GurmitShugli7ਉਸ ਦੇ ਉਲਟ ਸੁਖਪਾਲ ਖਹਿਰਾ ਨੇ ਨਵਾਂ ਧਮਾਕਾ ਇਹ ਕਹਿ ਕੇ ਕਰ ਦਿੱਤਾ ਕਿ ...
(4 ਜੂਨ 2018)

 

ਸ਼ਾਹਕੋਟ ਉਪ ਚੋਣ ਦਾ ਨਤੀਜਾ ਆਸ ਮੁਤਾਬਕ ਹੀ ਆਇਆ। ਤਕਰੀਬਨ ਛੱਬੀ ਸਾਲ ਬਾਅਦ ਕਾਂਗਰਸ ਜਿੱਤ ਗਈ ਹੈ ਤੇ ਮੁੱਖ ਵਿਰੋਧੀ ਅਕਾਲੀ ਉਮੀਦਵਾਰ ਜੇਤੂ ਉਮੀਦਵਾਰ ਦੇ ਅੱਧ ਤੱਕ ਹੀ ਮਸਾਂ ਪਹੁੰਚਿਆ। ਇਹ ਤਾਂ ਆਸ ਸੀ ਹੀ ਕਿ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੇ ਜਿੱਤ ਜਾਣਾ, ਪਰ ਇੰਨੇ ਵੱਡੇ ਫ਼ਰਕ ਨਾਲ ਜਿੱਤਣਾ ਤੇ ਪਿਛਲੀਆਂ ਕਸਰਾਂ ਕੱਢ ਦੇਣੀਆਂ, ਇਹਦੀ ਆਸ ਨਹੀਂ ਸੀ। ਇਸ ਨਤੀਜੇ ਨੇ ਇਹ ਗੱਲ ਦੱਸ ਦਿੱਤੀ ਹੈ ਕਿ ਸਲਾਮ ਹਮੇਸ਼ਾ ਚੜ੍ਹਦੇ ਸੂਰਜ ਨੂੰ ਹੁੰਦੀ ਹੈ। 2017 ਵਿਚ ਜਿਹੜਾ ਉਮੀਦਵਾਰ ਅਕਾਲੀ ਦਲ ਕੋਲੋਂ ਹਾਰ ਗਿਆ ਸੀ, ਉਹੀ ਹੁਣ ਅਕਾਲੀ ਦਲ ਨੂੰ ਹਰਾ ਗਿਆ ਹੈ। ਇਹ ਧਾਰਨਾ ਪੱਕੀ ਹੋਣੀ ਕੁਦਰਤੀ ਹੈ ਕਿ ਬਹੁਤ ਕਰਕੇ ਜ਼ਿਮਨੀ ਚੋਣ ਸੱਤਾ ਧਿਰ ਦੀ ਹੀ ਹੁੰਦੀ ਹੈ, ਖ਼ਾਸ ਕਰ ਪੰਜਾਬ ਵਿਚ ਇੱਕ ਅੱਧ ਵਾਰ ਛੱਡ ਕੇ ਸਮੇਂ-ਸਮੇਂ ਸਿਰ ਇਹੀ ਕੁਝ ਦੇਖਣ ਨੂੰ ਮਿਲਦਾ ਰਿਹਾ। ਧਿਆਨ ਮੰਗਦੀ ਗੱਲ ਇਹ ਵੀ ਹੈ ਕਿ ਸੁਖਬੀਰ ਵੱਲੋਂ ‘ਆਪ’ ਪਾਰਟੀ ਨੂੰ ਤੋੜਨਾ ਵੀ ਕਿਸੇ ਕੰਮ ਨਹੀਂ ਆਇਆ। ਆਪ ਦੇ ਲੀਡਰ ਆਪਣੇ ਨਾਲ ਰਲਾ ਕੇ ਜਿੱਥੇ ਟਕਸਾਲੀ ਅਕਾਲੀ ਨਰਾਜ਼ ਕਰ ਲਏ, ਦੂਜੇ ਪਾਸੇ ਆਪ ਦੇ ਵੋਟਰ ਕਾਂਗਰਸ ਵੱਲ ਕੂਚ ਕਰ ਗਏ।

ਕਈ ਲੋਕ ਆਖ ਰਹੇ ਹਨ ਕਿ ਕਾਂਗਰਸ ਨੇ ਕੀ ਕੀਤਾ, ਸਵਾ ਸਾਲ ਹੋਣ ਵਾਲਾ, ਕੰਮਕਾਰ ਸਿਵਾਏ ਕਾਗ਼ਜ਼ਾਂ-ਪੱਤਰਾਂ ਦੇ, ਵਿਕਾਸ ਕੁਝ ਨਹੀਂ ਹੋਇਆ ਤਾਂ ਉਸ ਦੇ ਉਮੀਦਵਾਰ ਨੂੰ ਲੋਕਾਂ ਨੇ ਕਿਵੇਂ ਜਿਤਾ ਦਿੱਤਾ। ਅਸੀਂ ਪਿਛਲੇ ਲੇਖ ਵਿਚ ਵੀ ਕਿਹਾ ਸੀ ਕਿ ਸੱਤਾ ਧਿਰ ਕੋਲ ਹਰ ਹਰਬਾ ਵਰਤਣ ਦਾ ਹੁਨਰ ਹੁੰਦਾ ਤੇ ਲੋਕ ਵੀ ਇਹੀ ਸੋਚਦੇ ਨੇ ਕਿ ਹਾਕਮ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਈਏ ਤਾਂ ਸ਼ਾਇਦ ਸਾਡੇ ਕੰਮ ਹੋ ਜਾਣ।

ਲਾਡੀ ਸ਼ੇਰੋਵਾਲੀਆ, ਰਾਣਾ ਗੁਰਜੀਤ ਸਿੰਘ ਦੀ ਸੱਜੀ ਬਾਂਹ ਹੈ ਤੇ ਪ੍ਰਚਾਰ ਵਿਚ ਜਿੰਨਾ ਯੋਗਦਾਨ ਰਾਣੇ ਨੇ ਪਾਇਆ, ਕੋਈ ਹੋਰ ਪਾ ਹੀ ਨਹੀਂ ਸਕਿਆ। ਦੂਜੇ ਪਾਸੇ ਅਕਾਲੀ-ਭਾਜਪਾ ਉਮੀਦਵਾਰ ਜੂਝਦਾ ਨਜ਼ਰ ਆ ਰਿਹਾ ਸੀ। ਨਾਇਬ ਸਿੰਘ ਨੂੰ ਟਿਕਟ ਹਮਦਰਦੀ ਦੀ ਵੋਟ ਕਰਕੇ ਮਿਲੀ ਸੀ, ਪਰ ਇਹ ਪੱਤਾ ਕਾਮਯਾਬ ਨਹੀਂ ਹੋਇਆ। ਅਸੀਂ ਇਹ ਵੀ ਕਿਹਾ ਸੀ ਕਿ ਹੁਣ ਹਮਦਰਦੀ ਦੀ ਪ੍ਰੀਭਾਸ਼ਾ ਬਦਲ ਗਈ ਹੈ। ਇਹ ਜ਼ਰੂਰੀ ਨਹੀਂ ਰਿਹਾ ਕਿ ਜਿੱਤ ਪਿਤਾ ਪੁਰਖੀ ਰਹੇ। ਸ਼ਾਹਕੋਟ ਸੀਟ ਅਜੀਤ ਸਿੰਘ ਕੋਹਾੜ ਦੀ ਸੀ, ਨਾ ਅਕਾਲੀ ਦਲ ਦੀ, ਨਾ ਕੋਹਾੜ ਦੇ ਪਰਵਾਰ ਦੀ। ਇਹੀ ਕਾਰਨ ਹੈ ਕਿ ਜਦੋਂ ਸਾਲ 2017 ਵਿਚ ਪੰਜਾਬ ਵਿਚ ਅਕਾਲੀ ਦਲ ਦਾ ਕਿਲ੍ਹਾ ਢਹਿ ਰਿਹਾ ਸੀ ਤਾਂ ਅਜੀਤ ਸਿੰਘ ਕੋਹਾੜ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਸੀ। ਤੇ ਹੁਣ ਜਦੋਂ ਕਾਂਗਰਸ ਨੂੰ ਵੀ ਵਾਅਦਿਆਂ ਤੋਂ ਭਗੌੜੀ ਕਿਹਾ ਜਾ ਰਿਹਾ ਸੀ ਤਾਂ ਅਕਾਲੀ ਉਮੀਦਵਾਰ ਹਾਰ ਗਿਆ।

ਸਭ ਤੋਂ ਮਾੜਾ ਹਾਲ ‘ਆਪ’ ਦੇ ਉਮੀਦਵਾਰ ਦਾ ਰਿਹਾ। ਰਤਨ ਸਿੰਘ ਕਾਕੜ ਕਲਾਂ ਖ਼ੁਦ ਚੰਗਾ ਬੰਦਾ ਹੈ। ਕੋਈ ਵਲ-ਫਰੇਬ ਨਹੀਂ, ਪਰ ਪਹਿਲੇ ਦਿਨੋਂ ਇੰਜ ਜਾਪਦਾ ਸੀ ਕਿ ਉਹਨੂੰ ਮੂਹਰੇ ਕਰਕੇ ਪਿੱਛੇ ਕੋਈ ਨਾ ਰਿਹਾ ਹੋਵੇ। ਜਦੋਂ ਰਤਨ ਸਿੰਘ ਦੇ ਕਾਗ਼ਜ਼ ਦਾਖ਼ਲ ਹੋਏ ਤਾਂ ਆਪ ਲੀਡਰ ਰਸਮੀ ਹਾਜ਼ਰੀ ਲਵਾਉਣ ਹੀ ਗਏ। ਅੰਦਰਖਾਤੇ ਸਾਰੇ ਵਿਧਾਇਕ ਆਖਦੇ ਸਨ, ਹਾਈਕਮਾਨ ਦਾ ਗ਼ਲਤ ਫ਼ੈਸਲਾ ਹੈ, ਸਾਡਾ ਕੁਝ ਨਹੀਂ ਬਣਨਾ, ਹੋਇਆ ਵੀ ਉਹੀ। ਕੁਝ ਨਹੀਂ ਬਣਿਆ। 1900 ਵੋਟ ਰਤਨ ਸਿੰਘ ਕਾਕੜ ਕਲਾਂ ਨੂੰ ਪਈ। ਉਹਦਾ ਮੁਕਾਬਲਾ ਦੋਹਾਂ ਵੱਡੀਆਂ ਪਾਰਟੀਆਂ ਨਾਲ ਨਹੀਂ, ਸਗੋਂ ਨੋਟਾ ਨਾਲ ਰਿਹਾ। ਪਹਿਲੇ ਗੇੜ ਦੀ ਗਿਣਤੀ ਵਿਚ ਨੋਟਾ ਨੂੰ ਪੰਜਾਹ ਵੋਟਾਂ ਸਨ ਤੇ ‘ਆਪ’ ਨੂੰ 461 ਸਨ। ਫੇਰ ਕਦੇ ਨੋਟਾ ਅੱਗੇ, ਕਦੇ ਰਤਨ ਸਿੰਘ।

ਜਦੋਂ ਏਨੀ ਬੁਰੀ ਹੋਈ ਤਾਂ ਰਤਨ ਸਿੰਘ ਕਾਕੜ ਕਲਾਂ ਨੇ ਵੀ ਕਈ ਗੱਲਾਂ ’ਤੇ ਪਰਦਾ ਪਾ ਦਿੱਤਾ। ਕਿਹਾ ਅਸੀਂ ਸਾਰੇ ਇਕਜੁਟ ਹਾਂ ਤੇ ਰਹਾਂਗੇ। ਪਾਰਟੀ ਦਾ ਇੰਜਣ ਠੀਕ ਕਰਾਂਗੇ, ਰਿੰਗ ਬਦਲਾਂਗੇ ਤੇ 2019 ਵਿਚ ਕਮਾਲ ਕਰਾਂਗੇ।

ਉਸ ਦੇ ਉਲਟ ਸੁਖਪਾਲ ਖਹਿਰਾ ਨੇ ਨਵਾਂ ਧਮਾਕਾ ਇਹ ਕਹਿ ਕੇ ਕਰ ਦਿੱਤਾ ਕਿ ਏਵੇਂ ਹੀ ਹੋਣ ਦੀ ਆਸ ਸੀ। ਮੈਂ ਤੇ ਭਗਵੰਤ ਨੇ ਬਥੇਰਾ ਕਿਹਾ ਸੀ ਕਿ ਆਪਾਂ ਨੂੰ ਇਹ ਚੋਣ ਨਹੀਂ ਲੜਨੀ ਚਾਹੀਦੀ। ਇਹਦੀ ਥਾਂ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨਾ ਚਾਹੀਦਾ। ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦੀ ਮੰਨ ਕੇ ਹਾਈਕਮਾਨ ਨੇ ਉਮੀਦਵਾਰ ਖੜ੍ਹਾ ਕਰ ਦਿੱਤਾ ਤੇ ਨਤੀਜਾ ਤੁਹਾਡੇ ਸਾਹਮਣੇ ਹੈ। ਜੇ ਉਪਰੋਕਤ ਦੋਵੇਂ ਲੀਡਰ ਆਪਣੀ-ਪਾਰਟੀ ਜ਼ਿੰਮੇਵਾਰੀ ਸਮਝ ਕੇ ਵਕਤ ਦਿੰਦੇ ਤਾਂ ਹਾਰ ਏਨੀ ਨਮੋਸ਼ੀ ਵਾਲੀ ਨਾ ਹੁੰਦੀ।

ਖਹਿਰੇ ਦੀਆਂ ਗੱਲਾਂ ਤੋਂ ਤਿੰਨ-ਚਾਰ ਮਸਲਿਆਂ ਬਾਰੇ ਪਤਾ ਲਗਦਾ ਹੈ। ਪਹਿਲਾ, ਪਾਰਟੀ ਵਿਚ ਏਕੇ ਨਾਂਅ ਦੀ ਕੋਈ ਚੀਜ਼ ਨਹੀਂ। ਦੂਜਾ, ਹਾਈਕਮਾਨ ਨੇ ਖਹਿਰੇ ਤੇ ਭਗਵੰਤ ਨੂੰ ਕੋਈ ਖਾਸ ਤਰਜੀਹ ਨਹੀਂ ਦਿੱਤੀ। ਤੀਜਾ, ਖਹਿਰਾ ਤੇ ਭਗਵੰਤ ਰਸਮੀ ਤੌਰ ’ਤੇ ਹੀ ਪ੍ਰਚਾਰ ਲਈ ਕੁਝ ਘੰਟੇ ਕੱਢ ਕੇ ਆਏ, ਪਰ ਅੰਦਰਲੀ ਸਥਿਤੀ ਤੋਂ ਜਾਣੂ ਹੋਣ ਕਰਕੇ ਅੰਦਰ ਇੰਨਾ ਕੁਝ ਚਲਦੇ ਹੋਣ ਦੇ ਬਾਵਜੂਦ ਰਤਨ ਸਿੰਘ ਨੂੰ 1900 ਵੋਟ ਕਿਵੇਂ ਮਿਲ ਗਈਆਂ, ਸਾਡੇ ਮੁਤਾਬਕ ਇਹ ਵੀ ਅਚੰਭੇ ਵਾਲੀ ਗੱਲ ਹੈ।

ਇਹ ਉਹੀ ‘ਆਪ’ ਹੈ, ਜਿਸ ਦੇ ਉਮੀਦਵਾਰ ਡਾ. ਅਮਰਜੀਤ ਥਿੰਦ ਨੇ 2017 ਦੀਆਂ ਚੋਣਾਂ ਮੌਕੇ 40,000 ਤੋਂ ਵੱਧ ਵੋਟਾਂ ਲਈਆਂ ਸਨ, ਪਰ ਹੁਣ ਵੋਟਾਂ ਦੀ ਗਿਣਤੀ 1900 ’ਤੇ ਪਹੁੰਚ ਗਈ। ਇਸ ਸਥਿਤੀ ਵਿਚ ‘ਆਪ’ 2019 ਵਿਚ ਕੀ ਕਰ ਸਕਦੀ ਹੈ? ਖ਼ਬਰਾਂ ਤਾਂ ਇਹ ਵੀ ਹਨ ਕਿ ‘ਆਪ’ ਦੇ ਕਈ ਵਿਧਾਇਕ ਕਾਂਗਰਸ ਦੇ ਸੰਪਰਕ ਵਿਚ ਹਨ ਤੇ ਹੌਲੀ-ਹੌਲੀ ਨਵੇਂ ਧਮਾਕੇ ਹੋਣ ਦੇ ਆਸਾਰ ਹਨ, ਕਿਉਂਕਿ ਕਾਂਗਰਸ ਦੀ ਕੁੱਖ ਇਸ ਵੇਲੇ ਚੜ੍ਹੀ ਹੋਈ ਹੈ। ਹੋ ਸਕਦਾ ਹੈ ਕਿ ਇਹ ਭਾਣਾ ਵਰਤਣ ਵਿਚ ਦੇਰ ਲੱਗ ਜਾਵੇ।

ਇਹ ਗੱਲ ਕਿਸੇ ਤੋਂ ਲੁਕੀ-ਛੁਪੀ ਨਹੀਂ ਕਿ ‘ਆਪ’ ਨੇ ਆਪਣਾ ਨੁਕਸਾਨ ਖ਼ੁਦ ਕੀਤਾ ਹੈ, ਕਿਸੇ ਹੋਰ ਨੇ ਨਹੀਂ। ਲਗਾਤਾਰ ‘ਆਪ’ ਦੇ ਆਗੂ ਭਗੌੜੇ ਹੋ ਰਹੇ ਹਨ ਤੇ ਜੇ ਇਹ ਹਾਲਾਤ ਨਾ ਸੁਧਰੇ ਤਾਂ 2019 ਦੀਆਂ ਚੋਣਾਂ ਲੜਨ ਮੌਕੇ ਵੀ ਪਾਰਟੀ ਨੂੰ ਸੋਚਣਾ ਪਵੇਗਾ ਕਿ ਮੈਦਾਨ ਵਿਚ ਆਈਏ ਜਾਂ ਨਾ।

ਖ਼ੈਰ, ਇਨ੍ਹਾਂ ਉਪ ਚੋਣਾਂ ਨੇ ਹੋਰ ਸੂਬਿਆਂ ਵਿਚ ਭਾਜਪਾ ਦੀ ਵੀ ਫ਼ੂਕ ਜ਼ਰੂਰ ਕੱਢ ਦਿੱਤੀ ਹੈ। ਉੱਤਰ ਪ੍ਰਦੇਸ਼ ਦੀ ਕੈਰਾਨਾ ਲੋਕ ਸਭਾ ਸੀਟ ਜਿਵੇਂ ਭਾਜਪਾ ਦੇ ਹੱਥ ’ਚੋਂ ਨਿਕਲੀ ਹੈ, ਉਸ ਨਾਲ ਪ੍ਰਧਾਨ ਮੰਤਰੀ ਮੋਦੀ, ਪ੍ਰਧਾਨ ਅਮਿਤ ਸ਼ਾਹ ਤੇ ਸਟਾਰ ਪ੍ਰਚਾਰਕ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਹੋਰ ਡੂੰਘੀਆਂ ਹੋਈਆਂ ਹਨ। ਪਿਛਲੇ ਕੁਝ ਮਹੀਨਿਆਂ ਤੋਂ ਭਾਜਪਾ ਦਾ ਪਾਣੀ ਲੱਥ ਰਿਹਾ ਹੈ ਤੇ ਜੇ ਇਹੀ ਹਾਲ ਰਿਹਾ ਤਾਂ 2019 ਵਾਲਾ ਭਵਸਾਗਰ ਪਾਰ ਕਰਨਾ ਭਾਜਪਾਈਆਂ ਲਈ ਵੀ ਸੌਖਾ ਨਹੀਂ ਹੋਵੇਗਾ। ਕੁਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਕੁਝ ਵੀ ਗਲਤ ਨਹੀਂ ਹੋਇਆ। ਜਨਤਾ ਜਨਾਰਦਨ ਦਾ ਫ਼ੈਸਲਾ ਹਮੇਸ਼ਾ ਹੀ ਸਹੀ ਹੁੰਦਾ ਹੈ। ਕਿਸੇ ਨਾਲ ਵੀ ਅਨਹੋਣੀ ਨਹੀਂ ਹੋਈ, ਜਨਤਾ ਨੇ ਬਣਦੀ ਸਜ਼ਾ ਹੀ ਦਿੱਤੀ ਹੈ।

*****

(1176)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author