“ਜਦੋਂ ਕੇਸਾਂ ਦੀ ਗਿਣਤੀ 500 ਦੇ ਕਰੀਬ ਸੀ ਤਾਂ ਤਾਲਾਬੰਦੀ ਕਰ ਦਿੱਤੀ ਤੇ ਹੁਣ ਲੱਖਾਂ ...”
(29 ਜੂਨ 2020)
ਕਰੋਨਾ ਮਹਾਮਾਰੀ ਨੂੰ ਦੁਨੀਆਂ ਵਿੱਚ ਪੈਰ ਰੱਖਿਆਂ ਛੇ ਮਹੀਨੇ ਅਤੇ ਸਾਡੇ ਮੁਲਕ ਵਿੱਚ ਤਕਰੀਬਨ ਪੰਜ ਮਹੀਨੇ ਹੋ ਗਏ ਹਨ। ਵਾਇਰਸ ਨਾਲ ਫੈਲੀ ਅਤੇ ਫੈਲ ਰਹੀ ਇਸ ਬਿਮਾਰੀ ਬਾਰੇ ਦੁਨੀਆਂ ਭਰ ਦੇ ਸਿਹਤ ਵਿਗਿਆਨੀ ਕਈ ਪੱਖਾਂ ਤੋਂ ਅਧਿਐਨ ਕਰ ਰਹੇ ਹਨ ਤਾਂ ਜੋ ਇਸ ਤੋਂ ਬਚਾਅ ਹੋ ਸਕੇ ਜਾਂ ਇਲਾਜ ਕੱਢਿਆ ਜਾ ਸਕੇ। ਇਸ ਵਕਫੇ ਦੌਰਾਨ ਬਿਮਾਰੀ ਬਾਰੇ ਕਾਫ਼ੀ ਕੁਝ ਸਪਸ਼ਟ ਹੋ ਜਾਣਾ ਚਾਹੀਦਾ ਸੀ ਤੇ ਹੋਇਆ ਵੀ ਹੈ। ਹੁਣ ਤਕ ਇਸ ਗੱਲ ਬਾਰੇ ਸਪਸ਼ਟਤਾ ਨਾਲ ਕਹਿਣ ਦੀ ਹਾਲਤ ਬਣ ਜਾਣੀ ਚਾਹੀਦੀ ਸੀ ਕਿ ਇਸਦਾ ਅਸਲ ਰੁਖ਼ ਕਿਹੋ ਜਿਹਾ ਅਤੇ ਕਿਸ ਦਿਸ਼ਾ ਵਿੱਚ ਹੋਵੇਗਾ, ਜੋ ਅੱਜ ਸਭ ਤੋਂ ਵੱਡਾ ਸਵਾਲ ਹੈ।
ਬਿਮਾਰੀ ਦੀ ਮੌਜੂਦਾ ਹਾਲਤ ਵਿੱਚ ਕਈ ਦੇਸ਼ਾਂ ਨੇ ਤਾਲਾਬੰਦੀ ਤੋਂ ਪੂਰੀ ਤਰ੍ਹਾਂ ਮੁਕਤੀ ਲੈ ਲਈ ਹੈ ਤੇ ਕਈ ਪੜਾਅਵਾਰ ਇਸ ਪਾਸੇ ਵੱਲ ਵਧ ਰਹੇ ਹਨ। ਸਾਡੇ ਦੇਸ਼ ਵਿੱਚ ਤਾਲਾਬੰਦੀ ਦੀ ਖੁੱਲ੍ਹ ਦਾ ਪਹਿਲਾ ਪੜਾਅ ਚੱਲ ਰਿਹਾ ਹੈ ਤੇ ਨਾਲ ਹੀ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜੋ ਡਰਾਉਂਦੀ ਵੀ ਹੈ ਤੇ ਭੰਬਲਭੂਸੇ ਵਿੱਚ ਵੀ ਪਾਉਂਦੀ ਹੈ ਅਤੇ ਸਰਕਾਰ ਦੇ ਇਸ ਫ਼ੈਸਲੇ ਨੂੰ ਸਵਾਲੀਆਂ ਨਜ਼ਰੀਏ ਤੋਂ ਦੇਖਦੀ ਹੈ ਕਿ ਜਦੋਂ ਕੇਸਾਂ ਦੀ ਗਿਣਤੀ 500 ਦੇ ਕਰੀਬ ਸੀ ਤਾਂ ਤਾਲਾਬੰਦੀ ਕਰ ਦਿੱਤੀ ਤੇ ਹੁਣ ਲੱਖਾਂ ਦੀ ਗਿਣਤੀ ਪਹੁੰਚਣ ’ਤੇ ਇਹ ਖੋਲ੍ਹ ਦਿੱਤੀ ਹੈ। ਕਰੋਨਾ ਨੂੰ ਲੈ ਕੇ, ਇਸਦੀ ਰੋਕਥਾਮ ਦੇ ਮੱਦੇਨਜ਼ਰ, ਪਹਿਲੇ ਦਿਨ ਤੋਂ ਇਹ ਸਮਝ ਬਣੀ ਅਤੇ ਪ੍ਰਚਾਰੀ ਗਈ ਕਿ ਵਾਇਰਸ ਦੇ ਫੈਲਣ ਦੀ ਲੜੀ ਤੋੜਨੀ ਹੈ। ਮਾਸਕ, ਛੇ ਫੁੱਟ ਦੂਰੀ, ਤਾਲਾਬੰਦੀ, ਇਕਾਂਤਵਾਸ ਆਦਿ ਸਭ ਦੇ ਪਿੱਛੇ ਇਹੀ ਧਾਰਨਾ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਨਤੀਜੇ ਕਾਰਗਰ ਨਹੀਂ ਨਿਕਲੇ।
ਵਿਗਿਆਨਕ ਸਮਝ ਮੁਤਾਬਕ ਇਹ ਲੜੀ ਤੋੜਨ ਦੇ ਤਿੰਨ ਤਰੀਕੇ ਹਨ:
ਪਹਿਲਾ: ਸਾਰਿਆਂ ਨੂੰ ਹਿਫਾਜ਼ਤੀ ਟੀਕੇ ਲਾ ਦਿੱਤੇ ਜਾਣ ਤਾਂ ਕਿ ਜੇ ਵਾਇਰਸ ਤੁਰਿਆ ਵੀ ਫਿਰੇ ਤਾਂ ਵੀ ਕਿਸੇ ਨੂੰ ਬਿਮਾਰੀ ਨਾ ਹੋਵੇ ਪਰ ਟੀਕਾ ਸਾਡੇ ਕੋਲ ਹੈ ਨਹੀਂ।
ਦੂਜਾ: ਕਿਸੇ ਮਰੀਜ਼ ਦੇ ਪਤਾ ਲੱਗਣ ’ਤੇ ਉਸ ਨੂੰ ਇਸ ਤਰ੍ਹਾਂ ਸਾਂਭਿਆ ਜਾਵੇ ਕਿ ਵਾਇਰਸ ਆਪਣੇ ਜੀਵਨ ਦੀਆਂ ਘੜੀਆਂ ਉਸ ਮਰੀਜ਼ ਵਿੱਚ ਹੀ ਪੂਰੀਆਂ ਕਰ ਲਵੇ ਤੇ ਵਾਇਰਸ ਅਗਾਂਹ ਫੈਲਣ ਦੇ ਯੋਗ ਹੀ ਨਾ ਰਹੇ। ਇਕਾਂਤਵਾਸ ਜਾਂ ਤਾਲਾਬੰਦੀ ਇਸੇ ਕਾਰਜ ਲਈ ਸੀ, ਜੋ ਕਾਰਗਰ ਸਾਬਤ ਨਹੀਂ ਹੋਈ।
ਤੀਜਾ: ਕੁਦਰਤੀ ਤੌਰ ’ਤੇ ‘ਹਰਡ ਇਮਿਊਨਿਟੀ’ ਪੈਦਾ ਹੋਣੀ। ਇੱਕ ਤਰ੍ਹਾਂ ਦੀ ਘੇਰਾਬੰਦੀ, ਇਹ ਤਾਂ ਹੀ ਕਾਰਗਰ ਹੁੰਦੀ ਹੈ ਜਦੋਂ 80 ਫੀਸਦੀ ਲੋਕਾਂ ਵਿੱਚ ਵਾਇਰਸ ਚਲਾ ਜਾਵੇ ਤੇ ਸਰੀਰ ਵਿੱਚ ਐਂਟੀਬਾਡੀਜ਼ ਪੈਦਾ ਹੋ ਜਾਣ। ਜੋ ਮਕਸਦ ਹਿਫ਼ਾਜਤੀ ਟੀਕੇ ਤੋਂ ਪੂਰਾ ਹੋਣਾ ਹੁੰਦਾ ਹੈ, ਉਹ ਇੱਥੇ ਕੁਦਰਤ ਕਰਦੀ ਹੈ। ਹੁਣ ਅਸੀਂ ਇਸ ਵੱਲ ਵਧ ਰਹੇ ਹਾਂ। ਇਹ ਹੁਣ ਕਿੰਨਾ ਸਮਾਂ ਲਵੇਗਾ ਯਕੀਨਨ ਤੌਰ ’ਤੇ ਕੁਝ ਨਹੀਂ ਕਹਿ ਸਕਦੇ।
ਇਹ ਸਮਝ ਇੱਕ ਗੱਲ ਤਾਂ ਸਾਹਮਣੇ ਰੱਖਦੀ ਹੈ ਕਿ 80 ਫੀਸਦੀ ਮਤਲਬ, ਤਕਰੀਬਨ ਸਾਰੇ ਹੀ ਇਸ ਵਾਇਰਸ ਦੀ ਗ੍ਰਿਫ਼ਤ ਵਿੱਚ ਆਉਣਗੇ ਹੀ, ਇਹ ਡਰ ਵਾਲੀ ਸੂਰਤ ਬਣਦੀ ਹੈ। ਇਸ ਹਾਲਤ ਨੂੰ ਸਮਝ ਨਾਲ, ਨਿਸ਼ਚੇ ਹੀ ਘੱਟ ਕੀਤਾ ਜਾ ਸਕਦਾ ਹੈ ਪਰ ਸਰਕਾਰਾਂ ਅਜਿਹਾ ਖੌ਼ਫ਼ ਬਣਾਈ ਰੱਖਣ ਵਿੱਚ ਜ਼ਿਆਦਾ ਦਿਲਚਸਪੀ ਲੈਣ ਦੀ ਦਿਸ਼ਾ ਵਿੱਚ ਹਨ।
ਡਰ ਦਾ ਕਾਰਨ ਹੈ ਬਿਮਾਰੀ ਦੀ ਤਕਲੀਫ਼ ਅਤੇ ਮੌਤ। ਸਾਨੂੰ ਰੋਜ਼ ਅੰਕੜਿਆਂ ਦੇ ਰੂਬਰੂ ਕੀਤਾ ਜਾ ਰਿਹਾ ਹੈ। ਕੁਲ ਕੇਸ (ਪਹਿਲੇ ਦਿਨ ਤੋਂ) ਠੀਕ ਹੋ ਗਏ ਕੇਸ, ਉਸ ਦੇ ਆਧਾਰ ’ਤੇ ਠੀਕ ਹੋਣ ਦੀ ਦਰ ਕੱਢੀ ਜਾ ਰਹੀ ਹੈ। ਫਿਰ ਮੌਤਾਂ ਦੀ ਗਿਣਤੀ।
ਡਰ ਨੂੰ ਘੱਟ ਕਰਨ ਲਈ, ਇਹੀ ਆਂਕੜੇ ਕੁਝ ਇਸ ਤਰ੍ਹਾਂ ਵੀ ਪੇਸ਼ ਹੋ ਸਕਦੇ ਹਨ ਤੇ ਵਿਗਿਆਨਕ ਤਰੀਕਾ ਵੀ ਇਹੀ ਹੈ।
ਇਸ ਸਮੇਂ ਕੁਲ ਮਰੀਜ਼, ਜੋ ਇਲਾਜ ਕਰਵਾ ਰਹੇ ਹਨ ਅਤੇ ਉਨ੍ਹਾਂ ਵਿੱਚ ਵੀ ਜੋ ਮੱਧਮ ਲੱਛਣਾਂ ਵਾਲੇ ਹਨ। ਕੁਲ ਮਰੀਜ਼, ਜੋ ਗੰਭੀਰ ਅਵਸਥਾ ਵਿੱਚ ਹਨ ਤੇ ਆਕਸੀਜਨ ਜਾਂ ਵੈਂਟੀਲੇਟਰ ’ਤੇ ਹਨ।
ਠੀਕ ਹੋਣ ਦੀ ਦਰ ਵੀ ਭਰਮਾਉਣ ਵਾਲੀ ਹੈ। ਤੁਸੀਂ ਖ਼ੁਦ ਕੋਵਿਡ-19 ਇੰਡੀਆ ਦੀ ਸਾਈਟ ’ਤੇ ਜਾ ਕੇ ਦੇਖੋ, ਕੇਸਾਂ ਦੀ ਗਿਣਤੀ ਅਤੇ ਠੀਕ ਹੋਣ ਵਾਲੇ ਗਰਾਫ਼ ਟੇਢੇ-ਮੇਢੇ, ਕਦੇ ਘੱਟ, ਕਦੇ ਵੱਧ। ਮੌਤ ਦਾ ਗਰਾਫ਼ ਪਹਿਲੇ ਦਿਨ ਤੋਂ ਹੀ ਇਕਸਾਰ ਦਿਸਦਾ ਹੈ। ਮੌਤ ਦਰ ਤਿੰਨ ਫੀਸਦੀ ਦੇ ਨੇੜੇ-ਤੇੜੇ ਹੈ। ਇਸਦਾ ਸਾਫ਼ ਅਰਥ ਹੈ ਕਿ ਜੋ ਵੀ ਮਰੀਜ਼ ਹੈ, ਜਿਸਦਾ ਟੈਸਟ ਪਾਜ਼ੇਟਿਵ ਹੈ, ਉਨ੍ਹਾਂ ਵਿੱਚੋਂ 97 ਫੀਸਦੀ ਠੀਕ ਹੋਏ ਹੀ ਹਨ।
ਇਸ ਤੋਂ ਇਲਾਵਾ ਤਿੰਨ ਫੀਸਦੀ ਮਰਨ ਵਾਲਿਆਂ ਵਿੱਚ 73% ਉਹ ਹਨ, ਜਿਨ੍ਹਾਂ ਨੂੰ ਕੋਈ ਨਾ ਕੋਈ ਬਿਮਾਰੀ ਪਹਿਲਾਂ ਹੀ ਹੈ ਤੇ ਉਹ 60 ਸਾਲ ਤੋਂ ਵੱਡੀ ਉਮਰ ਦੇ ਹਨ। ਉਂਜ ਤਾਂ ਸ਼ੁਰੂ ਤੋਂ ਹੀ ਕਿਸੇ ਵੀ ਕਦਮ ਨੂੰ ਵਿਗਿਆਨਕ ਵਿਆਖਿਆ ਨਾਲ ਜੋੜ ਕੇ ਨਹੀਂ ਸਮਝਾਇਆ ਗਿਆ ਕਿ ਉਹ ਇਹ ਤਰੀਕਾ ਕਿਉਂ ਅਪਣਾ ਰਹੇ ਹਨ। ਇਹ ਭਾਵੇਂ 21 ਦਿਨ ਦਾ ਲੌਕਡਾਊਨ ਸੀ, ਭਾਵੇਂ ਦੋ ਗਜ਼ ਦੀ ਦੂਰੀ ਸੀ ਤੇ ਹੁਣ ਤਾਲਾਬੰਦੀ ਤੋਂ ਖੁੱਲ੍ਹ ਕਿਉਂ? ਰਾਤੀਂ 7 ਵਜੇ ਤੋਂ ਸਵੇਰੇ 7 ਵਜੇ ਤਕ ਕਰਫਿਊ ਦਾ ਕੀ ਮਕਸਦ ਹੈ? ਹੁਣ ਪੰਜਾਬ ਵਿੱਚ ਸਨਿੱਚਰਵਾਰ-ਐਤਵਾਰ ਨੂੰ ਮੁਕੰਮਲ ਬੰਦ ਦੀ ਕੀ ਵਜ੍ਹਾ ਹੈ? ਕਾਰ ਵਿੱਚ ਬੈਠਿਆਂ ਲਈ ਮਾਸਕ ਕਿਉਂ?
ਜਦੋਂ ਇਹ ਸਵਾਲ ਉੱਠਦੇ ਹਨ ਤਾਂ ਇੱਕ ਪਾਸੇ ਲੋਕਾਂ ਵਿੱਚ ਖੌ਼ਫ਼ ਵਧਦਾ ਹੈ, ਦੂਜੇ ਪਾਸੇ ਕੁਝ ਲੋਕ, ਇਸ ਨੂੰ ਮਜ਼ਾਕ ਵਿੱਚ ਵੀ ਲੈਂਦੇ ਹਨ। ਸਿੱਟੇ ਵਜੋਂ ਜਿੰਨੀ ਕੁ ਸੰਜੀਦਗੀ ਦੀ ਵੀ ਲੋੜ ਹੁੰਦੀ ਹੈ, ਉਹ ਵੀ ਢਿੱਲੀ ਪੈ ਜਾਂਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2223)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)