“ਪੰਜਾਬ ਵਿੱਚ ਵੱਖ-ਵੱਖ ਚੋਣ ਸਰਵਿਆਂ ਅਨੁਸਾਰ ਕਾਂਗਰਸ ਅਤੇ “ਆਪ” ਦਾ ਬਹੁਤ ਫਸਵਾਂ ਯੁੱਧ ...”
(22 ਅਗਸਤ 2021)
ਭਾਵੇਂ ਦਿਨੋਂ-ਦਿਨ ਚੋਣਾਂ ਦਾ ਸਮਾਂ ਘਟ ਰਿਹਾ ਹੈ, ਪਰ ਅਸਲ ਵਿੱਚ ਚੋਣਾਂ ਦੀਆਂ ਤਿਆਰੀਆਂ ਅਗੇਤੀਆਂ ਸ਼ੁਰੂ ਹੋ ਚੁੱਕੀਆਂ ਹਨ। ਪੰਜਾਬ ਵਿੱਚ ਅਜੇ ਤੱਕ ਖੱਬੇ ਪੱਖੀ ਪਾਰਟੀਆਂ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਨਾ ਹੀ ਉਨ੍ਹਾਂ ਵੱਲੋਂ ਕੋਈ ਸਰਗਰਮੀ ਸ਼ੁਰੂ ਹੋਈ ਹੈ। ਲਗਦਾ ਹੈ ਕਿ ਉਹ ਸਭ ਕਿਸਾਨ ਮੋਰਚੇ ਵਿੱਚ ਆਪਣੇ ਵਿੱਤ ਮੁਤਾਬਕ ਸਰਗਰਮ ਹਨ। ਉਨ੍ਹਾਂ ਆਪਣਾ, ਸਮੇਤ ਸਮੁੱਚੀ ਜਨਤਾ ਦਾ, ਕਿਸਾਨਾਂ-ਮਜ਼ਦੂਰਾਂ ਦਾ ਭਵਿੱਖ ਕਿਸਾਨੀ ਜਿੱਤ-ਹਾਰ ਨਾਲ ਜੋੜ ਕੇ ਦੇਖਣਾ ਸ਼ੁਰੂ ਕਰ ਦਿੱਤਾ ਹੈ। ਹਰਿਆਣੇ ਦੇ ਕਿਸਾਨੀ ਲੀਡਰ ਚੜੂਨੀ ਸਾਹਿਬ ਦਾ ਚੋਣਾਂ ਸੰਬੰਧੀ ਫ਼ੈਸਲਾ ਵੀ ਉਨ੍ਹਾਂ ਅੱਗੇ ਹੈ। ਜਿਸ ਰਫ਼ਤਾਰ ’ਤੇ ਕਾਹਲੀ ਨਾਲ ਚੜੂਨੀ ਸਾਹਿਬ ਨੇ ਚੋਣਾਂ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ, ਉਸ ਤੋਂ ਦੂਣੀ ਰਫ਼ਤਾਰ ਨਾਲ ਉਨ੍ਹਾਂ ਚੋਣਾਂ ਤੋਂ ਤੋਬਾ ਕਰਕੇ ਪੱਲਾ ਝਾੜ ਲਿਆ ਅਤੇ ਮੁੜ ਉਸੇ ਸਰਗਰਮੀ ਨਾਲ ਕਿਸਾਨੀ ਮੋਰਚੇ ਦਾ ਪੱਲਾ ਫੜ ਲਿਆ। ਇਸ ਨੂੰ ਕਿਸਾਨ ਘੋਲ ਦੀ ਜਿੱਤ ਹੀ ਕਹਿਣਾ ਚਾਹੀਦਾ ਹੈ।
ਅੱਜ ਦੇ ਦਿਨ ਪੰਜਾਬ ਵਿੱਚ ਰਾਜ ਕਰਦੀ ਪਾਰਟੀ ਕਾਂਗਰਸ ਰਾਜ ਨਹੀਂ, ਸੇਵਾ ਦੇ ਨਾਂਅ ’ਤੇ ਰਾਜ ਕਰ ਹਟੀ ਅਕਾਲੀ ਪਾਰਟੀ, ਅਕਾਲੀਆਂ ਦੀ ਭਾਈਵਾਲ ਬਣ ਕੇ ਰਾਜ-ਭਾਗ ਦਾ ਪੂਰਨ ਅਨੰਦ ਮਾਣ ਚੁੱਕੀ ਭਾਜਪਾ ਜੋ ਇਸ ਵਾਰ ਆਪਣੀ ਅਲੱਗ ਡੱਫਲੀ ਬਜਾ ਰਹੀ ਹੈ, ਤੋਂ ਇਲਾਵਾ ਆਪਣੀਆਂ ਗਲਤੀਆਂ ਕਰਕੇ, ਰਾਜ-ਭਾਗ ਤੋਂ ਵਾਂਝੀ ਰਹਿ ਗਈ ਅਤੇ ਇਸ ਵਕਤ ਆਪਣੇ ਵਿੱਤ ਮੁਤਾਬਕ ਪੰਜਾਬ ਵਿੱਚ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ ‘ਆਪ’ ਹੁਣ ਨਹੀਂ ਤਾਂ ਕਦੇ ਵੀ ਨਹੀਂ, ਦੇ ਜੋਸ਼ ਨਾਲ ਮੈਦਾਨ ਵਿੱਚ ਹੈ। ਇਨ੍ਹਾਂ ਚੌਹਾਂ ਪਾਰਟੀਆਂ ਤੋਂ ਇਲਾਵਾ ਹੋਰ ਪਾਰਟੀਆਂ ਵੀ ਮੈਦਾਨ ਵਿੱਚ ਹਨ, ਜਿਨ੍ਹਾਂ ਨੇ ਅਜੇ ਤਕ ਜਨਤਾ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਿਆ।
ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਵਿੱਚ ਵੀ ਇਸ ਵਕਤ “ਸਭ ਅੱਛਾ” ਨਹੀਂ ਚੱਲ ਰਿਹਾ। ਨਵਜੋਤ ਸਿੱਧੂ ਦੇ ਪ੍ਰਧਾਨ ਬਨਣ ਤੋਂ ਬਾਅਦ ਬਿਨਾਂ ਸ਼ੱਕ ਕਾਂਗਰਸ ਦਾ ਕੇਡਰ ਹਰਕਤ ਵਿੱਚ ਆਇਆ ਹੈ, ਕਾਫ਼ੀ ਸਰਗਰਮ ਹੋਇਆ ਹੈ, ਜਿਸ ਕਰਕੇ ਹਰ ਉਮਰ ਦਾ ਕਾਂਗਰਸੀ ਸਰਗਰਮ ਹੋਇਆ ਹੈ। ਕਾਂਗਰਸੀ ਪ੍ਰਧਾਨ ਨੇ ਆਪਣਾ ਬਿਸਤਰਾ ਚੰਡੀਗੜ੍ਹ ਕਾਂਗਰਸ ਭਵਨ ਵਿੱਚ ਲਾ ਲਿਆ ਹੈ। ਉਸ ਮੁਤਾਬਕ ਉਸ ਨੇ ਸਭ ਛੋਟੇ-ਵੱਡੇ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ। ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਦਖ਼ਲ ਨੇ ਪੰਜਾਬ ਸਰਕਾਰ ’ਤੇ ਆਪਣਾ ਪ੍ਰਭਾਵ ਛੱਡਿਆ ਹੈ, ਜਿਸ ਕਰਕੇ ਸਰਕਾਰ ਕੁਝ ਹਾਂ ਪੱਖੀ ਫੈਸਲੇ ਲੈਣ ਲੱਗੀ ਹੈ। ਪਰ ਇਸ ਸਭ ਦੇ ਬਾਵਜੂਦ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਵਿੱਚ ਦੂਰੀਆਂ ਰਾਜ਼ੀਨਾਵੇਂ ਤੋਂ ਬਾਅਦ ਵੀ ਜਿਉਂ ਦੀਆਂ ਤਿਉਂ ਕਾਇਮ ਦਿਸਦੀਆਂ ਹਨ, ਜੋ ਸਮੁੱਚੇ ਕਾਂਗਰਸੀਆਂ ਦੇ ਹਿੱਤ ਵਿੱਚ ਨਹੀਂ ਹੈ।
ਪਿਛਲੇ ਦਿਨੀਂ ਵਿਜੀਲੈਂਸ ਨੇ ਜਿਵੇਂ ਹੀ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਫੜਿਆ, ਕਾਂਗਰਸੀ ਅਤੇ ਸੁਮੇਧ ਸੈਣੀ ਦੇ ਸਤਾਏ ਹੋਏ ਨਾਗਰਿਕ ਅਜੇ ਆਪਣੀ ਪਿੱਠ ਥੱਪਥਪਾਉਣ ਬਾਰੇ ਸੋਚ ਹੀ ਰਹੇ ਸਨ ਕਿ ਵਿਜੀਲੈਂਸ ਦੀ ਨਲਾਇਕੀ ਨੇ ਉਸ ਨੂੰ ਹਾਈਕੋਰਟ ਕੋਲੋਂ ਝਾੜਾਂ ਪੁਆਈਆਂ। ਸੁਮੇਧ ਸੈਣੀ ਨੂੰ ਹਾਈਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਸਰਕਾਰੀ ਮਸ਼ੀਨਰੀ ਦੀ ਕਾਹਲੀ ਨੇ ਇੱਕ ਤਰ੍ਹਾਂ ਸਰਕਾਰ ਦੀ ਵਿਕਟ ਸੁੱਟ ਦਿੱਤੀ ਹੈ। ਇਸ ’ਤੇ ਵਿਰੋਧੀਆਂ ਦਾ ਸਰਕਾਰ ’ਤੇ ਹੱਲਾ-ਗੁੱਲਾ ਵਾਜਬ ਹੈ।
ਸਭ ਕਾਂਗਰਸੀਆਂ ਅਤੇ ਸਿੱਧੂ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਸਿੱਧੂ ਦੇ ਦੌੜਨ-ਭੱਜਣ ਅਤੇ ਸਿੱਧੂ ਦੀ ਬੋਲ-ਬਾਣੀ ’ਤੇ ਲੱਗੀਆਂ ਹੋਈਆਂ ਹਨ। ਸਿੱਧੂ ਸਾਹਿਬ ਦੀ ਅੱਜ ਦੀ ਬੋਲ-ਬਾਣੀ ਜਨਤਾ ਪਸੰਦ ਨਹੀਂ ਕਰ ਰਹੀ। ਖਾਸ ਕਰਕੇ ਜੋ ਸਿੱਧੂ ਅਤੇ ਮਜੀਠੀਏ ਦਾ ਮਿਹਣੋ-ਮਿਹਣੀ ਹੋਣਾ। ਦੋਹਾਂ ਨੂੰ ਨੀਵੇਂ ਪੱਧਰ ਦੀਆਂ ਗੱਲਾਂ ਛੱਡ ਕੇ ਪੰਜਾਬ ਦੇ ਮੁੱਦਿਆਂ ’ਤੇ ਆਪਣਾ ਧਿਆਨ ਲਾਉਣਾ ਚਾਹੀਦਾ ਹੈ।
ਸਿੱਧੂ ਸਾਹਿਬ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਢ ਗੁਣਾ ਟਿਕਟਾਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ। ਇਹ ਇੱਕ ਕਠਿਨ ਕੰਮ ਹੈ। ਅਜਿਹੇ ਮਿਸ਼ਨ ਵਿੱਚ ਸਫ਼ਲ ਹੋਣ ਲਈ ਟਿਕਟਾਂ ਵੰਡ ਕਰਨ ਵਾਲਿਆਂ ਨੂੰ ਕੁਰਪਟ ਮੰਤਰੀਆਂ, ਕੁਰਪਟ ਐੱਮ ਐੱਲ ਏ ਆਦਿ ਦੀਆਂ ਟਿਕਟਾਂ ਕੱਟਣੀਆਂ ਪੈਣਗੀਆਂ। ਚੰਗੇ ਅਤੇ ਸਾਫ਼-ਸੁਥਰੇ ਨੌਜਵਾਨਾਂ ਦੀ ਚੋਣ ਕਰਨੀ ਹੋਵੇਗੀ। ਮਾੜੇ ਜੋਟੀਦਾਰਾਂ ਦਾ ਸਾਥ ਛੱਡਣਾ ਹੋਵੇਗਾ। ਦਲ-ਬਦਲੂਆਂ ਦਾ ਖਾਸ ਧਿਆਨ ਰੱਖਣਾ ਪਵੇਗਾ। ਸਿੱਧੂ ਸਾਹਿਬ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਬਾਕੀ ਸਾਰੀਆਂ ਪਾਰਟੀਆਂ ਨੇ ਵੀ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਲਈ ਸਮਾਂ ਥੋੜ੍ਹਾ ਹੈ, ਮੁੱਖ ਮੰਤਰੀ ਨਾਲ ਮੱਤਭੇਦ ਘੱਟ ਕਰਨੇ ਹੋਣਗੇ। ਇਸ ਹਫ਼ਤੇ ਜੋ ਦੋਹਾਂ ਵਿਚਕਾਰ ਮੀਟਿੰਗ ਹੋਈ ਹੈ, ਅਜਿਹੀਆਂ ਮੀਟਿੰਗਾਂ ਸਮੇਂ ਸਮੇਂ ਸਿਰ ਚਾਲੂ ਰਹਿਣੀਆਂ ਚਾਹੀਦੀਆਂ ਹਨ, ਤਾਂ ਕਿ ਸਰਕਾਰ ਦਾ ਧਿਆਨ ਲੋਕਾਂ ਵੱਲ ਕੇਂਦਰਿਤ ਹੋ ਸਕੇ।
ਪੰਜਾਬ ਵਿੱਚ ਅਕਾਲੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਬੀ ਐੱਸ ਪੀ ਨਾਲ ਗੱਠਜੋੜ ਕਰਕੇ, ਪਹਿਲਾਂ ਹੀ ਲਗਭਗ ਸਾਰੇ ਉਮੀਦਵਾਰਾਂ ਦਾ ਐਲਾਨ ਕਰਕੇ, ਸੌ ਦਿਨਾਂ ਵਿੱਚ ਸੌ ਅਸੰਬਲੀ ਹਲਕਿਆਂ ਵਿੱਚ ਜਾ ਕੇ ਜਨਤਾ ਨੂੰ ਮਿਲਣਾ, ਜਨਤਾ ਦਾ ਮੂਡ ਜਾਨਣਾ, ਜਨਤਾ ਦੀਆਂ ਸ਼ਿਕਾਇਤਾਂ ਨੋਟ ਕਰਨੀਆਂ, ਇਸ ਸਭ ਵਾਸਤੇ ਹਲਕਾਵਾਰ ਦੌਰਾ ਸੁਖਬੀਰ ਬਾਦਲ ਨੇ 2022 ਦੀਆਂ ਚੋਣਾਂ ਨੂੰ ਮੱਦੇ-ਨਜ਼ਰ ਰੱਖ ਕੇ ਪਿੰਡ-ਪਿੰਡ ਜਾਣਾ ਸ਼ੁਰੂ ਕਰ ਦਿੱਤਾ ਹੈ। ਉਹ ਜਨਤਾ ਨਾਲ ਵਾਅਦੇ ਕਰਨ ਵਿੱਚ ਸਾਰੀਆਂ ਪਾਰਟੀਆਂ ਨੂੰ ਲਗਭਗ ਮਾਤ ਦੇ ਗਿਆ ਹੈ। ਪਿਛਲੇ ਦਿਨੀਂ ਉਸ ਨੇ ਚੰਡੀਗੜ੍ਹ ਵਿਖੇ ਇੱਕ ਸਟੇਟ ਲੈਵਲ ਦਾ ਫੰਕਸ਼ਨ ਕਰਕੇ ਸਾਬਕਾ ਭਾਜਪਾ ਮੰਤਰੀ ਸ੍ਰੀ ਜੋਸ਼ੀ ਸਮੇਤ ਦਰਜਨਾਂ ਹੋਰ ਕਾਰਕੁੰਨਾਂ ਨੂੰ ਅਕਾਲੀ ਪਾਰਟੀ ਵਿੱਚ ਸ਼ਾਮਲ ਕਰਕੇ ਆਪਣੇ ਮਜ਼ਬੂਤ ਹੋਣ ਦਾ ਸੁਨੇਹਾ ਦਿੱਤਾ ਹੈ। ਜਨਤਾ ਅਕਾਲੀਆਂ ਦਾ ਪਿਛੋਕੜ ਦੇਖ ਕੇ ਆਪਣਾ ਮਨ ਬਣਾਵੇਗੀ ਕਿ ਇਸ ਵਾਰ ਮੌਕਾ ਦਿੱਤਾ ਜਾਵੇ ਤਾਂ ਕਿਉਂ ਦਿੱਤਾ ਜਾਵੇ। ਜੇਕਰ ਹੋਰ ਮੌਕਾ ਨਹੀਂ ਦੇਣਾ ਤਾਂ ਕਿਉਂ ਨਾ ਦਿੱਤਾ ਜਾਵੇ। ਸੁਖਬੀਰ ਬਾਦਲ ਨੂੰ ਇਸ ਕਰਕੇ ਵੀ ਇਸ ਵਾਰ ਜ਼ਿਆਦਾ ਮਿਹਨਤ ਕਰਨੀ ਪਵੇਗੀ, ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਸਿਹਤ ਕਰਕੇ ਸਰਗਰਮ ਨਹੀਂ ਹੋ ਸਕਣਗੇ। ਅਗਲੀ ਗੱਲ ਸੁਖਬੀਰ ਬਾਦਲ ਨੂੰ ਇਹ ਨਮੋਸ਼ੀ ਵੀ ਮਾਰ ਰਹੀ ਹੈ ਕਿ ਉਹ ਪੰਜਾਬ ਵਿੱਚ ਪਿਛਲੀਆਂ ਚੋਣਾਂ ਤੋਂ ਤੀਜੇ ਨੰਬਰ ’ਤੇ ਹੈ। ਫਿਰ ਵੀ ਸਭ ਕਾਸੇ ਦੀ ਮਾਲਕ ਸਮੁੱਚੀ ਜਨਤਾ ਹੈ, ਜਿਸ ਨੇ ਰਾਜ ਤਿਲਕ ਲਗਾਉਣਾ ਹੈ।
ਕਹਿਣ ਨੂੰ ਤਾਂ ਭਾਜਪਾ ਵੀ ਕਿਸੇ ਦੀ ਨੂੰਹ-ਧੀ ਤੋਂ ਪਿੱਛੇ ਨਹੀਂ। ਉਹ ਵੀ ਪੰਜਾਬ ਵਿੱਚ 117 ਸੀਟਾਂ ’ਤੇ ਲੜਨ ਦੀ ਗੱਲ ਕਰਕੇ ਆਪਣੀ ਸਰਕਾਰ ਬਣਾਉਣ ਦੀ ਗੱਲ ਕਰ ਰਹੀ ਹੈ। ਉਨ੍ਹਾਂ ਨੂੰ ਜਨਤਾ ’ਤੇ ਭਰੋਸਾ ਹੈ ਅਤੇ ਲੁਕਵੀਂ ਵੋਟ ਪੈਣ ਦੀ ਆਸ ਹੈ। ਉਹ ਅਕਾਲੀਆਂ ਨਾਲ ਕੁਲੀਸ਼ਨ ਸਮੇਂ ਦੇ ਚੰਗੇ ਕੰਮ ਵੀ ਆਪਣੇ ਖਾਤੇ ਵਿੱਚ ਪਾ ਰਹੇ ਹਨ। ਸਮੇਂ-ਸਮੇਂ ਸੈਂਟਰ ਵੱਲੋਂ ਦਿੱਤੀਆਂ ਸਹੂਲਤਾਂ ਵੀ ਆਪਣੇ ਖਾਤੇ ਵਿੱਚ ਰੱਖ ਰਹੀ ਹੈ। ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਪੰਜਾਬ ਵਿੱਚ ਕੀ ਗੁੱਲ ਖਿੜਾਉਂਦਾ ਹੈ, ਇਹ ਤਾਂ ਚੋਣ ਨਤੀਜਾ ਹੀ ਦੱਸੇਗਾ।
“ਇਸ ਵਾਰ ਨਹੀਂ ਤਾਂ ਕਦੇ ਨਹੀਂ’” ਦੇ ਨਾਅਰੇ ਹੇਠ ਪੰਜਾਬ ਦੀ ਚੌਥੀ “ਆਪ” ਪਾਰਟੀ ਆਪਣੇ ਪੂਰੇ ਲਾਮ-ਲਸ਼ਕਰ ਨਾਲ ਆਉਂਦੀਆਂ ਚੋਣਾਂ ਵਿੱਚ ਹਮਲਾਵਰ ਹੈ। ਇਸ ਵਾਰ ਉਹ ਫੂਕ-ਫੂਕ ਆਪਣਾ ਕਦਮ ਰੱਖ ਰਹੀ ਹੈ। ਪੰਜਾਬ ਦੇ ਹਰ ਮਸਲੇ ’ਤੇ ਆਪਣੀ ਸਰਗਰਮੀ ਦਿਖਾ ਰਹੀ ਹੈ। ਜੇਕਰ ਇਹ ਪਾਰਟੀ ਪੰਜਾਬ ਵਿੱਚੋਂ ਮੁੱਖ ਮੰਤਰੀ ਦਾ ਚਿਹਰਾ ਜੋ ਲਗਭਗ ਸਭ ਨੂੰ ਪ੍ਰਵਾਨਤ ਹੋਵੇ, ਦੇਣ ਵਿੱਚ ਕਾਮਯਾਬ ਹੋ ਗਈ ਤਾਂ ਨਤੀਜੇ ਪਿਛਲੀ ਵਾਰੀ ਨਾਲੋਂ ਚੋਖੇ ਅਲੱਗ ਹੋਣਗੇ। ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਚਿਹਰਾ ਐਲਾਨਣ ਵਿੱਚ ਦੇਰੀ ਪਾਰਟੀ ਦਾ ਦਿਨੋ-ਦਿਨ ਨੁਕਸਾਨ ਕਰਾ ਰਹੀ ਹੈ। ਇਸ ਪਾਰਟੀ ਨੂੰ ਵੀ ਦੂਜੀਆਂ ਪਾਰਟੀਆਂ ਵਿੱਚੋਂ ਆਏ ਚਿਹਰਿਆਂ ਨੂੰ ਟਿਕਟ ਦੇਣ ਵਿੱਚ ਸੰਕੋਚ ਕਰਨਾ ਹੋਵੇਗਾ। ਇਮਾਨਦਾਰ ਅਤੇ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣਾ ਪਵੇਗਾ। ਅੱਜ ਦੇ ਦਿਨ ਪੰਜਾਬ ਵਿੱਚ ਵੱਖ-ਵੱਖ ਚੋਣ ਸਰਵਿਆਂ ਅਨੁਸਾਰ ਕਾਂਗਰਸ ਅਤੇ “ਆਪ” ਦਾ ਬਹੁਤ ਫਸਵਾਂ ਯੁੱਧ ਹੋਣ ਵਾਲਾ ਹੈ, ਪਰ ਫਿਰ ਵੀ ਸਮਾਂ ਅਜੇ ਕਾਫ਼ੀ ਹੈ। ਕਿਸੇ ਸਮੇਂ ਕੁਝ ਵੀ ਵਾਪਰ ਸਕਦਾ ਹੈ। ਸਮੇਂ-ਸਮੇਂ ਚੋਣ ਸਰਵੇ ਵੀ ਹੇਠਾਂ-ਉੱਤੇ ਹੋ ਸਕਦੇ ਹਨ। ਕਿੰਨਾ ਚੰਗਾ ਹੋਵੇ ਜੇਕਰ 2022 ਦੀਆਂ ਪੰਜਾਬ ਚੋਣਾਂ, ਪੰਜਾਬ ਦੇ ਭਖਦੇ ਮੁੱਦਿਆਂ ’ਤੇ ਹੋਣ, ਜਿਸ ਵਿੱਚ ਸਿਹਤ, ਸਿੱਖਿਆ, ਬੇਰੁਜ਼ਗਾਰੀ, ਮਹਿੰਗਾਈ, ਆਪਸੀ ਭਾਈਚਾਰਾ, ਲਾਅ ਐਂਡ ਆਰਡਰ ਮੁੱਖ ਰੂਪ ਵਿੱਚ ਮੁੱਦੇ ਹੋਣ। ਅਖੀਰ ਜਨਤਾ ਕਿਸ ’ਤੇ ਅਤੇ ਕਿਉਂ ਭਰੋਸਾ ਕਰਦੀ ਹੈ, ਇਹ ਸਭ ਚੋਣ ਨਤੀਜੇ ਹੀ ਦੱਸਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2968)
(ਸਰੋਕਾਰ ਨਾਲ ਸੰਪਰਕ ਲਈ: