“ਸੂਬਿਆਂ ਵਿੱਚ ਕਾਂਗਰਸ ਦੀ ਹਾਰ ਦਾ ਕਤਈ ਇਹ ਮਤਲਬ ਨਹੀਂ ਕਿ ਇੰਡੀਆ ਗੱਠਜੋੜ ਦੀ ਪੂਰਨ ਪਿੱਠ ਲੱਗ ਗਈ ਹੋਵੇ ...”
(12 ਦਸੰਬਰ 2023)
ਇਸ ਸਮੇਂ ਪਾਠਕ: 295.
ਮਨੁੱਖ ਆਪਣੇ ਜਨਮ ਤੋਂ ਹੀ ਜਿੱਤ-ਹਾਰ ਦਾ ਹਾਣੀ ਰਿਹਾ ਹੈ। ਜਿੱਤ ਦਾ ਨਸ਼ਾ ਜਿੱਥੇ ਮਨੁੱਖ ਦੇ ਰੋਮ ਰੋਮ ਵਿੱਚ ਵਸ ਜਾਂਦਾ ਹੈ ਅਤੇ ਅਨੰਦ ਮਹਿਸੂਸ ਕਰਾਉਂਦਾ ਹੈ, ਉੱਥੇ ਹਾਰ ਮਨੁੱਖ ਨੂੰ ਹੋਰ ਮਿਹਨਤ ਲਈ ਪ੍ਰੇਰਦੀ ਹੈ। ਹੁਣੇ ਖ਼ਤਮ ਹੋਈਆਂ ਪੰਜ ਰਾਜਾਂ ਦੀਆਂ ਚੋਣਾਂ ਨੇ ਵੀ ਇਹੀ ਦਰਸਾਇਆ ਹੈ ਕਿ ਕੌਣ ਕਿਵੇਂ ਜਿੱਤਿਆ ਹੈ ਅਤੇ ਕੌਣ-ਕੌਣ ਕਿਵੇਂ ਹਾਰਿਆ ਹੈ। ਇਨ੍ਹਾਂ ਸੂਬਿਆਂ ਵਿੱਚ ਮੁੱਖ ਤੌਰ ’ਤੇ ਪਾਰਟੀਆਂ ਜਿੱਤੀਆਂ ਹਨ ਅਤੇ ਪਾਰਟੀਆਂ ਹੀ ਹਾਰੀਆਂ ਹਨ। ਉਂਜ ਸਾਰੀਆਂ ਪਾਰਟੀਆਂ ਦੇ ਕੁਝ ਉਮੀਦਵਾਰ ਹਾਰੇ ਵੀ ਹਨ। ਹਾਰਨ ਵਾਲੇ ਜਿੱਤਣ ਵਾਲੀਆਂ ਪਾਰਟੀਆਂ ਦੇ ਮੈਂਬਰ ਵੀ ਹਨ ਅਤੇ ਹਾਰਨ ਵਾਲੀਆਂ ਪਾਰਟੀਆਂ ਦੇ ਵੀ। ਕਈ ਵਾਰ ਜਿੱਤਾਂ-ਹਾਰਾਂ ਇੰਨੀਆਂ ਸਪਸ਼ਟ ਹੁੰਦੀਆਂ ਹਨ ਕਿ ਉਨ੍ਹਾਂ ਉੱਤੇ ਉਂਗਲ ਰੱਖਣ ਦੀ ਕੋਈ ਗੰਜਾਇਸ਼ ਨਹੀਂ ਹੁੰਦੀ, ਪਰ ਕਈ ਵਾਰ ਜਿੱਤਾਂ-ਹਾਰਾਂ ਜਨਮ ਤੋਂ ਹੀ ਅਜਿਹੀਆਂ ਅਪਾਹਜ ਬਣ ਜਾਂਦੀਆਂ ਹਨ, ਜਿਸ ਕਰਕੇ ਉਹਨਾਂ ਉੱਤੇ ਉਂਗਲਾਂ ਉੱਠਣੀਆਂ ਲਾਜ਼ਮੀ ਬਣ ਜਾਂਦੀਆਂ ਹਨ। ਹੁਣੇ-ਹੁਣੇ ਹੋਈਆਂ ਚੋਣਾਂ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ ਨੇ ਵੋਟਾਂ ਪਾਉਣ ਵਾਲਿਆਂ ਦੇ ਮਨਾਂ ਵਿੱਚ ਤੌਖਲੇ ਖੜ੍ਹੇ ਕਰ ਦਿੱਤੇ ਹਨ। ਇਹ ਤੌਖਲੇ ਸਹੀ ਅਤੇ ਤਸੱਲੀਬਖਸ਼ ਜਵਾਬ ਮਿਲਣ ’ਤੇ ਹੀ ਅਲੋਪ ਹੋਣਗੇ।
ਇਨ੍ਹਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਤਿੰਨ ਸੂਬਿਆਂ ਵਿੱਚ ਕਾਂਗਰਸ ਅਤੇ ਭਾਜਪਾ ਵਿਚਕਾਰ ਸੀ, ਜਿਨ੍ਹਾਂ ਵਿੱਚੋਂ ਦੋ ਸੂਬਿਆਂ ਵਿੱਚ ਕਾਂਗਰਸ ਅਤੇ ਇੱਕ ’ਤੇ ਭਾਜਪਾ ਸੱਤਾ ਦੇ ਰੱਥ ’ਤੇ ਸਵਾਰ ਸੀ। ਦੋਵਾਂ ਪਾਰਟੀਆਂ ਨੇ ਜਾਇਜ਼-ਨਜਾਇਜ਼ ਤਰੀਕੇ ਜਿੱਤਣ ਲਈ ਅਪਣਾਏ ਹੋਣਗੇ, ਕਿਉਂਕਿ ਦੋਵਾਂ ਪਾਰਟੀਆਂ ਨੂੰ ਦੁੱਧ ਧੋਤੀਆਂ ਨਹੀਂ ਆਖਿਆ ਜਾ ਸਕਦਾ। ਦੋਂਹ ਸੂਬਿਆਂ ਵਿੱਚ ਕਾਂਗਰਸ ਦਾ ਰਾਜ-ਭਾਗ ਸੀ ’ਤੇ ਇੱਕ ’ਤੇ ਭਾਜਪਾ ਦਾ ਪੂਰਨ ਕੰਟਰੋਲ ਸੀ। ਪਰ ਨਤੀਜੇ ਆਉਣ ’ਤੇ ਬਹੁਤਿਆਂ ਦੀਆਂ ਆਸਾਂ ਦੇ ਉਲਟ ਤਿੰਨ ਸੂਬਿਆਂ ਨੂੰ ਭਾਜਪਾ ਨੇ ਆਪਣੇ ਕਲਾਵੇ ਵਿੱਚ ਲੈ ਕੇ ਮੋਦੀ ਜਾਦੂ, ਮੋਦੀ ਗਰੰਟੀ ਦਾ ਸੰਘ ਪਾੜਵਾਂ ਇੰਨਾ ਰੌਲਾ ਪਾਇਆ ਹੋਇਆ ਕਿ ਉਹ ਉੱਚੀ-ਉੱਚੀ ਰੌਲਾ ਪਾ ਕੇ ਵੀਹ ਸੌ ਚੌਵੀ ਵਿੱਚ ਲੋਕ ਸਭਾ ਚੋਣਾਂ ਨੂੰ ਹਥਿਆਉਣ ਦਾ ਮਾਹੌਲ ਤਿਆਰ ਕਰ ਰਹੇ ਹਨ। ਅੰਧ ਭਗਤਾਂ ਰਾਹੀਂ ਹੋਰ ਅੰਧ ਭਗਤਾਂ ਦੀ ਗਿਣਤੀ ਵਧਾਉਣ ਲਈ ਨਵੇਂ ਸਾਲ ਦੇ ਪਹਿਲੇ ਮਹੀਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਕਈ ਤਰ੍ਹਾਂ ਦੇ ਉਦਘਾਟਨ ਕਰਕੇ ਕਰੋੜਾਂ ਰੁਪਇਆ ਖਰਚ ਕੇ ਅਰਬਾਂ ਰੁਪਏ ਖਰਚਿਆਂ ’ਤੇ ਸਹੀ ਦੀ ਮੋਹਰ ਲਾਉਣਗੇ ਤੇ ਇਸ ਧਾਰਮਿਕਤਾ ਨਾਲ ਭੋਲੀ-ਭਾਲੀ ਜਨਤਾ ਨੂੰ ਹੋਰ ਭਰਮਾਉਣਗੇ।
ਉੱਤਰੀ ਭਾਰਤ ਦੇ ਇਨ੍ਹਾਂ ਤਿੰਨ ਸੂਬਿਆਂ ਵਿੱਚ ਭਾਜਪਾ ਦੀ ਜਿੱਤ ਨੇ ਜਨਤਾ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਦਾ ਨਿਪਟਾਰਾ ਹੋ ਜਾਣਾ ਚਾਹੀਦਾ ਹੈ। ਵੱਖ-ਵੱਖ ਸ਼ੰਕਿਆਂ ਵਿੱਚੋਂ ਇੱਕ ਹੈ ਈਵੀਐੱਮ ਮਸ਼ੀਨ ਦਾ, ਜੋ ਤਕਰੀਬਨ ਚੋਣਾਂ ਬਾਅਦ ਉੱਠਦਾ ਹੀ ਹੈ, ਅਖੀਰ ਕੁਝ ਰੌਲੇ-ਰੱਪੇ ਬਾਅਦ ਖਾਮੋਸ਼ ਹੋ ਜਾਂਦਾ ਹੈ। ਈਵੀਐੱਮ ਮਸ਼ੀਨ ਵਿਰੁੱਧ ਦਲੀਲ ਦੇਣ ਵਾਲਿਆਂ ਦਾ ਇੱਕ ਤਰਕ ਇਹ ਹੈ ਕਿ ਜਦੋਂ ਚੰਦਰਯਾਨ-3 ਤੋਂ ਲੈ ਕੇ ਹਰੇਕ ਮਸ਼ੀਨ ਰਿਮੋਟ ਨਾਲ ਕੰਟਰੋਲ ਕੀਤੀ ਜਾ ਸਕਦੀ ਹੈ ਤਾਂ ਫਿਰ ਈਵੀਐੱਮ ਮਸ਼ੀਨ ਕਿਉਂ ਨਹੀਂ? ਉਨ੍ਹਾਂ ਦਾ ਮੰਨਣਾ ਹੈ ਕਿ ਇਹ ਵੋਟਿੰਗ ਮਸ਼ੀਨ ਵੀ ਮੈਨੇਜ ਕੀਤੀ ਜਾਂਦੀ ਹੈ। ਵਿਰੋਧੀ ਪਾਰਟੀ ਨੂੰ ਇਹ ਜੋ ਭੁਲੇਖਾ ਹੈ, ਉਸ ਨੂੰ ਜਨਤਕ ਤੌਰ ’ਤੇ ਦੂਰ ਕਰਨਾ ਚਾਹੀਦਾ ਹੈ। ਲੋੜ ਸਮਝਣ ’ਤੇ ਕਿਸੇ ਇੱਕ ਸੂਬੇ ਵਿੱਚ ਬੈਲਟ ਪੇਪਰਾਂ ਨਾਲ ਚੋਣ ਕਰਾ ਕੇ ਜਨਤਾ ਦਾ ਅੱਗੋਂ ਲਈ ਭੁਲੇਖਾ ਦੂਰ ਕਰਨਾ ਚਾਹੀਦਾ ਹੈ।
ਚੋਣਾਂ ਤੋਂ ਪਹਿਲਾਂ ਤਕਰੀਬਨ ਸਾਰੇ ਚੋਣ ਸਰਵੇ ਦੋ ਸੂਬੇ (ਰਾਜਸਥਾਨ ਅਤੇ ਛੱਤੀਸਗੜ੍ਹ) ਕਾਂਗਰਸ ਦੀ ਝੋਲੀ ਪਾਉਂਦੇ ਦਿਖਾਉਂਦੇ ਸਨ, ਜਿਸ ਨੂੰ ਤਕਰੀਬਨ ਭਾਜਪਾ ਵੀ ਖਾਮੋਸ਼ ਪ੍ਰਵਾਨਗੀ ਦੇ ਰਹੀ ਸੀ, ਪਰ ਨਤੀਜੇ ਇੱਕਦਮ ਉਲਟ, ਉਹ ਵੀ ਹੈਰਾਨੀਜਨਕ। ਇਨ੍ਹਾਂ ਚੋਣ ਨਤੀਜਿਆਂ ਨਾਲ ਸੰਬੰਧਤ ਤੀਜਾ, ਨਾ ਕਿ ਆਖਰੀ ਸ਼ੰਕਾ ਹਰ ਇੱਕ ਦੀ ਜ਼ੁਬਾਨ ’ਤੇ ਹੈ ਕਿ ਗਿਣਤੀ ਬਾਅਦ ਜੋ ਵੋਟਾਂ ਦੀ ਗਿਣਤੀ ਸੰਬੰਧੀ ਅੰਕੜੇ ਪ੍ਰਕਾਸ਼ਤ ਹੋਏ ਹਨ, ਉਨ੍ਹਾਂ ਮੁਤਾਬਕ ਭਾਜਪਾ ਨੇ ਕੁੱਲ ਵੋਟਾਂ ਹਾਸਲ ਕੀਤੀਆਂ ਹਨ ਚਾਰ ਕਰੋੜ ਇਕਾਸੀ ਲੱਖ ਤੇ ਕਾਂਗਰਸ ਨੇ ਕੁੱਲ ਵੋਟਾਂ ਹਾਸਲ ਕੀਤੀਆਂ ਹਨ ਚਾਰ ਕਰੋੜ ਨੱਬੇ ਲੱਖ। ਇਸ ਤਰ੍ਹਾਂ ਕਾਂਗਰਸ ਨੌਂ ਲੱਖ ਵੋਟ ਵੱਧ ਲੈ ਕੇ ਇੰਨੀ ਬੁਰੀ ਤਰ੍ਹਾਂ ਕਿਉਂ ਹਾਰੀ? ਇਸ ਸਵਾਲ ਦਾ ਜਵਾਬ ਵੀ ਜਨਤਾ ਦੀ ਸੰਤੁਸ਼ਟੀ ਲਈ ਜ਼ਰੂਰੀ ਹੈ। ਜਵਾਬ ਕੌਣ ਅਤੇ ਕਦੋਂ ਦੇਵੇਗਾ, ਇਸਦੀ ਆਮ ਜਨਤਾ ਉਡੀਕਵਾਨ ਰਹੇਗੀ।
ਨਤੀਜਿਆਂ ਨੂੰ ਸਵੀਕਾਰਦੇ ਹੋਏ ਜੋ ਪ੍ਰਭਾਵ ਇਕਦਮ ਜਨਤਾ ਨੇ ਕਬੂਲਿਆ ਲਗਦਾ ਹੈ ਕਿ ਜੋ ਸਿਹਰਾ ਭਾਜਪਾ ਮੋਦੀ ਸਿਰ ਬੰਨ੍ਹ ਰਹੀ ਹੈ, ਜੇ ਇਹ ਜਿੱਤ ਭਾਜਪਾ ਦੀ ਹੈ ਤਾਂ ਫਿਰ ਇਨ੍ਹਾਂ ਦੇ ਅਸਲ ਹੀਰੋ ਰਾਜਸਥਾਨ ਵਿੱਚ ਵਸੁੰਧਰਾ ਰਾਜੇ, ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਚੌਹਾਨ ਤੇ ਛੱਤੀਸਗੜ੍ਹ ਵਿੱਚ ਰਮਨ ਸਿੰਘ ਸਾਬਕਾ ਚੀਫ ਮਨਿਸਟਰ ਹੀ ਹੋ ਸਕਦੇ ਹਨ। ਦੋ ਸੂਬਿਆਂ ਵਿੱਚ ਰਾਜ ਵਿਰੋਧੀ ਵੋਟਾਂ ਦਾ ਰਾਜ ਕਰਕੇ ਰੁਝਾਨ ਅਤੇ ਮੱਧ ਪ੍ਰਦੇਸ਼ ਵਿੱਚ ਸਭ ਦਾ ਮਾਮਾ ਬਣ ਕੇ ਔਰਤਾਂ ਤਕ ਵੱਧ ਪਹੁੰਚਣ ਵਾਲਾ ਮੁੱਖ ਮੰਤਰੀ ਹੋ ਸਕਦਾ ਹੈ, ਜੋ ਆਰ ਐੱਸ ਐੱਸ ਅਤੇ ਮੋਦੀ ਦੇ ਵੱਧ ਨੇੜੂਆਂ ਵਿੱਚੋਂ ਹੈ। ਪਰ ਤੁਸੀਂ ਨੋਟ ਕਰੋਗੇ ਕਿ ਭਾਜਪਾ ਅਜਿਹਾ ਨਾ ਕਰਕੇ ਸੰਘ ਨੂੰ ਪੂਰਾ ਸਮਰਪਤ ਵਿਅਕਤੀ ਨੂੰ ਤਰਹੀਹ ਦੇਵੇਗੀ।
ਕਾਂਗਰਸ ਦੀ ਹਾਰ ਦੇ ਕਾਰਨਾਂ ਵਿੱਚੋਂ ਸੂਬੇ ਦੇ ਲੀਡਰਾਂ ਵਿੱਚ ਸ਼ਰੀਕੇਬਾਜ਼ੀ ਹੋਣ ਕਰਕੇ ਘੱਟ ਤਾਲਮੇਲ ਹੋਣਾ ਹੋ ਸਕਦਾ ਹੈ। ਭਾਜਪਾ ਵੱਲੋਂ ਮੁੱਖ ਮੰਤਰੀਆਂ ਦੇ ਨਾਂਅ ਜਨਤਕ ਨਾ ਕਰਨੇ, ਉਨ੍ਹਾਂ ਦੀ ਕਮਜ਼ੋਰੀ ਮੰਨ ਬੈਠਣਾ ਤੇ ਘੱਟ ਜ਼ੋਰ ਲਾਉਣਾ, ਭਾਜਪਾ ਦੀ ਤਰਜ਼ ’ਤੇ ਹਿੰਦੂਤਵ ਨੂੰ ਤਰਜੀਹ ਦੇਣੀ ਅਤੇ ਧਰਮ ਨਿਰਪੱਖਤਾ ਦਾ ਪ੍ਰਚਾਰ ਅਤੇ ਇਸ ਉੱਤੇ ਅਮਲ ਨਾ ਕਰਨਾ ਕਾਂਗਰਸ ਉਮੀਦ ਦੇ ਭਰੇ ਗਿਲਾਸ ਦੇ ਊਣੇ ਹੋਣ ਦਾ ਕਾਰਨ ਹੋ ਸਕਦਾ ਹੈ। ਸੈਂਟਰ ਲੀਡਰਸ਼ਿੱਪ ਦਾ ਘੱਟ ਰੈਲੀਆਂ ਕਰਨੀਆਂ ਜਾਂ ਘੱਟ ਕਰਾਉਣੀਆਂ ਵੀ ਬਹੁਤੇ ਕਾਰਨਾਂ ਵਿੱਚੋਂ ਇੱਕ ਹੋ ਸਕਦਾ ਹੈ। ਨਿਮਰਤਾ ਅਤੇ ਬੋਲਬਾਣੀ ਦਾ ਆਪਣਾ ਰੋਲ ਹੁੰਦਾ ਹੈ।
ਸੂਬਿਆਂ ਵਿੱਚ ਕਾਂਗਰਸ ਦੀ ਹਾਰ ਦਾ ਕਤਈ ਮਤਲਬ ਇਹ ਨਹੀਂ ਕਿ ਇੰਡੀਆ ਗੱਠਜੋੜ ਦੀ ਪੂਰਨ ਪਿੱਠ ਲੱਗ ਗਈ ਹੋਵੇ ਅਤੇ ਉਹ ਵੀਹ ਸੌ ਚੌਵੀ ਵੀ ਹਾਰੇਗਾ, ਜਿਵੇਂ ਕਿ ਪ੍ਰਧਾਨ ਮੰਤਰੀ ਰੌਲਾ ਪਾ ਰਹੇ ਹਨ। ਪ੍ਰਧਾਨ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਕਿ ਜਿਵੇਂ ਕ੍ਰਿਕਟ ਵਰਲਡ ਕੱਪ ਦੌਰਾਨ ਕਿਸੇ ਦੇਸ਼ ਭਗਤ ਦਾ ਨਾਂਅ ਕੱਟ ਕੇ ਆਪਣੇ ਨਾਂਅ ’ਤੇ ਰੱਖੇ ਕ੍ਰਿਕਟ ਸਟੇਡੀਅਮ ਵਿੱਚ ਸੈਮੀਫਾਈਨਲ ਤਕ ਲਗਾਤਾਰ ਜਿੱਤਣ ਤੋਂ ਬਾਅਦ ਭਾਰਤ ਦੀ ਝੋਲੀ ਕਿਵੇਂ ਨਮੋਸ਼ੀ ਪਈ ਸੀ, ਉਵੇਂ ਹੀ ਐੱਨ ਡੀ ਏ ਗੱਠਜੋੜ ਨਾਲ ਇੰਡੀਆ ਗੱਠਜੋੜ ਵੀਹ ਸੌ ਚੌਵੀ ਵਿੱਚ ਕਰ ਸਕਦਾ ਹੈ। ਜੇ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ ਹਾਰ ਦੇਖੀ ਹੈ ਤਾਂ ਉਨ੍ਹਾਂ ਪਾਰਟੀਆਂ ਦਾ ਵੀ ਇਨ੍ਹਾਂ ਚੋਣਾਂ ਵਿੱਚ ਪੂਰੇ ਦਾ ਪੂਰਾ ਪਾਣੀ ਲੱਥ ਗਿਆ ਹੈ, ਜੋ ਘੁਮੰਡ ਦੇ ਘੋੜੇ ਉੱਤੇ ਸਵਾਰ ਸਨ। ਉਹਨਾਂ ਨੇ ਵੱਖ-ਵੱਖ ਸੂਬਿਆਂ ਵਿੱਚ ਸੌ ਫੀਸਦੀ ਹਾਰ ਦੇਖੀ। ਜੇ ਵਾਕਿਆ ਹੀ ਇੰਡੀਆ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਵੀਹ ਸੌ ਚੌਵੀ ਨੂੰ ‘ਹੁਣ ਨਹੀਂ ਤਾਂ ਕਦੇ ਵੀ ਨਹੀਂ’ ਦੀ ਸਮਝ ਨਾਲ ਇਮਾਨਦਾਰੀ ਨਾਲ, ਬਿਨਾਂ ਕਿਸੇ ਲਾਲਚ ਸਮੁੱਚੀ ਸ਼ਕਤੀ ਲਾਉਣ ਲਈ ਤਿਆਰ ਹੋਣਗੀਆਂ ਤਾਂ ਫਿਰ ਕੀ ਕ੍ਰਿਸ਼ਮਾ ਹੁੰਦਾ ਹੈ, ਤੁਸੀਂ ਅਸੀਂ ਸਭ ਆਪਣੀ ਅੱਖੀਂ ਦੇਖ ਅਤੇ ਕੰਨਾਂ ਰਾਹੀਂ ਸੁਣ ਸਕਾਂਗੇ। ਇਸ ਲਈ ਹਿਤੈਸ਼ੀਆਂ ਨੂੰ ਮਨ, ਤਨ ਤੇ ਧਨ ਰਾਹੀਂ ਸੇਵਾ ਲਈ ਤਿਆਰ ਰਹਿਣਾ ਪਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4541)
(ਸਰੋਕਾਰ ਨਾਲ ਸੰਪਰਕ ਲਈ: (