“ਭਾਅ ਜੀ ਨਾਟਕਾਂ ਦੇ ਨਾਲ-ਨਾਲ, ਨਾਟਕਾਂ ਦੇ ਵਿੱਚ-ਵਿਚਕਾਰ ਅਤੇ ਸ਼ੁਰੂ ਵਿੱਚ, ਰਾਜਨੀਤਿਕ ਮੁੱਦਿਆਂ ...”
(22 ਜੂਨ 2023)
ਭਾਅ ਜੀ ਗੁਰਸ਼ਰਨ ਸਿੰਘ ਨਾਲ ਕਦੋਂ ਨੇੜਤਾ ਹੋ ਗਈ ਜਾਂ ਉਨ੍ਹਾਂ ਨੂੰ ਮੇਰੇ ਨਾਲ ਮਿਲ ਕੇ ਕੀ ਆਪਣਾਪਨ ਮਹਿਸੂਸ ਹੋਇਆ ਕਿ ਉਹ ਜਦੋਂ ਵੀ ਇਸ ਇਲਾਕੇ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਵੱਲ ਆਉਂਦੇ ਤਾਂ ਸਾਡੇ ਘਰੇ ਜ਼ਰੂਰ ਆਉਂਦੇ। ਇੱਕ ਥਾਂ ਤੋਂ ਨਾਟਕ ਕਰਕੇ ਆਏ ਹੁੰਦੇ, ਦੂਸਰੀ ਥਾਂ ’ਤੇ ਕਰਨਾ ਹੁੰਦਾ। ਥੋੜ੍ਹਾ ਆਰਾਮ ਕਰਦੇ, ਚਾਹ ਪੀਂਦੇ, ਕੁਝ ਵਿਚਾਰ ਸਾਂਝੇ ਹੁੰਦੇ। ਅਕਸਰ ਰਾਤੀਂ ਆਪਣੇ ਠਿਕਾਣੇ ਪਰਤ ਜਾਂਦੇ। ਮੇਰੇ ਕੋਲ ਰਾਤ ਠਹਿਰਣ ਦਾ ਸਬੱਬ ਨਹੀਂ ਬਣਿਆ। ਇਹ ਮੇਰੇ ਲਈ ਮਾਣ ਵਾਲੀ ਗੱਲ ਸੀ, ਕਿਉਂ ਜੋ ਉਨ੍ਹਾਂ ਦੀ ਤਸਵੀਰ ਉਨ੍ਹਾਂ ਨਾਲ ਮਿਲ ਬੈਠਣ ਦੀ ਤਾਂਘ ਉਦੋਂ ਤੋਂ ਸੀ ਜਦੋਂ ਮੈਡੀਕਲ ਕਾਲਜ ਪਟਿਆਲੇ ਮੈਂ ਐੱਮ.ਬੀ.ਬੀ.ਐੱਸ ਕਰਦਾ ਸੀ। ਉਨ੍ਹਾਂ ਦੇ ਨਾਟਕ ਕਾਲਜ ਦੇ ਓਪਨ ਏਅਰ ਥੀਏਟਰ ਵਿੱਚ ਦੇਖੇ। ਭਾਵੇਂ ਰਾਜਨੀਤਿਕ ਤੌਰ ’ਤੇ ਸੁਚੇਤ ਨਹੀਂ ਸੀ, ਸਮਾਜਿਕ ਕਾਰਕੁਨ ਹੋਣ ਦੀ ਦਿਲਚਸਪੀ ਜ਼ਰੂਰ ਸੀ।
ਭਾਅ ਜੀ ਨੇ ਆਪਣੀ ਰੋਜ਼ੀ-ਰੋਟੀ ਲਈ, ਸਿਵਲ ਇੰਜੀਅਰਿੰਗ ਦੀ ਪੜ੍ਹਾਈ ਮਗਰੋਂ ਭਾਖੜਾ ਡੈਮ ਨੂੰ ਉੱਸਰਦੇ ਦੇਖਿਆ ਤੇ ਉਸ ਨੂੰ ਚਾਲੂ ਹੁੰਦੇ ਵੀ। ਵਿਗਿਆਨਕ ਸੋਚ ਦੇ ਧਾਰਨੀ ਸਨ। ਬੰਨ੍ਹ ਬਣਾ ਕੇ, ਪਾਣੀ ਰੋਕ ਕੇ, ਉਸ ਦੇ ਵਹਾਅ ਨੂੰ ਕੁਦਰਤੀ ਕਰੋਪੀ ਵਾਲੇ ਦੁੱਖ ਤੋਂ ਲੋਕ ਭਲਾਈ ਵਿੱਚ ਲਗਾਉਣ ਦੀ ਹਾਲਤ ਦਾ ਜਾਇਜ਼ਾ ਲੈ ਰਹੇ ਸੀ ਤਾਂ ਇੱਕ ਦਿਨ, ਉਨ੍ਹਾਂ ਆਪਣੀ ਫੇਰੀ ਦੌਰਾਨ ਇਹ ਵਿਚਾਰ ਸਾਂਝਾ ਕੀਤਾ ਕਿ ਅਸੀਂ, ਮਨੁੱਖ ਦੇ ਤੌਰ ’ਤੇ ਇੰਨੀ ਸਮਰੱਥਾ ਰੱਖਦੇ ਹਾਂ ਕਿ ਕੁਦਰਤ ਨੂੰ ਮੋੜਾ ਦੇ ਸਕਦੇ ਹਾਂ। ਕੀ ਅਸੀਂ ਆਪਣੀ ਲਿਆਕਤ ਨਾਲ ਦੱਬੇ-ਕੁਚਲੇ, ਗਰੀਬ, ਪੀੜਤ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਨਹੀਂ ਕਰ ਸਕਦੇ? ਤੇ ਫਿਰ ਇਹ ਵਿਚਾਰ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਬਣ ਗਿਆ। ਨਾਟਕ ਦੀ ਕਲਾ ਦਾ ਹੁਨਰ ਉਨ੍ਹਾਂ ਕੋਲ ਸੀ ਤੇ ਉਹ ਜ਼ਰੀਆ ਬਣਿਆ। ਨਾਟਕ ਸਮਾਜਿਕ ਤਬਦੀਲੀ ਲਈ, ਗਰੀਬ ਵਿਹੜੇ ਵਾਲਿਆਂ ਲਈ ਨਾਟਕ, ਇਹ ਸੀ ਸਮਾਜਿਕ ਵਰਤਾਰਿਆਂ ਉੱਪਰ ਵਿਗਿਆਨਕ ਨਜ਼ਰੀਏ ਦਾ ਲਾਗੂ ਹੋਣਾ। ਪਰਖ਼ ਤੇ ਹੱਲ।
ਭਾਅ ਜੀ ਨਾਟਕ ਕਰਨ ਸਮੇਂ, ਇੱਕ ਕਾਰ ਵਿੱਚ ਚਾਰ-ਪੰਜ ਲੋਕ ਹੁੰਦੇ। ਸਾਰੇ ਕਲਾਕਾਰ। ਇੱਕ ਕਲਾਕਾਰ ਕਾਰ ਚਲਾਉਂਦਾ। ਸਾਡੇ ਘਰ ਬੈਠਿਆਂ ਫੋਨ ਆਇਆ, “ਨਾਟਕ ਕਰਵਾਉਣਾ ਹੈ, ਖਰਚਾ ਕਿੰਨਾ ਕੁ ਹੋਵੇਗਾ?” ਭਾਅ ਜੀ ਪੁੱਛਦੇ, “ਤੁਹਾਡੇ ਕੋਲ ਕਿੰਨੇ ਨੇ?” ਜਿਹੜੇ ਦੇ ਸਕਦੇ ਹੁੰਦੇ ਤਾਂ ਕਾਰ ਵਿੱਚ ਤੇਲ ਪਾਉਣ ਲਈ ਕਹਿੰਦੇ, ਜਿਹੜੇ ਜਾਪਦਾ ਕਿ ਪੈਸੇ ਦੇਣ ਦੇ ਯੋਗ ਨਹੀਂ ਹਨ ਤਾਂ ਕਹਿੰਦੇ ਕਿ ਜਦੋਂ ਕਦੇ ਇਸ ਪਾਸੇ ਆਉਣਾ ਹੋਇਆ, ਉਸ ਦਿਨ ਖਰਚਾ ਦੇਣ ਵਾਲਿਆਂ ਦੇ ਨਾਲ-ਨਾਲ ਤੁਹਾਡਾ ਨਾਟਕ ਵੀ ਕਰ ਜਾਵਾਂਗਾ। ਮੈਨੂੰ ਵੀ ਕੋਈ ਗੱਲਬਾਤ ਕਰਨ ਲਈ ਸੱਦਾ ਦੇਵੇ ਤਾਂ ਮੈਂ ਵੀ ਭਾਅ ਜੀ ਵਾਲਾ ਤਰੀਕਾ ਵਰਤਦਾ ਹਾਂ।
ਸਾਲ 85-86 ਦੀ ਗੱਲ ਹੈ, ਮੇਰਾ ਪਹਿਲਾ ਲੇਖ ਭਾਅ ਜੀ ਵੱਲੋਂ ਸੰਪਾਦਿਤ ਮੈਗਜ਼ੀਨ ‘ਸਮਤਾ’ ਵਿੱਚ ਛਪਿਆ। ਉਦੋਂ ਮੈਂ ਐੱਮ.ਡੀ. ਕਰਦਾ ਸੀ। ਬਾਅਦ ਵਿੱਚ ‘ਮਿੰਨੀ’ ਤ੍ਰੈਮਾਸਿਕ ਸ਼ੁਰੂ ਕੀਤਾ ਤਾਂ ਸਾਲ ਵਿੱਚ ਇੱਕ ਅੰਕ ਵਿਸ਼ੇਸ਼ ਅੰਕ ਹੁੰਦਾ। ਪਹਿਲਾ ਅੰਕ ਪੰਜਾਬ ਦੇ ਕਾਲੇ ਦਿਨਾਂ ’ਤੇ ਆਧਾਰਿਤ ਸੀ, ਫਿਰ ਧਾਰਮਿਕ ਜਨੂੰਨ ’ਤੇ। ਇਸੇ ਤਰ੍ਹਾਂ ਔਰਤਾਂ, ਬੁਢਾਪੇ, ਬਚਪਨ ਨੂੰ ਲੈ ਕੇ। ਉਨ੍ਹਾਂ ਕੋਲ ‘ਮਿੰਨੀ’ ਜਾਂਦਾ। ਮਿੰਨੀ ਕਹਾਣੀ ਦੇ ਛੋਟੇ ਰੂਪ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਭਾਅ ਜੀ ਨਾਟਕਾਂ ਦੇ ਨਾਲ-ਨਾਲ, ਨਾਟਕਾਂ ਦੇ ਵਿੱਚ-ਵਿਚਕਾਰ ਅਤੇ ਸ਼ੁਰੂ ਵਿੱਚ, ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਦਮਦਾਰ ਟਿੱਪਣੀਆਂ ਕਰਦੇ। ਨਾਟਕ ਕਰਨ ਲਈ ਉਨ੍ਹਾਂ ਨੂੰ ਕਿਸੇ ਸੈੱਟ ਦੀ, ਕਿਸੇ ਮਾਈਕ ਸਿਸਟਮ ਦੀ ਲੋੜ ਵੀ ਨਾ ਪੈਂਦੀ। ਹਰ ਹਾਲਤ ਵਿੱਚ ਖੁਦ ਨੂੰ ਪੇਸ਼ ਕਰ ਜਾਂਦੇ। ਗੱਲ ਤਾਂ ਲੋਕਾਂ ਤਕ ਸੁਨੇਹਾ ਪਹੁੰਚਣ ਦੀ ਸੀ। ਧਾਰਮਿਕ ਜਨੂੰਨ ਵਾਲੇ ਅੰਕ ਵਿੱਚ ਛਪੀ, ਇੱਕ ਮਿੰਨੀ ਕਹਾਣੀ ਉਹ ਅਕਸਰ ਸੁਣਾ ਜਾਂਦੇ। ਉਹ ਇਸ ਤਰ੍ਹਾਂ ਸੀ:
ਗਾਂ ਅਤੇ ਸੂਅਰ ਜੰਗਲ ਵੱਲ ਭੱਜੇ ਜਾ ਰਹੇ ਸੀ। ਜਾਨਵਰਾਂ ਨੇ ਕਿਹਾ, “ਕੀ ਗੱਲ ਸ਼ਹਿਰ ਵਿੱਚ ਦੰਗਾ ਹੋ ਗਿਆ ਹੈ?” ਦੋਵੇਂ ਰੁਕ ਕੇ, ਸਾਹ ਲੈਂਦਿਆਂ ਬੋਲੇ “ਦੰਗੇ ਦੀ ਤਿਆਰੀ ਹੋ ਗਈ ਹੈ, ਸਾਨੂੰ ਲੱਭਿਆ ਜਾ ਰਿਹਾ ਹੈ।” ਇਸ ਰਚਨਾ ਨੂੰ ਆਧਾਰ ਬਣਾ ਕੇ, ਧਰਮ ਦੀ ਸਿਆਸਤ ’ਤੇ ਟਿੱਪਣੀ ਕਰਦੇ। ਫਿਰ ਨਾਟਕ ਸ਼ੁਰੂ ਹੁੰਦਾ। ਨਾਟਕਾਂ ਦੀ ਤਰਜ਼ ਵੀ ਕੁਝ ਇਸ ਤਰ੍ਹਾਂ ਦੇ ਅੰਦਾਜ਼ ਦੀ ਹੁੰਦੀ।
ਮਿੰਨੀ ਕਹਾਣੀ ਵਿੱਚ ਉਨ੍ਹਾਂ ਦੀ ਦਿਲਚਸਪੀ ਇੰਨੀ ਵਧੀ ਕਿ ਉਨ੍ਹਾਂ ਨੇ ਮੈਨੂੰ ਇੱਕ ਪੁਸਤਕ ਸੰਪਾਦਿਤ ਕਰਨ ਲਈ ਕਿਹਾ ਤੇ ਆਪਣੇ ‘ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ’ ਤਹਿਤ ਛਾਪ ਕੇ ਵੰਡੀ। ਪੇਪਰ ਬੈਕ ਦੀ ਪੁਸਤਕ, ਦਸ ਰੁਪਏ ਵਿੱਚ, ਉਸ ਸਮੇਂ ਦੋ ਦਹਾਕੇ ਪਹਿਲਾਂ।
ਕਿਤਾਬਾਂ ਛਾਪਣ ਅਤੇ ਇੱਕ ਝੋਲਾ ਨਾਲ ਲੈ ਕੇ ਜਾਣ ਦਾ ਮੇਰਾ ਸ਼ੌਕ ਵੀ ਭਾਅ ਜੀ ਤੋਂ ਆਇਆ। ਹਰ ਨਾਟਕ ਤੋਂ ਬਾਅਦ ਉਹ ਕਿਤਾਬਾਂ ਦੇ ਮਹੱਤਵ ਦੀ ਗੱਲ ਕਰਦੇ, ਘਰ ਵਿੱਚ ਲਾਇਬਰੇਰੀ ਹੋਣ ’ਤੇ ਜ਼ੋਰ ਦਿੰਦੇ। ਮੈਂ ਲੋਕਾਂ ਦਾ ਉਤਸ਼ਾਹ ਦੇਖਿਆ, ਜਦੋਂ ਉਹ ਦਸ ਰੁਪਏ ਦਾ ਨੋਟ ਕੱਢ ਕੇ ਭਾਅ ਜੀ ਵੱਲ ਵਧਾਉਂਦੇ ਤੇ ਕਿਤਾਬ ਦਾ ਨਾਂ ਵੀ ਪਤਾ ਨਾ ਹੁੰਦਾ। ‘ਬਸ ਇੱਕ ਕਿਤਾਬ, ਕੋਈ ਵੀ ਕਿਤਾਬ।’ ਨਾਟਕ ਦੇਖ ਕੇ, ਦਰਸ਼ਕ ਪਹਿਲਾਂ ਹੀ ਜੋਸ਼ ਵਿੱਚ ਹੁੰਦੇ। ਲੋਕ ਕਿਤਾਬਾਂ ਚਾਹੁੰਦੇ ਨੇ, ਪਰ ਉਨ੍ਹਾਂ ਤਕ ਪਹੁੰਚ ਕਰਨੀ ਪੈਂਦੀ ਹੈ।
ਜਦੋਂ ਮੈਂ ਨਾਟਕ ਲਿਖਣ ਵੱਲ ਹੋਇਆ, ਜਿਵੇਂ ਕਿ ਮੈਂ ਹਰ ਵਿਧਾ ’ਤੇ ਕਲਮ ਚਲਾਈ ਹੈ, ਪੀਟਰ ਕ੍ਰੋਪੋਟਕਿਨ ਦੀ ਰਚਨਾ, ‘ਨੌਜਵਾਨਾਂ ਨਾਲ ਦੋ ਗੱਲਾਂ’ ਦਾ ਨਾਟਕੀ ਰੂਪਾਂਤਰਨ ਕਰਦੇ ਵਕਤ, ਜਿਸਦਾ ਨਾਂ ਮੈਂ ਰੱਖਿਆ, ‘ਅਸੀਂ ਸਮੁੰਦਰ ਹਾਂ’, ਸੂਤਰਧਾਰ ਦਾ ਕਿਰਦਾਰ ਲਿਖਣ ਵੇਲੇ, ਭਾਅ ਜੀ ਦਾ ਚਿਹਰਾ ਸਾਹਮਣੇ ਰਿਹਾ।
ਜਦੋਂ ਕਦੇ ਮੇਰੇ ਮਨ ਵਿੱਚ ਆਇਆ ਹੈ ਕਿ ਇਹ ਗੱਲ ਕਰਨੀ ਹੈ, ਮਨ ਨੂੰ ਟੁੰਬਦੀ, ਕਵਿਤਾ ਵਿੱਚ, ਮਿੰਨੀ ਕਹਾਣੀ ਜਾਂ ਲੇਖ ਵਿੱਚ, ਕਿਸੇ ਵੀ ਤੌਰ-ਤਰੀਕੇ ਰਾਹੀਂ - ਗੱਲ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਣੀ ਚਾਹੀਦੀ ਹੈ। ਮੈਂ ਕਈਆਂ ਤੋਂ ਸੁਣਿਆ, “ਮਿੰਨੀ ਕਹਾਣੀ ਵਿੱਚ ਸਥਾਪਤੀ ਨਹੀਂ ਹੁੰਦੀ। ਲੇਖਾਂ ਦੀ ਉਮਰ ਇੱਕ ਦਿਨ ਹੀ ਹੁੰਦੀ ਹੈ, ਅਖਬਾਰ ਅਗਲੇ ਦਿਨ ਰੱਦੀ” ਪਰ ਮੈਂ ਕਿਸੇ ਵੀ ਮੱਤ ਦੀ ਪਰਵਾਹ ਨਹੀਂ ਕੀਤੀ। ਜੋ ਮਨ ਆਇਆ, ਜਿਸ ਗੱਲ ਦੀ ਤਾਂਘ ਮਹਿਸੂਸ ਹੋਈ, ਉਹ ਲਿਖਿਆ। ਮੇਰੀ ਕੋਈ ਵਿਧਾ ਨਹੀਂ, ਨਾ ਕੋਈ ਇੱਕ ਵਿਸ਼ਾ ਹੀ। ਮੇਰੇ ਪਾਠਕ ਵੀ ਹਰ ਵਰਗ ਤੋਂ ਹਨ। ਮੈਨੂੰ ਪਾਠਕ ਫੋਨ ਕਰਦੇ, ਸੁਝਾਅ ਵੀ ਦਿੰਦੇ ਹਨ ਕਿ ਕਿਸ ਵਿਸ਼ੇ ’ਤੇ ਲਿਖਾਂ, ਉਨ੍ਹਾਂ ਨੂੰ ਸਿਹਤ ਦਾ ਵਿਸ਼ਾ ਭਾਉਂਦਾ ਹੈ, ਨੌਜਵਾਨਾਂ ਪ੍ਰਤੀ ਚਿੰਤਾ ਹੈ ਜਾਂ ਦੇਸ਼ ਦੀ ਗੰਧਲੀ ਹੋ ਚੁੱਕੀ ਰਾਜਨੀਤੀ ਦੀ। ਭਾਅ ਜੀ ਵੀ ਹਰ ਉਸ ਵਿਸ਼ੇ ’ਤੇ ਗੱਲ ਕਰਦੇ, ਨਾਟਕ ਵੀ ਉਹੀ, ਜੋ ਲੋਕਾਂ ਦਾ ਸਰੋਕਾਰ ਹੁੰਦਾ। ਸਿਰਫ਼ ਮੌਜ-ਮਸਤੀ ਲਈ ਨਹੀਂ। ਉਨ੍ਹਾਂ ਨੇ ਨਾਟਕਾਂ ਦੀ ਅਕਾਦਮਿਕ ਤਕਨੀਕ ਦੀ ਪਰਵਾਹ ਨਹੀਂ ਕੀਤੀ। ਲੰਮਾ ਸਮਾਂ ਉਨ੍ਹਾਂ ਦੇ ਨਾਟਕਾਂ ’ਤੇ ਕੋਈ ਸੰਜੀਦਗੀ ਨਾਲ ਗੱਲ ਹੀ ਨਾ ਕਰਦਾ। ਉਨ੍ਹਾਂ ਨੂੰ ਲੱਗਦਾ ਕਿ ਇਹ ਭਾਸ਼ਣ ਹੈ, ਨਾਟਕੀ ਢੰਗ ਦਾ ਭਾਸ਼ਣ, ਨਾਅਰੇਬਾਜ਼ੀ, ਪਰ ਉਹ ਲੱਗੇ ਰਹੇ।
ਉਨ੍ਹਾਂ ਨਾਲ ਲਗਾਤਾਰ ਮਿਲਦੇ ਰਹਿਣ ਨਾਲ, ਉਨ੍ਹਾਂ ਨੇ ਸਮਾਜਿਕ ਬਰਾਬਰੀ ਲਈ ‘ਚਿੰਤਨ ਮੰਚ’ ਦਾ ਗਠਨ ਕਰਨ ਦਾ ਸੁਝਾਅ ਰੱਖਿਆ। ਇਸ ਇਲਾਕੇ ਵਿੱਚ ਡਾ. ਅਨੂਪ ਸਿੰਘ ਅਤੇ ਹੋਰ ਸਾਥੀਆਂ ਨਾਲ ਮੰਚ ਦਾ ਗਠਨ ਅਤੇ ‘ਚਿੰਤਕ’ ਮੈਗਜ਼ੀਨ ਵੀ ਸ਼ੁਰੂ ਕਰਨ ਦਾ ਮਨ ਬਣਾਇਆ। ਉਸ ਦੀ ਜ਼ਿੰਮੇਵਾਰੀ ਲਈ ਉਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਪ੍ਰਗਟਾਇਆ। ਮੰਚ ਦੀ ਇੱਕ ਮੀਟਿੰਗ ਵਿੱਚ ਹਰਭਜਨ ਹੁੰਦਲ ਵੀ ਸ਼ਾਮਲ ਹੋਏ। ਇਸੇ ਸਿਲਸਿਲੇ ਵਿੱਚ ਇੱਕ ਮੀਟਿੰਗ ਚੰਡੀਗੜ੍ਹ ਰੱਖੀ ਗਈ। ਸਾਹਿਤ ਚਿੰਤਨ ਮੰਚ ਜੋ ਭਾਅ ਜੀ ਦੀ ਅਗਵਾਈ ਵਿੱਚ ਚਲਦਾ, ਦੇ ਕਨਵੀਨਰ ਸਰਦਾਰਾ ਸਿੰਘ ਚੀਮਾ ਨੇ ਬੰਦੋਬਸਤ ਕੀਤਾ। ਮੀਟਿੰਗ ਤੋਂ ਕੁਝ ਦਿਨ ਪਹਿਲਾਂ ਸ. ਹਰਭਜਨ ਹੁੰਦਲ ਦਾ ਪੋਸਟ ਕਾਰਡ ਮਿਲਿਆ। ਲਿਖਿਆ ਸੀ, ‘ਮੈਂ ਆਪਣੇ ਹੋਰ ਰੁਝੇਵਿਆਂ ਕਰਕੇ, ਇਸ ਮੰਚ ਦਾ ਹਿੱਸਾ ਨਹੀਂ ਬਣ ਸਕਦਾ।’
ਉਹ ਰੁਝੇਵੇਂ ਸਨ, ਕਮਿਉਨਿਸਟ ਪਾਰਟੀ ਮਾਰਕਸਵਾਦੀ ਨਾਲ ਪ੍ਰਤੀਬੱਧਤਾ ਦੇ ਤੇ ਭਾਅ ਜੀ ਨੂੰ ਸੀ.ਪੀ.ਆਈ., ਐੱਮ.ਐੱਲ. ਨਾਲ ਜੋੜ ਕੇ ਦੇਖਿਆ ਜਾਂਦਾ। ਭਾਅ ਜੀ ਨੇ ਸਾਰੀਆਂ ਖੱਬੀਆਂ ਧਿਰਾਂ ਨੂੰ ਸਿਰ ਜੋੜ ਕੇ ਬੈਠਣ ਅਤੇ ਇਕੱਠੇ ਤੁਰਨ ਲਈ ਯਤਨ ਕੀਤੇ। ਡਾ. ਅਨੂਪ ਸਿੰਘ ਕੁਝ ਸਮਾਂ ਨਾਲ ਤੁਰੇ। ‘ਚਿੰਤਕ’ ਮੈਗਜ਼ੀਨ ਵਿੱਚ ਵੀ ਸਰਗਰਮੀ ਦਿਖਾਈ। ‘ਚਿੰਤਕ’ ਦਾ ਪਹਿਲਾ ਅੰਕ, ਵਿਚਾਰ ਲੜੀ ਮਈ 1999 ਵਿੱਚ ਛਪੀ। ਇਸਦੇ ਇੱਕੀ ਅੰਕ ਛਪੇ।
ਭਾਅ ਜੀ ਨਾਲ ਮਿਲ ਕੇ, ਉਨ੍ਹਾਂ ਦੇ ਕੰਮ ਕਰਨ ਦੇ ਢੰਗ ਨੂੰ ਦੇਖਦਿਆਂ, ਖੁਦ ਨੂੰ ਉਸ ਦੇ ਹਾਣ ਦਾ ਬਣਨ ਵੱਲ ਤਿਆਰ ਕਰਦਾ ਰਿਹਾ। ਕੰਮ ਵਿੱਚ ਨਿਰੰਤਰਤਾ, ਮੈਗਜ਼ੀਨ ਅਤੇ ਕਿਤਾਬਾਂ ਰਾਹੀਂ ਆਪਣੀ ਗੱਲ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣਾ - ਇਹ ਜਜ਼ਬਾ ਉਹ ਕਈਆਂ ਵਿੱਚ ਪੈਦਾ ਕਰ ਗਏ।
ਭਾਅ ਜੀ ਦੇ ਨਾਲ ਰਹਿੰਦਿਆਂ, ਉਨ੍ਹਾਂ ਦੀ ਸੋਚ ਅਤੇ ਕੰਮ ਵਸੀਹ ਵੀ ਹੋ ਰਹੇ ਤੇ ਡੂੰਘਾਈ ਵਾਲੇ ਵੀ। ਸਮਾਜ ਦੀਆਂ ਪਰੇਸ਼ਾਨੀਆਂ, ਦੁਸ਼ਵਾਰੀਆਂ ਦਾ ਕੇਂਦਰੀ ਨੁਕਤਾ ਤਲਾਸ਼ਦੇ, ਵਿਗਿਆਨਕ ਸੋਚ ਨਾਲ ਵਿਚਾਰਦੇ, ਇਹ ਸਮਾਜਿਕ ਬਰਾਬਰੀ ਮੰਚ ਸਿੱਟਾ ਸੀ। ਪਹਿਲੇ ਅੰਕ ਵਿੱਚ ਚਿੰਤਕ ਦਾ ਐਲਾਨਨਾਮਾ ਗੱਲ ਸਪਸ਼ਟ ਕਰ ਦੇਵੇਗਾ।
ਬਰਾਬਰੀ ਦਾ ਮਤਲਬ ਹੈ ਕਿ ਹਰ ਵਿਅਕਤੀ ਜੋ ਕਿਸੇ ਦੇਸ਼ ਵਿੱਚ ਪੈਦਾ ਹੁੰਦਾ ਹੈ, ਉਸ ਨੂੰ ਦੇਸ਼ ਵਿੱਚ ਅੱਗੇ ਵਧਣ ਦੀਆਂ ਬਰਾਬਰ ਸਹੂਲਤਾਂ ਮੁਹਈਆ ਹੋਣ। ਜੋ ਸਮਾਜ ਇਹ ਸਹੂਲਤਾਂ ਨਹੀਂ ਦੇ ਸਕਦਾ, ਉਹ ਪਛੜਿਆ ਹੋਇਆ ਸਮਾਜ ਹੈ।
ਜਿਹੜੀ ਸਰਕਾਰ ਇਹ ਸਹੂਲਤਾਂ ਮੁਹਈਆ ਨਹੀਂ ਕਰਵਾ ਸਕਦੀ, ਉਸ ਨੂੰ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ। ਭਾਰਤ ਦਾ ਸਮਾਜ ਨਾ ਬਰਾਬਰੀ ਦਾ ਸਮਾਜ ਹੈ। ਦੇਸ਼ ਦਾ ਸਰਕਾਰੀ ਪ੍ਰਬੰਧ ਬਰਾਬਰੀ ਦੀ ਕੋਈ ਗਰੰਟੀ ਨਹੀਂ ਕਰਦਾ, ਇਹ ਨਿਕੰਮਾ ਪ੍ਰਬੰਧ ਹੈ। ਅਸੀਂ ਇਹ ਪ੍ਰਬੰਧ ਬਦਲਣਾ ਹੈ। ਇਹ ਸਾਡਾ ਫ਼ਰਜ਼ ਹੈ, ਇਹ ਸਾਡਾ ਫ਼ਿਕਰ ਹੈ।
ਭਾਅ ਜੀ ਦੀ ਪ੍ਰਤੀਬੱਧਤਾ ਭਾਵੇਂ ਮਾਰਕਸ ਦੀ ਵਿਚਾਰਧਾਰਾ ਨਾਲ ਬੱਝੇ ਇੱਕ ਵਰਗ ਜਾਂ ਪਾਰਟੀ ਵਿਸ਼ੇਸ਼ ਨਾਲ ਸੀ, ਪਰ ਉਹ ਹਮੇਸ਼ਾ ਹਰ ਉਸ ਥਾਂ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਪਲੇਟਫਾਰਮ ਮਿਲਦਾ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਤੁਰਨ ਲਈ ਵੀ ਪ੍ਰੇਰਿਆ।
ਮੇਰੇ ਨਾਲ ਉਨ੍ਹਾਂ ਦਾ ਜੁੜਾਵ ਇਸ ਕਰਕੇ ਨਹੀਂ ਸੀ ਕਿ ਮੈਂ ਕਿਸੇ ਖੱਬੇ ਪੱਖੀ ਵਿਚਾਰਧਾਰਾ ਦੀ ਪਾਰਟੀ, ਰਾਜਨੀਤਕ ਵਿੰਗ ਨਾਲ ਜੁੜਿਆ ਸੀ। ਇਸ ਪੱਖੋਂ ਮੈਂ ਕਹਿ ਸਕਦਾ ਕਿ ਮੇਰੀ ਕੋਈ ਪ੍ਰਤੀਬੱਧਤਾ ਨਹੀਂ ਹੈ। ਜੇਕਰ ਇਸੇ ਗੱਲ ਨੂੰ ਆਪਣੇ ਲਹਿਜ਼ੇ ਵਿੱਚ ਕਹਿਣਾ ਹੋਵੇ ਤਾਂ ਮੇਰਾ ਸਰੋਕਾਰ ਮਨੁੱਖ, ਮੇਰੀ ਪ੍ਰਤੀਬੱਧਤਾ ਇੱਕ ਵਧੀਆ ਚੰਗਾ ਸੋਹਣਾ ਜੀਉਣ ਜੋਗਾ, ਸਮਾਜਿਕ ਬਰਾਬਰੀ ਵਾਲਾ ਸਮਾਜ ਹੈ। ਮੈਨੂੰ ਵੀ ਜਦੋਂ ਕੋਈ ਕਿਸੇ ਵਿਸ਼ੇ ’ਤੇ ਬੋਲਣ ਲਈ ਸੱਦਾ ਦਿੰਦਾ ਹੈ ਤਾਂ ਮੈਂ ਕਦੇ ਨਹੀਂ ਪੁੱਛਦਾ ਜਾਂ ਉਸ ਬਾਰੇ ਪਹਿਲੋਂ ਪੜਤਾਲ ਕਰਦਾ ਕਿ ਇਹ ਕੌਣ ਨੇ, ਕਿਸ ਵਿਚਾਰਧਾਰਾ ਬਾਰੇ ਹੈ। ਪਰ ਇਹ ਗੱਲ ਪੱਕੀ ਹੈ, ਮੈਂ ਸਟੇਜ ਦੇਖ ਕੇ, ਲੋਕ ਦੇਖ ਕੇ, ਆਪਣੇ ਵਿਚਾਰਾਂ ਨੂੰ ਉਸ ਮੁਤਾਬਕ ਨਹੀਂ ਢਾਲਦਾ। ਮੈਂ ਪਿੰਗਲਵਾੜਾ ਸੰਸਥਾ ਨਾਲ ਲਗਾਤਾਰ ਕਾਰਜਸ਼ੀਲ ਹਾਂ, ਮੈਂ ਗਿਆਨੀ ਕੇਵਲ ਸਿੰਘ ਦੇ ਮਿਸ਼ਨ ‘ਪਿੰਡ ਬਚਾਉ, ਪੰਜਾਬ ਬਚਾਉ’ ਦਾ ਵੀ ਹਿੱਸਾ ਬਣਿਆ ਹੋਇਆ ਹਾਂ। ਭਾਰਤ ਗਿਆਨ ਵਿਗਿਆਨ ਸੰਮਤੀ ਦਾ 1990 ਤੋਂ ਸਰਗਰਮ ਮੈਂਬਰ ਹਾਂ, ਜਿਸਦੇ ਰਾਜਪੱਧਰੀ ਕਨਵੀਨਰ ਡਾ. ਪਿਆਰਾ ਲਾਲ ਗਰਗ ਹਨ। ਮੈਂ ‘ਨਵਾਂ ਜ਼ਮਾਨਾ’ ਅਖ਼ਬਾਰ ਜੋ ਕਿ ਇੱਕ ਪਾਰਟੀ ਦੀ ਪ੍ਰਤੀਬੱਧ ਸੋਚ ਦਾ ਬੁਲਾਰਾ ਹੈ, ਵਿੱਚ ਲਗਾਤਾਰ ਲਿਖਦਾ ਆ ਰਿਹਾ ਹਾਂ। ਮੈਨੂੰ ‘ਦੇਸ਼ ਸੇਵਕ’ ਵਿੱਚ ਲਿਖਣ ਲਈ ਵੀ ਪਰਹੇਜ਼ ਨਹੀਂ ਹੈ ਤਾਂ ਨਾ ਹੀ ‘ਗੁਰਮਤਿ ਪ੍ਰਕਾਸ਼’ ਵਿੱਚ ਛਪਣ ਤੋਂ। ‘ਨੌਜਵਾਨ ਅਤੇ ਨਸ਼ੇ’ ਨਾਂ ਦੇ ਇੱਕ ਲੇਖ ਨੂੰ ਐੱਸ.ਜੀ.ਪੀ.ਸੀ. ਨੇ ਹਜ਼ਾਰਾਂ ਦੀ ਗਿਣਤੀ ਵਿੱਚ ਛਾਪ ਕੇ ਵੰਡਿਆ ਹੈ। ਇਸੇ ਤਰ੍ਹਾਂ ਪਿੰਗਲਵਾੜਾ ਵੀ ਮੇਰੀਆਂ ਕਈ ਕਿਤਾਬਾਂ ਛਾਪ ਰਿਹਾ ਹੈ।
ਭਾਅ ਜੀ ਨੇ, ਅਗਾਂਹਵਧੂ ਵਿਚਾਰਧਾਰਾ ਵਾਲੇ, ਨਿਸ਼ਚਿਤ ਹੀ ਮਾਰਕਸਵਾਦੀ ਸੋਚ ਹੀ ਇਸਦੀ ਤਾਕਤਵਾਰ ਸਰੋਤ ਹੈ, ਸਾਰੇ ਅਗਾਂਹਵਧੂ ਲੋਕਾਂ, ਸਿਰਫ ਖੱਬੇ ਪੱਖੀ ਪਾਰਟੀਆਂ ਹੀ ਨਹੀਂ, ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਿਰਫ਼ ਰਾਜਨੀਤਕ ਪਾਰਟੀਆਂ ਦੇ ਵੀ ਹਿੱਸੇ ਨਾ ਹੋ ਕੇ, ਸਮਾਜਿਕ ਸੰਗਠਨਾਂ ਜਿਵੇਂ, ਤਰਕਸ਼ੀਲ ਸੁਸਾਇਟੀ ਅਤੇ ਭਾਰਤ ਗਿਆਨ ਵਿਗਿਆਨ ਸੰਮਤੀ ਦੇ ਕਾਰਕੁੰਨਾਂ ਨੂੰ ਵੀ ਨਾਲ ਜੋੜਦੇ। ਇੱਥੋਂ ਤਕ ਕਿ ਇੱਕ ਵਾਰੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਲਈ ਵੀ ਮੈਦਾਨ ਵਿੱਚ ਉੱਤਰੇ। ਉਨ੍ਹਾਂ ਦਾ ਫ਼ਿਕਰ ਬਰਾਬਰੀ ਸੀ। ਸਮਾਜਿਕ ਬਰਾਬਰੀ, ਜੋ ਧੁਰਾ ਹੈ ਬਿਹਤਰ ਸਮਾਜ ਦਾ, ਅਤੇ ਇਸ ਦਿਸ਼ਾ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਹਰ ਸ਼ਖਸ ਕੋਲ ਪਹੁੰਚਣ ਲਈ ਤਿਆਰ ਸੀ। ਉਹ ਆਪਣੇ ਨਾਟਕਾਂ ਰਾਹੀਂ ਸਭ ਦੇ ਦਿਲਾਂ ਵਿੱਚ ਹਨ, ਗੀਤਾਂ ਕੋਰੀਓਗ੍ਰਾਫੀ ਦੇ ਗੀਤਾਂ ਰਾਹੀਂ ਵੀ। ‘ਮਸ਼ਾਲਾਂ ਬਾਲ਼ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ’, ਭਾਵੇਂ ਮਹਿੰਦਰ ਸਾਥੀ ਦਾ ਲਿਖਿਆ ਗੀਤ ਹੈ, ਜੋ ਸਟੇਜ ’ਤੇ ਭਾਅ ਜੀ ਨੇ ਪਹੁੰਚਾਇਆ ਤੇ ਕੋਸ਼ਿਸ਼ ਹੈ ਕਿ ਸਾਡੇ ਦਿਲਾਂ ਵਿੱਚ ਉਸੇ ਤਰ੍ਹਾਂ ਗੂੰਜਦਾ ਰਹੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4046)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)