“ਜੇਕਰ ਮੌਜੂਦਾ ਚੋਣਾਂ ਵਿੱਚ ਟਰੰਪ ਦੀ ਜਿੱਤ ਦੇ ਕਾਰਨ ਜਾਣਨੇ ਹੋਣ ਤਾਂ ਸਾਨੂੰ ਚੋਣ ਪ੍ਰਚਾਰਾਂ ਦਾ ਅਧਿਐਨ ...”
(12 ਨਵੰਬਰ 2024)
ਅਮਰੀਕਾ ਦੀ ਪ੍ਰਧਾਨਗੀ ਚੋਣ ਦੇ ਨਤੀਜੇ ਨੇ ਸਭ ਨੂੰ ਇਕਦਮ ਹੈਰਾਨ ਕਰ ਦਿੱਤਾ। ਕਾਰਨ, ਚੋਣ ਨਤੀਜੇ ਤੋਂ ਪਹਿਲਾਂ ਸਭ ਅਜਿਹਾ ਨਹੀਂ ਸੋਚਦੇ ਸਨ। ਕਮਲਾ ਹੈਰਿਸ ਦਾ ਪਿਛੋਕੜ ਭਾਰਤ ਨਾਲ ਜੁੜਨ ਕਰਕੇ ਭਾਰਤੀ ਜ਼ਿਆਦਾ ਉਸ ਦੇ ਨੇੜੇ ਸਨ, ਜਿਸ ਕਰਕੇ ਨਤੀਜੇ ਨੇ ਸਭ ਨੂੰ ਮੂੰਹ ਵਿੱਚ ਉਂਗਲਾਂ ਪਾਉਣ ਲਈ ਮਜਬੂਰ ਕਰ ਦਿੱਤਾ। ਸੰਸਾਰ ਭਰ ਵਿੱਚੋਂ ਵਧਾਈਆਂ ਦੀ ਝੜੀ ਲੱਗ ਗਈ। ਕੋਈ ਹਾਰ ਕੇ ਜਿੱਤਣ ਵਾਲਾ ਬਾਜ਼ੀਗਰ ਪੁਕਾਰ ਰਿਹਾ, ਕੋਈ ਜੋ ਜੀਤਾ ਵੋਹੀ ਸਿਕੰਦਰ ਅਤੇ ਕੋਈ ਸ਼ੇਰ ਕਹਿ ਕੇ ਪੁਕਾਰ ਰਿਹਾ, ਪਰ ਇਨ੍ਹਾਂ ਲੋਕਾਂ ਦੀਆਂ ਗੱਲਾਂ ਵਿੱਚ ਸੱਚ ਛੁਪਿਆ ਹੋਇਆ ਹੈ। ਸੱਚ ਮੁਤਾਬਕ ਟਰੰਪ ਇੱਕ ਵਾਰ ਜਿੱਤ ਕੇ ਬੁਰੀ ਤਰ੍ਹਾਂ ਹਾਰਿਆ ਸੀ। ਆਪਣੇ ਜ਼ਿੱਦੀ ਸੁਭਾਅ ਮੁਤਾਬਕ ਉਹ ਆਪਣੀ ਅਗਲੀ ਜਿੱਤ ਤਕ ਲਗਾਤਾਰ ਸਰਗਰਮ ਰਿਹਾ ਅਤੇ ਪ੍ਰਧਾਨਗੀ ਦੀ ਜਿੱਤ ਆਪਣੀ ਝੋਲੀ ਪਾਈ, ਜਿਸ ਕਰਕੇ ਟਰੰਪ ਸਾਹਿਬ ਅਮਰੀਕਾ ਦੇ 47ਵੇਂ (ਸੰਤਾਲੀ) ਰਾਸ਼ਟਰਪਤੀ ਬਣ ਜਾਣਗੇ।
ਅਮਰੀਕਾ ਵਿੱਚ ਬਾਕੀ ਪ੍ਰਵਾਸੀਆਂ ਵਾਂਗ ਟਰੰਪ ਦਾ ਪਰਿਵਾਰਕ ਪਿਛੋਕੜ ਵੀ ਹੋਰ ਮੁਲਕ ਦਾ ਹੈ। ਬਾਹਰੀ ਹੋਣ ਦੇ ਬਾਵਜੂਦ ਟਰੰਪ ਨੇ 2016 ਦੀਆਂ ਪ੍ਰਾਇਮਰੀ ਚੋਣਾਂ ਦੌਰਾਨ ਰਿਪਬਲਿਕਨ ਪਾਰਟੀ ਉਮੀਦਵਾਰਾਂ ਨੂੰ ਹਰਾ ਕੇ ਰਿਪਬਲਿਕਨ ਪਾਰਟੀ ਦੇ ਪ੍ਰਧਾਨਗੀ ਪਦ ਵਾਸਤੇ ਉਮੀਦਵਾਰ ਬਣ ਗਿਆ। ਇਹ ਉਸ ਦੀ ਮਿਹਨਤ ਸਦਕਾ ਸੀ। ਟਰੰਪ ਦਾ ਚੋਣਾਂ ਵਿੱਚ ਮੁਕਾਬਲਾ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨਾਲ ਸੀ, ਜੋ ਰਾਸ਼ਟਰਪਤੀ ਬਿੱਲ ਕਲਿੰਨ ਦੀ ਪਤਨੀ ਸੀ, ਪਰ ਅਜਿਹਾ ਕਦੇ ਹੋਇਆ ਨਹੀਂ। ਟਰੰਪ ਇੱਕ ਵੱਖਰੀ ਕਿਸਮ ਦਾ ਪਾਲੀਟੀਸ਼ਨ ਹੈ। ਉਹ ਅਕਸਰ ਉਹ ਮੁੱਦੇ ਚੁੱਕਦਾ ਹੈ, ਜਿਨ੍ਹਾਂ ਬਾਬਤ ਆਮ ਕਰਕੇ ਸਿਆਸੀ ਬੰਦੇ ਚੁੱਪ ਵੱਟ ਲੈਂਦੇ ਹਨ। ਅਸਲ ਵਿੱਚ ਉਸ ਦਾ ਦਿਮਾਗ਼ ਵਪਾਰ, ਇਮਾਰਤ ਉਸਾਰੀ, ਕਾਰਪੈਂਟਰੀ ਅਤੇ ਇੰਜਨੀਅਰਿੰਗ ਕਿਸਮ ਦਾ ਹੈ, ਜੋ ਬਾਪ ਨਾਲ ਕੰਮ ਕਰਦਿਆਂ ਬਣਿਆ ਹੈ। ਉਂਜ ਵੀ ਟਰੰਪ ਸਾਹਿਬ ਉਸ ਵਲ਼ ਕੱਟਣ ਵਾਲ਼ੇ ਪੇਸ਼ੇ ਨਾਲ ਸੰਬੰਧ ਰੱਖਦੇ ਹਨ, ਜੋ ਆਮ ਕਰਕੇ ਮਿਹਨਤੀ ਅਤੇ ਹੁਸ਼ਿਆਰ ਮੰਨੇ ਜਾਂਦੇ ਹਨ। ਅਮਰੀਕਾ ਵਿੱਚ ਬਹੁ-ਗਿਣਤੀ ਚਿੱਟੇ ਲੋਕਾਂ ਦੀ ਹੈ। ਕੁਝ ਅਮਰੀਕਣਾਂ ਦੇ ਮਨਾਂ ਵਿੱਚ ਟਰੰਪ ਇੱਕ ਨੇਤਾ ਬਣ ਕੇ ਉੱਭਰਿਆ ਹੈ, ਜੋ ਉਸ ਦੇ ਪੱਕੇ ਹਿਮਾਇਤੀ ਵੋਟਰ ਹਨ।
ਡੌਨਾਲਡ ਟਰੰਪ ਦਾ ਗੋਤ ਪਹਿਲਾਂ ਟਰੰਪ ਨਹੀਂ ਸੀ। ਜਾਣੋ: ਟਰੰਪ ਦਾ ਬਾਬਾ ਜਰਮਨੀ ਤੋਂ ਇਮੀਗਰੈਂਟ ਬਣ ਕੇ ਆਇਆ ਸੀ। ਉਸ ਦੇ ਪਰਿਵਾਰ ਦਾ ਜੱਦੀ ਨਾਂਅ ਫਰੰਪ ਸੀ, ਜੋ ਅਮਰੀਕਾ ਵਿੱਚ ਰਹਿਣ ਕਰਕੇ ਫਰੰਪ ਤੋਂ ਟਰੰਪ ਹੋ ਗਿਆ। ਟਰੰਪ ਆਪਣੇ ਪਰਿਵਾਰ ਵਿੱਚ ਪੰਜ ਭੈਣ-ਭਰਾ ਸਨ। ਅਗਾਂਹ ਟਰੰਪ ਪਰਿਵਾਰ ਵਿੱਚ ਵੀ ਪੰਜ ਬੱਚੇ ਹਨ। ਟਰੰਪ ਅਤੇ ਇਸਦੇ ਬੱਚੇ ਨਿਊ ਯਾਰਕ ਦੇ ਜੰਮਪਲ ਹਨ। ਟਰੰਪ ਨੇ ਆਪਣੇ ਜੀਵਨ ਵਿੱਚ ਇਮਾਰਤਾਂ ਵੇਚ ਵੱਟ, ਕਸੀਨੋ, ਗੋਲਫ ਕੋਰਸ ਅਤੇ ਟੀ ਵੀ ਸ਼ੋਆਂ ਰਾਹੀਂ ਬੇਸ਼ੁਮਾਰ ਧਨ ਕਮਾਇਆ, ਜਿਸ ਰਾਹੀਂ ਇਹ ਬਿਨਾਂ ਕਿਸੇ ਰੋਕ-ਟੋਕ ਦੇ ਸਿਆਸੀ ਪੌੜੀਆਂ ਚੜ੍ਹਦਾ ਰਿਹਾ, ਜੋ 78 ਸਾਲ ਦਾ ਹੋਣ ਕਰਕੇ ਵੀ ਫੁਰਤੀਲਾ ਦਿਸ ਰਿਹਾ ਹੈ। ਇਹ ਪਹਿਲਾਂ 45ਵਾਂ ਅਤੇ ਹੁਣ 47ਵਾਂ ਰਾਸ਼ਟਰਪਤੀ ਬਣਿਆ ਹੈ, ਜੋ ਅਗਲੇ ਸਾਲ ਵੀਹ ਜਨਵਰੀ ਨੂੰ ਸਹੁੰ ਚੁੱਕੇਗਾ।
ਭਾਰਤੀ ਲੋਕ, ਜੋ ਇਸ ਵਕਤ 52 ਲੱਖ ਤੋਂ ਵੱਧ ਗਿਣਤੀ ਵਿੱਚ ਅਮਰੀਕਾ ਰਹਿ ਰਹੇ ਹਨ, ਬਹੁਤਿਆਂ ਵਿੱਚ ਮੋਦੀ ਕਰਕੇ ਇਸ ਜਿੱਤ ਵਿੱਚ ਅਤੇ ਜਿੱਤ ਦੀ ਖੁਸ਼ੀ ਵਿੱਚ ਸ਼ਾਮਲ ਹੋਏ ਹਨ। ਇਹ ਆਪਣੇ ਚੰਗੇ ਭਵਿੱਖ ਦੀ ਆਸ ਰੱਖਦੇ ਹਨ। ਉਂਜ ਜਦੋਂ ਪਹਿਲੀ ਵਾਰ ਟਰੰਪ ਪ੍ਰਧਾਨ ਬਣਿਆ ਤਾਂ ਉਸ ਨੇ ਭਾਰਤ ਦਾ ਦੌਰਾ ਕੀਤਾ ਸੀ, ਜਿਸ ਦੌਰੇ ਦੌਰਾਨ ਮੋਦੀ ਨੇ ਦੌਰਾਨ ਟਰੰਪ ਨੂੰ ਬੜੌਦਾ ਵਿੱਚ ਕਰੋੜਾਂ ਖਰਚ ਕੇ ਜੀ ਆਇਆਂ ਆਖਿਆ ਸੀ। ਜਵਾਬ ਵਿੱਚ ਮੋਦੀ ਵੀ ਅਮਰੀਕਾ ਵਿੱਚ ਟਰੰਪ ਨੂੰ ਅਗਲੀ ਚੋਣ ਵਿੱਚ ਜਿਤਾਉਣ ਗਿਆ ਸੀ। ਖੂਬ ਮੋਦੀ-ਮੋਦੀ ਹੋਈ ਸੀ, ਪਰ ਇਸਦਾ ਚੋਣਾਂ ਵਿੱਚ ਬੂਰ ਨਹੀਂ ਪਿਆ ਸੀ। ਟਰੰਪ ਚੋਣ ਹਾਰ ਗਿਆ ਸੀ।
ਜੇਕਰ ਮੌਜੂਦਾ ਚੋਣਾਂ ਵਿੱਚ ਟਰੰਪ ਦੀ ਜਿੱਤ ਦੇ ਕਾਰਨ ਜਾਣਨੇ ਹੋਣ ਤਾਂ ਸਾਨੂੰ ਚੋਣ ਪ੍ਰਚਾਰਾਂ ਦਾ ਅਧਿਐਨ ਕਰਨਾ ਹੋਵੇਗਾ। ਇਨ੍ਹਾਂ ਚੋਣਾਂ ਵਿੱਚ ਟਰੰਪ ਨੇ ਕਮਲਾ ਹੈਰਿਸ ਨੂੰ ਪਛਾੜਦੇ ਹੋਏ ਇੰਨੇ ਚੋਣ ਵਾਅਦਿਆਂ ਦੀ ਝੜੀ ਲਾਈ ਕਿ ਵੋਟਰਾਂ ਦੇ ਇੱਕ ਵੱਡੇ ਹਿੱਸੇ ਨੇ ਯਕੀਨ ਕਰਕੇ ਵੋਟਾਂ ਪਾਈਆਂ। ਚੋਣ ਵਾਅਦਿਆਂ ਦੌਰਾਨ ਟਰੰਪ ਨੇ ਆਖਿਆ ਕਿ ਹਮ ਨਾ ਲੜੇਂਗੇ, ਨਾ ਲੜਨੇ ਦੇਂਗੇਗੇ, ਹਮ ਤੀਸਰੇ ਹੋਣ ਤੋਂ ਰੋਕਾਂਗੇ।
ਟਰੰਪ ਨੇ ਕਿਹਾ ਸੀ, “ਅਮਰੀਕਾ ਦੇ ਮੌਜੂਦਾ ਪ੍ਰਧਾਨ ਜੋ ਬਾਈਡਨ, ਜਿਨ੍ਹਾਂ ਅਮਰੀਕਾ ਦਾ ਸਰਮਾਇਆ ਰੂਸ-ਯੂਕਰੇਨ-ਫਲਸਤੀਨ-ਇਜ਼ਰਾਈਲ ਆਦਿ ਜੰਗਾਂ ਵਿੱਚ ਲਾ ਕੇ ਮਹਿੰਗਾਈ ਵਧਾਈ ਹੈ, ਮੈਂ ਚੁਣੇ ਜਾਣ ’ਤੇ ਇਹ ਜੰਗਾਂ ਖ਼ਤਮ ਕਰਾਵਾਂਗਾ। ਅਮਰੀਕਾ ਦੀਆਂ ਉਹ ਸਰਹੱਦਾਂ ਸਖ਼ਤੀ ਨਾਲ ਸੀਲ ਕੀਤੀਆਂ ਜਾਣਗੀਆਂ, ਜਿਨ੍ਹਾਂ ਰਾਹੀਂ ਲੱਖਾਂ ਪ੍ਰਵਾਸੀ ਵੱਖ-ਵੱਖ ਦੇਸਾਂ ਤੋਂ ਵੱਖ-ਵੱਖ ਸਮੇਂ ਅਮਰੀਕਾ ਪਹੁੰਚ ਕੇ ਸਾਡੀ ਆਰਥਿਕਤਾ ਨੂੰ ਵਿਗਾੜ ਰਹੇ ਹਨ। ਨਜਾਇਜ਼ ਪ੍ਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ਾਂ ਵਿੱਚ ਭੇਜਿਆ ਜਾਵੇਗਾ। ਵੀਜ਼ੇ ਨੀਤੀ ’ਤੇ ਦੁਬਾਰਾ ਵਿਚਾਰ ਕੀਤੀ ਜਾਵੇਗੀ। ਮਿੱਤਰ ਦੇਸ਼ਾਂ ਨਾਲ ਸਾਂਝ ਵਧਾਈ ਜਾਵੇਗੀ। ਅਮਰੀਕਾ ਦੀ ਆਰਥਿਕਤਾ ਮਜ਼ਬੂਤ ਹੋਵੇ, ਇਸ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣਗੇ, ਪਰ ਪਿਆਰੇ ਵੋਟਰੋ, ਸ਼ਰਤ ਇਹ ਹੈ ਕਿ ਸਭ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ।” ਇਨ੍ਹਾਂ ਚੋਣਾਂ ਵਿੱਚ ਟਰੰਪ ਦੇ ਇੱਕ ਅਰਬਾਂਪਤੀ ਦੋਸਤ ਨੇ ਵੀ ਖਰਚੇ ਦੇ ਰੂਪ ਵਿੱਚ ਖੁੱਲ੍ਹ ਕੇ ਮਦਦ ਕੀਤੀ, ਜਿਸਦੇ ਸਿੱਟੇ ਵਜੋਂ ਟਰੰਪ ਉਸ ਨੂੰ ਵਾਈਟ ਹਾਊਸ ਪਹੁੰਚਾਏਗਾ, ਜਿੱਥੋਂ ਕਦੀ ਉਹ ਕੱਢਿਆ ਗਿਆ ਸੀ।
ਉਂਜ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਤੁਸੀਂ ਜਾਣੋਗੇ ਕਿ ਟਰੰਪ ਦੇ ਪਿਛਲੇ ਰਾਜ ਕਾਲ ਦੌਰਾਨ ਦੋ ਵਾਰ ਮਹਾ-ਅਭਿਯੋਗ ਦਾ ਮੁਕੱਦਮਾ ਚੱਲਿਆ। ਅਜਿਹੇ ਵਿੱਚ ਟਰੰਪ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ, ਦੂਜੇ ਪਾਸੇ ਕਮਲਾ ਹੈਰਿਸ ਦੇ ਵਾਅਦਿਆਂ ’ਤੇ ਜਨਤਾ ਨੂੰ ਯਕੀਨ ਨਾ ਹੋਇਆ ਜਾਂ ਕੀਤਾ ਨਹੀਂ, ਕਿਉਂਕਿ ਉਸ ਦੀ ਪਾਰਟੀ ਯਾਨੀ ਜੋਅ ਬਾਈਡਨ ਦੀ ਸਰਕਾਰ ਦੇਸ਼ ਚਲਾ ਰਹੀ ਸੀ, ਜਿਸਦੀ ਕਮਲਾ ਹੈਰਿਸ ਬਤੌਰ ਵਾਈਸ ਪ੍ਰੈਜ਼ੀਡੈਂਟ ਗੁਜ਼ਰ ਰਹੀ ਸੀ। ਲੋਕ ਜਾਣ ਚੁੱਕੇ ਸਨ ਜੇਕਰ ਕਮਲਾ ਹੈਰਿਸ ਨੇ ਕੁਝ ਕਰਨਾ ਹੁੰਦਾ ਤਾਂ ਉਹ ਮੌਜੂਦਾ ਰਾਸ਼ਟਰਪਤੀ ਕੋਲੋਂ ਕਰਵਾਉਂਦੀ। ਇਹ ਅਲੱਗ ਗੱਲ ਹੈ ਕਿ ਚੋਣਾਂ ਦੇ ਆਖਰੀ ਦਿਨ ਤਕ ਕਮਲਾ ਹੈਰਿਸ ਨੇ ਟਰੰਪ ਦੀ ਪੂਛ ਚੁਕਾਈ ਹੋਈ ਸੀ, ਜਿਸ ਕਰਕੇ ਟਰੰਪ ਘਬਰਾਹਟ ਵਿੱਚ ਵੀ ਰਿਹਾ ਅਤੇ ਆਪਣੇ ਚੋਣ ਪ੍ਰਚਾਰ ’ਤੇ ਪੈਸਾ ਪਾਣੀ ਵਾਂਗ ਵਹਾਇਆ। ਨਤੀਜੇ ਤੋਂ ਬਾਅਦ ਕਮਲਾ ਹੈਰਿਸ ਨੇ ਆਪਣੀ ਹਾਰ ਕਬੂਲਦਿਆਂ ਟਰੰਪ ਨੂੰ ਵਧਾਈਆਂ ਦਿੱਤੀਆਂ, ਜਿਸ ਜਿੱਤ ਨਾਲ ਸੈਂਸੈਕਸ 901 ਅੰਕ ਚੜ੍ਹ ਝੂਮਿਆ, ਪਰ ਉੱਥੇ ਹੀ ਟਰੰਪ ਦੀ ਜਿੱਤ ਸਦਕਾ ਸੋਨਾ 2000 ਅਤੇ ਚਾਂਦੀ 4500 ਰੁਪਏ ਥੱਲੇ ਵੀ ਆਈ।
ਟਰੰਪ ਦੇ ਜਿੱਤਣ ਨਾਲ ਭਾਰਤ ਵਿੱਚ ਸਭ ਅੱਛਾ ਨਹੀਂ ਹੋਵੇਗਾ। ਕਾਰਨ, ਸਾਢੇ ਦਸ ਸਾਲਾਂ ਬਾਅਦ ਤਕਰੀਬਨ ਚੀਨ ਨਾਲ ਸਰਹੱਦੀ ਮਸਲੇ ਨੇੜੇ ਹੋਏ ਹਨ, ਜਿਸ ਸਦਕਾ ਵਾਰੋ-ਵਾਰੀ ਜਾਂ ਆਪੋ ਆਪਣੇ ਇਲਾਕੇ ਵਿੱਚ ਗਸ਼ਤ ਸ਼ੁਰੂ ਹੋਈ ਹੈ। ਅਗਲੀ ਨੋਟ ਕਰਨ ਵਾਲੀ ਗੱਲ ਇਹ ਹੋਈ ਹੈ ਕਿ ਦਿਨ ਵਿਹਾਰ ’ਤੇ ਆਪੋ ਵਿੱਚ ਮਠਿਆਈਆਂ ਦਾ ਅਦਾਨ-ਪ੍ਰਦਾਨ ਹੋਇਆ ਹੈ। ਟਰੰਪ ਰੱਜ ਕੇ ਚੀਨ ਵਿਰੋਧੀ ਹੈ। ਭਾਰਤ ਨੂੰ ਫੂਕ-ਫੂਕ ਕੇ ਆਪਣੇ ਕਦਮ ਵਧਾਉਣੇ ਪੈਣਗੇ। ਠੀਕ ਇਸੇ ਤਰ੍ਹਾਂ ਅੱਜ ਦੇ ਦਿਨ ਮਿਸਟਰ ਪੁਤਿਨ ਮੋਦੀ ਦੇ ਵਧੀਆ ਦੋਸਤਾਂ ਵਿੱਚੋਂ ਇੱਕ ਹੈ, ਜਦੋਂ ਕਿ ਟਰੰਪ ਪੁਤਿਨ ਦਾ ਨਾਂਅ ਲੈਣਾ ਪਸੰਦ ਨਹੀਂ ਕਰਦਾ। ਯੂਕਰੇਨ ਨੇ ਵੀ ਜੰਗ ਦੌਰਾਨ ਸਾਡੇ ਡਾਕਟਰੀ ਦੇ ਪੜ੍ਹਾਕੂ ਸਹੀ ਸਲਾਮਤ ਸਾਡੇ ਹਵਾਲੇ ਕੀਤੇ ਸਨ, ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ। ਇਵੇਂ ਹੀ ਪਾਕਿਸਤਾਨ ਦੀ ਕੁਝ ਪ੍ਰਮੁੱਖ ਲੀਡਰਸ਼ਿੱਪ ਨੇ ਵੀ ਮੁੜ ਸੰਬੰਧ ਸਥਾਪਤ ਕਰਨ ਦੇ ਇਸ਼ਾਰੇ ਕੀਤੇ ਹਨ। ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ। ਅਜਿਹੇ ਵਿੱਚ ਬਹੁਤ ਸਮਝ ਕੇ ਚੱਲਣ ਦੀ ਲੋੜ ਹੈ, ਨਾ ਕਿ ਟਰੰਪ ਵਾਂਗ ਨਸ਼ੇ ਵਿੱਚ ਧੁੱਤ ਹੋਣ ਦੀ ਜ਼ਰੂਰਤ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਾਡੀ ਵਿਦੇਸ਼ ਨੀਤੀ ਵਿੱਚ ਕੀ ਅਤੇ ਕਿਹੜਾ ਸਹੀ ਮੋੜ ਆਉਂਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5437)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)