“ਇਹ ਸੱਚ ਹੈ ਕਿ ਇਸ ਵਕਤ ਬਹੁਤਿਆਂ ਦੀਆਂ ਨਜ਼ਰਾਂ ਚੰਨੀ-ਸਿੱਧੂ ਦੀ ਜੋੜੀ ਵੱਲ ...”
(3 ਅਕਤੂਬਰ 2021)
ਆਖ਼ਰ ਬੀਤੇ ਦਿਨ ਜਾਣੇ-ਅਣਜਾਣੇ ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਇੱਕ ਫੋਨ ਕਾਲ ’ਤੇ ਪਟਿਆਲੇ ਤੋਂ ਚੰਡੀਗੜ੍ਹ ਪਹੁੰਚ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਇਹ ਮੰਨ ਲਿਆ ਕੇ ਜਮਹੂਰੀਅਤ ਵਿੱਚ ਇੱਕ ਸੂਬੇ ਦਾ ਚੁਣਿਆ ਹੋਇਆ ਮੁੱਖ ਮੰਤਰੀ ਸੁਪਰੀਮ ਹੁੰਦਾ ਹੈ। ਉਹ ਚੱਲ ਰਹੀ ਸਰਕਾਰ ਦਾ ਮੁਖੀ ਹੁੰਦਾ ਹੈ। ਇਸ ਕਰਕੇ ਉਹ ਜਿਵੇਂ ਪ੍ਰਦੇਸ਼ ਦਾ, ਪਾਰਟੀ ਪ੍ਰਧਾਨ ਪਾਰਟੀ ਵਿੱਚ ਸੁਪਰੀਮ ਹੁੰਦਾ ਹੈ। ਫ਼ੈਸਲੇ ਦਾ ਕੀ ਬਣਿਆ, ਮੀਟਿੰਗ ਵਿੱਚ ਕੀ ਹੋਇਆ ਇਹ ਅਲੱਗ ਗੱਲ ਹੈ। ਉਂਜ ਦੋਹਾਂ ਵਿੱਚੋਂ ਇੱਕ ਸਰਕਾਰ ਦਾ ਮੁਖੀ ਹੈ, ਦੂਜਾ ਪਾਰਟੀ ਦਾ ਮੁਖੀ ਹੈ।
ਅਚਾਨਕ ਸਿੱਧੂ ਦੇ ਪ੍ਰਧਾਨਗੀ ਅਸਤੀਫੇ ਨੇ ਇੱਕ-ਦਮ ਚਾਰੇ ਪਾਸੇ ਹਾਹਾਕਾਰ ਮਚਾ ਦਿੱਤੀ। ਕੋਈ ਕੁਝ ਬੋਲਣ ਲੱਗਾ, ਕੋਈ ਕੁਝ। ਕੋਈ ਸਿੱਧੂ ਦੇ ਹੱਕ ਵਿੱਚ ਭੁਗਤ ਰਿਹਾ ਹੈ, ਕੋਈ ਉਸ ਦੇ ਖ਼ਿਲਾਫ ਬੋਲ ਕੇ ਆਪਣੀ ਭੜਾਸ ਕੱਢ ਰਿਹਾ ਹੈ। ਪਰ ਅਜੇ ਤਕ ਸਿੱਧੂ ਦੇ ਖ਼ਿਲਾਫ਼ ਬੋਲਣ ਵਾਲੇ ਇਹ ਦੱਸਣ ਵਿੱਚ ਅਸਮਰੱਥ ਹਨ ਕਿ ਸਿੱਧੂ ਨੇ ਕਿਹੜਾ ਮੁੱਦਾ ਗ਼ਲਤ ਉਠਾਇਆ ਹੈ? ਕੀ ਦਾਗ਼ੀ ਅਫਸਰਾਂ ਅਤੇ ਵਜ਼ੀਰਾਂ ਖਿਲਾਫ਼ ਅਵਾਜ਼ ਚੁੱਕਣੀ ਗ਼ਲਤ ਕੰਮ ਹੈ? ਜਦੋਂ ਤੁਸੀਂ ਜਨਤਾ ਨੂੰ ਸਵੱਛ ਰਾਜ ਦੇਣ ਦਾ ਵਾਅਦਾ ਕਰਦੇ ਹੋ ਤਾਂ ਫਿਰ ਅਜਿਹੇ ਦਾਗ਼ੀਆਂ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਨਹੀਂ ਬਣਦਾ?
ਸਿੱਧੂ ਨੇ ਹਿੱਕ ਵਜਾ ਕੇ ਆਖਿਆ ਹੈ ਕਿ ਮੈਂ ਨਾ ਹਾਈ ਕਮਾਂਡ ਨੂੰ ਗੁਮਰਾਹ ਕਰਾਂਗਾ, ਨਾ ਹੀ ਗੁਮਰਾਹ ਹੋਣ ਦਿਆਂਗਾ। ਜਿਸ ਦਲੇਰੀ ਨਾਲ ਉਸ ਨੇ ਬੇਇਨਸਾਫ਼ੀ ਖਿਲਾਫ਼ ਆਪਣਾ ਅਹੁਦਾ ਤਿਆਗਿਆ ਹੈ, ਕੋਈ ਮੁਕਾਬਲੇ ਵਿੱਚ ਕਰਕੇ ਵਿਖਾਵੇ ਤਾਂ ਹੀ ਉਸ ਨੂੰ ਜਾਣਿਆ ਜਾ ਸਕਦਾ ਹੈ। ਜ਼ਿਆਦਾ ਅਤੇ ਹੋਰ ਠੀਕ ਰਹਿੰਦਾ ਜੇਕਰ ਸਿੱਧੂ ਪਹਿਲਾਂ ਆਪਣੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆਉਂਦਾ, ਫਿਰ ਬਾਅਦ ਵਿੱਚ ਅਜਿਹਾ ਕਦਮ ਚੁੱਕਦਾ। ਇਹ ਠੀਕ ਹੈ ਕਿ ਉਸ ਵਿੱਚ ਕਾਹਲਾਪਨ ਹੈ, ਜੋ ਹਮੇਸ਼ਾ ਸਹੀ ਸੁਨੇਹਾ ਜਨਤਾ ਤਕ ਪਹੁੰਚਾਉਣ ਵਿੱਚ ਦੇਰੀ ਕਰਦਾ ਹੈ। ਇਸ ਕਰਕੇ ਕਈ ਕਰੀਬੀ ਪਹਿਲੀ ਸਟੇਜ ਵਿੱਚ ਹੀ ਗੁਮਰਾਹ ਹੋ ਜਾਂਦੇ ਹਨ, ਜੋ ਸਾਰਥੀ ਬਣਨ ਵਿੱਚ ਬਹੁਤ ਪਛੜ ਜਾਂਦੇ ਹਨ।
ਜ਼ਖਮੀ ਬੁੱਢਾ ਸ਼ੇਰ ਅੱਜ-ਕੱਲ੍ਹ ਕਾਫੀ ਦਹਾੜ ਰਿਹਾ ਹੈ। ਉਸ ਦੇ ਦਹਾੜਣ ਤੋਂ ਸਭ ਜਾਣੂ ਹਨ। ਜਦ ਮੌਜੂਦਾ ਹਾਈ ਕਮਾਂਡ ਨੂੰ ਪੂਰਾ ਭਰੋਸਾ ਹੋ ਗਿਆ ਕਿ ਅਸੀਂ 2022 ਦੀਆਂ ਚੋਣਾਂ ਅਮਰਿੰਦਰ ਸਿੰਘ ਦੀ ਦੇਖ-ਰੇਖ ਹੇਠ ਨਹੀਂ ਜਿੱਤ ਸਕਦੇ ਤਾਂ ਉਹਨਾਂ ਉਸ ਦਾ ਬਦਲ ਲੱਭਿਆ। ਬਦਲ ਵਜੋਂ ਅੱਜ-ਕੱਲ੍ਹ ਸਭ ਦੇ ਸਾਹਮਣੇ ਜ਼ਿਆਦਾ ਪੜ੍ਹਿਆ-ਲਿਖਿਆ ਅਤੇ ਇਮਾਨਦਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਵਿੱਚ ਕੋਈ ਦਮ ਨਹੀਂ ਕਿ ਅੱਜਕੱਲ੍ਹ ਸਿੱਧੂ ਕਰਕੇ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ। ਕੀ ਅਮਰਿੰਦਰ ਦੇ ਕੁਰਸੀ ਤੋਂ ਲਹਿੰਦਿਆਂ ਹੀ ਖਤਰਾ ਹੋ ਗਿਆ? ਕੀ ਸਰਹੱਦਾਂ ’ਤੇ ਸਾਡੇ ਨੌਜਵਾਨ ਅਮਰਿੰਦਰ ਦੇ ਮੁੱਖ ਮੰਤਰੀ ਪਦ ਤੋਂ ਹਟਦਿਆਂ ਹੀ ਕਮਜ਼ੋਰ ਅਤੇ ਪ੍ਰਭਾਵਹੀਣ ਹੋ ਗਏ ਹਨ? ਕੀ ਪਾਕਿ ਜੇਕਰ ਕੋਈ ਹਰਕਤ ਨਹੀਂ ਕਰ ਰਿਹਾ ਸੀ, ਉਹਨਾਂ ਨੂੰ ਅਮਰਿੰਦਰ ਦਾ ਡਰ ਖਾ ਰਿਹਾ ਸੀ? ਕੀ ਅਮਰਿੰਦਰ ਦੇ ਪਾਕਿਸਤਾਨ ਨਾਲ ਅੱਛੇ ਸੰਬੰਧਾਂ ਕਰਕੇ ਪੰਜਾਬ ਸੇਫ ਰਿਹਾ? ਕੀ ਅਮਰਿੰਦਰ ਦੇ ਕੁਰਸੀ ਛੱਡਦਿਆਂ ਹੀ, ਸਿੱਧੂ ਦੇ ਪਾਰਟੀ ਪ੍ਰਧਾਨ ਬਣਦਿਆਂ ਹੀ ਪੰਜਾਬ ਸੂਬਾ ਪਾਕਿਸਤਾਨ ਦੀ ਹਿੱਟ ਲਿਸਟ ’ਤੇ ਆ ਗਿਆ? ਅਜਿਹਾ ਕੁਝ ਨਹੀਂ, ਨਾ ਹੀ ਖਾਸ ਕਰ ਸਿੱਧੂ ਕਰਕੇ ਵਾਪਰਨ ਵਾਲਾ ਹੈ।
ਅਮਰਿੰਦਰ ਸਿੰਘ ’ਤੇ ਇਹ ਦੋਸ਼ ਹੈ ਕਿ ਉਹ ਭਾਜਪਾ ਦੇ ਨੇੜੇ ਹੈ। ਇਹ ਸਭ ਦੋਸ਼ ਜਦੋਂ ਉਹ ਸੀ ਐੱਮ ਦੀ ਗੱਦੀ ’ਤੇ ਸੀ, ਉਦੋਂ ਤੋਂ ਲੱਗ ਰਹੇ ਹਨ। ਅਮਰਿੰਦਰ ਦੇ ਲੜਕੇ ਉੱਤੇ ਅਤੇ ਜਵਾਈ ਉੱਤੇ, ਸਣੇ ਪ੍ਰਨੀਤ ਕੌਰ ਈ ਡੀ ਦਾ ਕੇਸ ਪੈਂਡਿੰਗ ਹੈ। ਉਨ੍ਹਾਂ ਨੂੰ ਬਚਾਉਣ ਲਈ ਭਾਜਪਾ ਦੀ ਨੇੜਤਾ ਜ਼ਰੂਰੀ ਸੀ। ਇਹਨਾਂ ਦਿਨਾਂ ਦੀਆਂ ਰਾਜੇ ਦੀਆਂ ਸਰਗਰਮੀਆਂ ਨੇ ਰਾਜੇ ਦੀਆਂ ਭਾਜਪਾ ਨਾਲ ਹੋਈਆਂ ਮੁਲਾਕਾਤਾਂ ਨੇ ਇਸ ’ਤੇ ਸਹੀ ਪਾ ਦਿੱਤੀ ਹੈ। ਭਾਵੇਂ ਹੁਣ ਤਕ ਦਾ ਰਾਜੇ ਦਾ ਬਿਆਨ ਇਹੀ ਹੈ ਕਿ ‘ਕਾਂਗਰਸ ਵਿੱਚ ਰਹਿਣਾ ਨਹੀਂ, ਭਾਜਪਾ ਵਿੱਚ ਜਾਣਾ ਨਹੀਂ।’ ਅਗਰ ਡੂੰਘੀ ਨੀਝ ਨਾਲ ਦੇਖਿਆ ਜਾਵੇ ਤਾਂ ਵਾਕਿਆਤ ਨੇ ਸਿੱਧ ਕਰ ਦਿੱਤਾ ਕਿ ਅਖੀਰ ਰਾਜੇ ਅਮਰਿੰਦਰ ਸਿੰਘ ਦੇ ਨਾਨਕੇ ਭਾਜਪਾ ਘਰ ਹੀ ਨਿਕਲੇ ਹਨ।
ਇਹ ਸਤਰਾਂ ਲਿਖਣ ਤੋਂ ਪਹਿਲਾਂ ਇਹ ਖ਼ਬਰਾਂ ਜ਼ੋਰਾਂ ’ਤੇ ਸਨ ਕਿ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰਨ ਦਾ ਮਨ ਬਣਾ ਲਿਆ ਹੈ, ਜਿਸ ਕਰਕੇ ਉਹਨਾਂ ਨਵੇਂ ਪ੍ਰਧਾਨ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਨਵੀਂ ਭਾਲ ਵਿੱਚ ਜਿਹੜੇ ਨਾਂਵਾਂ ਨਾਲ ਬਜ਼ਾਰ ਗਰਮ ਰਿਹਾ, ਉਹਨਾਂ ਵਿੱਚ ਨਾਗਰਾ, ਬਿੱਟੂ, ਜਾਖੜ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਨਾਂਅ ਵੀ ਚਰਚਾ ਵਿੱਚ ਰਿਹਾ। ਇਹ ਖ਼ਬਰਾਂ ਵੀ ਆਈਆਂ ਕਿ ਰਾਜਾ ਅਮਰਿੰਦਰ ਨੇ ਸ਼ਾਹ ਆਦਿ ਨਾਲ ਮਿਲ ਕੇ ਪ੍ਰਨੀਤ ਕੌਰ ਦੇ ਭਵਿੱਖ ’ਤੇ ਚਲਾਈ ਕੁਹਾੜੀ। ਇਹ ਅਫ਼ਵਾਹ ਵੀ ਅੱਗ ਵਾਂਗ ਫੈਲਾਈ ਜਾ ਰਹੀ ਹੈ ਕਿ ਪੰਜਾਬ ਰਾਸ਼ਟਰਪਤੀ ਰਾਜ ਵੱਲ ਵਧ ਰਿਹਾ ਹੈ।
ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਕਾਂਗਰਸ ਹਾਈ ਕਮਾਨ ਨੇ ਪੰਜਾਬ ਦੇ ਇੰਚਾਰਜ ਨੂੰ ਬਦਲ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਨਾ-ਮਨਜ਼ੂਰ ਕਰ ਦਿੱਤਾ ਹੈ। ਇੱਕ ਤਾਲਮੇਲ ਕਮੇਟੀ ਬਣਾਉਣ ਦੀ ਗੱਲ ਹੋ ਰਹੀ ਹੈ। ਅਜਿਹੇ ਵਿੱਚ ਲੱਗਦਾ ਹੈ ਕਿ ਸਭ ਕੁਝ ਠੀਕ ਕਰ ਲਿਆ ਜਾਵੇਗਾ। ਹਾਈ ਕਮਾਂਡ ਨੂੰ ਰਾਜੇ ਅਮਰਿੰਦਰ ਸਿੰਘ ਅਤੇ ਜੀ-23 ਗਰੁੱਪ ਵੱਲੋਂ ਜਿਸ ਵਿੱਚ ਬੁੱਢੇ ਤੇ ਸੀਨੀਅਰ ਨੇਤਾ ਸ਼ਾਮਲ ਹਨ, ਹੋਰ ਕੋਈ ਚੈਲੰਜ ਨਹੀਂ ਕਰ ਰਿਹਾ ਹੈ। ਗਰੁੱਪ-23 ਦੇ ਕਹਿਣ ’ਤੇ ਮੈਡਮ ਸੋਨੀਆ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਦਾ ਮਨ ਬਣਾ ਲਿਆ ਹੈ। ਗ਼ੈਰ-ਜ਼ਰੂਰੀ ਬੋਲਣ ਵਾਲਿਆਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇਗਾ। ਬਾਕੀਆਂ ਕੋਲੋਂ ਉਹਨਾਂ ਦੀਆਂ ਸਰਗਰਮੀਆਂ ਦਾ ਹਿਸਾਬ ਮੰਗਿਆ ਜਾਵੇਗਾ। ਆਖ਼ਰ ਕੀ ਹੋਵੇਗਾ, ਆਉਣ ਵਾਲੇ ਸਮੇਂ ਵਿੱਚ ਸਭ ਦੇ ਸਾਹਮਣੇ ਆ ਜਾਵੇਗਾ।
ਇਸ ਵਕਤ ਪੰਜੇ ਦੀਆਂ ਸਾਰੀਆਂ ਉਂਗਲਾਂ ਆਪੋ-ਆਪਣੀ ਜਗ੍ਹਾ ਆਕੜੀਆਂ ਪਈਆਂ ਹਨ। ਉਂਗਲਾਂ ਅਤੇ ਉਹਨਾਂ ਦੇ ਪੋਟਿਆਂ ਦੀ ਆਕੜ ਕਾਰਨ ਪੰਜੇ ਕੋਲੋਂ ਆਪਣੀ ਮੁੱਠ ਮੀਟੀ ਨਹੀਂ ਜਾ ਰਹੀ। ਜਦ ਤਕ ਮੁੱਠ ਨਹੀਂ ਬਣੇਗੀ, ਭਾਵ ਉਂਗਲਾਂ ਇਕੱਠੀਆਂ ਨਹੀਂ ਹੋਣਗੀਆਂ, ਉਦੋਂ ਤਕ ਮਜ਼ਬੂਤ ਸੰਗਠਨ ਨਹੀਂ ਬਣੇਗਾ। ਸੰਗਠਨ ਬਣਦੇ ਸਾਰ ਹੀ ਸਭ ਸਰਗਰਮੀਆਂ ਆਪਣੇ-ਆਪ ਤੇਜ਼ ਹੋ ਜਾਣਗੀਆਂ। ਇਸ ਵਕਤ ਪੰਜਾਬ ਦਾ ਮੁੱਖ ਮੰਤਰੀ ਜਿਸ ਤਰ੍ਹਾਂ ਸੋਚ-ਸੋਚ ਕੇ ਆਪਣੇ ਕਦਮ ਪੁੱਟ ਕੇ ਅਗਾਂਹ ਵਧ ਰਿਹਾ ਹੈ ਅਤੇ ਨਵੇਂ ਗਰੀਬ ਪੱਖੀ ਐਲਾਨ ਕਰ ਰਿਹਾ, ਉਹ ਆਪਣੇ-ਆਪ ਵਿੱਚ ਇੱਕ ਮਿਸਾਲ ਹੈ। ਇਹ ਸੱਚ ਹੈ ਕਿ ਇਸ ਵਕਤ ਬਹੁਤਿਆਂ ਦੀਆਂ ਨਜ਼ਰਾਂ ਚੰਨੀ-ਸਿੱਧੂ ਦੀ ਜੋੜੀ ਵੱਲ ਲੱਗੀਆਂ ਹੋਈਆਂ ਹਨ। ਜੇਕਰ ਸਭ ਧਿਰਾਂ ਨੇ ਆਪੋ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਇੱਕ ਮੁੱਠੀ ਦੀ ਸ਼ਕਲ ਇਖਤਿਆਰ ਕਰ ਲਈ ਤਾਂ ਸਮਝ ਲੈਣਾ ਕਿ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਅੱਜ ਦੇ ਦਿਨ ਕਾਂਗਰਸ ਦੇ ਅੰਦਰੂਨੀ ਕਲੇਸ਼ ਕਰਕੇ ‘ਆਪ’, ‘ਭਾਜਪਾ’, ‘ਅਕਾਲੀ ਪਾਰਟੀ’ ਆਦਿ ਦੀਆਂ ਵਾਛਾਂ ਖਿੜੀਆਂ ਹੋਈਆਂ ਹਨ। ਇਸ ਕਰਕੇ ਅੱਜ ਦੇ ਦਿਨ ਹਰ ਉਂਗਲ ਨੂੰ ਆਪਣੇ ਆਪ ਵਿੱਚ ਇੰਨੀ ਲਚਕ ਦਿਖਾਉਣੀ ਪਵੇਗੀ, ਤਾਂ ਕਿ ਅਸਾਨੀ ਨਾਲ ਅਲੱਗ-ਅਲੱਗ ਉਂਗਲਾਂ ਇੱਕ ਮਜ਼ਬੂਤ ਮੁੱਠੀ ਦੀ ਸ਼ਕਲ ਇਖਤਿਆਰ ਕਰ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3054)
(ਸਰੋਕਾਰ ਨਾਲ ਸੰਪਰਕ ਲਈ: