“ਜਦੋਂ ਅਸੀਂ ਹੀ ਇਹ ਸ਼ੁਰੂ ਕੀਤਾ ਹੈ, ਫਿਰ ਅਸੀਂ ਹੀ ਬੰਦ ਕਿਉਂ ਨਹੀਂ ਕਰ ਸਕਦੇ? ਮੈਂ ਕੋਸ਼ਿਸ਼ ਕੀਤੀ ਹੈ, ਜੋ ਲਿਖਾਂ ...”
(26 ਮਈ 2024)
ਇਸ ਸਮੇਂ ਪਾਠਕ: 365.
ਮੁਢਲੀਆਂ ਪੰਜ ਜਮਾਤਾਂ ਪਾਸ ਕਰਕੇ ਮੈਂ ਛੇਵੀਂ ਵਿੱਚ ਸ਼ਹਿਰ ਦੇ ਵੱਡੇ ਸਕੂਲ, ਹਾਇਰ ਸਕੈਡੰਰੀ ਸਕੂਲ ਦਾਖਲ ਹੋ ਗਿਆ। ਇਸ ਸਕੂਲ ਦਾ ਇੱਕ ਪਾਸਾ ਅਤੇ ਸਾਡੇ ਘਰ ਦਾ ਦਰਵਾਜ਼ਾ ਆਹਮਣੇ-ਸਾਹਮਣੇ ਸਨ। ਛੁੱਟੀਆਂ ਦੇ ਦਿਨਾਂ ਵਿੱਚ ਉਸ ਪਾਸੇ ਸਕੂਲ ਦੇ ਸਕਾਊਟਸ ਦਾ ਕੈਂਪ ਲਗਦਾ। ਦਸ ਦਿਨ ਲਗਾਤਾਰ ਚੱਲਣ ਵਾਲਾ ਇਹ ਕੈਂਪ ਮੇਰੀ ਖਿੱਚ ਦਾ ਕਾਰਨ ਹੁੰਦਾ। ਕੈਂਪ ਦੀ ਰੋਜ਼ ਨੂੰ ਸਵੇਰੇ ਜਾਂਚ-ਪਰਖ ਹੁੰਦੀ। ਬੱਚਿਆਂ ਨੇ ਬਿਸਤਰੇ ਸਲੀਕੇ ਦੇ ਨਾਲ ਸਾਂਭਣੇ ਹੁੰਦੇ। ਰਸੋਈ ਦੇ ਸਾਰੇ ਭਾਂਡੇ ਗਿਲਾਸ, ਚਮਚ, ਪਲੇਟਾਂ ਤਰੀਕੇ ਕਾਲ ਸਜਾਏ ਹੁੰਦੇ। ਮੈਂ ਵੀ ਘਰ ਵਿੱਚ ਮਾਤਾ ਦੀ ਮਦਦ ਕਰਨ ਬਹਾਨੇ ਇਹ ਸਭ ਕਰਦਾ ਤੇ ਕੈਂਪ ਦੌਰਾਨ ਵੀ ਇਹ ਮੈਨੂੰ ਚੰਗਾ ਲਗਦਾ।
ਜਦੋਂ ਮੈਂ ਉਸ ਸਕੂਲੇ ਦਾਖਲ ਹੋਇਆ ਤਾਂ ਆਪਣੇ ਆਪ ਨੂੰ ਸਕਾਊਟਸ ਦੇ ਕੰਮ ਲਈ ਆਪਣਾ ਨਾਮ ਲਿਖਵਾ ਦਿੱਤਾ। ਸਕਾਊਟਸ ਦੇ ਅਨੇਕਾਂ ਕੰਮਾਂ ਵਿੱਚੋਂ, ਅਨੇਕਾਂ ਗੁਣਾਂ ਵਿੱਚੋਂ ਇੱਕ ਸ਼ਬਦ, ਇੱਕ ਗੁਣ ਮੇਰੇ ਦਿਮਾਗ ਵਿੱਚ ਅਟਕਿਆ ਪਿਆ ਹੈ। ਉਹ ਹੈ ਮਿੱਤਵਿਅਈ - ਮਤਲਬ ਮਿੱਤਰਤਾ ਨਾਲ ਖਰਚ ਕਰਨਾ। ਭਾਵ ਫਜ਼ੂਲ-ਫਜ਼ੂਲ ਖਰਚੀ ਤੋਂ ਬਚਣਾ। ਵੈਸੇ ਤਾਂ ਸਾਡੇ ਭਾਰਤੀ ਸੱਭਿਆਚਾਰ ਵਿੱਚ ਹਰ ਕਿਸੇ ਦੀ ਹੀ ਬੱਚਤ ਕਰਨ ਦੀ ਆਦਤ ਹੈ। ਆਪਣੇ ਪਰਿਵਾਰਾਂ ਵਿੱਚ ਗੋਲਕ ਦਾ ਰਿਵਾਜ਼ ਆਮ ਤੌਰ ’ਤੇ ਦਿਸ ਜਾਂਦਾ ਹੈ।
ਜੇ ਮੈਂ ਆਪਣੀ ਗੱਲ ਕਰਾਂ, ਅਸੀਂ ਜੋ ਪਾਕਿਸਤਾਨ ਤੋਂ ਉੱਜੜ ਕੇ ਇਸ ਧਰਤੀ ’ਤੇ ਫਿਰ ਤੋਂ ਆਪਣੇ ਪੈਰ ਜਮਾਏ ਹਨ ਤਾਂ ਫਿਰ ਉਹ ਇਸ ਵਾਧੂ ਖਰਚੇ ਬਾਰੇ ਖੁਦ ਸੋਚ ਸਕਦੇ ਹਨ? ਤੁਸੀਂ ਇੱਥੋਂ ਅੰਦਾਜ਼ਾ ਲਗਾਉ ਕਿ ਮੈਡੀਕਲ ਕਾਲਜ ਦੇ ਦਾਖਲੇ ਤੋਂ ਬਾਅਦ ਰੋਟੀ ਦੇ ਪੈਸੇ ਪੂਰੇ ਨਾ ਹੋਣ ਕਰਕੇ ਕਈ-ਕਈ ਦਿਨ ਮੈੱਸ ਤੋਂ ਖਾਣਾ ਨਾ ਖਾਣ ਦੀ ਵਿਉਂਤ ਬਣਾਉਂਦਾ ਰਹਿੰਦਾ। ਇਸ ਤੋਂ ਤੁਸੀਂ ਖ਼ੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਸਕੂਲ ਦੇ ਸਮੇਂ ਜੇਬ ਖਰਚੀ ਕੀ ਮਿਲਦੀ ਹੋਵੇਗੀ? ਪਰ ਇੱਕ ਗੱਲ ਹੈ, ਅੱਧੀ ਛੁੱਟੀ ਵੇਲੇ ਘਰ ਵਿੱਚੋਂ ਹੀ ਤਾਜ਼ੀ ਰੋਟੀ ਖਾਣ ਦਾ ਮੌਕਾ ਮਿਲ ਜਾਂਦਾ। ਪਰਿਵਾਰ ਦੀ ਬਣਤਰ ਤੋਂ ਵੀ ਇਹ ਅਹਿਸਾਸ ਹੋ ਸਕਦਾ ਹੈ ਕਿ ਕਿੰਨੀ ਕੁ ਫ਼ਜੂਲ ਖਰਚੀ ਕਾਰਨ ਜੋਗੇ ਰਹੇ ਹੋਵਾਂਗੇ। ਅੱਠਾਂ ਭੈਣ-ਭਰਾਵਾਂ ਦੇ ਪਰਿਵਾਰ ਵਿੱਚ ਮੇਰਾ ਘਰ ਵਿੱਚ ਚੌਥਾ ਨੰਬਰ ਸੀ। ਇਸ ਲਈ ਮੈਂ ਕਿਹਾ ਕਿ ਵਿਚਕਾਰਲਾ ਬੱਚਾ ਹੋਣ ਕਰਕੇ ਮੈਂ ਮਾਂ ਦਾ ਹੱਥ ਵਟਾਉਂਦਾ।
ਜਿਵੇਂ ਦੱਸਿਆ ਹੈ ਕਿ ਫਜ਼ੂਲ ਖਰਚੀ ਤਾਂ ਸਾਡੇ ਭਾਰਤੀ ਲੋਕਾਂ ਦੇ ਸੁਭਾਅ ਵਿੱਚ ਹੀ ਨਹੀਂ ਹੈ। ਜਦੋਂ ਮੈਨੂੰ ਸਰਕਾਰੀ ਨੌਕਰੀ ਤੋਂ ਪਹਿਲੀ ਤਨਖਾਹ ਮਿਲੀ ਜੋ ਕਿ ਪੰਦਰ੍ਹਾਂ ਦਿਨਾਂ ਦੀ ਸੀ, ਕਿਉਂ ਜੋ ਮੈਂ ਸੋਲਾਂ ਫਰਵਰੀ 1981 ਨੂੰ ਨੌਕਰੀ ਵਿੱਚ ਆਇਆ ਸੀ, ਉਹ ਅੱਧੀ ਤਨਖਾਹ ਤਕਰੀਬਨ ਹਜ਼ਾਰ ਰੁਪਏ ਤੋਂ ਵੱਧ ਸੀ। ਸਮਝ ਨਹੀਂ ਆ ਰਿਹਾ ਸੀ ਕਿ ਇਨ੍ਹਾਂ ਨੂੰ ਕਿਵੇਂ ਖਰਚ ਕਰਾਂ। ਖੈਰ, ਕੁਝ ਪੈਸੇ ਰੱਖ ਕੇ ਬਾਕੀ ਸਾਰੇ ਪੈਸੇ ਮਾਂ ਦੇ ਹਵਾਲੇ ਕਰ ਦਿੱਤੇ, ਜੋ ਕਿ ਵੱਡੇ ਭਰਾਵਾਂ ਵੱਲੋਂ ਅੱਡ ਕਰ ਦਿੱਤੀ ਗਈ ਸੀ, ਤੇ ਹੁਣ ਚਾਰ ਛੋਟੇ ਭੈਣ-ਭਰਾਵਾਂ ਨੂੰ ਸਾਂਭਦੀ ਸੀ।
ਮੈਂ ਇਹ ਵੀ ਕਹਿ ਸਕਦਾ ਕਿ ਆਪਣੇ ਹਾਲਾਤ ਦੇ ਮੁਤਾਬਿਕ ਆਰਥਿਕ ਕਾਰਨਾਂ ਕਰਕੇ ਮੈਂ ਕੰਜੂਸ ਸੀ। ਦੋਸਤਾਂ-ਮਿੱਤਰਾਂ ਵਿੱਚ ਕਿਤੇ ਜਾਣ ਵੇਲੇ ਮੇਰੀ ਕੋਸ਼ਿਸ਼ ਹੱਥ ਪਿੱਛੇ ਰੱਖਣ ਦੀ ਹੀ ਹੁੰਦੀ। ਆਪਣੇ ਵਿਆਹ ਤੋਂ ਬਾਅਦ ਆਪਣੇ ਬੱਚਿਆਂ ਦੇ ਹੁੰਦੇ ਹੋਏ ਵੀ, ਭਾਵੇਂ ਮੈਂ ਇੱਕ ਡਾਕਟਰ ਤੇ ਦਰਜਾ ਇੱਕ ਅਧਿਕਾਰੀ ਹੋਣ ਦੇ ਨਾਤੇ ਲੋਕਾਂ ਵਿੱਚ ਬੈਠਦਾ ਤੇ ਉਨ੍ਹਾਂ ਦੀਆਂ ਗੱਲਾਂ ਸੁਣਦਾ। ਹੋਟਲ ਆਦਿ ਜਾਣ ਦੇ ਮਸ਼ਵਰੇ ਵੀ ਸੁਣਦਾ ਤੇ ਇਹ ਵੀ ਸੁਣਦਾ, ਬੱਚਿਆਂ ਨੂੰ ਹਰ ਤਰ੍ਹਾਂ ਦੇ ਮਾਹੌਲ ਨਾਲ ਵਾਕਫ਼ ਕਰਵਾਉਣਾ ਚਾਹੀਦਾ ਹੈ, ਜਿਸ ਨੂੰ ਉਹ ਤਜਰਬਾ ਕਹਿੰਦੇ। ਸਭ ਸੁਣਦਿਆਂ ਵੀ ਘਰ ਦਾ ਮਾਹੌਲ ਮੇਰੇ ਸਾਹਮਣੇ ਰਹਿੰਦਾ। ਛੋਟੇ ਭੈਣ-ਭਰਾ, ਜਿਨ੍ਹਾਂ ਦਾ ਭਵਿੱਖ ਭਾਵੇਂ ਕਿ ਉਨ੍ਹਾਂ ਦੀ ਜ਼ਿੰਦਗੀ ਚਲਾਉਣ-ਸੰਵਾਰਨ ਵਿੱਚ ਮੇਰਾ ਕੋਈ ਹੱਥ ਨਹੀਂ ਹੈ, ਪਰ ਫਿਰ ਵੀ ਜਿਵੇਂ-ਤਿਵੇਂ ਉਹ ਆਪਣੀ ਯੋਗਤਾ ਅਨੁਸਾਰ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ।
ਗੱਲ ਹੈ ਫਜ਼ੂਲ ਖਰਚੀ ਦੀ, ਦਰਅਸਲ ਫਜ਼ੂਲ ਖਰਚੀ ਅਸੀਂ ਕਹਿੰਦੇ ਕਿਸ ਨੂੰ ਹਾਂ ਤੇ ਫ਼ਜ਼ੂਲ ਖਰਚੀ ਆਦਤ ਕਿਵੇਂ ਬਣ ਜਾਂਦੀ ਹੈ? ਤਕਰੀਬਨ ਅੱਧੀ ਸਦੀ ਤੋਂ ਬਾਅਦ ਜੋ ਕਿ ਮੈਂ ਲੰਘਾਈ ਹੈ, ਮੈਂ ਕਈ ਤਰ੍ਹਾਂ ਦੇ ਬਦਲਾਅ ਦਾ ਖੁਦ ਗਵਾਹ ਹਾਂ। ਇੱਕ ਸਮੇਂ ਪੈਸੇ ਖਰਚ ਕਰਨ ਦੀ ਵੀ ਸਮਝ ਨਾ ਆਉਂਦੀ ਤੇ ਹੁਣ ਰਿਟਾਇਰਮੈਂਟ ਤੇ ਪੈਨਸ਼ਨ ਦੀ ਮਿਲ ਰਹੀ ਰਕਮ ਬਾਰੇ ਵੀ ਉਹੀ ਖਿਆਲ ਹੈ। ਕਹਿਣ ਦਾ ਭਾਵ ਉਦੋਂ ਵੀ ਮੈਂ ਕੰਜੂਸ ਸੀ ਤੇ ਹੁਣ ਵੀ ਕੰਜੂਸ ਹਾਂ। ਹੁਣ ਸਮਾਜ ਵਿੱਚ ਰਹਿ-ਵਿਚਰ ਕੇ ਲੋਕਾਂ ਨੂੰ ਮਿਲ-ਮਿਲਾ ਕੇ, ਉਨ੍ਹਾਂ ਵਿੱਚ ਜਾ ਕੇ ਮੇਰਾ ਸੁਭਾਅ ਇਸ ਖਰਚ ਪ੍ਰਤੀ ਕਾਫ਼ੀ ਬਦਲ ਗਿਆ ਹੈ। ਮੰਨ ਲਉ ਇੱਕ ਕੱਪ ਕੌਫੀ ਜੋ ਕਿ ਡੇਢ ਦੋ ਸੌ ਰੁਪਏ ਵਿੱਚ ਇੱਕ ਸੜਕ ਦੇ ਢਾਬੇ ਤੋਂ ਮਿਲਦਾ ਹੈ ਤੇ ਇੱਕ ਪੀਜ਼ਾ, ਜਿਸ ਨੂੰ ਦੋ ਵਿਅਕਤੀ ਖਾ ਕੇ ਵੀ ਪੂਰੀ ਤਰ੍ਹਾਂ ਰੱਜਦੇ ਨਹੀਂ ਹਨ, ਹਜ਼ਾਰ ਰੁਪਏ ਵਿੱਚ ਮਿਲਦਾ ਹੈ ਤੇ ਐਨੇ ਪੈਸਿਆਂ ਵਿੱਚ ਇੱਕ ਗਰੀਬ ਆਦਮੀ ਦਾ ਮਹੀਨੇ ਭਰ ਦਾ ਰਾਸ਼ਨ ਰਸੋਈ ਵਿੱਚ ਪਹੁੰਚ ਸਕਦਾ ਹੈ। ਇਹ ਫ਼ਰਕ ਹੈ ਸੋਚ ਦਾ। ਇਸ ਪੱਖੋਂ ਮੈਂ ਕੰਜੂਸ ਜ਼ਰੂਰ ਹਾਂ, ਪਰ ਇਸ ਸੁਭਾਅ ਦੇ ਲਈ ਮੇਰੀ ਪਰਿਵਾਰਕ ਪਿੱਠ-ਭੂਮੀ ਦੀ ਗੱਲ ਵੀ ਕਹੀ ਜਾ ਸਕਦੀ ਹੈ। ਪਰ ਇਸ ਵਿੱਚ ਮੇਰਾ ਸਮਾਜਿਕ ਅਧਿਐਨ ਤੇ ਲੋਕ-ਪੱਖੀ ਜਥੇਬੰਦੀਆਂ ਨਾਲ ਜੁੜਨਾ ਵੀ ਅਹਿਮ ਭੂਮਿਕਾ ਮੰਨੀ ਜਾ ਸਕਦੀ ਹੈ।
ਅੱਜ ਜੇਕਰ ਮੇਰੇ ਤੋਂ ਕੋਈ ਪੁੱਛੇ ਕਿ ਸਮਾਜ ਵਿੱਚ ਐਨੀਆਂ ਭੈੜਤਾਈਆਂ ਦੇ ਚਲਦੇ ਕਿਸ ਨੂੰ ਸਭ ਤੋਂ ਪਹਿਲੇ ਨੰਬਰ ’ਤੇ ਰੱਖਿਆ ਜਾਵੇ, ਉਹ ਹੈ ਖਪਤ-ਸੱਭਿਆਚਾਰ, ਫ਼ਜ਼ੂਲਖਰਚੀ ਵਿੱਚ ਨਿਯਮ ਬਣਾ ਕੇ ਸਮਾਜ ਵਿੱਚ ਆਉਣਾ ਅਤੇ ਸਮਾਜ ਦੇ ਹਰ ਇੱਕ ਵਰਗ ਨੂੰ ਪ੍ਰਭਾਵਿਤ ਕਰਨਾ। ਅੱਜ ਅਸੀਂ ਇਸ ਨਿਯਮ ਨੂੰ ਬਣ-ਫੈਲ ਰਹੇ ਦੇਖ ਰਹੇ ਹਾਂ ਤੇ ਜੋ ਸਭ ਤੋਂ ਵੱਧ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਅੱਗੇ ਤੋਂ ਅੱਗੇ ਵਧ ਰਿਹਾ ਹੈ। ਹੁਣ ਅਸੀਂ ਇਸ ਨੂੰ ਫਜ਼ੂਲ ਖਰਚੀ ਦੇ ਘੇਰੇ ਵਿੱਚ ਲਿਆਉਣ ਤੋਂ ਵੀ ਘਬਰਾਉਂਦੇ ਹਾਂ, ਜਦੋਂ ਸਾਡੇ ਬੱਚੇ ਸਕੂਲ ਵਿੱਚ ਆਪਣਾ ਜਨਮ ਦਿਨ ਮਨਾਉਣ ਲਈ ਸਿਰਫ਼ ਜ਼ਿੱਦ ਹੀ ਨਹੀਂ ਕਰਦੇ, ਆਪਣੇ ਤੌਰ-ਤਰੀਕੇ ਦਾ ਵੀ ਹੁਕਮ ਆਪਣੇ ਮਾਪਿਆਂ ਨੂੰ ਕਰਦੇ ਹਨ। ਇਹ ਠੀਕ ਹੈ ਕਿ ਮੈਂ ਵੀ ਆਪਣੇ ਬੱਚਿਆਂ ਨੂੰ ਫਜ਼ੂਲ ਖਰਚੀ ਦੇ ਇਸ ਢੰਗ ਨੂੰ ਬਚਾ ਕੇ ਰੱਖ ਸਕਿਆ ਪਰ ਹੁਣ ਉਨ੍ਹਾਂ ਦੇ ਬੱਚੇ ਜੋ ਕਰ ਕੁਝ ਰਹੇ ਹਨ, ਉਹ ਸਾਡੇ ਸਮਾਜ ਦੀ ਝਲਕ ਪੇਸ਼ ਕਰ ਰਿਹਾ ਹੈ। ਹੁਣ ਇਹ ਪੂਰੇ ਦਾਅਵੇ ਨਾਲ ਤਾਂ ਨਹੀਂ ਕਹਿ ਸਕਦੇ, ਇਹ ਗੱਲ ਬੱਚਿਆਂ ਤੋਂ ਮਾਪਿਆ ਨੂੰ ਜਾਂ ਮਾਪਿਆਂ ਤੋਂ ਬੱਚਿਆਂ ਨੂੰ ਪਹੁੰਚੀਆਂ ਹਨ, ਪਰ ਪਹੁੰਚ ਗਈਆਂ ਹਨ।
ਆਪਣੀ ਉੱਚ ਸਿੱਖਿਆ, ਐੱਮ.ਡੀ ਦੀ ਪੜ੍ਹਾਈ ਮਗਰੋਂ ਸਭ ਤੋਂ ਛੋਟਾ ਬਲੈਕ ਐਂਡ ਵਾਇਟ ਟੀ. ਵੀ. ਖਰੀਦਿਆ। ਇੰਨਾ ਹੀ ਖਰੀਣਣ ਜੋਗਾ ਸੀ। ਪੈਸੇ ਉਧਾਰੇ ਲੈ ਕੇ ਖਰੀਦਣ ਦਾ ਚੱਜ ਮੈਂ ਨਹੀਂ ਸਿੱਖਿਆ, ਨਾ ਅਪਣਾਇਆ। ਅਜਿਹੇ ਕਿੰਨੇ ਹੀ ਉਦਾਹਰਣ ਨੇ ਜੋ ਮੈਂ ਦੇ ਸਕਦਾ ਹਾਂ। ਜਦੋਂ ਮੈਂ ਘਰ ਬਣਾਉਣ ਲਈ ਪਲਾਟ ਖਰੀਦਿਆ ਤਾਂ ਮੈਂ ਜੇਬ ਅਨੁਸਾਰ ਖਰੀਦਿਆ ਨਾ ਕਿ ਇਹ ਸੋਚ ਕੇ ਕਿ ਕਰ ਲਵਾਂਗੇ ਕਿਤੋਂ ਜੋੜ-ਤੋੜ, ਜੋ ਕਿਸੇ ਤਰ੍ਹਾਂ ਵੀ ਹੋ ਸਕਦਾ ਸੀ, ਪਰ ਇਹ ਸੁਭਾਅ ਨਾ ਬਣਿਆ, ਨਾ ਬਣਾਇਆ। ਅੱਜ ਸਮਝ ਵਿੱਚ ਕਰਜ਼ਾ ਲੈਣ ਦੀ ਜੋ ਖਾਸ ਬਿਰਤੀ ਹੈ, ਉਹ ਵਿਧੀਵਤ ਹੋ ਗਈ ਹੈ। ਜਦੋਂ ਕਿ ਸ਼ੁਰੂ ਤੋਂ ਹੀ ਪਿਤਾ ਜੀ ਅਕਸਰ ਕਰਜ਼ਾ ਲੈਣ ਨੂੰ ਨਿਰ-ਉਤਸ਼ਾਹਿਤ ਕਰਦੇ। ਭਾਵੇਂ ਕਿ ਪੈਸੇ ਦੀ ਜਦੋਂ ਲੋੜ ਮਹਿਸੂਸ ਕੀਤੀ, ਪਿਤਾ ਜੀ ਦੇ ਬਚਨ ਮੇਰੇ ਕੋਲ ਸਹੀ ਭਰਦੇ ਸੀ, ਉਨ੍ਹਾਂ ਦੀਆਂ ਦੱਸੀਆਂ-ਕਹੀਆਂ ਗੱਲਾਂ ਹੀ ਰਾਹ-ਦਸੇਰੇ ਦਾ ਕੰਮ ਕਰਦੀਆਂ ਸਨ।
ਇੱਕ ਹੋਰ ਸਿੱਖਿਆ ਜੋ ਪਰਿਵਾਰ ਤੋਂ ਮਿਲੀ, ਉਹ ਸੀ ਕਿ ਪੜ੍ਹਾਈ ਹੋਵੇ ਜਾਂ ਕੋਈ ਹੋਰ ਮੌਕਾ, ਜਿਵੇਂ ਕੱਪੜਿਆਂ ਦੀ ਗੱਲ ਹੀ ਕਰੀਏ, ਨਵੇਂ ਕੱਪੜੇ ਤਾਂ ਕਦੀ-ਕਦੀ ਵਾਰ-ਤਿਓਹਾਰ ਹੀ ਮਿਲਦੇ। ਵੱਡੇ ਭੈਣ-ਭਰਾਵਾਂ ਦੇ ਕੱਪੜੇ ਠੀਕ-ਠਾਕ ਕਰਕੇ ਛੋਟੇ ਪਾਉਂਦੇ। ਇਹ ਰਵਾਇਤ ਇਕੱਲੀ ਸਾਡੇ ਪਰਿਵਾਰ ਵਿੱਚ ਹੀ ਨਹੀਂ, ਸਗੋਂ ਮੇਰੀ ਉਮਰ ਦੇ ਜੋ ਵੀ ਬੱਚੇ, ਸਹਿਪਾਠੀ ਮਿਲਕੇ ਜਦੋਂ ਗੱਲਾਂ ਕਰਦੇ ਤਾਂ ਇਸ ਬਾਰੇ ਗੱਲਾਂ ਹੁੰਦੀਆਂ। ਐਵੇਂ ਹੀ ਸਕੂਲ ਦੀਆਂ ਕਿਤਾਬਾਂ ਹਰ ਸਾਲ ਨਵੀਂਆਂ ਲੈਣ ਦੀ ਰਵਾਇਤ ਨਹੀਂ ਸੀ ਤੇ ਗੁਜਾਇਸ਼ ਵੀ ਨਹੀਂ ਸੀ ਤੇ ਉਹ ਵੀ ਆਪਸ ਵਿੱਚ ਕੰਮ ਸਾਰ ਲੈਂਦੇ।
ਕਰਜ਼ਾ ਅਤੇ ਫ਼ਜ਼ੂਲ ਖਰਚੀ, ਜੋ ਅੱਜ ਹਰ ਪਿੜ ਵਿੱਚ ਸਾਫ਼-ਸਪਸ਼ਟ ਖੁੱਲ੍ਹੇਆਮ ਦੇਖਣ ਨੂੰ ਮਿਲਦੀ ਹੈ ਉਹ ਉਸ ਸਮੇਂ ਪਰਚਲਿਤ ਤਾਂ ਕੀ ਹੋਣਾ, ਸਗੋਂ ਸਾਰੇ ਲੋਕਾਂ ਵਿੱਚ ਸੰਜਮੀ ਹੋ ਕੇ ਜੀਉਣ ਅਤੇ ਗੁਜ਼ਾਰਾ ਕਰਨ ਨੂੰ ਵਧੀਆ ਸਲੀਕਾ ਮੰਨਿਆ ਜਾਂਦਾ ਸੀ। ਅਜੋਕੀ ਪਰੰਪਰਾ ਤਹਿਤ ਫ਼ਜ਼ੂਲ ਖਰਚੀ ਦੇਖਣੀ ਹੋਵੇ ਤਾਂ ਉਹ ਵਿਆਹ ਵਰਗੇ ਪਵਿੱਤਰ ਸਮਾਗਮ ਵਿੱਚ ਤੋਂ ਲੈ ਕੇ ਸਕੂਲਾਂ ਵਿੱਚ ਬੱਚਿਆਂ ਦੇ ਜਨਮ ਦਿਨ ਨੂੰ ਇੱਕ ਵੱਡਾ ਉਤਸਵ ਬਣਾ ਦਿੱਤਾ ਗਿਆ ਹੈ। ਇਹ ਸਮਾਗਮ, ਜੋ ਕਿ ਨਿੱਜੀ-ਖੁਸ਼ੀ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ ਤੇ ਘਰੇਲੂ ਪੱਖ ’ਤੇ ਵੱਧ ਸ਼ੋਭਾ ਦਿੰਦਾ ਹੈ, ਉਹ ਅੱਜ ਦਿਖਾਵਾਂ ਲੱਗਣ ਲੱਗ ਪਿਆ ਹੈ।
ਜੇਕਰ ਅਜੋਕੇ ਵਰਤਾਰੇ ਬਾਰੇ ਡੁੰਘਾਈ ਨਾਲ ਸੋਚਿਆ ਜਾਵੇ ਤੇ ਇਸ ਵਰਤਾਰੇ ਦੀ ਨਿੱਠ ਕੇ ਚੀਰ-ਫਾੜ ਕੀਤੀ ਜਾਵੇ, ਇਹ ਫ਼ਜੂਲਖਰਚੀ, ਇਹ ਦਿਖਾਵਾ ਤੇ ਪਿਛਲੇ ਕੁਝ ਕੁ ਸਾਲਾਂ ਦੀ ਦੇਣ ਹੈ ਜਦੋਂ ਦੁਨੀਆਂ ਵਿੱਚ ਲੋੜ ਦੀ ਵਰਤੋਂ ਦੀਆਂ ਚੀਜ਼ਾਂ ਤੇਜ਼ ਰਫ਼ਤਾਰ ਨਾਲ ਬਣਨੀਆਂ ਸ਼ੁਰੂ ਹੋਈਆਂ ਹਨ, ਜਦੋਂ ਮਨੁੱਖ ਮਸ਼ੀਨੀ ਯੁਗ, ਰੋਬੌਟ ਅਤੇ ਕੰਪਿਊਟਰ ਦੀ ਦੇਖ-ਰੇਖ ਵਿੱਚ ਵਿਚਰਣ ਲੱਗਿਆ ਹੈ। ਇਸ ਯੁਗ ਦੀ ਇੱਕ ਖਾਸੀਅਤ ਜੋ ਉਭਾਰੀ ਜਾ ਰਹੀ ਹੈ ਕਿ ਪਹਿਲਾਂ ਲੋੜ ਮੁਤਾਬਿਕ ਚੀਜ਼ਾਂ ਨੂੰ ਬਣਾਇਆ ਜਾਂਦਾ ਸੀ ਤੇ ਹੁਣ ਚੀਜ਼ਾਂ ਬਣਾ ਕੇ ਉਨ੍ਹਾਂ ਦੀ ਲੋੜ ਪੈਦਾ ਕੀਤੀ ਜਾਂਦੀ ਹੈ। ਇਹ ਨਹੀਂ ਹੈ ਕਿ ਲੋਕਾਂ ਦੀ ਵਸੋਂ ਵਿੱਚ ਕੁਝ ਅਜਿਹੇ ਬਦਲਾਅ ਹੋਏ ਹਨ ਤੇ ਲੋਕ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਬੇਲੋੜੀਆਂ ਚੀਜ਼ਾਂ ਖਰੀਦ ਸਕਣ ਦੇ ਯੋਗ ਹੋਏ ਹਨ, ਭਾਵੇਂ ਕਿ ਮੈਂ ਆਪਣੇ ਕੰਮ ਦੇ ਆਖਰੀ ਦਿਨਾਂ ਵਿੱਚ ਲੱਖਾਂ ਰੁਪਏ ਤਨਖਾਹ ਲੈਂਦਾ ਰਿਹਾ ਹਾਂ ਤੇ ਹੁਣ ਉਸੇ ਮੁਤਾਬਕ ਪੈਨਸ਼ਨ। ਪਰ ਫਿਰ ਵੀ ਮੈਂ ਬੇਲੋੜੀਆਂ ਚੀਜ਼ਾਂ ਨੂੰ ਤਰਜੀਹ ਨਹੀਂ ਦਿੰਦਾ। ਮੈਨੂੰ ਇਹ ਸਰਮਾਏਦਾਰੀ ਦੀ ਸਾਜ਼ਿਸ਼ ਲਗਦੀ ਹੈ। ਕਿਸੇ ਵਕਤ ਕਾਲੇ ਤੇ ਭੂਰੇ ਦੋ ਹੀ ਰੰਗਾਂ ਦੇ ਜੁੱਤੇ ਮਿਲਦੇ ਸੀ ਜਾਂ ਪਾਏ ਜਾਂਦੇ ਸੀ। ਅੱਜ ਕੱਪੜਿਆਂ ਦੀ ਗੱਲ ਕਰੀਏ ਜਾਂ ਜੁੱਤਿਆਂ ਦੀ, ਕਈ ਸਮਰੱਥ ਲੋਕਾਂ ਕੋਲ ਇਹ ਸੈਂਕੜਿਆਂ ਦੀ ਗਿਣਤੀ ਵਿੱਚ ਹਨ। ਹਫ਼ਤੇ ਦੇ ਸੱਤ ਸੂਟ ਤਾਂ ਮੰਨੇ ਜਾ ਸਕਦੇ ਹਨ, ਪਰ ਸੂਟਾਂ-ਜੁੱਤਿਆਂ ਦੀ ਗਿਣਤੀ ਇੰਨੀ ਹੋਣੀ ਕਿ ਇਹਨਾਂ ਦੀ ਵਾਰੀ ਹੀ ਨਾ ਆਵੇ, ਇਹ ਸਾਰਾ ਵਰਤਾਰਾ ਸਰਮਾਏਦਾਰੀ ਦੇ ਲਾਲਚੀ ਸੁਭਾਅ ਨੂੰ ਦਰਸਾਉਂਦਾ ਹੈ। ਆਪਣੇ ਬਚਪਨ ਵਿੱਚ ਸਿੱਖੀ ਸਕੂਲ ਤੋਂ ਮਿੱਤਵਿਆਈ ਹੋਣ ਦੀ ਆਦਤ ਤੇ ਘਰ ਤੋਂ ਗੋਲਕ ਵਿੱਚ ਪੈਸੇ ਬਚਾਉਣ ਦੀ ਪ੍ਰਵਿਰਤੀ ਉਡ-ਪੁੱਡ ਗਈ ਹੈ। ਸਰਮਾਏਦਾਰੀ ਨੇ ਭਾਵੇਂ ਕਈ ਗੱਲਾਂ ਅਜਿਹੀਆਂ ਕੀਤੀਆਂ ਹਨ, ਜਿਨ੍ਹਾਂ ਨਾਲ ਜ਼ਿੰਦਗੀ ਸੌਖੀ ਹੋਈ ਲਗਦੀ ਹੈ, ਪਰ ਸਰਮਾਏਦਾਰੀ ਦਾ ਅਸਲੀ ਚਿਹਰਾ ਜਦੋਂ ਦੇਖਣ ਦੀ ਕੋਸ਼ਿਸ਼ ਕਰੋ ਤਾਂ ਇਹ ਲਗਦਾ ਸੋਹਣਾ ਹੈ ਪਰ ਅਸਲ ਵਿੱਚ ਇਹ ਕਰੂਪ ਹੈ। ਸਰਮਾਏਦਾਰੀ ਅਤੇ ਵਿਗਿਆਨਕ ਕਾਢਾਂ, ਇੱਕੋ ਗੱਲ ਨਹੀਂ ਹੈ।
ਇਸ ਪਰੰਪਰਾ ਨੇ ਜਿੱਥੇ ਸਾਡੇ ਬੱਚਤ ਕਰਨ ਦੇ ਸੁਭਾਅ ਨੂੰ ਤੋੜਿਆ ਹੈ, ਉੱਥੇ ਦੂਜੇ ਪਾਸੇ ਸਮਾਜ ਵਿੱਚ ਵੰਡੀਆਂ ਵੀ ਪਾਈਆਂ ਹਨ। ਵਿਆਹ ਦੇ ਜਸ਼ਨ ਹਜ਼ਾਰ-ਹਜ਼ਾਰ ਮਹਿਮਾਨਾਂ ਨਾਲ ਸਿਰੇ ਚੜ੍ਹ ਰਹੇ ਹਨ ਤੇ ਅਜਿਹੇ ਦ੍ਰਿਸ਼ ਵੀ ਦੇਖਣ ਨੂੰ ਮਿਲ ਰਹੇ ਹਨ ਕਿ ਗਰੀਬ ਮਾਪਿਆਂ ਦੇ ਬੱਚੇ, ਜਿਨ੍ਹਾਂ ਦੀ ਜਿਸ ਤਰ੍ਹਾਂ ਦੇ ਉਹਨਾਂ ਦੇ ਵਿਆਹ ਵਿੱਚ ਬੰਨ੍ਹੇ ਜਾਣ ਦੀ ਵਾਰੀ ਆਉਂਦੀ ਹੈ ਤਾਂ ਉੱਥੇ ਉਦਾਸੀ ਤੇ ਨਿਰਾਸ਼ਾ ਫੈਲ ਜਾਂਦੀ ਹੈ।
ਜਿਸ ਤਰ੍ਹਾਂ ਸਰਮਾਏਦਾਰੀ ਦਾ ਇੱਕ ਗੁਣ, ਉਸਦਾ ਸਮਾਜ ਨੂੰ ਵੰਡਦਾ ਹੈ, ਉਸੇ ਤਰ੍ਹਾਂ ਇੱਕ ਹੋਰ ਗੁਣ ਸਮਾਜ ਵਿੱਚ ਨਿਰਾਸ਼ਾ ਅਤੇ ਉਦਾਸੀ ਨੂੰ ਵਧਾ ਦੇਣਾ ਹੈ। ਮੇਰੀ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸਰਮਾਏਦਾਰੀ ਦੇ ਚੁੰਗਲ ਵਿੱਚ ਨਾ ਫਸਿਆ ਜਾਵੇ। ਇਹ ਇੰਨਾ ਸੋਖਾ ਨਹੀਂ ਹੈ, ਇੰਨਾ ਚਮਕਦਾਰ ਅਤੇ ਖਿੱਚ-ਪਾਊ ਹੈ ਕਿ ਬਦੋਬਦੀ ਤੁਹਾਨੂੰ ਆਪਣੇ ਘੇਰੇ ਵਿੱਚ ਲੈ ਲੈਂਦਾ ਹੈ।
ਪਿੱਛੇ ਜਿਹੇ ਪੰਜਾਬ ਦੇ ਰਿਟਾਇਰਡ ਐੱਸ.ਐੱਸ.ਪੀ. ਗੁਰਪ੍ਰੀਤ ਸਿੰਘ ਤੂਰ ਨੇ ਇੱਕ ਪੁਸਤਕ ਸੰਪਾਦਤ ਕੀਤੀ, ਜਿਸਦਾ ਸਿਰਲੇਖ ਹੈ - ਫਜ਼ੂਲ ਖਰਚੇ। ਉਨ੍ਹਾਂ ਨੇ ਵੱਖ ਵੱਖ ਵਿਸ਼ਿਆਂ ’ਤੇ ਮਾਹਿਰਾਂ ਕੋਲ ਲੇਖ ਲਿਖਵਾਏ। ਉਸ ਵਿੱਚ ਤਿੰਨ ਲੇਖ ਵਿਆਹ ਉੱਪਰ ਹੋ ਰਹੀ ਫਜ਼ੂਲ ਖਰਚੀ ਉੱਪਰ ਹਨ। ਮੈਂ ਉਦਾਹਰਨ ਵੀ ਦਿੱਤੀ ਹੈ, ਵੱਡੇ-ਵੱਡੇ ਪੈਲਸਾਂ ਦੀ ਮੰਗ ਤੇ ਬਰਾਤ ਜਾਂ ਸਵਾਗਤੀ ਸਮਾਗਮ ਵਿੱਚ ਵੱਧ ਤੋਂ ਵੱਧ ਰੌਣਕਾਂ। ਰੌਣਕਾਂ ਦਾ ਮਾਪਦੰਡ ਹੈ, ਵੱਧ ਲੋਕ ਤੇ ਖਾਣੇ ਦੀਆਂ ਵੱਧ ਤੋਂ ਵੱਧ ਚੀਜ਼ਾਂ, ਵੀਹ ਤਰ੍ਹਾਂ ਦਾ ਸਲਾਦ, ਤੇ ਵੀਹ ਤਰ੍ਹਾਂ ਦੇ ਮਿੱਠੇ ਸਮਾਨ, ਸਵੀਟ ਡਿਸ਼ਾਂ। ਸ਼ਰਾਬ ਬਾਰੇ ਵੀ ਇੱਕ ਲੇਖ ਹੈ ਤੇ ਉਸ ਵਿੱਚ ਵੀ ਦੇਖੀਏ ਤਾਂ ਵਰਤੀ ਗਈ ਸ਼ਰਾਬ ਵੱਖਰੀ ਤਰ੍ਹਾਂ ਦਾ ਦਿਖਾਵਾ ਹੈ। ਹੋਰ ਤਾਂ ਹੋਰ, ਸਮਾਗਮ ਵਿੱਚ ਆਏ ਲੋਕਾਂ ਵਿੱਚ ਬਹੁਤੇ ਲੋਕ ਅਜਿਹੇ ਹੁੰਦੇ ਹਨ, ਜੋ ਜਿਵੇਂ ਸੈਰ ਕਰਨ ਆਏ ਹੁੰਦੇ ਹੋਣ।
ਦਿਖਾਵਾ ਜਾਂ ਫ਼ਜ਼ੂਲਖਰਚੀ, ਅਸੀਂ ਖੁਦ ਸ਼ੁਰੂ ਕੀਤੀ ਹੈ। ਮਾੜਾ ਜਿਹਾ ਬੁੱਧੀ ਨਾਲ ਸੋਚ ਕੇ ਦੇਖੀਏ, ਕਦੋਂ ਸ਼ੁਰੂ ਹੋਇਆ ਜਾਂ ਸ਼ੁਰੂ ਕੀਤਾ ਇਹ ਵਰਤਾਰਾ? ਜਦੋਂ ਅਸੀਂ ਹੀ ਇਹ ਸ਼ੁਰੂ ਕੀਤਾ ਹੈ, ਫਿਰ ਅਸੀਂ ਹੀ ਬੰਦ ਕਿਉਂ ਨਹੀਂ ਕਰ ਸਕਦੇ? ਮੈਂ ਕੋਸ਼ਿਸ਼ ਕੀਤੀ ਹੈ, ਜੋ ਲਿਖਾਂ, ਉਹ ਖੁਦ ਕਰਦਾ ਹੋਇਆ ਵੀ ਨਜ਼ਰ ਆਵਾਂ। ਇਹ ਮੈਂ ਤਾਂ ਦੱਸ ਰਿਹਾ ਹਾਂ ਕਿ ਇਹ ਹੋ ਸਕਦਾ ਹੈ। ਜ਼ਰੂਰੀ ਹੈ ਕਿ ਸ਼ੁਰੂਆਤ ਆਪਣੇ ਆਪ ਤੋਂ, ਆਪਣੇ ਘਰ ਤੋਂ ਕੀਤੀ ਜਾਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4997)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)