“ਸਾਨੂੰ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਆਪਣੇ ਆਪ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਜੋ ਸਵਾਲ ਸਾਡੇ ਲਈ ...”
(1 ਅਪਰੈਲ 2023)
ਇਸ ਸਮੇਂ ਪਾਠਕ: 380.
ਵਿਦਿਆਰਥੀਆਂ ਖਾਸ ਕਰਕੇ ਗਿਆਰ੍ਹਵੀਂ-ਬਾਰ੍ਹਵੀਂ ਕਲਾਸ ਵਿੱਚ ਪੜ੍ਹਦੇ ਉਮਰ ਦੇ ਬੱਚਿਆਂ ਵਿੱਚ ਇੱਕ ਸਰਵੇਖਣ ਦੌਰਾਨ ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਕੋਲ ਮਾਡਲ ਬਾਰੇ ਪੁੱਛਿਆ ਗਿਆ ਤਾਂ ਤਕਰੀਬਨ ਪੰਜਾਹ ਫੀਸਦ ਦਾ ਜਵਾਬ ਸੀ ਮਾਪੇ, ਤੇ ਇਸ ਤੋਂ ਬਾਅਦ ਕੁਝ ਸਮਾਜਿਕ ਹਸਤੀਆਂ, ਕੁਝ ਇਤਿਹਾਸਕ ਤੇ ਕੁਝ ਧਾਰਮਿਕ ਆਗੂ, ਜਿਵੇਂ ਗੁਰੂ ਗੋਬਿੰਦ ਸਿੰਘ, ਸ਼ਹੀਦ ਭਗਤ ਸਿੰਘ, ਮਦਰ ਟਰੇਸਾ, ਕ੍ਰਿਕੇਟਰ ਸਚਿਨ ਤੇਂਦੁਲਕਰ, ਅਭਿਨੇਤਾ ਸ਼ਾਹਰੁਖ਼ ਖਾਨ ਜਾਂ ਐਸ਼ਵਰਿਆ ਰਾਏ ਆਦਿ।
ਕਿਸੇ ਵੀ ਬੱਚੇ ਦੀ ਜ਼ਿੰਦਗੀ ਦਾ ਇਹ ਅਹਿਮ ਪੱਖ ਹੈ, ਰੋਲ ਮਾਡਲ ਹਰ ਇੱਕ ਨੂੰ ਚਾਹੀਦਾ ਹੁੰਦਾ ਹੈ। ਖਾਸ ਕਰ ਚੜ੍ਹਦੀ ਜਵਾਨੀ ਦੇ ਦਿਨਾਂ ਵਿੱਚ, ਜ਼ਿੰਦਗੀ ਦੇ ਅਹਿਮ ਪੜਾਅ ਕਿਸ਼ੋਰ ਅਵਸਥਾ ਦੌਰਾਨ। ਇਹ ਉਹ ਸਮਾਂ ਹੈ ਜਦੋਂ ਬੱਚਾ ਸਰੀਰਿਕ ਤੌਰ ’ਤੇ ਵਧਦਾ ਹੋਇਆ ਨਜ਼ਰ ਆਉਂਦਾ ਹੈ। ਪਰ ਉਹ ਆਪਣੇ ਅਹਿਸਾਸਾਂ ਅਤੇ ਆਪਸੀ ਰਿਸ਼ਤਿਆਂ ਪ੍ਰਤੀ ਵੀ ਤਬਦੀਲੀ ਮਹਿਸੂਸ ਕਰਦਾ ਹੈ। ਇਹੀ ਉਮਰ ਹੁੰਦੀ ਹੈ ਜਦੋਂ ਬੱਚੇ ਨੂੰ ਆਪਣੇ ਕੁਝ ਬਣਨ ਬਾਰੇ ਵੀ ਸੁਚੇਤਤਾ ਹੁੰਦੀ ਹੈ। ਉਹ ਖੁਦ ਵੀ ਇਸ ਗੱਲ ਨੂੰ ਪ੍ਰਗਟਾਉਂਦਾ ਹੈ ਤੇ ਮਾਪੇ ਅਤੇ ਰਿਸ਼ਤੇਦਾਰ ਵੀ ਇਸ ਵਿੱਚ ਦਿਲਚਸਪੀ ਲੈਂਦੇ ਨੇ।
ਇਸ ਉਮਰ ਦੀ ਇੱਕ ਹੋਰ ਖਾਸੀਅਤ ਹੈ ਕਿ ਇਹ ਸਿਆਣਪ ਦੇ ਵਿਕਾਸ ਅਤੇ ਪ੍ਰਗਟਾਵੇ ਦੇ ਦਿਨ ਵੀ ਹਨ। ਇਸਦਾ ਪ੍ਰਗਟਾਵਾ ਇਸ ਗੱਲ ਤੋਂ ਹੁੰਦਾ ਹੈ, ਜਦੋਂ ਉਹ ਜ਼ਿੰਦਗੀ ਦੇ ਹਰ ਪੱਖ ਨੂੰ ਲੈ ਕੇ ਸਵਾਲ ਖੜ੍ਹੇ ਕਰਨ ਲੱਗ ਜਾਂਦਾ ਹੈ। ਬਚਪਨ ਵਿੱਚ ਉਹ ਜਿਗਿਆਸੂ ਹੁੰਦਾ ਹੈ। ਹਰ ਚੀਜ਼ ਬਾਰੇ ਜਾਣਨਾ ਚਾਹੁੰਦਾ ਹੈ ਤੇ ਕਿਸ਼ੋਰ ਅਵਸਥਾ ’ਤੇ ਆ ਕੇ ਉਹ ਵਿਸ਼ਲੇਸ਼ਣੀ ਹੁੰਦਾ ਹੈ, ਭਾਵ ਜਗਿਆਸਾ ਦੇ ਅਗਲੇ ਪੜਾਅ ਵਿੱਚ ‘ਕੀ’ ਦੇ ਨਾਲ ‘ਕਿਉਂ’ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ। ਉਹ ਆਪਣੇ ਸਰੀਰ ਨੂੰ ਲੈ ਕੇ, ਮਨ ਅਤੇ ਰਿਸ਼ਤਿਆਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰਦਾ ਹੈ ਜਾਂ ਉਸ ਦੇ ਦਿਮਾਗ ਵਿੱਚ ਸਵਾਲ ਉੱਠਦੇ ਹਨ। ਜਿਵੇਂ, ਮੈਂ ਗਿੱਠਾ ਕਿਉਂ ਰਹਿ ਗਿਆ? ਮੇਰਾ ਰੰਗ ਕਾਲਾ ਕਿਉਂ ਹੈ? ਮੈਂ ਬੱਸ ’ਤੇ ਚੜ੍ਹ ਕੇ ਸਕੂਲ ਕਿਉਂ ਨਹੀਂ ਜਾਂਦਾ? ਮੈਨੂੰ ਮੁੰਡਿਆਂ ਨਾਲ ਖੇਡਣ ਤੋਂ ਕਿਉਂ ਰੋਕਿਆ ਜਾਂਦਾ ਹੈ?
ਉਮਰ ਦਾ ਇਹੀ ਪੜਾਅ ਹੈ ਜਦੋਂ ਉਹ ਆਪਣੇ ਬਾਰੇ ਵੀ ਸੁਚੇਤ ਹੁੰਦਾ ਹੈ ਤੇ ਜ਼ਿੰਦਗੀ ਵਿੱਚ ਆਪਣੀ ਭੂਮਿਕਾ ਨੂੰ ਲੈ ਕੇ। ਕਹਿ ਸਕਦੇ ਹਾਂ ਕਿ ਉਸ ਨੇ ਕੀ ਬਣਨਾ ਹੈ, ਕਿਉਂ ਬਣਨਾ ਹੈ, ਬਾਰੇ ਵੀ ਉਹ ਸੁਚੇਤ ਹੋ ਰਿਹਾ ਹੁੰਦਾ ਹੈ। ਇਹੀ ਸਮਾਂ ਹੈ ਜਦੋਂ ਉਹ ਕਿਸੇ ਵਿਅਕਤੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਰਾਹ ’ਤੇ ਤੁਰਨਾ ਚਾਹੁੰਦਾ ਹੈ। ਭਾਵ ਇਹ ਕਿ ਇਹੀ ਉਹ ਸਮਾਂ ਹੈ ਜਦੋਂ ਉਸ ਨੂੰ ਰੋਲ ਮਾਡਲ ਦੀ ਲੋੜ ਵੀ ਹੁੰਦੀ ਹੈ ਤੇ ਉਹ ਉਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਚਾਹਵਾਨ ਵੀ ਹੁੰਦਾ ਹੈ।
ਉਂਜ ਤਾਂ ਰੋਲ ਮਾਡਲ ਦੀ ਜ਼ਰੂਰਤ ਸਭ ਨੂੰ ਹੀ, ਸਾਰੀ ਉਮਰ ਰਹਿੰਦੀ ਹੈ। ਇੱਕ ਉਮਰ ’ਤੇ ਆ ਕੇ ਹਰ ਸ਼ਖਸ ਤੋਂ ਰੋਲ ਮਾਡਲ ਹੋਣ ਦੀ ਉਮੀਦ ਵੀ ਕੀਤੀ ਜਾਂਦੀ ਹੈ, ਪਰ ਚੜ੍ਹਦੀ ਉਮਰ ਦਾ ਇਹ ਪੜਾਅ ਮਹੱਤਵਪੂਰਨ ਹੈ ਜੋ ਕਿ ਜ਼ਿੰਦਗੀ ਦੀ ਬੁਨਿਆਦ ਦਾ ਕੰਮ ਕਰਦਾ ਹੈ ਤੇ ਇਸਦੇ ਆਧਾਰ ’ਤੇ ਹੀ ਬੱਚੇ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ।
ਸਰੀਰ ਅਤੇ ਮਾਨਸਿਕ ਵਿਕਾਸ ਦੇ ਮੱਦੇਨਜ਼ਰ ਜਦੋਂ ਬੱਚਾ ਦੋ ਕੁ ਸਾਲ ਦਾ ਹੁੰਦਾ ਹੈ, ਉਹ ਆਪਣੀ ਜਿਗਿਆਸਾ ਤਹਿਤ ਆਪਣੇ ਆਲੇ-ਦੁਆਲੇ ਬਾਰੇ ਜਾਣਨਾ ਚਾਹੁੰਦਾ ਹੈ। ਉਸ ਦੇ ਮੂੰਹ ’ਤੇ ਹਮੇਸ਼ਾ ਇਹ ਕੀ ਹੈ, ਉਹ ਕੀ ਹੈ, ਰਹਿੰਦਾ ਹੈ। ਉਸ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਉਸ ਦੇ ਮਾਂ ਜਾਂ ਪਿਉ ਤੋਂ ਮਿਲਦਾ ਹਨ ਜੋ ਉਸ ਨਾਲ ਸਭ ਤੋਂ ਵੱਧ ਸਮਾਂ ਬਿਤਾਉਂਦੇ ਹਨ। ਬੱਚੇ ਦੇ ਮਨ ਵਿੱਚ ਉਹ ਬੜੇ ਮਹਾਨ ਵਿਅਕਤੀ ਦੇ ਤੌਰ ’ਤੇ ਦਰਜ ਹੋ ਜਾਂਦੇ ਹਨ, ਜਿਨ੍ਹਾਂ ਕੋਲ ਹਰ ਸਵਾਲ ਦਾ ਜਵਾਬ ਹੈ।
ਅਗਲੇ ਪੜਾਅ ਵਿੱਚ ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਅਧਿਆਪਕ ਦੀ ਸਿਆਣਪ ਅਤੇ ਜਵਾਬ ਦੇਣ ਦੀ ਕਾਬਲੀਅਤ ਵੱਧ ਜਾਪਦੀ ਹੈ’ਤੇ ਉਸ ਦਾ ਰੋਲ ਮਾਡਲ ਮਾਪਿਆਂ ਤੋਂ ਅੱਗੇ ਅਧਿਆਪਕਾਂ ਵੱਲ ਸਰਕ ਜਾਂਦਾ ਹੈ। ਇਸਦੇ ਨਾਲ ਹੀ, ਜਦੋਂ ਕਿਸ਼ੋਰ ਅਵਸਥਾ ’ਤੇ ਬੱਚਾ ਵਿਸ਼ਲੇਸ਼ਣੀ ਹੁੰਦਾ ਹੈ ਤੇ ਆਪਣੇ ਆਲੇ-ਦੁਆਲੇ ਦੀਆਂ ਸ਼ਖ਼ਸੀਅਤਾਂ ਦੀ ਪੁਣ-ਛਾਣ ਕਰਨ ਦੇ ਕਾਬਲ ਹੁੰਦਾ ਹੈ ਤੇ ਮਾਪੇ ਅਤੇ ਅਪਿਆਪਕ ਵੀ ਉਸ ਪੁਣਛਾਣ ’ਤੇ ਖਰੇ ਨਹੀਂ ਉੱਤਰਦੇ, ਇਸ ਸਮੇਂ ਦੌਰਾਨ ਉਹ ਸਾਹਿਤ ਅਤੇ ਇਤਿਹਾਸ ਪੜ੍ਹਦਿਆਂ, ਉਨ੍ਹਾਂ ਸ਼ਖ਼ਸੀਅਤਾਂ ਤੋਂ ਪ੍ਰਭਾਵਿਤ ਹੋ ਕੇ, ਉਨ੍ਹਾਂ ਵਿੱਚੋਂ ਰੋਲ ਮਾਡਲ ਤਲਾਸ਼ ਕਰਦਾ ਹੈ। ਮਤਲਬ ਕਿ ਹੁਣ ਅਧਿਆਪਕ ਵੀ ਰੋਲ ਮਾਡਲ ਨਹੀਂ ਕਹਿੰਦੇ।
ਸਰਵੇਖਣ ਵਿੱਚ, ਨੌਜਵਾਨਾਂ ਨੇ ਜਿਨ੍ਹਾਂ ਰੋਲ ਮਾਡਲਾਂ ਦਾ ਜ਼ਿਕਰ ਕੀਤਾ, ਉਸ ਤੋਂ ਸਾਫ਼ ਦਿਸਦਾ ਹੈ ਕਿ ਉਹ ਘਰ ਦੇ ਨਾਲ-ਨਾਲ ਆਲੇ-ਦੁਆਲੇ ਪ੍ਰਤੀ ਵੀ ਸੁਚੇਤ ਹਨ। ਰੋਲ ਮਾਡਲ ਦਾ ਬਦਲਣੇ ਰਹਿਣਾ ਕੋਈ ਮਾੜਾ ਨਹੀਂ ਹੈ, ਸਗੋਂ ਇਹ ਬੱਚੇ ਦੀ ਕਾਬਲੀਅਤ ਦਰਸਾਉਂਦਾ ਹੈ, ਭਾਵੇਂ ਮਾਪੇ ਅਤੇ ਅਧਿਆਪਕ ਇਸ ਵਿੱਚੋਂ ਖਾਰਿਜ ਹੁੰਦੇ ਹਨ ਤਾਂ ਇਹ ਉਨ੍ਹਾਂ ’ਤੇ ਸਵਾਲੀਆ ਨਿਸ਼ਾਨ ਜ਼ਰੂਰ ਖੜ੍ਹਾ ਹੁੰਦਾ ਹੈ।
ਸਰਵੇਖਣ ਦਾ ਇੱਕ ਹੋਰ ਅਹਿਮ ਨਤੀਜਾ ਸੀ ਕਿ ਤਕਰੀਬਨ 20-25 ਫੀਸਦ ਨੌਜਵਾਨਾਂ ਦਾ ਕੋਈ ਰੋਲ ਮਾਡਲ ਨਹੀਂ ਸੀ। ਰੋਲ ਮਾਡਲ ਦੇ ਤੱਥ ਦੀ ਪੁਸ਼ਟੀ ਕਰਨ ਲਈ ਇੱਕ ਹੋਰ ਸਵਾਲ ਸੀ ਕਿ ਉਹ ਆਪਣੇ ਰੋਲ ਮਾਡਲ ਵਿੱਚ ਕਿਹੜੇ-ਕਿਹੜੇ ਗੁਣ ਦੇਖਣ ਦੇ ਚਾਹਵਾਨ ਹਨ। ਹਰ ਬੱਚੇ ਨੂੰ ਦੋ ਗੁਣ ਲਿਖਣ ਨੂੰ ਕਿਹਾ ਤਾਂ ਇੱਕ ਲੰਮੀ ਸੂਚੀ ਬਣ ਗਈ। ਉਨ੍ਹਾਂ ਵਿੱਚੋਂ ਕੁਝ ਕੁ ਪ੍ਰਮੁੱਖ ਸਨ, ਇਮਾਨਦਾਰੀ, ਮਿਹਨਤ, ਪਰਵਾਹ ਕਰਨੀ, ਸੰਭਾਲ, ਦਿਆਨਤਦਾਰੀ, ਵਿਸ਼ਵਾਸ, ਪਿਆਰ, ਉਮੀਦ ਵਧਾਉਣ ਵਾਲਾ ਆਦਿ।
ਚੜ੍ਹਦੀ ਜਵਾਨੀ ਦੀ ਉਮਰੇ, ਜਦੋਂ ਕੋਈ ਆਪਣੀ ਜ਼ਿੰਦਗੀ ਦੀ ਰਾਹ ਤੈਅ ਕਰਨ ਜਾ ਰਿਹਾ ਹੁੰਦਾ ਹੈ ਤੇ ਕਿਸੇ ਰਾਹ ਦਸੇਰੇ ਦੀ ਤਲਾਸ਼ ਵਿੱਚ ਹੈ ਤਾਂ ਉਸ ਸਮੇਂ ਉਸ ਨੌਜਵਾਨ ਨੂੰ ਕੋਈ ਵੀ ਸ਼ਖ਼ਸ ਅਜਿਹਾ ਨਜ਼ਰ ਨਹੀਂ ਆ ਰਿਹਾ, ਜੋ ਉਸ ਦੀ ਰਾਹ ਦੀ ਨਿਸ਼ਾਨਦੇਹੀ ਕਰੇ, ਤਾਂ ਸਪਸ਼ਟ ਹੈ ਕਿ ਜਿਨ੍ਹਾਂ ਗੁਣਾਂ ਵਾਲੇ ਵਿਅਕਤੀਆਂ ਦੀ ਉਸ ਨੂੰ ਤਲਾਸ਼ ਹੈ, ਉਹ ਸਮਾਜ ਵਿੱਚ ਨਹੀਂ ਹਨ। ਇਸ ਲਈ ਹੀ ਕਿਹਾ ਕਿ ਇਹ ਸਵਾਲੀਆਂ ਨਿਸ਼ਾਨ ਸਾਡੇ ਸਭ ’ਤੇ ਹੈ, ਜੋ ਮਾਪੇ ਹਨ ਜਾਂ ਅਧਿਆਪਕ ਜਾਂ ਕੁਝ ਹੋਰ ਵੀ। ਸਾਡੇ ਸਮਾਜ ਦੀਆਂ ਪਤਵੰਤੀਆਂ ਸ਼ਖ਼ਸੀਅਤਾਂ ਜਿਵੇਂ ਸਮਾਜਿਕ ਕਾਰਕੁਨ, ਧਾਰਮਿਕ ਨੇਤਾ ਅਤੇ ਰਾਜਨੀਤਕ ਆਗੂ ਆਦਿ ਸਾਰੇ ਹੀ ਸਵਾਲਾਂ ਹੇਠ ਹਨ।
ਰੋਲ ਮਾਡਲ ਦੀ ਜਾਂ ਜ਼ਿੰਦਗੀ ਵਿੱਚ ਕਿਸੇ ਆਦਰਸ਼ ਦੀ ਲੋੜ ਕਿਉਂ ਹੁੰਦੀ ਹੈ? ਜਿਵੇਂ ਕਿ ਮਨੁੱਖੀ ਸ਼ਖ਼ਸੀਅਤ ਦੀ ਖਾਸੀਅਤ ਹੈ ਕਿ ਉਹ ਸੇਵਾ, ਸਮਰਪਣ, ਪਿਆਰ, ਸਹਿਯੋਗ, ਹਮਦਰਦੀ ਵਾਲੇ ਕੰਮ ਕਰਨ ਦੀ ਚਾਹਤ ਰੱਖਦਾ ਹੈ ਤੇ ਉਸ ਤਰ੍ਹਾਂ ਦੀ ਸ਼ਖ਼ਸੀਅਤ ਦੀ ਝਲਕ ਆਪਣੇ ਅੰਦਰ ਭਾਲਦਾ ਵੀ ਹੈ ਤੇ ਅਪਣਾਉਣਾ ਵੀ ਚਾਹੁੰਦਾ ਹੈ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਅਜਿਹੇ ਕੰਮ ਕਰਦਾ ਹੋਇਆ ਉਹ ਪ੍ਰਵਾਨਗੀ ਵੀ ਚਾਹੁੰਦਾ ਹੈ ਤੇ ਹੱਲਾਸ਼ੇਰੀ ਵੀ। ਵੈਸੇ ਤਾਂ ਜ਼ਿੰਦਗੀ ਦੇ ਹਰ ਪੜਾਅ ’ਤੇ, ਪੈਰ-ਪੈਰ ’ਤੇ ਹੀ ਹੱਲਾਸ਼ੇਰੀ ਦੀ ਲੋੜ ਹੁੰਦੀ ਹੈ। ਹੱਲਾਸ਼ੇਰੀ ਉਹ ਪੱਖ ਹੈ ਜੋ ਜੀਵਨ ਦੇ ਇੰਜਣ ਲਈ ਊਰਜਾ ਦਾ ਕੰਮ ਕਰਦਾ ਹੈ। ਇਹੀ ਉਹ ਸ਼ੈਅ ਹੈ, ਜੋ ਜ਼ਿੰਦਗੀ ਨੂੰ ਗਤੀਸ਼ੀਲਤਾ ਪ੍ਰਦਾਨ ਕਰਦੀ ਹੈ।
ਇਸ ਲਈ ਕਿਸੇ ਦੀ ਜ਼ਿੰਦਗੀ ਵਿੱਚ, ਖਾਸ ਕਰਕੇ ਜ਼ਿੰਦਗੀ ਦੇ ਬੁਨਿਆਦੀ ਦਿਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰੋਲ ਮਾਡਲ ਨਾ ਹੋਣਾ, ਇੱਕ ਵਿਚਾਰਨਯੋਗ ਪਹਿਲੂ ਹੈ। ਇਹ ਸਿਰਫ਼ ਨੌਜਵਾਨੀ ਲਈ ਸੰਕਟ ਨਹੀਂ ਹੈ, ਇਹ ਅਸਲ ਵਿੱਚ ਸਮਾਜ ਅਤੇ ਦੇਸ਼ ਲਈ ਸੰਕਟ ਹੈ। ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਲੈ ਕੇ ਕੀਤੇ ਸਰਵੇਖਣ ਵਿੱਚ ਇੱਕ ਹੋਰ ਅਹਿਮ ਨਤੀਜਾ ਦੇਖਣ ਨੂੰ ਮਿਲਿਆ ਕਿ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਅਧਿਆਪਕ ਨੂੰ ਰੋਲ ਮਾਡਲ ਨਹੀਂ ਦੱਸਿਆ, ਭਾਵੇਂ ਕਿ ਹੋਰ ਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਨੇ, ਟਾਵਾਂ-ਟਾਵਾਂ ਹੀ ਸਹੀ, ਅਧਿਆਪਕ ਦਾ ਨਾਂ ਲਿਆ।
ਦਰਅਸਲ ਇਹ ਨਤੀਜਾ ਵੀ ਇੱਕ ਹੋਰ ਪੱਖ ਨੂੰ ਉਜਾਗਰ ਕਰਦਾ ਹੈ ਕਿ ਅਧਿਆਪਕ ਅਤੇ ਵਿਦਿਆਰਥੀ ਦਾ, ਰਿਵਾਇਤੀ ਗੁਰੂ-ਚੇਲੇ ਵਾਲਾ ਰਿਸ਼ਤਾ ਨਹੀਂ ਰਿਹਾ ਹੈ। ਮੈਡੀਕਲ ਕਾਲਜ ਪਹੁੰਚਣ ਵਾਲੇ, ਨੀਟ ਦੀ ਤਿਆਰੀ ਕਰਨ ਦੌਰਾਨ ਅਧਿਆਪਕ ਨਾਲ ਜੋ ਰਿਸ਼ਤਾ ਰੱਖਦੇ ਹਨ, ਉਹ ਵਪਾਰਕ ਹੈ। ਲੱਖਾਂ ਰੁਪਏ ਖਰਚ ਕੇ ਵਿੱਦਿਆ ਖਰੀਦੀ ਜਾਂਦੀ ਹੈ। ਉਸ ਵਿੱਚ ਜਿਨ੍ਹਾਂ ਗੁਣਾਂ ਦੀ ਆਪਾਂ ਗੱਲ ਜੋ ਇੱਥੇ ਕੀਤੀ ਹੈ, ਉਹ ਬਿਲਕੁਲ ਹੀ ਗਾਇਬ ਹੁੰਦੇ ਹਨ। ਪਰ ਉਂਜ ਵੀ ਜੇਕਰ ਗੌਰ ਨਾਲ ਇਸ ਰਿਸ਼ਤੇ ’ਤੇ ਨਜ਼ਰ ਮਾਰੀਏ ਤਾਂ ਪਹਿਲੀ ਜਮਾਤ ਤੋਂ ਹੀ ਟਿਊਸ਼ਨ ਦੀ ਪਰੰਪਰਾ, ਇਸਦਾ ਜਿਹੜਾ ਪਹਿਲੂ ਉਭਾਰਦੀ ਹੈ, ਉਹ ਰਾਹ ਦਸੇਰੇ ਵਾਲਾ ਨਹੀਂ ਹੋ ਸਕਦਾ। ਉਂਜ ਭਾਵੇਂ ਕੋਈ ਅਧਿਆਪਕ ਵਿਅਕਤੀਗਤ ਤੌਰ ’ਤੇ ਕਿਸੇ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਵੇ ਤਾਂ ਗੱਲ ਵੱਖਰੀ ਹੈ।
ਰੋਲ ਮਾਡਲ ਅਤੇ ਸ਼ਖ਼ਸੀਅਤ ਉਸਾਰੀ ਦਾ ਆਪਸੀ ਸਬੰਧ ਇਹ ਹੈ ਕਿ ਜੋ ਵੀ ਰੋਲ ਮਾਡਲ ਹੁੰਦਾ ਹੈ, ਜੋ ਉਸ ਦੇ ਗੁਣ ਹੁੰਦੇ ਹਨ, ਉਹ ਹੌਲੀ ਹੌਲੀ ਨੌਜਵਾਨ ਦੀ ਸ਼ਖ਼ਸੀਅਤ ਦਾ ਹਿੱਸਾ ਬਣਨ ਲੱਗਦੇ ਹਨ, ਕਈਆਂ ਵਿੱਚ ਤਾਂ ਉਹ ਸਪਸ਼ਟ ਦਿਸਦੇ ਹਨ। ਕਈ ਸਿਆਣੇ ਲੋਕ ਪਛਾਣ ਕੇ ਨਿਸ਼ਾਨਦੇਹੀ ਵੀ ਕਰਦੇ ਹਨ। ਇਸ ਤਰ੍ਹਾਂ ਹੁੰਦਿਆਂ, ਜਦੋਂ ਕੋਈ ਵੀ ਸ਼ਖ਼ਸ, ਬਣ ਰਿਹਾ ਰੋਲ ਮਾਡਲ, ਨੌਜਵਾਨ ਦੀ ਆਲੋਚਨਾ ਦ੍ਰਿਸ਼ਟੀ ਦੇ ਤਹਿਤ ਖਰਾ ਨਹੀਂ ਉੱਤਰਦਾ ਤਾਂ ਉਹ ਆਪਣੀ ਸ਼ਖ਼ਸੀਅਤ ਵਿੱਚ ਇੱਕ ਤਰੇੜ ਮਹਿਸੂਸ ਕਰਦਾ ਹੈ। ਰੋਲ ਮਾਡਲ ਦੇ ਬਦਲਦੇ ਰਹਿਣ ਦੀ ਪ੍ਰਕ੍ਰਿਆ ਬਾਰੇ ਆਪਾਂ ਸਮਝਿਆ ਹੈ। ਉਸ ਦੇ ਤਹਿਤ ਨੌਜਵਾਨਾਂ ਦੀ ਸ਼ਖ਼ਸੀਅਤ ਵਿੱਚ ਆਈ ਤਰੇੜ ਭਰ ਜਾਂਦੀ ਹੈ। ਪਰ ਜਦੋਂ ਇਹ ਤਰੇੜ ਇੰਨੀ ਡੂੰਘੀ ਹੋਵੇ ਤੇ ਵਾਰ ਵਾਰ ਉਸ ਨੂੰ ਰੋਲ ਮਾਡਲ ਵਿੱਚ ਨੁਕਸ ਨਜ਼ਰ ਆਉਣ ਦੇ ਹਾਦਸੇ ਵਿੱਚੋਂ ਲੰਘਣਾ ਪਵੇ ਤਾਂ ਇਹ ਸਿਰਫ਼ ਭੁਰਦੀ, ਤਰੇੜੀ ਨਹੀਂ ਜਾਂਦੀ, ਸਗੋਂ ਪੂਰੀ ਤਰ੍ਹਾਂ ਟੁੱਟ ਜਾਂਦੀ ਹੈ। ਇਸ ਨਾਲ ਨੌਜਵਾਨ ਦਾ ਸਮਾਜ ਵਿੱਚ, ਆਪਣੇ ਆਲੇ ਦੁਆਲੇ ਵਿੱਚੋਂ ਵਿਸ਼ਵਾਸ ਮੁੱਕਣ ਲੱਗਦਾ ਹੈ। ਉਹ ਆਲਾ ਦੁਆਲਾ, ਜਿਸ ਵਿੱਚ ਉਸ ਨੇ ਰਹਿਣਾ ਹੈ, ਕੰਮ ਕਰਨਾ ਹੈ ਤੇ ਆਪਣੇ ਸੰਜੋਏ ਸੁਪਨਿਆਂ ਨੂੰ ਪੂਰਾ ਕਰਨਾ ਹੈ।
ਜਦੋਂ ਉਸ ਦੀ ਸ਼ਖ਼ਸੀਅਤ ਨੂੰ ਸੱਟ ਵੱਜਦੀ ਹੈ ਤੇ ਰੋਲ ਮਾਡਲ ਕੋਈ ਨਜ਼ਰ ਨਹੀਂ ਆਉਂਦਾ ਤੇ ਇਸ ਬੇਭਰੋਸਗੀ ਦੇ ਆਲਮ ਵਿੱਚ ਉਸ ਦੀ ਇਸ ਸੱਟ ਦੇ ਨਤੀਜੇ ਵਜੋਂ ਪਹਿਲੀ ਅਲਾਮਤ ਨਿਰਾਸ਼ਾ ਅਤੇ ਉਦਾਸੀ ਹੁੰਦੀ ਹੈ ਜੋ ਕਿ ਵੱਡੇ ਪੱਧਰ ’ਤੇ ਅੱਜ ਨੌਜਵਾਨਾਂ ਵਿੱਚ ਦੇਖੀ ਜਾ ਸਕਦੀ ਹੈ ਤੇ ਨਿਰਾਸ਼ਾ ਨੂੰ ਦੂਰ ਕਰਨ ਜਾਂ ਉਸ ਦੇ ਫੌਰੀ ਹੱਲ ਲਈ ਨਸ਼ਿਆਂ ਦੀ ਵਰਤੋਂ ਸਾਹਮਣੇ ਆਉਂਦੀ ਹੈ। ਨਸ਼ੇ ਅਤੇ ਨਿਰਾਸ਼ਾ, ਅਗਰ ਸਹੀ ਢੰਗ ਨਾਲ ਨਾ ਨਜਿੱਠੇ ਜਾਣ ਤਾਂ ਖੁਦਕੁਸ਼ੀ ਵੀ ਕੋਈ ਬਹੁਤੀ ਦੂਰ ਨਹੀਂ ਹੁੰਦੀ।
ਜਦੋਂ ਆਪਾਂ ਰੋਲ ਮਾਡਲ ਦੀ ਗੱਲ ਕਰ ਰਹੇ ਹਾਂ ਤੇ ਨੌਜਵਾਨ ਸਾਡੀ ਤਰਜੀਹ ਹਨ ਅਤੇ ਸਾਡੀ ਸਾਰੀ ਟੇਕ ਉਨ੍ਹਾਂ ਉੱਤੇ ਹੈ, ਸਾਨੂੰ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਆਪਣੇ ਆਪ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਜੋ ਸਵਾਲ ਸਾਡੇ ਲਈ ਨੌਜਵਾਨਾਂ ਨੇ ਖੜ੍ਹਾ ਕੀਤਾ ਹੈ ਕਿ ਜੋ ਗੁਣ ਉਨ੍ਹਾਂ ਨੂੰ ਲੋੜੀਂਦੇ ਹਨ, ਜਿਸ ਰੋਲ ਮਾਡਲ ਦੀ ਉਨ੍ਹਾਂ ਨੂੰ ਤਲਾਸ਼ ਹੈ, ਉਹ ਸਾਡੇ ਅੰਦਰ ਨਹੀਂ ਹਨ। ਇਸਦਾ ਕੀ ਹੱਲ ਹੈ, ਇਸ ਨੂੰ ਕਿਵੇਂ ਨਜਿੱਠਣਾ ਹੈ, ਇਸ ਪਾਸੇ ਵੀ ਸੋਚਣ-ਘੋਖਣ ਤੇ ਕੁਝ ਕਰਨ ਦੀ ਜ਼ਰੂਰਤ ਹੈ। ਆਪਣੇ ਆਪ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਔਖਾ ਜ਼ਰੂਰ ਹੁੰਦਾ ਹੈ। ਇਸ ਤੋਂ ਪਹਿਲਾਂ ਇਹ ਸਵੀਕਾਰ ਕਰਨਾ ਕਿ ਸਾਡੇ ਅੰਦਰ ਹੀ ਨੁਕਸ ਹੈ। ਪਰ ਨਾਲ ਹੀ, ਇਸ ਸੱਚ ਨੂੰ ਸੋਚ ਵਿੱਚ ਸਮੋਏ ਬਿਨਾਂ ਨੌਜਵਾਨੀ ਦੇ ਸੰਕਟ ਦਾ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3884)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)