“ਮੈਂ ਸੋਚ ਕੇ ਹੈਰਾਨ ਰਹਿ ਜਾਂਦਾ ਹਾਂ ਤੇ ਇਹ ਮੈਨੂੰ ਚਮਤਕਾਰ ਵਾਂਗ ਲੱਗਦਾ ਹੈ ਕਿ ਇੱਥੇ ...”
(12 ਜੂਨ 2018)
ਪ੍ਰਣਬ ਮੁਖਰਜੀ ਦਾ ਸੰਘ ਪਰਵਾਰ ਵੱਲੋਂ ਸੱਦਾ ਸਵੀਕਾਰ ਕਰਨ ਤੋਂ ਲੈ ਕੇ ਉੱਥੇ ਪਹੁੰਚ ਕੇ ਭਾਸ਼ਣ ਦੇਣ ਤੱਕ ਦਾ ਮਾਮਲਾ ਚਰਚਾ ਦਾ ਵਿਸ਼ਾ ਰਿਹਾ ਹੈ ਤੇ ਬਣਿਆ ਹੋਇਆ ਹੈ; ਖ਼ਾਸ ਤੌਰ ’ਤੇ ਕਾਂਗਰਸੀ ਨੇਤਾਵਾਂ ਵੱਲੋਂ ਅਤੇ ਕੁਝ ਕੁ ਹੋਰ ਆਗੂਆਂ ਵੱਲੋਂ ਵੀ। ਨਿਸ਼ਚਿਤ ਤੌਰ ’ਤੇ ਕਾਂਗਰਸ ਨਾਲ ਜੁੜੇ ਇਸ ਵੱਡੇ ਆਗੂ ਦਾ ਇਹ ਰਵੱਈਆ ਸਵਾਲਾਂ ਦੇ ਘੇਰੇ ਵਿੱਚ ਆਉਣਾ ਹੀ ਸੀ, ਜਦੋਂ ਉਹ ਖ਼ੁਦ ਕਿਸੇ ਸਮੇਂ ਸੰਘ ਦੀ ਵਿਚਾਰਧਾਰਾ ਦੇ ਆਲੋਚਕ ਰਹੇ ਹੋਣ। ਕਈ ਵਿਸ਼ਲੇਸ਼ਣਕਾਰਾਂ ਨੇ ਵਿਚਾਰ ਪ੍ਰਗਟਾਏ ਹਨ ਕਿ ਕਾਂਗਰਸ ਵਾਲਿਆਂ ਨੂੰ ਜਲਦਬਾਜ਼ੀ ਨਹੀਂ ਸੀ ਕਰਨੀ ਚਾਹੀਦੀ। ਉਹ ਇੰਤਜ਼ਾਰ ਕਰਦੇ ਕਿ ਪ੍ਰਣਬ ਦਾ ਉੱਥੇ ਜਾ ਕੇ ਬੋਲਦੇ ਕੀ ਹਨ। ਇਸ ਵਿਚਾਰ ’ਤੇ ਵੀ ਕਈਆਂ ਦਾ ਮੱਤ ਸੀ ਕਿ ਪ੍ਰਣਬ ਮੁਖਰਜੀ ਦਾ ਉੱਥੇ ਜਾਣ ਦਾ ਸੱਦਾ ਮਨਜ਼ੂਰ ਕਰਨਾ ਤੇ ਪਹੁੰਚਣਾ ਹੀ ਆਪਣੇ ਆਪ ਵਿੱਚ ਸੰਕੇਤਕ ਹੈ ਕਿ ਉਹ ਸੰਘ ਦੇ ਵਿਚਾਰਾਂ ਨਾਲ ਸਹਿਮਤ ਹਨ। ਪ੍ਰਣਬ ਮੁਖਰਜੀ ਦੀ ਬੇਟੀ ਸ਼ਰਮਿਸ਼ਠਾ ਨੇ ਵੀ ਇਹ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਪ੍ਰਗਟਾਏ ਗਏ ਵਿਚਾਰਾਂ ਨੂੰ ਕਿਸੇ ਨੇ ਚੇਤੇ ਨਹੀਂ ਰੱਖਣਾ, ਉਨ੍ਹਾਂ ਦੀਆਂ ਤਸਵੀਰਾਂ ਰਾਹੀਂ ਕਈ ਕੁਝ ਪ੍ਰਚਾਰਿਆ ਜਾਵੇਗਾ।
ਇਸ ਸੰਦਰਭ ਵਿੱਚ ਇੱਕ ਗੱਲ ਹੋਰ ਹੈ, ਜੋ ਪ੍ਰਣਬ ਮੁਖਰਜੀ ਨੇ ਉੱਥੇ ਪਹੁੰਚ ਕੇ ਵੀ ਉਭਾਰੀ ਹੈ ਕਿ ਲੋਕਤੰਤਰ ਦੀ ਜਿੰਦ-ਜਾਨ ਸੰਵਾਦ ਹੈ। ਸੰਵਾਦ ਦੀ ਗੁੰਜਾਇਸ਼ ਹਮੇਸ਼ਾ ਰਹਿਣੀ ਚਾਹੀਦੀ ਹੈ। ਹਰ ਇੱਕ ਨੂੰ ਬਿਨਾਂ ਡਰ ਅਤੇ ਹਿੰਸਾ ਤੋਂ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੋਵੇ, ਕੋਈ ਸਹਿਮਤ ਹੋਵੇ ਨਾ ਹੋਵੇ, ਉਨ੍ਹਾਂ ਨੂੰ ਇੱਕ ਪਾਸੇ ਰੱਖ ਦੇਵੇ, ਅਣਗੌਲਿਆ ਕਰੇ। ਇਸ ਤਰ੍ਹਾਂ ਜੇਕਰ ਪ੍ਰਣਬ ਮੁਖਰਜੀ ਨੇ ਸੋਚਿਆ ਕਿ ਉਨ੍ਹਾਂ ਨੂੰ ਇੱਕ ਮੌਕਾ ਮਿਲ ਰਿਹਾ ਹੈ, ਉਸ ਪਲੇਟਫ਼ਾਰਮ ’ਤੇ ਉਨ੍ਹਾਂ ਦੇ ਆਪਣੇ ਗੜ੍ਹ ਵਿੱਚ ਕੁਝ ਕਹਿਣ ਦਾ ਅਤੇ ਜਦੋਂ ਪੂਰਾ ਦੇਸ਼ ਉਨ੍ਹਾਂ ਦੇ ਵਿਚਾਰਾਂ ਨੂੰ ਇਸ ਜ਼ਰੀਏ ਸੁਣੇਗਾ ਤਾਂ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ। ਜਦੋਂ ਅਸੀਂ ਆਪ ਮੰਨਦੇ ਹਾਂ ਤਾਂ ਫਿਰ ਇਹ ਵਿਚਾਰ-ਵਟਾਂਦਰਾ ਕਿਵੇਂ ਹੋਵੇ ਤੇ ਕਿੱਥੇ ਹੋਵੇ?
ਇਹ ਗੱਲ ਠੀਕ ਹੈ ਕਿ ਅਖ਼ਬਾਰਾਂ-ਮੈਗਜ਼ੀਨ ਅਜਿਹੀ ਵਿਚਾਰ ਚਰਚਾ ਛੇੜਦੇ ਰਹਿੰਦੇ ਹਨ। ਟੈਲੀਵਿਜ਼ਨ ਵੀ ਵੱਖ-ਵੱਖ ਵਿਚਾਰਧਾਰਾ ਦੇ ਬੁਲਾਰਿਆਂ ਨੂੰ ਇੱਕੋ ਸਮੇਂ ਇਕੱਠਾ ਕਰ ਕੇ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਸ ਚਰਚਾ ਦਾ ਪੱਧਰ ਇੰਨਾ ਨੀਵਾਂ ਹੁੰਦਾ ਹੈ ਕਿ ਕੋਈ ਵੀ ਸਿਰ ਫੜ ਕੇ ਬੈਠਣ ਨੂੰ ਮਜਬੂਰ ਹੋ ਜਾਂਦਾ ਹੈ। ਐਂਕਰ ਤੋਂ ਲੈ ਕੇ ਬੁਲਾਰਿਆਂ ਤੱਕ ਸਾਰੇ ਚਰਚਾ ਕਰਨ ਨਹੀਂ, ਸਗੋਂ ਲੜਾਈ ਕਰਨ ਆਏ ਲੱਗਦੇ ਹਨ। ਬਹੁਤ ਹੀ ਘਟੀਆ ਦਰਜੇ ਦਾ ਪ੍ਰਗਟਾਵਾ ਹੁੰਦਾ ਹੈ ਇਹ।
ਪ੍ਰਣਬ ਦਾ ਦੀ ਸਿਆਸੀ ਉਮਰ ਪੰਜਾਹ ਸਾਲ ਤੋਂ ਵੱਧ ਹੈ। ਉਨ੍ਹਾਂ ਨੇ ਅਸੈਂਬਲੀ, ਸੰਸਦੀ ਅਤੇ ਹੋਰ ਅਨੇਕ ਅਹੁਦਿਆਂ ’ਤੇ ਬਾਖ਼ੂਬੀ ਜ਼ਿੰਮੇਵਾਰੀ ਨਾਲ ਕੰਮ ਨਿਭਾਇਆ ਤੇ ਦੇਸ਼ ਦੇ ਸਰਬ ਉੱਚ ਅਹੁਦੇ ਰਾਸ਼ਟਰਪਤੀ ਦਾ ਕਾਰਜ ਭਾਰ ਵੀ ਸਾਂਭਿਆ ਹੈ। ਅੱਜ ਉਹ ਇੱਕ ਆਮ ਸ਼ਹਿਰੀ ਹਨ, ਕਿਸੇ ਵੀ ਰਾਜਨੀਤਕ ਪਾਰਟੀ ਨਾਲ ਵਾਬਸਤਾ ਨਹੀਂ, ਭਾਵੇਂ ਕਾਂਗਰਸ ਵਾਲੇ ਉਨ੍ਹਾਂ ਨੂੰ ਆਪਣਾ ਕਹਿੰਦੇ ਹਨ। ਉਨ੍ਹਾਂ ਨੂੰ ਰਾਜਨੀਤੀ ਦੀ ਡੂੰਘੀ ਸਮਝ ਹੈ ਤੇ ਸੰਵਿਧਾਨ ਦੀ ਵੀ ਸੂਝ ਹੈ। ਮੁਖਰਜੀ ਕੁਝ ਕੁ ਉਨ੍ਹਾਂ ਸਿਆਸਤਦਾਨਾਂ ਵਿੱਚੋਂ ਹਨ, ਜੋ ਸੰਸਦ ਵਿੱਚ ਗੰਭੀਰਤਾ ਨਾਲ ਆਪਣੀ ਗੱਲ ਰੱਖਦੇ ਸਨ ਤੇ ਉਹ ਸੁਣੀ ਵੀ ਜਾਂਦੀ ਸੀ। ਇਸ ਲਈ ਸ਼ਾਇਦ ਉਨ੍ਹਾਂ ਨੇ ਕਬੂਲ ਕੀਤਾ ਹੋਵੇਗਾ ਕਿ ਇਹ ਮੌਕਾ ਗਵਾਉਣਾ ਨਹੀਂ ਚਾਹੀਦਾ।
ਇਸ ਦੇ ਉਲਟ ਸੰਘ ਅਤੇ ਬੀ ਜੇ ਪੀ ਨੇ ਪ੍ਰਣਬ ਮੁਖਰਜੀ ਨੂੰ ਬੁਲਾਉਣ ਦਾ ਸਵਾਲ ਇਸ ਲਈ ਵੀ ਵਿਚਾਰਿਆ ਹੋਵੇਗਾ ਕਿ ਪ੍ਰਣਬ ਆਪਣੇ ਰਾਸ਼ਟਰਪਤੀ ਦੇ ਕਾਰਜ ਕਾਲ ਦੌਰਾਨ ਕੁਝ ਕੁ ਫ਼ੈਸਲਿਆਂ ਕਰ ਕੇ ਬੀ ਜੇ ਪੀ ਦੇ ਹੱਕ ਵਿੱਚ ਭੁਗਤਦੇ ਨਜ਼ਰ ਆਏ ਸਨ ਤੇ ਹੁਣ ਉਨ੍ਹਾਂ ਸੋਚਿਆ ਹੋਵੇਗਾ ਕਿ ਅਜਿਹੇ ਪੁਰਾਣੇ ਕਾਂਗਰਸੀ ਸਿਆਸਤਦਾਨ ਨੂੰ ਬੁਲਾ ਕੇ ਸੰਘ ਦੀ ਵਿਚਾਰਧਾਰਾ ’ਤੇ ਮੋਹਰ ਲਾਈ ਜਾਵੇ ਤੇ ਫਿਰ ਕਾਂਗਰਸ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਜੋ ਲਗਾਤਾਰ ਸੰਘ ਉੱਪਰ ਹਮਲੇ ਕਰਦੇ ਰਹਿੰਦੇ ਹਨ। ਨਾਲੇ ਅਗਲਾ ਸਾਲ ਚੋਣਾਂ ਦੇ ਪੱਖ ਤੋਂ ਵੀ ਅਹਿਮ ਹੈ।
ਪ੍ਰਣਬ ਮੁਖਰਜੀ ਨੇ ਸੰਘ ਦੇ ਪਲੇਟਫ਼ਾਰਮ ’ਤੇ ਜੋ ਵਿਚਾਰ ਪੇਸ਼ ਕੀਤੇ ਹਨ, ਉਸ ਨੇ ਉਨ੍ਹਾਂ ਦੇ ਪ੍ਰੌਢ ਸਿਆਸਤਦਾਨ ਹੋਣ ਦੀ ਹਾਮੀ ਭਰੀ ਹੈ ਤੇ ਉਨ੍ਹਾਂ ਦੀ ਸ਼ਖਸੀਅਤ ਨੂੰ ਹੋਰ ਉੱਚਾ ਕੀਤਾ ਹੈ। ਹੁਣ ਕਾਂਗਰਸ ਆਪਣੇ ਬਚਾਅ ’ਤੇ ਆ ਗਈ ਹੈ ਤੇ ਸੰਘ ਪਰਵਾਰ ਕਾਂਗਰਸ ਨੂੰ ਉਨ੍ਹਾਂ ਦੀ ਪਹਿਲੀ ਟਿੱਪਣੀ ’ਤੇ ਵੀ ਘੇਰ ਰਿਹਾ ਹੈ ਤੇ ਨਾਲ ਹੀ ਆਪਣੇ ਮਕਸਦ ਦੇ ਪੂਰੇ ਹੋਣ ਦੀ ਖ਼ੁਸ਼ੀ ਵੀ ਮਨਾ ਰਿਹਾ ਹੈ। ਜਿਵੇਂ ਕਿ ਸਿਆਸੀ ਲੋਕਾਂ ਦਾ ਤਰੀਕਾ ਹੁੰਦਾ ਹੈ, ਉਹ ਅੰਕੜਿਆਂ, ਤੱਥਾਂ, ਨਤੀਜਿਆਂ ਵਿੱਚੋਂ ਆਪਣੀ ਹਮਾਇਤ ਵਾਲੀ ਗੱਲ ਕੱਢ ਲੈਂਦੇ ਹਨ, ਉਵੇਂ ਹੀ ਸੰਘ ਪਰਵਾਰ ਵਾਲੇ ਮੁਖਰਜੀ ਦੇ ਵਿਚਾਰਾਂ ਨੂੰ ਆਪਣੇ ਵਿਚਾਰਾਂ ਨਾਲ ਸਹਿਮਤੀ ਦੀ ਗੱਲ ਉਭਾਰ ਰਹੇ ਹਨ। ਮੁਖਰਜੀ ਨੇ ਪੰਜ ਹਜ਼ਾਰ ਸਾਲਾਂ ਦੇ ਇਤਿਹਾਸ ਦੇ ਹਵਾਲੇ ਨਾਲ ਦੇਸ਼ ਦੀ ਬਣੀ ਤਸਵੀਰ ਨੂੰ ਪੇਸ਼ ਕਰਨਾ ਚਾਹਿਆ, ਪਰ ਸੰਘ ਪਰਿਵਾਰ ਨੂੰ ਚੰਦਰਗੁਪਤ ਮੌਰੀਆ, ਅਸ਼ੋਕ, ਤਕਸ਼ਿਲਾ, ਨਾਲੰਦਾ ਅਤੇ ਕੁਝ ਕੁ ਤੁਕਾਂ ‘ਸਾਰੀ ਧਰਤੀ ਇੱਕ ਪਰਵਾਰ’ ਅਤੇ ‘ਸਭ ਦਾ ਸੁਖ ਮੰਗਦੀ’ ਸੰਸਿਤੀ ਦੀ ਗੱਲ ਨੂੰ ਆਪਣਾ ਕਿਹਾ ਤੇ ਵਿਚਾਰਾਂ ਦੀ ਇੱਕਸਾਰਤਾ ਨਾਲ ਜੋੜਿਆ ਹੈ, ਜਦੋਂ ਕਿ ਪ੍ਰਣਬ ਦਾ ਨੇ ਮੁਗਲਾਂ ਦੇ ਛੇ ਸੌ ਸਾਲਾਂ ਅਤੇ ਅੰਗਰੇਜ਼ਾਂ ਦੀ ਹਕੂਮਤ ਅਤੇ ਅਨੇਕ ਹੋਰ ਹਮਲਾਵਰਾਂ ਦਾ ਜ਼ਿਕਰ ਕਰਦਿਆਂ ਸਿੱਟਾ ਕੱਢਿਆ ਕਿ ਸਾਡੇ ਕੋਲ ਜੋ ਵੀ ਆਇਆ, ਇੱਥੋਂ ਦਾ ਹੋ ਕੇ ਰਹਿ ਗਿਆ। ਸਾਡੀ ਤਾਕਤ ਸਭ ਨੂੰ ਸਮਾ ਲੈਣ ਦੀ ਹੈ। ਆਪਸ ਵਿੱਚ ਮਿਲ ਕੇ ਰਹਿਣਾ ਸਾਡੀ ਖ਼ੂਬੀ ਹੈ। ਅਸੀਂ ਵੰਨ-ਸੁਵੰਨਤਾ ਦਾ ਜਸ਼ਨ ਮਨਾਉਂਦੇ ਹਾਂ।
ਇਹ ਗੱਲ ਠੀਕ ਹੈ ਕਿ ਪ੍ਰਣਬ ਮੁਖਰਜੀ ਨੇ ਬੜੀ ਸਿਆਣਪ ਨਾਲ ਸੰਘ ਦੀ ਕਿਤੇ ਵੀ ਵਿਚਾਰਧਾਰਾ ਨੂੰ ਨਿਸ਼ਾਨਾ ਨਾ ਬਣਾਉਂਦੇ ਹੋਏ ਆਪਣੇ ਖੁੱਲ੍ਹੇ ਵਿਚਾਰ ਰੱਖੇ, ਜੋ ਸਹੀ ਨਿਸ਼ਾਨੇ ’ਤੇ ਲੱਗੇ। ਉਨ੍ਹਾਂ ਨੇ ਬਹੁਲਤਾਵਾਦ ਦੀ ਗੱਲ ਕਰਦਿਆਂ ਕਿਹਾ ਕਿ ਕਈ ਵਾਰੀ ਮੈਂ ਸੋਚ ਕੇ ਹੈਰਾਨ ਰਹਿ ਜਾਂਦਾ ਹਾਂ ਤੇ ਇਹ ਮੈਨੂੰ ਚਮਤਕਾਰ ਵਾਂਗ ਲੱਗਦਾ ਹੈ ਕਿ ਇੱਥੇ ਤਿੰਨ ਨਸਲਾਂ, ਸੱਤ ਮੁੱਖ ਧਰਮ, 122 ਭਾਸ਼ਾਵਾਂ ਅਤੇ 1600 ਬੋਲੀਆਂ ਹਨ ਅਤੇ ਅਸੀਂ ਇੱਕ ਹਾਂ। ਇਹੀ ਸਾਡੀ ਪਛਾਣ ਹੈ।
ਉਨ੍ਹਾਂ ਨੇ ਕਾਫ਼ੀ ਸਖ਼ਤ ਲਫ਼ਜ਼ਾਂ ਵਿੱਚ ਉਭਾਰਿਆ ਕਿ ਲੋਕਤੰਤਰ ਸਾਡੇ ਲਈ ਕੋਈ ਸਧਾਰਨ ਪ੍ਰਣਾਲੀ ਨਹੀਂ, ਇੱਕ ਪਵਿੱਤਰ ਕਾਰਜ ਹੈ, ਜਿਸ ਵਿੱਚ ਸੰਵਿਧਾਨ ਸਭ ਤੋਂ ਉੱਪਰ ਹੁੰਦਾ ਹੈ। ਸਾਡਾ ਸੰਵਿਧਾਨ ਸਭ ਨੂੰ ਬਰਾਬਰੀ, ਇਨਸਾਫ਼, ਆਜ਼ਾਦੀ ਦੇਣ ਦੀ ਹਮਾਇਤ ਕਰਦਾ ਹੈ। ਅਸਹਿਣਸ਼ੀਲਤਾ ਅਤੇ ਨਫ਼ਰਤ ਦੀ ਇੱਥੇ ਕੋਈ ਥਾਂ ਨਹੀਂ।
ਜਿਵੇਂ ਕਿ ਪ੍ਰਣਬ ਮੁਖਰਜੀ ਨੇ ਆਪਣੇ ਭਾਸ਼ਣ ਦਾ ਸਿਰਲੇਖ ਦੱਸਦੇ ਹੋਏ ਕਿਹਾ ਕਿ ਮੈਂ ਰਾਸ਼ਟਰ, ਰਾਸ਼ਟਰਵਾਦ ਅਤੇ ਦੇਸ਼ ਭਗਤੀ ਉੱਪਰ ਆਪਣੀ ਗੱਲ ਕਰਨ ਆਇਆਂ। ਇਹੀ ਤਿੰਨ ਲਫ਼ਜ਼/ਧਾਰਨਾਵਾਂ ਹਨ, ਜਿਨ੍ਹਾਂ ਨੂੰ ਪਿਛਲੇ ਚਾਰ ਸਾਲਾਂ ਤੋਂ ਨਵੇਂ ਮਾਅਨਿਆਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਇੱਕ ਡਰ ਦਾ ਮਾਹੌਲ ਸਿਰਜਿਆ ਗਿਆ ਹੈ। ਬੜੇ ਸਟੀਕ ਸ਼ਬਦਾਂ ਵਿੱਚ ਉਨ੍ਹਾਂ ਨੇ ਦੇਸ਼ ਨੂੰ ਸੁਨੇਹਾ ਦਿੱਤਾ ਕਿ ਰਾਸ਼ਟਰਵਾਦ ਸਹਿ-ਹੋਂਦ ਅਤੇ ਸਮਾਨਤਾ ਵਿੱਚੋਂ ਪੈਦਾ ਹੁੰਦਾ ਹੈ। ਵਿਚਾਰਾਂ ਦੀ ਆਜ਼ਾਦੀ ਅਤੇ ਡਰ ਤੇ ਹਿੰਸਾ-ਮੁਕਤ ਮਾਹੌਲ ਵਿੱਚ ਦੇਸ਼ ਭਗਤੀ ਖ਼ੁਦ-ਬ-ਖ਼ੁਦ ਪੈਦਾ ਹੋ ਜਾਂਦੀ ਹੈ।
ਇਹ ਗੱਲ ਠੀਕ ਹੈ ਕਿ ਉਨ੍ਹਾਂ ਨੇ ਉਸ ਸਟੇਜ ਤੋਂ ਭਾਰਤ ਦੀ ਅਸਲੀ ਤਸਵੀਰ ਉਘਾੜਨ ਦੀ ਕੋਸ਼ਿਸ਼ ਕੀਤੀ, ਜਿੱਥੇ ਸੰਘ ਸੰਚਾਲਕ ਹਿੰਦੂ, ਹਿੰਦੀ, ਹਿੰਦੁਸਤਾਨ ਦੀ ਤਸਵੀਰ ਪੇਸ਼ ਕਰਨ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਦਾ ਇਹ ਸੰਵਾਦ ਭਾਵੇਂ ਆਹਮਣੇ-ਸਾਹਮਣੇ ਜਾਂ ਆਪਸੀ ਵਿਚਾਰ-ਵਟਾਂਦਰੇ ਵਾਲਾ ਨਹੀਂ ਸੀ, ਪਰ ਇਹ ਅਹਿਮ ਸੀ। ਇਸ ਭਾਸ਼ਣ ਨੇ ਉੱਥੇ ਸੰਵਾਦ ਨਾ ਬਣ ਕੇ ਬਾਹਰ ਦੇਸ਼ ਵਿੱਚ ਵੱਖ-ਵੱਖ ਬੁੱਧੀਜੀਵੀਆਂ ਵਿੱਚ ਸੰਵਾਦ ਜ਼ਰੂਰ ਛੇੜਿਆ ਹੈ, ਜਿਸ ਦੀ ਕਿ ਲੋੜ ਵੀ ਹੈ।
ਭਾਵੇਂ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਸੰਵਾਦ ਉੱਥੇ ਕਰਨਾ ਚਾਹੀਦਾ ਹੈ, ਜੋ ਸੁਣਨ ਲਈ ਅਤੇ ਬਦਲਣ ਲਈ ਤਿਆਰ ਹੋਣ, ਪਰ ਇਹ ਆਮ ਲੋਕਾਂ ਦਾ ਸੰਵਾਦ ਵੀ ਮਾਅਨੇ ਰੱਖਦਾ ਹੈ। ਇਸੇ ਤਰ੍ਹਾਂ ਭਾਵੇਂ ਸੰਘ ਪਰਵਾਰ, ਇਨ੍ਹਾਂ ਤਸਵੀਰਾਂ ਨੂੰ ਅਤੇ ਭਾਸ਼ਣ ਦੇ ਕੁਝ ਅੰਸ਼ਾਂ ਨੂੰ ਆਪਣੇ ਹੱਕ ਵਿੱਚ ਵਰਤੇਗਾ, ਪਰ ਭਾਸ਼ਣ ਦੀ ਪੂਰੀ ਇਬਾਰਤ ਦੀ ਰਿਕਾਰਡਿੰਗ ਸਾਡੇ ਕੋਲ ਹੈ। ਉਸ ਰਿਕਾਰਡਿੰਗ ਨੂੰ ਵੀ ਤਸਵੀਰਾਂ ਵਾਂਗ ਵਰਤਿਆ ਜਾਣਾ ਚਾਹੀਦਾ ਹੈ। ਸਵਾਲ ਹੈ ਕਿ ਪ੍ਰਣਬ ਮੁਖਰਜੀ ਵੱਲੋਂ ਪਰਿਭਾਸ਼ਤ ਕੀਤੇ ਗਏ ਭਾਰਤ ਦੀ ਰੂਹ ਦੇ ਮੁੱਖ ਅੰਸ਼ਾਂ ਨੂੰ ਵਾਰੀ-ਵਾਰੀ, ਹਰ ਮੌਕੇ, ਗਾਹੇ-ਬਗਾਹੇ ਕਿਸੇ ਨਾ ਕਿਸੇ ਸੰਦਰਭ ਵਿੱਚ, ਸੱਭਿਅਕ ਸਮਾਜ ਅਤੇ ਲੋਕਤੰਤਰ ਦੇ ਹੱਕ ਵਿੱਚ ਬੋਲਣ ਅਤੇ ਲਿਖਣ ਵਾਲੇ ਸਿਆਣੇ ਲੋਕਾਂ ਵੱਲੋਂ ਸਹੀ ਪਰਿਪੇਖ ਵਿੱਚ ਪੇਸ਼ ਕਰਦੇ ਰਹਿਣਾ ਚਾਹੀਦਾ ਹੈ।
*****
(1188)