“ਇੱਕੋ ਸਮੇਂ ਇੱਕ ਦੁਸ਼ਮਣ ਦੇ ਖ਼ਿਲਾਫ਼ ਇੱਕ ਹੋ ਕੇ ਲੜਨਾ ਹੈ। ਅਰਜਨ ਵਾਂਗ ਮੱਛੀ ਦੀ ਅੱਖ ਵਿੱਚ ਤੀਰ ...”
(24 ਅਕਤੂਬਰ 2023)
ਕਹਿਣ ਨੂੰ ਦੇਵੀ-ਦੇਵਤਿਆਂ, ਰਿਸ਼ੀਆਂ-ਮੁਨੀਆਂ ਅਤੇ ਗੁਰੂਆਂ ਪੀਰਾਂ ਦੀ ਧਰਤੀ ’ਤੇ ਅਜੋਕਾ ਇੰਡੀਆ ਜਾਂ ਭਾਰਤ ਫੈਲਿਆ ਹੋਇਆ ਹੈ। ਗਹੁ ਨਾਲ ਵਾਚਣ ’ਤੇ ਪਤਾ ਲਗਦਾ ਹੈ ਕਿ ਜਿਹੜੇ ਅਣਗਿਣਤ ਦੇਵੀ-ਦੇਵਤੇ ਅਤੇ ਵੱਖ-ਵੱਖ ਵਰਗਾਂ ਦੇ ਗੁਰੂ ਸਾਹਿਬਾਨ ਹਨ ਜਾਂ ਤਾਂ ਉਨ੍ਹਾਂ ਦੀ ਚੱਲਦੀ ਨਹੀਂ ਜਾਂ ਉਹ ਸੱਚੀਂ-ਮੁੱਚੀਂ ਕੋਈ ਦਖ਼ਲ ਨਹੀਂ ਦੇਣਾ ਚਾਹੁੰਦੇ, ਜਾਂ ਉਨ੍ਹਾਂ ਨੂੰ ਮੰਨਣ ਵਾਲਿਆਂ ਦਾ ਦੋਹਰਾ ਕਿਰਦਾਰ ਹੈ। ਜਿਵੇਂ ਵੱਡੇ ਜਾਨਵਰ ਹਾਥੀ ਬਾਰੇ ਪ੍ਰਚਲਤ ਹੈ ਕਿ ਉਸ ਦੇ ਖਾਣ ਵਾਲੇ ਦੰਦ ਹੋਰ ਹੁੰਦੇ ਹਨ ਅਤੇ ਦਿਖਾਉਣ ਵਾਲੇ ਹੋਰ, ਕੋਈ ਨੇਤਾਵਾਂ ਨੂੰ ਬੇਈਮਾਨ ਆਖ ਰਿਹਾ ਹੈ। ਕੋਈ ਕਾਨੂੰਨ ਬਣਾਉਣ ਵਾਲਿਆਂ ਉੱਤੇ ਉਂਗਲੀ ਚੁੱਕ ਰਿਹਾ ਹੈ, ਕੋਈ ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ’ਤੇ ਸਵਾਲ ਉਠਾ ਰਿਹਾ ਹੈ। ਹੋਰ ਤਾਂ ਹੋਰ ਕੋਈ ਅਦਾਲਤੀ ਫੈਸਲਿਆਂ ਤੋਂ ਨਾ-ਖੁਸ਼ ਹੈ।
ਜਿਵੇਂ ਭਾਰਤ ਦੇ ਸੰਵਿਧਾਨ ਬਣਾਉਣ ਵਾਲਿਆਂ ਨੇ ਸੰਸਾਰ ਦੇ ਚੰਗੇ ਸੰਵਿਧਾਨਾਂ ਦਾ ਅਧਿਐਨ ਕਰਕੇ, ਸਭ ਸੰਵਿਧਾਨਾਂ ਦੀਆਂ ਚੰਗੀਆਂ ਗੱਲਾਂ ਲੈ ਕੇ ਭਾਰਤੀ ਸੰਵਿਧਾਨ ਨੂੰ ਲੰਬੀਆਂ-ਛੋਟੀਆਂ ਬਹਿਸਾਂ ਤੋਂ ਬਾਅਦ ਤਿਆਰ ਕੀਤਾ ਸੀ, ਅੱਜ ਉਹ ਸੰਵਿਧਾਨ ਜਿਓਂ ਤਾਂ ਤਿਓਂ ਨਹੀਂ ਹੈ। ਉਸ ਵਿੱਚ ਕਈ ਦਰਜਨਾਂ ਸੋਧਾਂ ਤੋਂ ਬਾਅਦ ਦੇਖਣ ’ਤੇ ਅਜੋਕਾ ਸੰਵਿਧਾਨ ਜ਼ਖ਼ਮੀ ਹੋਇਆ ਲਗਦਾ ਹੈ। ਇਹ ਗੱਲ ਠੀਕ ਹੈ ਕਿ ਸੋਧਾਂ ਸਮੇਂ ਅਤੇ ਲੋੜ ਮੁਤਾਬਕ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ ਕਈ ਵਾਰ ਰਾਜ ਕਰਦੀਆਂ ਪਾਰਟੀਆਂ ਨੇ ਸੋਧਾਂ ਦੇ ਬਹਾਨੇ ਅਜੋਕੇ ਸੰਵਿਧਾਨ ਨਾਲ ਧੱਕਾ ਕੀਤਾ ਹੈ। ਸੰਵਿਧਾਨ ਘਾੜਿਆਂ ਨੇ ਅਜੋਕਾ ਸੰਵਿਧਾਨ ਬਣਾ ਕੇ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਇਸ ਨੂੰ ਚਾਰ ਥੰਮ੍ਹਾਂ ਜਾਂ ਪਾਵਿਆਂ ’ਤੇ ਖੜ੍ਹਾ ਕੀਤਾ ਸੀ। ਉਹ ਇਸ ਕਰਕੇ ਕਿ ਸੰਵਿਧਾਨ ਆਪਣੇ ਅਸੂਲਾਂ ’ਤੇ ਸਥਿਰ ਰਹੇ। ਉਹ ਤਾਂ ਹੀ ਰਹੇਗਾ ਜੇਕਰ ਚਾਰੇ ਪਾਵੇ ਆਪੋ-ਆਪਣੇ ਸਥਾਨ ’ਤੇ ਸਥਿਰ ਰਹਿਣ, ਪਾਵਿਆਂ ਨੂੰ ਸਿਉਂਕ ਨਾ ਲੱਗਣ ਦਿੱਤੀ ਜਾਵੇ। ਚਾਰੇ ਪਾਵਿਆਂ ਦੀਆਂ ਚੂਲਾਂ ਢਿੱਲੀਆਂ ਨਾ ਹੋਣ ਦਿੱਤੀਆਂ ਜਾਣ, ਕੋਈ ਕਾਣ ਨਾ ਪੈਣ ਦਿੱਤੀ ਜਾਵੇ। ਸਾਰੇ ਪਾਵਿਆਂ ਜਾਂ ਥੰਮ੍ਹਾਂ, ਜਿਨ੍ਹਾਂ ’ਤੇ ਸਾਡਾ ਅਜੋਕਾ ਸੰਵਿਧਾਨ ਖੜ੍ਹਾ ਹੈ, ਉਨ੍ਹਾਂ ਪਾਵਿਆਂ ਦੀ ਸਮੇਂ-ਸਮੇਂ ਸਿਰ ਸਮੀਖਿਆ ਹੁੰਦੀ ਰਹੇ। ਕਿਸੇ ਪਾਵੇ ’ਤੇ ਘੱਟ ਅਤੇ ਕਿਸੇ ਪਾਵੇ ’ਤੇ ਵੱਧ ਭਾਰ ਨਾ ਵਧਾਇਆ ਜਾਵੇ। ਇਸ ਤਰ੍ਹਾਂ ਲਗਾਤਾਰ ਦੇਖਭਾਲ ਸਭ ਕੁਝ ਨੂੰ ਸਥਿਰ ਅਤੇ ਥਾਂ ਸਿਰ ਰੱਖੇਗੀ।
ਤੁਸੀਂ ਰੋਜ਼ਾਨਾ ਜੀਵਨ ਵਿੱਚ ਨੀਝ ਨਾਲ ਦੇਖੋਗੇ ਤਾਂ ਤੁਹਾਨੂੰ ਮਾਲੂਮ ਹੋਵੇਗਾ ਕਿ ਦੇਸ਼ ਜਾਂ ਦੁਨੀਆ ਵਿੱਚ ਹੋ ਕੁਝ ਹੋਰ ਰਿਹਾ ਹੈ, ਅਸੀਂ, ਭਾਵ ਸਰਕਾਰ ਦੱਸ ਕੁਝ ਹੋਰ ਰਹੀ ਹੁੰਦੀ ਹੈ। ਇਸਦੀ ਤੁਸੀਂ ਤਾਜ਼ਾ ਉਦਾਹਰਣ ਦੇਖ ਸਕਦੇ ਹੋ, ਪੜ੍ਹ ਸਕਦੇ ਹੋ, ਸੁਣ ਸਕਦੇ ਹੋ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਲਗਾਤਾਰ ਅਟਲ ਬਿਹਾਰੀ ਵਾਜਪਾਈ ਤਕ ਇੰਡੀਆ ਭਾਵ ਭਾਰਤਵਰਸ਼ ਫਲਸਤੀਨ ਨਾਲ ਖੜ੍ਹਾ ਦਿਖਾਈ ਦਿੰਦਾ ਸੀ। ਯਾਸਰ ਅਰਾਫਾਤ ਇੰਦਰਾ ਗਾਂਧੀ ਨੂੰ ਤਾਂ ਭੈਣ ਦਾ ਦਰਜਾ ਦਿੰਦਾ ਸੀ। ਉਸ ਵਕਤ ਸਮੁੱਚੀ ਜਨਤਾ ਵੀ ਸਰਕਾਰ ਜਾਂ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਨਾਲ ਖੜ੍ਹੀ ਦਿਖਾਈ ਦਿੰਦੀ ਸੀ। ਅੱਜ ਕੀ ਹੋ ਰਿਹਾ ਹੈ?
ਸਰਕਾਰ ਫਲਸਤੀਨ ਦੇ ਵਿਰੋਧ ਵਿੱਚ ਖੜ੍ਹੀ ਹੈ। ਪਰ ਇੰਡੀਆ ਜਾਂ ਭਾਰਤ ਦੀ ਜਨਤਾ ਫਲਸਤੀਨ ਦੇ ਹੱਕ ਵਿੱਚ ਆਪਣੇ ਵਿੱਤ ਅਨੁਸਾਰ ਖੜ੍ਹੀ ਹੈ ਅਤੇ ਮੁਜ਼ਾਹਰੇ ਕਰ ਰਹੀ ਹੈ। ਇਸ ਕਹਾਣੀ ਦੇ ਐਨ ਉਲਟ ਇਜ਼ਰਾਈਲ ਉਹ ਦੇਸ਼ ਹੈ ਜੋ ਗਊ ਦਾ ਮਾਸ ਖਾਂਦਾ ਹੈ। ਉਹ ਆਪਣੇ ਦੇਸ਼ ਵਿੱਚ ਮੂਰਤੀ ਪੂਜਾ ਵਿਰੋਧੀ ਹੈ। ਫਿਰ ਵੀ ਅੰਧ-ਭਗਤ ਪਤਾ ਨਹੀਂ ਕਿਉਂ ਇਜ਼ਰਾਈਲ ਭਗਤ ਬਣੇ ਹੋਏ ਹਨ? ਕਿਤੇ ਭਾਰਤ ਦੇ ਹਿੰਦੂ, ਜੋ ਬੁੱਚੜਖਾਨੇ ਚਲਾ ਰਹੇ ਹਨ, ਭਾਰਤੀ ਗਊਆਂ ਦਾ ਹੱਡ-ਮਾਸ ਉੱਥੇ ਤਾਂ ਨਹੀਂ ਭੇਜਣਾ ਚਾਹੁੰਦੇ? ਇਸੇ ਤਰ੍ਹਾਂ ਮਨੀਪੁਰ, ਜਿੱਥੇ ਸਭ ਕੁਝ ਨਾ ਸਹਿਣਯੋਗ ਅਤੇ ਨਾ ਦੇਖਣਯੋਗ ਵਰਤਾਰਾ ਵਰਤ ਰਿਹਾ ਹੈ, ਉੱਥੇ ਨਾ ਸਰਕਾਰ ਮਦਦ ਜਾਂ ਕਿਸੇ ਸਿਆਸੀ ਹੱਲ ਲਈ ਪਹੁੰਚ ਸਕੀ ਹੈ ਅਤੇ ਨਾ ਹੀ ਗੋਦੀ ਮੀਡੀਆ, ਜਿਹੜਾ ਫਲਸਤੀਨ ਦੇ ਖ਼ਿਲਾਫ਼ ਸੰਘ-ਪਾੜੂ ਪ੍ਰਚਾਰ ਵਿੱਚ ਰੁੱਝਿਆ ਹੋਇਆ ਹੈ, ਮਨੀਪੁਰ ਦੀ ਜਨਤਾ ਨਾਲ ਹਮਦਰਦੀ ਦਿਖਾ ਸਕਿਆ ਹੈ, ਜਿਸਦੀ ਉਹ ਹੱਕਦਾਰ ਸੀ ਅਤੇ ਹੈ।
ਉਪਰੋਕਤ ਫਲਸਤੀਨ ਅਤੇ ਮਨੀਪੁਰ ਦੀ ਉਦਾਹਰਣ ਦੇ ਕੇ ਅਸੀਂ ਤੁਹਾਨੂੰ ਛੋਟਾ ਜਿਹਾ ਟ੍ਰੇਲਰ ਦਿਖਾਇਆ ਹੈ। ਇਜ਼ਰਾਈਲ ਲਈ ਬਿਨਾਂ ਕਾਰਨ ਹੀ ਮਗਰਮੱਛ ਦੇ ਹੰਝੂ ਵਹਾਏ ਜਾ ਰਹੇ ਹਨ, ਜਿਵੇਂ ਭੂਆ ਦੇ ਪੁੱਤਾਂ ਉੱਪਰ ਹਮਲਾ ਹੋਇਆ ਹੋਵੇ। ਅਜੋਕੀ ਕੇਂਦਰ ਸਰਕਾਰ ਜਾਂ ਉਹ ਸੂਬਾ ਸਰਕਾਰਾਂ ਜਿਨ੍ਹਾਂ ਨੂੰ ਸੈਂਟਰ ਦੀ ਸ਼ਹਿ ਪ੍ਰਾਪਤ ਹੈ, ਸੂਬਿਆਂ, ਸ਼ਹਿਰਾਂ, ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਸਮੇਤ ਸੜਕੀ ਮਾਰਗਾਂ ਜਾਂ ਇਤਿਹਾਸਕ ਸੰਸਥਾਨਾਂ ਦੇ ਨਾਂਅ ਬਦਲਣ ਨੂੰ ਹੀ ਦੇਸ਼ ਦੀ ਡਿਵੈਲਪਮੈਂਟ ਸਮਝਦੇ ਹਨ। ਇਸ ਨਾਲ ਗਰੀਬ ਜਨਤਾ ਨੂੰ ਇੱਕ ਡੰਗ ਦੀ ਰੋਟੀ ਤਕ ਨਹੀਂ ਮਿਲਦੀ, ਪਰ ਅੰਧ-ਭਗਤ ਜ਼ਰੂਰ ਭੁੱਖੇ ਰਹਿ ਕੇ ਘੁਰਾੜੇ ਮਾਰਦੇ ਹੋ ਸਕਦੇ ਹਨ।
ਮੌਜੂਦਾ ਸਰਕਾਰ ਤੋਂ ਪਹਿਲਾਂ ਕਈ ਸਰਕਾਰਾਂ ਨੇ ਜਨਤਾ ਦੇ ਹਿਤਾਂ ਕਈ ਕਾਨੂੰਨ ਬਣਾਏ ਹੋਏ ਹਨ, ਜੋ ਅੱਜਕੱਲ੍ਹ ਮੌਜੂਦਾ ਸਰਕਾਰ ਦੀ ਮਿਹਰਬਾਨੀ ਕਰਕੇ ਆਪਣੇ ਅੰਤਲੇ ਸਾਹਾਂ ’ਤੇ ਚੱਲ ਰਹੇ ਹਨ। ਉਨ੍ਹਾਂ ਵਿੱਚੋਂ ਸੂਚਨਾ ਦਾ ਅਧਿਕਾਰ ਇੱਕ ਹੈ। ਇਸ ਨਾਲ ਸਰਕਾਰੀ ਕਰਮਚਾਰੀਆਂ ਵਿੱਚ ਡਰ ਦਾ ਮਾਹੌਲ ਬਣਦਾ ਹੈ, ਜਿਸ ਨਾਲ ਸਰਕਾਰ ਉਸ ਪੜ੍ਹਾਈ ਬਾਰੇ ਜੋ ਉਨ੍ਹਾਂ ਮੁਤਾਬਕ ਪਾਸ ਕੀਤੀ ਹੈ, ਸੂਚਨਾ ਮੰਗਣ ਤੇ ਮੁਦਈਆਂ ਨੂੰ ਝਾੜਾਂ ਪੈ ਚੁੱਕੀਆਂ ਹਨ। ਹੋ ਸਕਦਾ ਹੈ ਉਨ੍ਹਾਂ ਨੂੰ ਇਸ ਕਰਕੇ ਕਿਸੇ ਕੇਸ ਵਿੱਚ ਫਸਾ ਦਿੱਤਾ ਜਾਵੇ। ਇਸੇ ਤਰ੍ਹਾਂ ਮਨਰੇਗਾ ਦਾ ਹਾਲ ਹੋਇਆ ਪਿਆ ਹੈ, ਜਿਸ ਨਾਲ ਗਰੀਬ ਤੋਂ ਗਰੀਬ ਜਨਤਾ ਦੇ ਮੂੰਹ ਵਿੱਚ ਜਿਊਣ ਵਾਸਤੇ ਬੁਰਕੀ ਪੈਂਦੀ ਸੀ, ਉਹ ਵੀ ਅੱਜਕੱਲ੍ਹ ਹਾਸ਼ੀਏ ’ਤੇ ਹੋਈ ਫਿਰਦੀ ਹੈ।
ਸੋਸ਼ਲ ਮੀਡੀਆ ’ਤੇ ਜਨਤਾ ਪੋਸਟਾਂ ਪਾ ਕੇ ਪੁੱਛ ਰਹੀ ਹੈ ਕਿ ਵੱਡੇ ਸਾਹਿਬ ਹੁਣ ਵਾਲੇ ਅਹੁਦੇ ’ਤੇ ਬੈਠਣ ਤੋਂ ਪਹਿਲਾਂ, ਉਸ ਮੁਤਾਬਕ ਉਹ ਗਜ਼ਾ (ਮੰਗ ਕੇ) ਕਰਕੇ ਖਾਂਦੇ ਸਨ। ਅਚਾਨਕ ਲੱਖਾਂ ਦਾ ਸੂਟ, ਲੱਖਾਂ ਦੀਆਂ ਘੜੀਆਂ, ਐਨਕਾਂ ਅਤੇ ਹਜ਼ਾਰਾਂ ਦੇ ਪੈੱਨ ਅਤੇ ਸਵਾਰੀ ਵਾਸਤੇ ਕਰੋੜਾਂ ਦੇ ਜਹਾਜ਼ ਕਿੱਥੋਂ ਆ ਖੜ੍ਹੇ ਹੋਏ ਹਨ? ਇਸ ਵਾਸਤੇ ਨਾ ਸੀ ਬੀ ਆਈ, ਨਾ ਈ ਡੀ, ਨਾ ਹੋਰ ਕੋਈ ਏਜੰਸੀ ਸਵਾਲ ਪੁੱਛਣ ਜਾਂ ਕਰਨ ਨੂੰ ਤਿਆਰ ਹੈ। ਸੱਚ ਵਿੱਚ ਇਹ ਅਣਗਿਣਤ ਦੇਵੀ-ਦੇਵਤਿਆਂ ਅਤੇ ਰਿਸ਼ੀਆਂ-ਮੁਨੀਆਂ ਦਾ ਦੇਸ਼ ਹੋਣ ਕਰਕੇ ਅਨਪੜ੍ਹ ਅਤੇ ਸਜ਼ਾ ਜ਼ਾਬਤਾ ਸਰਕਾਰ ਦਾ ਹਿੱਸਾ ਹਨ। ਬੀ ਏ ਤੋਂ ਲੈ ਕੇ ਪੀ ਐੱਚ ਡੀ ਤਕ ਦਰਜਾ ਚਾਰ ਤਕ ਦੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਲਾਈਨ ਵਿੱਚ ਖੜ੍ਹੇ ਹੋ ਕੇ ਥਕਾਵਟ ਹੋਣ ’ਤੇ ਬੇਰੰਗ ਘਰ ਮੁੜ ਰਹੇ ਹਨ।
ਕਈ ਵਾਰ ਮਨ ਹੀ ਮਨ ਵਿੱਚ ਸੋਚੀਦਾ ਹੈ ਕਿ ਕੀ ਇਹ ਸੱਚਮੁੱਚ ਦੇ ਸੋਨੇ ਦੀ ਚਿੜੀਆ ਸੀ? ਫਿਰ ਸੁਣੀਦਾ ਹੈ ਕਿ ਇਹ ਦੇਸ਼ ਹਰ ਪੱਖੋਂ ਦੁਨੀਆ ਦੀ ਪੰਜਵੀਂ ਸ਼ਕਤੀ ਬਣ ਕੇ ਉੱਭਰਿਆ ਹੈ। ਕਈ ਵਾਰ ਸੁਰਖੀ ਹੁੰਦੀ ਹੈ ਕਿ ਪੰਜਵੀਂ ਸ਼ਕਤੀ ਬਣ ਕੇ ਉੱਭਰੇਗਾ। ਫਿਰ ਸੁਣੀਦਾ ਹੈ ਕਿ ਭਾਰਤ ਵਿਸ਼ਵ ਗੁਰੂ ਬਣ ਕੇ ਉੱਭਰਿਆ ਹੈ। ਇਨ੍ਹਾਂ ਉਪਰੋਕਤ ਸਤਰਾਂ ਦੀ ਸਿਆਹੀ ਅਜੇ ਸੁੱਕੀ ਨਹੀਂ ਹੁੰਦੀ ਕਿ ਨਵੀਂ ਖ਼ਬਰ ਨੇ ਅਖ਼ਬਾਰਾਂ ਦਾ ਪਹਿਲਾ ਸਫ਼ਾ ਮਲਿਆ ਹੁੰਦਾ ਹੈ ਕਿ ਹੁਣ ਭਾਰਤ ਭੁੱਖਮਰੀ ਵਿੱਚ 124ਵੇਂ ਸਥਾਨ ਤੋਂ ਖਿਸਕ ਕੇ ਇੱਕ ਸੌ ਗਿਆਰ੍ਹਵੇਂ ਨੰਬਰ ’ਤੇ ਜਾ ਪੁੱਜਾ ਹੈ। ਫਿਰ ਸਰਕਾਰ ਇਨ੍ਹਾਂ ਅੰਕੜਿਆਂ ਨੂੰ ਮਨਘੜਤ ਕਹਿ ਕੇ ਨਕਾਰਦੀ ਹੈ। ਪਰ ਸਰਵੇ ਕਰਨ ਵਾਲੇ ਵੀ ਚੈਲਿੰਜ ਦੇ ਲਹਿਜ਼ੇ ਵਿੱਚ ਮੁੜ ਵੰਗਾਰਦੇ ਹਨ। ਫਿਰ ਸਰਕਾਰ ਚੁੱਪ ਵੱਟ ਲੈਂਦੀ ਹੈ।
ਇੰਡੀਆ ਜਾਂ ਭਾਰਤੀ ਲੋਕਾਂ ਨੇ ਇਹ ਵੀ ਪਹਿਲੀ ਵਾਰ ਪੜ੍ਹਿਆ, ਸੁਣਿਆ ਅਤੇ ਜਾਣਿਆ ਹੈ ਕਿ ਮੌਜੂਦਾ ਰਾਜ ਕਰਦੀ ਪਾਰਟੀ ਦੀ ਆਰਗੇਨਾਈਜ਼ੇਸ਼ਨ ਦੁਨੀਆ ਭਰ ਵਿੱਚ ਸਭ ਤੋਂ ਵੱਡੇ ਢਾਂਚੇ ਵਾਲੀ ਪਾਰਟੀ ਹੈ, ਜਿਸਦੀ ਖਰੀਦ ਸ਼ਕਤੀ ਵੱਧ ਹੋਣ ਕਰਕੇ ਅਜਿਹੀ ਪਾਰਟੀ ਚੋਣਾਂ ਤੋਂ ਬਾਅਦ ਵੀ ਦੂਜੀਆਂ ਪਾਰਟੀਆਂ ਦੇ ਚੁਣੇ ਲੋਕਾਂ ਨੂੰ ਖਰੀਦ ਕੇ ਆਪਣੀ ਸਰਕਾਰ ਬਣਾ ਕੇ ਥਾਪੀਆਂ ਮਾਰਦੀ ਹੈ। ਕਿਸੇ ਅਣਦਿਸੇ, ਅਣਕਹੇ ਸਮਝੌਤੇ ਤਹਿਤ ਸੁਪਰੀਮ ਕੋਰਟ ਦੇ ਜੱਜਾਂ ਨੂੰ ਉਨ੍ਹਾਂ ਦੇ ਪਾਰਟੀ ਪ੍ਰਤੀ ਕੀਤੇ ਕੰਮਾਂ ਨੂੰ ਪੂਰੀ ਤਿਆਰੀ ਨਾਲ ਰਾਜ ਸਭਾ ਵਿੱਚ ਸ਼ੋ-ਪੀਸ ਬਣਾਇਆ ਜਾਂਦਾ ਹੈ, ਜਿਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਹੱਥ ਖੜ੍ਹਾ ਕਰਨ ਤੋਂ ਇਲਾਵਾ ਹੋਰ ਕੋਈ ਮਾਅਰਕੇ ਦਾ ਕੰਮ ਨਾ ਕੀਤਾ ਹੋਵੇ। ਜੇ ਤੁਸੀਂ (ਭਾਵ ਦੇਸ਼ ਵਾਸੀ) ਚਾਹੁੰਦੇ ਹੋ ਅਗਾਂਹ ਅਜਿਹਾ ਨਾ ਹੋਵੇ ਤਾਂ ਤੁਹਾਨੂੰ ਸਭ ਨੂੰ ਇੱਕ ਪਲੇਟਫਾਰਮ ’ਤੇ ਆਪੋ ਆਪਣੇ ਮੱਤਭੇਦ ਭੁਲਾ ਕੇ ਇਕੱਠੇ ਹੋ ਕੇ ਜ਼ੋਰ ਲਾਉਣਾ ਹੋਵੇਗਾ। ਅਜਿਹੇ ਪਲੇਟਫਾਰਮ ਹੋਂਦ ਵਿੱਚ ਆ ਚੁੱਕੇ ਹਨ। ਤੁਸੀਂ ਸਿਰਫ਼ ਉਨ੍ਹਾਂ ਦੀ ਚੋਣ ਕਰਨੀ ਹੈ। ਦੁਸ਼ਮਣ ਨੂੰ ਖ਼ਤਮ ਕਰਨ ਤੋਂ ਪਹਿਲਾਂ ਤੁਹਾਨੂੰ ਆਪਸੀ ਮੱਤਭੇਦ ਖ਼ਤਮ ਕਰਨੇ ਪੈਣਗੇ। ਦੁਨੀਆ ਦੇ ਮਹਾਨ ਕ੍ਰਾਂਤੀਕਾਰੀ ਲੀਡਰਾਂ ਅਤੇ ਲੋਕ ਨਾਇਕਾਂ ਦਾ ਬੱਸ ਇਹ ਸੁਨੇਹਾ ਯਾਦ ਰੱਖਣਾ ਹੈ ਕਿ ਇੱਕੋ ਸਮੇਂ ਇੱਕ ਦੁਸ਼ਮਣ ਦੇ ਖ਼ਿਲਾਫ਼ ਇੱਕ ਹੋ ਕੇ ਲੜਨਾ ਹੈ। ਅਰਜਨ ਵਾਂਗ ਮੱਛੀ ਦੀ ਅੱਖ ਵਿੱਚ ਤੀਰ ਮਾਰਨਾ ਹੈ, ਨਾ ਕਿ ਕਿਸੇ ਹੋਰ ਦੇ। ਇਸ ਤਰ੍ਹਾਂ ਜੇ ਤੁਸੀਂ ਝੋਟਾ ਮਾਰੋਗੇ ਤਾਂ ਸਭ ਜੂੰਆਂ ਆਪ ਹੀ ਮਰ ਜਾਣਗੀਆਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4417)
(ਸਰੋਕਾਰ ਨਾਲ ਸੰਪਰਕ ਲਈ: (