹੈ ਕਿ ਲੋਕ ਲਿਖਤਾਂ/ਕਿਤਾਬਾਂ/ਇਤਿਹਾਸ ਨੂੰ ਪੜ੍ਹ ਕੇ ਕੀ ਕਰਨਗੇ ਜਾਂ ਪੜ੍ਹ ਲੈਣਗੇ ਤਾਂ ਸਭ ਤਰ੍ਹਾਂ ਦੇ ਸੱਚ ਨੂੰ ਜਾਣ ਲੈਣਗੇ

ਸਾਡੇ ਆਪਣੇ ਦੇਸ਼ ਦੀ ਗੱਲ ਕਰੀਏਆਜ਼ਾਦੀ ਤੋਂ ਬਾਅਦ ਸੰਵਿਧਾਨਕ ਜ਼ਿੰਮੇਵਾਰੀ ਤੈਅ ਕਰਦਿਆਂ ਦੇਸ਼ ਵਿੱਚੋਂ ਅਨਪੜ੍ਹਤਾ ਖ਼ਤਮ ਕਰਨ ਲਈ ਦਸ ਸਾਲਾਂ ਦਾ ਸਮਾਂ ਰੱਖਿਆ ਗਿਆ, ਪਰ 2011 ਦੀ ਜਨਗਣਨਾ ਮੁਤਾਬਕ ਦੇਸ਼ ਦੀ ਸਾਖ਼ਰਤਾ ਦਰ 74.14 ਫ਼ੀਸਦੀ ਹੈਮਤਲਬ 25-26 ਫ਼ੀਸਦੀ ਲੋਕ ਜਾਂ ਦੂਸਰੀ ਤਰ੍ਹਾਂ ਗਿਣਤੀ ਕਰੀਏ ਤਾਂ ਤਕਰੀਬਨ 30 ਕਰੋੜ ਤੋਂ ਵੱਧ ਲੋਕ ਅਨਪੜ੍ਹ ਹਨ, ਜੋ ਕਿ ਸਕੂਲ ਜਾਣ ਦੀ ਉਮਰ ਦੇ ਹਨਇਨ੍ਹਾਂ ਅੰਕੜਿਆਂ ਨੂੰ ਔਰਤ-ਮਰਦ, ਪੇਂਡੂ-ਸ਼ਹਿਰੀ, ਦਲਿਤ, ਪਛੜੇ ਅਤੇ ਕਬਾਇਲੀ ਵਰਗਾਂ ਤਹਿਤ ਦੇਖਾਂਗੇ ਤਾਂ ਹੋਰ ਵੀ ਨਿਰਾਸ਼ਾ ਹੋਵੇਗੀਪੰਜਾਬ ਆਪਣੇ ਆਪ ਵਿੱਚ ਕਦੇ ਵਧੀਆ ਕਾਰਗੁਜ਼ਾਰੀ ਵਾਲਾ ਸੂਬਾ ਸੀ, ਪਰ ਫਿਰ ਵੀ ਇਸ ਦੀ ਹਾਲਤ ਮੁਲਕ ਦੀ ਤਸਵੀਰ ਤੋਂ ਵੱਖਰੀ ਨਹੀਂ ਹੈ

ਲੋਕਾਂ ਨੂੰ ਅੱਖਰਾਂ ਨਾਲ ਜੋੜਨ, ਸਾਖ਼ਰ ਕਰਨ ਦੇ ਯਤਨ ਭਾਰਤੀ ਸਮਾਜ ਵਿੱਚ ਬਹੁਤ ਪਹਿਲਾਂ ਤੋਂ ਚੱਲਦੇ ਆ ਰਹੇ ਹਨ, ਪਰ ਉੱਥੇ ਵੀ ਇਸ ਵਿਸ਼ੇਸ਼ ਮਨੁੱਖੀ ਕਾਬਲੀਅਤ ਲਈ ਵਿਤਕਰੇ ਕਾਫ਼ੀ ਵੱਡੇ ਪੱਧਰ ’ਤੇ ਰਹੇ ਹਨਪੜ੍ਹਨ-ਲਿਖਣ ਦਾ ਕਾਰਜ ਇੱਕ ਵਿਸ਼ੇਸ਼ ਵਰਗ ਤੱਕ ਹੀ ਸੀਮਤ ਰਿਹਾ ਹੈ, ਪਰ ਉਦੋਂ ਵਿਸ਼ਾ ਚਿੰਤਾ ਦਾ ਹੁੰਦਾ ਹੈ, ਜਦੋਂ ਲੋਕਤਾਂਤਰਿਕ ਪ੍ਰਕਿਰਿਆ ਤਹਿਤ ਸੰਵਿਧਾਨ ਵਿੱਚ ਦਰਜ ਦਿਸ਼ਾ-ਨਿਰਦੇਸ਼ਾਂ ਦੇ ਹੁੰਦੇ ਹੋਏ ਲੋਕਾਂ ਨਾਲ ਵਾਰ-ਵਾਰ ਵਾਅਦੇ ਕਰ ਕੇ ਵੀ ਇਸ ਦਿਸ਼ਾ ਵਿੱਚ ਸਾਰਥਕ ਯਤਨ ਨਹੀਂ ਹੁੰਦੇ

ਸਾਖ਼ਰਤਾ ਅਤੇ ਗਿਆਨ ਦੋ ਵੱਖਰੇ ਸੰਕਲਪ ਹਨ, ਪਰ ਸਾਖ਼ਰਤਾ ਗਿਆਨ ਵੱਲ ਵਧਣ ਲਈ ਇੱਕ ਅਹਿਮ ਜ਼ਰੀਆ ਹੈਅਸੀਂ ਸਿਆਣਪ ਨੂੰ ਉਮਰ ਅਤੇ ਤਜਰਬੇ ਨਾਲ ਜੋੜਦੇ ਹਾਂ ਅਤੇ ਅਨਪੜ੍ਹ ਹੋਣ ਦੇ ਬਾਵਜੂਦ ਲੋਕਾਂ ਦੀ ਸਿਆਣਪ ਦੀ ਉਦਾਹਰਣ ਦਿੰਦੇ ਹਾਂਨਿਸ਼ਚਿਤ ਹੀ ਇਹ ਸੱਚ ਹੈਗਿਆਨ ਹਾਸਲ ਕਰਨ ਲਈ ਤੁਸੀਂ ਗੱਲਬਾਤ, ਵਿਚਾਰ-ਵਟਾਂਦਰੇ ਰਾਹੀਂ ਜਾਂ ਪ੍ਰਵਚਨਾਂ ਨਾਲ ਵੀ ਸੂਝਵਾਨ ਹੋ ਸਕਦੇ ਹੋਅਜੋਕੇ ਯੁੱਗ ਵਿੱਚ ਰੇਡੀਓ ਅਤੇ ਟੈਲੀਵਿਜ਼ਨ ਵੀ ਅਜਿਹਾ ਕਾਰਜ ਕਰਦੇ ਹਨਫਿਰ ਵੀ ਅੱਖਰ ਗਿਆਨ ਨਾਲ ਖ਼ੁਦ ਆਪਣੀ ਮਨਮਰਜ਼ੀ ਮੁਤਾਬਕ ਜਾਣਕਾਰੀ ਲੱਭਣਾ ਤੇ ਹਾਸਲ ਕਰਨਾ ਬਾਕੀ ਸਾਰੇ ਮਾਧਿਅਮਾਂ ਤੋਂ ਵੱਧ ਸਾਰਥਕ ਅਤੇ ਕਾਰਗਰ ਹੈਆਪਾਂ ਦੇਖ ਸਕਦੇ ਹਾਂ ਕਿ ਬਾਕੀ ਸਾਰੇ ਮਾਧਿਅਮ ਪੂਰੀ ਜਾਣਕਾਰੀ ਨਹੀਂ ਦਿੰਦੇਉੱਥੇ ਬੋਲਣ ਅਤੇ ਸੁਣਾਉਣ ਦੀ ਆਪਣੀ ਮਰਜ਼ੀ ਹੁੰਦੀ ਹੈ

ਗਿਆਨ ਅਤੇ ਸਾਖ਼ਰਤਾ ਦਾ ਰਿਸ਼ਤਾ ਇਹ ਵੀ ਹੈ ਕਿ ਮਨਮਰਜ਼ੀ ਅਤੇ ਲੋੜ ਮੁਤਾਬਕ ਕਈ-ਕਈ ਮਾਧਿਅਮਾਂ ਰਾਹੀਂ ਜਾਣਕਾਰੀ ਇਕੱਠੀ ਕਰ ਕੇ, ਉਸ ਦਾ ਵਿਸ਼ਲੇਸ਼ਣ ਅਤੇ ਫਿਰ ਕੋਈ ਸਿੱਟਾ ਕੱਢਣਾ ਹੀ ਮਨੁੱਖੀ ਕੌਸ਼ਲ ਹੈਇਹ ਸਾਖ਼ਰਤਾ ਰਾਹੀਂ ਸੰਭਵ ਹੈ, ਨਹੀਂ ਤਾਂ ਬਹੁਤੀ ਵਾਰੀ ਵਿਅਕਤੀ ਪਿੱਛਲੱਗੂ ਹੋ ਜਾਂਦਾ ਹੈਇਸ ਤਰ੍ਹਾਂ ਤਕਰੀਬਨ 30 ਕਰੋੜ ਲੋਕ ਦੇਸ਼ ਵਿੱਚ ਪਿੱਛਲੱਗੂ ਹੋਣ ਜਾਂ ਰੱਖੇ ਜਾਣ, ਤਾਂ ਗੱਲ ਖ਼ੁਦ ਹੀ ਸਮਝ ਆਉਂਦੀ ਹੈਜੇਕਰ 74 ਫ਼ੀਸਦੀ ਸਾਖ਼ਰਾਂ ਵਿੱਚੋਂ ਅਗਲੀ ਪੜ੍ਹਾਈ ਦੀ ਗੱਲ ਕਰੀਏ ਤਾਂ ਸਿਰਫ਼ 7.14 ਫ਼ੀਸਦੀ ਹੀ ਗਰੈਜੂਏਟ ਜਾਂ ਉਸ ਤੋਂ ਵੱਧ ਹਨ

ਯੂਨੈਸਕੋ ਦੀ ਸੂਚੀ ਵਿੱਚ ਭਾਰਤ ਸਾਖ਼ਰਤਾ ਦੀ ਦਰ ਦੇ ਮੁਤਾਬਕ 234 ਦੇਸ਼ਾਂ ਵਿੱਚੋਂ 168ਵੇਂ ਥਾਂ ’ਤੇ ਹੈਦੇਸ਼ ਦੀਆਂ ਨੀਤੀਆਂ ਤਹਿਤ ਸਾਖ਼ਰਤਾ ਪ੍ਰਤੀ ਪ੍ਰਤੀਬੱਧਤਾ ਨੂੰ ਲੈ ਕੇ ਅੱਠਵੀਂ ਤੱਕ ਲਾਜ਼ਮੀ ਸਿੱਖਿਆ ਦਾ ਕਾਨੂੰਨ ਵੀ ਬਣਿਆ ਹੋਇਆ ਹੈ। ਬੱਚਿਆਂ, ਖ਼ਾਸ ਕਰ ਕੇ ਦਲਿਤਾਂ, ਗ਼ਰੀਬਾਂ ਅਤੇ ਪਛੜੇ ਲੋਕਾਂ ਦੇ ਬੱਚਿਆਂ ਲਈ ਦੁਪਹਿਰ ਦੀ ਰੋਟੀ (ਮਿੱਡ-ਡੇ ਮੀਲ) ਦਾ ਪ੍ਰੋਗਰਾਮ ਵੀ ਚਲਾਇਆ ਗਿਆ ਹੈ, ਪਰ ਇਸਦਾ ਦੂਸਰਾ ਪੱਖ ਵੀ ਹੈ ਕਿ ਦੇਸ਼ ਦੀ ਕੁੱਲ ਆਮਦਨ ਦਾ (ਜੀ ਡੀ ਪੀ) ਸਿਰਫ਼ 2.6 ਫ਼ੀਸਦੀ ਹੀ ਸਿੱਖਿਆ ਲਈ ਖ਼ਰਚ ਹੁੰਦਾ ਹੈਇਸ ਖ਼ਰਚ ਦੀ ਤਸਵੀਰ ਸਾਨੂੰ ਸਕੂਲਾਂ ਦੀ ਖਸਤਾ ਹਾਲਤ ਅਤੇ ਉੱਥੇ ਅਧਿਆਪਕਾਂ ਦੀ ਗਿਣਤੀ ਤੋਂ ਸਾਫ਼ ਨਜ਼ਰ ਆਉਂਦੀ ਹੈ

ਇਹ ਵੀ ਨਹੀਂ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਯਤਨ ਨਹੀਂ ਹੋ ਰਹੇਇੱਕ ਛੋਟੇ ਜਿਹੇ ਪਿੰਡ ਵਿੱਚ ਜਾਂ ਆਲੇ-ਦੁਆਲੇ ਵਿੱਚ ਚਾਰ-ਪੰਜ ਪ੍ਰਾਈਵੇਟ ਸਕੂਲ ਕਾਮਯਾਬੀ ਨਾਲ ਚੱਲ ਰਹੇ ਹਨ। ਗਲੀ-ਗਲੀ ਡਿਗਰੀ ਕਾਲਜ ਹਨ ਤੇ ਸ਼ਹਿਰ-ਸ਼ਹਿਰ ਯੂਨੀਵਰਸਿਟੀਆਂ ਦਾ ਪਸਾਰਾ ਹੈ, ਪਰ ਇਨ੍ਹਾਂ ਪ੍ਰਾਈਵੇਟ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਉੱਚ ਸਿੱਖਿਆ ਲਈ ਕਿਨ੍ਹਾਂ ਪਰਵਾਰਾਂ ਦੇ ਬੱਚੇ ਜਾ ਰਹੇ ਹਨ? ਇਸੇ ਦਾ ਨਤੀਜਾ ਹੈ ਕਿ ਦਲਿਤਾਂ, ਪਛੜੇ ਅਤੇ ਗ਼ਰੀਬ ਪਰਿਵਾਰਾਂ ਦੇ ਬੱਚੇ ਜਾਂ ਤਾਂ ਅਨਪੜ੍ਹ ਰਹਿ ਰਹੇ ਹਨ ਤੇ ਜਾਂ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਪੜ੍ਹੇ-ਲਿਖੇ ਹੋਣ ਦਾ ਭੁਲੇਖਾ ਪਾ ਕੇ ਮੁੜ ਆਉਂਦੇ ਹਨ

ਸਾਖ਼ਰਤਾ ਦੀ ਅਜੋਕੀ ਮਹੱਤਤਾ ਦੀ ਜਦੋਂ ਗੱਲ ਕਰੀਏ ਤਾਂ ਸਾਫ਼ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਵਿੱਚ, ਡਿਜੀਟਲ ਅਤੇ ਇੰਟਰਨੈੱਟ ਦੇ ਵਧ ਰਹੇ ਮਾਹੌਲ ਅਤੇ ਮਹੱਤਵ ਵਿੱਚ ਅੱਖਰ ਗਿਆਨ ਇੱਕ ਲਾਜ਼ਮੀ ਲੋੜ ਹੈਇਸ ਨਵੇਂ ਗਿਆਨ ਨੇ ਬੜੀ ਛੇਤੀ ਨਾਲ ਸਗੋਂ ਇਹ ਫ਼ਾਸਲਾ ਹੋਰ ਵਧਾਇਆ ਹੈ

ਸਾਡੇ ਮੁਲਕ ਵਿੱਚ ਗਿਆਨ-ਵਿਗਿਆਨ ਅਤੇ ਅੰਧ-ਵਿਸ਼ਵਾਸ ਬਰਾਬਰ ਦੇ ਮਾਹੌਲ ਵਿੱਚ ਪਨਪ ਰਹੇ ਹਨ ਤੇ ਸਾਖ਼ਰਤਾ ਤੋਂ ਵਿਰਵੇ ਰੱਖਣਾ ਇਸ ਮਾਹੌਲ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ, ਜੋ ਕਿ ਘੱਟੋ-ਘੱਟ ਸਾਡੀਆਂ ਸਰਕਾਰਾਂ ਤਾਂ ਚਾਹੁੰਦੀਆਂ ਹੀ ਹਨ!

*****

(1295)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author