“ਸਾਡੇ ਕੋਲ ਸੋਚਵਾਨ ਦਿਮਾਗ ਹੈ, ਸਾਡੇ ਕੋਲ ਸੰਵਾਦ ਦੀ, ਆਪਸੀ ਗੱਲਬਾਤ ਦੀ ਤਾਕਤ ਹੈ। ਸੰਵਾਦ ਵੇਲੇ ...”
(9 ਅਗਸਤ 2023)
ਜਿਸ ਸਕੂਲ ਵਿੱਚ ਪਿਤਾ ਜੀ ਮੈਨੂੰ 1960 ਵਿੱਚ ਪੜ੍ਹਾਉਣ ਦੀ ਮਨਸ਼ਾ ਨਾਲ ਛੱਡ ਕੇ ਆਏ ਤੇ ਪੰਜਾਵੀਂ ਜਮਾਤ ਵਿੱਚੋਂ ਪਹਿਲੀ ਥਾਂ ਹਾਸਲ ਕੀਤੀ, ਉੱਥੇ ਅੱਜ ਉਸ ਸਕੂਲ ਦਾ ਨਾਮੋਨਿਸ਼ਾਨ ਹੀ ਨਹੀਂ ਹੈ, ਦੁਕਾਨਾਂ ਨੇ, ਬਾਜ਼ਾਰ ਹੈ। ਸਾਢੇ ਪੰਜ ਸਾਲ ਦੇ ਨੂੰ, ਛੇ ਸਾਲ ਦਾ ਪੂਰਾ ਕਰਕੇ ਦਾਖਲ ਕਰ ਲਿਆ।
ਬਾਜ਼ਾਰ ਵੀ ਹੌਲੀ-ਹੌਲੀ ਉਸਾਰਿਆ ਹੈ। ਛੇਵੀਂ ਕਲਾਸ ਵਿੱਚ ਹਾਇਰ ਸਕੈਂਡਰੀ ਸਕੂਲ ਦਾਖਲ ਹੋਇਆ, ਹੁਣ ਸੀਨੀਅਰ ਸਕੈਂਡਰੀ। ਪੂਰੇ ਜ਼ਿਲ੍ਹੇ ਵਿੱਚ ਸਭ ਤੋਂ ਵੱਡੀ ਥਾਂ ’ਤੇ ਫੈਲਿਆ, ਉਹ ਅਜੇ ਵੀ ਹੈ, ਉਸ ਥਾਂ ’ਤੇ ਕਿੰਨੇ ਹੀ ਮਾਲ ਜਾਂ ਦੋ-ਤਿੰਨ ਰਿਹਾਇਸ਼ੀ ਕਲੋਨੀਆਂ, ਟਾਵਰ ਕਿਸਮ ਦੀਆਂ ਬਣ ਸਕਦੀਆਂ ਹਨ। ਪਰ ਉਹ ਮੈਦਾਨ ਕਾਇਮ ਹੈ, ਸ਼ਾਇਦ ਪਰੰਪਰਿਕ ਤਿਉਹਾਰ ਦੁਸਹਿਰੇ ਦੇ ਲਈ ਉਸ ਤੋਂ ਵੱਡੀ ਅਤੇ ਵਧੀਆ ਥਾਂ ਸ਼ਹਿਰ ਵਿੱਚ ਲੱਭਣੀ ਮੁਸ਼ਕਿਲ ਹੈ।
ਸਿੱਖਿਆ ਦਾ ਅਸਲੀ ਮਕਸਦ, ਉਹ ਵੀ ਸਕੂਲੀ ਸਿੱਖਿਆ ਦਾ, ਬਹੁਤ ਬਾਅਦ ਵਿੱਚ ਪਤਾ ਚੱਲਿਆ। ਬਚਪਨ ਵਿੱਚ ਇੱਕ ਗੀਤ ਸੁਣਦੇ। ਇਹ ਗੀਤ ਸੰਨ 1960 ਬਣੀ ਫਿਲਮ ‘ਬਰੂਦ’ ਦਾ ਹੈ, ‘ਪੜ੍ਹੋਗੇ, ਲਿਖੋਗੇ, ਬਣੋਗੇ ਨਵਾਬ।’ ਉਸ ਸਮੇਂ ਪੜ੍ਹ-ਲਿਖ ਕੇ, ਟਾਈ-ਪੈਂਟ ਪਾ ਕੇ ਭਾਵੇਂ ਕਲਰਕੀ ਕਰਦੇ ਲੋਕ ਵੀ, ਧੋਤੀ-ਕੁਰਤਿਆਂ, ਕਮੀਜ਼-ਪਜਾਮਿਆਂ ਵਾਲੇ ਲੋਕਾਂ ਵਿੱਚ ਨਵਾਬ ਨਜ਼ਰ ਆਉਂਦੇ।
ਇਹ ਤਾਂ ਸਾਹਿਤ ਦੇ ਲੜ ਲੱਗਣ ਨਾਲ, ਸਾਹਿਤ ਦੀਆਂ ਕਿਤਾਬਾਂ ਨਾਲ ਜੁੜ ਕੇ ਸਿੱਖਿਆ - ਮਨੋਵਿਗਿਆਨ ਦੇ ਵੱਡੇ ਪਰਿਪੇਖ ਬਾਰੇ ਪਤਾ ਚੱਲਿਆ। ਸਕੂਲੀ ਪੱਧਰ ਜਾਂ ਕਾਲਜ ਪੱਧਰ ’ਤੇ ਵੀ ਕਦੇ ਕਿਸੇ ਨੇ ਸਿੱਖਿਆ ਦੇ ਮਹੱਤਵ ਨੂੰ ਨਹੀਂ ਸੀ ਪੜ੍ਹਾਇਆ, ਸਮਝਾਇਆ। ਸਿੱਖਿਆ ਦਾ ਮਤਲਬ ਸੀ ਨੌਕਰੀ, ਮੇਰੇ ਵਰਗੇ ਬੱਚਿਆਂ ਦੇ ਮਾਂ-ਪਿਉ ਸੋਚਦੇ ਕਿ ਦੁਕਾਨਦਾਰੀ ਤੋਂ, ਹੱਟੀ ਤੋਂ, ਕਿਸੇ ਤਰ੍ਹਾਂ ਦੀ ਰੇਹੜੀ ਆਦਿ ਤੋਂ ਛੁੱਟ ਜਾਵੇਗਾ, ‘ਨਵਾਬੀ’ ਹੋ ਜਾਵੇਗੀ। ਆਪਣੇ ਕੰਮ ਵਿੱਚ ਖੱਜਲ-ਖੁਆਰੀ ਵੱਧ ਜਾਪਦੀ।
ਰੂਸੀ ਸਾਹਿਤ, ਖਾਸ ਕਰਕੇ ਜਦੋਂ ਚੰਗੇਜ਼ ਆਇਤਮਾਤੋਵ ਦਾ ਨਾਵਲ ‘ਪਹਿਲਾ ਅਧਿਆਪਕ’ ਅਤੇ ਵਾਸਿਲੀ ਸੁਖੋਲਿੰਸਕੀ ਦੀ ਕਿਤਾਬ ‘ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ’ ਵਰਗੀਆਂ ਕਿਤਾਬਾਂ ਵਿੱਚੋਂ ਲੰਘਿਆ ਤਾਂ ਸਿੱਖਿਆ ਦਾ ਵਿਸ਼ਾਲ ਮੰਤਵ ਪਤਾ ਚੱਲਿਆ। ਠੀਕ ਹੈ, ਚੰਗੇ ਨੰਬਰ ਲੈ ਕੇ ਡਾਕਟਰੀ ਕਰ ਗਿਆ, ਪਰ ਡਾਕਟਰੀ ਕਰਦਿਆਂ ਵੀ, ਡਾਕਟਰੀ ਅਤੇ ਸੇਵਾ ਦੀ ਗੱਲ ਖੁਦ ਹੀ ਮਨ ਵਿੱਚ ਨਾਲ ਜੁੜ ਗਈ, ਪਰ ਅਧਿਆਪਕਾਂ ਨੇ ਘੱਟ-ਵੱਧ ਹੀ ਜ਼ਿਕਰ ਕੀਤਾ। ਜੇ ਕਿਤੇ ਜ਼ਿਕਰ ਕੀਤਾ ਹੁੰਦਾ ਤਾਂ ਸਮਝ ਸਕਦੇ ਹੋ ਕਿ ਦਵਾਈਆਂ ਅਤੇ ਟੈਸਟਾਂ ਵਿੱਚ ਕਮਿਸ਼ਨ ਦੀ ਗੱਲ ਨਾ ਉੱਠਦੀ, ਨਾ ਹੀ ਸਵੀਕਾਰੀ ਜਾਂਦੀ।
ਇਹ ਗੱਲ ਕਿ ਪਹਿਲਾਂ ਪਤਾ ਨਹੀਂ ਸੀ ਚਲਣੀ ਚਾਹੀਦੀ ਸੀ ਕਿ ਸਿੱਖਿਆ ਬੰਦੇ ਦੀ ‘ਤੀਸਰੀ ਅੱਖ’ ਖੋਲ੍ਹਦੀ ਹੈ। ਇਹ ਤੀਸਰੀ ਅੱਖ ਕੀ ਹੈ? ਭਾਵੇਂ ਸਾਡੇ ਭਾਰਤੀ ਸੱਭਿਆਚਾਰ ਵਿੱਚ ‘ਸ਼ਿਵ’ ਦੀ ਤਸਵੀਰ ਵਿੱਚ ਮੱਥੇ ’ਤੇ ਇੱਕ ਅੱਖ ਵਾਹੀ ਜਾਂਦੀ ਹੈ, ਜਿਸ ਨੂੰ ਤੀਸਰੀ ਅੱਖ ਕਹਿੰਦੇ ਨੇ। ਪਰ ਕਦੇ ਇਸਦਾ ਭਾਵ ਉਜਾਗਰ ਨਹੀਂ ਕੀਤਾ ਜਾਂਦਾ। ਪੰਜਾਬ ਦੇ ਸੱਭਿਆਚਾਰ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਦਾ ਭਾਵ ਦਰਜ ਹੈ, ਉਹ ਵੀ ਉਭਾਰਿਆ ਜਾ ਸਕਦਾ ਹੈ। ਪਰ ਨਹੀਂ।
ਉਂਜ ਜੇਕਰ ਧਿਆਨ ਨਾਲ ਸੋਚੀਏ ਤਾਂ ਪਰਉਪਕਾਰੀ ਜਾਂ ਤੀਸਰੀ ਅੱਖ ਦਾ ਧਾਰਨੀ, ਕੋਈ ਵੀ ਵਿਅਕਤੀ ਸਕੂਲੀ ਵਿੱਦਿਆ ਤੋਂ ਬਿਨਾਂ ਵੀ ਹਾਸਲ ਕਰ ਸਕਦਾ ਹੈ। ਅਸੀਂ ਪੁਰਾਣੇ ਬਜ਼ੁਰਗਾਂ ਵਿੱਚ ਸਿਆਣਪ ਦੇਖਦੇ-ਮਹਿਸੂਸ ਕਰਦੇ ਹਾਂ। ਪਰ ਫਿਰ ਵੀ ਅੱਖਰ ਗਿਆਨ ਸਕੂਲਾਂ ਵਿੱਚ ਮਿਲਦਾ ਹੈ, ਜੋ ਕਈ ਰਾਹ ਖੋਲ੍ਹਦਾ ਹੈ।
ਵਿਧੀਵਤ ਸਿੱਖਿਆ ਦੇ ਮਹੱਤਵ ਨੂੰ ਸਮਝਿਆ, ਜਦੋਂ ਸਮਾਜਿਕ ਤੌਰ ’ਤੇ ਲੋਕਾਂ ਵਿੱਚ ਵਿਚਾਰਨ ਲੱਗਿਆ ਤੇ ਜਿਸਦਾ ਰਾਹ ਖੁੱਲ੍ਹਿਆ, ਭਾਰਤ ਗਿਆਨ-ਵਿਗਿਆਨ ਦੇ ਜ਼ਰੀਏ। ਸਾਲ 1988 ਵਿੱਚ ਮੈਂ ਆਪਣੀ ਐੱਮ.ਡੀ. ਦੀ ਪੜ੍ਹਾਈ ਮੁਕੰਮਲ ਕਰਕੇ ਸਰਕਾਰੀ ਮੈਡੀਕਲ ਕਾਲਜ ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਆਪਣੀ ਪੜ੍ਹਾਈ ਦੇ ਪੜਾਅ ਤੋਂ ਪਾਰ ਅੱਗੇ ਦਾ ਰਾਹ ਹੁਣ ਆਪ ਚੁਣਨਾ ਸੀ ਤੇ ਤੁਰਨਾ ਸੀ। ਸਾਹਿਤ ਨਾਲ ਵਾਹ ਵਾਸਤਾ ਜੋ ਭਾਵੇਂ ਬਚਪਨ ਤੋਂ ਸੀ, ਉਸ ਪਾਸੇ ਵੀ ਸਰਗਰਮੀ ਵਧੀ।
ਗਿਆਨ-ਵਿਗਿਆਨ ਸੰਮਤੀ ਦੇਸ਼ ਦੀ ਸਾਖਰਤਾ ਦਰ ਨੂੰ ਇੱਜ਼ਤਯੋਗ ਪੱਧਰ ’ਤੇ ਲੈ ਕੇ ਆਉਣ ਦੀ ਸੀ। ਦੇਸ਼ ਆਜ਼ਾਦ ਹੋਇਆ, 26 ਜਨਵਰੀ, 1950 ਨੂੰ ਲੋਕਤੰਤਰ ਘੋਸ਼ਿਤ ਕੀਤਾ। ਪਹਿਲੇ ਟੀਚਿਆਂ ਵਿੱਚ ਦੇਸ਼ ਅੰਦਰੋਂ ਅਨਪੜ੍ਹਤਾ ਦਾ ਖਾਤਮਾ ਸੀ। ਉਸ ਸਮੇਂ ਦੇਸ਼ ਦੀ ਸਾਖਰਤਾ ਦਰ ਔਸਤਨ 12 ਫੀਸਦੀ ਸੀ। ਔਸਤਨ ਮਤਲਬ ਔਰਤਾਂ ਅਤੇ ਮਰਦਾਂ, ਪਿੰਡਾਂ ਅਤੇ ਸ਼ਹਿਰਾਂ, ਪਹਾੜੀ, ਰੇਤਲੇ, ਦੂਰ ਦਰਾਜ ਦੇ ਲੋਕਾਂ ਸਮੇਤ।
ਦੇਸ਼ ਦੀ ਸਿੱਖਿਆ ਨੀਤੀ ਬਣੀ 1968 ਵਿੱਚ ਅਤੇ ਜਦੋਂ 1984 ਵਿੱਚ ਮੁੜ ਵਿਚਾਰੀ ਗਈ ਤਾਂ ਸਿੱਖਿਆ ਦਰ ਸੱਠ ਫੀਸਦੀ ਹੋਈ ਸੀ। ਸਿੱਖਿਆ ਨੀਤੀ ’ਤੇ ਮੁੜ ਵਿਚਾਰ ਹੋਇਆ। ਉਸ ਵਿੱਚੋਂ ਹੀ ਨਿਕਲੀ ਸੰਸਥਾ ਭਾਰਤ ਗਿਆਨ ਵਿਗਿਆਨ ਸੰਮਤੀ। ਦੇਸ਼ ਵਿੱਚ ਇਕੱਲਾ ਕੇਰਲਾ ਹੀ ਅਜਿਹਾ ਰਾਜ ਸੀ ਜਿੱਥੇ ਤਕਰੀਬਨ ਸੌ ਫੀਸਦੀ ਸਾਖਰਤਾ ਸੀ। ਉਹ ਮਾਡਲ ਲਿਆ ਗਿਆ, ਵਿਚਾਰਿਆ ਗਿਆ।
ਭਾਰਤ ਗਿਆਨ-ਵਿਗਿਆਨ ਸੰਮਤੀ ਦਾ ਪਹਿਲਾ ਪੜਾਅ ਸੀ, ਸਾਖਰਤਾ/ਪੜ੍ਹਾਈ ਦੀ ਲੋੜ ਕਿਉਂ? ਮਾਹੌਲ ਉਸਾਰੀ। ਪੂਰਾ ਇੱਕ ਸਾਲ। ਗੀਤਾਂ-ਨਾਟਕਾਂ ਰਾਹੀਂ, ਪਿੰਡ-ਪਿੰਡ, ਸ਼ਹਿਰਾਂ ਦੇ ਮਹੱਲਿਆਂ ਵਿੱਚ। ਇੱਕ ਵਿਉਂਤ ਬਣੀ, ਪੂਰੇ ਪੰਜਾਬ ਵਿੱਚ, ਜ਼ਿਲ੍ਹਿਆਂ ਮੁਤਾਬਕ। ਦੋ ਅਕਤੂਬਰ ਤੋਂ ਚੌਦਾਂ ਨਵੰਬਰ ਤਕ ਤਕਰੀਬਨ ਡੇਢ ਮਹੀਨੇ ਵਿੱਚ ਵੱਧ ਤੋਂ ਵੱਧ ਲੋਕਾਂ ਤਕ ਪਹੁੰਚ ਕੀਤੀ ਜਾਵੇ। ਇਹ ਪੰਜਾਬ ਵਿੱਚ ਅੱਤਵਾਦ ਦਾ ਸਮਾਂ ਸੀ, ਅੰਮ੍ਰਿਤਸਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਸੀ। ਸਾਨੂੰ ਛੋਟ ਮਿਲੀ ਕਿ ਸ਼ਹਿਰੀ ਇਲਾਕੇ ਵਿੱਚ ਕਾਰਜ ਕਰੋ। ਅੰਮ੍ਰਿਤਸਰ ਕਿਹੜਾ ਛੋਟਾ ਹੈ, ਵੇਰਕਾ ਤੋਂ ਲੈ ਕੇ ਛੇਹਰਟਾ ਤਕ ਦਾ ਇਲਾਕਾ ਲਿਆ ਗਿਆ ਤੇ ਮੱਹਲਿਆਂ ਵਿੱਚ ਜਾ-ਜਾ ਕੇ ਨਾਟਕਾਂ-ਗੀਤਾਂ ਰਾਹੀਂ ਪਹੁੰਚੇ।
ਸਹੀ ਅਰਥਾਂ ਵਿੱਚ ਪਹਿਲੀ ਵਾਰ ਖੁਦ ਸਮਝਿਆ ਕਿ ਸਿੱਖਿਆ ਡਿਗਰੀ ਹਾਸਲ ਕਰਨ, ਨੌਕਰੀ ਲੈਣ ਤੋਂ ਕਿਤੇ ਵੱਧ ਹੈ। ਇਸਦੇ ਨਾਲ ਹੀ ਵਿਗਿਆਨ ਵਾਲਾ ਪਹਿਲੂ, ਜੋ ਕਿ ਸੰਵਿਧਾਨ ਵਿੱਚ ਦਰਜ ਹੈ, ਦੇਸ਼ ਦੇ ਲੋਕਾਂ ਦਾ ਵਿਗਿਆਨਕ ਨਜ਼ਰੀਆ ਵਿਕਸਿਤ ਕਰਨਾ, ਲੋਕਾਂ ਨੂੰ ਅੰਧਵਿਸ਼ਵਾਸ, ਵਹਿਮਾਂ-ਭਰਮਾਂ ਵਿੱਚੋਂ ਬਾਹਰ ਕੱਢ ਤੇ ਨਿਰਖ-ਪਰਖ, ਪੜਤਾਲ ਤੋਂ ਹਾਸਲ ਕੀਤੇ ਗਿਆਨ ਨਾਲ ਜੋੜਨਾ। ਇਸ ਦੌਰਾਨ ਕਈ ਕਿਤਾਬਚੇ ਲਿਖੇ ਗਏ, ਕਈ ਕੌਮੀ ਪੱਧਰ ਦੇ ਕਿਤਾਬਚੇ ਅਨੁਵਾਦ ਕੀਤੇ ਅਤੇ ਲੋਕਾਂ ਤਕ ਪਹੁੰਚਾਏ।
ਭਾਰਤ ਗਿਆਨ-ਵਿਗਿਆਨ ਸੰਮਤੀ ਦਾ ਦੂਸਰਾ ਪੜਾਅ, ਪਹਿਲੇ ਪੜਾਅ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਜ਼ਿਲ੍ਹਾ ਫਰੀਦਕੋਟ, ਰੋਪੜ, ਹੁਸ਼ਿਆਰਪੁਰ ਆਦਿ ਕੁਝ ਕੁ ਇਲਾਕਿਆਂ ਤਕ ਹੋ ਸਕਿਆ। ਇਹ ਸੀ ਪਛਾਣੇ ਗਏ, ਅਨਪੜ੍ਹਾਂ ਨੂੰ ਪੜ੍ਹਾਉਣ ਦਾ। ਉਸ ਦੇ ਪਰਾਈਮਰ (ਕੈਦੇ) ਤਿਆਰ ਕੀਤੇ ਗਏ, ਜਿਸ ਵਿੱਚ ਅੱਖਰ ਗਿਆਨ ਅਤੇ ਕੁਝ ਕੁ ਬੁਨਿਆਦੀ ਹਿਸਾਬ-ਕਿਤਾਬ ਸ਼ਾਮਲ ਸੀ।
ਸੰਮਤੀ ਦਾ ਕੰਮ ਹੌਲੀ-ਹੌਲੀ ਸਰਕਾਰੀ ਜ਼ਿਲ੍ਹਾ ਸਾਖਰਤਾ ਕਮੇਟੀ ਕੋਲ ਚਲਾ ਗਿਆ। ਭਾਰਤ ਗਿਆਨ-ਵਿਗਿਆਨ ਸੰਮਤੀ ਆਪਣੇ ਪੱਧਰ ’ਤੇ ਵਿਗਿਆਨਕ ਚੇਤਨਾ ਦੇ ਪੱਧਰ ’ਤੇ ਕਾਰਜ ਕਰਦੀ ਰਹੀ ਅਤੇ ਕਰ ਰਹੀ ਹੈ।
ਵਿਗਿਆਨਕ ਚੇਤਨਾ ਇੱਕ ਅਜਿਹਾ ਪਹਿਲੂ ਹੈ, ਜਿਸਦੀ ਸਾਨੂੰ ਬਹੁਤ ਲੋੜ ਹੈ। ਪੜ੍ਹਾਈ ਦਾ ਮੰਤਵ ਹੀ ਤੀਸਰੀ ਅੱਖ ਖੋਲ੍ਹਣਾ ਹੈ। ਜੋ ਦਿਸਦਾ ਹੈ ਉਸ ਤੋਂ ਪਰੇ, ਲੁਕੇ ਹੋਏ ਪਹਿਲੂ। ਇੱਕ ਜਗਿਆਸਾ, ਹਰ ਸਵਾਲ, ਕੁਦਰਤ ਦੇ ਭੇਦਾਂ ਨੂੰ ਸਮਝਣਾ ਤੇ ਜੀਵਨ ਨੂੰ ਵਧੀਆ ਬਣਾਉਣਾ। ਪਰ ਜਦੋਂ ਸਿੱਖਿਆ ਨੀਤੀ ਸਰਕਾਰਾਂ ਨੇ ਤੈਅ ਕਰਨੀ ਹੈ, ਭਾਵੇਂ ਸੰਵਿਧਾਨ ਦੀ ਚਾਹਤ ਜੋ ਮਰਜ਼ੀ ਹੋਵੇ, ਤੁਸੀਂ ਸਰਕਾਰ ਨਾਲ ਆਢਾ ਲੈ ਸਕਦੇ ਹੋ। ਤੁਸੀਂ ਆਪਣੀ ਰਾਏ ਰੱਖ ਸਕਦੇ ਹੋ ਪਰ ਹੁੰਦਾ ਉਹੀ ਹੈ ਜੋ ਸਰਕਾਰਾਂ ਹਾਸਲ ਕਰਨਾ ਚਾਹੁੰਦੀਆਂ ਹਨ। ਸਰਕਾਰਾਂ ਕੀ ਹਾਸਲ ਕਰਨਾ ਚਾਹੁੰਦੀਆਂ ਹਨ, ਉਹ ਵੀ ਆਪਾਂ ਜਾਣਦੇ ਹਾਂ ਕਿ ਲੋਕ ਅਨਪੜ੍ਹ ਰਹਿਣ, ਉਸ ਤੋਂ ਵੱਧ ਬੇਵਕੂਫ ਬਣੇ ਰਹਿਣ, ‘ਹਾਂ ਜੀ, ਹਾਂ ਜੀ’ ਕਰਨ, ਕਹਿਣ ਵਾਲੇ। ਵਿਗਿਆਨਕ ਚੇਤਨਾ ਤੋਂ ਊਣੇ-ਸੱਖਣੇ।
ਸਿੱਖਿਆ ਨੀਤੀ 2020 ਹੁਣ ਕਾਰਜਸ਼ੀਲ ਹੈ। ਸਿੱਖਿਆ ਨੀਤੀ, ਤੁਸੀਂ ਅੰਦਾਜ਼ਾ ਲਗਾਉ ਕਿ ਅੱਜ ਵੀ ਸਾਖਰਤਾ ਦਰ 74 ਫੀਸਦੀ ਹੈ। ਇੱਕ ਚੌਥਾਈ ਲੋਕ, ਤਕਰੀਬਨ 50 ਕਰੋੜ ਦੀ ਆਬਾਦੀ ਹਾਲੇ ਵੀ ਅਨਪੜ੍ਹ ਹੈ ਤੇ ਜੋ 90 ਕਰੋੜ ਪੜ੍ਹੇ-ਲਿਖੇ ਹਨ, ਉਨ੍ਹਾਂ ਦੀ ਵਿਗਿਆਨਕ ਸਮਝ ਕਿਹੋ ਜਿਹੀ ਹੈ, ਉਸ ਦਾ ਪਤਾ ਇਸ ਨਵੀਂ ਸਿੱਖਿਆ ਨੀਤੀ ਤੋਂ ਪਤਾ ਚਲਦਾ ਹੈ।
ਸਭ ਤੋਂ ਵੱਡੀ ਗੱਲ ਕਿ ਨਵੀਂ ਸਿੱਖਿਆ ਨੀਤੀ, 1986 ਤੋਂ ਬਾਅਦ 2020 ਵਿੱਚ, ਬਿਨਾਂ ਕਿਸੇ ਚਰਚਾ ਦੇ ਸੰਸਦ ਵਿੱਚੋਂ ਮਨਜ਼ੂਰ ਹੋਈ, ਜਿਵੇਂ ਕਿਸਾਨੀ ਬਿੱਲ, ਕੋਵਿਡ ਦੇ ਪ੍ਰਕੋਪ ਦਾ ਲਾਹਾ ਲੈ ਕੇ। ਸਿੱਖਿਆ ਨੀਤੀ ਮਨਜ਼ੂਰ ਹੋਣ ਤੋਂ ਬਾਅਦ, ਸਿੱਖਿਆ ਜਗਤ ਦੇ ਲੋਕ ਇਸ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਇਹ ਆਜ਼ਾਦੀ ਦੇ ਲਈ ਸ਼ਹੀਦ ਹੋਏ ਲੋਕਾਂ ਮੁਤਾਬਕ ਕਿਸੇ ਵੀ ਤਰ੍ਹਾਂ ਮਨੁੱਖੀ ਵਿਕਾਸ ਦਾ ਮੰਤਵ ਪੂਰਾ ਨਹੀਂ ਕਰਦੀ। ਸਵਾਲ ਤਾਂ ਸੱਤਾ ਦੇ ਮੰਤਵ ਪੂਰੇ ਹੋਣ ਦਾ ਹੈ, ਉਹੀ ਕਰੇਗੀ ਪੂਰੇ।
ਮੈਨੂੰ ਬਿਲਕੁਲ ਨਹੀਂ ਯਾਦ ਕਿ ‘ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ’ ਵੱਲੋਂ ਸਿੱਖਿਆ ਨੀਤੀ ਨੂੰ ਲੈ ਕੇ ਹੋ ਰਹੇ ਵੈਬੀਨਾਰ ਵਿੱਚ ਹਿੱਸਾ ਲੈਣ ਲਈ, ਮੇਰੇ ਬਾਰੇ ਕਲਕੱਤਾ ਦੇ ਸਾਥੀ ਦੇਵਾਸ਼ਿਸ਼ ਰਾਏ ਨੂੰ, ਜੋ ਕਿ ਕਮੇਟੀ ਦੇ ਸਰਗਰਮ ਮੈਂਬਰ ਹਨ ਤੇ ਇਸ ਖੇਤਰ ਵਿੱਚ 1986 ਤੋਂ ਲਗਾਤਾਰ ਕੰਮ ਕਰ ਰਹੇ ਹਨ, ਕਿਸ ਨੇ ਦੱਸ ਪਾਈ। ਉਨ੍ਹਾਂ ਨੂੰ ਤਾਂ ਉਹ ਨੀਤੀ ਵੀ ਪਸੰਦ ਨਹੀਂ ਸੀ, ਉਨ੍ਹਾਂ ਨੇ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਬਦਲ ਵੀ ਪੇਸ਼ ਕੀਤਾ ਕਿ ਵਿੱਦਿਆ ਦੇ ਮੰਤਵ ਦੇ ਮੱਦੇਨਜ਼ਰ, ਸਭ ਲਈ ਬਰਾਬਰ, ਵਿਗਿਆਨਕ ਤਰਜ਼ ਵਾਲੀ, ਇਕਸਾਰ ਵਿੱਦਿਆ ਚਾਹੀਦੀ ਹੈ, ਮੁਢਲੀ ਸਿੱਖਿਆ ਦਾ ਕੀ ਸਰੂਪ ਹੋਵੇ, ਮਾਤ ਭਾਸ਼ਾ ਵਿੱਚ ਪੜ੍ਹਾਈ ਆਦਿ ਮੁੱਦਿਆਂ ’ਤੇ ਗੱਲ ਕੀਤੀ।
ਇਸ ਵੈਬੀਨਾਰ ਵਿੱਚ ਮੈਨੂੰ ਮੈਡੀਕਲ ਐਜੂਕੇਸ਼ਨ ’ਤੇ ਕੇਂਦਰਿਤ ਕਰਕੇ ਗੱਲ ਕਰਨ ਨੂੰ ਕਿਹਾ ਗਿਆ। ਮੈਂ ਆਪਣੇ ਪੱਖ ਤੋਂ ਕੁਝ ਨੁਕਤੇ ਉਭਾਰੇ। ਨਵੀਂ ਸਿੱਖਿਆ ਨੀਤੀ ਤਹਿਤ ਨੈਸ਼ਨਲ ਮੈਡੀਕਲ ਕਮੀਸ਼ਨ ਦਾ ਵੀ ਗਠਨ ਹੋਇਆ ਸੀ ਤੇ ਜਿਸਦੇ ਤਹਿਤ ਨੀਟ ਰਾਹੀਂ ਦਾਖਲਾ ਤੇ ਫਿਰ ਅਧਿਆਪਕਾਂ ਦੀ ਚੋਣ ਨੂੰ ਲੈ ਕੇ, ਉਨ੍ਹਾਂ ਦੇ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਕੀ ਹੋਵੇ, ਨੇਮਾਂ ਤੋਂ ਇਲਾਵਾ ਸਾਰੇ ਦੇਸ਼ ਲਈ ਸਾਂਝਾ ਡਿਗਰੀ ਇਮਤਿਹਾਨ ਲੈ ਕੇ ਕੇਂਦਰੀ ਸਰਟੀਫਿਕੇਟ ਦੇਣਾ ਵੀ ਸੀ, ਜੋ ਦੇਸ਼ ਦੀ ਵੰਨ ਸੁਵੰਨਤਾ, ਅਨੇਕਾਂ ਸੱਭਿਆਚਾਰਾਂ ਮੁਤਾਬਕ ਨਹੀਂ ਸੀ ਤੇ ਨਾਲੇ ਦੇਸ਼ ਦੇ ਸੰਘੀ ਢਾਂਚੇ ਦੇ ਉਲਟ ਸੀ ਤੇ ਰਾਜ ਸਰਕਾਰਾਂ ਦੇ ਕੰਮ ਵਿੱਚ ਦਖਲ ਵੀ। ਉਹੀ ਜੋ ਲਗਾਤਾਰ ਮੌਜਦਾ ਸਰਕਾਰ ਕਰ ਰਹੀ ਹੈ।
ਇਸ ਤਰ੍ਹਾਂ ਵੈਸੇ ਤਾਂ ਸਾਰੀ ਸਿੱਖਿਆ ਨੀਤੀ ਵਿੱਚ ਮਹਿੰਗੀ ਹੋ ਰਹੀ ਸਿੱਖਿਆ, ਇੱਕ ਸਾਰ ਨਾ ਹੋਣਾ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਛੱਡ ਕੇ, ਆਪਣੇ ਮਾਣ ਮੱਤੇ ਅਤੀਤ ਵੱਲ ਉਸ ਨੂੰ ਵਡਿਆਉਣਾ, ਜਿਵੇਂ ਗਣੇਸ਼ ਤੇ ਹਾਥੀ ਦੇ ਸਿਰ ਨੂੰ ਪਲਾਸਟਿਕ ਸਰਜਰੀ ਕਹਿਣਾ ਤੇ ਸੌ ਕਾਰਵਾਂ ਨੂੰ ‘ਕਲੋਨ’ ਵਿਧੀ ਕਹਿ ਕੇ, ਆਪਣੀ ਪ੍ਰਾਪਤੀਆਂ ਵਜੋਂ ਉਭਾਰਨਾ। ਇਹ ਅਤੀਤ ਦਾ, ਆਪਣੇ ਆਪ ਨੂੰ ‘ਵਿਸ਼ਵ ਗੁਰੂ’ ਕਹਿਣ ਦਾ ਜੋ ਤਰੀਕਾ ਅਪਣਾਇਆ ਜਾ ਰਿਹਾ ਹੈ, ਉਹ ਸੰਵਿਧਾਨ ਦੇ ਉਲਟ ਤਾਂ ਹੈ ਹੀ, ਨਾਲ ਹੀ ਗਿਆਨ-ਵਿਗਿਆਨ ਦੇ ਪੱਖ ਤੋਂ ਵੀ ਪੁੱਠਾ ਗੇੜਾ ਹੈ।
ਆਲ ਇੰਡੀਆ ਸੇਵ ਐਜੂਕੇਸ਼ਨ ਨੇ ਵੀ ਤੇ ਭਾਰਤ ਗਿਆਨ ਵਿਗਿਆਨ ਸੰਮਤੀ ਦੀ ਕੇਂਦਰੀ ਕਮੇਟੀ ਨੇ ਵੀ ਸਿੱਖਿਆ ਨੀਤੀ 2020 ਬਾਰੇ, ਆਪਣੇ ਪੱਖ ਤੋਂ ਸਮਝ ਕੇ ਕਿਤਾਬਚੇ ਤਿਆਰ ਕੀਤੇ ਤੇ ਲੋਕਾਂ ਵਿੱਚ ਲੈ ਕੇ ਜਾਣ ਦੇ ਕਾਰਜ ਸ਼ੁਰੂ ਕੀਤੇ।
ਆਲ ਇੰਡੀਆ ਡੈਮੋਕਰੈਟਿਕ ਸਟੂਡੈਂਟ ਆਰਗੇਨਾਈਜੇਸ਼ਨ ਦੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੰਗ ਵੱਲੋਂ, ‘ਐਜੂਕੇਸ਼ਨ ਕਨਵੇਨਸ਼ਨ’ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ। ਇਹ ਉੱਤਰੀ ਖੇਤਰ ਦੇ ਵਿਦਿਆਰਥੀਆਂ ਨੂੰ ਲੈ ਕੇ ਸੀ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਉਤਰਾਖੰਡ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਿਲ ਹੋਏ। ਪੰਜਾਬ ਵਿੱਚ ਹੋਣ ਕਰਕੇ, ਮੈਨੂੰ ਕਿਹਾ ਗਿਆ ਕਿ ਮੈਂ ਇਸ ਚਰਚਾ ਦੇ ਸ਼ੁਰੂਆਤੀ ਸ਼ਬਦ ਕਹਾਂ, ਜਿਸਦੇ ਆਧਾਰ ’ਤੇ ਅੱਗੇ ਚਰਚਾ ਹੋ ਸਕੇ।
ਮੇਰੀ ਕੋਸ਼ਿਸ਼ ਰਹੀ ਹੈ ਕਿ ਸਮੱਸਿਆ ਦੇ, ਕਿਸੇ ਵੀ ਚਰਚਾ ਵਿੱਚ ਆ ਰਹੇ ਪਹਿਲੂ ਦੀ ਜੜ੍ਹ ਤੋਂ, ਬੁਨਿਆਦ ਤੋਂ ਸ਼ੁਰੂ ਕੀਤਾ ਜਾਵੇ। ਮੇਰੀ ਇੱਕ ਪੁਸਤਕ ਹੈ, ‘ਮਨੁੱਖ ਹੋਣ ਦੇ ਮਾਇਨੇ’ ਜੋ ਕਿ ਇਸਦੇ ਪਹਿਲੇ ਅਡੀਸ਼ਨ ‘ਕਿਵੇਂ ਵੱਖਰੇ ਹਾਂ ਅਸੀਂ ਜਾਨਵਰਾਂ ਤੋਂ’ ਹੈ। ਉਸ ਵਿੱਚ ਮੈਂ ਉਲੀਕੇ ਨੇ ਮਨੁੱਖ ਦੇ ਕੁਝ ਕੁ ਗੁਣ, ਵਿਲੱਖਣਤਾਵਾਂ। ਇੱਕ ਵੱਡੀ-ਲੰਮੀ ਸੂਚੀ ਹੈ, ਸਾਡੇ ਕੋਲ ਦਿਮਾਗ ਹੈ, ਦਿਮਾਗ ਜੋ ਸੋਚਦਾ ਹੈ, ਫੈਸਲੇ ਕਰਦਾ ਹੈ। ਭਾਵੇਂ ਇਹ ਸਭ ਕੋਲ ਹੈ, ਪਰ ਫੈਸਲੇ ਲੈਣ ਦੇ ਤੌਰ-ਤਰੀਕੇ ਸਮਝਣ ਲਈ, ਇੱਕ ਆਪਸੀ ਚਰਚਾ ਕਰਨੀ ਜ਼ਰੂਰੀ ਹੈ। ਚਰਚਾ ਕਰਨ ਦਾ ਕੀ ਤਰੀਕਾ ਹੋਵੇ ਤੇ ਕਿਵੇਂ ਫੈਸਲੇ ’ਤੇ ਪਹੁੰਚਿਆ ਜਾਵੇ। ਅਸੀਂ ਤਰਕ ਅਤੇ ਦਲੀਲਾਂ ਦੀ ਗੱਲ ਕਰਦੇ ਹਾਂ। ਤਰਕ ਘੜੇ ਵੀ ਜਾਂਦੇ ਹਨ, ਬਣਾਏ, ਲੱਭੇ ਵੀ ਜਾਂਦੇ ਹਨ। ਕਹਿਣ ਤੋਂ ਭਾਵ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਾਂ। ਇਹ ਧਾਰਨਾ ਵੀ ਕਾਫ਼ੀ ਪ੍ਰਚਾਰੀ ਜਾਂਦੀ ਹੈ, ਪੜ੍ਹਾਈ ਵਿਅਕਤੀ ਨੂੰ ਚਲਾਕ ਬਣਾਉਂਦੀ ਹੈ। ਉਹੀ ਤਰਕ ਘੜਨੇ ਸਿਖਾਉਂਦੀ ਹੈ। ਪਰ ਮਨੁੱਖ ਦੇ ਹੋਰ ਵਿਲੱਖਣ ਗੁਣਾਂ ਦੇ ਮੱਦੇਨਜ਼ਰ, ਸਹਿਯੋਗ ਅਤੇ ਸੰਵੇਦਨਸ਼ੀਲਤਾ ਦੇ ਚਲਦੇ, ਮਨੁੱਖ ਵਿਵੇਕਸ਼ੀਲ ਵੀ ਹੈ। ਵਿਵੇਕਸ਼ੀਲ ਕਿਵੇਂ ਹੋਣਾ ਹੈ? ਚੰਗੇ-ਬੁਰੇ ਦੀ ਪਛਾਣ ਦੇ ਕੀ ਪੈਮਾਨੇ ਹੋਣ, ਇਹ ਸਿੱਖਿਆ ਦਾ ਮੰਤਵ ਹੋਵੇ।
ਸਰੀਰ ਵਿਗਿਆਨ, ਆਪਣੀ ਡਾਕਟਰੀ ਦੀ ਪੜ੍ਹਾਈ ਵੇਲੇ ਸਮਝੇ, ਜਾਣੇ। ਸਮਾਜ ਵਿਗਿਆਨ ਤੋਂ ਆਪਸੀ ਰਿਸ਼ਤਿਆਂ ਬਾਰੇ ਇੱਕ ਸਮਝ ਅਤੇ ਮਨੁੱਖ ਦਾ ਮਨ ਨਾਲ, ਖੁਦ ਨਾਲ ਰਿਸ਼ਤਾ ਆਦਿ, ਇਹ ਸਾਰੇ ਪੱਖ ‘ਸਰੀਰ, ਮਨ ਅਤੇ ਰਿਸ਼ਤੇ’ ਆਪਸ ਵਿੱਚ ਜੋੜ ਕੇ ਦੇਖੇ ਤਾਂ ਜੀਵਨ ਦੀ ਕਲਾ, ‘ਆਰਟ ਆਫ ਲਿਵਿੰਗ’ ਨੂੰ, ‘ਸਾਇੰਸ ਆਫ ਲਿਵਿੰਗ’ ਜ਼ਿੰਦਗੀ ਜੀਉਣ ਦਾ ਵਿਗਿਆਨ ਸਿਰਲੇਖ ਹੇਠ ਵਿਚਾਰਿਆ ਤੇ ਬੱਚਿਆਂ, ਨੌਜਵਾਨਾਂ ਵਿੱਚ, ਜਿੱਥੇ ਵੀ ਜਾਣ ਦਾ ਮੌਕਾ ਮਿਲਿਆ ਜਾਂ ਖੁਦ ਹੀ ਮੌਕਾ ਬਣਾ ਲਿਆ, ਉਸ ਸਮਝ ਨੂੰ ਲੈ ਕੇ ਗਿਆ।
ਇਹ ਜੀਵਨ ਦੀ ਤਰਤੀਬ ਹੈ। ਸਾਡੇ ਕੋਲ ਸੋਚਵਾਨ ਦਿਮਾਗ ਹੈ, ਸਾਡੇ ਕੋਲ ਸੰਵਾਦ ਦੀ, ਆਪਸੀ ਗੱਲਬਾਤ ਦੀ ਤਾਕਤ ਹੈ। ਸੰਵਾਦ ਵੇਲੇ ਸੁਣਨਾ ਕਿਵੇਂ ਹੈ ਤੇ ਬੋਲਣ ਵੇਲੇ ਕਿਸ ਗੱਲ ਤੋਂ ਸੁਚੇਤ ਰਹਿਣਾ ਹੈ। ਸਾਡੀ ਸਭ ਤੋਂ ਵੱਡੀ ਤਾਕਤ ਸਹਿਯੋਗ ਹੈ। ਆਪਸੀ ਸਹਿਯੋਗ ਵੇਲੇ, ਗੱਲਬਾਤ ਕਰਦੇ ਵਕਤ ਕਿਸ-ਕਿਸ ਗੱਲ ਦਾ ਧਿਆਨ ਰੱਖਣਾ ਹੈ। ਇਹ ਸਾਰੇ ਹੀ ਪਹਿਲੂ ਜ਼ਰੂਰੀ ਨੇ ਆਪਣੀ ਸ਼ਖਸੀਅਤ ਨਿਖਾਰਨ ਲਈ ਅਤੇ ਸਮਾਜ ਵਿੱਚ ਮਿਲ ਕੇ ਰਹਿਣ ਲਈ। ਸਿੱਖਿਆ ਨੀਤੀ ਇਨ੍ਹਾਂ ਅਹਿਮ ਪਹਿਲੂਆਂ ਤੋਂ ਕੋਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4141)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)