ShyamSDeepti7ਸ਼ਰਾਬ ਲੈਣ ਲਈ ਘਰੋਂ ਨਿਕਲ ਕੇ ਦੁਕਾਨ ਤਕ ਜਾਣਾ ਪੈਂਦਾ ਹੈ, ਪਰ ਸਮੈਕ ਜਾਂ ਹੀਰੋਇਨ ...
(10 ਸਤੰਬਰ 2019)

 

ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਅਨੇਕਾਂ ਕਾਰਨਾਂ ਵਿੱਚੋਂ, ਇੱਕ ਮੁੱਦਾ ਸੀ ਪੰਜਾਬ ਵਿੱਚ ਵਿਕਰਾਲ ਰੂਪ ਧਾਰ ਰਹੀ ਨਸ਼ਿਆਂ ਦੀ ਸਮੱਸਿਆਜਿਸ ਨੂੰ ਲੈ ਕੇ ਉਸ ਸਮੇਂ ਦੀ ਮੌਜੂਦਾ ਸਰਕਾਰ ਨੂੰ ਭੰਡਿਆ ਗਿਆ ਤੇ ਆਪਣੇ ਵਲੋਂ ਇਸ ਸਮੱਸਿਆ ਨੂੰ ਸਿਰਫ਼ ਠੱਲ੍ਹ ਪਾਉਣ ਦੀ ਗੱਲ ਹੀ ਨਹੀਂ, ਸਗੋਂ ਜੜ੍ਹੋਂ ਪੁੱਟਣ ਦੀ ਗੱਲ ਕੀਤੀ ਗਈਹਰ ਪੰਜ ਸਾਲ ਬਾਅਦ, ਕੀਤੇ ਜਾਣ ਵਾਲੇ ਵਾਅਦਿਆਂ ਵਾਂਗ, ਪ੍ਰਦੇਸ਼ ਦੇ ਤੰਗ ਆਏ ਲੋਕਾਂ ਨੂੰ ਲੱਗਿਆ ਕਿ ਇਸ ਵਾਰੀ ਇਹ ਜ਼ਰੂਰ ਕੁਝ ਕਰਕੇ ਦਿਖਾਉਣਗੇਖਾਸ ਕਰਕੇ ਉਦੋਂ ਜਦੋਂ ਧਾਰਮਿਕ ਗ੍ਰੰਥਾਂ ਦੇ ਹਵਾਲੇ ਨਾਲ, ਲੋਕਾਂ ਦੇ ਜਜ਼ਬਾਤਾਂ ਨੂੰ, ਇਸ ਵਾਅਦੇ ਨੂੰ ਪੂਰਾ ਕਰਨ ਦਾ ਜ਼ਰੀਆ ਬਣਾਇਆ ਗਿਆ ਹੋਵੇ

ਪਰ ਚੋਣਾਂ ਦਰ ਚੋਣਾਂ, ਵਾਅਦਿਆਂ ਉੱਤੇ ਯਕੀਨ ਵੀ ਕੀਤਾ ਜਾਂਦਾ ਹੈ ਤੇ ਧੋਖਾ ਖਾ ਕੇ ਪਛਤਾਵਾ ਵੀ ਹੁੰਦਾ ਹੈ। ਜਾਂ ਕਹੀਏ, ਪਿਛਲੇ ਕਈ ਦਹਾਕਿਆਂ ਤੋਂ ਜਿਵੇਂ ਲੋਕ ਲਾਚਾਰ ਹੋਣ ਕਿ ਕਿਸ ਨੂੰ ਸੱਤਾ ਵਿੱਚ ਲਿਆਈਏ, ਕਿਉਂ ਜੋ ਕੁਝ ਕੁ ਚਿਹਰੇ ਹੀ ਹਨ, ਜੋ ਦਿਸਦੇ ਹਨਇਹ ਵੀ ਕਹਿ ਸਕਦੇ ਹਾਂ ਕਿ ਰਾਜਨੀਤੀ ਵਿੱਚ ਅਜਿਹਾ ਮਾਹੌਲ ਬਣਾ ਦਿੱਤਾ ਗਿਆ ਹੈ ਕਿ ਗਿਣੇ-ਚੁਣੇ ਲੋਕਾਂ/ਪਰਿਵਾਰਾਂ ਤੋਂ ਸਿਵਾ ਰਾਜਨੀਤੀ ਵਿੱਚ ਆਉਣ ਲਈ ਕਿਸੇ ਦਾ ਹੀਆ ਹੀ ਨਹੀਂ ਪੈਂਦਾ

ਜੇਕਰ ਇਸ ਸਰਕਾਰ ਦਾ ਤਕਰੀਬਨ ਅੱਧਾ ਸਮਾਂ ਲੰਘ ਜਾਣ ਤੋਂ ਬਾਅਦ ਵੱਖ ਵੱਖ ਸਰਕਾਰੀ ਮਹਿਕਮਿਆਂ ਤੋਂ ਜਾਰੀ ਹੋਏ ਫਰਮਾਨਾਂ ਅਤੇ ਬਿਆਨਾਂ ਵੱਲ ਝਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਬਹੁਤ ਉੱਦਮ ਹੋਏ ਹਨ, ਜਿਵੇਂ ਨੌਜਵਾਨਾਂ ਲਈ ਸਕੂਲਾਂ-ਕਾਲਜਾਂ ਵਿੱਚ ‘ਬਡੀ’ ਪ੍ਰੋਗਰਾਮ ਜਿਸਦੇ ਤਹਿਤ ਇੱਕ ਨੌਜਵਾਨ ਕੁਝ ਹੋਰ ਸਾਥੀਆਂ ਬਾਰੇ ਨਜ਼ਰ ਰੱਖੇਗਾ ਤੇ ਅਧਿਆਪਕ ਤਕ ਜਾਣਕਾਰੀ ਦੇਵੇਗਾ। ਸਪੈਸ਼ਲ ਟਾਸਕ ਫੋਰਸ, ਨਸ਼ਾ ਕਰ ਰਹੇ ਵਿਅਕਤੀਆਂ ਲਈ ‘ਊਟਸ’ ਪ੍ਰੋਗਰਾਮ, ਜਿਸਦੇ ਤਹਿਤ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿੱਚ ਨਸ਼ਾ ਛੱਡਣ ਵਾਲੀ ਦਵਾਈ ਨੂੰ ਆਪਣੀ ਨਿਗਰਾਨੀ ਹੇਠ ਖਵਾਉਣ ਦਾ ਇੰਤਜ਼ਾਮ, ਨਸ਼ਿਆਂ ਦੀ ਛੇਤੀ ਪਛਾਣ ਲਈ ਡੋਪ ਟੈਸਟ, ਹਰ ਬਲਾਕ/ਤਹਿਸੀਲ ਪੱਧਰ ਉੱਤੇ ਦਸ ਬਿਸਤਰਿਆਂ ਵਾਲਾ ਨਸ਼ਾ ਛੂਡਾਉ ਕੇਂਦਰ, ਸਰਕਾਰ ਵਲੋਂ ਕੇਂਦਰ ਤੋਂ ਨਸ਼ਾ ਵੰਡਣ/ਵੇਚਣ ਵਾਲੇ ਸਮਗਲਰਾਂ ਲਈ ਮੌਤ ਦੀ ਸਜ਼ਾ ਅਤੇ ਉਨ੍ਹਾਂ ਦੀ ਜਾਇਦਾਦ ਦੀ ਕੁਰਕੀ ਅਤੇ ਇਸਦੇ ਨਾਲ ਹੀ ਲੋਕਾਂ ਨੂੰ ਨਾਲ ਜੋੜ ਕੇ ‘ਚਿੱਟੇ ਖਿਲਾਫ਼ ਕਾਲਾ ਹਫਤਾ’ ਵਰਗੇ ਜਾਗਰੂਕਤਾ ਵਾਲੇ ਪ੍ਰੋਗਰਾਮ ਆਦਿ ਕਾਰਜ ਹੁੰਦੇ ਨਜ਼ਰ ਆਏਇਨ੍ਹਾਂ ਸਭ ਕਾਰਵਾਈਆਂ ਦੇ ਬਾਵਜੂਦ, ਇਹ ਗੱਲ ਕਿਉਂ ਮਹਿਸਸ ਹੁੰਦੀ ਹੈ ਕਿ ਕੋਸ਼ਿਸ਼ਾਂ ਵਿੱਚ ਸੰਜੀਦਗੀ ਨਹੀਂ ਹੈਦਰਅਸਲ ਨਸ਼ਿਆਂ ਦੀ ਵਰਤੋਂ ਨੂੰ ਲੈ ਕੇ ਸਥਿਤੀ ਵਿੱਚ ਕੋਈ ਜ਼ਿਕਰਯੋਗ ਫ਼ਰਕ ਨਹੀਂ ਪਿਆ ਦਿਸਦਾ

ਨਸ਼ੇ ਦੀ ਸਮੱਸਿਆ ਲਈ ਉਪਰਾਲੇ ਵੱਧ ਅਤੇ ਸਥਿਤੀ ਦਾ ਸਾਵਾਂ ਹੋਣਾ ਘੱਟ ਇਸ ਲਈ ਹੈ ਕਿ ਇਸਦੀ ਸਮਝ ਸਤਹੀ ਵੱਧ ਹੈਸਰਕਾਰ ਤੋਂ ਲੈ ਕੇ ਸਵੈ ਸੇਵੀ ਸੰਸਥਾਵਾਂ, ਆਪਣੇ ਆਪਣੇ ਨੁਕਤਾ ਨਿਗਾਹ ਤੋਂ ਕਿਸੇ ਇੱਕ ਪੱਖ ਨੂੰ ਲੈ ਕੇ ਮੁਹਿੰਮ ਸ਼ੁਰੂ ਕਰ ਲੈਂਦੀਆਂ ਹਨ ਤੇ ਉਹ ਕੰਮ ਉੱਥੇ ਹੀ ਸੀਮਤ ਰਹਿੰਦਾ ਹੈਕਹਿਣ ਤੋਂ ਭਾਵ ਕੇਂਦਰੀ ਨੁਕਤਾ ਉੱਥੇ ਦਾ ਉੱਥੇ ਰਹਿੰਦਾ ਹੈਮੈਡੀਕਲ ਵਿਭਾਗ ਦੇ ਉਪਰਾਲੇ ਵੀ ਦਵਾਈ ਰਾਹੀਂ ਇਲਾਜ ਤਕ ਹੀ ਸੀਮਤ ਹਨ, ਜਦੋਂ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਮੈਡੀਕਲ ਸਮੱਸਿਆ ਨਹੀਂ ਹੈ, ਇਸ ਵਿੱਚ ਸਮਾਜ/ਮਨੋਵਿਗਿਆਨ ਦਾ ਵੀ ਅਹਿਮ ਹਿੱਸਾ ਹੈ

ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਇੱਕ ਗੁੰਝਲਦਾਰ ਸਮੱਸਿਆ ਹੈਇਸ ਨੂੰ ਸਮਝਣ ਲਈ ਜਿੱਥੇ ਨਸ਼ੇ ਦੀ ਵਰਤੋਂ, ਨਸ਼ੇ ਦਾ ਮਿਲਣਾ, ਨਸ਼ੇ ਵੇਚਣ ਵਾਲੀ ਧਿਰ ਦੀ ਗੱਲ ਹੁੰਦੀ ਹੈ ਤੇ ਦੂਸਰੇ ਪਾਸੇ ਨਸ਼ਾ ਇਸਤੇਮਾਲ ਕਰਨ ਵਾਲੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਜੋ ਕਿ ਅਜੋਕੇ ਪਰਿਪੇਖ ਵਿੱਚ ਬਹੁਗਿਣਤੀ ਨੌਜਵਾਨ ਹਨਪਰ ਇੱਕ ਤੀਸਰਾ ਅਹਿਮ ਪੱਖ ਹੈ, ਉਹ ਮਾਹੌਲ ਜੋ ਇਨ੍ਹਾਂ ਦੋਹਾਂ ਨੂੰ ਮਿਲਾਉਂਦਾ ਹੈ

ਨਸ਼ਾ ਕਰਨ ਵਾਲੇ ਦੀ ਮਨੋ ਦਸ਼ਾ ਅਤੇ ਸਮਾਜਿਕ ਹਾਲਤ ਜੋ ਨਸ਼ਾ ਵੇਚਣ ਵਾਲੇ ਨੂੰ ਭਾਲਦੀ ਹੈ ਜਾਂ ਨੌਜਵਾਨ ਦੀ ਕਮਜ਼ੋਰ ਸ਼ਖਸੀਅਤ, ਜੋ ਮੌਜੂਦਾ ਹਾਲਾਤ ਵਿੱਚ ਇੰਨੀ ਟੁੱਟ ਚੁੱਕੀ ਹੈ, ਜਿਸ ਨੂੰ ਨਸ਼ਾ ਵੇਚਣ ਵਾਲਾ ਲੱਭ ਲੈਂਦਾ ਹੈ। ਇਸ ਸਮਝ ਦੇ ਮੱਦੇਨਜ਼ਰ, ਤਿੰਨ ਪੱਖ ਹਨ, ਨਸ਼ੇ ਮਿਲਣਾ, ਨਸ਼ੇ ਲੈਣ ਵਾਲਾ ਵਿਅਕਤੀ ਅਤੇ ਮਾਹੌਲਜੇਕਰ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਨੂੰ ਵੀ ਸੰਜੀਦਗੀ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸਮੱਸਿਆ ਨੂੰ ਕਾਫ਼ੀ ਹੱਦ ਤਕ ਠੱਲ੍ਹ ਪਾਈ ਜਾ ਸਕਦੀ ਹੈਨਸ਼ੇ ਮਿਲਣ ਉੱਤੇ ਰੋਕ ਹੋਵੇ, ਇਸ ਪਾਸੇ ਸਖ਼ਤੀ ਹੋਵੇਨੌਜਵਾਨਾਂ ਦੀ ਸ਼ਖਸੀਅਤ ਉਸਾਰੀ ਉੱਤੇ ਕੰਮ ਹੋਵੇ ਕਿ ਉਹ ਨਸ਼ਾ ਸਾਹਮਣੇ ਹੋਣ ਦੇ ਬਾਵਜੂਦ ਨਾਂਹ ਕਹਿ ਸਕਣ ਦੇ ਸਮਰੱਥ ਹੋਣ ਜਾਂ ਮਾਹੌਲ ਹੀ ਇੰਨਾ ਲੋਕ ਪੱਖੀ ਹੋਵੇ ਕਿ ਉਹ ਆਪਣੀ ਉਮਰ ਮੁਤਾਬਕ, ਕੰਮ ਵਿੱਚ ਰੁੱਝੇ ਹੋਣ, ਆਪਣੇ ਕੰਮਾਂ ਤੋਂ ਤਸੱਲੀ ਹਾਸਲ ਕਰਨ ਅਤੇ ਆਪਣੇ ਪਰਿਵਾਰ ਸਮਾਜ ਵਿੱਚ ਖੁਸ਼ ਰਹਿਣ ਅਤੇ ਨਸ਼ਿਆਂ ਵੱਲ ਕਿਸੇ ਤਰ੍ਹਾਂ ਦੀ ਖਿੱਚ ਮਹਿਸੂਸ ਹੀ ਨਾ ਕਰਨ

ਨਸ਼ੇ ਮਿਲਣ ਦੀ ਸਥਿਤੀ, ਜੋ ਕਿ ਮੁੱਖ ਤੌਰ ਉੱਤੇ ਪ੍ਰਸ਼ਾਸ਼ਨਕ ਅਤੇ ਰਾਜਨੀਤਕ ਮੁੱਦਾ ਹੈ, ਦੀ ਹਾਲਤ ਅਜਿਹੀ ਹੈ ਕਿ ਪਰਿਵਾਰ-ਸਮਾਜ ਅਤੇ ਸਰਕਾਰ ਵਲੋਂ ਪ੍ਰਵਾਨਿਤ ਨਸ਼ਾ, ਸ਼ਰਾਬ ਲੈਣ ਲਈ ਘਰੋਂ ਨਿਕਲ ਕੇ ਦੁਕਾਨ ਤਕ ਜਾਣਾ ਪੈਂਦਾ ਹੈ, ਪਰ ਸਮੈਕ ਜਾਂ ਹੀਰੋਇਨ ਵਰਗੇ ਨਸ਼ੇ, ਘਰੇ ਬੈਠੇ ਮਿਲ ਜਾਂਦੇ ਹਨਸਾਰੇ ਦੇਸ਼ ਵਿੱਚ ਹੀ ਨਸ਼ਿਆਂ ਦਾ ਵਪਾਰ ਕਰਨ ਵਾਲੇ ਲੋਕਾਂ ਲਈ ਪੁਲਿਸ ਦਾ ਇੱਕ ਵਿਸ਼ੇਸ਼ ਵਿੰਗ ਹੈਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਉਹਨਾਂ ਦਾ ਇਹ ਵਿੰਗ ਸਭ ਤੋਂ ਵੱਧ ਸਰਗਰਮ ਹੈ ਤੇ ਦੇਸ਼ ਦੇ ਕੁਲ ਮੁਜ਼ਰਿਮਾਂ ਵਿੱਚੋਂ ਪੰਜਾਹ ਫੀਸਦੀ ਕੇਸ ਪੰਜਾਬ ਦੀਆਂ ਜੇਲਾਂ ਵਿੱਚ ਹੀ ਹਨਇਹ ਆਂਕੜੇ ਠੀਕ ਮੰਨ ਵੀ ਲਈਏ ਤਾਂ ਦੂਸਰਾ ਪੱਖ ਵੀ ਅਹਿਮ ਹੈ ਕਿ ਸਾਰੇ ਦੇ ਸਾਰੇ ਕੇਸ 10 ਗ੍ਰਾਮ ਤੋਂ 50 ਗ੍ਰਾਮ ਤਕ ਦਾ ਨਸ਼ਾ ਰੱਖਦੇ ਹੋਏ ਫੜੇ ਗਏ ਹਨਕਿਲੋਆਂ ਵਾਲੇ ਵੱਡੇ, ਸਹੀ ਮਾਇਨੇ ਵਿੱਚ ਸਮਗਲਰ, ਲੁਕੇ ਹੀ ਰਹਿੰਦੇ ਹਨ

ਨਸ਼ਾ ਕਰਨ ਵਾਲਾ ਨੌਜਵਾਨ, ਸਕੂਲੀ ਪੜ੍ਹਾਈ ਤਕ, 16-17 ਸਾਲ ਦੀ ਉਮਰ ਤਕ ਪਹੁੰਚਦਾ, ਕਿੰਨੇ ਹੀ ਸੁਪਨਿਆਂ ਨਾਲ ਵੱਡਾ ਹੁੰਦਾ ਹੈ ਤੇ ਫਿਰ ਪੜ੍ਹਾਈ ਦੀ ਹਾਲਤ ਅਤੇ ਰੋਜ਼ਗਾਰ ਦੀ ਸਥਿਤੀ ਦੇ ਮੱਦੇਨਜ਼ਰ, ਨਿਰਾਸ਼ਾ ਅਤੇ ਉਦਾਸੀ ਦੇ ਆਲਮ ਵਿੱਚ ਪਹੁੰਚ ਜਾਂਦਾ ਹੈਉਸ ਦਾ ਸਾਰਾ ਆਤਮ ਵਿਸ਼ਵਾਸ ਮੁੱਕ ਜਾਂਦਾ ਹੈਤੇ ਨਸ਼ੇ ਵੇਚਣ ਵਾਲਿਆਂ ਦਾ ਸ਼ਿਕਾਰ ਛੇਤੀ ਹੋ ਜਾਂਦਾ ਹੈਇਸ ਸਾਰੀ ਸਥਿਤੀ ਨੂੰ ਦੇਖਦੇ ਘੋਖਦੇ, ਸਰਦੇ-ਪੁੱਜਦੇ ਮਾਂ ਪਿਉ, ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ ਤੇ ਇੱਥੇ ਰਹਿ ਜਾਂਦੇ ਹਨ ਗਰੀਬਾਂ ਦੇ ਬੱਚੇ, ਜੋ ਨਿਰਾਸ਼ ਤਾਂ ਪਹਿਲਾਂ ਹੀ ਹੁੰਦੇ ਹਨ ਤੇ ਹੁਣ ਲਾਚਾਰ ਵੀ ਮਹਿਸੂਸ ਕਰਦੇ ਹਨ। ਉਹ ਹੀਣਭਾਵਨਾ ਨਾਲ ਵੀ ਗ੍ਰਸੇ ਜਾਂਦੇ ਹਨ, ਜਦੋਂ ਉਨ੍ਹਾਂ ਦੇ ਕੁਝ ਸਾਥੀ ਉਨ੍ਹਾਂ ਨੂੰ ਛੱਡ ਜਾਂਦੇ ਹਨ ਜਾਂ ਵਧੀਆ ਸੈੱਟ ਹੁੰਦੇ ਦਿਸਦੇ ਹਨ

ਜਿੱਥੋਂ ਤਕ ਤੀਸਰੇ ਪੱਖ ਦੀ ਗੱਲ ਹੈ ਤੇ ਨਾਲ ਹੀ ਸਰਕਾਰ ਵਲੋਂ ਹੋ ਰਹੇ ਉਪਰਾਲਿਆਂ ਦੀ ਗੱਲ ਹੈ ਤੇ ਗਿਣਤੀ ਵੀ, ਉਹ ਇਸ ਸਮਝ ਉੱਤੇ ਨਿਰਭਰ ਨਹੀਂ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਸਾਂਭਣਾ-ਸੰਭਾਲਣਾ ਕਿਵੇਂ ਹੈਦੇਸ਼ ਵਿੱਚ ਕੋਈ ਵੀ ਯੁਵਕਾਂ ਨੂੰ ਸੰਬੋਧਿਤ ਨੀਤੀ ਨਹੀਂ ਹੈਸਾਡੇ ਦੇਸ਼ ਵਿੱਚ 15 ਤੋਂ 35 ਸਾਲ ਦੇ ਤਕਰੀਬਨ 50 ਕਰੋੜ ਨੌਜਵਾਨ ਹਨ। ਅਸੀਂ ਦੁਨੀਆਂ ਵਿੱਚ ਸਭ ਤੋਂ ਨੌਜਵਾਨ ਦੇਸ਼ ਹਾਂਸਾਡੇ ਮੁਲਕ ਵਿੱਚੋਂ ਹਰ ਸਾਲ ਲੱਖਾਂ ਹੀ ਨੌਜਵਾਨ ਦੁਨੀਆਂ ਦੇ ਅਨੇਕਾਂ ਮੁਲਕਾਂ ਵਿੱਚ ਮੁਸ਼ਕਿਲ ਅਤੇ ਸਖਤ ਕੰਮ ਕਰਨ ਵਾਲੇ ਇਲਾਕਿਆਂ ਵਿੱਚ ਜਾ ਕੇ ਉਨ੍ਹਾਂ ਦੇ ਵਿਕਾਸ ਦਾ ਕਾਰਜ ਕਰਦੇ ਹਨ, ਪਰ ਅਸੀਂ ਇਨ੍ਹਾਂ ਨੂੰ ਕੰਮ ਦੇਣ / ਇਨ੍ਹਾਂ ਤੋਂ ਕੰਮ ਲੈਣ ਵਿੱਚ ਅਸਮਰਥ ਹਾਂਇਨ੍ਹਾਂ ਪ੍ਰਤੀ ਸਾਡੀ ਗੰਭੀਰਤਾ ਇਸ ਬਿਆਨ ਤੋਂ ਸਮਝੀ ਜਾ ਸਕਦੀ ਹੈ, ਜਦੋਂ ਕਿਹਾ ਜਾਂਦਾ ਹੈ ਕਿ ਵਧੀਆ ਹੀ ਹੈ ਕਿ ਵਿਦੇਸ਼ਾਂ ਤੋਂ ਪੈਸਾ ਕਮਾ ਕੇ ਸਾਨੂੰ ਭੇਜਦੇ ਹਨ ਤੇ ਸਾਨੂੰ ਖੁਸ਼ਹਾਲ ਕਰਦੇ ਹਨ

ਅਸੀਂ ਆਪਣੀ ਸਾਰੀ ਸਮਝ ਅਤੇ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰੀਏ ਤਾਂ ਨਜ਼ਰ ਆਵੇਗਾ ਕਿ ਅਸੀਂ ਇਸ ਸਮੱਸਿਆਂ ਲਈ ਨੌਜਵਾਨਾਂ ਨੂੰ ਹੀ ਕਸੂਰਵਾਰ ਠਹਿਰਾ ਰਹੇ ਹਾਂ, ਜੋ ਕਿ ਖੁਦ ਸ਼ਿਕਾਰ ਹਨ ਤੇ ਬੇਚੈਨ ਹਨਇਸ ਤਰ੍ਹਾਂ ਕਰਨ ਨਾਲ ਸਗੋਂ ਅਸੀਂ ਇਸ ਸਮੱਸਿਆ ਨੂੰ ਹੋਰ ਪੇਚੀਦਾ ਬਣਾ ਲੈਂਦੇ ਹਾਂ ਤੇ ਇਸ ਨੂੰ ਨਜਿੱਠਣ ਵਿੱਚ ਮੁਸ਼ਕਿਲ ਮਹਿਸੂਸ ਕਰਦੇ ਹਾਂਦਰਅਸਲ ਅਸੀਂ ਇਸ ਮੁਹਿੰਮ ਨੂੰ ਗਲਤ ਦਿਸ਼ਾ ਵੱਲ ਲੈ ਜਾਂਦੇ ਹਾਂ

ਉਂਜ ਜਦੋਂ ਆਪਾਂ ਸਮੱਸਿਆ ਨੂੰ ਗੁੰਝਲਦਾਰ ਕਹਿੰਦੇ ਹਾਂ ਤਾਂ ਇਹ ਪ੍ਰਭਾਵ ਵੀ ਜਾਂਦਾ ਹੈ, ਜਿਵੇਂ ਸਮੱਸਿਆ ਨੂੰ ਹੱਲ ਕਰਨਾ ਔਖਾ ਹੈਪਰ ਇਸ ਨੂੰ ਸਿਰਫ਼ ਸਰੀਰਕ ਸਮੱਸਿਆ ਅਤੇ ਨੌਜਵਾਨੀ ਜੋਸ਼ ਅਤੇ ਆਪ ਹੁਦਰੇਪਨ ਨਾਲ ਜੋੜ ਕੇ ਹੀ ਤੁਰਾਂਗੇ ਤਾਂ ਇਹ ਹੱਲ ਨਹੀਂ ਹੋਣੀਇਸ ਸਮੱਸਿਆ ਨੂੰ ਸਮੁੱਚਤਾ ਵਿੱਚ ਸਰੀਰ, ਮਨ ਅਤੇ ਸਮਾਜ ਦੇ ਪਹਿਲੂ ਤੋਂ ਸਮਝਣ ਦੀ ਲੋੜ ਹੈਇਸ ਨੂੰ ਪਰਿਵਾਰ ਦੀ ਪਰਵਰਿਸ਼ ਤੋਂ ਲੈ ਕੇ, ਅਧਿਆਪਨ ਅਤੇ ਸਰਕਾਰ ਦੀਆਂ ਨੀਤੀਆਂ ਤਕ ਵਿਚਾਰਨ ਦੀ ਲੋੜ ਹੈਮਨੁੱਖੀ ਜ਼ਿੰਦਗੀ ਦੇ ਹਰ ਪੜਾਅ ਉੱਤੇ ਇੱਕ ਵਧੀਆ ਸ਼ਖਸੀਅਤ ਉਸਾਰੀ ਦੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈਇਸ ਲਈ ਟੋਟੇ ਟੋਟੇ, ਖਿਲਰੇ ਪੁਲਰੇ ਕਾਰਜਾਂ ਨਾਲ ਤੇ ਉਹ ਵੀ ਗੈਰ ਸੰਜੀਦਗੀ ਨਾਲ ਸਮੱਸਿਆ ਨੂੰ ਠੱਲ੍ਹ ਨਹੀਂ ਪੈਣੀ, ਇਸ ਨੂੰ ਜੜ੍ਹੋਂ ਪੁੱਟਣਾ ਤਾਂ ਬਹੁਤ ਦੂਰ ਦੀ ਗੱਲ ਹੋਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1731)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author