“ਸਮੁੱਚੇ ਦੇਸ਼ ਵਿੱਚ ਅਨਪੜ੍ਹਤਾ ਅਤੇ ਤਰਕਸ਼ੀਲਤਾ ਦੀ ਘਾਟ ਕਰਕੇ ਅੰਧ-ਭਗਤਾਂ ਦੀ ਬਾਕੀਆਂ ਨਾਲੋਂ ਬਹੁਤਾਤ ਹੈ ...”
(22 ਜਨਵਰੀ 2024)
ਇਸ ਸਮੇਂ ਪਾਠਕ: 270.
ਸਾਰੀਆਂ ਸੰਬੰਧਤ ਧਿਰਾਂ ਵੱਲੋਂ ਦਿੱਤੀਆਂ ਅਥਾਹ ਕੁਰਬਾਨੀਆਂ ਸਦਕਾ ਅਖੀਰ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਸਾਡਾ ਉਹ ਦੇਸ਼ ਅੰਗਰੇਜ਼ਾਂ ਹੱਥੋਂ ਅਜ਼ਾਦ ਹੋਇਆ, ਜਿਹੜਾ ਭਾਰਤ, ਹਿੰਦੋਸਤਾਨ ਅਤੇ ਇੰਡੀਆ ਆਦਿ ਦੇ ਵੱਖ-ਵੱਖ ਨਾਂਵਾਂ ਨਾਲ ਪ੍ਰਸਿੱਧ ਤੇ ਪ੍ਰਚੱਲਤ ਹੋਇਆ। ਉਹੋ ਦੇਸ਼ ਇਸ ਸਾਲ ਆਪਣੇ ਅਜ਼ਾਦੀ ਵਾਲੇ ਦਿਨ ਸਤੱਤਰ ਸਾਲਾਂ ਦਾ ਹੋ ਜਾਵੇਗਾ। ਇਸ ਦੇਸ਼ ਨੇ ਆਪਣੀ ਅਜ਼ਾਦੀ ਵਾਲੇ ਦਿਨ ਤੋਂ ਲੈ ਕੇ ਅੱਜ ਤਕ ਬਹੁਤ ਕੁਝ ਦੇਖਿਆ, ਹੰਢਾਇਆ ਅਤੇ ਸੁਣਿਆ ਹੈ। ਇਨ੍ਹਾਂ ਸਾਲਾਂ ਵਿੱਚ ਫਸਾਦ, ਨਫ਼ਰਤ, ਜਾਤ-ਪਾਤ ਦੀ ਘਿਰਣਾ, ਗਰੀਬੀ, ਬੇਰੁਜ਼ਗਾਰੀ, ਲੜਾਈਆਂ ਵਿੱਚ ਜਿੱਤਾਂ ਅਤੇ ਹਾਰਾਂ ਦਾ ਅਨੁਭਵ ਹੰਢਾਇਆ ਹੈ। ਇਸ ਸਭ ਕਾਸੇ ਤੋਂ ਗੁਜ਼ਰਦਾ ਹੋਇਆ ਮੇਰਾ ਦੇਸ਼ ਕੁਝ ਸਮੇਂ ਨੂੰ ਛੱਡ ਕੇ ਬਾਕੀ ਸਮੇਂ ਵਿੱਚ ਲੋਕਤੰਤਰੀ ਪਰੰਪਰਾਵਾਂ ਨਾਲ ਜੁੜਿਆ ਰਿਹਾ, ਜਿਸ ’ਤੇ ਮੇਰੇ ਦੇਸ਼ ਦੇ ਸਮੁੱਚੇ ਦੇਸ਼ਵਾਸੀ ਮਾਣ ਕਰ ਸਕਦੇ ਹਨ। ਵੱਖ-ਵੱਖ ਸਮੇਂ ਵੱਖ-ਵੱਖ ਸਰਕਾਰਾਂ ਦੇਸ਼ ਨੂੰ ਉੱਚਾ ਚੁੱਕਣ ਲਈ ਆਪੋ ਆਪਣਾ ਬਣਦਾ ਹਿੱਸਾ ਪਾਉਂਦੀਆਂ ਰਹੀਆਂ।
ਅਜ਼ਾਦੀ ਤੋਂ ਹੁਣ ਤਕ ਲਗਭਗ ਵੱਖ-ਵੱਖ ਸਰਕਾਰਾਂ ਸਾਨੂੰ ਤਕਰੀਬਨ ਚੌਦਾਂ ਪ੍ਰਧਾਨ ਮੰਤਰੀ ਦੇ ਚੁੱਕੀਆਂ ਹਨ। ਅਜੋਕੀ ਭਾਜਪਾ ਸਰਕਾਰ, ਜੋ 2014 ਤੋਂ ਲਗਾਤਾਰ ਰਾਜ ਕਰਦੀ ਕਰਦੀ ਆਪਣੇ ਦਸਵੇਂ ਵਰ੍ਹੇ ਤਕ ਪਹੁੰਚ ਚੁੱਕੀ ਹੈ, ਇਸ ਸਰਕਾਰ ਤੋਂ ਪਹਿਲਾਂ ਅਟੱਲ ਬਿਹਾਰੀ ਵਾਜਪਾਈ ਦੇ ਸਮੇਂ ਨੂੰ ਛੱਡ ਕੇ ਜੋ ਸਰਕਾਰਾਂ ਵੱਖ-ਵੱਖ ਸਮੇਂ ਬਿਰਾਜਮਾਨ ਰਹੀਆਂ, ਉਨ੍ਹਾਂ ਸਦਕਾ ਤਕਰੀਬਨ ਛਿਆਹਠ ਸਾਲਾਂ ਵਿੱਚ ਸਾਡਾ ਦੇਸ਼ ਪੰਚਵੰਜਾ ਲੱਖ ਕਰੋੜ ਦਾ ਕਰਜ਼ਾਈ ਹੋਇਆ ਹੈ। ਪਰ ਅੱਜਕੱਲ੍ਹ ਦੇ ਅੰਕੜਿਆਂ ਅਨੁਸਾਰ ਸਾਡਾ ਦੇਸ਼ ਅਜੋਕੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਸਦਕਾ ਦੋ ਸੌ ਪੰਜ ਲੱਖ ਕਰੋੜ ਦਾ ਕਰਜ਼ਾਈ ਹੋ ਕੇ ਵਿਸ਼ਵ ਦੀ ਪੰਜਵੀਂ ਮਹਾਨ ਸ਼ਕਤੀ ਬਣਨ ਲਈ ਦੱਸਣ ਵਾਸਤੇ ਕਰੋੜਾਂ ਰੁਪਿਆ ਪ੍ਰਚਾਰ ’ਤੇ ਖਰਚ ਰਿਹਾ ਹੈ। ਅਗਾਂਹ ਡਬਲ ਇੰਜਣ ਦੀਆਂ ਸਰਕਾਰਾਂ ਆਪੋ-ਆਪਣੀ ਥਾਂ ਕਿੰਨੀਆਂ ਕਰਜ਼ਾਈ ਹੋਣਗੀਆਂ, ਇਸ ’ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ।
ਸਾਡੇ ਦੇਸ਼ ਦਾ ਅਜੋਕਾ ਮੁਖੀ, ਆਪਣੇ-ਆਪ ਦੀ ਦੁਨੀਆ ਦੇ ਚੌਧਰੀਆਂ ਵਿੱਚ ਗਿਣਤੀ ਕਰਵਾ ਰਿਹਾ ਹੈ। ਇਹ ਅਲੱਗ ਗੱਲ ਹੈ ਕਿ ਇਨ੍ਹਾਂ ਮਹਾਨ ਚੌਧਰੀਆਂ ਸਦਕਾ ਸੰਸਾਰ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਹੋ ਰਹੀਆਂ ਜੰਗਾਂ ਖਾਮੋਸ਼ ਨਹੀਂ ਹੋ ਰਹੀਆਂ, ਨਾ ਹੀ ਇਨ੍ਹਾਂ ਦੇ ਕਹਿਣ ’ਤੇ ਹੋਣਗੀਆਂ।
ਇਹ ਅਲੱਗ ਗੱਲ ਹੈ ਕਿ ਸਾਡੇ ਦੇਸ਼ ਦੇ ਸਮੁੱਚੇ ਸੰਵਿਧਾਨ ਘਾੜਿਆਂ ਨੇ ਲੋਕਤੰਤਰ ਲਈ ਧਰਮ-ਨਿਰਪੱਖਤਾ ਦਾ ਜੋ ਰਸਤਾ ਦਿਖਾਇਆ ਸੀ, ਉਸ ਨੂੰ ਅਜੋਕੀ ਸਰਕਾਰ ਭੁਲਾ ਕੇ ਧਾਰਮਿਕ ਲੀਹਾਂ ’ਤੇ ਚੱਲਣ ਲੱਗ ਪਈ ਹੈ, ਜਿਸ ਸਦਕਾ ਬੜੀ ਅਸਾਨੀ ਨਾਲ ਵੋਟ ਬਟੋਰੀ ਜਾ ਸਕਦੀ ਹੈ ਤੇ ਤੁਹਾਡੇ ਪਹਿਰਾਵੇ ਥੱਲੇ ਪਹਿਨੀ ਧਾਰਮਿਕ ਬੁਨੈਣ ਵੀ ਅੰਧ-ਭਗਤਾਂ ਨੂੰ ਦਿਖਾਈ ਦੇਣ ਲੱਗ ਪੈਂਦੀ ਹੈ। ਅੱਜ ਦੇ ਦਿਨ ਜੇ ਬੀਤਿਆ ਛੱਡ ਕੇ ਪ੍ਰਚਲਤ ਰਾਮ ਮੰਦਰ ਦੀ ਗੱਲ ਤੋਰੀਏ ਤਾਂ ਸਭ ਕੁਝ ਸਾਫ਼ ਹੋ ਜਾਂਦਾ ਹੈ, ਜਿਸ ਵਿੱਚ ਭਗਤਾਂ ਤੋਂ ਵੱਧ ਭਾਜਪਾ ਦੇ ਕਾਰਕੁਨ ਅਤੇ ਮੌਜੂਦਾ ਸਰਕਾਰ ਦੇ ਮੰਤਰੀਆਂ ਤੋਂ ਇਲਾਵਾ ਸਮੁੱਚੀ ਸਰਕਾਰ ਪੱਬਾਂ ਭਾਰ ਹੋਈ ਪਈ ਹੈ। ਸਮੁੱਚੇ ਦੇਸ਼ ਵਿੱਚ ਅਨਪੜ੍ਹਤਾ ਅਤੇ ਤਰਕਸ਼ੀਲਤਾ ਦੀ ਘਾਟ ਕਰਕੇ ਅੰਧ-ਭਗਤਾਂ ਦੀ ਬਾਕੀਆਂ ਨਾਲੋਂ ਬਹੁਤਾਤ ਹੈ, ਜਿਸ ਕਰਕੇ ਕੋਈ ਵੀ ਸਰਕਾਰੀ ਜਾਂ ਸਰਕਾਰੀ ਹਮਦਰਦ ਪਿੱਛੇ ਨਹੀਂ ਰਹਿਣਾ ਚਾਹੁੰਦਾ। ਹੱਦ ਤਾਂ ਉਦੋਂ ਹੋ ਗਈ ਜਦੋਂ ਸੱਦਾ-ਪੱਤਰ ਨਾ ਕਬੂਲਣ ਵਾਲਿਆਂ ਨੂੰ ਧਰਮ ਵਿਰੋਧੀ, ਇੱਥੋਂ ਤਕ ਕਿ ਦੇਸ਼ ਵਿਰੋਧੀ ਐਲਾਨਣ ਤਕ ਰਾਮ-ਭਗਤ ਤੁਰ ਪਏ ਹਨ, ਜਦੋਂ ਕਿ ਧਰਮ ਸੱਚੀਂ-ਮੁੱਚੀਂ ਮਨੁੱਖ ਦਾ ਨਿੱਜੀ ਮਾਮਲਾ ਹੈ। ਧਰਮ ਵਿਖਾਵਾ ਨਹੀਂ, ਸਗੋਂ ਮਨੁੱਖ ਦੀ ਜੀਵਨ-ਜਾਚ ਦਾ ਅਟੁੱਟ ਹਿੱਸਾ ਹੁੰਦਾ ਹੈ। ਜੇ ਧਰਮ ਨੂੰ ਨਾ ਮੰਨਣ ਦੀ ਕੋਈ ਸਜ਼ਾ ਹੈ ਤਾਂ ਅਧਰਮੀ ਹੱਕਦਾਰ ਹੋਵੇਗਾ। ਅਖੌਤੀ ਧਰਮੀ ਤੇ ਅੰਧ-ਭਗਤ ਸਜ਼ਾ ਦੇਣ ਵਾਲੇ ਕੌਣ ਹੁੰਦੇ ਹਨ?
ਬਾਈ ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਦੇਸ਼ ਦਾ ਮੁਖੀ, ਸਮਾਰੋਹ ਦਾ ਮੁਖੀ ਬਣਨ ਲਈ ਸ਼ੰਕਰਾਚਾਰੀਆ ਵਰਗਿਆਂ ਨੂੰ ਮਧੋਲ਼ ਕੇ ਅੱਗੇ ਆ ਚੁੱਕਾ ਹੈ ਤਾਂ ਕਿ ਉਹ ਆਪ ਵੀਹ ਸੌ ਚੌਵੀ ਲਈ ਉੱਥੇ ਪੁੱਜੀ ਅਤੇ ਪੁੱਜਣ ਵਾਲੀ ਜਨਤਾ ਸਮੇਤ ਅੰਧ-ਭਗਤਾਂ ਦੀਆਂ ਵੋਟਾਂ ਤੇ ਹਮਦਰਦੀ ਵਸੂਲ ਸਕੇ। ਉਂਜ ਤਾਂ ਸਿੱਖਾਂ ਵਿੱਚ ਵੀ ਅਸੀਂ ਪ੍ਰਧਾਨਾਂ ਅਤੇ ਜਥੇਦਾਰਾਂ ਨੂੰ ਸਿਆਸੀ ਲੀਡਰਾਂ ਦੇ ਲਿਫ਼ਾਫਿਆਂ ਵਿੱਚੋਂ ਨਿਕਲਦਿਆਂ ਆਮ ਦੇਖਿਆ ਹੈ ਪਰ ਹੁਣ ਸੀਨੀਅਰ ਸ਼ੰਕਰਾਚਾਰੀਆਂ ਦੀਆਂ ਗੱਲਾਂ ਨੂੰ ਅਣਗੌਲਿਆਂ ਕਰਕੇ ਪ੍ਰਾਣ ਪ੍ਰਤਿਸ਼ਠਾ ਦਾ ਕੰਮ ਦੇਸ਼ ਦੇ ਸਿਆਸੀ ਮੁਖੀ ਨੇ ਆਪਣੇ ਹੱਥ ਵਿੱਚ ਲਿਆ ਹੈ। ਜੀ ਹਾਂ, ਅਸੀਂ ਉਸ ਮੁਖੀ ਦੀ ਗੱਲ ਕਰ ਰਹੇ ਹਾਂ ਜੋ ਓ ਬੀ ਸੀ ਜਾਤੀ ਨਾਲ ਸੰਬੰਧ ਰੱਖਦਾ ਹੋਇਆ ਵੀ ਪੰਡਿਤਾਂ ਵਾਲੇ ਕੰਮ ਆਪ ਹੀ ਕਰ ਅਤੇ ਨਜਿੱਠ ਰਿਹਾ ਹੈ। ਇਹ ਪੜ੍ਹ ਕੇ ਪਾਠਕਾਂ ਨੂੰ ਗੈਰ ਕੁਦਰਤੀ ਲੱਗੇਗਾ ਪਰ ਜੇ ਤੁਸੀਂ ਸਮਾਂ ਕੱਢ ਕੇ ਮੁਖੀ ਦੇ ਕਾਰਜਕਾਲ ਵੱਲ ਧਿਆਨ ਨਾਲ ਜਾਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਅੱਜ ਤਕ ਸੰਬੰਧਤ ਮੁਖੀ ਨੇ ਕਦੇ ਵੀ ਸੰਬੰਧਤ ਮੰਤਰੀ ਤੋਂ ਸੰਬੰਧਤ ਉਦਘਾਟਨ ਨਹੀਂ ਹੋਣ ਦਿੱਤਾ। ਚਾਹੇ ਉਹ ਉਦਘਾਟਨ ਹਵਾਈ ਜਹਾਜ਼ਾਂ, ਰੇਲਵੇ, ਪੁਲਾਂ, ਖੇਡਾਂ, ਨਵੀਂ ਪਾਰਲੀਮੈਂਟ ਦੀ ਬਿਲਡਿੰਗ, ਫੌਜਾਂ ਦੇ ਕਿਸੇ ਅੰਗ ਨਾਲ ਸੰਬੰਧਤ ਹੋਵੇ। ਸਭ ਦਾ ਉਦਘਾਟਨ ਮੁਖੀ ਦੇ ਕਰ-ਕਮਲਾਂ ਨਾਲ ਹੀ ਸੰਪੰਨ ਹੁੰਦਾ ਹੈ ਅਤੇ ਹੁੰਦਾ ਰਹੇਗਾ। ਸੰਬੰਧਤ ਮੁਖੀ ਦੇ ਰਾਜ ਦਾ ਕ੍ਰਿਸ਼ਮਾ ਹੀ ਹੈ ਕਿ ਅਜੋਕੀ ਨੌਕਰੀ ਵਿੱਚ ਪੁੱਤਰ ਆਪਣੇ ਬਾਪ ਨਾਲੋਂ ਪਹਿਲਾਂ ਰਿਟਾਇਰਡ ਹੋ ਰਿਹਾ ਹੈ ਅਤੇ ਪੁਜਾਰੀ ਪੱਕੇ ਭਰਤੀ ਕੀਤੇ ਜਾ ਰਹੇ ਹਨ। ਡਿਗਰੀਆਂ ਕਰਨ ਵਾਲੇ ਰਿਕਸ਼ੇ ਚਲਾ ਕੇ ਅਤੇ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰਦੇ ਹਨ ਜਾਂ ਦਿਹਾੜੀਆਂ ਕਰਨ ਲਈ ਮਜਬੂਰ ਹਨ। ਮੁਖੀ ਦੇ ਇਸ ਕ੍ਰਿਸ਼ਮੇ ਨੇ ਇਹ ਵੀ ਜਾਣੇ-ਅਣਜਾਣੇ ਸਾਬਤ ਕਰ ਦਿੱਤਾ ਹੈ ਕਿ ਅਜੋਕਾ ਮਨੁੱਖ ਹੀ ਭਗਵਾਨ ਬਣਾਉਂਦਾ ਹੈ, ਉਸ ਵਿੱਚ ਜਾਨ ਪਾਉਂਦਾ ਹੈ, ਉਸ ਦਾ ਘਰ ਬਣਾ ਕੇ ਦਿੰਦਾ ਹੈ। ਉਹ ਮਨੁੱਖ ਲਈ ਕੁਝ ਨਹੀਂ ਕਰਦਾ, ਮਨੁੱਖ ਉਸ ਦੇ ਨਾਂਅ ’ਤੇ ਕਤਲੋਗਾਰਤ ਕਰਨ ਲਈ ਤਿਆਰ ਰਹਿੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4655)
(ਸਰੋਕਾਰ ਨਾਲ ਸੰਪਰਕ ਲਈ: (