“ਸੰਸਾਰ ਅਮਨ ਨਾਲ ਰਹਿਣਾ ਚਾਹੁੰਦਾ ਹੈ ਤੇ ਮਨੁੱਖੀ ਸਮਰੱਥਾ ਵਿੱਚ ਇਸ ਹਾਲਤ ਨੂੰ ਕਾਇਮ ਕਰਨ ...”
(8 ਮਾਰਚ 2019)
ਜਦੋਂ ਤੋਂ ਹੋਸ਼ ਸੰਭਾਲੀ ਹੈ, ਸਕੂਲੀ ਜੀਵਨ ਵਿੱਚ ਵਿਧੀਵਤ ਤੌਰ ’ਤੇ ਪੜ੍ਹਾਇਆ ਗਿਆ ਤੇ ਸਮਝਾਇਆ ਵੀ ਗਿਆ ਇੱਕ ਅਖਾਣ ਕਿ ਜੇਕਰ ਅਮਨ ਨਾਲ ਰਹਿਣਾ ਚਾਹੁੰਦੇ ਹੋ ਤਾਂ ਜੰਗ ਲਈ ਤਿਆਰ ਰਹੋ। ਹਥਿਆਰ ਵਾਲਾ ਹੀ ਤਾਕਤਵਰ ਹੈ ਤੇ ਤਾਕਤਵਰ ਨੂੰ ਕੋਈ ਨਹੀਂ ਛੇੜਦਾ ਤੇ ਕੋਈ ਉਸ ਨਾਲ ਪੰਗਾ ਨਹੀਂ ਲੈਂਦਾ ਜਾਂ ਕਹੀਏ ਅੱਖ ਚੁੱਕ ਕੇ ਵੀ ਨਹੀਂ ਦੇਖਦਾ ਤੇ ਉਹ ਅਮਨ-ਚੈਨ ਨਾਲ ਰਹਿੰਦਾ ਹੈ। ਸ਼ਾਇਦ ਇਹੀ ਭਾਵ ਹੈ ਇਸਦਾ। ਸਿਰਹਾਣੇ ਹੇਠ ਬੰਦੂਕ ਰੱਖ ਕੇ ਕੋਈ ਚੈਨ ਨਾਲ ਸੌਂ ਸਕਦਾ ਹੈ, ਇਸ ਗੱਲ ਦੀ ਗਵਾਹੀ ਮਨੋਵਿਗਿਆਨ ਤਾਂ ਨਹੀਂ ਭਰਦਾ। ਦੁਨੀਆ ਭਰ ਦੀਆਂ ਖੋਜਾਂ-ਤੱਥਾਂ ਇਸ ਗੱਲ ਨੂੰ ਹੀ ਸਹੀ ਠਹਿਰਾਉਂਦੇ ਹਨ ਕਿ ਕਿਸੇ ਵੀ ਸਮੱਸਿਆ ਦਾ ਹੱਲ ਸਜ਼ਾ ਜਾਂ ਡਰ ਨਹੀਂ ਹੈ। ਹਥਿਆਰਾਂ, ਤਲਵਾਰਾਂ ਨਾਲ ਅਮਨ ਦੀ ਹਾਲਤ ਵਿੱਚ ਨਹੀਂ ਰਿਹਾ ਜਾ ਸਕਦਾ। ਸਾਡਾ ਭਾਰਤੀ ਫ਼ਲਸਫ਼ਾ, ਪੂਰਵ ਦਾ ਸੱਭਿਆਚਾਰ ਅਤੇ ਗਿਆਨ ਤਾਂ ਹੈ ਹੀ ਇਸ ਵਿਚਾਰਧਾਰਾ ’ਤੇ ਅਧਾਰਤ।
ਕੁਝ ਦਿਨ ਪਹਿਲਾਂ ਸਾਰਾ ਦੇਸ਼ ਗਮਗੀਨ ਸੀ। ਸੜਕਾਂ ’ਤੇ ਨਾਅਰੇ, ਮੋਮਬੱਤੀ ਮਾਰਚ, ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਚਰਚਾਵਾਂ ਦਾ ਜ਼ੋਰ ਸੀ। ਹਫ਼ਤੇ ਬਾਅਦ ਹੀ ਦੇਸ਼ ਖੁਸ਼ ਹੈ, ਨੱਚ ਰਿਹਾ ਹੈ ਤੇ 1000 ਕਿਲੋ ਦੇ ਬੰਬਾਂ ਨੇ ਇੱਕ ਬਦਲੇ ਤਰਕੀਬਨ ਦਸ ਸਿਰਾਂ, ਆਪਣੀ ਕਹੀ ਗੱਲ ਅਨੁਸਾਰ ਬਦਲਾ ਲੈ ਲਿਆ ਹੈ ਤੇ ਸ਼ਾਇਦ ਉਸ ਰਾਤ ਸਾਰਾ ਦੇਸ ਚੈਨ ਨਾਲ ਸੁੱਤਾ ਹੈ। ਇਸ ਸਾਰੇ ਕਾਰਜ ਨੂੰ ਸਰਜੀਕਲ ਸਟਰਾਈਕ-99 ਕਿਹਾ ਜਾ ਰਿਹਾ ਹੈ। ਉਸ ਵੇਲੇ ਵੀ ਅਜਿਹੀ ਹਾਲਤ ਸੀ, ਪਰ ਹੁਣ ਕੁਝ ਵਧ-ਚੜ੍ਹ ਕੇ ਸਾਰੇ ਦੇਸ਼ ਦੀਆਂ ਭਾਵਨਾਵਾਂ ਨੂੰ ਟੀ ਵੀ ਦੇ ਹਰ ਚੈਨਲ ’ਤੇ ਪੇਸ਼ ਕੀਤਾ ਜਾ ਰਿਹਾ ਸੀ। ਸ਼ਾਇਦ ਦੇਸ਼ ਵਿੱਚ ਚੋਣਾਂ ਦੇ ਮਾਹੌਲ ਵਿੱਚ ਇਸ ਨੂੰ ਗਰਮਾਉਣਾ ਆਸਾਨ ਵੀ ਸੀ, ਕਿਉਂਕਿ ਦੇਸ਼ ਦੇ ਬਹੁਤੇ ਲੋਕ ਤਾਂ ਪਹਿਲਾਂ ਹੀ ਸੜਕਾਂ/ਰੈਲੀਆਂ ਲਈ ਉਮੜ ਰਹੇ ਹਨ।
ਪੰਜਾਬ ਦੇ ਲੋਕਾਂ ਵਿੱਚ ਬਾਕੀ ਦੇਸ਼ ਨਾਲੋਂ ਕੁਝ ਘੱਟ ਜਜ਼ਬਾਤੀ ਰੋਹ ਨਜ਼ਰ ਆ ਰਿਹਾ ਸੀ। ਕਾਰਨ ਵੀ ਹੈ ਕਿ ਪੰਜਾਬ ਬਾਰਡਰ ਸਟੇਟ ਹੈ ਅਤੇ ਜੰਗ ਕੀ ਹੁੰਦੀ ਹੈ, ਇਸ ਬਾਰੇ ਅਸੀਂ ਜਾਣਦੇ ਹਾਂ। ਕਿਹਾ ਜਾਂਦਾ ਹੈ ਕਿ ਜੰਗ ਉਹ ਚਾਹੁੰਦੇ ਨੇ, ਜਿਨ੍ਹਾਂ ਨੇ ਜੰਗ ਕਦੇ ਲੜੀ ਨਾ ਹੋਵੇ। ਪੰਜਾਬ ਨੇ ਸੰਨ ’65 ਅਤੇ ’71 ਦੀ ਜੰਗ ਦਾ ਹਸ਼ਰ ਦੇਖਿਆ ਹੈ। ਭਾਵੇਂ ਇਸ ਨੂੰ ਪੰਜਾਹ ਸਾਲ ਦੇ ਕਰੀਬ ਹੋ ਚੁੱਕੇ ਹਨ, ਪਰ ਦੇਸ਼ ਦੇ ਬਾਰਡਰਾਂ ਦੇ ਘਰਾਂ ਵਿੱਚ ਅਤੇ ਪੰਜਾਬ ਦੇ ਹੋਰ ਬਹੁਤੇ ਨੌਜਵਾਨਾਂ ਦੇ ਘਰਾਂ ਵਿੱਚ, ਜੋ ਜੰਗ ਲੜਨ ਤੋਂ ਬਾਅਦ ਘਰੇ ਨਹੀਂ ਮੁੜੇ, ਅਜੇ ਵੀ ਤਾਜ਼ਾ ਹਨ।
ਅੱਜ ਦੀ ਤਰੀਕ ਵਿੱਚ ਪੰਜਾਬ ਦੇ ਛੇ ਜ਼ਿਲ੍ਹੇ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਹਨ। ਦੇਸ਼ ਦੀਆਂ ਅਹਿਮ ਥਾਵਾਂ ਅਤੇ ਇਨ੍ਹਾਂ ਜ਼ਿਲ੍ਹਿਆਂ ਅਤੇ ਗੁਜਰਾਤ ਵਿੱਚ ਹਾਈ ਅਲਰਟ ਹੈ। ਇਹ ਹਾਈ ਅਲਰਟ ਹੈ ਜੰਗ ਦੀ ਤਿਆਰੀ ਦਾ ਸੰਕੇਤ ਜਾਂ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਠਿਕਾਣੇ ਤਬਾਹ ਕਰਨ ਤੋਂ ਬਾਅਦ ਦੀ ਖੁਸ਼ੀ ਦਾ ਸਿੱਟਾ?
ਅੰਮ੍ਰਿਰਤਸਰ ਬਾਰਡਰ ਜ਼ਿਲ੍ਹਾ ਹੈ ਤੇ ਦੋਵੇਂ ਲੜਾਈਆਂ ਵਿੱਚ ਪ੍ਰਭਾਵਤ ਹੋਇਆ ਹੈ। ਇਸ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਚੰਡੀਗੜ੍ਹ ਤੋਂ ਤਬਦੀਲ ਹੋ ਕੇ ਆਇਆ ਤੇ ਕੁਝ ਸਮਾਜਿਕ ਸਰੋਕਾਰ ਦੀ ਪਿੱਠ ਭੂਮੀ ਹੋਣ ਕਾਰਨ, ਇੱਕ ਸੰਸਥਾ ਬਣਾਉਣੀ ਕਰ ਦਿੱਤੀ ਤੇ ਨਾਂਅ ਰੱਖਿਆ- ਸਪੈਕਟਰਮ। ਫਿਰ ਇਸ ਨਾਂਅ ’ਤੇ ਅੱਠ ਅੱਖਰਾਂ ਨੂੰ ਸਾਹਮਣੇ ਰੱਖ ਕੇ ਸੰਸਥਾ ਦੇ ਉਦੇਸ਼ ਮਿੱਥਣ ਲੱਗੇ। ਜਿਵੇਂ ਐੱਸ ਤੋਂ ਸੈਕੂਲਰ, ਈ ਤੋਂ ਐਜੂਕੇਸ਼ਨ ਅਤੇ ਪੀ ਤੋਂ ਰੱਖਿਆ- ਪੈਟਰੀਔਟਿਜ਼ਮ, ਭਾਵ ਦੇਸ਼ ਭਗਤੀ। ਇਸ ਉੱਪਰ ਚਰਚਾ ਕਰਦਿਆਂ ਇੱਕ ਬਜ਼ੁਰਗ ਸਾਥੀ ਨੇ ਕਿਹਾ, ਇਹ ਦੇਸ਼ ਭਗਤੀ ਦਾ ਉਦੇਸ਼ ਠੀਕ ਨਹੀਂ ਹੈ। ਇਸ ਵਿੱਚ ਆਪਣੇ ਦੇਸ਼ ਨਾਲ ਪਿਆਰ ਦੀ ਗੱਲ ਤਾਂ ਜ਼ਰੂਰ ਹੈ, ਪਰ ਨਾਲ ਹੀ ਦੂਸਰੇ ਦੇਸ਼ ਨਾਲ ਨਫ਼ਰਤ ਵੀ ਲੁਕੀ ਹੋਈ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇੱਥੇ ਪੀ ਤੋਂ ਪੀਸ ਰੱਖੋ - ਮਤਲਬ ਸ਼ਾਂਤੀ। ਇਹ ਗੱਲ ਸਿਰਫ਼ ਉਹ ਵਿਅਕਤੀ ਸਮਝ ਅਤੇ ਸੁਝਾਅ ਸਕਦਾ ਹੈ, ਜਿਸ ਨੇ ਦੇਸ਼ ਭਗਤੀ ਦੀ ਜਨੂੰਨੀ ਦੇਖੀ ਹੋਵੇ ਤੇ ਜੰਗ ਦੇ ਸਿੱਟੇ ਆਪਣੇ ਪਿੰਡੇ ’ਤੇ ਹੰਡਾਏ ਹੋਣ।
ਕੁਦਰਤ ਨੇ ਸਾਨੂੰ ਧਰਤੀ ਦਿੱਤੀ ਹੈ, ਬਾਰਡਰ ਮਨੁੱਖ ਨੇ ਸਿਰਜੇ ਹਨ। ਮਨੁੱਖ ਨੇ ਕੁਦਰਤ ਦੇ ਬਾਰਡਰਾਂ (ਪਹਾੜ, ਸਮੁੰਦਰ ਆਦਿ) ਸਭ ਨੂੰ ਗਾਹ ਲਿਆ, ਕਿਸੇ ਨੂੰ ਰੁਕਾਵਟ ਨਹੀਂ ਸਮਝਿਆ। ਪਰ ਖੁਦ ਦੇ ਸਿਰਜੇ ਬਾਰਡਰਾਂ ਨੂੰ ਆਪਣੇ ਹੀ ਮਨੁੱਖੀ ਖ਼ੂਨ ਨਾਲ ਇੰਨਾ ਗੂੜ੍ਹਾ ਕਰ ਦਿੱਤਾ ਕਿ ਇਨ੍ਹਾਂ ਨੂੰ ਲੰਘਣ ਲਈ ਜਾਨ ਦੀ ਬਾਜ਼ੀ ਲਗਾਉਣ ਦਾ ਸਵਾਲ ਖੜ੍ਹਾ ਹੋ ਗਿਆ। ਕੁਦਰਤ ਦੇ ਬਾਰਡਰਾਂ ਤੋਂ ਅੱਗੇ, ਕੁਝ ਬਾਰਡਰਾਂ ਦੀ ਲੋੜ ਪ੍ਰਸ਼ਾਸਨਿਕ ਪੱਧਰ ’ਤੇ ਵੀ ਪੈਂਦੀ ਹੈ। ਅਸੀਂ ਆਪਣੀ ਜ਼ਮੀਨ ਤੇ ਆਪਣੇ ਦੇਸ਼ ਵਿੱਚ ਅਨੇਕਾਂ ਹੀ ਰਾਜ-ਪ੍ਰਦੇਸ਼ ਦੇ ਰੂਪ ਵਿੱਚ ਦੇਖਦੇ ਹਾਂ ਤੇ ਨਾਲ ਹੀ ਸਾਡੇ ਮਨਾਂ ਵਿੱਚ ਇੱਕ ਦੂਸਰੇ ਪ੍ਰਤੀ ਭਾਰਤੀ ਹੋਣ ਤੋਂ ਪਹਿਲਾਂ ਉੱਤਰੀ-ਦੱਖਣੀ ਹੋਣ ਪ੍ਰਤੀ ਨਫ਼ਰਤ ਦਾ ਭਾਵ ਹੈ। ਸਾਨੂੰ ਬਿਹਾਰੀ ਨਾਲ ਨਫ਼ਰਤ ਹੈ। ਯੂ ਪੀ ਦੇ ਭਈਏ ਨਾਲ ਚਿੜ ਹੈ।
ਇਹ ਨਫ਼ਰਤ ਸਾਨੂੰ, ਦੂਸਰੇ ਪਾਸੇ ਦੇਸ਼ ਭਗਤੀ ਦੀ ਅੱਗ ਦਾ ਸੇਕ ਵਧਾਉਣ ਦੇ ਕੰਮ ਆਉਂਦੀ ਹੈ। ਚੱਕ ਦਿਓ, ਮੁਕਾ ਦਿਓ, ਚੀਜ਼ ਕੀ ਨੇ ਵਰਗੇ ਨਾਅਰੇ ਅਤੇ ਮੀਡੀਆ ਦੇ ਮੁੱਖ ਸਿਰਲੇਖ ਸਾਹਮਣੇ ਆ ਰਹੇ ਹਨ। ਇਹ ਮੌਕੇ ਮੀਡੀਆ ਦੀ ਖੁਰਾਕ ਬਣ ਗਏ ਹਨ ਤੇ ਮਹੀਨਿਆਂ ਬੱਧੀ ਉਹ ਇਨ੍ਹਾਂ ’ਤੇ ਪ੍ਰੋਗਰਾਮ ਚਲਾ ਸਕਦੇ ਹਨ, ਜਿਵੇਂ ਰਾਮ ਰਹੀਮ ਜਾਂ ਪਦਮਾਵਤੀ ’ਤੇ ਚੱਲੇ ਹਨ ਅਤੇ ਹਾਲਾਤ ਸਾਵੇਂ ਹੋਣ ਨੂੰ ਉਡੀਕੇ ਬਿਨਾਂ ਕੋਈ ਨਵਾਂ ਮੁੱਦਾ ਮਿਲਣ ’ਤੇ ਇਹ ਸਭ ਗਾਇਬ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਯਾਦ ਵੀ ਨਹੀਂ ਕਰਦੇ।
ਜੰਗ ਦੇ ਨੁਕਸਾਨ ਸਿਰਫ਼ ਬਾਰਡਰਾਂ ’ਤੇ ਜਾਨੀ ਜਾਂ ਨੇੜੇ-ਤੇੜੇ ਸਿਰਫ਼ ਮਾਲੀ ਨੁਕਸਾਨ ਹੀ ਨਹੀਂ ਹੁੰਦੇ, ਇਸਦੀ ਮਾਰ ਨੂੰ ਸਰੀਰਕ, ਸਮਾਜਿਕ ਅਤੇ ਮਾਨਸਿਕ ਧਰਾਤਲ ’ਤੇ ਵੀ ਮਹਿਸੂਸ ਕਰਨਾ ਚਾਹੀਦਾ ਹੈ। ਇੱਕ ਮਿੰਨੀ ਕਹਾਣੀ ਸਾਂਝੀ ਕਰਦੇ ਹੋਏ-
ਇੱਧਰ ਸ਼ਾਮ ਦਾ ਵੇਲਾ ਹੁੰਦਾ ਤੇ ਉੱਧਰ ਪਿੰਡ ਦੇ ਨਵੇਂ-ਨਵੇਂ ਜਵਾਨ ਹੋਏ ਮੁੰਡਿਆਂ ਦਾ ਝੁੰਡ ਮਹੇਸ਼ ਚਾਹ ਵਾਲੇ ਦੀ ਭੱਠੀ ਦੇ ਆਸੇ-ਪਾਸੇ ਫਤਹਿ ਅਲੀ ਨੂੰ ਘੇਰ ਕੇ ਬੈਠ ਜਾਂਦਾ। “ਤਾਇਆ! ਤੁਸੀਂ ਤਾਂ 65 ਦੀ ਲੜਾਈ ਲੜੇ ਹੋ, ਕੋਈ ਕਿੱਸਾ ਸੁਣਾਓ।” ਸਾਰੇ ਫਰਮਾਇਸ਼ ਕਰਦੇ ਤੇ ਫਤਹਿ ਅਲੀ ਦੀਆਂ ਯਾਦਾਂ ਭੱਠੀ ’ਤੇ ਚੜ੍ਹੇ ਪਤੀਲੇ ਦੀ ਚਾਹ ਵਾਂਗ ਉਬਾਲ ਖਾਣ ਲੱਗਦੀਆਂ।
ਕਦੇ ਨਾਲੇ ਦੇ ਉਸ ਪਾਰ ਜੰਗੀ ਤੋਪਾਂ ਦੀ ਗੜਗੜਾਹਟ ਤੇ ਕਦੇ ਦੁਸ਼ਮਣ ਦੀ ਟੋਲੀ ’ਤੇ ਵਰ੍ਹਾਈਆਂ ਗੋਲੀਆਂ। ਕਿੱਸੇ ਉਸਦੀ ਜ਼ੁਬਾਨ ਤੋਂ ਹਰਫ਼ ਦਰ ਹਰਫ਼ ਸ਼ੋਅਲੇ ਬਣ ਕੇ ਨਿਕਲਦੇ ਤੇ ਮਾਹੌਲ ਗਰਮਾਅ ਜਾਂਦਾ। ਪੂਰਾ ਪਿਟਾਰਾ ਭਰਿਆ ਸੀ ਜੰਗੀ ਕਿੱਸਿਆਂ ਦਾ ਉਸਦੇ ਅੰਦਰ ਤੇ ਹੁੰਦਾ ਵੀ ਕਿਉਂ ਨਾ ਭਲਾ? ਵਾਲਿਦ ਸਾਹਿਬ, ਫਤਹਿ ਅਲੀ ਖੁਦ ਤੇ ਉਸਦਾ ਪੁੱਤਰ ਤਿੰਨ ਪੁਸ਼ਤਾਂ ਫ਼ੌਜ ਵਿੱਚ ਰਹੀਆਂ ਸੀ ਉਸਦੀਆਂ। ਕਿੱਸਿਆਂ ਦਾ ਸਿਲਸਿਲਾ ਚੜ੍ਹਦੀ ਰਾਤ ਤੱਕ ਚੱਲਦਾ ਰਹਿੰਦਾ, ਜਦ ਤੱਕ ਫਤਹਿ ਅਲੀ ਦੀ ਨੂੰਹ ਉਸ ਨੂੰ ਖਾਣਾ ਖਾਣ ਲਈ ਆਵਾਜ਼ ਨਾ ਦੇਂਦੀ।
ਅੱਜ ਹਵਾਵਾਂ ਵਿੱਚ ਅਜੀਬ ਜਿਹੀ ਗਰਮੀ ਸੀ। ਚਾਹ ਦੀ ਦੁਕਾਨ ਦੇ ਪਿੱਛੇ ਰੱਖਿਆ ਟੀ ਵੀ ਆਪਣੀ ਤੇਜ਼-ਤਿੱਖੀ ਆਵਾਜ਼ ਵਿੱਚ ਸਰਹੱਦ ’ਤੇ ਜੰਗ ਦੀ ਭਵਿੱਖਬਾਣੀ ਕਰ ਰਿਹਾ ਸੀ। ਅਚਾਨਕ ਇੱਕ ਨੌਜਵਾਨ ਸਿੱਧਾ ਉੱਠ ਕੇ ਬੋਲਿਆ, “ਗੱਲਾਂ ਨਾਲ ਕੋਇਆ ਫਾਇਦਾ ਨਹੀਂ ਹੋਵੇਗਾ, ਜੰਗ ਸ਼ੁਰੂ ਹੋ ਜਾਣੀ ਚਾਹੀਦੀ ਹੈ। ਇਹ ਬਗੈਰ ਜੰਗ ਲੜੇ ਨਹੀਂ ਸੁਧਰਨਗੇ। ਤੁਸੀਂ ਕੀ ਕਹਿੰਦੇ ਹੋ ਤਾਇਆ ਜੀ?”
“ਬਿਲਕੁਲ ਦਰੁਸਤ ਕਹਿ ਰਿਹਾ ਹੈ ਬਰਖੁਰਦਾਰ, ਪਰ ...” ਫਤਹਿ ਅਲੀ ਬੋਲਿਆ ਹੀ ਸੀ ਕਿ “ਅੱਬੂ ਰੋਟੀ ਤਿਆਰ ਹੈ।” ਨੂੰਹ ਬਿਲਕੁਲ ਸਾਹਮਣੇ ਆ ਕਹਿ ਰਹੀ ਸੀ।
ਕਈ ਦਫ਼ਾ ਬੁਲਾਉਣ ਦੇ ਬਾਵਜੂਦ ਜਦ ਫਤਹਿ ਅਲੀ ਉਸਦੀ ਆਵਾਜ਼ ਨਾ ਸੁਣ ਸਕਿਆ ਤਾਂ ਉਹ ਉੱਥੇ ਆ ਗਈ ਸੀ। ਬੇਰੰਗ ਚੁੰਨੀ ਵਿੱਚੋਂ ਝਲਕਦੀ ਉਸਦੀ ਸੁੰਞੀਂ ਮਾਂਗ ਦੇਖ ਫਤਹਿ ਅਲੀ ਅਚਾਨਕ ਸਹਿਮ ਗਿਆ ਤੇ ਫੌਰਨ ਉੱਠ ਕੇ ਘਰੇ ਤੁਰ ਪਿਆ।
“ਪਰ ਕੀ ਤਾਇਆ ਜੀ, ਜਵਾਬ ਤਾਂ ਦੇਂਦੇ ਜਾਓ।” ਮੁੰਡੇ ਨੇ ਪਿੱਛੋਂ ਆਵਾਜ਼ ਮਾਰੀ।
ਫਤਹਿ ਅਲੀ ਦੇ ਪੈਰ ਰੁਕ ਗਏ, ਇੱਕ ਸਹਿਮੀ ਨਜ਼ਰ ਨੂੰਹ ’ਤੇ ਮਾਰੀ ਤੇ ਫਿਰ ਬੋਲਿਆ, “ਜੰਗ ਜ਼ਿੰਦਗੀ ਦਾ ਰੰਗ ਖੁਰਚ ਲੈਂਦੀ ਹੈ, ਉਸ ਨੂੰ ਜੰਗ ਲਾ ਦੇਂਦੀ ਹੈ।” ਮੁੰਡਾ ਹੈਰਾਨੀ ਨਾਲ ਜਾਂਦੇ ਹੋਏ ਫਤਹਿ ਅਲੀ ਦੀ ਪਿੱਠ ਤੱਕੀ ਜਾ ਰਿਹਾ ਸੀ। ਉੱਪਰ ਭੱਠੀ ’ਤੇ ਉਬਲਦੀ ਚਾਹ ਨਾਲ ਅੱਗ ਦੇ ਸੇਕ ਵਿੱਚ ਇੱਕ ਵਾਰੀ ਭਬਕ ਜਿਹੀ ਹੋਈ ਤੇ ਚਾਹ ਪਤੀਲੀ ਵਿੱਚ ਹੀ ਸਿਮਟ ਗਈ।
ਜੇਕਰ ਸਾਨੂੰ ਯਾਦ ਹੈ ਤਾਂ ਪਹਿਲੀ ਵਿਸ਼ਵ ਜੰਗ ਵਿੱਚ ਤਕਰੀਬੰਨ ਤਿੰਨ ਕਰੋੜ ਅਤੇ ਦੂਸਰੀ ਵਿੱਚ ਛੇ ਕਰੋੜ ਲੋਕ ਮਾਰੇ ਗਏ। ਦੂਸਰੀ ਵਿਸ਼ਵ ਜੰਗ ਤੋਂ ਬਾਅਦ ਚੇਤੰਨ ਲੋਕਾਂ ਨੇ ਵਿਚਾਰਿਆ ਤੇ ਯੂ ਐੱਨ ਓ ਦੀ ਸਥਾਪਨਾ ਹੋਈ। ਜਨੇਵਾ ਕਨਵੈਨਸ਼ਨ ਹੋਂਦ ਵਿੱਚ ਆਈ। ਵਿਸ਼ਵ ਦੇ ਸਾਹਮਣੇ ਹੋਰ ਚੁਣੌਤੀਆਂ ਦੇ ਨਿਪਟਾਰੇ ਲਈ ਵਿਸ਼ਵ ਸਿਹਤ ਸੰਸਥਾ, ਯੂਨੀਸੈਫ਼ ਵਰਗੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ। ਉਸ ਸਮੇਂ ਦੇ ਕੱਟੜ ਦੁਸ਼ਮਣ ਫਰਾਂਸ ਤੇ ਜਰਮਨੀ, ਇੰਗਲੈਂਡ ਤੇ ਇਟਲੀ ਅੱਜ ਗੂੜ੍ਹੇ ਦੋਸਤ ਹਨ, ਆਪਣੇ ਬਾਰਡਰਾਂ ਨੂੰ ਭੁਲਾ ਕੇ, ਮਿਲ ਕੇ ਰਹਿੰਦੇ ਹਨ।
ਅੱਜ ਦੇ ਸਮੇਂ ਵਿੱਚ ਜੰਗ ਦਾ ਮਾਹੌਲ ਦੱਖਣੀ ਏਸ਼ੀਆ ਦੇ ਖੇਤਰ ਤੱਕ ਸਿਮਟ ਗਿਆ ਹੈ। ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾ ਦੇਸ਼ ਆਦਿ ਦੇਸ਼ ਆਪਣੀ ਗਰੀਬੀ ਵਿੱਚੋਂ ਸਭ ਤੋਂ ਵੱਧ ਪੈਸਾ ਹਥਿਆਰਾਂ ਲਈ ਰੱਖਦੇ ਹਨ। ਉਨ੍ਹਾਂ ਨੂੰ ਇਹ ਸੁਨੇਹਾ ਪਤਾ ਨਹੀਂ ਕਿਵੇਂ ਵਧੀਆ ਅਤੇ ਸਾਰਥਿਕ ਲੱਗਦਾ ਹੈ ਕਿ ਹਥਿਆਰਾਂ ਨਾਲ ਸ਼ਾਂਤੀ ਹੋ ਸਕਦੀ ਹੈ। ਹਥਿਆਰ ਬਣਾਉਣ ਅਤੇ ਵੇਚਣ ਵਾਲੇ ਮੁਲਕ ਇਨ੍ਹਾਂ ਦੇਸ਼ਾਂ ਨੂੰ ਹਥਿਆਰ ਵੇਚ ਕੇ ਖੁਸ਼ਹਾਲ ਹਨ ਅਤੇ ਹਥਿਆ ਖਰੀਦਣ ਵਾਲੇ ਗ਼ਰੀਬ ਤੋਂ ਗਰੀਬ ਹੋ ਰਹੇ ਹਨ।
ਅਸੀਂ ਭਾਵੇਂ ਆਰਥਿਕ ਵਿਕਾਸ ਦੇ ਦਮਗਜੇ ਮਾਰੀਏ, ਪਰ ਸਿਹਤ ਅਤੇ ਸਿੱਖਿਆ ਦੇ ਪੈਮਾਨੇ ’ਤੇ ਸਾਡੇ ਦੋਹਾਂ ਦੇਸ਼ਾਂ ਦੀ ਹਾਲਤ ਬਿਲਕੁਲ ਇੱਕੋ ਜਿਹੀ ਹੈ।
ਜੰਗ ਦੀ ਅਸਲੀਅਤ ਨੂੰ ਹੈਰੀ ਪੈਚ (1898-2009) ਜੋ ਕਿ ਪਹਿਲੀ ਸੰਸਾਰ ਜੰਗ ਦਾ ਬਜ਼ੁਰਗ ਫ਼ੌਜੀ ਸੀ, ਤੋਂ ਵਧੀਆ ਹੋਰ ਕੌਣ ਬਿਆਨ ਕਰ ਸਕਦਾ ਹੈ-
‘ਜਿਨ੍ਹਾਂ ਲੀਡਰਾਂ ਨੇ ਸਾਨੂੰ ਜੰਗ ਵਿੱਚ ਝੋਕਿਆ, ਉਨ੍ਹਾਂ ਨੂੰ ਹੀ ਬੰਦੂਕਾਂ ਫੜਾ ਕੇ ਆਪਣੇ ਮਸਲੇ ਨਜਿੱਠਣ ਲਈ ਕਿਉਂ ਨਾ ਕਿਹਾ ਜਾਵੇ। ਇਨ੍ਹਾਂ ਸਿਆਸਤਦਾਨਾਂ ਨੇ ਜੋ ਕੀਤਾ, ਉਹ ਇੱਕ ਮਹਾਂ-ਕਤਲੇਆਮ ਸੀ।’
ਸਮਾਜ ਮਨੋਵਿਗਿਆਨੀ ਡਰਖੇਮ ਸ਼ਹੀਦੀ ਨੂੰ ਵੀ ਇੱਕ ਭਰਮਈ ਹੋਈ ਹਾਲਤ ਦੀ ‘ਖੁਦਕੁਸ਼ੀ’ ਹੀ ਕਹਿੰਦਾ ਹੈ।
ਸੰਸਾਰ ਅਮਨ ਨਾਲ ਰਹਿਣਾ ਚਾਹੁੰਦਾ ਹੈ ਤੇ ਮਨੁੱਖੀ ਸਮਰੱਥਾ ਵਿੱਚ ਇਸ ਹਾਲਤ ਨੂੰ ਕਾਇਮ ਕਰਨ ਦੀ ਭਾਵਨਾ ਦਰਜ ਹੈ। ਇਸ ’ਤੇ ਵਿਚਾਰ ਕਰਨਾ ਬਣਦਾ ਹੈ। ਜੰਗਾਂ ਨੇ ਕਦੇ ਮਸਲੇ ਹੱਲ ਨਹੀਂ ਕੀਤੇ।
*****
(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1502)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)