“ਡਰ ਅਤੇ ਘਬਰਾਹਟ ਸਥਿਤੀ ਨੂੰ ਵਿਗਾੜਦੇ ਹੀ ਹਨ, ਠੀਕ ਨਹੀਂ ਕਰਦੇ। ਡਰਨ ਦੀ ਲੋੜ ਵੈਸੇ ਵੀ ਨਹੀਂ ਹੈ ...”
(3 ਜੂਨ 2021)
ਕਰੋਨਾ ਮਹਾਂਮਾਰੀ ਨੇ ਕਿਸੇ ਨਾ ਕਿਸੇ ਰੂਪ ਵਿੱਚ, ਕਿਸੇ ਨਾ ਕਿਸੇ ਬਹਾਨੇ ਤਹਿਤ ਸਾਰੀ ਦੁਨੀਆ ਨੂੰ ਇੱਕ ਖੜੋਤ ਵਿੱਚ ਲੈ ਆਂਦਾ ਹੈ। ਤਾਲਾਬੰਦੀ, ਇਹ ਕਿੰਨੀ ਕੁ ਭਿਆਨਕ ਹੈ, ਕਿੰਨੀ ਕੁ ਸਰਕਾਰਾਂ ਜਾਂ ਪੂੰਜੀਵਾਦੀ ਵਿਵਸਥਾ ਦੀ ਸਾਜ਼ਿਸ਼ ਹੈ, ਜਾਂ ਆਪਣਾ ਦਬਦਬਾ ਬਣਾਈ ਰੱਖਣ ਦੀ ਵਿਉਂਤ ਹੈ, ਅਜਿਹੇ ਕਈ ਸਵਾਲਾਂ ਦੇ ਜਵਾਬ ਭਵਿੱਖ ਦੀ ਕੁੱਖ ਵਿੱਚ ਪਏ ਹਨ। ਅੱਜ ਦੀ ਤਰੀਖ ਵਿੱਚ ਇੱਕ ਭੰਬਲਭੂਸਾ ਵੱਧ ਹੈ ਤੇ ਇਹੋ ਜਿਹੀ ਸਥਿਤੀ ਹੀ ਸਵਾਲ ਖੜ੍ਹੇ ਕਰਦੀ ਹੈ।
ਇਸਦੇ ਉਲਟ ਇੱਕ ਆਮ ਆਦਮੀ ਸਹਿਜ, ਸਿਹਤਮੰਦ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਉਹ ਤਾਂ ਬਿਮਾਰ ਹੀ ਨਹੀਂ ਹੋਣਾ ਚਾਹੁੰਦਾ। ਉਹ ਇੰਨਾ ਸਮਰੱਥ ਵੀ ਨਹੀਂ ਹੁੰਦਾ ਕਿ ਕਿਸੇ ਵੱਡੇ ਚੰਗੇ ਹਸਪਤਾਲ ਵਿੱਚ ਦਾਖ਼ਲ ਹੋਣ ਬਾਰੇ ਸੋਚ ਸਕੇ ਜਾਂ ਆਕਸੀਜਨ ਲਈ ਲਾਈਨਾਂ ਲਗਾ ਸਕੇ ਤੇ ਦਵਾਈਆਂ ਦੀ ਭਾਲ ਲਈ ਭਟਕਦਾ ਫਿਰੇ। ਇੱਕ ਆਮ ਆਦਮੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਘਰੇ ਹੀ ਇਲਾਜ ਕਰ ਲਵੇ ਤੇ ਆਪਣੇ ਕੰਮ ’ਤੇ ਤੁਰਿਆ ਰਹੇ।
ਕਰੋਨਾ ਨੇ ਜਿੱਥੇ ਇੱਕ ਭੈਅ ਖੜ੍ਹਾ ਕੀਤਾ ਹੈ, ਦੂਸਰੇ ਪਾਸੇ ਇਹ ਵੀ ਉੱਭਰ ਕੇ ਸਾਹਮਣੇ ਆਇਆ ਹੈ ਕਿ ਘਰ ਵਿੱਚ ਇਲਾਜ ਸੰਭਵ ਹੈ। ਸਾਡੇ ਸੋਸ਼ਲ ਮੀਡੀਆ ਨੇ ਨਿੰਬੂ ਪਾਣੀ, ਨਾਰੀਅਲ ਪਾਣੀ ਤੋਂ ਲੈ ਕੇ ਕਾਹੜਿਆਂ ਦੇ ਰੂਪ ਵਿੱਚ ਦਾਲਚੀਨੀ, ਮਲੱਠੀ ਨੂੰ ਵੱਡੇ ਪੱਧਰ ’ਤੇ ਮਾਨਤਾ ਦਿਵਾਈ ਹੈ। ਇਨ੍ਹਾਂ ਦੀ ਭੂਮਿਕਾ ਬਾਰੇ ਤੈਅ ਹੋਣਾ ਜਾਂ ਪੂਰੇ ਭਰੋਸੇ ਨਾਲ ਕੁਝ ਕਹਿ ਸਕਣਾ, ਜੋ ਪੂਰੀ ਤਰ੍ਹਾਂ ਵਿਗਿਆਨਕ ਲੀਹਾਂ ’ਤੇ ਖਰਾ ਉੱਤਰੇ, ਉਹ ਤੱਥ ਸਾਡੇ ਕੋਲ ਨਹੀਂ ਹਨ। ਪਰ ਫਿਰ ਵੀ ਕਿਸੇ ਅਜਿਹੀ ਸਥਿਤੀ ਨਾਲ ਕਾਫ਼ੀ ਹੱਦ ਤਕ ਘਰੇ ਰਹਿ ਕੇ ਨਜਿੱਠਿਆ ਜਾ ਸਕਦਾ ਹੈ। ਉਸ ਦੇ ਲਈ ਇਹ ਉਪਾਅ/ਤਰੀਕੇ ਹਨ। ਕਰੋਨਾ ਵਾਇਰਸ ਦੀ ਬਿਮਾਰੀ (ਕੋਰੋਨਾ ਫਲੂ ਵੀ ਕਹਿ ਸਕਦੇ ਹਾਂ) ਗੱਲ ਕਰਦੇ ਹਾਂ:
ਕਰੋਨਾ ਬਿਮਾਰੀ ਹੈ ਕੀ?
ਕਰੋਨਾ ਇੱਕ ਵਾਇਰਸ ਨਾਲ ਹੋਣ ਵਾਲੀ ਸਾਹ ਪ੍ਰਣਾਲੀ ਦੀ ਬਿਮਾਰੀ ਹੈ। ਭਾਵੇਂ ਹੁਣ ਹੋਰ ਵੱਖਰੇ ਲੱਛਣ ਵੀ ਦੇਖਣ ਨੂੰ ਮਿਲ ਰਹੇ ਹਨ।
ਸਾਹ ਪ੍ਰਣਾਲੀ ਉੱਪਰ ਹਮਲੇ ਨੂੰ ਲੈ ਕੇ ਬਿਮਾਰੀ ਦੇ ਤਿੰਨ ਪੜਾਅ ਹਨ:
* ਮਾਮੂਲੀ: ਜਦੋਂ ਹਲਕਾ ਬੁਖਾਰ, ਹੱਡ ਪੈਰ ਟੁੱਟਣੇ ਆਦਿ। ਇਹ ਹਾਲਤ ਇੱਕ ਦੋ ਦਿਨ ਰਹਿੰਦੀ ਹੈ। ਇਸ ਤਰ੍ਹਾਂ ਦੇ ਹਮਲੇ ਦੌਰਾਨ ਬਹੁਤਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਕੋਈ ਤਕਲੀਫ਼ ਹੈ। ਸਿਰਫ਼ ਟੈਸਟ ਰਾਹੀਂ ਹੀ ਉਨ੍ਹਾਂ ਨੂੰ ਆਪਣੇ ਪੌਜ਼ੇਟਿਵ ਹੋਣ ਦਾ ਪਤਾ ਚਲਦਾ ਹੈ।
* ਮੱਧਮ: ਇਸ ਹਾਲਤ ਦੌਰਾਨ ਬੁਖਾਰ, ਗਲੇ ਵਿੱਚ ਖਰਾਸ, ਸੁੱਕੀ ਖਾਂਸੀ, ਥਕਾਵਟ, ਦਰਦਾਂ-ਪੀੜਾਂ ਆਦਿ ਹੁੰਦਾ ਹੈ। ਇਹ ਹਾਲਤ ਚਾਰ-ਪੰਜ ਦਿਨ ਰਹਿੰਦੀ ਹੈ।
* ਗੰਭੀਰ: ਇਸ ਹਾਲਤ ਵਿੱਚ ਤੇਜ਼ ਬੁਖਾਰ, ਇੱਕ ਸੌ ਇੱਕ ਤੋਂ ਵੱਧ, ਖਾਂਸੀ, ਸਾਹ ਚੜ੍ਹਨਾ (ਬਿਨਾਂ ਕੋਈ ਕੰਮ ਕੀਤਿਆਂ) ਅਤੇ ਸਾਹ ਦੀ ਰਫਤਾਰ ਵੀ ਵੱਧ ਹੁੰਦੀ ਹੈ, ਜੋ ਕਿ ਵੈਸੇ ਇੱਕ ਮਿੰਟ ਵਿੱਚ 16-17 ਵਾਰੀ ਹੁੰਦੀ ਹੈ ਤੇ ਇਸ ਹਾਲਤ ਵਿੱਚ ਤੀਹ ਦੇ ਕਰੀਬ ਹੋ ਜਾਂਦੀ ਹੈ ਜਾਂ ਇਸ ਤੋਂ ਵੱਧ। ਇਹ ਸਥਿਤੀ ਸੱਤਵੇ ਅੱਠਵੇਂ ਦਿਨ ਜਾ ਕੇ ਬਣਦੀ ਹੈ।
ਜੇਕਰ ਆਕਸੀਜਨ ਦੇ ਪੱਖ ਤੋਂ ਗੱਲ ਕਰੀਏ ਤਾਂ ਇਹ 90 ਦੇ ਨੇੜੇ ਪਹੁੰਚਣ ਲਗਦੀ ਹੈ ਤੇ ਕਦੇ-ਕਦੇ ਇਸ ਤੋਂ ਵੀ ਘੱਟ ਹੋ ਜਾਂਦੀ ਹੈ।
ਇਨ੍ਹਾਂ ਤਿੰਨਾਂ ਪੜਾਵਾਂ ਦੀ ਸਥਿਤੀ ਨੂੰ ਲੋਕਾਂ ਦੀ ਗਿਣਤੀ ਦੇ ਪੱਖ ਤੋਂ ਦੇਖੀਏ ਤਾਂ ਮਾਮੂਲੀ ਕੇਸ 85 ਫ਼ੀਸਦੀ ਹੁੰਦੇ, 12-13 ਫੀਸਦੀ ਮੱਧਮ ਹੁੰਦੇ ਹਨ ਤੇ ਸਿਰਫ਼ 4-5 ਫੀਸਦੀ ਗੰਭੀਰ ਹਾਲਤ ਵਿੱਚ ਦਾਖਲ ਹੁੰਦੇ ਹਨ।
ਤੀਸਰੀ ਸਥਿਤੀ ਦੇ ਛੇਤੀ ਪਛਾਣ ਦੇ ਚਿੰਨ੍ਹ/ਲੱਛਣ
* ਬੁਖਾਰ ਦਾ ਲਗਾਤਾਰ 10 ਪ੍ਰਤੀਸ਼ਤ ਤੋਂ ਵੱਧ ਰਹਿਣਾ ਅਤੇ ਪੈਰਾਸੀਟਾਮੋਲ ਨਾਲ ਵੀ ਪੂਰੀ ਤਰ੍ਹਾਂ ਨਾ ਉਤਰਨਾ
* ਖਿੱਚਵੀਂ ਖਾਂਸੀ ਆਉਣੀ।
* ਲੰਮਾ ਤੇਜ਼ ਸਾਹ ਅਤੇ ਛਾਤੀ ਵਿੱਚ ਜਕੜਣ।
* ਸਾਹ ਦੀ ਗਤੀ 30 ਤੋਂ ਵੱਧ ਤੇ ਆਕਸੀਜਨ 90 ਤੋਂ ਘੱਟ।
ਇਹ ਲੱਛਣ ਫੌਰੀ ਡਾਕਟਰੀ ਸਹਾਇਤਾ ਲੈਣ ਦੇ ਹਨ।
ਕਰੋਨਾ ਦੌਰਾਨ ਪਹਿਲੇ-ਦੂਜੇ ਪੜਾਅ ਵੇਲੇ ਕੀ ਕਰੀਏ?
ਸਿਹਤਮੰਦ ਵਿਅਕਤੀ ਲਈ: ਵਾਇਰਸ ਭੀੜ-ਭੜਕੇ ਵਾਲੀ ਥਾਂ ਤੋਂ ਫੈਲਦਾ ਹੈ। ਇੰਜ ਸਮਝੋ ਜਿੱਥੇ ਇੱਕ-ਦੂਸਰੇ ਦੇ ਸਾਹ ਆਪਸ ਵਿੱਚ ਟਕਰਾ ਰਹੇ ਹੋਣ। ਇਸ ਥਾਂ ’ਤੇ ਤੁਹਾਨੂੰ ਮਾਸਕ ਬਚਾ ਸਕਦਾ ਹੈ। ਇਸੇ ਤਰ੍ਹਾਂ ਦੁਕਾਨ, ਦਫਤਰ, ਬੈਂਕ ਵਰਗੀਆਂ ਥਾਂਵਾਂ ’ਤੇ ਮਾਸਕ ਪਾਇਆ ਜਾਵੇ। ਏ ਸੀ ਦੇ ਕਮਰਿਆਂ ਵੱਲ ਵੱਧ ਸੁਚੇਤ ਰਿਹਾ ਜਾਵੇ।
* ਵਾਇਰਸ ਦੇ ਸਰੀਰ ਵਿੱਚ ਜਾਣ ਅਤੇ ਬਿਮਾਰੀ ਪੈਦਾ ਕਰਨ ਲਈ ਕਈ ਹੋਰ ਪੱਖ ਵੀ ਸਮਝਣੇ ਚਾਹੀਦੇ ਹਨ। ਵਾਇਰਸ ਦੀ ਮਾਤਰਾ ਕਿੰਨੀ ਕੁ ਗਈ ਹੈ ਅਤੇ ਵਿਅਕਤੀ ਦੀ ਸੁਰੱਖਿਆ ਪ੍ਰਣਾਲੀ ਦੀ ਸਥਿਤੀ ਕਿਹੋ ਜਿਹੀ ਹੈ, ਇਸ ਨਾਲ ਤੈਅ ਹੁੰਦਾ ਕਿ ਹਮਲੇ ਦੇ ਲੱਛਣ ਮਾਮੂਲੀ, ਮੱਧਮ ਜਾਂ ਗੰਭੀਰ ਹੋਣਗੇ।
ਇਸਦੇ ਨਾਲ ਹੀ ਮਾਮੂਲੀ ਹਮਲੇ ਤੋਂ ਹੋਰ ਜ਼ਿਆਦਾ ਵਧਣ ਤੋਂ ਰੋਕਣ ਲਈ ਜੇਕਰ ਪਤਾ ਚੱਲ ਜਾਵੇ ਜਾਂ ਸਰੀਰ ਮਹਿਸੂਸ ਕਰਨ ਲੱਗੇ ਤਾਂ ਨਿੰਬੂ, ਸੰਤਰਾ, ਕਿਸੇ ਵੀ ਰੂਪ ਵਿੱਚ ਆਂਵਲਾ, ਪੱਤੇਦਾਰ ਸਬਜ਼ੀਆਂ, ਲਾਲ ਪੀਲੇ ਫਲ ਤੇ ਸਬਜ਼ੀਆਂ ਫਾਇਦਾ ਪਹੁੰਚਾਉਂਦੇ ਹਨ, ਭਾਵੇਂ ਕਿ ਇਨ੍ਹਾਂ ਦੀ ਲੋੜ ਰੋਜ਼ਾਨਾ ਚਾਹੀਦੀ ਹੈ।
* ਸਰੀਰ ਨੂੰ ਐਂਟੀਬਾਡੀਜ਼ ਬਣਾਉਣ ਲਈ ਖੁਰਾਕ ਵਿੱਚ ਪ੍ਰੋਟੀਨ ਦਾ ਹੋਣਾ ਲਾਜ਼ਮੀ ਹੈ, ਜੋ ਕਿ ਦਾਲਾਂ, ਪਨੀਰ, ਮੀਟ ਅਤੇ ਆਂਡਿਆਂ ਤੋਂ ਮਿਲਦੇ ਹਨ।
* ਗਰਮੀ ਵੀ ਹੈ ਤੇ ਵੈਸੇ ਵੀ ਸਰੀਰ ਨੂੰ ਉਸ ਦੀ ਲੋੜ ਮੁਤਾਬਕ ਪਾਣੀ ਮਿਲਦਾ ਰਹੇ ਤਾਂ ਇਹ ਵੀ ਇੱਕ ਵਧੀਆ ਤਰੀਕਾ ਹੈ ਸੁਰੱਖਿਆ ਪ੍ਰਣਾਲੀ ਦੀ ਸਿਹਤ ਲਈ।
ਵਾਇਰਸ ਸਰੀਰ ਵਿੱਚ ਚਲਾ ਜਾਵੇ ਤਾਂ
* ਕਿਸੇ ਵੀ ਲੱਛਣ ਨੂੰ ਗੰਭੀਰਤਾ ਨਾਲ ਲਿਆ ਜਾਵੇ। ਭਾਵੇਂ ਉਹ ਥਕਾਵਟ ਹੈ, ਹੱਡ-ਪੈਰ ਟੁੱਟਣੇ ਤੇ ਲੋੜੀਂਦੇ ਇਲਾਜ ਵੱਲ ਕੋਸ਼ਿਸ਼ ਕਰਨੀ ਚਾਹੀਦੀ ਹੈ।
* ਲੱਛਣ ਆਮ ਤੌਰ ’ਤੇ ਤੀਸਰੇ ਦਿਨ ਤੋਂ ਬਾਅਦ ਪ੍ਰੇਸ਼ਾਨ ਕਰਨ ਵਾਲੇ ਹੁੰਦੇ ਹਨ। ਜਿਵੇਂ ਅੱਖਾਂ ਵਿੱਚ ਦਰਦ, ਜੀ ਕੱਚਾ ਹੋਣਾ ਤੇ ਉਲਟੀ, ਪੇਟ ਖਰਾਬ, ਗਲੇ ਵਿੱਚ ਖਰਾਸ਼ ਤੇ ਫਿਰ ਜਕੜਣ ਦਾ ਇਹਸਾਸ। ਇਸ ਤੋਂ ਬਾਅਦ ਸਵਾਦ ਅਤੇ ਗੰਧ ਦਾ ਨਸ਼ਟ ਹੋਣਾ, ਸਿਰ-ਪਿੱਠ ਦਰਦ ਆਦਿ।
* ਵਾਇਰਸ ਨੱਕ ਰਾਹੀਂ ਗਲੇ ਅਤੇ ਨੱਕ ਦੇ ਨੇੜੇ-ਤੇੜੇ, ਖਾਲੀ ਥਾਂਵਾਂ (ਮਾਇਨਸ) ਵਿੱਚ ਹੁੰਦਾ ਹੈ ਤੇ ਗੱਲ੍ਹਾਂ ਦੇ ਉਭਾਰਾਂ ’ਤੇ ਦਰਦ ਹੁੰਦਾ ਹੈ।
* ਇਸ ਸਮੇਂ ਗਰਮ ਪਾਣੀ ਦੇ ਨਾਲ-ਨਾਲ ਭਾਫ਼ ਵੀ ਮਦਦ ਕਰਦੀ ਹੈ ਕਿਉਂਕਿ ਉਹ ਮਾਇਨਸ ਵਿੱਚ ਲੁਕੇ ਵਾਇਰਸ ਨੂੰ ਨਕਾਰਾ ਕਰਦੀ ਹੈ।
* ਤੀਸਰੇ ਦਿਨ ਤੋਂ ਬਾਅਦ, ਪ੍ਰੇਸ਼ਾਨ ਕਰਨ ਵਾਲੇ ਲੱਛਣਾਂ ਦੌਰਾਨ, ਇੱਧਰ-ਉੱਧਰ ਤੁਰਦੀ-ਫਿਰਦੀ, ਕਿਸੇ ਹੋਰ ਵੱਲੋਂ ਵਰਤੀ ਗਈ ਦਵਾਈ ਦੀ ਪਰਚੀ ਨੂੰ ਖੁਦ-ਬ-ਖੁਦ ਇਸਤੇਮਾਲ ਨਾ ਕੀਤਾ ਜਾਵੇ। ਨਾ ਹੀ ਖੁਦ ਵਾਧੂ ਟੈਸਟ ਹੀ ਕਰਵਾਏ ਜਾਣ।
ਜੇ ਕੋਈ ਵਿਅਕਤੀ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੈ, ਜਿਵੇਂ ਸ਼ੂਗਰ ਰੋਗ, ਦਿਲ ਦੀ ਬਿਮਾਰੀ, ਦਮਾ ਜਾਂ ਕੋਈ ਹੋਰ, ਉਸ ਨੂੰ ਵੱਧ ਸੁਚੇਤ ਹੋਣ ਦੀ ਤੇ ਕਿਸੇ ਮਾਹਿਰ ਨਾਲ ਸਲਾਹ ਕਰਨੀ ਚਾਹੀਦੀ ਹੈ।
* ਗਰਮ ਪਾਣੀ, ਕਾਹੜੇ ਆਦਿ ਜੋ ਇਨ੍ਹਾਂ ਦਿਨਾਂ ਵਿੱਚ ਪ੍ਰਚਲਿਤ ਹੋਏ ਹਨ, ਫਾਇਦਾ ਪਹੁੰਚਾਉਂਦੇ ਹਨ, ਪਰ ਇਨ੍ਹਾਂ ਨੂੰ ਰਾਮ ਬਾਣ ਨਾ ਸਮਝਿਆ ਜਾਵੇ।
* ਸ਼ੂਗਰ ਰੋਗ ਦੇ ਵਿਅਕਤੀ ਲਈ ਵਿਸ਼ੇਸ਼ ਤੌਰ ’ਤੇ ਆਪਣੀ ਰੋਜ਼ਾਨਾ ਸ਼ੂਗਰ ਚੈੱਕ ਕਰਕੇ, ਉਸ ਨੂੰ ਲੋੜੀਂਦਾ ਸੀਮਾ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਵਧ ਰਹੀ ਸ਼ੂਗਰ ਕਿਸੇ ਵੀ ਜਰਮ ਨੂੰ ਫੈਲਣ-ਪਨਪਣ ਦਾ ਮੌਕਾ ਦਿੰਦੀ ਹੈ।
* ਵਾਇਰਸ ਨੂੰ ਖਾਰਿਜ ਕਰਨ ਲਈ, ਜੋ ਖਾਰ ਵਾਲੇ ਪਦਾਰਥ ਹਨ, ਉਹ ਵਰਤਣ ਨਾਲ ਲਾਭ ਹੁੰਦਾ ਹੈ, ਜਿਵੇਂ ਕੇਲਾ, ਲਸਣ, ਅੰਬ, ਪਾਇਨਐਪਲ, ਸੰਤਰਾ, ਨਿੰਬੂ ਆਦਿ।
* ਡਰ ਅਤੇ ਘਬਰਾਹਟ ਸਥਿਤੀ ਨੂੰ ਵਿਗਾੜਦੇ ਹੀ ਹਨ, ਠੀਕ ਨਹੀਂ ਕਰਦੇ। ਡਰਨ ਦੀ ਲੋੜ ਵੈਸੇ ਵੀ ਨਹੀਂ ਹੈ, 95-96 ਫੀਸਦੀ ਲੋਕ ਘਰ ਦੇ ਇਲਾਜ ਨਾਲ ਬੁਖਾਰ, ਜ਼ੁਕਾਮ, ਖਾਂਸੀ ਦੀ ਦਵਾਈ ਨਾਲ ਤੇ ਹੋਰ ਘਰੇਲੂ ਉਪਚਾਰ ਜਿਵੇਂ ਕਾਹੜੇ, ਗਰਮ ਪਾਣੀ, ਭਾਫ਼ ਦੀ ਵਰਤੋਂ ਨਾਲ ਠੀਕ ਹੋ ਜਾਂਦੇ ਹਨ।
* ਹੁਣ ਤਕ ਦੀ ਸਥਿਤੀ ਦੇ ਮੱਦੇਨਜ਼ਰ ਦੇਖੀਏ ਤਾਂ ਇਸ ਵਾਇਰਸ ਨਾਲ ਮੌਤ ਦਰ 1.1 ਫ਼ੀਸਦੀ ਹੈ। ਨਾਲ ਹੀ ਲੋਕਾਂ ਵਿੱਚ ਡਰ ਕਾਰਨ ਹਫ਼ੜਾ-ਦਫ਼ੜੀ ਹੈ। ਹਰ ਕੋਈ ਪੌਜ਼ੇਟਿਵ ਦਾ ਨਾਂਅ ਸੁਣ ਕੇ ਹਸਪਤਾਲ ਵੱਲ ਦੌੜਦਾ ਹੈ।
* ਡਰ ਨੂੰ ਦੂਰ ਕਰਨ ਦਾ ਤਰੀਕਾ ਹੈ ਕਿ ਆਪਸ ਵਿੱਚ ਮਿਲ-ਜੁਲ ਕੇ ਰਹੀਏ। ਜੇਕਰ ਮਿਲਣ ਤੋਂ ਡਰਦੇ ਹਾਂ ਤਾਂ ਕਿਸੇ ਵੀ ਤਰ੍ਹਾਂ ਫੋਨ ਆਦਿ ਨਾਲ ਮਿਲਦੇ ਬੋਲਦੇ ਰਹੀਏ। ਚੰਗੇ ਵਿਸ਼ਵਾਸ-ਪਾਤਰ ਡਾਕਟਰਾਂ ਦੇ ਸੰਪਰਕ ਵਿੱਚ ਰਹੀਏ ਤੇ ਸਮੇਂ-ਸਮੇਂ ਉਨ੍ਹਾਂ ਦੀ ਸਲਾਹ ਲਈਏ।
* ਸਾਨੂੰ ਮਰਨ ਦੇ ਅੰਕੜੇ ਦੱਸੇ ਜਾ ਰਹੇ ਹਨ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਨ੍ਹਾਂ ਵਿੱਚੋਂ ਕਿੰਨੇ ਪਹਿਲਾਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਸਨ।
* ਇਸੇ ਤਰ੍ਹਾਂ ਰੋਜ਼ਾਨਾ ਦੇ ਪੌਜ਼ੇਟਿਵ ਕੇਸਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਨ੍ਹਾਂ ਵਿੱਚੋਂ ਮਾਮੂਲੀ ਕਿੰਨੇ ਹਨ, ਮੱਧਮ ਅਤੇ ਗੰਭੀਰ ਕਿੰਨੇ।
* ਡਰਨ ਦੀ ਨਹੀਂ, ਸੁਚੇਤ ਰਹਿਣ ਦੀ ਲੋੜ ਹੈ। ਇੰਜ ਸਮਝੋ ਕਿ ਜੇਕਰ ਕੋਵਿਡ ਹੁੰਦਾ ਹੈ ਤਾਂ 95 ਫ਼ੀਸਦੀ ਤਕ ਬਿਲਕੁਲ ਠੀਕ ਹੋ ਜਾਣਾ ਹੈ। ਜੇਕਰ ਕਿਤੇ ਕਿਸੇ ਹਾਲਤ ਵਿੱਚ ਹਸਪਤਾਲ ਦੀ ਲੋੜ ਵੀ ਪਈ ਤਾਂ ਉੱਥੋਂ ਵੀ 3.5-4.0 ਫ਼ੀਸਦੀ ਠੀਕ ਹੋ ਕੇ ਮੁੜ ਆਉਂਦੇ ਹਨ।
ਇਹਤਿਹਾਤ, ਸਮੇਂ ਸਿਰ ਲੱਛਣਾਂ ਦੀ ਪਛਾਣ, ਲੱਛਣਾਂ ਮੁਤਾਬਕ ਮਾਹਿਰ ਨਾਲ ਸੰਪਰਕ, ਇਸ ਤਕਲੀਫ਼ ਨੂੰ ਵੱਡੀ ਪੱਧਰ ’ਤੇ ਘੱਟ ਕਰ ਸਕਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2821)
(ਸਰੋਕਾਰ ਨਾਲ ਸੰਪਰਕ ਲਈ: