“ਪਰ ਫਿਰ ਸ਼ਮਸ਼ਾਨਘਾਟ ਦਾ ਗੇਟ ਟੱਪਦਿਆਂ ਹੀ ...”
(7 ਜੂਨ 2020)
ਸਾਡੀ ਸੱਭਿਅਤਾ ਵਿੱਚ ਇੱਕ ਅਖਾਣ ਪ੍ਰਚਲਿਤ ਹੈ ਕਿ ‘ਆਦਮੀ ਠੋਕਰ ਖਾ ਕੇ ਸਿੱਖਦਾ ਹੈ।’ ਠੋਕਰ ਹੈ, ਦਿੱਕਤਾਂ, ਔਕੜਾਂ ਤੇ ਫਿਰ ਉਸ ਦੇ ਹੱਲ ਲਈ ਅਸਫ਼ਲਤਾਵਾਂ ਦੀ ਘੋਖ-ਪੜਤਾਲ। ਇਸ ਲਈ ਆਪਣੀਆਂ ਘਾਟਾਂ-ਕਮੀਆਂ ਨੂੰ ਜਾਣਨਾ ਤੇ ਸਵੀਕਾਰ ਕਰਨਾ ਜ਼ਰੂਰੀ ਹੈ। ਬਾਹਰੀ ਦਿੱਕਤਾਂ ਨੂੰ ਕਿਸਮਤ ਜਾਂ ਕਿਸੇ ਦੈਵੀ ਸ਼ਕਤੀ ਦੇ ਸਿਰ ਮੜ੍ਹਨ ਦੀ ਥਾਂ ਇਨ੍ਹਾਂ ਦੀ ਨਿਸ਼ਾਨਦੇਹੀ ਕਰਨਾ ਵੀ ਜ਼ਰੂਰੀ ਹੈ।
ਕਰੋਨਾ ਕਾਲ ਦਾ ਇਹ ਸਮਾਂ ਪੂਰੇ ਵਿਸ਼ਵ ਲਈ ਇੱਕ ਠੋਕਰ ਵਾਂਗ ਹੀ ਹੈ। ਇਹ ਗੱਲ ਵੀ ਮਨੁੱਖ ਦੀ ਸਮਰੱਥਾ ਦੀ ਪ੍ਰਤੀਕ ਹੈ ਕਿ ਅਸੀਂ ਸੰਭਲ ਰਹੇ ਹਾਂ, ਪਰ ਸਿਆਣਪ ਇਹ ਹੈ ਕਿ ਅਜਿਹਾ ਹਾਦਸਾ ਫਿਰ ਨਾ ਵਾਪਰੇ। ਭਾਵੇਂ ਇਹ ਪਹਿਲਾ ਹਾਦਸਾ ਨਹੀਂ ਹੈ। ਨਾਲੇ ਇਹ ਵੀ ਨਹੀਂ ਕਿ ਅਸੀਂ ਪਹਿਲਾਂ ਕਦੇ ਸਿੱਖੇ ਨਹੀਂ। ਪਰ ਵਾਰ-ਵਾਰ ਗ਼ਲਤੀਆਂ ਕਰਨਾ ਅਤੇ ਉਨ੍ਹਾਂ ਨੂੰ ਜਾਣਦੇ ਹੋਏ ਵੀ ਦੁਹਰਾਉਣਾ, ਸਿਆਣਪ ’ਤੇ ਸਵਾਲ ਖੜ੍ਹੇ ਕਰਦੇ ਹਨ।
ਸਾਡੇ ਕੋਲ ਆਪਣੇ ਇਤਿਹਾਸ ਵਿੱਚ ਵੱਡੀ ਉਦਾਹਰਨ ਦੂਜੇ ਵਿਸ਼ਵ ਯੁੱਧ ਦੀ ਹੈ। ਇਸ ਯੁੱਧ ਦੌਰਾਨ ਤਕਰੀਬਨ 8 ਕਰੋੜ ਲੋਕ ਮਾਰੇ ਗਏ ਤੇ ਕੁਝ ਸੂਝਵਾਨ ਵਿਅਕਤੀਆਂ ਨੇ ਮਿਲ ਕੇ ਯੂਐੱਨਓ ਦੀ ਸਥਾਪਨਾ ਕੀਤੀ, ਜਿਸਦਾ ਉਦੇਸ਼ ਆਪਣੇ ਤਕਰਾਰਾਂ ਨੂੰ ਮਿਲ-ਬੈਠ ਕੇ ਹੱਲ ਕਰਨਾ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਇਸ ਸੰਸਥਾ ਤੇ ਕੁਝ ਹੋਰ ਸਹਿਯੋਗੀ ਸੰਸਥਾਵਾਂ ਜਿਵੇਂ ਵਿਸ਼ਵ ਸਿਹਤ ਸੰਸਥਾ, ਅੰਤਰਰਾਸ਼ਟਰੀ ਮਜ਼ਦੂਰ ਸੰਘ ਆਦਿ ਨੇ ਮਹੱਤਵਪੂਰਨ ਭੂਮਿਕਾ ਵੀ ਨਿਭਾਈ ਪਰ ਕੁਝ ਦੇਸ਼ਾਂ ਦੀ ਮਨਮਾਨੀ ਕਾਰਨ ਇਨ੍ਹਾਂ ਸੰਸਥਾਵਾਂ ਦੀ ਕਾਰਗੁਜ਼ਾਰੀ ’ਤੇ ਵੀ ਸ਼ੰਕੇ ਹੁੰਦੇ ਹਨ।
ਮਨੁੱਖ ਨੇ ਆਪਣੇ ਵਿਕਾਸ ਦੌਰਾਨ ਆਪਣੇ ਦਿਮਾਗ ਦੀ ਕਾਰਗੁਜ਼ਾਰੀ ਵਿੱਚ ਕਈ ਵਿਸ਼ੇਸ਼ ਗੁਣ ਜੋੜੇ ਹਨ ਜਾਂ ਕੁਦਰਤ ਨੇ ਉਸ ਨੂੰ ਵੱਧ ਸਿਆਣਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਸਾਰੇ ਜੀਵ ਕਿਸੇ ਵੀ ਆਫ਼ਤ ਵੇਲੇ ਫ਼ੈਸਲਾ ਲੈਂਦੇ ਹਨ, ਪਰ ਮਨੁੱਖ ਦਾ ਫ਼ੈਸਲਾ ਲੈਣ ਦਾ ਢੰਗ ਹੈ ਕਿ ਉਹ ਸਮੱਸਿਆ ਨੂੰ ਸੁਲਝਾਉਣ ਲਈ ਕਈ ਢੰਗ-ਤਰੀਕੇ ਸੋਚਦਾ ਹੈ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਫਿਰ ਸਭ ਤੋਂ ਵੱਧ ਕਾਰਗਰ ਢੰਗ ਅਪਣਾਉਂਦਾ ਹੈ। ਮਨੁੱਖ ਦੀ ਸਿਆਣਪ, ਵਿਵੇਕਸ਼ੀਲਤਾ, ਉਨ੍ਹਾਂ ਦੇ ਫ਼ੈਸਲੇ ਵਿੱਚ, ਸਭ ਦੇ ਕਲਿਆਣ ਵਾਲੀ ਹੋਣੀ ਚਾਹੀਦੀ ਹੈ।
ਮਨੁੱਖ ਵਿੱਚ ਇੱਕ ਹੋਰ ਖ਼ਾਸੀਅਤ ਹੈ ਕਿ ਉਹ ਜਜ਼ਬਾਤੀ ਵੀ ਅਵੱਲੇ ਦਰਜੇ ਦਾ ਹੈ। ਉਸ ਵਿੱਚ ਦੂਜੇ ਦੇ ਦਰਦ ਨੂੰ ਮਹਿਸੂਸ ਕਰਨ ਦੀ ਕਾਬਲੀਅਤ ਹੈ। ਇੱਕ ਛੋਟੀ ਜਿਹੀ ਉਦਾਹਰਨ ਹੈ, ਜੋ ਸਾਨੂੰ ਆਪਣੀ ਵਿਸ਼ੇਸ਼ਤਾ ਸਮਝਾਉਂਦੀ ਹੈ। ਦੋ ਕੁੱਤੇ ਹਨ, ਇੱਕ ਰੋਟੀ ਹੈ, ਦੋਵੇਂ ਉਸ ਨੂੰ ਹਾਸਲ ਕਰਨ ਲਈ ਇੱਕ-ਦੂਜੇ ਨੂੰ ਮਾਰਨ ਲਈ ਤਿਆਰ ਹਨ। ਇਸੇ ਹਾਲਤ ਵਿੱਚ ਦੋ ਮਨੁੱਖ ਹਨ। ਉਹ ਰੋਟੀ ਨੂੰ ਦੋ ਹਿੱਸਿਆਂ ਵਿੱਚ ਕਰ ਕੇ ਅੱਧੀ-ਅੱਧੀ ਲੈ ਲੈਣਗੇ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੈ ਕਿ ਭਲਕ ਵੀ ਆਉਣੀ ਹੈ ਤੇ ਭਲਕੇ ਇੰਤਜ਼ਾਮ ਕਰ ਲਵਾਂਗੇ। ਮੁਕਾਬਲੇਬਾਜ਼ੀ ਜਾਨਵਰਾਂ ਦੀ ਪ੍ਰਵਿਰਤੀ ਹੈ ਕਿਉਂਕਿ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ।
ਸਾਨੂੰ ਸਹਿਯੋਗ ਨਾਲ ਰਹਿਣਾ ਚਾਹੀਦਾ ਹੈ। ਸਹਿਯੋਗ ਦਾ ਗੁਣ, ਕਾਬਲੀਅਤ, ਇਹ ਹੁਨਰ ਮਨੁੱਖੀ ਖ਼ਾਸੀਅਤ ਹੈ। ਇਸੇ ਲਈ ਅਸੀਂ ਗ਼ਰੀਬ, ਦਰਦਮੰਦ ਨੂੰ ਦੇਖ ਕੇ ਉਸ ਦਾ ਹੱਥ ਫੜਨ ਲਈ ਅੱਗੇ ਆਉਂਦੇ ਹਾਂ। ਇਸੇ ਦੌਰਾਨ ਸਿਆਣਾ ਹੋਣ ਦੀ ਇੱਕ ਚਰਚਾ ਵਿੱਚ ਇੱਕ ਦੋਸਤ ਨੇ ਕਿਹਾ, ‘ਜੇ ਬਾਂਦਰ ਕੋਲ ਦੋ ਕੇਲੇ ਹੋਣ, ਉਸ ਨੂੰ ਤੁਸੀਂ ਸਵਰਗ ਦਾ ਲਾਲਚ ਦੇ ਕੇ ਕਹੋ ਕਿ ਇੱਕ ਦੇ ਦੇਵੇ, ਉਹ ਨਹੀਂ ਦੇਵੇਗਾ।’ ਉਸ ਨੇ ਬਾਂਦਰ ਸ਼ਬਦ ਇਸ ਲਈ ਵਰਤਿਆ ਹੈ ਕਿਉਂਕਿ ਅਸੀਂ ਉਸ ਤੋਂ ਵਿਕਸਿਤ ਹੋਏ ਹਾਂ। ਅਜਿਹੇ ਕਾਰੇ ਦੇਖ ਕੇ, ਜੋ ਅੱਜ ਕਰੋਨਾ ਕਾਲ ਵਿੱਚ ਪੂਰੀ ਦੁਨੀਆਂ ਵਿੱਚ ਦੇਖੇ ਜਾ ਸਕਦੇ ਹਨ, ਉਹ ਕਹਿੰਦਾ ਹੈ ਕਿ ਅਸੀਂ ਸੱਚਮੁੱਚ ਮਨੁੱਖ ਹੋਏ ਹਾਂ ਜਾਂ ਅਜੇ ਬਾਂਦਰ ਹੀ ਬਣੇ ਹੋਏ ਹਾਂ ਜਾਂ ਸਿਰਫ਼ ਸ਼ਕਲ-ਸੂਰਤ ਵਿੱਚ ਹੀ ਵਿਕਾਸ ਕੀਤਾ ਹੈ।
ਅਜੋਕਾ ਦ੍ਰਿਸ਼ ਅਜੇ ਦਰਦ ਭਰਿਆ ਹੈ। ਬਿਮਾਰੀ ਅਤੇ ਮੌਤਾਂ ਦੀ ਗਿਣਤੀ ਦੀ ਗੱਲ ਹਰ ਰੋਜ਼ ਹੋ ਰਹੀ ਹੈ। ਮਿਲ ਕੇ ਬੈਠਣ ਦੀ ਗੱਲ ਤਾਂ ਉਦੋਂ ਹੋਵੇਗੀ, ਜਦੋਂ ਇਸ ਹਾਲਤ ਤੋਂ ਬਾਹਰ ਨਿਕਲਾਂਗੇ। ਪਰ ਹੁਣ ਵੀ ਇਸ ਤਕਲੀਫ਼ ਨੂੰ ਮਹਿਸੂਸ ਕਰਦੇ ਹੋਏ, ਚੀਨ-ਅਮਰੀਕਾ ਦਾ ਵੱਡਾ ਆਪਸੀ ਵਿਰੋਧ ਦੁਨੀਆਂ ਦਾ ਦੋ-ਧਰੁਵੀ ਹੋਣ ਵੱਲ ਰੁਝਾਨ ਅਤੇ ਸਾਡੇ ਆਪਣੇ ਮੁਲਕ ਵਿੱਚ ਹੀ ਵੱਡੇ ਪੱਧਰ ’ਤੇ ਸੰਵੇਦਨਸ਼ੀਲਤਾ ਦੀ ਘਾਟ ਦਰਸਾਉਂਦੇ ਦ੍ਰਿਸ਼, ਕੀ ਸਾਨੂੰ ਯਕੀਨ ਦਿਵਾਉਂਦੇ ਨੇ ਕਿ ਅਸੀਂ ਸਿਆਣੇ ਹੋਣ ਵੱਲ ਕਦਮ ਪੁੱਟਾਂਗੇ ਜਾਂ ਸਾਡੀ ਉਹ ਸਥਿਤੀ ਹੈ, ਜੋ ਸ਼ਮਸ਼ਾਨਘਾਟ ਵਿੱਚ ਸਸਕਾਰ ਹੁੰਦੇ ਦੇਖ ਕੇ ਇਹ ਸੋਚਦੇ ਹਾਂ ਕਿ ਸਭ ਨੇ ਇੱਥੇ ਪਹੁੰਚਣਾ ਹੈ, ਸਭ ਮਿੱਟੀ ਹੈ, ਕੁਝ ਨਾਲ ਨਹੀਂ ਜਾਣਾ ਪਰ ਫਿਰ ਸ਼ਮਸ਼ਾਨਘਾਟ ਦਾ ਗੇਟ ਟੱਪਦਿਆਂ ਹੀ, ਓਹੀ ਰੋਜ਼ਾਨਾ ਦੀ ਭੱਜ-ਦੌੜ, ਓਹੀ ਹੇਰਾਫੇਰੀ ਤੇ ਸ਼ੋਸ਼ਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2181)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)