“ਆਪਣੇ-ਆਪਣੇ ਘਰ ਵਿੱਚ ਫ਼ਿਕਰ ਜਤਾਉਣ ਨਾਲ ਇਸ ਸਮੱਸਿਆ ਤੋਂ ਨਿਜਾਤ ਨਹੀਂ ਮਿਲਣੀ। ਜਦੋਂ ਇਸ ਤਰੀਕੇ ...”
(15 ਮਈ 2024)
ਇਸ ਸਮੇਂ ਪਾਠਕ: 210.
ਸ਼ਹਿਰ ਦਾ ਸਾਰਾ ਪੁਲਿਸ ਪ੍ਰਸ਼ਾਸਨ, ਵੱਡੇ-ਵੱਡੇ ਅਧਿਕਾਰੀ, ਮਨੋਰੋਗ ਵਿਭਾਗ ਦੇ ਡਾਕਟਰ ਸਿਰ ਜੋੜ ਕੇ ਬੈਠੇ ਹਨ। ਚਰਚਾ ਚੱਲ ਰਹੀ ਹੈ। ਚਰਚਾ ਦਾ ਵਿਸ਼ਾ ਹੈ- ‘ਨਸ਼ਿਆਂ ਦੀ ਵਧ ਰਹੀ ਸਮੱਸਿਆ ਤੇ ਨੌਜਵਾਨ ਪੀੜ੍ਹੀ ਦਾ ਹੋ ਰਿਹਾ ਘਾਣ’। ਚਰਚਾ ਤੋਂ ਬਾਅਦ ਇੱਕਮਤ ਹੋ ਕੇ ਇਹ ਨਤੀਜਾ ਸਾਹਮਣੇ ਆਇਆ ਕਿ ਇਸ ਸਮੱਸਿਆ ਦਾ ਕੋਈ ਹੱਲ ਨਹੀਂ। ਦੇਸ਼ ਦੇ ਨਾਮੀ ਕਾਲਜਾਂ ਵਿੱਚ ਪੜ੍ਹੇ ਵਿਗਿਆਨੀ ਇਸ ਨਤੀਜੇ ’ਤੇ ਪਹੁੰਚੇ ਹਨ, ਜੋ ਕਿ ਹੈਰਾਨ ਕਰਨ ਵਾਲਾ ਹੈ। ਇਹ ਠੀਕ ਹੈ, ਇਹ ਸਮੱਸਿਆ ਲੰਬੇ ਸਮੇਂ ਤੋਂ ਦਿਮਾਗ ਵਿੱਚ ਚੱਲ ਰਹੀ ਹੈ ਤੇ ਹੁਣ ਉਹ ਪ੍ਰੇਸ਼ਾਨ ਕਰਨ ਦੀ ਹੱਦ ਤਕ ਪਹੁੰਚ ਗਈ ਹੈ। ਉਹ ਵੀ ਤਾਂ, ਜਦੋਂ ਮਾਹਿਰਾਂ ਨੇ ਆਪਣੇ ਹੱਥ ਸੁੱਟ ਦਿੱਤੇ ਹਨ ਅਤੇ ਸਮੱਸਿਆ ਨੂੰ ‘ਲਾ-ਇਲਾਜ’ ਘੋਸ਼ਿਤ ਕਰ ਦਿੱਤਾ ਹੈ।
ਮੈਂ ਮੈਡੀਕਲ ਦਾ ਵਿਦਿਆਰਥੀ ਹਾਂ ਅਤੇ ਮੈਡੀਕਲ ਕਾਲਜ, ਪਟਿਆਲਾ ਦੇ ਆਪਣੇ ਐਂਬਲਮ ਵਿੱਚ ਇਹ ਦਰਜ ਸ਼ਬਦ ਵੀ ਪੜ੍ਹੇ ਹਨ ਜੋ ਕਿ ਗੁਰਬਾਣੀ ਦਾ ਵਾਕ ਹੈ, ‘ਰੋਗ ਦਾਰੂ ਦੋਵੈ ਬੁੱਝੈ ਤਾਂ ਵੈਦ ਸੁਝਾਣ’ ਤੇ ਇਸ ਵਾਕ ਨੂੰ ਮੰਤਰ ਸਮਝ ਕੇ ਪੜ੍ਹਾਈ ਵੀ ਕੀਤੀ ਹੈ ਤੇ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਮੈਡੀਕਲ ਦੀ ਪੜ੍ਹਾਈ ਦੇ ਨਾਲ ਮੈਂ ਸਮਾਜ ਵਿਗਿਆਨ ਦਾ ਵੀ ਵਿਦਿਆਰਥੀ ਹਾਂ ਤੇ ਸਮੱਸਿਆ ਬਾਰੇ ਸਮਝਦੇ-ਬੁੱਝਦੇ ਹੋਏ ਇਸ ਨਤੀਜੇ ’ਤੇ ਪਹੁੰਚਿਆ ਹਾਂ ਕਿ ਇਹ ਨਸ਼ੇ ਇੱਕ ਸਮਾਜਿਕ ਸਮੱਸਿਆ ਹੈ ਤੇ ਇਸਦੇ ਹੱਲ ਲਈ ਸਮਾਜ ਨੂੰ ਸਮਝਣ ਤੇ ਉਸ ਨੂੰ ਵਿਚਾਰਨ ਦੀ ਲੋੜ ਹੈ।
ਨਸ਼ਿਆਂ ਨੂੰ ਲੈ ਕੇ ਤੇ ਉਸ ਨਾਲ ਜੁੜੀ ਸਮੱਸਿਆ ਨੂੰ ਸਮਝਣ ਲਈ ਮੈਨੂੰ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ ਅੰਮ੍ਰਿਤਸਰ ਵਿੱਚ ਕੁਝ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਹੈ। ਨਸ਼ਾ ਛੁਡਉੁ ਕੇਂਦਰ ਦੇ ਮੁਖੀ ਡਾ. ਪੀ.ਡੀ. ਗਰਗ ਦਾ ਇਹ ਮੱਤ ਰਿਹਾ ਹੈ ਕਿ ਨਸ਼ੇ ਇੱਕ ਬਿਮਾਰੀ ਹਨ ਜੋ ਕਿ ਬਾਕੀ ਬਿਮਾਰੀਆਂ ਵਾਂਗ ਇਲਾਜ ਅਤੇ ਦਾਖਲੇ ਲਈ ਹਸਪਤਾਲ ਦੇ ਯੋਗ ਹਨ। ਸਾਰੀ ਦੁਨੀਆਂ ਦੇ ਮਨੋਰੋਗ ਵਿਗਿਆਨੀ ਨਸ਼ਿਆਂ ਨੂੰ ਬਿਮਾਰੀ ਐਲਾਨਣ ਲਈ ਜ਼ੋਰ ਪਾਉਂਦੇ ਰਹੇ ਹਨ ਅਤੇ ਸਫਲ ਵੀ ਰਹੇ ਹਨ।
ਸਾਲ 1986 ਦੀ ਗੱਲ ਹੈ ਜਦੋਂ ਮੈਂ ਐੱਮ.ਡੀ. ਕਮਿਊਨਿਟੀ ਮੈਡੀਸਨ ਕੀਤੀ ਤੇ ਫਿਰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਆ ਗਿਆ। ਮੇਰੇ ਇੱਕ ਅਧਿਆਪਕ ਡਾ. ਏ.ਐੱਸ. ਸੇਖੋਂ ਦਾ ਇੱਕ ਦਿਨ ਸੁਨੇਹਾ ਮਿਲਿਆ ਕਿ ਮੈਂ ਨਸ਼ਿਆਂ ਨੂੰ ਲੈ ਕੇ ਪੰਜਾਬੀ ਵਿੱਚ ਇੱਕ ਕਿਤਾਬ ਤਿਆਰ ਕਰਾਂ, ਜੋ ਕਿ ਇੱਕ ਸਵੈ-ਸੇਵੀ ਸੰਸਥਾ ਨੂੰ ਲੋੜ ਸੀ। ਉਸ ਅਧਿਆਪਕ ਨੂੰ ਮੇਰੇ ਐੱਮ.ਏ. ਪੰਜਾਬੀ ਦੇ ਪਿਛੋਕੜ ਬਾਰੇ ਪਤਾ ਸੀ। ਕਮਿਊਨਿਟੀ ਮੈਡੀਸਨ ਦੇ ਨਜ਼ਰੀਏ ਤੋਂ ਮੈਂ ਉਹ ਕਿਤਾਬ ਤਿਆਰ ਕੀਤੀ ਤੇ ਕਿਤਾਬ ਤਿਆਰ ਕਰਦੇ ਹੋਏ ਜੋ ਨਾਮ ਮੈਨੂੰ ਸੁੱਝਿਆ, ਉਹ ਨਿਕਲਿਆ, ‘ਨਸ਼ੇ ਬਿਮਾਰ ਸਮਾਜ ਦਾ ਲੱਛਣ।’ ਕਿਤਾਬ ਦੇ ਇਸ ਨਾਂ ਦਾ ਪਿਛੋਕੜ ਵੀ ਮੇਰੇ ਸਮਾਜ ਵਿਗਿਆਨ ਦੀ ਪੜ੍ਹਾਈ ਨਾਲ ਜੁੜਿਆ ਹੈ, ਜੋ ਮੈਂ ਪੇਂਡੂ ਸੇਵਾ ਕਰਦੇ ਹੋਏ ਉੱਥੇ ਰਹਿ ਕੇ ਪੜ੍ਹਾਈ ਕੀਤੀ ਸੀ।
ਇਸ ਤਰ੍ਹਾਂ ਨਸ਼ਿਆਂ ਨੂੰ ਲੈ ਕੇ ਮੇਰਾ ਮੱਤ ਹਮੇਸ਼ਾ ਹੀ ਸਮਾਜਿਕ ਬੁਨਿਆਦ ਦਾ ਹੀ ਕੇਂਦਰ ਰਿਹਾ ਹੈ। ਮੈਂ ਆਪਣੀ ਵਿੱਦਿਅਕ ਪੜ੍ਹਾਈ ਦੇ ਸਹਾਰੇ ਇਸ ਮੱਤ ਤੇ ਸ਼ੁਰੂ ਤੋਂ ਹੀ ਕਾਇਮ ਰਿਹਾ ਹਾਂ, ਤੇ ਅੱਜ ਵੀ ਹਾਂ।
ਨਸ਼ਾ ਛੁਡਾਉ ਕੇਂਦਰ ਨਾਲ ਜੁੜੇ ਹੋਏ, ਮੈਂ ਇਹ ਜਾਣਿਆ ਕਿ ਨਸ਼ਿਆਂ ਨੂੰ ਲੈ ਕੇ ਇਲਾਜ ਤਾਂ ਹੁੰਦਾ ਹੈ ਪਰ ਮਰੀਜ਼ ਦੁਬਾਰਾ ਇਸ ਸਮੱਸਿਆ ਵਿੱਚ ਪੈ ਜਾਂਦੇ ਹਨ ਤੇ ਫਿਰ ਇਸ ਨਤੀਜੇ ’ਤੇ ਪਹੁੰਚਣਾ ਹੋਰ ਵੀ ਆਸਾਨ ਹੋ ਜਾਂਦਾ ਹੈ ਕਿ ਇਹ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੈ। ਇਸ ਦੌਰਾਨ ਮੈਂ ਆਪਣੇ ਇੱਕ ਵਿਦਿਆਰਥੀ ਨਾਲ ਰਲ ਕੇ, ਇੱਕ ਵਾਰੀ ਨਸ਼ਾ ਛੱਡ ਕੇ ਦੁਬਾਰਾ ਇਲਾਜ ਕਰਵਾਉਣ ਆਏ, ਪੰਜਾਹ ਮਰੀਜ਼ਾਂ ਨਾਲ ਇੱਕ ਸਰਵੇਖਣ ਕੀਤਾ ਤੇ ਜਾਣਿਆ ਕਿ ਦੁਬਾਰਾ ਨਸ਼ਾ ਸ਼ੁਰੂ ਕਰਨ ਦਾ ਕਾਰਨ ਕੀ ਸੀ? ਉਸ ਸਰਵੇਖਣ ਨੇ ਇੱਕ ਤੰਦ ਹੋਰ ਜੋੜੀ ਕਿ ਹਸਪਤਾਲ ਵਿੱਚ ਦਾਖਲ ਹੋ ਕੇ ਇਲਾਜ ਕਰਵਾਉਣਾ ਮਹਿਜ਼ ਦਸ ਫੀਸਦੀ ਵੀ ਇਲਾਜ ਦਾ ਹਿੱਸਾ ਨਹੀਂ ਹੈ, ਜਦੋਂ ਕਿ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਲਗਾਤਾਰ ਨਸ਼ਾ ਨਾ ਕਰਨ ਦੀ ਸਲਾਹ ਦੇਣਾ (ਕੌਂਸਲਿੰਗ) ਮੁੱਖ ਹੈ। ਜਿੰਨੇ ਕੁ ਵੀ ਮਰੀਜ਼ਾਂ ਨੂੰ ਮੈਂ ਦਾਖਲੇ ਤੋਂ ਬਾਅਦ ਸਲਾਹ ਦਿੱਤੀ ਹੈ ਉਸ ਦੇ ਨਤੀਜੇ ਸ਼ਲਾਘਾਯੋਗ ਦੇਖਣ ਨੂੰ ਮਿਲੇ ਹਨ।
ਨਸ਼ਿਆਂ ਬਾਰੇ ਪੜ੍ਹਦੇ ਹੋਏ ਇੱਕ ਗੱਲ ਜਾਣੀ ਕਿ ਨਸ਼ਾ ਛੱਡ ਕੇ ਜਾਣ ਵਾਲੇ ਵਿਅਕਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਖਾਸ ਹਦਾਇਤਾਂ ਦਿੱਤੀਆਂ ਜਾਣ ਕਿ ਉਸ ਵਿਅਕਤੀ ਨਾਲ ਬੈਠ ਕੇ ਉਸ ਦੇ ਮਨ ਦੀ ਗੱਲ ਸੁਣੀ ਜਾਵੇ, ਉਸ ਨੂੰ ਕੋਈ ਰੁਝੇਵਾਂ ਦਿੱਤਾ ਜਾਵੇ, ਉਸ ਨੂੰ ਆਪਣੀ ਪਛਾਣ ਬਣਾਉਣ ਲਈ ਉਸ ਦਾ ਮਨਪਸੰਦੀਦਾ ਕੰਮ ਦਿੱਤਾ ਜਾਵੇ ਤੇ ਉਸ ਦੇ ਕੰਮ ਨੂੰ ਲੈ ਕੇ ਉਸ ’ਤੇ ਵਿਸ਼ਵਾਸ ਕੀਤਾ ਜਾਵੇ। ਦੇਖਿਆ ਹੈ ਕਿ ਅਜਿਹਾ ਮਾਹੌਲ ਪਹਿਲਾਂ ਹੀ ਹੋਵੇ ਤਾਂ ਨੌਜਵਾਨ ਨਸ਼ੇ ਹੀ ਨਾ ਕਰਨ।
ਨਸ਼ੇ ਵੱਖ-ਵੱਖ ਸਮੇਂ ’ਤੇ ਪੰਜਾਬ ਵਿੱਚ ਇੱਕ ਅਜਿਹਾ ਮੁੱਦਾ ਬਣਕੇ ਉੱਭਰੇ ਹਨ ਕਿ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਦਾ ਰਾਜ-ਪਲਟਾ ਤਕ ਕਰ ਦਿੱਤਾ ਹੈ। ਜੋ ਵੀ ਸਰਕਾਰ ਚੋਣਾਂ ਵਿੱਚ ਗਈ ਹੈ ਉਸ ਨੇ ਨਸ਼ਿਆਂ ਨੂੰ ਇੱਕ ਉੱਭਰਵਾਂ ਮੁੱਦਾ ਬਣਾ ਕੇ ਜ਼ੋਰਦਾਰ ਤਰੀਕੇ ਨਾਲ ਪ੍ਰਚਾਰ ਕੀਤਾ ਹੈ। ਇੱਕ ਪਾਰਟੀ ਨੇ ਚਾਰ ਹਫ਼ਤਿਆਂ ਵਿੱਚ ਨਸ਼ਿਆਂ ਤੇ ਨੱਥ ਪਾਉਣ ਦੀ ਗੱਲ ਕੀਤੀ ਤੇ ਸੱਤਾ ਵਿੱਚ ਆਈ ਵੀ। ਤੁਸੀਂ ਖੁਦ ਅੰਦਾਜ਼ਾ ਲਗਾਉ ਕਿ ਲੋਕ ਨਸ਼ਿਆਂ ਤੋਂ ਕਿੰਨੇ ਅੱਕੇ ਪਏ ਸੀ ਕਿ ਦਸ ਸਾਲ ਤੋਂ ਸੱਤਾ ਵਿੱਚ ਬੈਠੀ ਅਕਾਲੀ ਸਰਕਾਰ ਨੂੰ ਸੱਤਾ ਤੋਂ ਵਗਾਹ ਕੇ ਮਾਰਿਆ।
ਅਮਰਿੰਦਰ ਸਿੰਘ ਦੀ ਸਰਕਾਰ ਨੇ ਨਸ਼ਿਆਂ ਨੂੰ ਲੈ ਕੇ ਕਈ ਨਵੇਂ ਤਜਰਬੇ ਕੀਤੇ ਜਿਵੇਂ ‘ਓਟ ਸੈਂਟਰ’ ਖੋਲ੍ਹੇ ਗਏੇ, ਜਿੱਥੇ ਸਾਰੇ ਨਸ਼ਈ ਸਵੇਰੇ ਕਿਸੇ ਕੰਮ ’ਤੇ ਜਾਣ ਤੋਂ ਪਹਿਲਾਂ ਡਾਕਟਰ ਜਾਂ ਡਾਕਟਰੀ ਅਮਲੇ ਦੀ ਨਿਗਰਾਨੀ ਵਿੱਚ ਇੱਕ ਗੋਲੀ ਖਾ ਕੇ ਜਾਂਦੇ। ਤੁਸੀਂ ਅੰਦਾਜ਼ਾ ਲਗਾਉ, ਪੰਜਾਬ ਵਿੱਚ ਰੋਜ਼ ਸਵੇਰੇ ਲੱਖਾਂ ਹੀ ਨੌਜਵਾਨ ਉਹ ਗੋਲੀ ਖਾਣ ਲਈ ਲਾਇਨਾਂ ਵਿੱਚ ਲੱਗੇ ਹੁੰਦੇ। ਵਿਦਿਆਰਥੀਆਂ ਨੂੰ ਲੈ ਕੇ ਇੱਕ ਪ੍ਰੋਗਾਮ ਸ਼ੁਰੂ ਕੀਤਾ ਗਿਆ ‘ਬੱਡੀ’, ਇਸਦੇ ਤਹਿਤ ਕਲਾਸ ਦਾ ਇੱਕ ਵਿਦਿਆਰਥੀ ਆਪਣੇ ਦੋਸਤਾਂ ਦੀ ਨਿਗਰਾਨੀ ਕਰਦਾ। ਪ੍ਰੋਗਰਾਮ ਦਾ ਮਕਸਦ ਸੀ ਕਿ ਨੌਜਵਾਨ ਨਸ਼ਿਆਂ ਦੀ ਸ਼ੁਰੂਆਤ ਵੇਲੇ ਪਛਾਣੇ ਜਾਣ ’ਤੇ ਓਟਸ ਪ੍ਰੋਗਰਾਮ ਦਾ ਮਕਸਦ ਕਿ ਲੋਕ ਬਗੈਰ ਨਸ਼ਿਆਂ ਦੀ ਤੋੜ ਤੋਂ ਆਪਣੇ ਕੰਮ ’ਤੇ ਜਾਣ। ਬਿਨਾਂ ਸ਼ੱਕ ਦੋਨਾਂ ਪ੍ਰੋਗਰਾਮਾਂ ਦਾ ਮਕਸਦ ਹਾਂ ਪੱਖੀ ਕਹਿ ਸਕਦੇ ਹਾਂ। ਇਨ੍ਹਾਂ ਪ੍ਰੋਗ੍ਰਾਮਾਂ ਦੇ ਪਿੱਛੇ ਸੋਚ ਸੀ ਕਿ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਕਿਵੇਂ ਘੱਟ ਕੀਤਾ ਜਾਵੇ ਤੇ ਛੇਤੀ ਪਛਾਣ ਕਰਕੇ ਇਲਾਜ ਵਾਲੇ ਪਾਸੇ ਲਾਏ ਜਾਣ।
ਇਹਨਾਂ ਪ੍ਰੋਗਰਾਮਾਂ ਨਾਲ ਮੈਨੂੰ ਵੀ ਜੁੜਨ ਦਾ ਮੌਕਾ ਮਿਲਿਆ। ਇਹਨਾਂ ਪ੍ਰੋਗਰਾਮਾਂ ਦੌਰਾਨ ਮੈਂ ਅਕਸਰ ਯਾਦ ਕਰਾਉਂਦਾ ਰਿਹਾ ਕਿ ਇਹ ਗੋਲੀਆਂ ਨਸ਼ੇ ਦਾ ਬਦਲ ਨਹੀਂ ਹਨ। ਠੀਕ ਹੈ ਕਿ ਨੁਕਸਾਨ ਘੱਟ ਹੁੰਦਾ ਹੈ, ਆਦਮੀ ਕੰਮ ’ਤੇ ਜਾ ਸਕਦਾ ਹੈ, ਪਰ ਇਹਨਾਂ ਨੂੰ ਹੌਲੀ-ਹੌਲੀ ਛੜਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਮੇਰਾ ਜ਼ੋਰ ਹਮੇਸ਼ਾ ਕੌਂਸਲਿੰਗ ਅਤੇ ਪਰਿਵਾਰਕ ਮਾਹੌਲ ਨੂੰ ਸਮਝਣ’ ਤੇ ਰਹਿੰਦਾ।
ਨਸ਼ਿਆਂ ਦੇ ਮਾਹੌਲ ਵਿੱਚ ਜੋ ਅਕਸਰ ਦੇਖਣ ਨੂੰ ਆਉਂਦਾ, ਉਸਦੇ ਤਹਿਤ ਮੇਰੀ ਧਾਰਨਾ ਹੋਰ ਪੱਕੀ ਹੋਈ ਕਿ ਇਹ ਬਹੁ-ਪਰਤੀ ਅਤੇ ਬਹੁ-ਪੱਖੀ ਸਮੱਸਿਆ ਹੈ। ਇਸਦੇ ਲਈ ਸਾਰੇ ਸਮਾਜ ਨੂੰ ਰਲਮਿਲ ਕੇ, ਇੱਕ ਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਨਸ਼ਿਆਂ ਨੂੰ ਲੈ ਕੇ ਸਮਾਜ ਦੀ ਮੰਗ ਰਹੀ ਹੈ ਕਿ ਵੱਧ ਤੋਂ ਵੱਧ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾਣ। ਸਰਕਾਰਾਂ ਦਾ ਧਿਆਨ ਤਾਂ ਨਸ਼ਾ ਰੋਕਣ ਵੱਲ ਹੈ ਹੀ ਨਹੀਂ, ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਖੋਲ੍ਹ ਕੇ ਵੱਧ ਤੋਂ ਵੱਧ ਖੱਟੀ ਖੱਟਣ ਦੀ ਹਮੇਸ਼ਾ ਪਈ ਰਹੀ ਹੈ। ਪੰਜਾਬ ਵਿੱਚ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਨਸ਼ਾ ਛੁਡਾਊ ਕੇਂਦਰਾਂ ਦਾ ਜਾਲ ਵਿਛਾਇਆ ਗਿਆ ਹੈ। ਇੱਕ ਵਾਰੀ ਅੰਮ੍ਰਿਤਸਰ ਵਿਖੇ ਨਸ਼ਾ ਛੁਡਾਊ ਕੇਂਦਰ ਦਾ ਉਦਘਾਟਨ ਕਰਨ ਸਮੇਂ ਰਾਜ ਦੇ ਸਿਹਤ ਮੰਤਰੀ ਨੇ ਕਿਹਾ, “ਤੁਸੀਂ ਖੁਸ਼ ਕਿਸਮਤ ਹੋ ਕਿ ਤੁਹਾਨੂੰ ਰਾਜ ਦਾ ਬਿਹਤਰੀਨ ਨਸ਼ਾ ਛੁਡਾਊ ਕੇਂਦਰ ਮਿਲ ਰਿਹਾ ਹੈ।” ਬੇਹਤਰੀਨ ਨਸ਼ਾ ਛੁਡਾਉ ਕੇਂਦਰ? ਹੈ ਨਾ ਕਮਾਲ?
ਲੋਕਾਂ ਨੂੰ ਫ਼ਿਕਰ ਹੈ ਕਿ ਉਨ੍ਹਾਂ ਦੇ ਬੱਚੇ ਸੁਰੱਖਿਅਤ ਰਹਿਣ ਤੇ ਨਸ਼ੇ ਤੋਂ ਬਚੇ ਰਹਿਣ। ਉਹ ਆਪਣੀ ਪੂਰੀ ਵਾਹ ਲਾ ਕੇ ਬੱਚਿਆਂ ਨੂੰ ਜਹਾਜ਼ ਭਰ ਕੇ ਵਿਦੇਸ਼ਾਂ ਵਿੱਚ ਭੇਜਦੇ ਹਨ। ਜਿਹੜੇ ਲੋਕ ਇੰਨੇ ਸਮਰੱਥ ਨਹੀਂ ਹਨ, ਉਹ ‘ਓਟਸ ਕੇਂਦਰਾਂ’ ਰਾਹੀਂ ਰੋਜ਼ ਦੀ ਰੋਜ਼ ਗੋਲੀ ਖਾ ਕੇ ਆਪਣਾ ਡੰਗ ਟਪਾ ਰਹੇ ਹਨ। ਨੇਤਾਵਾਂ ਨੂੰ ਨੌਜਵਾਨਾਂ ਦਾ ਕੋਈ ਫ਼ਿਕਰ ਨਹੀਂ ਹੈ। ਨਸ਼ੇ ਲਾਇਲਾਜ! ਨਸ਼ਿਆਂ ਪ੍ਰਤੀ ਸੰਜੀਦਗੀ ਦੀ ਗੱਲ ਆਪਾਂ ਉਹਨਾਂ ਦੀ ਚਰਚਾ ਤੋਂ ਭਲੀਭਾਂਤ ਲਾ ਸਕਦੇ ਹਾਂ। ਚਰਚਾ ਦੇ ਸਿੱਟਿਆਂ ਦਾ ਫਾਇਦਾ ਇਹ ਹੁੰਦਾ ਹੈ ਕਿ ਨਸ਼ੇ ਵਿਕਦੇ ਰਹਿਣ, ਉਹਨਾਂ ਦੀ ਗੱਦੀ ਸਲਾਮਤ ਰਹੇ। ਕਹਿਣ ਦਾ ਮਤਲਬ ਆਪਾਂ ਗੱਲ ਕਰ ਰਹੇ ਸੀ, ਸਭ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ, ਤੁਹਾਨੂੰ ਕਿਹੜੀ ਧਿਰ ਸੰਜੀਦਾ ਹੋ ਕੇ ਕੋਈ ਗੱਲ ਸੋਚਦੀ ਜਾਂ ਗੱਲ ਕਰਦੀ ਹੋਈ ਨਜ਼ਰ ਆਉਂਦੀ ਹੈ।
ਆਪਣੀ ਰਿਟਾਇਰਮੈਂਟ ਤੋਂ ਬਾਅਦ ਨਵੀਂ ਸਰਕਾਰ ਦੇ ਨਵੀਂ ਉਮੀਦ ਵਾਲੇ ਵਾਅਦਿਆਂ ਸਮੇਂ ਮੈਂ ਇੱਕ ਕੋਸ਼ਿਸ਼ ਕੀਤੀ ਅਤੇ ਇੱਕ ਬਹੁ-ਪੱਧਰੀ ਪ੍ਰੋਗਰਾਮ ਉਲੀਕਿਆ। ਮੇਰੀ ਅਜੇ ਵੀ ਧਾਰਨਾ ਹੈ ਕਿ ਇਹ ਸਮੱਸਿਆ ਇੰਨੀ ਔਖੀ ਨਹੀਂ ਜਿੰਨੀ ਅਸੀਂ ਪੇਸ਼ ਕਰ ਰਹੇ ਹਾਂ। ਇਹ ਠੀਕ ਹੈ ਕਿ ਦਿਨ-ਬ-ਦਿਨ ਨਵੇਂ ਨਸ਼ਿਆਂ ਜਿਵੇਂ ਸਮੈਕ ਅਤੇ ਹੀਰੋਇਨ, ਸਿੰਥੈਟਿਕ ਡਰੱਗਜ਼ ਰਾਹੀਂ ਇਹ ਪੇਚੀਦਾ ਹੋ ਰਹੀ ਹੈ ਤੇ ਲਾ-ਇਲਾਜ ਵੀ ਕਹਿ ਸਕਦੇ ਹਾਂ ਪਰ ਇਹ ਹਾਲਤ ਤਾਂ ਹੀ ਬਣੀ ਹੈ ਕਿ ਸ਼ੁਰੂ ਤੋਂ ਹੁਣ ਤਕ ਅਸੀਂ ਇਸ ਨੂੰ ਤੋੜ-ਤੋੜ ਕੇ ਦੇਖਿਆ ਹੈ, ਜਦੋਂ ਕਿ ਇਹ ਸਮੁੱਚਤਾ ਵਿੱਚ ਸਮਝਣ ਅਤੇ ਹੱਲ ਕਰਨ ਦੀ ਲੋੜ ਹੈ।
ਇੱਥੇ ਜੋ ਮਹੱਤਵਪੂਰਨ ਪਹਿਲੂ ਹਨ, ਉਹਨਾਂ ’ਤੇ ਮੈਂ ਵਿਚਾਰ ਕੇ ਲਿਖਿਆ ਵੀ ਅਤੇ ਬੋਲਿਆ ਤੇ ਮੇਰੀ ਅੱਜ ਵੀ ਕੋਸ਼ਿਸ਼ ਹੈ ਕਿ ਇਨ੍ਹਾਂ ਪੱਖਾਂ ਨੂੰ ਸੰਜੀਦਗੀ ਨਾਲ ਲਿਆ ਜਾਵੇ ਤਾਂ ਹਾਲਾਤ ਕਾਫ਼ੀ ਬਦਲ ਸਕਦੇ ਹਨ। ਪਰ ਕੋਸ਼ਿਸ਼ਾਂ ਵਿੱਚ ਘਾਟ ਕਿੱਥੇ ਹੈ?
ਮੇਰੀ ਸਮਝ ਹੈ ਕਿ ਸਭ ਤੋਂ ਪਹਿਲਾਂ ਨਸ਼ਈ ਲੋਕਾਂ ਦੀ ਪਛਾਣ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਲਾਜ ਲਈ ਪ੍ਰੇਰਿਆ ਜਾਵੇ। ਮੈਂ ਮੰਨਦਾ ਇਸਦੇ ਲਈ ਦਿੱਕਤਾਂ ਨੇ, ਕਿਉਂਕਿ ਪਰਿਵਾਰ ਅਤੇ ਸਮਾਜ ਸਹਿਯੋਗ ਦੇਣ ਲਈ ਤਿਆਰ ਨਹੀਂ ਹੈ। ਇਸੇ ਤਰ੍ਹਾਂ ਹੀ ਦੂਸਰਾ ਪੱਖ ਹੈ ਕਿ ਸ਼ਹਿਰ ਜਾਂ ਪਿੰਡ ਦੇ ਮੁਹੱਲੇ ਦੇ ਨਿਵਾਸੀ ਠੀਕਰੀ ਪਹਿਰਾ ਲਾ ਕੇ ਨਸ਼ਾ ਵੇਚਣ ਵਾਲਿਆਂ ਨੂੰ ਪਛਾਨਣ ਅਤੇ ਉਹਨਾਂ ਨੂੰ ਪ੍ਰਸ਼ਾਸਨ ਦੇ ਹਵਾਲੇ ਕਰਨ। ਇਹ ਵੀ ਖ਼ਤਰਾ ਮੁੱਲ ਲੈਣ ਵਾਲਾ ਕਦਮ ਹੈ।
ਤੀਜਾ ਕਦਮ ਹੈ ਉਹਨਾਂ ਬੱਚਿਆਂ ਦੀ ਪਛਾਣ, ਜੋ ਛੇਤੀ ਉਕਸਾਏ ਅਤੇ ਫਸਾਏ ਜਾ ਸਕਦੇ ਨੇ। ਕਹਿਣ ਦਾ ਮਤਲਬ ਜੋ ਨਸ਼ੇ ਵੇਚਣ ਵਾਲਿਆਂ ਦਾ ਅਸਲੀ ਨਿਸ਼ਾਨਾ ਨੇ। ਉਨ੍ਹਾਂ ਨੂੰ ਮਨੋਬਲ ਵਧਾਉਣ ਵਾਲੀ ਸਿਖਲਾਈ ‘ਨਸ਼ਿਆ ਨੂੰ ਲੈ ਕੇ ਨਾ ਕਰਨ ਦੀ ਆਦਤ’ ਦੇਣ ਦੀ ਲੋੜ ਹੈ, ਤਾਂ ਜੋ ਉਹ ਨਸ਼ਾ ਵੇਚਣ ਵਾਲਿਆਂ ਦੇ ਚੁੰਗਲ ਵਿੱਚ ਨਾ ਫਸਣ। ਇਸਦੇ ਲਈ ਮਾਂ-ਪਿਉ ਅਤੇ ਅਧਿਆਪਕ ਵਰਗ ਨੂੰ ਉਚੇਚੇ ਤੌਰ ’ਤੇ ਅੱਗੇ ਆਉਣ ਦੀ ਲੋੜ ਹੈ।
ਇਸ ਤਰ੍ਹਾਂ ਤੁਸੀਂ ਖੁਦ ਸਮਝ ਸਕਦੇ ਹੋ ਕਿ ਸਭ ਨੂੰ ਅੱਗੇ ਹੋ ਕੇ ਆਪਣੇ ਆਪਣੇ ਪਰਿਵਾਰ ਦੇ ਫ਼ਿਕਰ ਤੋਂ ਉੱਠ ਕੇ ਸਮਾਜ ਦੇ ਭਲੇ ਲਈ ਅੱਗੇ ਆ ਕੇ ਜੰਮੇਵਾਰੀ ਲੈਣ ਦੀ ਲੋੜ ਹੈ, ਇਕੱਲੇ-ਇਕੱਲੇ ਕਦਮ ਨਾਲ ਜਾਂ ਇੱਕ ਹੀ ਪੱਖ ਤੇ ਵਿਚਾਰ ਕਰਕੇ ਇਹ ਹੱਲ ਨਹੀਂ ਹੋਣੀ- ਨਸ਼ਾ ਛੁਡਾਊ ਕੇਂਦਰ ਖੋਲ੍ਹਣ ਨਾਲ, ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਨਾਲ, ਓਟਸ ਦੀ ਗੋਲੀ ਖਾ ਕੇ ਦਿਹਾੜੀ ਕਮਾਉਣ ਨਾਲ ਜਾਂ ਨੇਤਾਵਾਂ ਨੂੰ ਲੁੱਟ-ਖਸੁੱਟ ਦੀ ਖੁੱਲ੍ਹ ਦੇਣ ਨਾਲ। ਕਹਿਣ ਦਾ ਭਾਵ ਕਿ ਆਪਣੇ-ਆਪਣੇ ਘਰ ਵਿੱਚ ਫ਼ਿਕਰ ਜਤਾਉਣ ਨਾਲ ਇਸ ਸਮੱਸਿਆ ਤੋਂ ਨਿਜਾਤ ਨਹੀਂ ਮਿਲਣੀ। ਜਦੋਂ ਇਸ ਤਰੀਕੇ ਨਾਲ ਕੰਮ ਕਰਾਂਗੇ ਤਾਂ ਨਿਰਾਸ਼ਾ ਹੀ ਹੱਥ ਲੱਗੇਗੀ ਤੇ ਫਿਰ ਅਸੀਂ ਵੀ ਉਹੀ ਬੋਲਣ ਲੱਗਾਂਗੇ ਕਿ ਇਸਦਾ ਕੋਈ ਹੱਲ ਨਹੀਂ। ਅਸੀਂ ਆਪਣੇ ਰੱਵਈਏ ’ਤੇ ਝਾਤੀ ਨਹੀਂ ਮਾਰਦੇ ਤੇ ਇਸ ਰੱਵਈਏ ਨਾਲ ਕੰਮ ਸ਼ੁਰੂ ਨਹੀਂ ਕਰਦੇ ਕਿ ਭਾਵੇਂ ਇਹ ਸਦੀਆਂ ਤੋਂ ਚਲੀ ਆ ਰਹੀ ਸਮੱਸਿਆ ਹੈ, ਪਰ ਕਦੇ ਵੱਡੀ ਪ੍ਰੇਸ਼ਾਨੀ ਬਣ ਕੇ ਸਾਡੇ ਸਾਹਮਣੇ ਨਹੀਂ ਆਈ। ਕਦੇ ਕਿਸੇ ਨੇ ਇਸ ਨੂੰ ਬਿਮਾਰੀ ਦਾ ਦਰਜਾ ਨਹੀਂ ਦਿੱਤਾ, ਜੋ ਕਿ ਰਾਤੋ ਰਾਤ ਵਿਸ਼ਵ ਸਿਹਤ ਸੰਸਥਾ ਨੂੰ ਕਰਨਾ ਪਿਆ ਹੈ।
ਚਾਰੇ ਪਾਸੇ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ, ਸਰਕਾਰਾਂ, ਧਾਰਮਿਕ ਜਥੇਬੰਦੀਆਂ ਵੱਲੋਂ ਬਹੁਤ ਫ਼ਿਕਰ ਜਤਇਆ ਜਾ ਰਿਹਾ ਹੈ ਤੇ ਲਗਦਾ ਹੈ ਕਿ ਸਮੱਸਿਆ ਬਹੁਤ ਵੱਡੀ ਹੈ ਇਸ ਲਈ ਇਹ ਔਖੀ ਵੀ ਬਹੁਤ ਹੈ, ਜਦੋਂ ਕਿ ਉਹ ਹਾਲਤ ਨਹੀਂ ਹੈ। ਇੱਕ ਵਾਰੀ ਫਿਰ ਤੋਂ ਵਿਚਾਰ ਕੇ ਦੇਖੋ ਕਿ ਦੋ ਚਾਰ ਮਜ਼ਬੂਤੀ ਨਾਲ ਪੁੱਟੇ ਕਦਮ ਸਾਨੂੰ ਨਤੀਜਾ ਦੇਣ ਵਾਲੇ ਨਹੀਂ ਲੱਗਦੇ? ਰੌਲੇ ਰੱਪੇ, ਦਿਖਾਵੇ ਅਤੇ ਹੰਗਾਮੇ ਤੋਂ ਵੱਧ ਸਮੱਸਿਆ ਉੱਤੇ ਸੰਜੀਦਗੀ ਨਾਲ ਅਤੇ ਪੂਰੀ ਤਨਦੇਹੀ ਨਾਲ ਸਿਰਫ਼ ਵਿਚਾਰ ਚਰਚਾ ਦੀ ਲੋੜ ਨਹੀਂ ਹੈ, ਇਸ ਤੋਂ ਅੱਗੇ ਕੁਝ ਕਰਨ ਦੀ ਵੀ ਲੋੜ ਹੈ।
ਮੈਂ ਵਾਰ-ਵਾਰ ਹਿੰਦੀ ਦੇ ਸ਼ਾਇਰ ਦੁਸ਼ਯੰਤ ਕੁਮਾਰ ਨੂੰ ਦੁਹਰਾਉਂਦਾ ਹਾਂ, ਇਸ ਵਾਰੀ ਵੀ ਇੱਕ ਸ਼ੇਅਰ ਹਾਜ਼ਰ ਹੈ:
ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ,
ਮੇਰੀ ਕੋਸ਼ਿਸ਼ ਹੈ ਕਿ ਯੇ ਸੂਰਤ ਬਦਲਨੀ ਚਾਹੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4970)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)