“ਜਿਹੜੀ ਭਾਜਪਾ ਸਰਕਾਰ ਕਾਂਗਰਸ ਤੋਂ ਪਿਛਲੇ ਸੱਠ ਸਾਲ ਦਾ ਹਿਸਾਬ ਮੰਗ ਰਹੀ ਹੈ, ਉਸ ਤੋਂ ਅੱਜ ਅਯੁੱਧਿਆ ਵਿੱਚ ...”
(3 ਸਤੰਬਰ 2024)
ਅੱਜ ਤਕ ਭਾਜਪਾ ਨੇ ਸੂਬਿਆਂ ਅਤੇ ਸਮੁੱਚੇ ਭਾਰਤ ਵਿੱਚ ਸਰਕਾਰ ਬਣਾਉਣ ਦੇ ਸਫ਼ਰ ਤਕ ਉਨ੍ਹਾਂ ਸਾਰੇ ਔਗੁਣਾਂ, ਭ੍ਰਿਸ਼ਟਾਚਾਰਾਂ ਨੂੰ ਬੜੀ ਅਸਾਨੀ ਨਾਲ ਅਪਣਾ ਲਿਆ ਹੈ, ਜਿਨ੍ਹਾਂ ਨੂੰ ਉਹ ਆਮ ਚੋਣਾਂ, ਜਲਸਿਆਂ, ਜਲੂਸਾਂ ਵਿੱਚ ਪਹਿਲੀਆਂ ਸਰਕਾਰਾਂ ਖ਼ਿਲਾਫ਼ ਅਤੇ ਖਾਸ ਕਰ ਕਾਂਗਰਸੀ ਸਰਕਾਰਾਂ ਖ਼ਿਲਾਫ਼ ਬੋਲ ਕੇ, ਧੂਆਂਧਾਰ ਪ੍ਰਚਾਰ ਰਾਹੀਂ ਬਦਨਾਮ ਕਰਦੀ ਆ ਰਹੀ ਹੈ। ਪਰ ਆਪਣੇ ਰਾਜ ਵਿੱਚ ਜਿਹੜਾ ਸਭ ਮਿਲਾ ਕੇ ਇੱਕ ਦਰਜਨ ਸਾਲ ਬਣਦਾ ਹੈ, ਇਹ ਥੋੜ੍ਹੇ ਸਮੇਂ ਵਿੱਚ ਹੀ ਕਾਂਗਰਸ ਜਾਂ ਬਾਕੀ ਗੈਰ-ਭਾਜਪਾ ਸਰਕਾਰਾਂ ਤੋਂ ਹਰ ਤਰ੍ਹਾਂ ਅੱਗੇ ਨਿਕਲਦਾ ਦਿਖਾਈ ਦੇ ਰਿਹਾ ਹੈ। ਉਹ ਕਿਹੜਾ ਸਰਕਾਰੀ ਜਾਂ ਗੈਰ ਸਰਕਾਰੀ ਮਹਿਕਮਾ ਹੈ ਜੋ ਸਰਕਾਰ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ, ਜਿਸ ਨੇ ਪਿਛਲੀਆਂ (ਕਾਂਗਰਸੀ) ਸਰਕਾਰਾਂ ਨੂੰ ਮਾਤ ਨਾ ਦਿੱਤੀ ਹੋਵੇ। ਬੁੱਢੇ ਤੇ ਪੁਰਾਣੇ ਜਾਂ ਆਪਣਾ ਸਮਾਂ ਪੂਰਾ ਕਰ ਚੁੱਕੇ ਨਹਿਰਾਂ, ਸੜਕਾਂ ਅਤੇ ਦਰਿਆਵਾਂ ਦੇ ਪੁਲ ਟੁੱਟਦੇ, ਖੂਰਦੇ ਅਤੇ ਰੁੜ੍ਹਦੇ ਤਾਂ ਦੇਖੇ ਹਨ, ਪਰ ਅਜਿਹਾ ਕਦੀ ਨਹੀਂ ਹੋਇਆ ਅਤੇ ਨਾ ਹੀ ਦੇਖਿਆ ਹੈ ਕਿ ਸੰਬੰਧਤ ਸੂਬੇ ਦਾ ਸੰਬੰਧਤ ਵਜ਼ੀਰ ਰੀਬਨ ਕੱਟਣ ਲਈ ਹੈਲੀਕਾਪਟਰ ਵਿੱਚ ਬੈਠਣ ਲਈ ਤਿਆਰ ਹੋਵੇ ਤਾਂ ਅੱਗਿਓਂ ਸੁਨੇਹਾ ਮਿਲ ਜਾਵੇ “ਸਾਹਿਬ ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਕਿਉਂਕਿ ਸੰਬੰਧਤ ਪੁਲ ਤਾਂ ਖੁਦ ਸਮਾਧੀ ਲੈ ਚੁੱਕਾ ਹੈ। ਕਈ ਅਜਿਹੇ ਪੁਲ ਵੀ ਸਨ ਜਿਹੜੇ ਆਪਣੇ ਜਨਮ ਤੋਂ ਬਾਅਦ ਝੱਟ ਬੁਢਾਪੇ ਵੱਲ ਵਧ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਕੀ ਅਜਿਹੇ ਦਰਜਨਾਂ ਪੁਲਾਂ ਦੀ ਕਦੇ ਸਮਾਂ ਬੱਧ, ਸਮੇਂ ਵਿੱਚ ਇਨਕੁਆਰੀ ਹੋਣੀ ਸੰਭਵ ਹੋ ਸਕੇਗੀ? ਜਿੰਨੀ ਛੇਤੀ ਅਜਿਹੇ ਦਰਜਨਾਂ ਪੁਲ ਸਮਾਧੀ ਲੈ ਚੁੱਕੇ ਹਨ ਓਨੀ ਛੇਤੀ ਤਾਂ ਬੱਚਿਆਂ ਰਾਹੀਂ ਖੇਡਣ ਲਈ ਬਣਾਏ ਘਰ ਵੀ ਨਹੀਂ ਟੁੱਟਦੇ।
ਰੇਲਵੇ ਐਕਸੀਡੈਂਟ ਤੋਂ ਬਾਅਦ ਇੱਕ ਵਜ਼ੀਰ ਦਾ ਆਪਣੇ ਸਿਰ ਜ਼ਿੰਮੇਵਾਰੀ ਲੈ ਕੇ ਅਸਤੀਫ਼ਾ ਦੇਣਾ ਵੀ ਕਾਂਗਰਸੀ ਵਜ਼ੀਰ ਦੇ ਹਿੱਸੇ ਆਇਆ। ਪਰ ਅੱਜ-ਕੱਲ੍ਹ ਅਜਿਹੇ ਐਕਸੀਡੈਂਟ ਆਮ ਗੱਲ ਬਣ ਗਈ ਹੈ। ਰੇਲਵੇ ਦੀ ਮਹਿੰਗਾਈ ਤਾਂ ਛੱਡੋ, ਸਿਆਣੇ ਲੋਕ ਤਾਂ ਰੇਲਵੇ ਸਫ਼ਰ ਕਰਨੋ ਵੀ ਝਿਜਕਣ ਲੱਗੇ ਹਨ।
ਕਾਂਗਰਸ ਸਰਕਾਰਾਂ ’ਤੇ ਸਵਾਲ ਕਰਨ ਵਾਲੀ ਭਾਜਪਾ ਸਰਕਾਰ ਅੱਜ-ਕੱਲ੍ਹ ਰੇਲਵੇ ਪ੍ਰਾਪਰਟੀ ਵੇਚ ਰਹੀ ਹੈ, ਰੇਲਵੇ ਪ੍ਰਾਈਵੇਟ ਕਰ ਰਹੀ ਹੈ। ਜਿਸ ਗੱਲ ਨਾਲ ਜਨਤਾ ਦਾ ਦੂਰ ਦਾ ਵੀ ਵਾਸਤਾ ਨਹੀਂ, ਉਹ ਗੱਲਾਂ ਕਰ ਰਹੀ ਹੈ। ਰੇਲਵੇ ਸਟੇਸ਼ਨਾਂ ਦੇ ਨਾਂਅ ਬਦਲਣ ਵਿੱਚ ਹੀ ਆਪਣੀ ਪਿੱਠ ਆਪ ਹੀ ਠੋਕ ਰਹੀ ਹੈ। ਸਟੇਸ਼ਨਾਂ ਦੇ ਨਾਂਅ ਬਦਲਣ ਵਾਲੀ ਗੱਲ ਬੇਲੋੜੀ ਹੈ। ਰੇਲਵੇ ਵੇਚਦੀ-ਵੇਚਦੀ ਸਰਕਾਰ ਨਾਲ ਬੁਲਟ ਪਰੂਫ ਗੱਡੀ (ਟਰੇਨ) ਦੀ ਰੋਜ਼ ਮੁਹਾਰਨੀ ਪੜ੍ਹ ਰਹੀ ਹੈ।
ਭਾਜਪਾ ਸਰਕਾਰ ਰਾਜ ਕਰਦੀ-ਕਰਦੀ ਇਹ ਵੀ ਦੇਖਦੀ ਰਹਿੰਦੀ ਹੈ ਕਿ ਸਰਕਾਰ ਦਾ ਕਿਹੜਾ ਵਿਭਾਗ ਆਮਦਨ ਪੈਦਾ ਕਰਦਾ ਹੈ। ਉਸ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦੇ ਕੇ ਪੈਸਾ ਵੱਟ ਕੇ ਕਮਾਈ ਕਰ ਰਹੀ ਹੈ। ਐੱਲ ਆਈ ਸੀ ਤੇ ਹੋਰ ਕਮਾਊ ਮਹਿਕਮਿਆਂ ਨਾਲ ਅਜਿਹਾ ਹੀ ਬੀਤਿਆ ਹੈ। ਭਾਜਪਾ ਸ਼ਰੇਆਮ ਈ ਡੀ ਰਾਹੀਂ ਕਰੋੜਾਂ ਫੰਡ ਲੈ ਕੇ ਸਭ ਪਾਰਟੀਆਂ ਤੋਂ ਅੱਗੇ ਲੰਘ ਗਈ ਹੈ। ਜਿਹੜੀ ਪਾਰਟੀ ਪਹਿਲੀ ਸਰਕਾਰ ’ਤੇ ਪਰਵਾਰਵਾਦ ਦਾ ਦੋਸ਼ ਲਾਉਂਦੀ ਆ ਰਹੀ ਸੀ, ਉਹ ਪਾਰਟੀ ਅੱਜ ਪਰਿਵਾਰਵਾਦ ਵਿੱਚ ਫਸ ਕੇ ਨਿਵਾਣਾ ਛੂਹ ਰਹੀ ਹੈ। ਮੈਰਿਟ ਦੇ ਅਧਾਰ ’ਤੇ ਟਿਕਟਾਂ ਦੇਣ ਦਾ ਰੌਲਾ ਪਾਉਣ ਵਾਲੀ ਸਰਕਾਰ ਅੱਜ ਆਪਣਿਆਂ ਦੇ ਹੀ ਰੋਹ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਰੋਹ ਨੂੰ ਹਰਿਆਣਾ, ਜੰਮੂ-ਕਸ਼ਮੀਰ ਅਤੇ ਮਹਾਰਾਸ਼ਟਰ ਵਿੱਚ ਆਮ ਦੇਖਿਆ ਜਾਂਦਾ ਹੈ।
ਸਭ ਸੂਬਿਆਂ ਵਿੱਚ ਸਰਕਾਰਾਂ ਨੂੰ ਤੋੜਨ ਲਈ ਹਰ ਸਮੇਂ ਖਰੀਦੋ-ਫਰੋਖਤ ਕਰਨ ਲਈ ਇਹ ਪਾਰਟੀ ਤਿਆਰ ਰਹਿੰਦੀ ਹੈ। ਇਸ ਸਮੇਂ ਇਹ ਵੀ ਸੱਚ ਹੈ ਕਿ ਇੰਡੀਆ ਗਠਜੋੜ ਬਣਨ ਤੋਂ ਬਾਅਦ ਰਾਜ ਕਰਦੀ ਪਾਰਟੀ ਉਸ ਨੌਜਵਾਨ ਰਾਹੁਲ ਤੋਂ ਘਬਰਾਈ ਹੋਈ ਲਗਦੀ ਹੈ, ਜਿਸ ਨੂੰ ਪੱਪੂ-ਪੱਪੂ ਕਹਿ ਕੇ ਪੱਪੂ ਬਣਾਉਣ ਦੀ ਖਾਤਰ ਕਰੋੜਾਂ ਖਰਚ ਕੇ ਪਛਤਾ ਰਹਿ ਰਹੀ ਹੈ। ਤੁਸੀਂ ਦੇਖੋ ਐੱਨ ਡੀ ਏ ਦੀ ਸਰਕਾਰ ਬਣਨ ਤੋਂ ਬਾਅਦ ਭਾਜਪਾ ਨੇ ਪੱਪੂ ਤੇ ਮੋਦੀ ਗਰੰਟੀ ਕਹਿਣਾ ਇਕਦਮ ਬੰਦ ਕਰ ਦਿੱਤਾ ਹੈ। ਇਹ ਕੋਈ ਛੋਟੀ ਤਬਦੀਲੀ ਨਹੀਂ। ਅੱਜਕੱਲ ਇੰਡੀਆ ਗਠਜੋੜ ਚੜ੍ਹਦੀ ਕਲਾ ਵਿੱਚ ਹੈ, ਜਦੋਂ ਕਿ ਐੱਨ ਡੀ ਏ ਵਿੱਚ ਕਈ ਮੁੱਦਿਆਂ ਵਿੱਚ ਤਰੇੜਾਂ ਦਿਸ ਰਹੀਆਂ ਹਨ। ਅਜਿਹੀਆਂ ਤਰੇੜਾਂ ਆਉਂਦੇ ਦਿਨਾਂ ਵਿੱਚ ਕੁਝ ਸੂਬਿਆਂ ਦੀਆਂ ਚੋਣਾਂ ਵਿੱਚ ਆਪਣਾ ਰੰਗ ਸਪਸ਼ਟ ਦਿਖਾਉਣਗੀਆਂ। ਜੰਮੂ-ਕਸ਼ਮੀਰ, ਹਰਿਆਣਾ ਅਤੇ ਮਹਾਰਾਸ਼ਟਰ ਚੋਣਾਂ ਸਮੇਂ ਤੁਸੀਂ ਵਧੇਰੇ ਤਬਦੀਲੀ ਦੇਖੋਗੇ।
ਜਿਹੜੀ ਭਾਜਪਾ ਸਰਕਾਰ ਕਾਂਗਰਸ ਤੋਂ ਪਿਛਲੇ ਸੱਠ ਸਾਲ ਦਾ ਹਿਸਾਬ ਮੰਗ ਰਹੀ ਹੈ, ਉਸ ਤੋਂ ਅੱਜ ਅਯੁੱਧਿਆ ਵਿੱਚ ਰਾਮ-ਮੰਦਰ ਦਾ, ਛਤਰਪਤੀ ਸ਼ਿਵਾ ਜੀ ਦੀ ਮੂਰਤੀ, ਜਿਹੜੀ ਵਿਸ਼ਵ ਗੁਰੂ ਰਾਹੀਂ ਉਦਘਾਟਨ ਤੋਂ ਬਾਅਦ ਆਮ ਜਨਤਾ ਲਈ ਰੂਪਮਾਨ ਹੋਈ, ਜਿਸ ’ਤੇ ਛੱਤੀ ਹਜ਼ਾਰ (3600 ਹਜ਼ਾਰ ਕਰੋੜ) ਖਰਚ ਕੀਤਾ ਗਿਆ, ਜਿਸ ਨੂੰ ਬਣਾਉਣ ਦਾ ਠੇਕਾ ਵੀ ਆਪਣਿਆਂ ਨੂੰ ਦਿੱਤਾ ਗਿਆ, ਆਪਣੇ ਬਚਪਨ ਵਿੱਚ ਹੀ ਅਲਵਿਦਾ ਕਹਿ ਗਈ, ਅੱਠ ਮਹੀਨਿਆਂ ਵਿੱਚ ਹੀ ਅਲੋਪ ਹੋ ਗਈ। ਇਹ ਉਸ ਸਰਕਾਰ ਦੇ ਪਵਿੱਤਰ ਰਾਜ ਵਿੱਚ ਵਾਪਰਿਆ ਹੈ, ਜਿਹੜੀ ਕਾਂਗਰਸ ਤੋਂ ਸੱਠ ਸਾਲ ਦਾ ਹਰ ਗੱਲ ’ਤੇ ਹਿਸਾਬ ਮੰਗ ਰਹੀ ਹੈ। ਕੀ ਪੱਥਰ ਦੀਆਂ ਮੂਰਤੀਆਂ ਵਿੱਚ ਪ੍ਰਾਣ ਪ੍ਰਤਿਸ਼ਠਾ ਰਾਹੀਂ ਜਾਨ ਪਾਉਣ ਵਾਲੇ ਜਨਤਾ ਨੂੰ ਇਸ ਅਭਾਗੇ ਕਾਂਡ ਬਾਰੇ ਸੱਚ-ਸੱਚ ਦੱਸਣ ਦਾ ਹੌਸਲਾ ਕਰਨਗੇ? ਸੱਚ ਜਨਤਾ ਸਾਹਮਣੇ ਜਲਦੀ ਅਤੇ ਸਹੀ-ਸਹੀ ਲਿਆਉਣਗੇ? ਜਿਸ ਬਾਰੇ ਅਜੀਤ ਪਵਾਰ ਇਸ ਬਾਰੇ ਅੰਦੋਲਨ ਕਰਨ ਵਾਲੇ ਹਨ। ਮੁੱਖ ਮੰਤਰੀ ਸ਼ਿੰਦੇ ਛੱਤਰਪਤੀ ਨੂੰ ਭਗਵਾਨ ਕਹਿ ਰਿਹਾ ਹੈ। ਇਸ ਕਰਕੇ ਰਾਜਨੀਤੀ ਨਾ ਕਰਨ ਦੀ ਗੱਲ ਕਹਿ ਕੇ ਆਮ ਜਨਤਾ ਨੂੰ ਗੁਮਰਾਹ ਕਰ ਰਿਹਾ ਹੈ।
ਵਿਰੋਧੀਆਂ ਤੋਂ ਹਰ ਤਰ੍ਹਾਂ ਹਿਸਾਬ ਮੰਗਣ ਵਾਲੀ ਭਾਜਪਾ ਪਾਰਟੀ ਨੂੰ ਹਰ ਫਰੰਟ ’ਤੇ ਦੇਸ਼ ਵਾਸੀਆਂ ਨੂੰ ਹਿਸਾਬ ਦੇਣ ਲੱਗਿਆਂ ਨਮੋਸ਼ੀ ਦੇ ਆਲਮ ਵਿੱਚ ਜਾਣਾ ਪੈਂਦਾ ਹੈ। ਬੰਗਾਲ ਵਿੱਚ ਰੇਪ ਅਤੇ ਮਰਡਰ ਕੇਸ ਨੂੰ ਲੋੜ ਤੋਂ ਜ਼ਿਆਦਾ ਅਹਿਮੀਅਤ ਦੇਣ ਵਾਲੀ ਭਾਜਪਾ ਨੂੰ ਇਸ ਕੇਸ ਤੋਂ ਫੌਰਨ ਬਾਅਦ ਬਦਲਾਪੁਰ ਕਾਂਡ ਬਾਰੇ, ਜਿੱਥੇ ਦੋ ਬਾਲੜੀਆਂ ਨਾਲ ਬਲਾਤਕਾਰ ਹੋਇਆ ਅਤੇ ਯੂ ਪੀ ਵਿੱਚ ਦੋ ਸਹੇਲੀਆਂ ਮੰਦਰ ਗਈਆਂ ਜਿਹੜੀਆਂ ਦੇਰ ਰਾਤ ਤਕ ਘਰ ਨਹੀਂ ਪਹੁੰਚੀਆਂ, ਸਵੇਰੇ ਇੱਕ ਰੱਸੀ ਨਾਲ ਦੋਵੇਂ ਲਟਕਦੀਆਂ ਮਿਲੀਆਂ – ਇਹ ਘਟਨਾਵਾਂ ਗੰਭੀਰ ਅਤੇ ਨਿਰਪੱਖ ਪੜਤਾਲ ਦੀ ਮੰਗ ਕਰਦੀਆਂ ਹੈ। ਲੋਕ ਆਖ ਰਹੇ ਹਨ – “ਇੱਕ ਰੱਸੀ ਨਾਲ ਗਈਆਂ ਦੋ ਜਾਨਾਂ ਫਿਰ ਵੀ ਯੂ ਪੀ ਸੂਬਾ ਮਹਾਨ!” ਇਹ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਗਾਜ਼ੀਆਬਾਦ ਤੋਂ ਇੱਕ ਚੌਦਾਂ ਸਾਲ ਦੀ ਲੜਕੀ ਦੀ ਨੇੜੇ ਦੇ ਨੌਜਵਾਨ ਨੇ ਮਾਰ ਕੁਟਾਈ ਕੀਤੀ ਤੇ ਬਾਅਦ ਵਿੱਚ ਬਲਾਤਕਾਰ ਕੀਤਾ, ਜਿਸ ’ਤੇ ਜਨਤਾ ਰਾਹੀਂ ਰੋਹ ਪ੍ਰਗਟ ਕਰਦਿਆਂ ਸਾੜਫੂਕ ਵੀ ਖੂਬ ਕੀਤੀ। ਕੀ ਸੰਬੰਧਤ ਸੂਬੇ ਦੇ ਮੁੱਖ ਮੰਤਰੀ ਇਸ ਘਟਨਾ ’ਤੇ ਅਸਤੀਫ਼ਾ ਦੇ ਕੇ ਨਵੀਂ ਪਿਰਤ ਪਾਵੇਗਾ? ਅਜਿਹੀਆਂ ਘਟਨਾਵਾਂ ਤੋਂ ਪਤਾ ਲਗਦਾ ਹੈ ਕਿ ਕਹਿਣੀ ਅਤੇ ਕਥਨੀ ਵਿੱਚ ਕਿੰਨਾ ਫ਼ਰਕ ਹੁੰਦਾ ਹੈ। ਜੇ ਗੌਰ ਨਾਲ ਦੇਖਿਆ ਜਾਵੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਨੇ ਅੱਜ ਤਕ ਅਜਿਹੀ ਕੋਈ ਨਵੀਂ ਪਿਰਤ ਨਹੀਂ ਪਾਈ, ਜਿਸ ਨਾਲ ਉਸ ਨੇ ਬਾਕੀ ਸਿਆਸੀ ਪਾਰਟੀਆਂ ਨੂੰ ਪਛਾੜਿਆ ਹੋਵੇ। ਦਰਅਸਲ ਇਸ ਭਾਜਪਾ ਪਾਰਟੀ ਦਾ ਦੁਖਾਂਤ ਇਹ ਹੈ ਕਿ ਇਸ ਪਾਰਟੀ ਦਾ ਜਨਮ ਹੀ ਦੇਸ਼ ਦੀ ਅਜ਼ਾਦੀ ਤੋਂ ਬਾਅਦ ਹੋਇਆ। ਇਹ ਆਪਣੇ ਜਨਮ ਤੋਂ ਹੀ ਦੇਸ਼ ਛੱਡ ਚੁੱਕੇ ਫਰੰਗੀਆਂ ਨਾਲ ਹਮਦਰਦੀ ਕਰਦੀ ਆ ਰਹੀ ਹੈ। ਫਿਰ ਤਰ੍ਹਾਂ ਤਰ੍ਹਾਂ ਯੋਗ ਅਤੇ ਅਯੋਗ ਫੈਸਲਿਆਂ ਵਿੱਚ ਕਾਂਗਰਸ ਦੇ ਚੋਣਵੇਂ ਲੀਡਰਾਂ ਨੂੰ ਆਪਣੇ ਨਾਲ ਜੋੜਨ ਦਾ ਯਤਨ ਕਰ ਰਹੀ ਹੈ। ਅਜ਼ਾਦ ਭਾਰਤ ਦੇ ਪਹਿਲੇ ਹੋਮ ਮਨਿਸਟਰ ਸਰਦਾਰ ਪਟੇਲ ਦਾ ਬੁੱਤ ਬਣਾ ਕੇ ਆਪਣੇ ਵਿਰਸੇ ਨੂੰ ਉਸ ਨਾਲ ਜੋੜ ਰਹੇ ਹਨ। ਉਨ੍ਹਾਂ ਦੇ ਆਪਣੇ ਲੀਡਰਾਂ ਨੂੰ ਸਮੁੱਚੇ ਭਾਰਤੀ ਅਪਣਾ ਨਹੀਂ ਰਹੇ।
ਭਾਜਪਾ ਨੇ ਬਾਕੀ ਪਾਰਟੀਆਂ ਨਾਲੋਂ ਕੁਝ ਵੱਖਰਾ ਨਹੀਂ ਕੀਤਾ। ਅਗਰ ਕਿਸੇ ਨੇ ਕੀਤਾ ਤਾਂ ਅਜਿਹੇ ਲੀਡਰਾਂ ਨੂੰ, ਜਿਵੇਂ ਮਹਿਰੂਮ ਅਟੱਲ ਬਿਹਾਰੀ ਵਾਜਪਾਈ ਸਾਹਿਬ ਹਨ, ਅੱਜ ਦੇ ਹੰਕਾਰੀ ਨੇਤਾ ਭੁੱਲ ਬੈਠੇ ਹਨ। ਆਖਰ ਵਿੱਚ ਅਸੀਂ ਭਾਜਪਾ ਤੋਂ ਇਸ ਗੱਲ ਦੀ ਹੀ ਆਸ ਕਰ ਸਕਦੇ ਹਾਂ ਕਿ ਜੋ ਤੁਸੀਂ ਵਿਰੋਧੀ ਪਾਰਟੀਆਂ ਜਾਂ ਸਾਬਕਾ ਸਰਕਾਰਾਂ ਤੋਂ ਪੁੱਛਣਾ ਚਾਹੁੰਦੇ ਹੋ, ਉਸ ਤੋਂ ਪਹਿਲਾਂ ਆਪ ਭਾਰਤ ਦੀ ਜਨਤਾ ਅੱਗੇ ਜਵਾਬਦੇਹ ਹੋਵੋ। ਕੀ ਅਜਿਹਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ? ਇਹ ਸਭ ਭਵਿੱਖ ਦੀ ਕੁੱਖ ਵਿੱਚ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5268)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.